-ਜਤਿੰਦਰ ਪਨੂੰ
ਸਵਾਲ ਭਾਰਤ ਦੀ ਪਾਰਲੀਮੈਂਟ ਵਿਚ ਪੁੱਛਿਆ ਗਿਆ, ਜਵਾਬ ਵੀ ਭਾਰਤ ਦੇ ਰੱਖਿਆ ਮੰਤਰੀ ਨੇ ਦਿੱਤਾ ਪਰ ਇਸ ਦੀ ਹਕੀਕਤ ਦੀ ਪੁਸ਼ਟੀ ਪਾਕਿਸਤਾਨ ਦੀ ਸਰਕਾਰ ਨੇ ਕਰਨੀ ਹੈ, ਜਿਹੜੀ ਕਦੇ ਨਹੀਂ ਕਰੇਗੀ। ਇਸ ਸਵਾਲ ਦਾ ਸਬੰਧ ਉਨ੍ਹਾਂ ਭਾਰਤੀ ਫੌਜੀਆਂ ਨਾਲ ਹੈ, ਜਿਹੜੇ 1971 ਅਤੇ ਉਸ ਤੋਂ ਛੇ ਸਾਲ ਪਹਿਲਾਂ 1965 ਦੀ ਜੰਗ ਦੌਰਾਨ ਗੁੰਮ ਹੋ ਗਏ ਸਨ ਤੇ ਹੁਣ ਤੱਕ ਲੱਭੇ ਨਹੀਂ। ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਜ਼ਿੰਦਾ ਮੰਨਦੇ ਹਨ। ਜ਼ਿੰਦਾ ਮੰਨਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਕਦੇ-ਕਦਾਈਂ ਉਨ੍ਹਾਂ ਦੇ ਘਰ ਦੇ ਉਸ ਫੌਜੀ ਜੀਅ ਦੀ ਚਿੱਠੀ ਆ ਜਾਂਦੀ ਹੈ, ਜਿਸ ਨੂੰ ਭਾਰਤ ਸਰਕਾਰ ਤੇ ਭਾਰਤੀ ਫੌਜ ਸਵਰਗ ਸਿਧਾਰ ਗਿਆ ਜਾਂ ਜੰਗ ਦੇ ਲੇਖੇ ਲੱਗ ਗਿਆ ਮੰਨ ਚੁੱਕੀ ਹੁੰਦੀ ਹੈ। ਚਿੱਠੀ ਵਿਚ ਉਸ ਫੌਜੀ ਨੇ ਦਾਅਵਾ ਕੀਤਾ ਹੁੰਦਾ ਹੈ ਕਿ ਉਹ ਪਾਕਿਸਤਾਨ ਦੀ ਫਲਾਣੀ ਜੇਲ੍ਹ ਵਿਚ ਹੈ। ਹਰ ਵਾਰੀ ਜੇਲ੍ਹ ਦਾ ਨਾਂ ਬਦਲ ਜਾਂਦਾ ਹੈ, ਜਿਸ ਦਾ ਭਾਵ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹੋ ਜਿਹੇ ਕੈਦੀਆਂ ਨੂੰ ਇੱਕੋ ਥਾਂ ਰੱਖਣ ਦੀ ਬਜਾਏ ਉਥੋਂ ਦੀ ਫੌਜ ਜਾਂ ਕਿਸੇ ਹੋਰ ਏਜੰਸੀ ਦੇ ਅਧਿਕਾਰੀ ਲਗਾਤਾਰ ਥਾਂਵਾਂ ਬਦਲ ਦੇਂਦੇ ਹਨ। ਹੁਣ ਇਹੋ ਜਿਹੀ ਇੱਕ ਚਿੱਠੀ ਖਾੜੀ ਦੇ ਦੇਸ਼ ਓਮਾਨ ਤੋਂ ਆ ਗਈ ਹੈ ਕਿ 41 ਸਾਲ ਪਹਿਲਾਂ ਜੰਗ ਵਿਚ ਗੁੰਮ ਹੋਇਆ ਫੌਜੀ ਉਥੋਂ ਦੀ ਜੇਲ੍ਹ ਵਿਚ ਹੈ।
ਸਾਡੀ ਪਾਰਲੀਮੈਂਟ ਵਿਚ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਭਾਰਤ ਦੇ ਰੱਖਿਆ ਮੰਤਰੀ ਨੇ ਹੈਰਾਨ ਕਰਨ ਵਾਲਾ ਇਹ ਜਵਾਬ ਦਿੱਤਾ ਕਿ ਇੱਕ ਨਹੀਂ, 54 ਇਹੋ ਜਿਹੇ ਜੰਗੀ ਕੈਦੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ 54 ਦੇ ਅੰਕੜੇ ਪਿੱਛੇ ਜ਼ਰੂਰ ਕੋਈ ਨਾ ਕੋਈ ਆਧਾਰ ਹੋਵੇਗਾ। ਇਹ ਜਵਾਬ ਸਾਡੇ ਰੱਖਿਆ ਮੰਤਰੀ ਨੇ ਜ਼ਬਾਨੀ ਨਹੀਂ, ਲਿਖਤੀ ਰੂਪ ਵਿਚ ਦਿੱਤਾ ਹੈ। ਇਹ ਵੀ ਦੱਸਿਆ ਹੈ ਕਿ ਓਮਾਨ ਦੀ ਸਰਕਾਰ ਨੂੰ ਭਾਰਤੀ ਦੂਤ ਘਰ ਦੇ ਅਧਿਕਾਰੀਆਂ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਜੇ ਉਹ ਵਿਅਕਤੀ ਉਥੇ ਕੈਦ ਹੈ ਤਾਂ ਉਸ ਨੂੰ ਰਿਹਾ ਕੀਤਾ ਜਾਵੇ। ਉਧਰ ਦੇ ਜਵਾਬ ਦੀ ਉਡੀਕ ਹੈ। ਜਿੱਥੋਂ ਤੱਕ ਪਾਕਿਸਤਾਨ ਵਿਚ ਕੈਦੀਆਂ ਦੇ ਹੋਣ ਦਾ ਸਬੰਧ ਹੈ, ਉਸ ਦੇਸ਼ ਨੇ ਇਸ ਦਾ ਕੋਈ ਸਿੱਧਾ ਜਵਾਬ ਨਹੀਂ ਦੇਣਾ, ਕਿਉਂਕਿ ਓਹਲੇ ਰੱਖ ਕੇ ਹਾਲਾਤ ਨੂੰ ਗੇੜੇ ਦੇਣੇ ਉਸ ਦੇਸ਼ ਦੀ ਉਸ ਨੀਤੀ ਦਾ ਅੰਗ ਬਣ ਚੁੱਕਾ ਹੈ, ਜਿਹੜੀ ਖੁਫੀਆ ਏਜੰਸੀ ਅਤੇ ਫੌਜ ਚਲਾਉਂਦੀ ਹੈ।
ਪਾਕਿਸਤਾਨ ਦੀ ਸਰਕਾਰ ਹੁਣ ਇੱਕ ਕੱਠਪੁਤਲੀ ਤੋਂ ਵੱਧ ਕੁਝ ਨਹੀਂ ਤੇ ਉਸ ਦਾ ਹਰ ਬਿਆਨ ਫੌਜੀ ਕਮਾਂਡ ਤੋਂ ਪ੍ਰਵਾਨਗੀ ਲੈ ਕੇ ਜਾਂ ਉਸ ਦੀ ਨੀਤੀ ਦਾ ਖਿਆਲ ਰੱਖ ਕੇ ਜਾਰੀ ਕੀਤਾ ਹੁੰਦਾ ਹੈ। ਇਸ ਦੀ ਪੁਸ਼ਟੀ ਮੁੰਬਈ ਦੇ ਉਸ ਦਹਿਸ਼ਤਗਰਦ ਹਮਲੇ ਦੇ ਘਟਨਾਕ੍ਰਮ ਤੋਂ ਹੁੰਦੀ ਹੈ, ਜਿਸ ਵਿਚ ਇੱਕ ਗੁਨਾਹਗਾਰ ਜ਼ਖਮੀ ਹੋਣ ਪਿੱਛੋਂ ਜ਼ਿੰਦਾ ਕਾਬੂ ਆ ਗਿਆ ਸੀ ਅਤੇ ਪਿਛਲੇ ਮਹੀਨੇ ਫਾਂਸੀ ਲਾਇਆ ਗਿਆ ਹੈ। ਉਸ ਦਾ ਨਾਂ ਅਜਮਲ ਆਮਿਰ ਕਸਾਬ ਸੀ। ਜਿਸ ਪਿੰਡ ਦਾ ਉਹ ਜੰਮਿਆ-ਜਾਇਆ ਸੀ, ਉਸ ਪਿੰਡ ਦੇ ਲੋਕਾਂ ਨੇ ਉਸੇ ਸ਼ਾਮ ਟੀ ਵੀ ਸਕਰੀਨਾਂ ਉਤੇ ਸ਼ਕਲ ਪਛਾਣ ਕੇ ਕਹਿ ਦਿੱਤਾ ਸੀ ਕਿ ਇਹ ਉਹੋ ਹੈ, ਪਰ ਪਾਕਿਸਤਾਨ ਸਰਕਾਰ ਨੇ ਇਹ ਗੱਲ ਨਹੀਂ ਸੀ ਮੰਨੀ। ਇਸ ਦੀ ਥਾਂ ਉਹ ਇਹੋ ਕਹਿੰਦੀ ਰਹੀ ਕਿ ਉਸ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ ਪਰ ਦੋ ਮਹੀਨੇ ਬਾਅਦ ਇਹ ਮੰਨਣਾ ਪੈ ਗਿਆ ਸੀ ਕਿ ਕਸਾਬ ਪਾਕਿਸਤਾਨ ਦਾ ਨਾਗਰਿਕ ਹੈ। ਇਸ ਛੜੱਪੇਬਾਜ਼ੀ ਨਾਲ ਉਸ ਦੀ ਭਰੋਸੇਯੋਗਤਾ ਖਤਮ ਹੋ ਗਈ ਸੀ।
ਸਾਨੂੰ ਕਾਰਗਿਲ ਦੀ ਜੰਗ ਦੇ ਹਾਲਾਤ ਵੀ ਯਾਦ ਰੱਖਣੇ ਪੈਣਗੇ। ਉਸ ਜੰਗ ਵੇਲੇ ਪਾਕਿਸਤਾਨ ਦੀ ਸਰਕਾਰ ਵੀ ਤੇ ਫੌਜ ਵੀ ਇਹ ਕਹਿੰਦੀ ਰਹੀ ਕਿ ਪਹਾੜਾਂ ਤੋਂ ਤੋਪਾਂ ਚਲਾ ਰਹੇ ਲੜਾਕੇ ਤਾਂ ਜਹਾਦ ਕਰਨ ਵਾਲੇ ਹਨ, ਫੌਜ ਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ। ਜਿਹੜੇ ਪਾਕਿਸਤਾਨੀ ਫੌਜੀ ਉਥੇ ਮਾਰੇ ਗਏ, ਉਨ੍ਹਾਂ ਦੀਆਂ ਲਾਸ਼ਾਂ ਵੀ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਾਡੇ ਬੰਦੇ ਨਹੀਂ, ਜਦ ਕਿ ਉਨ੍ਹਾਂ ਦੀਆਂ ਜੇਬਾਂ ਵਿਚੋਂ ਉਨ੍ਹਾਂ ਦੇ ਪਛਾਣ ਕਾਰਡ ਨਿਕਲ ਰਹੇ ਸਨ। ਭਾਰਤੀ ਪ੍ਰਸ਼ਾਸਨ ਨੇ ਇਸਲਾਮੀ ਰੀਤ ਮੁਤਾਬਕ ਉਨ੍ਹਾਂ ਨੂੰ ਦਫਨਾ ਦਿੱਤਾ। ਕੁਝ ਮਹੀਨੇ ਲੰਘਾ ਕੇ ਜਦੋਂ ਚੌਦਾਂ ਅਗਸਤ ਆਈ ਤੇ ਪਾਕਿਸਤਾਨ ਦਾ ਆਜ਼ਾਦੀ ਦਿਨ ਮਨਾਇਆ ਗਿਆ, ਉਨ੍ਹਾਂ ਫੌਜੀਆਂ ਲਈ ਪਾਕਿਸਤਾਨ ਸਰਕਾਰ ਨੇ ਬਹਾਦਰੀ ਦੇ ਵੱਡੇ ਐਵਾਰਡ ਇਹ ਕਹਿ ਕੇ ਐਲਾਨ ਕਰ ਦਿੱਤੇ ਕਿ ਇਹ ਕਾਰਗਿਲ ਜੰਗ ਵਿਚ ‘ਸ਼ਹੀਦ’ ਹੋਏ ਹਨ। ਸ਼ਾਇਦ ਅਜਿਹਾ ਇਸ ਲਈ ਕੀਤਾ ਗਿਆ ਕਿ ਉਹ ਸਾਰੇ ਨਾਰਦਰਨ ਲਾਈਟ ਇਨਫੈਂਟਰੀ ਨਾਲ ਸਬੰਧ ਰੱਖਦੇ ਸਨ, ਜਿਹੜੀ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰੀ ਖੇਤਰ ਦੇ ਲੋਕਾਂ ਵਿਚੋਂ ਭਰਤੀ ਕੀਤੇ ਜਾਂਦੇ ਉਨ੍ਹਾਂ ਜਵਾਨਾਂ ਨਾਲ ਭਰੀ ਪਈ ਹੈ, ਜਿਨ੍ਹਾਂ ਨੂੰ ਸਿਰਫ ਤੋਪਾਂ ਦਾ ਖਾਜਾ ਬਣਨ ਲਈ ਰੱਖਿਆ ਗਿਆ ਹੈ।
ਇਸੇ ਜੰਗ ਨਾਲ ਕੁਝ ਬਦਤਮੀਜ਼ੀ ਦੇ ਉਹ ਕਿੱਸੇ ਵੀ ਜੁੜਦੇ ਹਨ, ਜਿਨ੍ਹਾਂ ਦੀ ਪੀੜ ਭਾਰਤੀ ਫੌਜ ਦੇ ਜਵਾਨਾਂ ਤੇ ਅਫਸਰਾਂ ਨੇ ਹੰਢਾਈ ਅਤੇ ਭੁਗਤੀ ਹੈ। ਉਦੋਂ ਉਸ ਖੇਤਰ ਵਿਚ ਗਏ ਭਾਰਤੀ ਏਅਰ ਫੋਰਸ ਦੇ ਦੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ। ਇੱਕ ਪਾਇਲਟ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਤਸੀਹੇ ਦੇਣ ਪਿੱਛੋਂ ਸੰਸਾਰ ਭਰ ਵਿਚ ਰੌਲਾ ਪੈਣ ਦੇ ਬਾਅਦ ਰਿਹਾ ਕਰ ਦਿੱਤਾ, ਪਰ ਦੂਸਰੇ ਦੀ ਲਾਸ਼ ਇਸ ਹਾਲਤ ਵਿਚ ਮਿਲੀ ਕਿ ਉਸ ਦਾ ਸਰੀਰ ਬਹੁਤ ਬੁਰੀ ਤਰ੍ਹਾਂ ਵੱਢਿਆ-ਟੁੱਕਿਆ ਪਿਆ ਸੀ। ਜੰਗ ਦੌਰਾਨ ਫੜੇ ਗਏ ਦੁਸ਼ਮਣ ਦੇ ਕਿਸੇ ਵੀ ਫੌਜੀ ਨਾਲ ਬਦਸਲੂਕੀ ਕਰਨ ਦੀ ਸੰਸਾਰ ਭਰ ਵਿਚ ਮਨਾਹੀ ਹੈ ਪਰ ਪਾਕਿਸਤਾਨ ਸਰਕਾਰ ਨੇ ਇਹ ਬਦਸਲੂਕੀ ਵੀ ਕਰ ਛੱਡੀ।
ਅੱਜ-ਕੱਲ੍ਹ ਇੱਕ ਹੋਰ ਕਿੱਸਾ ਚਰਚਾ ਵਿਚ ਹੈ। ਕੈਪਟਨ ਸੌਰਭ ਕਾਲੀਆ ਦੇ ਮਾਂ-ਬਾਪ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਕੇਸ ਕਰਨ ਲੱਗੇ ਹਨ। ਉਨ੍ਹਾਂ ਦਾ ਤੇਈ ਕੁ ਸਾਲਾਂ ਦਾ ਪੁੱਤਰ ਕਾਰਗਿਲ ਦੀ ਜੰਗ ਦੇ ਸ਼ੁਰੂ ਹੋਣ ਦੀ ਘੜੀ ਉਸ ਖੇਤਰ ਵਿਚ ਲਾਪਤਾ ਹੋ ਗਿਆ। ਫਿਰ ਪਾਕਿਸਤਾਨ ਦੇ ਇੱਕ ਰੇਡੀਓ ਸਟੇਸ਼ਨ ਤੋਂ ਐਲਾਨ ਆਇਆ ਕਿ ਉਸ ਨੂੰ ਪਾਕਿਸਤਾਨੀ ਫੌਜ ਨੇ ਫੜਿਆ ਹੈ। ਕਰੀਬ ਤਿੰਨ ਹਫਤੇ ਪਿੱਛੋਂ ਉਸ ਦੀ ਲਾਸ਼ ਪਾਕਿਸਤਾਨੀ ਫੌਜ ਨੇ ਭਾਰਤੀ ਫੌਜੀ ਅਧਿਕਾਰੀਆਂ ਦੇ ਹਵਾਲੇ ਕੀਤੀ ਤਾਂ ਉਸ ਦੀਆਂ ਅੱਖਾਂ ਗਾਇਬ ਸਨ। ਪੋਸਟ ਮਾਰਟਮ ਤੋਂ ਇਹ ਪਤਾ ਲੱਗਾ ਕਿ ਉਸ ਦਾ ਸਰੀਰ ਗਰਮ ਸਿਗਰਟਾਂ ਨਾਲ ਦਾਗਿਆ ਗਿਆ ਸੀ, ਕੰਨਾਂ ਵਿਚ ਗਰਮ ਲੋਹੇ ਦੇ ਸਰੀਏ ਪਾ ਕੇ ਤਸੀਹੇ ਦਿੱਤੇ ਗਏ ਸਨ, ਅੱਧੇ ਤੋਂ ਵੱਧ ਦੰਦ ਤੋੜ ਦਿੱਤੇ ਗਏ ਤੇ ਅੱਖਾਂ ਕੱਢੀਆਂ ਹੋਈਆਂ ਸਨ। ਦੂਜੀ ਸੰਸਾਰ ਜੰਗ ਵਿਚ ਹਿਟਲਰ ਦੇ ਫਾਸ਼ੀਆਂ ਤੋਂ ਬਾਅਦ ਸ਼ਾਇਦ ਕੋਈ ਵੀ ਫੌਜ ਏਦਾਂ ਕਰਦੀ ਨਹੀਂ ਸੁਣੀ ਗਈ, ਜਿਹੜਾ ਕਹਿਰ ਪਾਕਿਸਤਾਨ ਦੀ ਫੌਜ ਨੇ ਕਮਾਇਆ ਸੀ। ਭਾਰਤ ਦੀ ਉਦੋਂ ਦੀ ਵਾਜਪਾਈ ਸਰਕਾਰ ਮੱਠਾ ਜਿਹਾ ਰੋਸ ਕਰ ਕੇ ਖਾਮੋਸ਼ ਹੋ ਗਈ।
ਅੱਜ ਜਦੋਂ ਉਸ ਕੈਪਟਨ ਦੇ ਮਾਪੇ ਇਹ ਕੇਸ ਸੰਸਾਰ ਅਦਾਲਤ ਵਿਚ ਲੈ ਜਾਣ ਲੱਗੇ ਹਨ ਤਾਂ ਭਾਰਤ ਦਾ ਦੌਰਾ ਕਰ ਰਿਹਾ ਪਾਕਿਸਤਾਨ ਦਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਇਹ ਕਹਿ ਰਿਹਾ ਹੈ ਕਿ ਸੌਰਭ ਕਾਲੀਆ ਦੀ ਮੌਤ ਸ਼ਾਇਦ ਮਾੜੇ ਮੌਸਮ ਕਾਰਨ ਹੋਈ ਸੀ। ਉਹ ਇਹ ਨਹੀਂ ਦੱਸ ਰਿਹਾ ਕਿ ਅੱਖਾਂ ਉਸ ਦੀਆਂ ਮੌਸਮ ਨੇ ਕਿਵੇਂ ਕੱਢੀਆਂ ਤੇ ਸਰੀਰ ਉਤੇ ਗਰਮ ਚੀਜ਼ਾਂ ਦੇ ਨਿਸ਼ਾਨ ਕਿਸ ਨੇ ਬਣਾਏ ਸਨ? ਇਹ ਗੱਲ ਪਾਕਿਸਤਾਨ ਦਾ ਉਹ ਗ੍ਰਹਿ ਮੰਤਰੀ ਕਹਿੰਦਾ ਹੈ, ਜਿਸ ਦੀ ਕਿਸੇ ਗੱਲ ਦਾ ਪਾਕਿਸਤਾਨ ਦੇ ਲੋਕ ਵੀ ਇਤਬਾਰ ਨਹੀਂ ਕਰਦੇ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਸ ਦੀ ਮੈਂਬਰੀ ਇਸ ਲਈ ਖਾਰਜ ਕੀਤੀ ਹੋਈ ਹੈ ਕਿ ਉਹ ਨਾਗਰਿਕ ਕਿਸੇ ਹੋਰ ਦੇਸ਼ ਦਾ ਹੈ, ਪਾਕਿਸਤਾਨ ਦਾ ਨਾਗਰਿਕ ਹੀ ਨਹੀਂ, ਧੋਖੇ ਨਾਲ ਕੌਮੀ ਅਸੈਂਬਲੀ ਦਾ ਮੈਂਬਰ ਬਣ ਗਿਆ ਸੀ। ਜਿਸ ਮੁਲਕ ਵਿਚ ਗ੍ਰਹਿ ਮੰਤਰੀ ਵੀ ਉਹ ਬੰਦਾ ਬਣ ਸਕਦਾ ਹੈ, ਜਿਹੜਾ ਉਸ ਦੇਸ਼ ਦਾ ਸਿਟੀਜ਼ਨ ਨਹੀਂ, ਉਸ ਮੁਲਕ ਦੀ ਕਿਸੇ ਵੀ ਗੱਲ ਉਤੇ ਇਤਬਾਰ ਕਿਵੇਂ ਕੀਤਾ ਜਾ ਸਕਦਾ ਹੈ? ਇਹ ਉਸ ਦੀ ਭਰੋਸੇਯੋਗਤਾ ਦਾ ਨੈਗੇਟਿਵ ਸਬੂਤ ਨਹੀਂ ਤਾਂ ਹੋਰ ਕੀ ਹੈ?
ਤਾਜ਼ਾ ਮਾਮਲਾ ਇਸ ਹਫਤੇ ਉਸ ਦੇਸ਼ ਵਿਚ ਚੱਲ ਰਹੇ ਮੁੰਬਈ ਦੇ ਦਹਿਸ਼ਤਗਰਦ ਹਮਲੇ ਵਾਲੇ ਕੇਸ ਦੌਰਾਨ ਸਾਹਮਣੇ ਆ ਗਿਆ ਹੈ। ਉਸ ਹਮਲੇ ਵਿਚ ਕਸਾਬ ਨੂੰ ਪਾਕਿਸਤਾਨ ਸਰਕਾਰ ਨੇ ਪਹਿਲਾਂ ਆਪਣਾ ਨਾਗਰਿਕ ਨਹੀਂ ਸੀ ਮੰਨਿਆ, ਪਿੱਛੋਂ ਮੰਨਣਾ ਪੈ ਗਿਆ। ਭਾਰਤ ਨੇ ਕਿਹਾ ਸੀ ਕਿ ਕਸਾਬ ਵਾਲੀ ਕਾਤਲ ਟੋਲੀ ਦੇ ਪਿੱਛੇ ਸਾਜ਼ਿਸ਼ ਦੇ ਅਸਲ ਮੋਹਰੇ ਹਾਫਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਹਨ, ਇਹ ਭਾਰਤ ਦੇ ਹਵਾਲੇ ਕਰ ਕੇ ਜਿਹੜੇ ਦਹਿਸ਼ਤਗਰਦੀ ਦੇ ਟਰੇਨਿੰਗ ਕੈਂਪ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਹਨ, ਉਹ ਬੰਦ ਕੀਤੇ ਜਾਣੇ ਚਾਹੀਦੇ ਹਨ। ਪਾਕਿਸਤਾਨ ਸਰਕਾਰ ਨੇ ਇਹ ਮੰਨਣ ਤੋਂ ਮੂਲੋਂ ਹੀ ਨਾਂਹ ਕਰ ਦਿੱਤੀ ਕਿ ਹਾਫਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਦਾ ਮੁੰਬਈ ਦੀ ਦਹਿਸ਼ਤਗਰਦ ਵਾਰਦਾਤ ਨਾਲ ਕੋਈ ਸਬੰਧ ਸੀ ਅਤੇ ਦਹਿਸ਼ਤਗਰਦਾਂ ਦੇ ਟਰੇਨਿੰਗ ਕੈਂਪਾਂ ਦੀ ਗੱਲ ਵੀ ਉਸ ਨੇ ਫੋਕੀ ਊਜ ਕਹਿ ਕੇ ਰੱਦ ਕਰ ਦਿੱਤੀ ਸੀ। ਬਾਅਦ ਵਿਚ ਹਾਫਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਫੜਨੇ ਵੀ ਪਏ ਤੇ ਕੇਸ ਵੀ ਉਨ੍ਹਾਂ ਦੇ ਖਿਲਾਫ ਚਲਾਉਣਾ ਪੈ ਗਿਆ। ਹੁਣ ਜਿਹੜਾ ਹਫਤਾ ਚੱਲ ਰਿਹਾ ਹੈ, ਇਸ ਦੌਰਾਨ ਪਾਕਿਸਤਾਨ ਸਰਕਾਰ ਦੇ ਸੀਨੀਅਰ ਵਕੀਲ ਨੇ ਅਦਾਲਤ ਵਿਚ ਇਹ ਸਬੂਤ ਪੇਸ਼ ਕਰ ਦਿੱਤੇ ਹਨ ਕਿ ਦੋਵਾਂ ਜਣਿਆਂ ਦਾ ਮੁੰਬਈ ਦੇ ਦਹਿਸ਼ਤਗਰਦ ਹਮਲੇ ਨਾਲ ਹਰ ਸਬੰਧ ਨਿਕਲ ਰਿਹਾ ਹੈ। ਉਸ ਨੇ ਅਦਾਲਤ ਵਿਚ ਕਿਹਾ ਕਿ ਇਨ੍ਹਾਂ ਦੋਵਾਂ ਦੀ ਨਿਗਰਾਨੀ ਹੇਠ ਮੁੰਬਈ ਭੇਜੇ ਗਏ ਦਹਿਸ਼ਤਗਰਦਾਂ ਨੂੰ ਜ਼ਮੀਨੀ ਟਰੇਨਿੰਗ ਦੇਣ ਪਿੱਛੋਂ ਸਮੁੰਦਰ ਵਿਚ ਮੋਟਰ ਬੋਟ ਚਲਾਉਣ ਦੀ ਟਰੇਨਿੰਗ ਦਿੱਤੀ ਗਈ ਸੀ ਤਾਂ ਕਿ ਉਹ ਮੁੰਬਈ ਪਹੁੰਚ ਸਕਣ। ਮੁੰਬਈ ਵਿਚ ਜ਼ਿੰਦਾ ਫੜੇ ਗਏ ਅਜਮਲ ਕਸਾਬ ਦੀ ਜੈਕੇਟ ਅਤੇ ਉਸ ਦੇ ਰੈਕਸਿਨ ਦੇ ਬੈਗ ਵਿਚੋਂ ਜਿਹੜੀ ਫੋਮ ਮਿਲੀ ਸੀ, ਉਹੋ ਫੋਮ ਸੁਰੱਖਿਆ ਫੋਰਸਾਂ ਦੇ ਹੱਥੋਂ ਮਾਰੇ ਗਏ ਉਸ ਦੇ ਨਾਲ ਦੇ ਦਹਿਸ਼ਤਗਰਦਾਂ ਦੀਆਂ ਜੈਕੇਟਾਂ ਅਤੇ ਰੈਕਸਿਨ ਦੇ ਬੈਗਾਂ ਵਿਚੋਂ ਮਿਲੀ ਸੀ। ਕਮਾਲ ਦੀ ਗੱਲ ਸੀ ਕਿ ਜਦੋਂ ਸੰਸਾਰ ਦੇ ਦਬਾਅ ਹੇਠ ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ ਹਾਫਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਵਾਲੇ ਕੈਂਪਾਂ ਵਿਚ ਛਾਪਾ ਮਾਰਿਆ ਤਾਂ ਇਹੋ ਫੋਮ ਉਥੋਂ ਵੀ ਕਈ ਚੀਜ਼ਾਂ ਵਿਚ ਮਿਲੀ। ਨਾਲ ਦੀ ਨਾਲ ਸਰਕਾਰੀ ਵਕੀਲ ਨੇ ਉਨ੍ਹਾਂ ਟਰੇਨਿੰਗ ਕੈਂਪਾਂ ਦੀਆਂ ਉਹ ਫੋਟੋਆਂ ਪੇਸ਼ ਕਰ ਦਿੱਤੀਆਂ, ਜਿਹੜੀਆਂ ਭਾਰਤ ਨੇ ਨਹੀਂ ਦਿੱਤੀਆਂ, ਪਾਕਿਸਤਾਨ ਦੇ ਪੁਲਿਸ ਅਧਿਕਾਰੀਆਂ ਨੇ ਆਪ ਜਾ ਕੇ ਲਈਆਂ ਸਨ ਤੇ ਸਾਬਤ ਕਰਦੀਆਂ ਸਨ ਕਿ ਭਾਰਤ ਦਾ ਲਾਇਆ ਦੋਸ਼ ਸਹੀ ਹੈ।
ਕਹਾਣੀ ਲੰਮੀ ਹੋ ਜਾਵੇਗੀ, ਪਰ ਭਾਰਤ ਦੇ ਜੰਗੀ ਫੌਜੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਹਨ ਜਾਂ ਨਹੀਂ, ਇਸ ਦੀ ਆਖਰੀ ਤੰਦ ਛੱਡੀ ਨਹੀਂ ਜਾ ਸਕਦੀ। ਇਹ ਤੰਦ ਵੀ ਕਾਰਗਿਲ ਦੀ ਜੰਗ ਨਾਲ ਜੁੜੀ ਹੈ। ਉਸ ਜੰਗ ਵਿਚ ਦੋ ਫੌਜੀ ਲਾਪਤਾ ਹੋ ਗਏ ਸਨ। ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਸ ਦੇ ਕੋਲ ਨਹੀਂ ਹਨ। ਭਾਰਤੀ ਫੌਜ ਨੇ ਉਹ ਜੰਗ ਦੇ ਲੇਖੇ ਲੱਗੇ ਮੰਨ ਲਏ ਸਨ। ਦੋ ਸਾਲ ਤੋਂ ਵੱਧ ਸਮਾਂ ਲੰਘਾ ਕੇ ਇੱਕ ਦਿਨ ਇਹ ਭੇਦ ਖੁੱਲ੍ਹ ਗਿਆ ਕਿ ਉਹ ਪਾਕਿਸਤਾਨੀ ਫੌਜ ਦੇ ਕਬਜ਼ੇ ਵਿਚ ਹਨ ਤੇ ਫਿਰ ਉਹ ਭਾਰਤ ਨੂੰ ਸੌਂਪਣੇ ਪੈ ਗਏ। ਜਦੋਂ ਉਹ ਵਾਪਸ ਆਏ, ਉਦੋਂ ਤੱਕ ਉਨ੍ਹਾਂ ਲਈ ਘਰ-ਪਰਿਵਾਰ ਦੇ ਹਾਲਾਤ ਮੂਲੋਂ ਹੀ ਬਦਲ ਚੁੱਕੇ ਸਨ। ਇੱਕ ਫੌਜੀ ਦੀ ਘਰ ਵਾਲੀ ਨੂੰ ‘ਵਿਧਵਾ’ ਦਾ ਠੱਪਾ ਲੱਗ ਜਾਣ ਪਿੱਛੋਂ ਉਸ ਦਾ ਸਹੁਰੇ ਪਰਿਵਾਰ ਨਾਲ ਨਿਭਾ ਨਾ ਹੋਇਆ ਤੇ ਪੇਕੇ ਚਲੀ ਗਈ ਸੀ। ਜਦੋਂ ਫੌਜੀ ਜਵਾਨ ਆਇਆ ਤਾਂ ਰੇੜਕਾ ਪੈ ਗਿਆ ਤੇ ਉਸ ਨੇ ਵਾਪਸ ਸੱਦਣ ਤੋਂ ਨਾਂਹ ਕਰ ਦਿੱਤੀ। ਦੂਸਰੇ ਫੌਜੀ ਦਾ ਇੱਕ ਬੱਚਾ ਵੀ ਸੀ, ਪਰ ਉਸ ਦੀ ਪਤਨੀ ਨੂੰ ‘ਵਿਧਵਾ’ ਮੰਨੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦਾ ਇਸਲਾਮ ਦੀ ਰੀਤ ਅਨੁਸਾਰ ਕਿਸੇ ਹੋਰ ਨੌਜਵਾਨ ਦੇ ਨਾਲ ਨਿਕਾਹ ਕਰਵਾ ਦਿੱਤਾ ਸੀ, ਜਿੱਥੇ ਜਾ ਕੇ ਉਸ ਦੇ ਇੱਕ ਹੋਰ ਬੱਚਾ ਹੋ ਗਿਆ। ਉਸ ਵਿਚਾਰੀ ਦੇ ਦੋ ‘ਪਤੀ’ ਹੋ ਗਏ ਤੇ ਦੋਵੇਂ ਉਸ ਭਲੀ ਔਰਤ ਨੂੰ ਨਾਲ ਰੱਖਣ ਨੂੰ ਤਿਆਰ ਸਨ, ਪਰ ਇਹ ਫੈਸਲਾ ਕਰਨਾ ਔਖਾ ਸੀ ਕਿ ਕਿਸ ਦੀ ਪਤਨੀ ਮੰਨੀ ਜਾਵੇ? ਕਈ ਦਿਨਾਂ ਦੀ ਕਾਨੂੰਨੀ ਤੇ ਪ੍ਰਸ਼ਾਸਨਕ ਜੰਗ ਮਗਰੋਂ ਇੱਕ ਦਿਨ ਇੱਕ ਮੀਡੀਆ ਬਹਿਸ ਵਿਚ ਉਸੇ ਨੂੰ ਪੁੱਛ ਲਿਆ ਗਿਆ ਕਿ ਉਹ ਕੀ ਚਾਹੁੰਦੀ ਹੈ? ਉਹ ਔਰਤ ਫਿਰ ਭਲੀ ਨਿਕਲੀ ਤੇ ਸਾਫ ਕਹਿ ਗਈ ਕਿ ਦੋਵਾਂ ਵਿਚੋਂ ਕੋਈ ਵੀ ਬੁਰਾ ਨਹੀਂ, ਪਰ ਪਹਿਲੇ ਦੇ ਜਿਊਂਦੇ ਹੁੰਦਿਆਂ ਕਿਸੇ ਉਲਝਣ ਦੇ ਕਾਰਨ ਦੂਸਰੇ ਦੀ ਪਤਨੀ ਬਣ ਜਾਣਾ ਗਲਤ ਲੱਗਦਾ ਹੈ, ਇਸ ਲਈ ਪਹਿਲੇ ਨਾਲ ਜਾਣਾ ਚਾਹੁੰਦੀ ਹੈ, ਸਿਰਫ ਇੱਕ ਸ਼ਰਤ ਹੈ ਕਿ ਮਾਂ ਨੂੰ ਦੋਵਾਂ ਦੇ ਬੱਚੇ ਇੱਕੋ ਜਿੰਨੇ ਪਿਆਰੇ ਹਨ, ਪਹਿਲੇ ਪਤੀ ਨੂੰ ਦੂਸਰੇ ਤੋਂ ਪੈਦਾ ਹੋਇਆ ਬੱਚਾ ਬਰਾਬਰ ਸਮਝਣਾ ਪਵੇਗਾ। ਅੱਗੋਂ ਉਹ ਵੀ ਭਲਾ ਨਿਕਲਿਆ ਤੇ ਭਰੇ ਇਕੱਠ ਵਿਚ ਉਸ ਦੀ ਸ਼ਰਤ ਮੰਨ ਕੇ ਲੈ ਗਿਆ। ਜਿਹੜੀ ਵੱਡੀ ਗੁੰਝਲ ਲੋਕਾਂ ਵਿਚ ਜਾ ਕੇ ਉਨ੍ਹਾਂ ਨੇ ਏਨੇ ਸਹਿਜ ਭਾਵ ਨਾਲ ਮਨ ਸਾਫ ਹੋਣ ਕਰ ਕੇ ਸੁਲਝਾ ਲਈ, ਉਸ ਦੀ ਜੜ੍ਹ ਪਾਕਿਸਤਾਨ ਨੇ ਲਾਈ ਸੀ, ਜਿਸ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਜ਼ਿੰਦਾ ਫੜ ਕੇ ਇਹ ਗੱਲ ਲੁਕਾ ਕੇ ਰੱਖੀ ਕਿ ਉਸ ਦੇ ਕੋਲ ਹਨ। ਜੇ ਉਸ ਨੇ ਪਹਿਲੇ ਦਿਨ ਹੀ ਉਨ੍ਹਾਂ ਦੋਵਾਂ ਦਾ ਕੈਦੀ ਹੋਣਾ ਮੰਨ ਲਿਆ ਹੁੰਦਾ, ਇਹ ਝਗੜਾ ਹੀ ਕਦੇ ਨਾ ਪੈਂਦਾ।
ਹੁਣ ਜਦੋਂ ਭਾਰਤੀ ਪਾਰਲੀਮੈਂਟ ਵਿਚ ਲਿਖਤੀ ਰੂਪ ਵਿਚ ਮੰਨਿਆ ਜਾ ਚੁੱਕਾ ਹੈ ਕਿ 1965 ਤੇ 9171 ਦੀਆਂ ਜੰਗਾਂ ਦੇ ਚਰਵੰਜਾ ਭਾਰਤੀ ਫੌਜੀਆਂ ਦੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਹੋਣ ਦੀ ਗੱਲ ਸੱਚੀ ਹੋ ਸਕਦੀ ਹੈ ਤਾਂ ਭਾਰਤ ਸਰਕਾਰ ਨੂੰ ਇਹ ਕੇਸ ਸੰਸਾਰ ਅਦਾਲਤ ਵਿਚ ਲਿਜਾਣਾ ਚਾਹੀਦਾ ਹੈ ਤੇ ਯੂ ਐਨ ਜਨਰਲ ਅਸੈਂਬਲੀ ਵਿਚ ਵੀ। ਉਸ ਨੂੰ ਉਸ ਪਾਕਿਸਤਾਨ ਸਰਕਾਰ ਦੇ ਕਹੇ ਉਤੇ ਭਰੋਸਾ ਬਿਲਕੁਲ ਨਹੀਂ ਕਰਨਾ ਚਾਹੀਦਾ, ਜਿਸ ਨੂੰ ਉਸ ਮੁਲਕ ਦੇ ਲੋਕ ਵੀ ਭਰੋਸੇ ਦੇ ਕਾਬਲ ਨਹੀਂ ਜਾਣਦੇ। ਕੈਪਟਨ ਸੌਰਭ ਕਾਲੀਆ ਦਾ ਕੇਸ ਇੱਕ ਮਜ਼ਬੂਤ ਆਧਾਰ ਹੈ। ਇਸ ਦੀ ਤਹਿ ਵਿਚ ਜਾਣ ਦਾ ਭਾਰਤ ਸਰਕਾਰ ਦਾ ਹੱਕ ਵੀ ਹੈ ਤੇ ਫਰਜ਼ ਵੀ। ਪਹਿਲੀ ਗਲਤੀ ਵਾਜਪਾਈ ਸਰਕਾਰ ਦੀ ਸੀ, ਜਿਸ ਨੇ ਇਸ ਕੇਸ ਨੂੰ ਚੁੱਕਣ ਤੋਂ ਪਰਹੇਜ਼ ਕੀਤਾ ਸੀ ਤੇ ਦੂਸਰੀ ਮਨਮੋਹਨ ਸਿੰਘ ਸਰਕਾਰ ਦੀ, ਜਿਸ ਨੇ ਇਸ ਦੀ ਫਾਈਲ ਹੀ ਹੁਣ ਤੱਕ ਨਹੀਂ ਫੋਲੀ। ਦੇਰੀ ਨਾਲ ਹੀ ਸਹੀ, ਇਹ ਦਰੁਸਤ ਕਦਮ ਹੁਣ ਚੁੱਕਣਾ ਹੀ ਚਾਹੀਦਾ ਹੈ।
Leave a Reply