ਜਲੰਧਰ: ਵਿਧਾਨ ਸਭਾ ਹਲਕਾ ਧੂਰੀ ਦੀ ਉਪ ਚੋਣ ਵਿਚ ਪੈਦਾ ਹੋ ਰਹੇ ਹਾਲਾਤ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਬਹੁਮਤ ਦਾ ਰਾਹ ਪੱਧਰ ਕਰਦੇ ਨਜ਼ਰ ਆ ਰਹੇ ਹਨ। ਇਸ ਵੇਲੇ ਵਿਧਾਨ ਸਭਾ ਵਿਚ ਅਕਾਲੀ ਦੇ ਵਿਧਾਇਕਾਂ ਦੀ ਗਿਣਤੀ 58 ਹੈ ਤੇ ਜੇਕਰ ਧੂਰੀ ਚੋਣ ਜਿੱਤ ਜਾਂਦੇ ਹਨ ਤਾਂ ਦਲ ਇਕੱਲੇ ਤੌਰ ਉਤੇ ਬਹੁਮਤ ਆ ਜਾਵੇਗਾ।
ਆਮ ਆਦਮੀ ਪਾਰਟੀ ਦੇ ਉਪ ਚੋਣ ਨੂੰ ਨਾ ਲੜਨ ਦੇ ਐਲਾਨ ਨਾਲ ਅਕਾਲੀ ਦਲ ਨੂੰ ਵੱਡੀ ਰਾਹਤ ਮਿਲੀ ਹੈ।
ਧੂਰੀ ਹਲਕੇ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਸੀ। Ḕਆਪ’ ਦੇ ਲੋਕ ਸਭਾ ਉਮੀਦਵਾਰ ਭਗਵੰਤ ਮਾਨ ਇਸ ਹਲਕੇ ਵਿਚੋਂ 32 ਹਜ਼ਾਰ ਤੋਂ ਵੱਧ ਫਰਕ ਨਾਲ ਅੱਗੇ ਰਹੇ ਸਨ ਪਰ ਆਮ ਆਦਮੀ ਪਾਰਟੀ ਵੱਲੋਂ ਉਪ ਚੋਣ ਨਾ ਲੜਨ ਦੇ ਫ਼ੈਸਲੇ ਨਾਲ ਹੀ Ḕਆਪ’ ਹਮਾਇਤੀ ਵੋਟ ਸ਼ਸ਼ੋਪੰਜ ਵਿਚ ਜਾ ਪਏ ਹਨ। ਜਿਸ ਤਰ੍ਹਾਂ ਪਾਰਟੀ ਅੰਦਰਲਾ ਕਲੇਸ਼ ਬਾਹਰ ਆ ਰਿਹਾ ਹੈ, ਉਸ ਨੇ ਉਤਸ਼ਾਹੀ ਵੋਟਾਂ ਅੰਦਰ ਭੰਬਲਭੂਸਾ ਪੈਦਾ ਕਰ ਦਿੱਤਾ ਹੈ। Ḕਆਪ’ ਦੇ ਚੋਣ ਮੈਦਾਨ ਤੋਂ ਵੱਖ ਹੋਣ ਨਾਲ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਸਿੱਧੀ ਟੱਕਰ ਦੇ ਆਸਾਰ ਹਨ ਪਰ ਪ੍ਰਦੇਸ਼ ਕਾਂਗਰਸ ਦੀ ਪਾਟੋਧਾੜ ਦਾ ਪਰਛਾਵਾਂ ਉਪ ਚੋਣ ਉਪਰ ਵੀ ਪੈਂਦਾ ਨਜ਼ਰ ਆ ਰਿਹਾ ਹੈ। ਧੂਰੀ ਜ਼ਿਮਨੀ ਚੋਣ ਭਾਵੇਂ 11 ਅਪਰੈਲ ਨੂੰ ਹੋਣੀ ਹੈ ਪਰ ਧੂਰੀ ਅੰਦਰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਨਾਮਾਤਰ ਚੋਣ ਸਰਗਰਮੀਆਂ ਹੀ ਨਜ਼ਰ ਆ ਰਹੀਆਂ ਹਨ।
ਕਾਂਗਰਸ ਦਾ ਚੋਣ ਪ੍ਰਚਾਰ ਖਾਸਾ ਸੁਸਤ ਚਾਲ ਚੱਲਦਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਇਹ ਜ਼ਿਮਨੀ ਚੋਣ ਸਰਕਾਰ ਨਾਲ ਦੋਸਤਾਨਾ ਮੈਚ ਖੇਡਣ ਵਾਂਗ ਜਾਪ ਰਹੀ ਹੈ। ਇਸ ਜ਼ਿਮਨੀ ਚੋਣ ਵਿਚ ਜਿਥੇ ਕਾਂਗਰਸ ਤੇ ਸਾਂਝੇ ਮੋਰਚੇ ਨੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਅੱਗੇ ਇਕ ਨਾ ਤਜਰਬੇਕਾਰ ਆਗੂ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਜੋ ਕਿ ਪੇਸ਼ੇ ਵਜੋਂ ਇਕ ਵਕੀਲ ਹੈ, ਨੂੰ ਚੋਣ ਮੈਦਾਨ ਵਿਚ ਉਤਾਰ ਕੇ ਕਾਂਗਰਸੀ ਆਗੂਆਂ ਵਿਚ ਰੋਸ ਪੈਦਾ ਕਰ ਦਿੱਤਾ ਹੈ, ਉਥੇ ਹੀ ਕਾਂਗਰਸ ਦੇ ਚੋਣ ਪ੍ਰਚਾਰ ਵਿਚ ਵੱਡੇ ਸਿਆਸੀ ਆਗੂਆਂ ਦੀ ਦਿਲਚਸਪੀ ਨਾ ਹੋਣ ਕਾਰਨ ਇਹ ਜ਼ਿਮਨੀ ਚੋਣ ਇਕ ਦੋਸਤਾਨਾ ਮੈਚ ਹੀ ਦਿਖ ਰਹੀ ਹੈ। ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਕੈਪਟਨ ਧੜਾ ਪੂਰੀ ਤਰ੍ਹਾਂ ਇਸ ਚੋਣ ਵਿਚ ਸ਼ਾਮਲ ਹੋਣ ਤੋਂ ਮੂੰਹ ਭਵਾਈ ਬੈਠਾ ਹੈ।
ਕੁਝ ਕਾਂਗਰਸੀ ਬਰਨਾਲਾ ਪਰਿਵਾਰ ਨੂੰ ਟਿਕਟ ਦਿੱਤੇ ਜਾਣ ‘ਤੇ ਵੀ ਨਾਖੁਸ਼ ਹਨ। ਅਜਿਹੇ ਇਕ ਆਗੂ ਦਾ ਕਹਿਣਾ ਸੀ ਕਿ ਜੇਕਰ ਬਰਨਾਲਾ ਜਾਂ ਮਨਪ੍ਰੀਤ ਸਿੰਘ ਬਾਦਲ ਵਰਗਿਆਂ ਦੀ ਹੀ ਕਾਂਗਰਸ ਵਿਚ ਵੀ ਚੱਲਣੀ ਹੈ ਤੇ ਫਿਰ ਅਸੀਂ ਸਿੱਧੇ ਅਕਾਲੀ ਦਲ ਵਿਚ ਕਿਉਂ ਨਾ ਜਾਵਾਂਗੇ? ਕਾਂਗਰਸ ਦੀ ਪਾਟੋਧਾੜ ਨੂੰ ਦੂਰ ਕਰਨ ਲਈ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਸੰਗਰੂਰ-ਪਟਿਆਲਾ ਖੇਤਰਾਂ ਦੇ ਜ਼ਿਆਦਾਤਰ ਕਾਂਗਰਸੀ ਕੈਪਟਨ ਧੜੇ ਨਾਲ ਸਬੰਧਤ ਹਨ, ਅਜਿਹੀ ਹਾਲਤ ਵਿਚ ਕੈਪਟਨ ਧੜੇ ਦੀ ਸਰਗਰਮ ਹਮਾਇਤ ਬਿਨਾਂ ਚੋਣ ਮੁਹਿੰਮ ਭਖਾ ਸਕਣ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ।
ਦੂਜੇ ਪਾਸੇ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਉਮੀਦਵਾਰ ਐਲਾਨੇ ਜਾਣ ਵਾਲੇ ਦਿਨ ਤੋਂ ਹੀ ਪਾਰਟੀ ਆਗੂਆਂ ਨਾਲ ਮਿਲ ਕੇ ਚੋਣ ਮੁਹਿੰਮ ਸ਼ੁਰੂ ਕਰ ਰੱਖੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਧੂਰੀ ਸੱਦ ਲਿਆ ਹੈ ਤੇ ਸਮੁੱਚੀ ਲੀਡਰਸ਼ਿਪ ਹਲਕੇ ਵਿਚ ਡੇਰੇ ਲਗਾ ਕੇ ਬੈਠ ਗਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਪਿਛਲੇ ਦੋ ਮਹੀਨਿਆਂ ਵਿਚ ਪਿੰਡ-ਪਿੰਡ ਸੰਗਤ ਦਰਸ਼ਨ ਕਰ ਚੁੱਕੇ ਹਨ।
___________________________________________________
ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਉਮੀਦਵਾਰ ਨੂੰ Ḕਜੁੱਤੀ’ ਚੋਣ ਨਿਸ਼ਾਨ ਅਲਾਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਆਪਣਾ ਕੋਈ ਗੁੱਸਾ ਕੱਢਣ ਲਈ ਜੁੱਤੀ ਸੁੱਟਣ ਵਾਲੇ ਬਿਕਰਮ ਨਾਂ ਦੇ ਇਕ ਆਜ਼ਾਦ ਉਮੀਦਵਾਰ ਨੂੰ ਵਿਧਾਨ ਸਭਾ ਦੇ ਹਲਕਾ ਧੂਰੀ ਦੀ ਉਪ-ਚੋਣ ਲੜਨ ਲਈ ਰਿਟਰਨਿੰਗ ਅਧਿਕਾਰੀ ਨੇ Ḕਜੁੱਤੀ’ ਦਾ ਚੋਣ ਨਿਸ਼ਾਨ ਅਲਾਟ ਕਰ ਦਿੱਤਾ। ਉਕਤ ਉਮੀਦਵਾਰ ਨੇ ਇਹੀ ਚੋਣ ਨਿਸ਼ਾਨ ਮੰਗਿਆ ਸੀ, ਜਿਸ ‘ਤੇ ਕਿਸੇ ਵੀ ਦੂਜੇ ਉਮੀਦਵਾਰ ਨੇ ਇਤਰਾਜ਼ ਨਹੀਂ ਕੀਤਾ। ਇਹ ਚੋਣ ਨਿਸ਼ਾਨ ਆਜ਼ਾਦ ਉਮੀਦਵਾਰਾਂ ਲਈ ਰਾਖਵੇਂ ਚੋਣ ਨਿਸ਼ਾਨਾਂ ਵਿਚੋਂ ਇਕ ਸੀ। ਕਿਹਾ ਜਾਂਦਾ ਹੈ ਕਿ ਬਿਕਰਮ ਆਮ ਆਦਮੀ ਪਾਰਟੀ ਦਾ ਸਮਰਥਕ ਰਿਹਾ ਹੈ, ਜੋ ਆਪ ਚੋਣ ਮੈਦਾਨ ਤੋਂ ਬਾਹਰ ਹੈ।
__________________________________________________
ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵਿਸ਼ਵਾਸਘਾਤ ਕੀਤਾ: ਬਾਦਲ
ਪਟਿਆਲਾ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸ਼ ਬਾਦਲ ਨੇ ਆਖਿਆ ਜਿਸ ਸ਼੍ਰੋਮਣੀ ਅਕਾਲੀ ਦਲ ਸਦਕਾ ਉਹ ਰਾਜ ਵਿਚ ਮੁੱਖ ਮੰਤਰੀ, ਰਾਜਪਾਲ ਤੇ ਕੇਂਦਰੀ ਕੈਬਨਿਟ ਮੰਤਰੀ ਵਰਗੇ ਉੱਚ ਅਹੁਦਿਆਂ ‘ਤੇ ਰਹੇ ਅੱਜ ਉਨ੍ਹਾਂ ਨੇ ਉਸ ਪਾਰਟੀ ਖ਼ਿਲਾਫ਼ ਹੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਆਖਿਆ ਕਿ ਬਰਨਾਲਾ ਨੇ ਧੂਰੀ ਉਪ ਚੋਣ ਵਿਚ ਆਪਣੇ ਪੋਤੇ ਸਿਮਰਪ੍ਰੀਤ ਸਿੰਘ ਬਰਨਾਲਾ ਨੂੰ ਕਾਂਗਰਸ ਪਾਰਟੀ ਦੀ ਟਿਕਟ ‘ਤੇ ਉਮੀਦਵਾਰ ਵਜੋਂ ਖੜ੍ਹਾ ਕੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਹੈ।