ਧੁੰਆਂਖ ਰਿਹੈ ਭਾਰਤ ਦੇ ਮੱਥੇ ਦਾ ਸੁਨਹਿਰੀ ਟਿੱਕਾ

ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਮੁੱਢੋ-ਸੁੱਢੋਂ ਤਬਦੀਲੀ ਦਾ ਦੌਰ ਚੱਲ ਰਿਹਾ ਹੈ। ਸਿਆਸਤ ਵੀ ਇਸ ਤਬਦੀਲੀ ਤੋਂ ਅਭਿੱਜ ਨਹੀਂ ਹੈ ਪਰ ਫਿਕਰ ਵਾਲੀ ਗੱਲ ਇਹ ਹੈ ਕਿ ਸਿਆਸਤ ਦਾ ਖੇਤਰ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਹੋਈਆਂ ਕੁਝ ਵਾਰਦਾਤਾਂ ਨੇ ਪੰਜਾਬ ਲਈ ਸੰਜੀਦਗੀ ਨਾਲ ਸੋਚਣ ਵਾਲਿਆਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਅਮਨਦੀਪ ਹਾਂਸ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਫਿਕਰਾਂ ਦੀ ਹੀ ਗੱਲ ਕੀਤੀ ਹੈ ਅਤੇ ਨਾਲ ਹੀ ਪੰਜਾਬ ਦੇ ਇਉਂ ਹੌਲੀ ਹੌਲੀ ਲੀਹ ਤੋਂ ਲਹਿ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖ ਦੇ ਅਖੀਰ ਵਿਚ ਉਸ ਨੇ ਆਪਣੀ ਗੱਲ ਜਿਸ ਤਨਜ਼ ਅਤੇ ਦਰਦ ਨਾਲ ਆਖੀ ਹੈ, ਉਸ ਤੋਂ ਪੰਜਾਬੀਆਂ ਦੇ ਸਬਰ ਦੇ ਭਰ ਰਹੇ ਪਿਆਲੇ ਦੀ ਸੋਅ ਵੀ ਮਿਲਦੀ ਹੈ। ਲੇਖਕਾ ਇਸ ਇਕ ਸਤਰ ਵਿਚ ਪੰਜਾਬ ਨਾਲ ਬੀਤ ਰਹੀ ਕਹਾਣੀ ਅਤੇ ਪੰਜਾਬੀਆਂ ਦੇ ਜ਼ਿਹਨ ਵਿਚ ਚੱਲ ਰਹੀ ਉਥਲ-ਪੁਥਲ ਦੀ ਕਥਾ ਕਰ ਗਈ ਹੈ। -ਸੰਪਾਦਕ

ਅਮਨਦੀਪ ਹਾਂਸ
ਫੋਨ: 91-94642-64703
ਇੱਜ਼ਤ ਅਣਖ ਖ਼ਾਤਰ ਪੰਜਾਬੀ ਮਰ ਮਿਟ ਜਾਂਦੇ ਨੇ ਤੇ ਸ਼ਾਇਦ ਇਸੇ ਕਰ ਕੇ ਹੀ ਪੰਜਾਬੀਆਂ ਨੂੰ ਹਰ ਥਾਂ ਸਨੇਹ ਤੇ ਸਤਿਕਾਰ ਭਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪੰਜਾਬ ਨੇ ਆਪਣੇ ਪਿੰਡੇ ‘ਤੇ ਅਥਾਹ ਫੱਟ ਝੱਲੇ, ਫਿਰ ਵੀ ਇਸ ਦਾ ਮਾਣਮੱਤਾ ਸਿਰ ਉਚਾ ਹੀ ਰਿਹਾ ਹੈ। ਭਾਰਤ ਦੇ ਚੰਨ ਮੱਥੇ ਦਾ ਸੁਨਹਿਰੀ ਟਿੱਕਾ ਪੰਜਾਬ ਪੂਰੇ ਦੇਸ਼ ਲਈ ਮਾਣ ਸਾਬਤ ਹੁੰਦਾ ਆਇਆ ਹੈ। ਇਸ ਸੁਨਹਿਰੇ ਟਿੱਕੇ ਦੀ ਜਦ ਵੀ ਕਦੀ ਭਾਅ ਧੁੰਦਲੀ ਪੈਣ ਲਗਦੀ ਹੈ, ਵਿਸ਼ਵ ਭਰ ‘ਚ ਬੈਠੇ ਫਿਕਰਮੰਦ ਪੰਜਾਬੀਆਂ ਦਾ ਧਿਆਨ ਉਸ ਦੇ ਕਾਰਨ ਟੋਲਣ ‘ਤੇ ਲੱਗ ਜਾਂਦਾ ਹੈ।
ਅੱਜ ਫਿਰ ਪੰਜਾਬ ਦੇ ਫਿਰਕਮੰਦ ਸੀਨਿਆਂ ‘ਚ ਕੁਝ ਉਬਲ ਰਿਹਾ ਹੈ, ਚੇਤੰਨ ਦਿਮਾਗ਼ਾਂ ‘ਚ ਗੰਭੀਰ ਵਿਚਾਰ ਕੀੜੀਆਂ ਬਣ ਦੌੜ ਰਹੇ ਹਨ। ਹਾਲਾਤ ਹੀ ਕੁਝ ਅਜਿਹੇ ਹਨ। ਜਿਸ ਪੰਜਾਬ ਦੀਆਂ ਅਮੀਰ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਛਣਕਣੇ ਖੜਕਾ ਕੇ ਕੁਝ ਵਿਅਕਤੀ ਵਿਸ਼ੇਸ਼ ਉਮਰ ਭਰ ਦੀਆਂ ਰੋਟੀਆਂ ਤੋੜਨ ‘ਚ ਲੱਗੇ ਹੋਏ ਨੇ, ਉਨ੍ਹਾਂ ਦੇ ਹਲਕ ‘ਚੋਂ ਬੁਰਕੀ ਖੋਹੀ ਜਾ ਸਕਦੀ ਹੈ, ਇਹ ਸੁਆਲ ਕਰਕੇ ਕਿ ਜਿਸ ਪੰਜਾਬ ‘ਚ ਔਰਤ ਨਾ ਘਰ ਸੁਰੱਖਿਅਤ ਹੈ ਨਾ ਘਰੋਂ ਬਾਹਰ, ਉਥੇ ਕਿਹੜੀਆਂ ਕਦਰਾਂ-ਕੀਮਤਾਂ ਦੀ ਵਡਿਆਈ ਕੀਤੀ ਜਾ ਰਹੀ ਹੈ? ਪਹਿਲਾਂ ਫਰੀਦਕੋਟ ਦੀ ਬੱਚੀ ਸ਼ਰੂਤੀ ਨੂੰ ਸਿਆਸੀ ਸ਼ਹਿ ਹਾਸਲ ਗੁੰਡੇ ਨੇ ਸ਼ਰ੍ਹੇਆਮ ਉਸੇ ਦੇ ਘਰੋਂ ਚੁੱਕ ਲਿਆ ਸੀ। ਇਹ ਕਹਾਣੀ ਚਿੱਥੀ ਜਾ ਚੁੱਕੀ ਹੈ-ਮੀਡੀਆ ਵਲੋਂ ਵੀ, ਸਿਆਸਤਦਾਨਾਂ ਵਲੋਂ ਵੀ। ਹੁਣ ਇਕ ਹੋਰ ਘਟਨਾ ਨੇ ਸਭ ਦਾ ਧਿਆਨ ਮੱਲ ਲਿਆ ਹੈ। ਇਹ ਨਿਰੀ ਘਟਨਾ ਨਹੀਂ, ਪੰਜਾਬ ਦੀ ਅਜੋਕੀ ਸਥਿਤੀ ਨੂੰ ਬਿਆਨਦਾ ਦੁਖਦ ਅਤੇ ਗੰਭੀਰ ਵਰਤਾਰਾ ਹੈ ਜੋ ਹਰ ਪਲ ਵਾਪਰ ਰਿਹਾ ਹੈ, ਕਦੇ ਦ੍ਰਿਸ਼ ਤੇ ਕਦੇ ਅਦ੍ਰਿਸ਼।
ਅੱਜ ਦੀ ਘੜੀ ਥਾਣੇਦਾਰ ਰਵਿੰਦਰਪਾਲ ਸਿੰਘ (ਮਰਹੂਮ) ਦੀ ਚਰਚਾ ਹੈ ਜੋ ਸਿਆਸੀ ‘ਗੁੰਡੇ’ ਹੱਥੋਂ ਆਪਣੀ ਧੀ ਦੀ ਪੱਤ ਬਚਾਉਂਦਾ ਸਰੇਬਜ਼ਾਰ ਮਾਰਿਆ ਗਿਆ। ਪੀੜਤ ਪਰਿਵਾਰ ਦੇ ਜ਼ਖ਼ਮ ਉਮਰਾਂ ਤੀਕ ਹਰੇ ਰਹਿਣਗੇ, ਦੋਸ਼ੀਆਂ ਨੂੰ ਸਜ਼ਾ ਮਿਲ ਵੀ ਸਕਦੀ ਹੈ, ਨਹੀਂ ਵੀ; ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ। ਵਿਰੋਧੀ ਧਿਰਾਂ ਹਾਕਮ ਧਿਰਾਂ ਸਿਰ ਦੋਸ਼ ਮੜ੍ਹ ਰਹੀਆਂ ਹਨ ਤੇ ਆਪਣੀ ਖਲੜੀ ਬਚਾਉਣ ਲਈ ਹਾਕਮ ਧਿਰ ਦੇ ਕਈ ਮੰਤਰੀ ‘ਅਫਸਰਸ਼ਾਹੀ’ ਦੀ ਡਿਊਟੀ ਇਸ ਕੰਮ ‘ਤੇ ਲਾ ਰਹੇ ਨੇ ਕਿ ਪੰਜਾਬ ਅਤੇ ਪੰਜਾਬ ਨਾਲ ਲਗਦੇ ਸੂਬਿਆਂ ‘ਚ ਕਾਂਗਰਸੀ ਲੀਡਰਾਂ ਦੀਆਂ ‘ਕਰਤੂਤਾਂ’ ਦੀ ਸੂਚੀ ਬਣਾ ਕੇ ਦਿਓ ਤਾਂ ਜੋ ਭਾਜੀ ਮੋੜੀ ਜਾ ਸਕੇ।
ਲੰਘੀ 7 ਦਸੰਬਰ ਦੀ ਸ਼ਾਮ ਮੇਰੇ ਕਿਸੇ ਜਾਣੂ ਨੇ ਦੱਸਿਆ ਕਿ ਕੁਝ ਅਫਸਰਾਂ ਨੇ ਕੇਤੀਆ-ਕੋਟਲੀ ਕਾਂਡ, ਭੰਵਰੀ ਦੇਵੀ ਕਾਂਡ, ਮਨੂ ਸ਼ਰਮਾ ਕਾਂਡ ਆਦਿ ਦੀ ਲਿਸਟ ‘ਮੰਤਰੀ ਸਾਹਿਬ’ ਨੂੰ ਭੇਜੀ ਹੈ। ਸਪੱਸ਼ਟ ਸੀ ਕਿ ‘ਮੰਤਰੀ ਸਾਹਿਬ’ ਇਸੇ ਲਿਸਟ ‘ਚੋਂ ਚੋਣਵੇਂ ਕਿੱਸੇ ਕੱਢ ਕੇ ਪ੍ਰੈਸ ਬਿਆਨ ਜਾਰੀ ਕਰਨਗੇ ਤਾਂ ਜੋ ਵਿਰੋਧੀ ਧਿਰ ਨੂੰ ਉਸ ਦਾ ਝੱਗਾ ਚੁੱਕ ਕੇ ਨੰਗਾ ਢਿੱਡ ਦਿਖਾ ਸਕਣ। ਅਗਲੀ ਸਵੇਰ ਪੰਜਾਬ ਤੋਂ ਛਪਦੀਆਂ ਹਿੰਦੀ, ਪੰਜਾਬੀ ਅਖ਼ਬਾਰਾਂ ‘ਚ ਬਿਆਨ ਛਪਿਆ-‘ਕਾਂਗਰਸ ਅਪਰਾਧੀਆਂ ਦੀ ਸਭ ਤੋਂ ਵੱਡੀ ਅਰਾਮਗਾਹ-ਮਜੀਠੀਆ’ ਇਸ ਬਿਆਨ ‘ਚ ਉਕਤ ਸਰਕਾਰੀ ਅਫਸਰਾਂ ਵੱਲੋਂ ਭੇਜੀ ਗਈ ਸੂਚੀ ‘ਚੋਂ ਮਨਪਸੰਦ ਕਿੱਸੇ ਟੋਲ਼ ਕੇ ਮੰਤਰੀ ਸਾਹਿਬ ਨੇ ਕਾਂਗਰਸ ਨੂੰ ਚੇਤੇ ਕਰਵਾਏ ਸਨ।
ਸਿਆਸੀ ਧਿਰਾਂ ਇਕ ਦੂਜੇ ਦੇ ਪੋਤੜੇ ਫਰੋਲਣ ਲੱਗੀਆਂ ਹੋਈਆਂ ਹਨ। ਹੱਥੋਂ ਨਿਕਲਦੀ ਜਾ ਰਹੀ ਹਾਲਤ ਬਾਰੇ ਮੀਡੀਆ ਦੇ ਕੁਝ ਹਿੱਸੇ ਨੇ ਗੰਭੀਰ ਤੱਥ ਕੱਢ ਕੇ ਲਿਆਂਦੇ ਨੇ। ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਇਸ ਵੱਲ ਕਿਸੇ ਦਾ ਧਿਆਨ ਨਹੀਂ। ਹਾਕਮੀ ਧਿਰ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਿਆਨਾਂ ਦੀ ਝੜੀ ਲੱਗ ਰਹੀ ਹੈ ਕਿ ਖਾਸ ਕਰ ਕੇ ਔਰਤਾਂ ਨਾਲ ਛੇੜਛਾੜ ਦੇ ਮਾਮਲੇ 24 ਘੰਟਿਆਂ ‘ਚ ਨਜਿੱਠਾਂਗੇ। ਇਹ ਉਹੀ ਪੁਲਿਸ ਪ੍ਰਸ਼ਾਸਨ ਹੈ, ਜਿਹੜਾ ‘ਸਿਆਸੀ ਲਛਮਣ ਰੇਖਾ’ ਪਾਰ ਕਰ ਕੇ 10 ਗਜ਼ ਦੀ ਦੂਰੀ ‘ਤੇ ਤੜਫ ਰਹੇ ਥਾਣੇਦਾਰ ਰਵਿੰਦਰਪਾਲ ਸਿੰਘ ਦੀ ਮਦਦ ਨਹੀਂ ਕਰਨ ਜਾ ਸਕਿਆ। ਸੋਚ ਕੇ ਦਿਲ ਨੂੰ ਘੇਰ ਪੈਂਦੀ ਹੈ ਕਿ ਕਿੰਨਾ ਦਬਾਅ ਹੋਵੇਗਾ ਉਸ ਥਾਣੇ ਦੇ ਸਟਾਫ ‘ਤੇ? ਇਹ ਦਬਾਅ ਕਿਸੇ ਵਿਸ਼ੇਸ਼ ਹੁਕਮ ਜਾਂ ਹਦਾਇਤਾਂ ਨਾਲ ਨਹੀਂ ਪੈਂਦਾ, ਇਹ ਮਾਨਸਿਕ ਦਬਾਅ ਹੈ ਜੋ ਕੋਹਲੂ ਜੁੜੇ ਬਲਦ ਨੂੰ ਪਏ ਕੰਨ੍ਹ ਵਾਂਗ ਪੁਲਿਸ ਪ੍ਰਸ਼ਾਸਨ ਨੂੰ ਵੀ ਪੈ ਗਿਆ ਹੈ। ਨਾ ਇਹ ਇਕ ਦਿਨ ‘ਚ ਪਿਆ ਹੈ ਤੇ ਨਾ ਹੀ ਇਹ ਇਕ ਦਿਨ ‘ਚ ਮੁੱਕਣਾ ਹੈ।
ਪੰਜਾਬ ਬਾਰੇ ਭਾਰਤ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਬੜਾ ਫਿਕਰ ਜਤਾਉਂਦੇ ਨੇ ਕਿ ਖੁਫੀਆ ਰਿਪੋਰਟਾਂ ਦੱਸਦੀਆਂ ਨੇ-ਇੱਥੇ ਅਤਿਵਾਦ ਦਾ ਖ਼ਤਰਾ ਹੈ। ਕੋਈ ਇਹ ਕਿਉਂ ਨਹੀਂ ਮੰਨ ਰਿਹਾ ਕਿ ਪੰਜਾਬ ਨੂੰ ਅਤਿਵਾਦ ਦਾ ਖਤਰਾ ਹੀ ਨਹੀਂ, ਸਗੋਂ ਇਹ ਤਾਂ ਅਤਿਵਾਦ ਦੀ ਲਪੇਟ ‘ਚ ਆ ਚੁੱਕਾ ਹੈ। ਇਹ ਅਤਿਵਾਦ ਕੋਈ ਵਿਚਾਰਧਾਰਕ ਹਥਿਆਰਬੰਦ ਅਤਿਵਾਦ ਨਹੀਂ, ਇਹ ਹੈ ਸਿਆਸਤਦਾਨ+ਅਫਸਰਸ਼ਾਹੀ+ਅਪਰਾਧੀਆਂ ਦੇ ਗੱਠਜੋੜ ਦਾ ਅਤਿਵਾਦ। ਇਹ ਅਤਿਵਾਦ ਕਦੋਂ ਸ਼ੁਰੂ ਹੋਇਆ, ਇਸ ਬਾਰੇ ਪੰਜ ਕੁ ਦਹਾਕੇ ਪਿਛਾਂਹ ਪਰਤ ਕੇ ਵੇਖਣਾ ਪਵੇਗਾ। ਆਜ਼ਾਦੀ ਮਗਰੋਂ 1962 ਤੱਕ ਪੰਜਾਬ ਚੋਣ ਹਿੰਸਾ ਤੋਂ ਬਚਿਆ ਰਿਹਾ। ਦਾਅਵਾ ਕੀਤਾ ਜਾਂਦਾ ਹੈ ਕਿ 1962 ‘ਚ ਪਹਿਲੀ ਵਾਰ ਪ੍ਰਤਾਪ ਸਿੰਘ ਕੈਰੋਂ ‘ਤੇ ਚੋਣਾਂ ‘ਚ ਹਿੰਸਾ ਕਰਨ-ਕਰਾਉਣ ਦੇ ਇਲਜ਼ਾਮ ਲੱਗੇ, ਇਸ ਦੌਰਾਨ ਅਫਸਰਾਂ ਨੇ ਵੀ ਸਿਆਸਤਦਾਨਾਂ ਤੇ ਮੁਜਰਮਾਂ ਦਾ ਖ਼ੂਬ ਸਾਥ ਦਿੱਤਾ। ਤੇ ਇੱਥੋਂ ਹੀ ਮੁੱਢ ਬੱਝ ਗਿਆ ਸੀ, ਸਿਆਸਤਦਾਨ+ਅਫਸ਼ਰਸ਼ਾਹੀ+ਅਪਰਾਧੀਆਂ ਦੇ ਗੱਠਜੋੜ ਵਾਲੇ ਅਤਿਵਾਦ ਦਾ। ਉਹ ਦਿਨ ਤੇ ਆਹ ਦਿਨæææ। ਕੀ ਮਾਝਾ ਤੇ ਕੀ ਦੁਆਬਾ, ਪੰਜਾਬ ਦੀ ਕੋਈ ਕੰਨੀ ਨਹੀਂ ਬਚੀ ਇਸ ਅਤਿਵਾਦ ਤੋਂ। ਇਸ ਤੋਂ ਖਹਿੜਾ ਛੁਡਾਉਣਾ ਸੌਖਾ ਨਹੀਂ ਹੈ। ਇਸ ਗੱਠਜੋੜ ਨੇ ਪੰਜ ਦਹਾਕਿਆਂ ‘ਚ ਪੰਜਾਬ ਦੇ ਕੂਲ਼ੇ ਪਿੰਡੇ ਨੂੰ ਕਿੰਨੀਆਂ ਹੀ ਜ਼ਹਿਰੀਲੀਆਂ ਸੂਲ਼ਾਂ ਨਾਲ ਵਿੰਨ੍ਹ ਸੁੱਟਿਆ ਹੈ। ਨਸ਼ਿਆਂ ਦੀ ਖਪਤ ਸਭ ਤੋਂ ਵੱਧ ਪੰਜਾਬ ‘ਚ, ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਜਾਇਜ਼-ਨਾਜਾਇਜ਼ ਵਰਤੋਂ, ਨਾਜਾਇਜ਼ ਕਬਜ਼ੇ, ਗੁੰਡਾਗਰਦੀ, ਬਲਾਤਕਾਰ, ਉਧਾਲ਼ੇ, ਕਤਲ ਪਤਾ ਨਹੀਂ ਕੀ-ਕੀæææ। ਪੰਜਾਬ ਦੇ ਪਿੰਡੇ ‘ਤੇ ਜਿੱਥੇ ਵੀ ਹੱਥ ਰੱਖੋਗੇ, ਚਸਕਾਂ ਪੈਂਦੀਆਂ ਹੀ ਮਹਿਸੂਸ ਹੋਣਗੀਆਂ। ਇਨ੍ਹਾਂ ਨੇ ਪੰਜਾਬ ਨੂੰ ਬੌਂਦਲਾ ਕੇ ਰੱਖ ਦਿੱਤਾ ਹੈ। ਇਸ ਵੇਲੇ ਵੀ ਪੰਜਾਬ ਦੀ ਸਿਆਸੀ ਕਰੀਮੀ ਲੇਅਰ ਬਾਰੇ ਉਨ੍ਹਾਂ ਦੇ ਹੀ ਹਲਕਿਆਂ ‘ਚੋਂ ਜਾਣਕਾਰੀ ਲਈ ਜਾਵੇ ਤਾਂ ਹਨੇਰੇ ‘ਚ ਬੈਠਿਆਂ ਨੂੰ ਚਾਨਣ ਹੋ ਜਾਣਾ ਹੈ ਕਿ ਕਿੰਨੇ ਸਮਗਲਰ, ਕਿੰਨੇ ਅਪਰਾਧੀ ਇਸ ਦਾ ਹਿੱਸਾ ਹਨ। ਕੁਝ ਨਾਂ ਤਾਂ ਮੇਰਾ ਵੀ ਲੈਣ ਨੂੰ ਮਨ ਅਹੁਲਦਾ ਹੈ, ਪਰ ਇੱਕ ਕੌੜਾ ਸੱਚ ਹੈ ਕਿ ਹਰ ਸ਼ਖ਼ਸ ਅੰਦਰ ਦੱਬੂ ਸ਼ਖ਼ਸ ਵੀ ਬੈਠਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਮੇਰੇ ਅੰਦਰਲਾ ਦੱਬੂ ਸ਼ਖ਼ਸ ਵੀ ਮੇਰੀ ਕਲਮ ਦਾ ਨੱਕਾ ਮੋੜ ਗਿਆ ਹੈ।
ਤਾਜ਼ਾ ਘਟਨਾ ਬੇਲਗਾਮ ਹੋਏ ਹਥਿਆਰਾਂ ਤੇ ਗੰਧਲ਼ੀ ਮਾਨਸਿਕਤਾ ਨਾਲ ਜੁੜੀ ਹੈ ਜਿਸ ਨੂੰ ਸਿਆਸੀ ਥਾਪੜਾ ਹਾਸਲ ਹੈ। ਪੰਜਾਬ ‘ਚ ਸਰਕਾਰੀ ਰਿਕਾਰਡ ਮੁਤਾਬਕ ਸਵਾ ਤਿੰਨ ਲੱਖ ਲਾਇਸੰਸੀ ਹਥਿਆਰ ਹਨ। ਸਭ ਤੋਂ ਵੱਧ ਮਲਵਈਆਂ ਕੋਲ 2 ਲੱਖ 70 ਹਜ਼ਾਰ। ਔਰਤਾਂ ਦੇ ਨਾਂ ਵੀ ਹਥਿਆਰ ਰੱਖਣ ਲਈ ਲਾਇਸੰਸ ਹਨ। ਸੂਬੇ ‘ਚ 387 ਅਸਲਾ ਡੀਲਰ ਹਨ ਜਿਨ੍ਹਾਂ ‘ਚੋਂ 287 ਮਾਲਵੇ ‘ਚ ਕਾਰੋਬਾਰ ਕਰ ਰਹੇ ਨੇ ਤੇ 100 ਡੀਲਰ ਮਾਝੇ ਅਤੇ ਦੁਆਬੇ ‘ਚ। ਜਿਨ੍ਹਾਂ ਲੋਕਾਂ ਨੂੰ ਕੋਈ ਖ਼ਤਰਾ ਨਹੀਂ, ਉਨ੍ਹਾਂ ਨੇ ਵੀ ਟੌਅਰ-ਟੱਪੇ ਲਈ ਹਥਿਆਰ ਰੱਖੇ ਹੋਏ ਹਨ। ਆਪਣੇ ਸੂਬਾ ਵਾਸੀਆਂ ਨੂੰ ਤਾਂ ਲਾਇਸੰਸ ਹੀ ਦੇਣੇ ਹਨ, ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਰ ਸੂਬਿਆਂ ਦੇ ਮੂੰਹ ਮੁਲਾਹਜ਼ਾ ਰੱਖਦੇ ਵਿਸ਼ੇਸ਼ ਵਿਅਕਤੀਆਂ ‘ਤੇ ਵੀ ਪੂਰੇ ਦਿਆਲ ਹਨ। ਪੌਂਟੀ ਚੱਢਾ ਤੇ ਹਰਦੀਪ ਚੱਢਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ੀ ਸੁਖਦੇਵ ਸਿੰਘ ਨਾਮਧਾਰੀ ਨੇ ਜਿਹੜਾ ਹਥਿਆਰ ਵਾਰਦਾਤ ਵੇਲੇ ਵਰਤਿਆ, ਉਹ ਵੀ ਪੰਜਾਬ ਦੇ ਲਾਇਸੰਸ ‘ਤੇ ਹੀ ਚੜ੍ਹਿਆ ਹੋਇਆ ਸੀ। ਸਪੱਸ਼ਟ ਹੈ, ਪੰਜਾਬ ‘ਚ ਸਰਗਰਮ ਤਿੰਨ ਧਿਰੀ ਗੱਠਜੋੜ ਵਾਲਾ ਅਤਿਵਾਦ ਆਪਣੇ ਪੈਰ ਹੋਰ ਸੂਬਿਆਂ ‘ਚ ਵੀ ਪਸਾਰ ਚੁੱਕਾ ਹੈ। ਜਦੋਂ ਹਥਿਆਰ ਰੱਖਣ ਲਈ ਲਾਇਸੰਸ ਜਾਰੀ ਕਰਨ ਤੇ ਹਥਿਆਰ ਵੇਚਣ ‘ਤੇ ਕੋਈ ਕੰਟਰੋਲ ਨਹੀਂ ਤਾਂ ਫਿਰ ਇਨ੍ਹਾਂ ਦੀ ਨਾਜਾਇਜ਼ ਵਰਤੋਂ ਨੂੰ ਸਿਸਟਮ ਕਿਵੇਂ ਕੰਟਰੋਲ ਕਰ ਸਕਦਾ ਹੈ?
ਪਿਛਲੇ ਕੁਝ ਕੁ ਵਰ੍ਹਿਆਂ ‘ਚ ਪੰਜਾਬ ‘ਚ ਬਾਕੀ ਜੁਰਮਾਂ ਵਾਂਗ ਔਰਤਾਂ ਤੇ ਬੱਚਿਆਂ (ਨਿੱਕੇ ਮੁੰਡਿਆਂ) ਨਾਲ ਬਦਫੈਲੀਆਂ ਦੇ ਮਾਮਲਿਆਂ ‘ਚ ਕਈ ਗੁਣਾ ਵਾਧਾ ਹੋਇਆ ਹੈ। ਬਲਾਤਕਾਰ ਤੇ ਛੇੜਛਾੜ ਦੇ ਮਾਮਲੇ ਹਜ਼ਾਰਾਂ ਦੀ ਗਿਣਤੀ ‘ਚ ਹਰ ਸਾਲ ਵਾਪਰ ਰਹੇ ਹਨ। ਕਈ ਮਾਮਲੇ ਸਮਾਜ ਦੀ ਸ਼ਰਮ ਦੇ ਪਰਦੇ ਹੇਠ ਛੁਪਨ ਹਨ। ਮੀਡੀਆ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ, ਘਟਨਾ ਦਾ ਵੇਰਵਾ ਦਿੰਦਿਆਂ ਬਲਾਤਕਾਰ ਪੀੜਤਾਂ ਦੀ ਫੋਟੋ ਤਾਂ ਛਾਪ ਦਿੱਤੀ ਜਾਂਦੀ ਹੈ, ਪਰ ਖ਼ਬਰ ਲਿਖਦਿਆਂ ‘ਕਾਲਪਨਿਕ ਨਾਂ’ ਵਰਤ ਲਿਆ ਜਾਂਦਾ ਹੈ। ਸੋਝੀ ਗਾਇਬ ਹੈ।
ਧਾਰਮਿਕ ਅਸਥਾਨਾਂ, ਸੱਭਿਆਚਾਰਕ ਮੇਲਿਆਂ, ਜਨਤਕ ਥਾਂਵਾਂ, ਸਰਕਾਰੀ ਜਾਂ ਨਿੱਜੀ ਕੰਮ ਵਾਲੀਆਂ ਥਾਂਵਾਂ, ਵਿੱਦਿਅਕ ਅਦਾਰੇ, ਸੜਕਾਂ, ਗਲੀ-ਮੁਹੱਲਿਆਂ, ਇੱਥੋਂ ਤੱਕ ਕਿ ਕਈ ਵਾਰ ਤਾਂ ਆਪਣੇ ਹੀ ਘਰਾਂ ‘ਚ ਕੁੜੀਆਂ ਲਈ ਸੁਰੱਖਿਅਤ ਮਾਹੌਲ ਨਹੀਂ ਹੈ। ਖੰਨੇ ਦੀ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ, ਜਿੱਥੇ ਪਿਓ ਆਪਣੀ ਧੀ ਨਾਲ 4 ਸਾਲ ਕੁਕਰਮ ਕਰਦਾ ਰਿਹਾ। ਇੱਕ ਹੋਰ ਘਟਨਾ ਬਠਿੰਡੇ ‘ਚ ਵਾਪਰੀ ਜਿੱਥੇ ਦਾਦੇ ਸਹੁਰੇ ਨੇ ਆਪਣੀ ਬਿਮਾਰ ਪੋਤ ਨੂੰਹ ਨਾਲ ਬਲਾਤਕਾਰ ਕੀਤਾ। ਰਿਸ਼ਤਿਆਂ ਨੂੰ ਬਦਨਾਮ ਕਰਨ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ। ਸਿਰਫ ਇਹ ਕਹਿਣ ਦੀ ਕੋਸ਼ਿਸ਼ ‘ਚ ਹਾਂ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਕਿਸ ਹੱਦ ਤੱਕ ਨਿਘਰ ਚੁੱਕੀ ਹੈ। ਆਲੇ-ਦੁਆਲੇ ਦਾ ਮਾਹੌਲ ਸਾਡੀ ਮਾਨਸਿਕਤਾ ਨੂੰ ਪ੍ਰਭਾਵਤ ਕਰਦਾ ਹੈ। ਫੁੱਲਾਂ ਦੇ ਬਗੀਚੇ ‘ਚ ਬੈਠਾਂਗੇ ਤਾਂ ਫੁੱਲਾਂ-ਖ਼ੁਸ਼ਬੂਆਂ ਬਾਰੇ ਸੋਚਾਂਗੇ, ਗੰਦਗੀ ਦੇ ਢੇਰ ‘ਤੇ ਬੈਠ ਕੇ ਮਲੀਨ ਵਿਚਾਰ ਹੀ ਮਨ ‘ਚ ਆਉਣਗੇ। ਇੰਨੀ ਗੰਦਗੀ ਸਾਡੇ ਆਲੇ ਦੁਆਲੇ ਫੈਲੀ ਹੈ ਕਿ ਚਾਹ ਕੇ ਵੀ ਖੁਦ ਨੂੰ ਬਚਾਅ ਨਹੀਂ ਸਕਦੇ। ਚਿੱਕੜ ‘ਚੋਂ ਲੰਘਦਿਆਂ ਜਿੰਨਾ ਮਰਜ਼ੀ ਬਚੋ, ਕੋਈ ਨਾ ਕੋਈ ਛਿੱਟ ਪੈ ਹੀ ਜਾਂਦੀ ਹੈ।
ਥਾਣੇਦਾਰ ਰਵਿੰਦਰਪਾਲ ਸਿੰਘ ਵਾਲੇ ਕਾਂਡ ਤੋਂ ਬਾਅਦ ਬੁਖਲਾਈ ਬਾਦਲ ਸਰਕਾਰ ਨੇ ਬੀਬੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ‘ਬੜਾ ਵਧੀਆ’ ਐਲਾਨ ਕੀਤਾ ਹੈ ਕਿ ਸਰਕਾਰੀ ਦਫਤਰਾਂ ‘ਚ ਮਹਿਲਾ ਮੁਲਾਜ਼ਮ ਛੁੱਟੀ ਤੋਂ ਬਾਅਦ ਨਹੀਂ ਰੁਕਣਗੀਆਂ, ਸਕੂਲਾਂ ‘ਚ ਇਕੱਲੀ ਅਧਿਆਪਕਾ ਤਾਇਨਾਤ ਨਹੀਂ ਹੋਵੇਗੀ, ਘੱਟੋ-ਘੱਟ ਦੋ ਹੋਣਗੀਆਂ, ਦੂਰ-ਦੁਰਾਡੇ ਕਿਸੇ ਔਰਤ ਮੁਲਾਜ਼ਮ ਨੂੰ ਤਾਇਨਾਤ ਨਹੀਂ ਕੀਤਾ ਜਾਵੇਗਾ।
ਇਸ ਸਰਕਾਰੀ ਐਲਾਨ ਦੀ ਬਹੁਤ ਸਾਰੇ ਲੋਕਾਂ ਨੇ ਸਰਾਹਨਾ ਕੀਤੀ ਹੈ। ਮੈਂ ਇਸ ‘ਬੜੇ ਵਧੀਆ’ ਐਲਾਨ ਨੂੰ ਥੋੜ੍ਹਾ ਹੋਰ ‘ਵਧੀਆ’ ਬਣਾਉਣ ਲਈ ਮੁਫਤ ‘ਚ ਮਸ਼ਵਰਾ ਦੇ ਰਹੀ ਹਾਂ।æææਸਰਕਾਰ ਜੀ, ਸਾਨੂੰ ਭੋਰੇ ਪੁੱਟ ਦਿਓ!

Be the first to comment

Leave a Reply

Your email address will not be published.