ਇਤਿਹਾਸ ਖੋਜ ਦੇ ਨਵੇਂ ਦਿਸਹੱਦੇ ਖੋਲ੍ਹਦੀ ਕਿਤਾਬ

ਬੂਟਾ ਸਿੰਘ
ਫੋਨ: 91-94634-74342
ਹਿੰਦੁਸਤਾਨ ਦੀ ਕਮਿਊਨਿਸਟ ਲਹਿਰ ਬਾਰੇ ਹੁਣ ਤਕ ਛਪੀਆਂ ਜ਼ਿਆਦਾਤਰ ਲਿਖਤਾਂ ਵਿਚ ਲਹਿਰ ਦੀਆਂ ਕੁਰਬਾਨੀਆਂ, ਕਮਿਊਨਿਸਟਾਂ ਦੀ ਘਾਲਣਾ ਅਤੇ ਪ੍ਰਾਪਤੀਆਂ ਦੀ ਬਥੇਰੀ ਤਫ਼ਸੀਲ ਮਿਲ ਜਾਂਦੀ ਹੈ। ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਐਸੀਆਂ ਪੜਚੋਲੀਆ ਲਿਖਤਾਂ ਪੜ੍ਹਨ ਨੂੰ ਬਹੁਤ ਥੋੜ੍ਹੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਲਹਿਰ ਦੇ ਹਾਂ-ਪੱਖਾਂ ਦੇ ਨਾਲ-ਨਾਲ ਲਹਿਰ ਦੇ ਅੰਦਰ ਉਭਰੇ ਤੇ ਭਾਰੂ ਹੋਏ ਗ਼ੈਰ-ਕਮਿਊਨਿਸਟ ਰੁਝਾਨਾਂ ਉਪਰ ਬੇਲਿਹਾਜ਼ ਉਂਗਲ ਰੱਖੀ ਗਈ ਹੋਵੇ

ਤੇ ਪਾਠਕਾਂ ਅੱਗੇ ਇਸ ਦੀ ਬੇਕਿਰਕ, ਸਾਵੀਂ ਤੇ ਸਹੀ ਤਸਵੀਰ ਪੇਸ਼ ਕੀਤੀ ਗਈ ਹੋਵੇ; ਜਿਨ੍ਹਾਂ ਲਿਖਤਾਂ ਵਿਚ ਇਹ ਬਿਆਨ ਕੀਤਾ ਗਿਆ ਹੋਵੇ ਕਿ ਬੇਥਾਹ ਕੁਰਬਾਨੀਆਂ, ਬੇਸ਼ੁਮਾਰ ਸੰਘਰਸ਼ਾਂ ਵਾਲੀ ਅਤੇ ਵਿਗਿਆਨਕ ਵਿਚਾਰਧਾਰਾ ਦੀ ਧਾਰਨੀ ਲਹਿਰ ਨੂੰ ਕਿਸ ਤਰ੍ਹਾਂ ਦੀਆਂ ਗਲਤੀਆਂ ਅਤੇ ਰੁਝਾਨਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ। ਇਸ ਪੱਖੋਂ ਗ਼ਦਰੀ ਬਾਬਾ ਹਰਜਾਪ ਸਿੰਘ ਦੀ ਜੇਲ੍ਹ ਡਾਇਰੀ ਤੇ ਉਨ੍ਹਾਂ ਦੀਆਂ ਲਿਖਤਾਂ ਇਤਿਹਾਸਕ ਅਹਿਮੀਅਤ ਵਾਲੀਆਂ ਅਤੇ ਨਿਵੇਕਲਾ ਸਥਾਨ ਰੱਖਦੀਆਂ ਹਨ।
ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਗ਼ਦਰੀਆਂ ਤੋਂ ਕਿਰਤੀ ਬਣੇ ਇਨਕਲਾਬੀਆਂ ਦੀ ਬੇਮਿਸਾਲ ਦੇਣ ਤੋਂ ਵਾਕਫ ਹਲਕਿਆਂ ਲਈ ਬਾਬਾ ਹਰਜਾਪ ਸਿੰਘ ਮਾਹਿਲਪੁਰ (ਹੁਸ਼ਿਆਰਪੁਰ) ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ। ਉਹ ਸਿਰਕੱਢ ਗ਼ਦਰੀ ਇਨਕਲਾਬੀ ਅਤੇ ਮਕਬੂਲ ਆਵਾਮੀ ਆਗੂ ਸਨ। ਉਨ੍ਹਾਂ ਨੇ ਵੀ ਆਪਣੇ ਘਰ-ਪਰਿਵਾਰ ਦੀ ਗ਼ਰੀਬੀ ਕੱਟਣ ਲਈ ਉਸ ਜ਼ਮਾਨੇ ਦੇ ਹੋਰ ਸਾਧਾਰਨ ਨੌਜਵਾਨਾਂ ਵਾਂਗ ਪਰਵਾਸ ਦਾ ਰਾਹ ਅਖ਼ਤਿਆਰ ਕੀਤਾ। ਅਮਰੀਕਾ ਦੀ ਆਜ਼ਾਦ ਫ਼ਿਜ਼ਾ ਅਤੇ ਪਰਵਾਸ ਦੇ ਮੁਸ਼ਕਿਲ ਹਾਲਾਤ ਵਿਚ ਰਹਿੰਦਿਆਂ ਆਪਣੇ ਹੋਰ ਸਮਕਾਲੀ ਪਰਵਾਸੀਆਂ ਵਾਂਗ ਉਹ ਵੀ ਨਿੱਜ ਦੀ ਬਿਹਤਰੀ ਤੋਂ ਉਪਰ ਉਠ ਕੇ ਸਮੁੱਚੇ ਦੇਸ਼ ਵਾਸੀਆਂ ਦੀ ਤਕਦੀਰ ਬਦਲਣ ਦੇ ਸਮੂਹਿਕ ਕਾਜ ਨੂੰ ਪ੍ਰਨਾਏ ਗਏ। ਇਕ ਵਾਰ ਇਸ ਰਾਹੇ ਪੈ ਕੇ ਉਨ੍ਹਾਂ ਦੁਬਾਰਾ ਪਿੱਛੇ ਮੁੜ ਕੇ ਨਹੀਂ ਦੇਖਿਆ। ਹੱਥਲੀ ਕਿਤਾਬ ਦੇ ਹਰ ਪੰਨੇ ਉਪਰ ਉਨ੍ਹਾਂ ਦੀ ਇਨਕਲਾਬੀ ਖ਼ੂਬੀਆਂ ਨਾਲ ਲਬਰੇਜ਼ ਅਜ਼ੀਮ ਕਰਮਯੋਗੀ ਸ਼ਖਸੀਅਤ ਦੇ ਨਕਸ਼ ਉਘੜਦੇ ਹਨ। ਆਪਣੇ ਸਮਕਾਲੀ ਇਨਕਲਾਬੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਕਿੰਨਾ ਮਾਣ-ਸਤਿਕਾਰ ਸੀ, ਇਸ ਦਾ ਅੰਦਾਜ਼ਾ ਮਸ਼ਹੂਰ ਇਨਕਲਾਬੀ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਦੇ ਬੇਟੇ ਸ਼ ਹਰਦੇਵ ਸਿੰਘ ਵਲੋਂ ਕੀਤੇ ਅਹਿਮ ਖੁਲਾਸੇ ਤੋਂ ਲਗਾਇਆ ਜਾ ਸਕਦਾ ਹੈ। ਮਾਸਟਰ ਕਾਬਲ ਸਿੰਘ ਆਪਣੇ ਸਮਿਆਂ ਦੇ ਬਹੁਤ ਕੱਦਾਵਰ ਇਨਕਲਾਬੀ ਹੋਏ ਹਨ। ਸ਼ ਹਰਦੇਵ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਜੀ ਬਾਬਾ ਹਰਜਾਪ ਸਿੰਘ ਨੂੰ ‘ਸਤਿਗੁਰੂ’ ਕਹਿ ਕੇ ਮੁਖ਼ਾਤਬ ਹੁੰਦੇ ਸਨ। ਇਸ ਤੋਂ ਪਤਾ ਚਲਦਾ ਹੈ ਕਿ ਬਾਬਾ ਜੀ ਬਾਰੇ ਮਾਸਟਰ ਕਾਬਲ ਸਿੰਘ ਅਤੇ ਹੋਰ ਇਨਕਲਾਬੀ ਦੇਸ਼-ਭਗਤਾਂ ਦੇ ਦਿਲਾਂ ‘ਚ ਕਿੰਨਾ ਡੂੰਘਾ ਸਤਿਕਾਰ ਸੀ ਅਤੇ ਉਨ੍ਹਾਂ ਦਾ ਇਨਕਲਾਬੀ ਕੱਦ ਕਿੰਨਾ ਉਚਾ ਸੀ।
ਜੇ ਐਡੀ ਕੱਦਾਵਰ ਸ਼ਖਸੀਅਤ ਦੀ ਜੇਲ੍ਹ ਡਾਇਰੀ ਅਤੇ ਹੋਰ ਲਿਖਤਾਂ ਦਾ ਸੰਗ੍ਰਿਹ ਇਨ੍ਹਾਂ ਲਿਖਤਾਂ ਦੇ ਲਿਖੇ ਜਾਣ ਤੋਂ ਐਨੇ ਲੰਮੇ ਅਰਸੇ, ਪੌਣੀ ਸਦੀ, ਬਾਅਦ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਰਿਹਾ ਹੈ ਤਾਂ ਸਪਸ਼ਟ ਹੈ ਕਿ ਆਪਣੇ ਅਣਮੋਲ ਤਵਾਰੀਖ਼ੀ ਸਰਮਾਏ ਪ੍ਰਤੀ ਪੰਜਾਬੀਆਂ ਦਾ ਰਵੱਈਆ ਕੀ ਹੈ! ਪਹਿਲਾਂ ਵੀ ਬਾਬਾ ਜੀ ਦੀ ਜੇਲ੍ਹ ਡਾਇਰੀ ਜੋ ਕਈ ਦਹਾਕੇ ਇਧਰ-ਉਧਰ ਰੁਲਦੀ ਹੋਈ ਆਖ਼ਿਰ ਅਧੂਰੀ ਸ਼ਕਲ ‘ਚ ਹਾਸਲ ਹੋਈ ਸੀ, ਲਿਖੇ ਜਾਣ ਤੋਂ ਤਕਰੀਬਨ 55 ਸਾਲ ਬਾਅਦ ਉਨ੍ਹਾਂ ਦੀ ਬੇਟੀ ਬੀਬੀ ਗੁਰਮੀਤ ਕੌਰ ਧਾਮੀ ਅਤੇ ਉਨ੍ਹਾਂ ਦੇ ਪਤੀ ਸ਼ ਇਕਬਾਲ ਸਿੰਘ ਧਾਮੀ ਦੇ ਉਦਮ ਨਾਲ 1998 ਵਿਚ ਪਾਠਕਾਂ ਦੇ ਹੱਥਾਂ ‘ਚ ਪਹੁੰਚੀ ਸੀ। ਇਸ ਡਾਇਰੀ ਦੇ ਅਣਗੌਲੇ ਰਹਿਣ ਦੀ ਤ੍ਰਾਸਦੀ ਦਾ ਜ਼ਿਕਰ ਜੇਲ੍ਹ ਡਾਇਰੀ ਦੇ ਤੁਆਰਫ ਵਿਚ ਕੀਤਾ ਗਿਆ ਹੈ। ਜਦੋਂ ਇਹ ਕਿਤਾਬੀ ਸ਼ਕਲ ਵਿਚ ਪਾਠਕਾਂ, ਵਿਦਵਾਨਾਂ ਅਤੇ ਗ਼ਦਰ ਲਹਿਰ ਦੇ ਇਨਕਲਾਬੀ ਉਦੇਸ਼ ਦੇ ਕਦਰਦਾਨਾਂ ਕੋਲ ਪਹੁੰਚੀ, ਉਦੋਂ ਹਰ ਕਿਸੇ ਨੂੰ ਇਹ ਅਹਿਸਾਸ ਹੋਇਆ ਕਿ ਅਜੇ ਤਾਂ ਅਸੀਂ ਆਪਣੀ ਇਨਕਲਾਬੀ ਵਿਰਾਸਤ ਦੇ ਇਸ ਵਸੀਹ ਖ਼ਜ਼ਾਨੇ ਦੀ ਪੂਰੀ ਥਾਹ ਪਾਉਣ ਪੱਖੋਂ ਗੋਹੜੇ ਵਿਚੋਂ ਪੂਣੀ ਵੀ ਨਹੀਂ ਕੱਤੀ। ਗ਼ਦਰੀ ਇਨਕਲਾਬੀਆਂ ਬਾਰੇ ਇਤਿਹਾਸ ਦੇ ਗੁੰਮਨਾਮ ਪੰਨਿਆਂ ਵਿਚ ਖਿੰਡੀ-ਪੁੰਡੀ ਜਾਣਕਾਰੀ ਦਾ ਜਿਥੇ ਕਿਤੇ ਵੀ ਕੋਈ ਟੁੱਟਵਾਂ ਵੇਰਵਾ ਮਿਲਦਾ ਹੈ, ਉਹ ਬਾਬਾ ਹਰਜਾਪ ਸਿੰਘ ਦੀ ਸਿਰਕੱਢ ਆਗੂ ਭੂਮਿਕਾ ਦੀ ਸਾਡੇ ਕੋਲ ਹੁਣ ਤਕ ਹਾਸਲ ਅਧੂਰੀ ਤਸਵੀਰ ਵਿਚ ਨਵਾਂ ਨਕਸ਼ ਹੋ ਨਿੱਬੜਦਾ ਹੈ। ਜ਼ਿਆਦਾਤਰ ਗ਼ਦਰੀ ਇਨਕਲਾਬੀਆਂ ਵਾਂਗ ਬਾਬਾ ਜੀ ਦੇ ਲੰਮੇਰੇ ਇਨਕਲਾਬੀ ਜੀਵਨ-ਪੰਧ ਦੇ ਗੁੰਮਨਾਮੀ ਹੰਢਾਅ ਰਹੇ ਵੇਰਵੇ ਖੋਜ ਕੇ ਸਾਹਮਣੇ ਲਿਆਉਣ ਦਾ ਕੰਮ ਅਜੇ ਵੀ ਅਧੂਰਾ ਹੀ ਹੈ।
ਹੁਕਮਰਾਨ ਜਮਾਤ ਤਾਂ ਇਨਕਲਾਬੀ ਦੇਸ਼-ਭਗਤਾਂ ਦੇ ਸ਼ਾਨਦਾਰ ਇਤਿਹਾਸ ਨੂੰ ਜਾਣ-ਬੁੱਝ ਕੇ ਦਬਾਈ ਰੱਖਣਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਸਾਡੇ ਸਿਰ ਤਲੀ ‘ਤੇ ਰੱਖ ਕੇ ਜੂਝਣ ਵਾਲੇ ਇਨਕਲਾਬੀ ਪੁਰਖਿਆਂ ਦੇ ਯੁੱਗ ਪਲਟਾਊ ਸੁਪਨਿਆਂ ਬਾਰੇ ਹਨੇਰੇ ‘ਚ ਰੱਖਿਆ ਜਾ ਸਕੇ, ਪਰ ਇਨਕਲਾਬੀ ਵਿਰਾਸਤ ਦੀਆਂ ਵਾਹਦ ਵਾਰਿਸ ਕਹਾਉਣ ਵਾਲੀਆਂ ਅਤੇ ਸਮਾਜਕ ਤਬਦੀਲੀ ਦੀਆਂ ਝੰਡਾ-ਬਰਦਾਰ ਤਾਕਤਾਂ ਆਪਣੇ ਵਿਰਸੇ ਦੀ ਡੂੰਘੀ ਤੇ ਭਰਵੀਂ ਖੋਜ ਪ੍ਰਤੀ ਐਨੀਆਂ ਬੇਮੁੱਖ ਅਤੇ ਅਵੇਸਲੀਆਂ ਕਿਉਂ ਹਨ? ਇਹ ਸਵਾਲ ਗੰਭੀਰਤਾ ਨਾਲ ਸੋਚ-ਵਿਚਾਰ ਦੀ ਮੰਗ ਕਰਦਾ ਹੈ। ਕੀ ਨੌਜਵਾਨ ਖੋਜਕਾਰ ਇਸ ਚੁਣੌਤੀ ਨੂੰ ਕਬੂਲ ਕਰਨਗੇ?
ਇਹ ਇਨਕਲਾਬੀ ਕਾਜ ਪ੍ਰਤੀ ਉਨ੍ਹਾਂ ਦੀ ਅਡੋਲ ਨਿਹਚਾ, ਰਾਜਸੀ ਸੂਝ ਅਤੇ ਵਚਨਬੱਧਤਾ ਦਾ ਹੀ ਪ੍ਰਤਾਪ ਸੀ ਕਿ ਗ਼ਦਰ ਪਾਰਟੀ ਨੂੰ ਮੁੜ ਜਥੇਬੰਦ ਕੀਤੇ ਜਾਣ ਵਕਤ ਉਨ੍ਹਾਂ ਨੂੰ ਨਾ ਸਿਰਫ਼ ਪਾਰਟੀ ਦੇ ਪ੍ਰਧਾਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ ਸਗੋਂ ਆਗੂ ਗੁੱਲੀ ਵਲੋਂ ਸਵੈ-ਪੜਚੋਲ ਤੇ ਸਵੈ-ਮੰਥਨ ਕਰ ਕੇ ਨਵੀਂ ਆਵਾਮੀ ਦਿਸ਼ਾ ਅਖਤਿਆਰ ਕਰਨ ਲਈ ਗ਼ਦਰ ਪਾਰਟੀ ਦਾ ਜੋ ਪਹਿਲਾ ਵਫ਼ਦ ਤੀਜੀ ਕਮਿਊਨਿਸਟ ਕੌਮਾਂਤਰੀ ਨਾਲ ਸਿੱਧਾ ਸਬੰਧ ਜੋੜਨ ਲਈ ਰੂਸ ਭੇਜਿਆ ਗਿਆ, ਉਸ ਦੇ ਆਗੂ ਵੀ ਬਾਬਾ ਹਰਜਾਪ ਸਿੰਘ ਨੂੰ ਬਣਾਇਆ ਗਿਆ ਸੀ। ਉਨ੍ਹਾਂ ਦੀਆਂ ਲਿਖਤਾਂ ਇਸ ਇਤਿਹਾਸਕ ਤੱਥ ਉਪਰ ਮੋਹਰ ਲਾਉਂਦੀਆਂ ਹਨ ਕਿ ਪੰਜਾਬ ਵਿਚ ਸਮਾਜਵਾਦੀ ਖਿਆਲਾਂ ਨੂੰ ਪ੍ਰਚਾਰਨ-ਪ੍ਰਸਾਰਨ ਤੇ ਮਕਬੂਲ ਬਣਾਉਣ ਅਤੇ ਮੁਢਲੀ ਕਮਿਊਨਿਸਟ ਜਥੇਬੰਦੀ ਖੜ੍ਹੀ ਕਰਨ ਵਿਚ ਗ਼ਦਰੀਆਂ ਤੇ ਕਿਰਤੀਆਂ ਦੀ ਕਿੰਨੀ ਵੱਡੀ ਦੇਣ ਸੀ।
ਬਾਬਾ ਹਰਜਾਪ ਸਿੰਘ ਦੀਆਂ ਹੱਥਲੀਆਂ ਲਿਖਤਾਂ ‘ਤੇ ਸਰਸਰੀ ਨਜ਼ਰ ਮਾਰਿਆਂ ਹੀ ਉਨ੍ਹਾਂ ਦੀ ਮਾਰਕਸਵਾਦ ਉਪਰ ਪਕੜ, ਰਾਜਸੀ ਸੂਝ-ਬੂਝ, ਦੂਰ-ਅੰਦੇਸ਼ੀ, ਸਾਫ਼ਗੋਈ ਅਤੇ ਇਮਾਨਦਾਰੀ ਪਾਠਕਾਂ ਦਾ ਧਿਆਨ ਖਿੱਚਦੀ ਹੈ। ਇਨਕਲਾਬੀ ਸਮਾਜਕ ਤਬਦੀਲੀ ਨੂੰ ਪ੍ਰਨਾਈ ਕਮਿਊਨਿਸਟ ਲਹਿਰ ਦੀਆਂ ਖਾਮੀਆਂ ਅਤੇ ਗ਼ਲਤੀਆਂ ਦੀ ਦਰੁਸਤੀ ਦੇ ਨਜ਼ਰੀਏ ਨਾਲ ਬੇਬਾਕ ਤੇ ਬੇਲਿਹਾਜ਼ ਆਲੋਚਨਾ ਅਤੇ ਬੌਧਿਕ ਲਫ਼ਾਜ਼ੀ ਤੋਂ ਮੁਕਤ ਸਰਲ ਟਿੱਪਣੀਆਂ ਉਨ੍ਹਾਂ ਦੀਆਂ ਲਿਖਤਾਂ ਦੀ ਖ਼ਾਸ ਖ਼ੂਬੀ ਹਨ। ਜੇਲ੍ਹ ਜ਼ਿੰਦਗੀ ਦੇ ਭਰਪੂਰ ਵੇਰਵੇ ਦੇਣ ਦੇ ਨਾਲ-ਨਾਲ ਉਹ ਵਿਅਕਤੀਆਂ ਤੋਂ ਲੈ ਕੇ ਸਮੁੱਚੀ ਲਹਿਰ ਤਕ, ਸਥਾਨਕ ਤੋਂ ਲੈ ਕੇ ਕੌਮੀ ਤੇ ਇਸ ਤੋਂ ਵੀ ਅੱਗੇ ਕੌਮਾਂਤਰੀ ਲਹਿਰ ਤਕ, ਹਰ ਪਹਿਲੂ ਦੀ ਬੇਲਿਹਾਜ਼ ਪੜਚੋਲ ਕਰਦੇ ਹਨ। ਇਸ ਦੀ ਬੁਨਿਆਦ ਉਨ੍ਹਾਂ ਦਾ ਆਪਣਾ ਬੇਦਾਗ਼ ਕਿਰਦਾਰ ਅਤੇ ਡੂੰਘੀ ਨੀਝ ਨਾਲ ਸਿਆਸੀ ਤੇ ਸਮਾਜੀ ਵਰਤਾਰਿਆਂ ਤੇ ਸ਼ਖਸੀਅਤਾਂ ਨੂੰ ਘੋਖਣ-ਸਮਝਣ ਦਾ ਪਾਰਖੂ ਨਜ਼ਰੀਆ ਹੈ। ਮਿਸਾਲ ਵਜੋਂ, ਕਮਿਊਨਿਸਟ ਪਾਰਟੀ ਵਲੋਂ Ḕਲੋਕਾਂ ਦੀ ਜੰਗḔ ਦੇ ਨਾਂ ਹੇਠ ਬਰਤਾਨਵੀ ਬਸਤੀਵਾਦ ਦੇ ਖਿਲਾਫ ਜੰਗੇ-ਆਜ਼ਾਦੀ ਨੂੰ ਤਿਲਾਂਜਲੀ ਦੇ ਕੇ ਬਰਤਾਨਵੀ ਰਾਜ ਦੀ ਸੇਵਾ ਵਿਚ ਲੱਗ ਜਾਣ, ਸੁਭਾਸ਼ ਚੰਦਰ ਬੋਸ ਤੇ ਕਾਂਗਰਸ ਨੂੰ ਗ਼ੱਦਾਰ ਕਰਾਰ ਦੇਣ ਅਤੇ ਕਾਂਗਰਸ ਦੇ 8 ਅਗਸਤ 1942 ਦੇ ਮਤੇ (ਕਰੋ ਜਾਂ ਮਰੋ) ਦੇ ਅੰਨ੍ਹੇ ਵਿਰੋਧ ਅਤੇ ਕਮਿਊਨਿਸਟ ਪਾਰਟੀ ਵਲੋਂ ਪਾਕਿਸਤਾਨ ਦੇ ਹੱਕ ਵਿਚ ਬੇਤੁਕਾ ਸਟੈਂਡ ਲੈਣ ਵਗੈਰਾ ਘਾਤਕ ਪੈਂਤੜਿਆਂ ਬਾਰੇ ਉਨ੍ਹਾਂ ਦਾ ਵਿਸ਼ਲੇਸ਼ਣ ਗ਼ੌਰਤਲਬ ਹੈ। ਉਨ੍ਹਾਂ ਦੇ ਦੂਰਅੰਦੇਸ਼ ਨਿਰਣੇ ਸਮਕਾਲੀ ਹਾਲਤ ਉਪਰ ਉਨ੍ਹਾਂ ਦੀ ਰਾਜਸੀ ਪਕੜ ਦਾ ਜ਼ਾਹਰਾ ਸਬੂਤ ਹਨ। ਕਾਂਗਰਸ ਦੀ ਟਿਕਟ ‘ਤੇ ਜਿੱਤੇ ਸੱਤ ਕਮਿਊਨਿਸਟ ਵਿਧਾਨ ਸਭਾ ਮੈਂਬਰਾਂ ਵਲੋਂ ਜੇਲ੍ਹਾਂ ਤੋਂ ਰਿਹਾ ਹੋ ਕੇ ਕਾਂਗਰਸ ਦੇ ਅੰਦੋਲਨ ਦੇ ਵਿਰੋਧ ਵਿਚ ਖੜ੍ਹਨ ਨੂੰ ਗ਼ਲਤ ਅਤੇ ਸ਼ਰਮਨਾਕ ਕਰਾਰ ਦਿੰਦਿਆਂ ਉਹ ਲਿਖਦੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੇ ਫ਼ਤਵੇ ਦੇ ਉਲਟ ਜਾ ਕੇ ਇੰਜ ਕਰਨ ਦਾ ਕੋਈ ਹੱਕ ਨਹੀਂ ਸੀ। ਜੇ ਉਨ੍ਹਾਂ ਦੀ ਸੋਚ ਬਦਲ ਗਈ ਸੀ ਤਾਂ ਉਹ ਅਸਤੀਫ਼ੇ ਦੇ ਕੇ ਅਜਿਹਾ ਕਰਦੇ ਅਤੇ ਦੁਬਾਰਾ ਚੋਣ ਲੜਦੇ।
ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਕਿਰਤੀ ਗਰੁਪ ਦੇ ‘ਕੌਮੀਅਤ ਸਵਾਲ’ ਬਾਰੇ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਦੀ ਫਾਰਮੂਲੇਸ਼ਨ ਅਤੇ ਸੋਵੀਅਤ ਯੂਨੀਅਨ ਉਪਰ ਹਮਲੇ ਉਪਰੰਤ ‘ਪੀਪਲਜ਼ ਵਾਰ ਦੀ ਲਾਈਨ’ ਬਾਰੇ ਜ਼ੋਰਦਾਰ ਇਤਰਾਜ਼ ਸਨ। ਇਸ ਕਾਰਨ ਦੋਵਾਂ ਧੜਿਆਂ ਦਰਮਿਆਨ ਮੱਤਭੇਦ ਹੋਰ ਡੂੰਘੇ ਹੋ ਗਏ। ਕਿਰਤੀ ਸਮਝਦੇ ਸਨ ਕਿ ਸੀæਪੀæਆਈæ ਵਲੋਂ ਉਨ੍ਹਾਂ ਉਪਰ ਆਪਣੀ ਲਾਈਨ ਜਬਰੀ ਥੋਪੀ ਜਾ ਰਹੀ ਹੈ। ਇਸ ਦਾ ਸਿੱਟਾ ਓੜਕ 1947 ਵਿਚ ਕਿਰਤੀਆਂ ਵਲੋਂ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿਚ ਕਮਿਊਨਿਸਟ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਲੈਣ ਅਤੇ ਲਾਲ ਪਾਰਟੀ ਬਣਾਏ ਜਾਣ ਵਿਚ ਨਿਕਲਿਆ ਸੀ। ਖੁਦ ਹਰਕਿਸ਼ਨ ਸਿੰਘ ਸੁਰਜੀਤ ਨੇ ਵੀ ਬਾਅਦ ਵਿਚ ਇਸ ਦੀ ਖ਼ਾਸਾ-ਬਿਆਨੀ ‘ਕੌਮੀਅਤ ਸਵਾਲ ਬਾਰੇ ਥਿੜ੍ਹਕਣ’ ਵਜੋਂ ਕੀਤੀ ਸੀ।
