ਦੋਹਾਂ ਧਿਰਾਂ ਵਿਚਾਲੇ ਰਾਜ਼ੀਨਾਮੇ ਪਿਛੋਂ ਪੈਲਾਟਾਈਨ ਗੁਰੂਘਰ ਦੀ ਮੁਕੱਦਮੇਬਾਜ਼ੀ ਮੁੱਕੀ

2010 ਦੀ ਚੋਣ ਵਿਚ ਜਿੱਤੇ ਪੰਜੇ ਬੋਰਡ ਮੈਂਬਰ ਤੇ ਸੀ ਆਈ ਸੀ ਮੈਂਬਰ ਅਸਤੀਫਾ ਦੇਣਗੇ
ਵਿਸ਼ੇਸ਼ ਚੋਣ ਆਉਂਦੀ 10 ਫਰਵਰੀ ਨੂੰ, ਨਵੰਬਰ ਦੇ ਚਾਰੇ ਐਤਵਾਰ ਵੋਟਾਂ ਬਣਨਗੀਆਂ
ਸ਼ਿਕਾਗੋ (ਬਿਊਰੋ): ਮਿਡਵੈਸਟ ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਗੁਰਦੁਆਰਾ ਪੈਲਾਟਾਈਨ ਦਾ ਪ੍ਰਬੰਧ ਚਲਾਉਂਦੀ ਸਿੱਖ ਰਿਲੀਜੀਅਸ ਸੁਸਾਇਟੀ ਦੀ 2010 ਵਿਚ ਹੋਈ ਚੋਣ ਨੂੰ ਲੈ ਕੇ ਚੱਲ ਰਹੀ ਮੁਕੱਦਮੇਬਾਜ਼ੀ ਦਾ ਭੋਗ ਅਖੀਰ ਉਦੋਂ ਪੈ ਗਿਆ ਜਦੋਂ ਇਸ ਮੁਕੱਦਮੇਬਾਜ਼ੀ ਦੀਆਂ ਦੋਹੇਂ ਧਿਰਾਂ ਇਕ ਸਮਝੌਤੇ ਲਈ ਰਜ਼ਾਮੰਦ ਹੋ ਗਈਆਂ। ਲੰਘੀ 17 ਅਕਤੂਬਰ ਨੂੰ ਅਦਾਲਤ ਵਲੋਂ ਪ੍ਰਵਾਨ ਕੀਤੇ ਗਏ ਇਸ ਸਮਝੌਤੇ ਅਨੁਸਾਰ ਸਾਲ 2010 ਦੀਆਂ ਚੋਣਾਂ ਵਿਚ ਚੁਣੇ ਗਏ 5 ਬੋਰਡ ਮੈਂਬਰ ਅਤੇ ਇਕ ਸੀ ਆਈ ਸੀ ਮੈਂਬਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣਗੇ ਅਤੇ ਉਨ੍ਹਾਂ ਦੀ ਥਾਂ ਨਵੇਂ ਮੈਂਬਰਾਂ ਦੀ ਚੋਣ 10 ਫਰਵਰੀ 2013 ਨੂੰ ਹੋਵੇਗੀ। ਇਸ ਦੇ ਨਾਲ ਹੀ ਇਕ-ਦੂਜੇ ਵਿਰੁਧ ਚੱਲ ਰਹੇ ਦੋਹੇਂ ਮੁਕੱਦਮੇ ਖਤਮ ਹੋ ਜਾਣਗੇ। ਅਦਾਲਤ ਵਲੋਂ ਪਾਸ ਕੀਤੇ ਗਏ ਹੁਕਮ ਅਨੁਸਾਰ ਇਸ ਮਾਮਲੇ ਵਿਚ ਕੋਈ ਵੀ ਧਿਰ ਕਸੂਰਵਾਰ ਜਾਂ ਦੇਣਦਾਰ ਨਹੀਂ ਮੰਨੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੁੱਕ ਕਾਊਂਟੀ ਅਦਾਲਤ ਵਿਚ ਚੱਲ ਰਹੇ ਇਨ੍ਹਾਂ ਦੋਹਾਂ ਕੇਸਾਂ ਵਿਚੋਂ ਇਕ ਨੂੰ ਲੈ ਕੇ ਪਿਛਲੇ ਸਤੰਬਰ ਮਹੀਨੇ ਤੋਂ ਦੋਹਾਂ ਧਿਰਾਂ, ਉਨ੍ਹਾਂ ਦੇ ਵਕੀਲਾਂ ਅਤੇ ਜੱਜ ਵਿਚਾਲੇ ਗੱਲਬਾਤ ਦੇ ਕਈ ਗੇੜ ਚੱਲੇ ਅਤੇ ਅਖੀਰ ਅਕਤੂਬਰ ਦੇ ਤੀਜੇ ਹਫਤੇ ਸਮਝੌਤਾ ਸਿਰੇ ਚੜ੍ਹ ਹੀ ਗਿਆ। ਹੋਏ ਰਾਜ਼ੀਨਾਮੇ ਅਨੁਸਾਰ 2010 ਦੀਆਂ ਚੋਣਾਂ ਵਿਚ ਜਿੱਤੇ ਪੰਜੇ ਬੋਰਡ ਮੈਂਬਰ (ਬੀਬੀ ਸੁਖਦੇਵ ਕੌਰ ਘੁੰਮਣ-ਹੁਣ ਪ੍ਰਧਾਨ, ਕੁਲਦੀਪ ਸਿੰਘ ਝੱਟੂ, ਅਮਰਜੀਤ ਸਿੰਘ ਜੌਹਰ, ਜੋਗਿੰਦਰ ਸਿੰਘ ਮੁਲਤਾਨੀ ਤੇ ਨਰਿੰਦਰ ਸਿੰਘ) ਅਤੇ ਇਕ ਸੀ ਆਈ ਸੀ ਮੈਂਬਰ (ਮੱਤ ਸਿੰਘ ਢਿੱਲੋਂ) ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਗੇ ਅਤੇ ਸੁਸਾਇਟੀ ਵਲੋਂ ਇਨ੍ਹਾਂ ਸੀਟਾਂ ਲਈ ਚੋਣ ਨਵੇਂ ਸਿਰਿਓਂ ਕਰਵਾਈ ਜਾਵੇਗੀ। ਸੁਸਾਇਟੀ ਵਲੋਂ ਇਕ ਵਿਸ਼ੇਸ਼ ਕਮੇਟੀ ਵੀ ਕਾਇਮ ਕੀਤੀ ਜਾਵੇਗੀ ਜੋ ਭਵਿੱਖ ਵਿਚ ਸੁਸਾਇਟੀ ਦੀ ਮੈਂਬਰਸ਼ਿਪ ਅਤੇ ਬੋਰਡ ਮੈਂਬਰਾਂ ਦੀ ਚੋਣ ਸਬੰਧੀ ਵਿਧੀ-ਵਿਧਾਨ ਵਿਚ ਤਬਦੀਲੀਆਂ ਦਾ ਸੁਝਾਅ ਦੇਵੇਗੀ।
ਪਹਿਲਾ ਕੇਸ ਸਿੱਖ ਰਿਲੀਜੀਅਸ ਸੁਸਾਇਟੀ ਦੀਆਂ ਅਪਰੈਲ 2010 ਦੀਆਂ ਚੋਣਾਂ ਵਿਚ ਕਥਿਤ ਹੇਰਾਫੇਰੀ ਦੇ ਦੋਸ਼ ਅਧੀਨ ਅਗਸਤ 2010 ਵਿਚ ਅਤੇ ਦੂਜਾ ਮਾਰਚ 2012 ਵਿਚ ਦਾਇਰ ਕੀਤਾ ਗਿਆ ਸੀ। ਦੂਜਾ ਕੇਸ ਮੁੱਖ ਤੌਰ ‘ਤੇ ਅਪਰੈਲ 2012 ਵਿਚ ਹੋਈਆਂ ਸੁਸਾਇਟੀ ਦੀਆਂ ਚੋਣਾਂ ਨੂੰ ਰੋਕਣ ਲਈ ਕੀਤਾ ਗਿਆ ਸੀ ਜਿਸ ਵਿਚ ਮੁੱਦਈ ਸ਼ਿਕਾਗੋ ਸਿੱਖ ਇੰਟੈਗਰਿਟੀ ਐਸੋਸੀਏਸ਼ਨ, ਭੁਪਿੰਦਰ ਸਿੰਘ ਹੁੰਦਲ, ਇਰਵਿਨਪ੍ਰੀਤ ਸਿੰਘ, ਗੁਰਮੀਤ ਸਿੰਘ ਭੋਲਾ ਅਤੇ ਗੁਰਚਰਨ ਸਿੰਘ ਝੱਜ ਸਨ। ਪਹਿਲੇ ਕੇਸ ਵਿਚ ਮੁੱਦਈ ਸ਼ਿਕਾਗੋ ਸਿੱਖ ਇੰਟੈਗਰਿਟੀ ਐਸੋਸੀਏਸ਼ਨ, ਭੁਪਿੰਦਰ ਸਿੰਘ ਹੁੰਦਲ, ਇਰਵਿਨਪ੍ਰੀਤ ਸਿੰਘ, ਗੁਰਮੀਤ ਸਿੰਘ ਭੋਲਾ ਅਤੇ ਬੋਰਡ ਦੇ ਕਈ ਉਹ ਸਾਬਕਾ ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੇ ਖਿਲਾਫ ਸੁਸਾਇਟੀ ਵਲੋਂ ਗੁੰਮ ਰਿਕਾਰਡ ਹਾਸਲ ਕਰਨ ਲਈ ਕੇਸ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਹੀ ਕੇਸਾਂ ਵਿਚ ਮੁਦਾਇਲਾ ਯਾਨਿ ਪ੍ਰਤੀਵਾਦੀ ਸਿੱਖ ਰਿਲੀਜੀਅਸ ਸੁਸਾਇਟੀ ਅਤੇ ਇਸ ਦੇ ਕਈ ਮੌਜੂਦਾ ਅਤੇ ਸਾਬਕਾ ਬੋਰਡ ਮੈਂਬਰ ਸਨ। ਸਮਝੌਤੇ ਅਨੁਸਾਰ ਕੋਈ ਵੀ ਧਿਰ ਦੇਣਦਾਰ ਨਹੀਂ ਹੈ ਅਤੇ ਇਕ ਦੂਜੇ ਵਿਰੁਧ ਸਾਰੇ ਦਾਅਵੇ ਰੱਦ ਕੀਤੇ ਗਏ ਹਨ।
ਖਾਲੀ ਹੋਈਆਂ ਸੀਟਾਂ ਪੁਰ ਕਰਨ ਲਈ ਇਕ ਵਿਸ਼ੇਸ਼ ਚੋਣ 10 ਫਰਵਰੀ 2013 ਨੂੰ ਹੋਵੇਗੀ ਅਤੇ ਇਹ ਚੋਣ ਇਕ ਵਿਸ਼ੇਸ਼ ਚੋਣ ਕਮੇਟੀ ਵਲੋਂ ਕਰਵਾਈ ਜਾਵੇਗੀ। ਚੋਣ ਤੋਂ ਪਹਿਲਾਂ ਨਵੰਬਰ 2012 ਦੇ ਮਹੀਨੇ ਦੇ ਚਾਰ ਐਤਵਾਰਾਂ ਨੂੰ ਸੁਸਾਇਟੀ ਦੀ ਮੈਂਬਰਸ਼ਿਪ ਭਰਤੀ ਕੀਤੀ ਜਾਵੇਗੀ। ਇਸ ਖੁੱਲ੍ਹੀ ਮੈਂਬਰਸ਼ਿਪ ਭਰਤੀ ਦੌਰਾਨ ਉਹ ਸਿੱਖ ਵੀ 2012 ਦੀ ਫੀਸ ਅਦਾ ਕਰਕੇ ਮੈਂਬਰ ਬਣ ਸਕਣਗੇ ਜੋ ਕਿਸੇ ਕਾਰਨ ਪਹਿਲਾਂ ਅਜਿਹਾ ਨਹੀਂ ਸੀ ਕਰ ਸਕੇ ਅਤੇ ਇੰਜ ਹੋ ਰਹੀ ਸਪੈਸ਼ਲ ਚੋਣ ਵਿਚ ਹਿੱਸਾ ਲੈ ਸਕਣਗੇ। ਖੁੱਲ੍ਹੀ ਮੈਂਬਰਸ਼ਿਪ ਦੌਰਾਨ ਪਿਛਲੇ ਤਿੰਨ ਸਾਲਾਂ ਦੇ ਬਕਾਏ ਵੀ ਦਿੱਤੇ ਜਾ ਸਕਣਗੇ ਤਾਂ ਜੋ ਕੋਈ ਯੋਗ ਉਮੀਦਵਾਰ ਚੋਣ ਲੜਨ ਦੇ ਕਾਬਲ ਹੋ ਸਕੇ। ਇਨ੍ਹਾਂ ਵਿਸ਼ੇਸ਼ ਚੋਣਾਂ ਲਈ ਸੁਸਾਇਟੀ ਦੇ ਵਿਧਾਨ ਅਨੁਸਾਰ ਚੋਣ ਲੜਨ ਦੇ ਯੋਗ ਕੋਈ ਵੀ ਮੈਂਬਰ ਚੋਣ ਲਈ ਉਮੀਦਵਾਰ ਨਾਮਜ਼ਦ ਹੋ ਸਕੇਗਾ।
ਅਦਾਲਤ ਵਿਚ ਪ੍ਰਵਾਨ ਹੋਏ ਸਮਝੌਤੇ ਵਿਚ ਇਸ ਗੱਲ ‘ਤੇ ਵੀ ਸਹਿਮਤੀ ਹੋਈ ਕਿ ਇਹ ਹੁਕਮ ਜਾਰੀ ਹੋਣ ਦੇ ਸੱਤ ਦਿਨ ਦੇ ਅੰਦਰ ਅੰਦਰ ਜੇ ਦੋਹੇਂ ਧਿਰਾਂ ਚਾਹੁਣ ਤਾਂ ਲਿਖਤੀ ਆਪਸੀ ਸਹਿਮਤੀ ਰਾਹੀਂ ਨਵੇਂ ਮੈਂਬਰ ਚੁਣਨ ਲਈ ਪਰਚੀਆਂ ਪਾਉਣ ਦਾ ਜਾਂ ਕੋਈ ਹੋਰ ਬਦਲਵਾਂ ਤਰੀਕਾ ਅਪਨਾ ਸਕਦੀਆਂ ਹਨ। ਅਜਿਹਾ ਨਾ ਹੋਣ ਦੀ ਸੂਰਤ ਵਿਚ ਅਦਾਲਤ ਦਾ ਇਹ ਹੁਕਮ ਅੰਤਮ ਹੋਵੇਗਾ।
ਰਾਜ਼ੀਨਾਮੇ ਅਧੀਨ ਅਪਰੈਲ 2010 ਦੀਆਂ ਚੋਣਾਂ ਵਿਚ ਚੁਣੇ ਗਏ ਪੰਜ ਮੈਂਬਰ ਅਤੇ ਇਕ ਸੀ ਆਈ ਸੀ ਮੈਂਬਰ ਆਪਣੇ ਅਹੁਦਿਆਂ ਤੋਂ ਅਦਾਲਤ ਦੇ ਹੁਕਮ ਲਾਗੂ ਹੋਣ ਦੇ 7 ਦਿਨਾਂ ਦੇ ਅੰਦਰ ਅਸਤੀਫੇ ਦੇ ਦੇਣਗੇ ਪਰ ਇਹ ਅਸਤੀਫੇ ਵਿਸ਼ੇਸ਼ ਚੋਣ ਤੋਂ ਬਾਅਦ ਹੀ ਲਾਗੂ ਸਮਝੇ ਜਾਣਗੇ ਅਤੇ ਉਹ ਉਦੋਂ ਤਕ ਮੈਂਬਰ ਬਣੇ ਰਹਿਣਗੇ ਜਦੋਂ ਤਕ ਚੋਣ ਪਿਛੋਂ ਨਵੇਂ ਮੈਂਬਰ, ਬੋਰਡ ਦੀ ਪਹਿਲੀ ਮੀਟਿੰਗ ਵਿਚ ਅਹੁਦੇ ਦਾ ਹਲਫ ਨਹੀਂ ਲੈ ਲੈਂਦੇ। ਉਂਜ ਅਸਤੀਫਾ ਦੇਣ ਵਾਲੇ ਇਹ ਬੋਰਡ ਮੈਂਬਰ ਵਿਸ਼ੇਸ਼ ਚੋਣ ਵਿਚ ਉਮੀਦਵਾਰ ਵਜੋਂ ਖੜ੍ਹੇ ਹੋ ਸਕਣਗੇ। ਅਪਰੈਲ 2012 ਦੀਆਂ ਚੋਣਾਂ ਵਿਚ ਜਿੱਤੇ ਉਮੀਦਵਾਰ ਆਪਣੀਆਂ ਸੀਟਾਂ ‘ਤੇ ਬਰਕਰਾਰ ਰਹਿਣਗੇ।
ਇਨ੍ਹਾਂ ਦੋਹਾਂ ਕੇਸਾਂ ਵਿਚ ਅਦਾਲਤ ਦੇ ਹੁਕਮ ਸੁਸਾਇਟੀ ਦੀ ਵੈਬਸਾਈਟ ਉਤੇ ਪਾਉਣ ਤੋਂ ਇਲਾਵਾ ਗੁਰੂ ਘਰ ਦੇ ਨੋਟਿਸ ਬੋਰਡਾਂ ਉਤੇ ਵੀ ਲਾਏ ਜਾਣਗੇ ਅਤੇ ਸੁਸਾਇਟੀ ਦਾ ਕੋਈ ਵੀ ਮੈਂਬਰ ਇਨ੍ਹਾਂ ਦੀ ਕਾਪੀ ਦੀ ਈ-ਮੇਲ ਰਾਹੀਂ ਮੰਗ ਕਰ ਸਕਦਾ ਹੈ। ਅਦਾਲਤੀ ਹੁਕਮਾਂ ਅਨੁਸਾਰ ਸੁਸਾਇਟੀ ਦਾ ਪ੍ਰਬੰਧ ਮੌਜੂਦਾ ਬੋਰਡ ਪਾਸ ਹੀ ਰਹੇਗਾ।
ਰਾਜ਼ੀਨਾਮੇ ਅਨੁਸਾਰ ਇਸ ਚੋਣ ਲਈ ਇਕ ਵਿਸ਼ੇਸ਼ ਚੋਣ ਕਮੇਟੀ ਕਾਇਮ ਕੀਤੀ ਜਾਏਗੀ ਜਿਸ ਵਿਚ ਮੌਜੂਦਾ ਮੈਂਬਰਸ਼ਿਪ ਅਤੇ ਚੋਣ ਕਮੇਟੀ ਦੇ 5 ਵੋਟਿੰਗ ਮੈਂਬਰ (ਸਹਿਮਤੀ ਅਨੁਸਾਰ ਸ਼ਿਵਚਰਨ ਸਿੰਘ ਘੁਮਾਣ ਨੂੰ ਛਡ ਕੇ ਜਿਨ੍ਹਾਂ ਦੀ ਥਾਂ ਜਤਿੰਦਰਪਾਲ ਸਿੰਘ ਸੰਘਾ ਲੈਣਗੇ ਤੇ ਸ੍ਰੀ ਘੁਮਾਣ ਚੋਣ ਕਮੇਟੀ ਦੇ ਨਿਯੁਕਤ ਮੈਂਬਰ ਬਣੇ ਰਹਿਣਗੇ), 2008 ਦੀ ਚੋਣ ਵਿਚ ਚੁਣੇ ਗਏ 2 ਸੀ ਆਈ ਸੀ ਮੈਂਬਰ ਅਤੇ ਸ਼ਿਕਾਗੋ ਸਿੱਖ ਇੰਟੈਗਰਿਟੀ ਐਸੋਸੀਏਸ਼ਨ ਵਲੋਂ ਨਾਮਜ਼ਦ 2 ਮੈਂਬਰ ਨਿਰਮਲ ਸਿੰਘ ਢਿਲੋਂ ਅਤੇ ਭਗਵਾਨ ਸਿੰਘ ਬੱਟੂ ਸ਼ਾਮਲ ਹੋਣਗੇ। ਵਿਸ਼ੇਸ਼ ਚੋਣ ਕਮੇਟੀ ਆਪਣੇ ਅੰਦਰੋਂ ਹੀ ਚੇਅਰਮੈਨ ਅਤੇ ਸਕੱਤਰ ਦੀ ਚੋਣ ਕਰੇਗੀ। ਚੋਣ ਕਮੇਟੀ ਵਲੋਂ 2012 ਵਿਚ ਹੋਰ ਖੁਲ੍ਹੀ ਨਵੀਂ ਮੈਂਬਰਸ਼ਿਪ ਬਾਰੇ ਸ਼ਿਕਾਗੋ ਦੀ ਸਿੱਖ ਸੰਗਤ ਨੂੰ ਜਾਣਕਾਰੀ ਦੇਣ ਲਈ ਸੁਸਾਇਟੀ ਦੇ ਆਪਣੇ ਨਿਊਜ਼ ਲੈਟਰ ਤੋਂ ਬਿਨਾ ਘੱਟੋ ਘੱਟ ਦੋ ਪੰਜਾਬੀ ਅਖਬਾਰਾਂ ਵਿਚ ਸੂਚਨਾ ਦਿਤੀ ਜਾਏਗੀ। ਨਵੀਂ ਮੈਂਬਰਸ਼ਿਪ ਨਵੰਬਰ ਮਹੀਨੇ ਦੇ ਚਾਰੇ ਐਤਵਾਰ (4, 11, 18 ਤੇ 25 ਨਵੰਬਰ) ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁਲ੍ਹੀ ਰਹੇਗੀ।
ਨੋਟਿਸ ਵਿਚ ਇਹ ਵੀ ਦੱਸਿਆ ਜਾਵੇਗਾ ਕਿ ਮੌਜੂਦਾ ਅਤੇ ਖੁਲ੍ਹੀ ਮੈਂਬਰਸ਼ਿਪ ਵਿਚ ਨਵੇਂ ਬਣੇ ਮੈਂਬਰ ਇਸ ਵਿਸ਼ੇਸ਼ ਚੋਣ ਵਿਚ ਹਿੱਸਾ ਲੈਣ ਦੇ ਯੋਗ ਹੋਣਗੇ। ਨਵੇਂ ਬਣਨ ਵਾਲੇ ਅਤੇ ਨਗਦ ਮੈਂਬਰਸ਼ਿਪ ਫੀਸ ਦੇਣ ਵਾਲੇ ਮੈਂਬਰਾਂ ਨੂੰ ਮੈਂਬਰਸ਼ਿਪ ਅਰਜੀ ਦੇਣ ਤੇ ਫੀਸ ਜਮਾਂ ਕਰਾਉਣ ਲਈ ਖੁਦ ਗੁਰਦੁਆਰੇ ਆਉਣਾ ਪਵੇਗਾ।
ਅਦਾਲਤੀ ਹੁਕਮਾਂ ਅਨੁਸਾਰ ਸੁਸਾਇਟੀ ਦਾ ਕੋਈ ਵੀ ਉਹ ਮੈਂਬਰ ਜਿਸ ਦੀ ਮੈਂਬਰਸ਼ਿਪ ਮਨਸੂਖ ਕੀਤੀ ਗਈ ਸੀ, ਫੀਸ ਸਮੇਤ ਅਰਜੀ ਜਮਾਂ ਕਰਵਾ ਕੇ 2012 ਦੇ ਮੈਂਬਰਸ਼ਿਪ ਵਰ੍ਹੇ ਲਈ ਮੈਂਬਰ ਬਣ ਸਕਦਾ ਹੈ ਅਤੇ ਵਿਸ਼ੇਸ਼ ਚੋਣ ਵਿਚ ਵੋਟ ਪਾ ਸਕਦਾ ਹੈ। ਵਿਸ਼ੇਸ਼ ਚੋਣ ਬਾਰੇ ਨੋਟਿਸ ਵਿਚ ਇਹ ਵੀ ਦਸਿਆ ਜਾਵੇਗਾ ਕਿ ਨਵਿਆਇਆ ਗਿਆ ਮੈਂਬਰ ਕਿਸੇ ਉਮੀਦਵਾਰ ਨੂੰ ਨਾਮਜ਼ਦ ਕਰ ਸਕੇਗਾ ਅਤੇ ਖੁਦ ਵੀ ਨਾਮਜ਼ਦ ਹੋ ਸਕੇਗਾ ਪਰ ਉਸ ਨੇ ਮੈਂਬਰਸ਼ਿਪ ਦੇ ਪਿਛਲੇ ਤਿੰਨ ਸਾਲ ਦੇ ਸਭ ਬਕਾਏ ਦਿਤੇ ਹੋਏ ਹੋਣ।
ਇਸੇ ਤਰ੍ਹਾਂ ਅਦਾਲਤ ਦੇ ਹੁਕਮ ਦੇ ਲਾਗੂ ਹੋਣ ਦੇ 7 ਦਿਨ ਦੇ ਅੰਦਰ-ਅੰਦਰ ਵਿਸ਼ੇਸ਼ ਚੋਣ ਕਮੇਟੀ ਨੂੰ 2010, 11 ਅਤੇ 12 ਦੀ ਮੁਕੰਮਲ ਮੈਂਬਰਸ਼ਿਪ ਸੂਚੀ ਦੋਹਾਂ ਧਿਰਾਂ ਦੇ ਵਕੀਲਾਂ ਨੂੰ ਭੇਜਣੀ ਪਵੇਗੀ। ਖੁੱਲ੍ਹੀ ਮੈਂਬਰਸ਼ਿਪ ਦੌਰਾਨ ਬਣੇ ਮੈਂਬਰਾਂ ਦੀ ਆਰਜ਼ੀ ਸੂਚੀ ਤਿਆਰ ਕਰਕੇ ਵਿਸ਼ੇਸ਼ ਚੋਣ ਕਮੇਟੀ ਨੂੰ ਪਹਿਲੀ ਦਸੰਬਰ 2012 ਸ਼ਾਮ 4 ਵਜੇ ਤੱਕ ਪ੍ਰਕਾਸ਼ਿਤ ਕਰਕੇ ਗੁਰੂ ਘਰ ਦੇ ਘੱਟੋ ਘੱਟ ਦੋ ਨੋਟਿਸ ਬੋਰਡਾਂ ‘ਤੇ ਲਾਉਣੀ ਪਵੇਗੀ ਜੋ ਸਪਸ਼ਟ ਦਿਸ ਸਕੇ। ਇਸ ਤੋਂ ਇਲਾਵਾ 2012 ਦੀ ਮੌਜੂਦਾ ਮੈਂਬਰਸ਼ਿਪ ਸੂਚੀ ਵੀ ਇਸ ਦੇ ਨਾਲ ਹੀ ਲਾਉਣੀ ਹੋਵੇਗੀ। ਆਰਜ਼ੀ ਮੈਂਬਰਸ਼ਿਪ ਸੂਚੀ ਪ੍ਰਕਾਸ਼ਿਤ ਹੋਣ ਦੇ 7 ਦਿਨ ਦੇ ਅੰਦਰ-ਅੰਦਰ ਸਿੱਖ ਰਿਲੀਜੀਅਸ ਸੁਸਾਇਟੀ ਦਾ ਕਾਰਜਕਾਰੀ ਸਕੱਤਰ ਇਹ ਸੂਚੀ ਅਤੇ ਪੁਰਾਣੀ 2012 ਦੀ ਮੈਂਬਰਸ਼ਿਪ ਸੂਚੀ ਉਨ੍ਹਾਂ ਸਭ ਮੈਂਬਰਾਂ ਨੂੰ ਈਮੇਲ ਰਾਹੀਂ ਭੇਜੇਗਾ ਜੋ ਆਪਣੀ ਈ-ਮੇਲ ਰਾਹੀਂ ਇਹ ਸੂਚੀ ਭੇਜਣ ਦੀ ਪ੍ਰਵਾਨਗੀ ਦੇਣ।
ਨਵੀਂ ਵਿਸ਼ੇਸ਼ ਚੋਣ ਲਈ ਨਾਮਜ਼ਦਗੀ ਕਾਗਜ਼ 23 ਦਸੰਬਰ 2012 ਸਵੇਰੇ 9 ਵਜੇ ਤੋਂ 7 ਜਨਵਰੀ 2013 ਸ਼ਾਮ 4 ਵਜੇ ਤੱਕ ਭਰੇ ਜਾ ਸਕਣਗੇ। ਨਵੀਂ ਆਰਜ਼ੀ ਮੈਂਬਰਸ਼ਿਪ ਸੂਚੀ ਅਤੇ ਪਹਿਲੀ 2012 ਦੀ ਸੂਚੀ ਵਿਚ ਸ਼ਾਮਲ ਕੋਈ ਵੀ ਵਿਅਕਤੀ ਬੋਰਡ ਦੀਆਂ 5 ਸੀਟਾਂ ਤੇ ਸੀ ਆਈ ਸੀ ਦੀ ਇਕ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕਰ ਸਕਦਾ ਹੈ। ਉਮੀਦਵਾਰ ਇਲੀਨਾਏ ਸਟੇਟ ਦਾ ਬਾਸ਼ਿੰਦਾ ਹੋਵੇ ਅਤੇ ਉਸ ਨੇ ਪਿਛਲੇ ਤਿੰਨ ਸਾਲਾਂ ਦੀ ਮੈਂਬਰਸ਼ਿਪ ਫੀਸ ਭਰੀ ਹੋਵੇ।
ਵਿਸ਼ੇਸ਼ ਚੋਣ ਕਮੇਟੀ 22 ਦਸੰਬਰ 2012 ਸ਼ਾਮ 4 ਵਜੇ ਤੱਕ ਮੌਜੂਦ ਮੈਂਬਰਸ਼ਿਪ ਸੂਚੀ ਸਮੇਤ ਨਵੀਂ ਮੈਂਬਰਸ਼ਿਪ ਦੀ ਸੂਚੀ ਨੂੰ ਅੰਤਿਮ ਰੂਪ ਦੇ ਕੇ ਪ੍ਰਕਾਸ਼ਿਤ ਕਰੇਗੀ। ਗੁਰੂ ਘਰ ਦੇ ਅੰਦਰ ਘੱਟੋ ਘੱਟ ਦੋ ਥਾਂਵਾਂ ਉਪਰ ਇਹ ਸੂਚੀ ਲਾਉਣੀ ਹੋਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਇਹ ਸੂਚੀ ਛਪੇ ਰੂਪ ਅਤੇ/ਜਾਂ ਈ-ਮੇਲ ਦੇ ਰੂਪ ਵਿਚ ਦੇਣੀ ਹੋਵੇਗੀ, ਜਿਸ ਵਿਚ ਮੈਂਬਰ ਦਾ ਪੂਰਾ ਡਾਕ ਪਤਾ ਤੇ ਫੋਨ ਨੰਬਰ ਹੋਵੇ। ਉਮੀਦਵਾਰ ਨੂੰ ਇਹ ਹਲਫੀਆ ਬਿਆਨ ਦੇਣਾ ਹੋਵੇਗਾ ਕਿ ਇਹ ਸੂਚੀ ਸਿਰਫ ਗੁਰਦੁਆਰਾ ਚੋਣ ਦੇ ਮਕਸਦ ਲਈ ਹੀ ਵਰਤੀ ਜਾਏਗੀ।
ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 20 ਜਨਵਰੀ 2013 ਸ਼ਾਮ 4 ਵਜੇ ਤੱਕ ਮਿਥੀ ਗਈ ਹੈ। ਉਮੀਦਵਾਰਾਂ ਦੀ ਅੰਤਿਮ ਸੂਚੀ 26 ਜਨਵਰੀ 2013 ਦੁਪਹਿਰ 12 ਵਜੇ ਤੱਕ ਗੁਰੂਘਰ ਦੇ ਨੋਟਿਸ ਬੋਰਡ ਉਤੇ ਪ੍ਰਕਾਸ਼ਿਤ ਕੀਤੀ ਜਾਏਗੀ। ਅਦਾਲਤੀ ਹੁਕਮਾਂ ਅਨੁਸਾਰ 27 ਜਨਵਰੀ 2013, ਐਤਵਾਰ ਦੇ ਦੀਵਾਨਾਂ ਵਿਚ ਪ੍ਰਬੰਧਕਾਂ ਵਲੋਂ ਇਹ ਸੂਚਨਾ ਦਿੱਤੀ ਜਾਵੇਗੀ ਕਿ ਅਦਾਲਤੀ ਕੇਸ ਵਿਚ ਰਾਜ਼ੀਨਾਮੇ ਪਿਛੋਂ 2010 ਦੀ ਚੋਣ ਵਿਚ ਜਿੱਤੇ ਉਮੀਦਵਾਰਾਂ ਦੇ ਅਸਤੀਫੇ ਕਾਰਨ ਖਾਲੀ ਹੋਈਆਂ ਸੀਟਾਂ ਲਈ ਚੋਣ 10 ਫਰਵਰੀ 2013 ਨੂੰ ਹੋਵੇਗੀ ਅਤੇ ਇਸ ਚੋਣ ਲਈ ਖੜੇ ਉਮੀਦਵਾਰਾਂ ਦੀ ਸੂਚੀ ਪੜ੍ਹੀ ਜਾਵੇਗੀ।
27 ਜਨਵਰੀ 2013 ਦੇ ਦੀਵਾਨ ਵਿਚ ਮੁੱਖ ਚੋਣ ਕਮਿਸ਼ਨਰ ਹਰ ਉਮੀਦਵਾਰ ਦੀ ਜਾਣ-ਪਛਾਣ ਉਸ ਦੇ ਨਾਂ ਅਤੇ ਉਸ ਦੀ ਸੀਟ ਦੇ ਵੇਰਵੇ ਨਾਲ ਕਰਾਵੇਗਾ। ਇਸ ਪਿਛੋਂ ਉਮੀਦਵਾਰਾਂ ਨੂੰ ਸੰਗਤ ਨੂੰ ਸੰਬੋਧਨ ਕਰਨ ਦਾ ਬਰਾਬਰ ਦਾ ਸਮਾਂ (ਵੱਧ ਤੋਂ ਵੱਧ 15 ਮਿੰਟ) ਦਿੱਤਾ ਜਾਵੇਗਾ। ਚੋਣ ਐਤਵਾਰ 3 ਫਰਵਰੀ ਨੂੰ ਸਵੇਰੇ 8:30 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਚੋਣ ਦੀ ਨਿਗਰਾਨੀ ਵਿਸ਼ੇਸ਼ ਚੋਣ ਕਮੇਟੀ ਕਰੇਗੀ। ਉਮੀਦਵਾਰ ਅਤੇ ਬੋਰਡ ਮੈਂਬਰ (ਜੋ ਵਿਸ਼ੇਸ਼ ਚੋਣ ਕਮੇਟੀ ਵਿਚ ਨਹੀਂ ਹਨ) ਵੋਟਾਂ ਪੈਣ ਵਾਲੇ ਖੇਤਰ ਵਿਚ ਸਿਰਫ ਆਪਣੀ ਵੋਟ ਪਾਉਣ ਲਈ ਹੀ ਜਾ ਸਕਣਗੇ। ਅਦਾਲਤੀ ਹੁਕਮਾਂ ਅਨੁਸਾਰ ਸ਼ਿਕਾਗੋ ਸਿੱਖ ਇੰਟੈਗਰਿਟੀ ਐਸੋਸੀਏਸ਼ਨ ਸਿੱਖ ਰਿਲੀਜੀਅਸ ਸੁਸਾਇਟੀ ਨੂੰ ਵਿਸ਼ੇਸ਼ ਚੋਣਾਂ ਦੇ ਖਰਚੇ ਵਜੋਂ ਅੱਧੇ ਪੈਸੇ (ਵਧ ਤੋਂ ਵੱਧ 1500 ਡਾਲਰ) ਦੇਵੇਗੀ।
2013 ਦੀ ਵਿਸ਼ੇਸ਼ ਚੋਣ ਵਿਚ ਜਿੱਤੇ ਉਮੀਦਵਾਰਾਂ ਦੀ ਮਿਆਦ ਅਪਰੈਲ 2014 ਵਿਚ ਹੋਣ ਵਾਲੀ ਆਮ ਚੋਣ ਵਿਚ ਬਣੇ ਮੈਂਬਰਾਂ ਦੇ ਅਹੁਦਾ ਸੰਭਾਲਣ ਦੇ ਸਮੇਂ ਤੱਕ ਹੋਵੇਗੀ। ਵਿਸ਼ੇਸ਼ ਚੋਣ ਦੇ 7 ਦਿਨ ਦੇ ਅੰਦਰ-ਅੰਦਰ ਬੋਰਡ ਵਲੋਂ ਮੀਟਿੰਗ ਬੁਲਾਈ ਜਾਏਗੀ ਜਿਸ ਵਿਚ 2010 ਵਿਚ ਚੁਣੇ ਗਏ ਬੋਰਡ ਮੈਂਬਰਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣਗੇ ਅਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦਾ ਹਲਫ ਦਿਵਾਇਆ ਜਾਵੇਗਾ।

ਸਿੱਖ ਰਿਲੀਜੀਅਸ ਸੁਸਾਇਟੀ ਵਿਰੁਧ ਮਾਰਚ 2012 ਵਿਚ ਕੀਤੇ ਗਏ ਦੂਜੇ ਕੇਸ ਦੇ ਰਾਜ਼ੀਨਾਮੇ ਅਨੁਸਾਰ ਅਦਾਲਤ ਦੇ ਹੁਕਮਾਂ ਦੇ ਲਾਗੂ ਹੋਣ ਦੇ ਤਿੰਨ ਮਹੀਨੇ ਦੇ ਅੰਦਰ ਬੋਰਡ ਵਲੋਂ ਸੁਸਾਇਟੀ ਦੇ ਸਾਲ 2009, 10, 11 ਅਤੇ 2012 ਦੇ ਖਾਤੇ ਕਿਸੇ ਅਜਿਹੇ ਪ੍ਰਵਾਨਿਤ ਅਕਾਊਂਟੈਂਟ ਤੋਂ ਆਡਿਟ ਕਰਵਾਏ ਜਾਣਗੇ ਜੋ 2008 ਪਿਛੋਂ ਸੁਸਾਇਟੀ ਦਾ ਮੈਂਬਰ ਨਾ ਰਿਹਾ ਹੋਵੇ। ਸੁਸਾਇਟੀ ਦਾ ਖਜ਼ਾਨਚੀ ਪਹਿਲੀ ਅਪਰੈਲ 2013 ਤੱਕ ਸੁਸਾਇਟੀ ਦੇ ਖਾਤੇ ਤਿਆਰ ਰੱਖੇਗਾ ਤਾਂ ਜੋ ਇਹ ਪਹਿਲੀ ਜੁਲਾਈ 2013 ਤੋਂ ਆਡਿਟ ਕੀਤੇ ਜਾ ਸਕਣ। ਸੁਸਾਇਟੀ 2010 ਤੇ 2011 ਲਈ ਆਈ ਆਰ ਐਸ ਫਾਰਮ 990 ਭਰੇਗੀ। ਸੁਸਾਇਟੀ 2008 ਤੋਂ ਹੁਣ ਤੱਕ ਦਾ ਰਿਕਾਰਡ ਕਿਸੇ ਮੈਂਬਰ ਨੂੰ ਮੰਗ ਕਰਨ ‘ਤੇ (ਖਰਚਾ ਅਦਾ ਕਰਨ ‘ਤੇ) ਦੇਵੇਗੀ ਜਿਸ ਵਿਚ ਸਾਰਾ ਹਿਸਾਬ-ਕਿਤਾਬ ਅਤੇ ਬੋਰਡ ਦੀਆਂ ਮੀਟਿੰਗਾਂ ਦਾ ਵੇਰਵਾ ਸ਼ਾਮਲ ਹੋਵੇ। ਇਸ ਤੋਂ ਇਲਾਵਾ ਸੁਸਾਇਟੀ ਕਿਸੇ ਮੈਂਬਰ ਦੇ ਮੰਗ ਕਰਨ ‘ਤੇ 2010 ਤੋਂ ਲੈ ਕੇ ਸਾਰੇ ਪ੍ਰਾਜੈਕਟਾਂ ਦਾ ਪੂਰਾ ਵੇਰਵਾ ਮੁਹੱਈਆ ਕਰੇਗੀ। ਇਹ ਵੇਰਵਾ ਤਿਆਰ ਕਰਨ ਦਾ ਖਰਚਾ ਸਬੰਧਤ ਮੈਂਬਰ ਨੂੰ ਅਦਾ ਕਰਨਾ ਪਵੇਗਾ।
ਇਸ ਤੋਂ ਇਲਾਵਾ ਰਾਜ਼ੀਨਾਮੇ ਅਨੁਸਾਰ ਸੁਸਾਇਟੀ ਵਲੋਂ 30 ਦਿਨਾਂ ਦੇ ਅੰਦਰ 29,000 ਡਾਲਰ ਦੀ ਰਕਮ ਇਕ ਵਿਸ਼ੇਸ਼ ਗੁੰਬਦ ਖਾਤੇ ਵਿਚ ਜਮਾਂ ਕਰਵਾਈ ਜਾਵੇਗੀ ਤਾਂ ਜੋ ਇਹ ਪੈਸੇ ਸਿਰਫ ਗੁੰਬਦ ਬਣਾਉਣ ਉਪਰ ਹੀ ਖਰਚ ਹੋ ਸਕਣ। ਜ਼ਿਕਰਯੋਗ ਹੈ ਕਿ ਇਹ ਰਕਮ ਮੇਜਰ ਗੁਰਚਰਨ ਸਿੰਘ ਝੱਜ ਨੇ ਉਚੇਚੇ ਤੌਰ ‘ਤੇ ਗੁੰਬਦ ਦੀ ਉਸਾਰੀ ਲਈ ਭੇਟਾ ਕੀਤੀ ਸੀ ਅਤੇ ਇਹ ਉਹੋ ਰਕਮ ਹੈ ਜੋ ਬੋਰਡ ਨੇ ਦਾਨੀਆਂ ਦੀ ਸੂਚੀ ਵਿਚ ਪ੍ਰਕਾਸ਼ਿਤ ਨਹੀਂ ਸੀ ਕੀਤੀ ਅਤੇ ਸੰਗਤ ਨੂੰ ਇਸ ਬਾਰੇ ਨਹੀਂ ਸੀ ਦਸਿਆ।

Be the first to comment

Leave a Reply

Your email address will not be published.