ਟਿੱਬੀ ਦੀਆਂ ਦੇਵੀਆਂ ਦੀ ਦਾਸਤਾਂ

ਇਹ ਆਦਰਸ਼ਵਾਦੀ ਕਹਾਣੀ ਸਵਰਗੀ ਮਾਸਟਰ ਜੀਵਣ ਸਿੰਘ ਦੀ ਲਿਖੀ ਹੋਈ ਹੈ। ਸੰਨ 1911 ਵਿਚ ਪਾਕਿਸਤਾਨ ਵਿਖੇ ਜਨਮੇ ਸ਼ ਜੀਵਣ ਸਿੰਘ ਵਿੱਦਿਆ ਪ੍ਰਾਪਤੀ ਤੋਂ ਬਾਅਦ ਉਥੇ ਹੀ ਅਧਿਆਪਨ ਕਿੱਤੇ ਨਾਲ ਜੁੜ ਗਏ। ਵੰਡ ਸਮੇਂ ਉਹ ਨਵਾਂ ਸ਼ਹਿਰ ਆ ਵੱਸੇ। ਉਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਲੰਮਾ ਅਰਸਾ ਪੜ੍ਹਾਉਂਦੇ ਰਹੇ। ਸੱਚਾਈ, ਸਹਿਜ, ਸਾਦਗੀ ਅਤੇ ਅਸੂਲਪ੍ਰਸਤੀ ਦੇ ਮੁਜੱਸਮੇ ਮਾਸਟਰ ਜੀ ਨੇ 78 ਸਾਲ ਦੀ ਉਮਰ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਵਿੱਦਿਆ ਦਾਨ ਦੇ ਨਾਲ ਨਾਲ ਨੈਤਿਕ ਅਤੇ ਸਦਾਚਾਰਕ ਗੁਣਾਂ ਨਾਲ ਮਾਲਾ ਮਾਲ ਕੀਤਾ। ਉਨ੍ਹਾਂ ਕਵਿਤਾਵਾਂ ਦੀਆਂ ਦੋ ਕਿਤਾਬਾਂ ‘ਕਰਨੀ’ ਅਤੇ ‘ਕਥਨੀ’ ਲਿਖੀਆਂ। ਪਹਿਲੀ ਦਾ ਮੁੱਖਬੰਧ ਉਨ੍ਹਾਂ ਦੇ ਪਰਮ ਮਿੱਤਰ ਸ੍ਰੀ ਈਸ਼ਵਰ ਦਾਸ ਸ਼ਾਸਤਰੀ (ਜਲੰਧਰ) ਨੇ ਲਿਖਿਆ। ਉਨ੍ਹਾਂ ਕੁਝ ਕਹਾਣੀਆਂ ਵੀ ਲਿਖੀਆਂ। ‘ਟਿੱਬੀ ਦੀਆਂ ਦੇਵੀਆਂ ਦੀ ਦਾਸਤਾਂ’ ਨਾਂ ਦੀ ਕਹਾਣੀ ਮਾਸਟਰ ਜੀਵਣ ਸਿੰਘ ਦੀ ਨਿਊ ਯਾਰਕ ਰਹਿੰਦੀ ਧੀ ਬੀਬਾ ਕੰਵਲਜੀਤ ਕੌਰ (ਰਾਹੋਂ) ਨੇ ਸਾਡੇ ਕਾਲਮਨਵੀਸ ਤਰਲੋਚਨ ਸਿੰਘ ਦੁਪਾਲਪੁਰੀ ਰਾਹੀਂ ‘ਪੰਜਾਬ ਟਾਈਮਜ਼’ ਨੂੰ ਬੜੇ ਮੋਹ ਨਾਲ ਭੇਜੀ ਹੈ। ਦੁਪਾਲਪੁਰੀ ਹੁਰਾਂ ਵੱਲੋਂ ਕੀਤੀ ਲੋੜੀਂਦੀ ਕਾਂਟ-ਛਾਂਟ ਤੋਂ ਬਾਅਦ ਇਹ ਕਹਾਣੀ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਮਾਸਟਰ ਜੀਵਣ ਸਿੰਘ
ਨਾਜ਼ਮਪੁਰ ਦੀ ਵਸੋਂ ਤੀਹ ਪੈਂਤੀ ਹਜ਼ਾਰ ਦੇ ਕਰੀਬ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ-ਸਾਰੇ ਧਰਮਾਂ ਦੇ ਲੋਕ ਪਰਸਪਰ ਪ੍ਰੇਮ ਪਿਆਰ ਨਾਲ ਰਹਿ ਰਹੇ ਹਨ। ਕੁੜੀਆਂ ਤੇ ਮੁੰਡਿਆਂ ਲਈ ਦੋ ਅਲੱਗ ਅਲੱਗ ਸਕੂਲ ਹਨ। ਇਕ ਸਰਕਾਰੀ ਹਸਪਤਾਲ ਵੀ ਹੈ ਜਿਥੇ ਮਰੀਜ਼ਾਂ ਦੀ ਦੇਖ ਭਾਲ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ। ਸ਼ਹਿਰ ਦੇ ਇਕ ਪਾਸੇ ਬੱਸਾਂ ਦਾ ਅੱਡਾ ਹੈ। ਇਥੋਂ ਦੀ ਮਿਉਂਸਪਲ ਕਮੇਟੀ ਚੰਗੇ ਢੰਗ ਨਾਲ ਸ਼ਹਿਰ ਦੀ ਸਾਫ-ਸਫਾਈ ਦਾ ਪ੍ਰਬੰਧ ਕਰ ਰਹੀ ਹੈ। ਕਮੇਟੀ ਦਾ ਪ੍ਰਧਾਨ ਚੰਗਾ ਸੁਲਝਿਆ ਹੋਇਆ ਇਨਸਾਨ ਹੈ। ਇਥੇ ‘ਸਮਾਜ ਸੁਧਾਰ ਸਭਾ’ ਵੀ ਬਣੀ ਹੋਈ ਹੈ ਜੋ ਗਾਹੇ-ਬਗਾਹੇ ਸਮਾਜਕ ਕੁਰੀਤੀਆਂ ਵਿਰੁਧ ਸ਼ਹਿਰੀਆਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ।
ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਪਰ ਇਕ ਦਿਨ ਸਮਾਜ ਸੁਧਾਰ ਸਭਾ ਦੀ ਮੀਟਿੰਗ ਵਿਚ ਇਹ ਸਵਾਲ ਉਠਿਆ ਕਿ ਸ਼ਹਿਰ ਦੇ ਵਿਚਕਾਰ ਕੁਝ ਵੇਸਵਾਵਾਂ ਦੇ ਜੋ ਪੱਕੇ ਘਰ ਬਣੇ ਹੋਏ ਹਨ, ਉਹ ਇਸ ਸ਼ਹਿਰ ਦੇ ਮੱਥੇ ‘ਤੇ ਕਲੰਕ ਹਨ। ਸਾਰਿਆਂ ਨੇ ਇਕਸੁਰ ਹੋ ਕੇ ਆਖਿਆ ਕਿ ਇਨ੍ਹਾਂ ਵੇਸਵਾਵਾਂ ਨੂੰ ਸ਼ਹਿਰ ‘ਚੋਂ ਕੱਢਿਆ ਜਾਵੇ, ਪਰ ਇਸੇ ਸਭਾ ਦਾ ਇਕ ਬਜ਼ੁਰਗ ਮੈਂਬਰ ਸਭ ਦੇ ਉਲਟ ਬੋਲਿਆ, “ਭਰਾਵੋ, ਇਨ੍ਹਾਂ ਅਬਲਾ ਤੇ ਬੇਆਸਰੀਆਂ ਦਾ ਵੀ ਤਾਂ ਇਸ ਧਰਤੀ ‘ਤੇ ਪੂਰਾ ਹੱਕ ਹੈ। ਇਹ ਕਿੱਥੇ ਚਲੀਆਂ ਜਾਣ?”
ਸਾਰੀ ਸਭਾ ਬੁੱਢੇ ਮੈਂਬਰ ਨੂੰ ਟਿੱਚਰਾਂ ਕਰਨ ਲੱਗੀ, “ਬਾਬਾ ਤਾਂ ਕੁਝ ਠਰਕੀ ਲਗਦਾ ਹੈ।”
ਗੱਲ ਕੀ, ਬਜ਼ੁਰਗ ਦੇ ਕਹੇ ਨੂੰ ਅਣਗੌਲਿਆਂ ਕਰ ਕੇ ਸੁਧਾਰ ਸਭਾ ਨੇ ਵੇਸਵਾਵਾਂ ਖ਼ਿਲਾਫ ਪ੍ਰਾਪੇਗੰਡਾ ਸ਼ੁਰੂ ਕਰ ਦਿੱਤਾ। ਇਸ਼ਤਿਹਾਰਾਂ, ਭਾਸ਼ਣਾਂ ਅਤੇ ਮੁਨਿਆਦੀ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਸਾਡੀਆਂ ਧੀਆਂ ਭੈਣਾਂ ਲਈ ਸ਼ਹਿਰ ‘ਚੋਂ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ। ਇਨ੍ਹਾਂ ਦੇ ਘਰਾਂ ਮੋਹਰੇ ਮੁਸ਼ਟੰਡੇ ਤੁਰੇ ਫਿਰਦੇ ਰਹਿੰਦੇ ਹਨ। ਵਿਆਹ ਸ਼ਾਦੀਆਂ ‘ਤੇ ਮੁਜਰੇ ਦਾ ਭੈੜਾ ਰਿਵਾਜ਼ ਵਧ ਰਿਹਾ ਹੈ। ਅੱਧੀ ਅੱਧੀ ਰਾਤ ਤੱਕ ਤਬਲੇ ਸਾਰੰਗੀਆਂ ਦੀਆਂ ਆਵਾਜ਼ਾਂ ਸੌਣ ਨਹੀਂ ਦਿੰਦੀਆਂ। ਭਲੇ ਲੋਕਾਂ ਦਾ ਸ਼ਹਿਰ ‘ਚ ਵਸਣਾ ਦੁੱਭਰ ਹੋ ਗਿਆ ਹੈ। ਇਸ ਕਰ ਕੇ ਇਨ੍ਹਾਂ ਵੇਸਵਾਵਾਂ ਨੂੰ ਫੌਰਨ ਇੱਥੋਂ ਕੱਢਿਆ ਜਾਵੇ।
ਜੇ ਉਹ ਬੁੱਢਾ ਮੈਂਬਰ ਵੇਸਵਾਵਾਂ ਬਾਰੇ ਕੋਈ ਹੋਰ ਉਪਰਾਲਾ ਸੋਚਣ ਦੀ ਗੱਲ ਕਰਦਾ ਤਾਂ ਬਾਕੀ ਸਾਰੇ ਮੈਂਬਰ ਟੁੱਟ ਕੇ ਪੈ ਜਾਂਦੇ, “ਐਨੀ ਹਮਦਰਦੀ ਹੈ ਤਾਂ ਇਨ੍ਹਾਂ ਗੰਦੀਆਂ ਨੂੰ ਆਪਣੇ ਘਰ ਲੈ ਜਾ!!”
ਆਖ਼ਰ, ਸਭਾ ਵੱਲੋਂ ਰੋਜ਼ ਦੀਆਂ ਹੜਤਾਲਾਂ, ਧਰਨਿਆਂ ਅਤੇ ਚਿਤਾਵਨੀਆਂ ਤੋਂ ਤੰਗ ਆ ਕੇ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੇ ਹੁਕਮ ਜਾਰੀ ਕਰ ਦਿੱਤਾ ਕਿ ਸਾਰੀਆਂ ਵੇਸਵਾਵਾਂ ਇਥੋਂ ਚੌਵੀ ਘੰਟੇ ਦੇ ਅੰਦਰ ਅੰਦਰ ਨਿਕਲ ਜਾਣ; ਨਹੀਂ ਤਾਂ ਪੁਲਿਸ ਰਾਹੀਂ ਕੱਢੀਆਂ ਜਾਣਗੀਆਂ। ਬਜ਼ੁਰਗ ਮੈਂਬਰ ਨੇ ਜਦੋਂ ਕਿਹਾ ਕਿ ਉਹ ਆਪਣੇ ਮਕਾਨਾਂ ਦੀਆਂ ਮਾਲਕ ਹਨ, ਤਾਂ ਅੱਗਿਓਂ ਜਵਾਬ ਮਿਲਿਆ ਕਿ ਇਹ ਉਨ੍ਹਾਂ ਦੇ ਪਿਉ ਦੀ ਕਮਾਈ ਨਾਲ ਨਹੀਂ ਬਣੇ ਹੋਏ। ਸ਼ਹਿਰੀਆਂ ਦੀ ‘ਕਮਾਈ’ ਨਾਲ ਹੀ ਬਣੇ ਹੋਏ ਹਨ।
ਵੇਸਵਾਵਾਂ ਦੀ ਕਿਸੇ ਇਕ ਨਾ ਸੁਣੀ। ਉਹ ਰੋਂਦੀਆਂ-ਕੁਰਲਾਉਂਦੀਆਂ ਪ੍ਰਧਾਨ ਕੋਲ ਗਈਆਂ ਕਿ ਕਿਥੇ ਜਾਈਏ? ਹੁਕਮ ਹੋਇਆ ਕਿ ਇਸ ਸ਼ਹਿਰ ਤੋਂ ਦੋ ਚਾਰ ਮੀਲ ਦੂਰ ਉਜਾੜ ਵਿਚ ਰੇਤ ਦਾ ਟਿੱਬਾ ਹੈ, ਉਥੇ ਜਾ ਕੇ ਆਪਣਾ ਬੰਦੋਬਸਤ ਕਰੋ।
ਮਾੜਾ ਮੋਟਾ ਜ਼ਰੂਰੀ ਸਾਮਾਨ ਟਰੰਕਾਂ ਵਿਚ ਪਾ ਕੇ ਰੋਂਦੀਆਂ ਧੋਂਦੀਆਂ ਉਧਰ ਨੂੰ ਤੁਰ ਪਈਆਂ। ਚਾਰ ਪੰਜ ਸਾਜਿੰਦੇ ਅਤੇ ਕੁਝ ਬੁੱਢੀਆਂ ਦਲਾਲਣਾਂ ਵੀ ਇਨ੍ਹਾਂ ਦੇ ਨਾਲੇ ਤੁਰ ਪਈਆਂ, ਕਿਉਂਕਿ ਇਨ੍ਹਾਂ ਦੀ ਰੋਟੀ ਇਨ੍ਹਾਂ ਅਭਾਗਣਾਂ ਦੇ ਸਿਰ ‘ਤੇ ਈ ਚੱਲਦੀ ਸੀ। ਉਨ੍ਹਾਂ ਟਿੱਬੇ ‘ਤੇ ਪਹੁੰਚ ਆਲੇ-ਦੁਆਲੇ ਦੀ ਸਫਾਈ ਕਰ ਕੇ ਰੈਣ ਬਸੇਰਾ ਕਰਨ ਲਈ ਇਕ ਦੋ ਝੌਂਪੜੀਆਂ ਬਣਾ ਲਈਆਂ। ਰਾਤ ਨੂੰ ਇਕੱਠੀਆਂ ਬਹਿ ਕੇ ਗਾਉਂਦਿਆਂ ਰੱਬ ਨੂੰ ਉਲਾਂਭੇ ਦੇਣ ਲੱਗੀਆਂ,
“ਰੱਬਾ ਮੇਰਿਆ ਦੁੱਖਾਂ ਨੇ ਘੇਰਿਆ,
ਕਿਹੇ ਸਾਡੇ ਲੇਖ ਲਿਖੇ ਤੂੰ।”
ਉਧਰ ਸ਼ਹਿਰ ਵਿਚ ਵੇਸਵਾਵਾਂ ਦੇ ਖਾਲੀ ਹੋਏ ਮਕਾਨਾਂ ਵਿਚੋਂ ਸੁਧਾਰ ਸਭਾ ਦੇ ਮੈਂਬਰਾਂ ਦੇ ਮੁੰਡਿਆਂ ਨੇ ਬਚਿਆ ਸਾਮਾਨ ਚੁੱਕ ਲਿਆ। ਪਲੰਘ, ਪੀੜ੍ਹੇ, ਕੁਰਸੀਆਂ, ਸ਼ੀਸ਼ੇ ਕੰਘੀਆਂ, ਰੁਮਾਲ ਤੇ ਇਤਰ ਫੁਲੇਲ ਦੀਆਂ ਸ਼ੀਸ਼ੀਆਂ ਆਦਿ ਸਾਰਾ ਕੁਝ ਉਨ੍ਹਾਂ ਆਪਣੇ ਘਰਾਂ ਨੂੰ ਢੋ ਲਿਆ। ਪੁਜਾਰੀਆਂ ਨੂੰ ਸੱਦਿਆ ਗਿਆ। ਧੂਫ ਬੱਤੀ ਹਵਨ ਕਰਾ ਕੇ ਜਗ੍ਹਾ ਨੂੰ ਪਵਿੱਤਰ ਬਣਾਇਆ ਗਿਆ। ਸਮਾਜ ਸੁਧਾਰ ਸਭਾ ਤੇ ਸ਼ਹਿਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਕਮੇਟੀ ਪ੍ਰਧਾਨ ਦੀ ਇਸ ਮਹਾਨ ਕਾਰਜ ਬਦਲੇ ਭਾਰੀ ਸ਼ਲਾਘਾ ਕੀਤੀ।
ਹੁਣ ਇਨ੍ਹਾਂ ‘ਪਵਿੱਤਰ ਹੋ ਚੁੱਕੇ’ ਮਕਾਨਾਂ ਦੇ ਆਲੇ-ਦੁਆਲੇ ਦੇ ਛੋਟੇ ਵੱਡੇ ਦੁਕਾਨਦਾਰ ਸਭ ਬੇਕਾਰ ਹੋ ਗਏ, ਕਿਉਂਕਿ ਇਨ੍ਹਾਂ ਦੀ ਰੋਟੀ ਰੋਜ਼ੀ ਵੇਸਵਾਵਾਂ ਦੇ ਕਾਰਨ ਹੀ ਚਲਦੀ ਸੀ। ਕਰਿਆਨੇ ਵਾਲੇ, ਤੰਦੂਰ ਵਾਲੇ, ਮੱਛੀ ਦੇ ਪਕੌੜਿਆਂ ਵਾਲੇ, ਪਾਨ ਬੀੜੀ ਸਿਗਰਟ ਵਾਲੇ, ਹਾਰ ਤੇ ਫੁੱਲ ਵਿਕਰੇਤਾ, ਅਸਲੀ ਨਕਲੀ ਗਹਿਣਿਆਂ ਦੇ ਵਪਾਰੀ ਅਤੇ ਰਿਕਸ਼ਿਆਂ ਟਾਂਗਿਆਂ ਵਾਲੇ ਸਭ ਵਿਹਲੇ ਹੋ ਗਏ, ਜਿਥੇ ਅੱਗੇ ਅੱਠੇ ਪਹਿਰ ਰੌਣਕ ਮੇਲਾ ਲੱਗਾ ਰਹਿੰਦਾ ਸੀ, ਹੁਣ ਉਥੇ ਸੁੰਨ-ਮਸਾਨ ਹੋਈ ਪਈ ਸੀ। ਮੁਜਰਾ ਮਨੋਰੰਜਨ ਸਭ ਖ਼ਤਮ।
ਉਧਰ ਜਿਥੇ ਜਾ ਕੇ ਵੇਸਵਾਵਾਂ ਨੇ ਆਪਣੀਆਂ ਝੌਂਪੜੀਆਂ ਬਣਾਈਆਂ, ਉਥੇ ਪਹਿਲੋਂ ਪਹਿਲ ਤਾਂ ਕਰਿਆਨੇ ਵਾਲੇ ਆਪਣੇ ‘ਬਕਾਏ ਲੈਣ’ ਦੇ ਬਹਾਨੇ ਦੇਖਣ ਪਾਖਣ ਗਏ, ਫਿਰ ਦੂਜੇ ਦੁਕਾਨਾਂ ਵਾਲੇ ਉਧਰ ਵੱਲ ਆਨੇ ਬਹਾਨੇ ਗੇੜੇ ਮਾਰਨ ਲੱਗ ਪਏ। ਛੇਤੀ ਹੀ ਉਸ ਜਗ੍ਹਾ ਦਾ ਨਾਂ ‘ਟਿੱਬੀ’ ਪੈ ਗਿਆ ਤੇ ਦੁਕਾਨਦਾਰਾਂ ਦੇ ਆਉਣ ਜਾਣ ਸਦਕਾ ਉਧਰ ਨੂੰ ਪਗਡੰਡੀ ਵੀ ਬਣ ਗਈ। ਕੁਝ ਦੁਕਾਨਦਾਰਾਂ ਨੇ ਜਕਦਿਆਂ ਜਕਦਿਆਂ ਉਥੇ ਆਪਣੇ ਖੋਖੇ ਜਾ ਰੱਖੇ। ਹੌਲੀ ਹੌਲੀ ਉਹ ਸਾਰੇ ਦੁਕਾਨਦਾਰ ਟਿੱਬੀ ਜਾ ਪਹੁੰਚੇ ਜੋ ਸ਼ਹਿਰ ਵਿਚ ਬੇਕਾਰੀ ਦੀ ਮਾਰ ਹੇਠ ਆਏ ਹੋਏ ਸਨ। ਦੇਖਦਿਆਂ ਦੇਖਦਿਆਂ ਟਿੱਬੀ ‘ਤੇ ਕੁਝ ਹੋਰ ਲੋਕ ਵੀ ਜਾ ਵਸੇ। ਪਗਡੰਡੀ ਦੀ ਥਾਂ ਪਹਿਲਾਂ ਕੱਚੀ ਫਿਰਨੀ, ਫਿਰ ਹੌਲੀ ਹੌਲੀ ਸੜਕ ਬਣ ਗਈ। ਟਾਂਗੇ ਤੇ ਰਿਕਸ਼ੇ ਵੀ ਟਿੱਬੀ ਵੱਲ ‘ਸਵਾਰੀਆਂ’ ਢੋਣ ਲੱਗ ਪਏ।
ਕਰਨੀ ਰੱਬ ਦੀ, ਨਾਜ਼ਮਪੁਰ ਉਜੜਦਾ ਗਿਆ ਤੇ ਟਿੱਬੀ ਵਾਲੀ ਥਾਂ ਰਸਦੀ ਵਸਦੀ ਨਗਰੀ ਹੋਂਦ ਵਿਚ ਆ ਗਈ। ਕੁਝ ਸਮਾਂ ਪਾ ਕੇ ‘ਟਿੱਬੀ’ ਨਾਂ ਦਾ ਨਗਰ ਆਲੇ-ਦੁਆਲੇ ਮਸ਼ਹੂਰ ਹੋ ਗਿਆ। ਨਾਜ਼ਮਪੁਰ ਬੇਚਰਾਗ ਪਿੰਡ ਬਣ ਗਿਆ, ਜਿਵੇਂ ਭਗਵਾਨ ਰਾਮ ਵੇਲੇ ਦਾ ਪ੍ਰਾਚੀਨ ਸ਼ਹਿਰ ਰਾਹੋਂ, ਨਵਾਂ ਸ਼ਹਿਰ ਨੇ ਖੰਡਰ ਬਣਾ ਦਿੱਤਾ ਸੀ। ਹੁਣ ਨਾਜ਼ਮਪੁਰ ਦੀ ਥਾਂ ਟਿੱਬੀ ਦੀ ਮਿਉਂਸਪਲ ਕਮੇਟੀ ਬਣ ਚੁੱਕੀ ਸੀ। ਤੀਹ ਪੈਂਤੀ ਹਜ਼ਾਰ ਦੀ ਵਸੋਂ ਹੋ ਚੁੱਕੀ ਸੀ। ਨਾਜ਼ਮਪੁਰ ਵਾਲੀ ਸਮੱਸਿਆ ਹੁਣ ਇਥੇ ਵੀ ਆ ਖੜ੍ਹੀ ਹੋਈ, ਕਿਉਂਕਿ ਟਿੱਬੀ ਦੇ ਮੇਨ ਬਜ਼ਾਰ ਵਿਚ ਵੇਸਵਾਵਾਂ ਦੇ ਕੋਠੇ ਸਨ ਜੋ ਟਿੱਬੀ ਦੇ ਸਭਿਅਕ ਲੋਕਾਂ ਦੀਆਂ ਅੱਖਾਂ ਵਿਚ ਵੀ ਰੜਕਣ ਲੱਗੇ, ਉਥੇ ਵੀ ਸਮਾਜ ਸੁਧਾਰ ਦਾ ਬੀੜਾ ਚੁੱਕਣ ਵਾਲਿਆਂ ਨੇ ਵੇਸਵਾਵਾਂ ਨੂੰ ਉਥੋਂ ਕੱਢਣ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਕ ਸਿਆਣੇ ਮੈਂਬਰ ਨੇ ਸਵਾਲ ਖੜ੍ਹਾ ਕੀਤਾ ਕਿ ਪਹਿਲਾਂ ਮਾਲ ਮਹਿਕਮੇ ਦੇ ਕਾਗਜ਼ਾਤ ਫਰੋਲ ਕੇ ਪਤਾ ਕਰੋ ਕਿ ਉਹ ਕਿਹੜੇ ਹਾਲਾਤ ਸਨ ਕਿ ਇਹ ਧੰਦਾ ਕਰਨ ਵਾਲੀਆਂ ਟਿੱਬੀ ਨਗਰ ਦੇ ਐਨ ਵਿਚਕਾਰ ਆਣ ਵਸੀਆਂ?
ਇਹ ਪੁਣ-ਛਾਣ ਇਕ ਬਿਰਧ ਪਟਵਾਰੀ ਨੇ ਕੀਤੀ। ਜਦੋਂ ਪੁਰਾਣੇ ਰਿਕਾਰਡ ਤੋਂ ਪਤਾ ਕਰ ਕੇ ਪਟਵਾਰੀ ਨੇ ਨਾਜ਼ਮਪੁਰ ਦੇ ਉਜਾੜੇ ਅਤੇ ਟਿੱਬੀ ਦੇ ਵਸਣ ਦੀ ਗਾਥਾ ਖੋਲ੍ਹ ਕੇ ਸੁਣਾਈ ਤਾਂ ਸੁਧਾਰ ਸਭਾ ਵਾਲਿਆਂ ਦੇ ਦੰਦ ਜੁੜ ਗਏ। ਇਸ ਸਭਾ ਵਿਚ ਸ਼ਾਮਲ ਇਕ ਸੂਝਵਾਨ ਮੈਂਬਰ ਨੇ ਸਾਰਿਆਂ ਨੂੰ ਸਵਾਲ ਕੀਤਾ ਕਿ ਹੁਣ ਤੁਸੀਂ ਦੱਸੋ ਕਿ ਪੁਰਾਣਾ ਇਤਿਹਾਸ ਦੁਹਰਾ ਕੇ ਇਕ ਨਵੀਂ ਟਿੱਬੀ ਹੋਂਦ ‘ਚ ਲਿਆਉਣੀ ਹੈ, ਯਾ ਅਸਲ ਅਰਥਾਂ ਵਿਚ ‘ਸਮਾਜ ਸੁਧਾਰ’ ਕਰਨਾ ਹੈ? ਧਨੀ ਰਾਮ ਨਾਂ ਦੇ ਇਸ ਸੂਝਵਾਨ ਸਮਾਜ ਸੁਧਾਰਕ ਦੀ ਹਾਮੀ ਸਾਰੀ ਸਭਾ ਨੇ ਭਰੀ। ਸਾਰਿਆਂ ਯੱਕ-ਜ਼ੁਬਾਂ ਉਸ ਨੂੰ ਅੱਗੇ ਹੋ ਕੇ ਸਾਰੀ ਵਾਗਡੋਰ ਸੰਭਾਲਣ ਦੀ ਬੇਨਤੀ ਕੀਤੀ।
ਧਨੀ ਰਾਮ ਦੀ ਅਗਵਾਈ ਅਧੀਨ ਸੁਧਾਰ ਸਭਾ ਨੇ ਸਾਰੀਆਂ ਵੇਸਵਾਵਾਂ ਨਾਲ ਇਕ ਗੰਭੀਰ ਮੀਟਿੰਗ ਕੀਤੀ। ਧਨੀ ਰਾਮ ਨੇ ਉਨ੍ਹਾਂ ਨੂੰ ਆਪਣੀਆਂ ਧੀਆਂ-ਭੈਣਾਂ ਆਖਦਿਆਂ ਉਨ੍ਹਾਂ ਦੇ ਸਮਾਜਕ ਰੁਤਬੇ ਦੀ ਸ਼ਾਨ ਬਣਾਉਣ ਦੀ ਗੱਲ ਤੋਰੀ। ਉਹ ਸਾਰੀਆਂ ਐਸੀਆਂ ਪਸੀਜੀਆਂ ਕਿ ਉਨ੍ਹਾਂ ਨੇ ਧਨੀ ਰਾਮ ਮੁਖੀਏ ਨੂੰ ਆਪਣਾ ਬਾਪ ਅਤੇ ਦੂਜੇ ਮੈਂਬਰਾਂ ਨੂੰ ਆਪਣੇ ਭਰਾ ਸਮਝ ਕੇ ਆਪੋ ਆਪਣੀ ਵਿਥਿਆ ਖੋਲ੍ਹ ਸੁਣਾਈ ਕਿ ਕਿਵੇਂ ਉਹ ਇਸ ਗਲੀਜ਼ ਧੰਦੇ ਵਿਚ ਮਜਬੂਰਨ ਫਸੀਆਂ। ਉਨ੍ਹਾਂ ਦੇ ਕਿੱਸੇ ਸੁਣ ਸੁਣ ਕੇ ਸਾਰੀ ਸੁਧਾਰ ਸਭਾ ਸੁੰਨ ਰਹਿ ਗਈ, ਕਿਉਂਕਿ ਕਿਸੇ ਨਾ ਕਿਸੇ ਰੂਪ ਵਿਚ ਉਹ ਮਰਦ ਜਾਤ ਦੀਆਂ ਸਤਾਈਆਂ ਹੋਈਆਂ ਹੀ ਇਸ ਨਰਕ ਵਿਚ ਧਸੀਆਂ ਸਨ। ਸਾਰੀਆਂ ਦੇ ਪਿਛੋਕੜ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਨ।
ਮੁਖੀਆ ਧਨੀ ਰਾਮ ਵੱਡਾ ਜ਼ਿੰਮੀਦਾਰ ਸੀ। ਉਸ ਨੇ ਆਪਣੀ 90 ਏਕੜ ਜ਼ਮੀਨ ਵਿਚੋਂ 40 ਏਕੜ ਇਨ੍ਹਾਂ ਵੇਸਵਾਵਾਂ ਦੇ ਨਾਂ ਲਵਾ ਦਿੱਤੀ। ਬਾਕੀ ਦੇ ਕਈ ਕਮੇਟੀ ਮੈਂਬਰਾਂ ਨੇ ਆਪਣੇ ਪਾਸੋਂ ਸੌ ਸੌ ਰੁਪਏ ਮਹੀਨਾਵਾਰ ਮਦਦ ਦੇਣ ਦਾ ਇਕਰਾਰ ਕਰਿਆ। ਸਾਰਿਆਂ ਨੇ ਇਨ੍ਹਾਂ ਵੇਸਵਾਵਾਂ ਨੂੰ ਧੀਆਂ-ਭੈਣਾਂ ਸਮਝ ਕੇ ਇਨ੍ਹਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਪ੍ਰਣ ਕੀਤਾ। ਉਨ੍ਹਾਂ ਨੂੰ ਪਿੰਗਲਾਂ ਅਤੇ ਗਨਕਾਂ ਦੀਆਂ ਮਿਥਿਹਾਸਕ ਸਾਖੀਆਂ ਸੁਣਾ ਕੇ ਪ੍ਰੇਰਿਆ ਕਿ ਉਹ ਵੇਸਵਾ-ਬ੍ਰਿਤੀ ਦਾ ਤਿਆਗ ਕਰ ਕੇ, ਮਾਣ ਇੱਜ਼ਤ ਵਾਲੀ ਜ਼ਿੰਦਗੀ ਜਿਉਣ ਲਈ ਤਿਆਰ ਹੋਣ। ਚੰਗੇ ਭਾਗਾਂ ਨੂੰ ਉਹ ਸਾਰੀਆਂ ਧੰਦਾ ਤਿਆਗਣ ਲਈ ਤਿਆਰ ਹੋ ਗਈਆਂ। ਸੁਧਾਰ ਸਭਾ ਵਾਲਿਆਂ ਨੇ ਇਕ ਹੋਰ ਨੇਕ ਉਦਮ ਇਹ ਕੀਤਾ ਕਿ ਉਨ੍ਹਾਂ ਦੀ ਰਜ਼ਾਮੰਦੀ ਨਾਲ ਸ਼ਹਿਰ ‘ਚੋਂ ਲੋੜਵੰਦ ਮਰਦ ਲੱਭ ਕੇ, ਉਨ੍ਹਾਂ ਦੇ ਗ੍ਰਹਿਸਥੀ ਜੋੜੇ ਬਣਾ ਦਿੱਤੇ। ਕੁਲ ਦੀਆਂ ਕੁਲ, ਘਰ-ਬਾਰੀ ਸੁਆਣੀਆਂ ਬਣ ਕੇ ਪ੍ਰਸੰਨਤਾ ਨਾਲ ਜੀਵਨ ਗੁਜ਼ਾਰਨ ਲੱਗੀਆਂ।
ਹੁਣ ਸੁਧਾਰ ਸਭਾ ਅੱਗੇ ਵੇਸਵਾਵਾਂ ਦੇ ਸਾਜਿੰਦਿਆਂ ਦੇ ਪੁਨਰਵਾਸ ਦੀ ਸਮੱਸਿਆ ਆਣ ਖੜ੍ਹੀ ਹੋਈ। ਤੀਖਣ ਬੁੱਧੀ ਵਾਲੇ ਧਨੀ ਰਾਮ ਨੇ ਵੇਸਵਾਵਾਂ ਦੇ ਪੁਰਾਣੇ ਕੋਠਿਆਂ ਵਿਚੋਂ ਇਕ ਦੀ ਸਾਫ਼-ਸਫਾਈ ਕਰਵਾ ਕੇ ਉਥੇ ਦੇਵੀ ਦੇਵਤਿਆਂ ਦੀਆਂ ਕੁਝ ਮੂਰਤੀਆਂ ਰਖਵਾ ਦਿੱਤੀਆਂ। ਟੱਲ, ਸੰਖ ਰੱਖ ਕੇ ਧੂਫ ਬੱਤੀ ਅਤੇ ਜੋਤਿ ਜਗਾ ਦਿੱਤੀ। ਨਵੇਂ ਬਣਾਏ ਗਏ ਇਸ ਸ਼ਿਵਾਲੇ ਵਿਚ ਸਾਜਿੰਦਿਆਂ ਦੀ ਭਜਨ ਮੰਡਲੀ ਬਣਾ ਦਿੱਤੀ ਗਈ। ਗ੍ਰਹਿਸਥ ਆਸ਼ਰਮ ਗ੍ਰਹਿਣ ਕਰ ਚੁੱਕੀਆਂ ਕੱਲ੍ਹ ਦੀਆਂ ਵੇਸਵਾਵਾਂ ਮਧੁਰ ਕੰਠ ਭਜਨ ਗਾਉਣ ਲੱਗ ਪਈਆਂ।
ਵਾਸਨਾ ਦੀ ਪੂਰਤੀ ਦੇ ਗਿੱਝੇ ਕਈ ਮਰਦ ਜਦ ਇਸ ਪਾਸੇ ਗੇੜਾ ਮਾਰਦੇ ਤਾਂ ਟਿੱਬੀ ਦੀ ਫਿਜ਼ਾ ਵਿਚ ਗੂੰਜਦੇ ਮੀਰਾਂ ਬਾਈ ਦੇ ਭਜਨ ਅਤੇ ਵੱਜਦੇ ਤਾਨਪੁਰੇ ਖੜਤਾਲਾਂ ਸੁਣ ਕੇ ਉਹ ਹੱਕੇ ਬੱਕੇ ਰਹਿ ਜਾਂਦੇ। ਟਿੱਬੀ ਦੇ ਸ਼ਿਵਾਲੇ ‘ਚ ਭਜਨ ਗਾਉਣ ਵਾਲੀਆਂ ਨੂੰ ਆਲੇ-ਦੁਆਲੇ ਇਲਾਕੇ ਦੇ ਲੋਕ ਆਪਣੇ ਵਿਆਹ-ਸ਼ਾਦੀਆਂ ‘ਤੇ ਕੀਰਤਨ ਲਈ ਬੁਲਾਉਣ ਲੱਗ ਪਏ। ਹੌਲੇ ਹੌਲੇ ਉਹ ਟਿੱਬੀਆਂ ਦੀਆਂ ਦੇਵੀਆਂ ਕਹਾਉਣ ਲੱਗ ਪਈਆਂ। ਇਨ੍ਹਾਂ ਦੀ ਬਦੌਲਤ ਹੁਣ ਟਿੱਬੀ ਦਾ ਪੂਰਾ ਨਾਮ ‘ਦੇਵੀਆਂ ਦੀ ਟਿੱਬੀ’ ਵੱਜਦਾ ਹੈ।

Be the first to comment

Leave a Reply

Your email address will not be published.