ਬਾਬਾ ਹਰਜਾਪ ਸਿੰਘ ਆਪਣੀਆਂ ਲਿਖਤਾਂ ਵਿਚ ਜਿਥੇ ਬਹੁਤ ਤਫ਼ਸੀਲ ਵਿਚ ਜਾ ਕੇ ਰੂਸੀ ਇਨਕਲਾਬ, ਲੈਨਿਨ ਦੀ ਇਤਿਹਾਸਕ ਆਗੂ ਭੂਮਿਕਾ ਅਤੇ ਸਮਾਜਵਾਦੀ ਰਾਜ ਦੀ ਉਸਾਰੀ ਦੀਆਂ ਬੇਮਿਸਾਲ ਬਰਕਤਾਂ ਅਤੇ ਪ੍ਰਾਪਤੀਆਂ ਦੇ ਵੇਰਵੇ ਦਿੰਦੇ ਹਨ, ਉਥੇ ਜਦੋਂ ਉਨ੍ਹਾਂ ਨੂੰ ਬਾਲਸ਼ਵਿਕ ਪਾਰਟੀ ਜਾਂ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਕੋਈ ਸਿਧਾਂਤਕ ਥਿੜ੍ਹਕਣ ਨਜ਼ਰ ਆਈ ਤਾਂ ਉਨ੍ਹਾਂ ਨੇ ਇਸ ਦਾ ਵੀ ਗੰਭੀਰ ਨੋਟਿਸ ਲਿਆ। ਉਹ ਬਾਲਸ਼ਵਿਕ ਪਾਰਟੀ ਵਲੋਂ ‘ਆਪਣੇ ਆਦਰਸ਼’- ਕੌਮਾਂਤਰੀ ਕਾਜ- ਨੂੰ ਤਿਆਗ ਕੇ ਆਪਣੇ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਨੀਤੀ ਅਖਤਿਆਰ ਕਰਨ ਅਤੇ ਦੂਜੀ ਸੰਸਾਰ ਜੰਗ ਦੌਰਾਨ (21 ਮਈ 1943 ਨੂੰ) ਕਾਮਰੇਡ ਸਤਾਲਿਨ ਦੀ ਅਗਵਾਈ ਹੇਠ ਕੌਮਾਂਤਰੀ ਦੀ ਲੀਡਰਸ਼ਿਪ ਵਲੋਂ ਕਮਿਊਨਿਸਟ ਕੌਮਾਂਤਰੀ ਨੂੰ ਤੋੜ ਦੇਣ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ‘ਰੂਸ ਦੀ ਖਾਤਰ ਕੌਮਾਂਤਰੀ ਇਨਕਲਾਬ ਨੂੰ ਕੁਰਬਾਨ ਕਰਨਾ’ ਅਤੇ ‘ਪ੍ਰੋਲੇਤਾਰੀ ਇਨਕਲਾਬ ਦੇ ਵੱਡੇ ਆਦਰਸ਼ ਤੋਂ ਪਤਿਤ ਹੋਣਾ’ ਕਰਾਰ ਦਿੰਦਿਆਂ ਲਿਖਦੇ ਹਨ ਕਿ “ਪ੍ਰੋਲੇਤਾਰੀ ਇਨਕਲਾਬ ਤੋਂ ਸਤਾਲਿਨ ਦੀ ਇਹ ਗ਼ੱਦਾਰੀ ਕਮਿਊਨਿਜ਼ਮ ਦੇ ਇਤਿਹਾਸ ਵਿਚ ਮੋਟੇ ਤੇ ਕਾਲੇ ਅੱਖਰਾਂ ਨਾਲ ਲਿਖੀ ਜਾਵੇਗੀ।”
ਇਕ ਹੋਰ ਮਿਸਾਲ ਉਨ੍ਹਾਂ ਵਲੋਂ ਲਿਖਿਆ ਨੋਟ ਹੈ ਜੋ ਖ਼ਸਤਾ ਹਾਲ ਕਾਗਜ਼ ਉਪਰ ਲਿਖਿਆ ਮਿਲਿਆ। ਇਸ ਉਪਰ ਦਰਜ ਹੈ ਕਿ “ਜਦੋਂ 1946 ਵਿਚ ਬਰਤਾਨਵੀ ਪਾਰਲੀਮੈਂਟ ਵਿਚ ਹਿੰਦੁਸਤਾਨ ਦੀ ਆਜ਼ਾਦੀ ਦਾ ਬਿੱਲ ਪੇਸ਼ ਹੋਇਆ, ਤਾਂ ਉਸ ਵੇਲੇ ਚਰਚਿਲ ਨੇ ਕਿਹਾ ਕਿ ਬੇਸ਼ਕ ਆਜ਼ਾਦੀ ਹਰ ਮਨੁੱਖ ਦਾ ਪੈਦਾਇਸ਼ੀ ਹੱਕ ਹੈ ਪਰ ਇਸ ਮੌਕੇ ਬਰਤਾਨਵੀ ਹਕੂਮਤ ਵਲੋਂ ਹਕੂਮਤ ਦੀ ਵਾਗਡੋਰ ਕਾਂਗਰਸ ਪਾਰਟੀ ਨੂੰ ਸੌਂਪਣਾ ਲੱਖਾਂ ਫ਼ਾਕਾਕਸ਼ੀ ਦਾ ਸ਼ਿਕਾਰ ਲੋਕਾਂ ਦੀ ਕਿਸਮਤ ਨੂੰ ਗੁੰਡਿਆਂ, ਲੁਟੇਰਿਆਂ ਦੇ ਹਵਾਲੇ ਕਰਨਾ ਹੈ। ਪਾਣੀ ਦੀ ਬੋਤਲ ਜਾਂ ਰੋਟੀ ਦੀ ਬੁਰਕੀ ਵੀ ਬਗੈਰ ਟੈਕਸ ਤੋਂ ਲੋਕਾਂ ਨੂੰ ਨਹੀਂ ਮਿਲ ਸਕੇਗੀ। ਸਿਰਫ ਹਵਾ ਹੀ ਲੋਕਾਂ ਨੂੰ ਮੁਫ਼ਤ ਮਿਲੇਗੀ। ਲੱਖਾਂ ਲੋਕਾਂ ਦੇ ਖ਼ੂਨ-ਖ਼ਰਾਬੇ ਲਈ ਮਿਸਟਰ ਐਟਲੀ ਜ਼ਿੰਮੇਵਾਰ ਹੋਵੇਗਾ ਅਤੇ ਭਾਰਤ ਦੇ ਆਪਸੀ ਝਗੜੇ ਹੀ ਇਸ ਨੂੰ ਤਬਾਹ ਕਰ ਦੇਣਗੇ।” ਕਾਂਗਰਸ ਦੀ ਅਗਵਾਈ ਹੇਠ ਉਸਰੇ ‘ਆਜ਼ਾਦ’ ਭਾਰਤ ਦੀ ਜੋ ਅਸਲ ਤਾਸੀਰ ਪਿੱਛੋਂ ਸਾਹਮਣੇ ਆਈ, ਉਸ ਬਾਰੇ ਇਹ ਟਿੱਪਣੀ ਕਿੰਨੀ ਢੁੱਕਵੀਂ ਹੈ। ਆਜ਼ਾਦੀ ਬਾਰੇ ਉਹ ਲਿਖਦੇ ਹਨ, “ਅੰਗਰੇਜ਼ੀ ਸਾਮਰਾਜ ਦੇ ਦੇਸ਼ ਛੱਡਣ ਪਿਛੋਂ ਅਸੀਂ ਇਹ ਸਮਝਿਆ ਸੀ ਕਿ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਹੈ, ਪਰ ਅਸੀਂ ਅੱਜ 18 ਸਾਲ ਪਿੱਛੋਂ ਜਦੋਂ ਦੇਸ਼ ਦੇ ਹਰ ਪਹਿਲੂ ‘ਤੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਅੱਜ ਵੀ ਆਜ਼ਾਦੀ ਦੇ 18 ਸਾਲਾਂ ਪਿੱਛੋਂ ਵੀ ਉਸ ਤੋਂ ਵੀ ਵੱਡਾ ਬਣ ਕੇ ਬੜੇ ਭਿਆਨਕ ਰੂਪ ‘ਚ ਸਾਡੇ ਸਾਹਮਣੇ ਖੜ੍ਹਾ ਹੈ।” ਜੁਲਾਈ 1970 ਵਿਚ ਉਨ੍ਹਾਂ ਨੇ ਲਿਖਿਆ, “ਜਿਨ੍ਹਾਂ ਸੁਪਨਿਆਂ ਨੂੰ ਸਾਹਮਣੇ ਰੱਖ ਕੇ ਮੈਂ ਤੇ ਮੇਰੇ ਵਰਗੇ ਹੋਰ ਅਨੇਕਾਂ ਦੇਸ਼ ਪਿਆਰੇ ਜੰਗ-ਏ-ਆਜ਼ਾਦੀ ਦੇ ਰਣ ਵਿਚ ਨਿਤਰੇ ਸਨ, ਉਹ ਸਾਕਾਰ ਨਹੀਂ ਹੋਏ ਅਤੇ ਨਾ ਹੀ ਅਜੇ ਸੰਭਾਵਨਾ ਹੈ। ਮੈਂ ਤੇ ਮੇਰੇ ਵਰਗੇ ਹੋਰ ਕਈ ਜੰਗ-ਏ-ਆਜ਼ਾਦੀ ਦੇ ਘੁਲਾਈਏ ਬੁਢਾਪੇ ਦੀ ਡੰਗੋਰੀ ਦੇ ਸਹਾਰੇ ਜਿਉਂਦੇ ਜੀ ਦੇਸ਼ ਦੀ ਨਾਜ਼ੁਕ ਦਸ਼ਾ ਵੇਖ ਕੇ ਬੇਬਸੀ ਦੇ ਅੱਥਰੂ ਕੇਰ ਰਹੇ ਹਾਂ।”
ਬਾਬਾ ਹਰਜਾਪ ਸਿੰਘ ਨੇ ਕਮਿਊਨਿਸਟ ਲਹਿਰ ਅੰਦਰਲੇ ਗ਼ੈਰ-ਕਮਿਊਨਿਸਟ ਅਤੇ ਘਾਤਕ ਹੱਦ ਤਕ ਨੁਕਸਾਨਦੇਹ ਰੁਝਾਨਾਂ ਨੂੰ ਨੇੜਿਓਂ ਦੇਖਿਆ; ਖ਼ਾਸ ਕਰ ਕੇ ਜੇਲ੍ਹ ਜ਼ਿੰਦਗੀ ਦੌਰਾਨ ਉਨ੍ਹਾਂ ਦੇ ਨਾਲ ਵਿਚਰਦਿਆਂ ਹੋਇਆਂ। ਉਹ ਲਿਖਦੇ ਹਨ ਕਿ ਮਨੁੱਖ ਕਿਤੇ ਵੀ ਚਲਿਆ ਜਾਵੇ, ਉਸ ਦਾ ਸਰਮਾਇਆ, ਉਸ ਦੀਆਂ ਸੁਭਾਵਿਕ ਖ਼ੂਬੀਆਂ ਜਾਂ ਨੇਕ ਖ਼ੂਬੀਆਂ, ਆਪਣੇ ਜੌਹਰ ਦਿਖਾਏ ਬਿਨਾਂ ਨਹੀਂ ਰਹਿ ਸਕਦੀਆਂ। ਜਦੋਂ ਇਨਸਾਨ ਦੀ ਪਰਖ ਹੁੰਦੀ ਹੈ, ਉਦੋਂ ਉਸ ਦੀਆਂ ਕਮਜ਼ੋਰੀਆਂ ਉਘੜ ਕੇ ਸਾਹਮਣੇ ਆਉਂਦੀਆਂ ਹਨ। ਦਿਓਲੀ ਅਤੇ ਮੁਜ਼ੱਫ਼ਰਨਗਰ ਜੇਲ੍ਹ ਕੈਂਪਾਂ ਦੀ ਜ਼ਿੰਦਗੀ ਦੌਰਾਨ ਉਹ ਕਮਿਊਨਿਸਟਾਂ ਦੀਆਂ ‘ਸ਼ੈਤਾਨੀ ਭਰੀਆਂ ਚਾਲਾਂ’ ਨੂੰ ਅੱਖੀਂ ਦੇਖਦੇ ਹਨ ਅਤੇ ਲਿਖਦੇ ਹਨ, “ਸਾਡੇ ਵਿਚ ਭੰਨ-ਤੋੜ ਦੀ ਸ਼ਕਤੀ ਉਤਮ ਕਾਰਜਾਂ ਤੋਂ ਵਧੇਰੇ ਹੈ। ਕਾਸ਼! ਉਸਾਰੂ ਰੁਚੀ ਵੀ ਪ੍ਰਾਪਤ ਹੋਵੇ।” ਉਹ ਪੂਰੀ ਬੇਬਾਕੀ ਨਾਲ ਬਿਆਨ ਕਰਦੇ ਹਨ, ਕਿਵੇਂ ਇਕੋ ਕਾਜ ਨੂੰ ਪ੍ਰਨਾਏ ਹੋਣ ਦੇ ਬਾਵਜੂਦ ਸਾਥੀਆਂ ਦੇ ਦਿਲਾਂ ਵਿਚ ਬਹੁਤ ਜ਼ਿਆਦਾ ਦੂਰੀਆਂ ਸਨ। ਮਾਸਟਰ ਕਾਬਲ ਸਿੰਘ ਵਰਗੇ ਸੂਝਵਾਨ ਸਾਥੀਆਂ ਦੀ ਰਾਇ ਠੀਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਸਾਜ਼ਿਸ਼ਾਂ ਕੀਤੀਆਂ ਗਈਆਂ। ਉਹ ਕਹਿੰਦੇ ਹਨ ਕਿ ਜੇ ਹਕੂਮਤ ਇਨਕਲਾਬੀਆਂ ਨੂੰ ਗ੍ਰਿਫ਼ਤਾਰ ਕਰ ਕੇ ਕੇਂਦਰੀ ਕੈਂਪ ਵਿਚ ਇਕੱਠੇ ਨਾ ਕਰਦੀ ਤਾਂ ਇਕ-ਦੂਜੇ ਦਾ ਨੇੜਿਓਂ ਅਧਿਐਨ ਕਰਨ ਅਤੇ ਇਕ-ਦੂਜੇ ਦੀਆਂ ਖ਼ਸਲਤਾਂ ਤੇ ਵਿਸ਼ੇਸ਼ਤਾਈਆਂ ਨੂੰ ਸਮਝਣ ਦਾ ‘ਏਡਾ ਵੱਡਾ ਰਾਜਸੀ ਤਜਰਬਾ ਕਰਨ’ ਦਾ ਅਵਸਰ ਸਾਨੂੰ ਲੱਖਾਂ ਰੁਪਏ ਖ਼ਰਚ ਕੇ ਵੀ ਨਹੀਂ ਸੀ ਮਿਲਣਾ! ਉਹ ਲਿਖਦੇ ਹਨ ਕਿ ਜਦੋਂ ਕਮਿਊਨਿਸਟ ਆਪਣੀਆਂ ਵਿਰੋਧਤਾਈਆਂ ਨੂੰ ਜ਼ਿਦ ਦੀ ਹੱਦ ਤਕ ਖਿੱਚ ਕੇ ਲੈ ਜਾਂਦੇ ਹਨ ਤਾਂ ਇਨਕਲਾਬ ਦੇ ਕਾਜ ਅਤੇ ਪਾਰਟੀ ਦੇ ਹਿੱਤਾਂ ਦਾ ਬੇਥਾਹ ਨੁਕਸਾਨ ਹੋ ਜਾਂਦਾ ਹੈ। ਇਸ ਘਾਟੇ ਦੀ ਪੂਰਤੀ ਕਦੇ ਨਹੀਂ ਹੋ ਸਕਦੀ।
ਕਮਿਊਨਿਸਟ ਇਖ਼ਲਾਕ ਦੇ ਪੱਖੋਂ ਨਿਘਾਰ ਦੀ ਖ਼ਾਸ ਮਿਸਾਲ ਉਹ ਦਿਓਲੀ ਕੈਂਪ ਵਿਚ ਹੋਈ ਭੁੱਖ ਹੜਤਾਲ ਦੀ ਦਿੰਦੇ ਹਨ ਜਿਥੇ ਕੁਝ ਕਮਿਊਨਿਸਟ ਆਗੂ ਨਿੱਜੀ ਸਹੂਲਤਾਂ ਲਈ ਜੇਲ੍ਹ ਅਧਿਕਾਰੀਆਂ ਨਾਲ ਮੇਲ-ਮਿਲਾਪ ਰੱਖਦੇ ਰਹੇ ਅਤੇ ਆਪਣੀਆਂ ਮੰਗਾਂ ਪ੍ਰਤੀ ਜਦੋਜਹਿਦ ਨੂੰ ਕਿਸੇ ਤਣ-ਪੱਤਣ ਲਗਾਏ ਬਿਨਾਂ ਹੀ ਭੁੱਖ ਹੜਤਾਲ ਬਿਨਾਂ ਸ਼ਰਤ ਵਾਪਸ ਲੈ ਲਈ ਗਈ। ਸਿਰਫ਼ 56 ਦੇਸ਼ ਭਗਤਾਂ ਵਲੋਂ ਹੀ ਹੜਤਾਲ ਨੂੰ ਜਿੱਤ ਤਕ ਜਾਰੀ ਰੱਖਿਆ ਗਿਆ।
ਜੇਲ੍ਹ ਅੰਦਰ ਆਗੂਆਂ ਦੀ ਤੰਗ-ਨਜ਼ਰੀ ਦੇ ਭਰਪੂਰ ਦੀਦਾਰ ਹੋਏ। ਨਾਪਸੰਦ ਸਾਥੀਆਂ ਦੇ ਸਮਾਜਕ ਬਾਈਕਾਟ ਤਕ ਦੀ ਨੌਬਤ ਆਉਂਦੀ ਰਹੀ। ਕਮਿਊਨਿਸਟ ਲੀਡਰਸ਼ਿਪ ਦੀਆਂ ਬੱਜਰ ਗ਼ਲਤੀਆਂ ਬਹੁਤ ਸਾਰੇ ਕੁਰਬਾਨੀਆਂ ਵਾਲੇ ਨਿਹਚਾਵਾਨ ਸਾਥੀਆਂ ਵਿਚ ਭਾਰੀ ਬਦਜ਼ਨੀ ਪੈਦਾ ਕਰਨ, ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਧੱਕਣ ਦਾ ਕਾਰਨ ਬਣਦੀਆਂ ਰਹੀਆਂ। ