ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਆਗਾਮੀ ਵਿੱਤੀ ਵਰ੍ਹੇ 2015-16 ਦੌਰਾਨ ਲੋਕ ਭਲਾਈ ਕਾਰਜਾਂ ਦਾ ਜ਼ਿੰਮਾ ਸ਼ਰਾਬੀਆਂ ਸਿਰ ਸੁੱਟਾ ਦਿੱਤਾ ਹੈ। ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਵੱਲੋਂ 23 ਰੁਪਏ ਪ੍ਰਤੀ ਪਰੂਫ਼ ਲਿਟਰ ਲਗਾਈ ਗਈ ਵਾਧੂ ਲਾਇਸੈਂਸ ਫ਼ੀਸ ਵਿਚੋਂ 10 ਰੁਪਏ ਸਿੱਖਿਆ, ਅੱਠ ਰੁਪਏ ਖੇਡਾਂ ਤੇ ਪੰਜ ਰੁਪਏ ਸਭਿਆਚਾਰ ਦੇ ਵਿਕਾਸ ਲਈ ਵਰਤੇ ਜਾਣਗੇ।
ਸਰਕਾਰ ਨੇ ਅਗਲੇ ਮਾਲੀ ਸਾਲ ਦੌਰਾਨ 9æ80 ਕਰੋੜ ਪਰੂਫ਼ ਲਿਟਰ ਭਾਵ 26 ਕਰੋੜ ਬੋਤਲਾਂ ਦੇਸੀ ਸ਼ਰਾਬ ਤੇ 4æ5 ਕਰੋੜ ਪਰੂਫ਼ ਲਿਟਰ ਭਾਵ 8æ3 ਕਰੋੜ ਬੋਤਲਾਂ ਅੰਗਰੇਜ਼ੀ ਸ਼ਰਾਬ ਤੇ 40 ਲੱਖ ਡੱਬੇ ਭਾਵ 4æ8 ਕਰੋੜ ਬੋਤਲਾਂ ਬੀਅਰ ਵੇਚਣ ਦਾ ਟੀਚਾ ਮਿਥਿਆ ਹੈ। ਇਸ ਤਰ੍ਹਾਂ ਸਰਕਾਰ ਲੋਕ ਭਲਾਈ ਸਕੀਮਾਂ ਲਈ ਮਹਿਜ਼ 240 ਕਰੋੜ ਰੁਪਏ ਇਕੱਠੇ ਕਰਨ ਦੇ ਪੱਜ ਸੂਬੇ ਦੇ 1æ11 ਕਰੋੜ ਬਾਲਗ ਵਿਅਕਤੀਆਂ ਨੂੰ 39 ਕਰੋੜ ਬੋਤਲਾਂ ਸ਼ਰਾਬ, ਪੀਣ ਵਾਸਤੇ ਮੁਹੱਈਆ ਕਰਵਾਉਣ ਜਾ ਰਹੀ ਹੈ।
ਸਰਕਾਰ ਨੇ 2015-16 ਦੌਰਾਨ ਸ਼ਰਾਬ ਦੀ ਕੁੱਲ ਵਿਕਰੀ ਤੋਂ ਚਾਲੂ ਵਿੱਤੀ ਵਰ੍ਹੇ ਦੇ ਮੁਕਾਬਲੇ 360 ਕਰੋੜ ਰੁਪਏ ਵੱਧ ਇਕੱਠੇ ਕਰਨ ਦਾ ਟੀਚਾ ਮਿਥਿਆ ਹੈ, ਜਿਸ ਦਾ ਸਿੱਧਾ ਅਰਥ ਹੈ ਕਿ ਸਰਕਾਰ ਅਗਲੇ ਸਾਲ ਸੂਬੇ ਦੇ ਲੋਕਾਂ ਨੂੰ 360 ਕਰੋੜ ਰੁਪਏ ਦੀ ਹੋਰ ਵੱਧ ਸ਼ਰਾਬ ਪੀਣ ਲਈ ਮਜਬੂਰ ਕਰੇਗੀ। ਇੰਨਾ ਹੀ ਨਹੀਂ ਸਰਕਾਰ ਨੇ ਲੋਕਾਂ ਨੂੰ ਨਸ਼ੇ ਦੀ ਵੱਧ ਖ਼ੁਰਾਕ ਦੇਣ ਲਈ ਪਿਛਲੇ ਸਾਲ ਦੀ 50 ਤੋਂ 65 ਡਿਗਰੀ ਵਾਲੀ ਸ਼ਰਾਬ ਦੀ ਥਾਂ 2015-16 ਦੌਰਾਨ 75 ਡਿਗਰੀ ਵਾਲੀ ਸ਼ਰਾਬ ਵੇਚਣ ਦੀ ਵੀ ਨੀਤੀ ਤੈਅ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਸ਼ਰਾਬ ‘ਤੇ ਸਿੱਖਿਆ ਸੈੱਸ ਤਾਂ ਦਹਾਕਾ ਪਹਿਲਾਂ ਹੀ ਲਗਾ ਦਿੱਤਾ ਸੀ ਪਰ ਖੇਡਾਂ ਤੇ ਸਭਿਆਚਾਰ ਲਈ ਸ਼ਰਾਬ ਤੋਂ ਪੈਸਾ ਇਕੱਠਾ ਕਰਨ ਦਾ ਰਾਹ ਦੋ ਕੁ ਸਾਲ ਪਹਿਲਾਂ ਹੀ ਕੱਢਿਆ ਗਿਆ ਹੈ। ਖੇਡਾਂ ਲਈ ਇਕੱਤਰ ਪੈਸਾ ਕਬੱਡੀ ਕੱਪ ਤੇ ਹੋਰ ਗਤੀਵਿਧੀਆਂ ਲਈ ਖ਼ਰਚ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਸ਼ਰਾਬ ਨੂੰ ਕਮਾਈ ਦਾ ਵੱਡਾ ਸਾਧਨ ਤਾਂ ਮੰਨਿਆ ਹੀ ਜਾ ਰਿਹਾ ਹੈ, ਸਗੋਂ ਯੋਜਨਾਵਾਂ ਚਲਾਉਣ ਲਈ ਵਿਸ਼ੇਸ਼ ਫੰਡ ਦੀ ਉਗਰਾਹੀ ਵੀ ਸ਼ਰਾਬ ਰਾਹੀਂ ਕੀਤੀ ਜਾਣ ਲੱਗੀ ਹੈ। ਸੂਬਾ ਸਰਕਾਰ ਨੇ ਅਗਲੇ ਮਾਲੀ ਸਾਲ ਦੌਰਾਨ ਸ਼ਰਾਬ ਤੋਂ 5040 ਕਰੋੜ ਰੁਪਏ ਵੱਟਣ ਦਾ ਟੀਚਾ ਮਿਥਿਆ ਹੈ। ਦੱਸਣਯੋਗ ਹੈ ਕਿ ਸੂਬੇ ਦੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਆਗਾਮੀ ਵਿੱਤੀ ਵਰ੍ਹੇ ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰ ਦਿੱਤੀ ਗਈ ਹੈ। ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਖਿਆ, ਸਿਹਤ ਤੇ ਖੇਡਾਂ ਲਈ ਸ਼ਰਾਬ ਤੋਂ ਆਗਾਮੀ ਵਰ੍ਹੇ ਦੌਰਾਨ 240 ਕਰੋੜ ਰੁਪਏ ਦੇ ਕਰੀਬ ਪੈਸਾ ਆਉਣ ਦੀ ਸੰਭਾਵਨਾ ਹੈ।
ਪੰਜਾਬ ਵਿਚ ਸ਼ਰਾਬ ਚੰਡੀਗੜ੍ਹ, ਹਰਿਆਣਾ ਤੇ ਹੋਰ ਕਈ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਮਹਿੰਗੀ ਮੰਨੀ ਜਾਂਦੀ ਹੈ। ਸਰਕਾਰ ਵੱਲੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਤੋਂ ਇਕੱਤਰ ਹੁੰਦਾ ਵਿਸ਼ੇਸ਼ ਫੰਡ ਸਿੱਧਾ ਸਬੰਧਤ ਵਿਭਾਗਾਂ (ਸਿੱਖਿਆ, ਖੇਡਾਂ ਤੇ ਸਭਿਆਚਾਰਕ ਮਾਮਲੇ) ਤਬਦੀਲ ਕਰਨ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ ਪਰ ਸਚਾਈ ਇਹ ਵੀ ਹੈ ਕਿ ਸਰਕਾਰ ਦੀ ਤੰਗੀ-ਤਰੁਸ਼ੀ ਕਰਕੇ ਇਹ ਪੈਸਾ ਤਨਖ਼ਾਹਾਂ ਤੇ ਹੋਰ ਕੰਮਾਂ ਲਈ ਹੀ ਵਰਤ ਲਿਆ ਜਾਂਦਾ ਹੈ। ਅੰਗਰੇਜ਼ੀ ਸ਼ਰਾਬ ਤੇ ਬੀਅਰ ਤੋਂ ਸਮਾਜ ਭਲਾਈ ਦੀਆਂ ਯੋਜਨਾਵਾਂ ਲਈ ਫੰਡ ਇਕੱਠਾ ਕੀਤਾ ਜਾਵੇਗਾ।
ਬੀਅਰ ਤੇ ਅੰਗਰੇਜ਼ੀ ਸ਼ਰਾਬ ਤੋਂ 10 ਕਰੋੜ ਰੁਪਏ ਹਾਸਲ ਹੋਣ ਦਾ ਅਨੁਮਾਨ ਹੈ। ਆਬਕਾਰੀ ਨੀਤੀ ਮੁਤਾਬਕ ਲਾਇਸੈਂਸ ਫੀਸ ਵਜੋਂ 23 ਰੁਪਏ ਪ੍ਰਤੀ ਪਰੂਫ ਲਿਟਰ ਰਾਹੀਂ ਇਕੱਤਰ ਹੋਏ ਵਿਸ਼ੇਸ਼ ਟੈਕਸ ਵਿੱਚੋਂ 10 ਰੁਪਏ ਸਿੱਖਿਆ, ਅੱਠ ਰੁਪਏ ਖੇਡਾਂ ਤੇ ਪੰਜ ਰੁਪਏ ਸਭਿਆਚਾਰ ਦੀ ਭਲਾਈ ਲਈ ਹਾਸਲ ਹੋਣਗੇ। ਇਸ ਤਰ੍ਹਾਂ ਨਾਲ ਪਿਆਕੜਾਂ ਤੋਂ 980 ਕਰੋੜ ਰੁਪਏ ਦੇ ਕਰੀਬ ਪੈਸਾ ਸਿੱਖਿਆ ਦੇ ਖੇਤਰ ਵਿਚ ਖ਼ਰਚ ਕੀਤਾ ਜਾ ਸਕੇਗਾ। ਖੇਡਾਂ ਲਈ 800 ਕਰੋੜ ਤੇ ਸਭਿਆਚਾਰਕ ਗਤੀਵਿਧੀਆਂ ਲਈ 500 ਕਰੋੜ ਰੁਪਏ ਦੇ ਕਰੀਬ ਪੈਸਾ ਆਗਾਮੀ ਵਿੱਤੀ ਵਰ੍ਹੇ ਦੌਰਾਨ ਇਕੱਤਰ ਹੋਵੇਗਾ।
_____________________________________
ਠੇਕਿਆਂ ਦੀ ਅਲਾਟਮੈਂਟ: ਅਕਾਲੀਆਂ ਦੇ ਦੋਵੇਂ ਹੱਥ ਲੱਡੂ
ਬਠਿੰਡਾ: ਸ਼ਰਾਬ ਦੇ ਠੇਕਿਆਂ ਦੀ ਬੋਲੀ ਮੌਕੇ ਐਤਕੀਂ ਕਈ ਸਿਆਸੀ ਧਨੰਤਰਾਂ ਦੇ ਦੋਵੇਂ ਹੱਥ ਲੱਡੂ ਰਹੇ ਜਦਕਿ ਕੁਝ ਸਿਆਸੀ ਖਿਡਾਰੀ ਪੁਰਾਣਾ ਜਲਵਾ ਨਾ ਦਿਖਾ ਸਕੇ। ਹਾਲਾਂਕਿ ਇਨ੍ਹਾਂ ਆਗੂਆਂ ਨੇ ਵੱਡੀ ਗਿਣਤੀ ਵਿਚ ਅਰਜ਼ੀਆਂ ਦਿੱਤੀਆਂ ਸਨ। ਮਾਲਵੇ ਵਿਚ ਇਸ ਵਾਰ ਅਬੋਹਰ ਦੇ ਡੋਡਾ ਪਰਿਵਾਰ ਦੀ ਤੂਤੀ ਬੋਲ ਰਹੀ ਹੈ ਜਦਿਕ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਵ ਲਾਲ ਡੋਡਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਹਨ। ਮੁਤਾਬਕ ਜ਼ਿਲ੍ਹੇ ਦੇ 519 ਠੇਕੇ ਲਾਟਰੀ ਰਾਹੀਂ 200æ70 ਕਰੋੜ ਰੁਪਏ ਵਿਚ ਅਲਾਟ ਕਰ ਦਿੱਤੇ ਗਏ ਹਨ। ਸਾਲ 2012 ਵਿਚ ਹੋਈਆਂ ਅਸੈਂਬਲੀ ਚੋਣਾਂ ਦੌਰਾਨ ਹਾਰਨ ਵਾਲੀ ਅਕਾਲੀ ਆਗੂ ਦੀ ਨੂੰਹ ਜਸਕਿੰਦਰ ਕੌਰ ਇਸ ਵਾਰ 131 ਸ਼ਰਾਬ ਦੇ ਠੇਕਿਆਂ ਨੂੰ ਚਲਾਏਗੀ। ਬਠਿੰਡਾ ਜ਼ਿਲ੍ਹੇ ਵਿਚ ਸ਼ਿਵ ਲਾਲ ਡੋਡਾ, ਮਹਿਤਾ ਗਰੁੱਪ ਤੇ ਜਸਕਿੰਦਰ ਕੌਰ ਨੇ ਮਿਲ ਕੇ ਇਜਾਰੇਦਾਰੀ ਕਾਇਮ ਕਰ ਲਈ ਹੈ। ਦੋ ਸਰਕਲਾਂ ਵਾਲੀ ਕੰਪਨੀ ਵਿਚ ਦੂਰੋਂ ਨੇੜਿਓਂ ਦੀਪ ਮਲਹੋਤਰਾ ਨਾਲ ਤਾਰ ਜੁੜਦੇ ਹਨ।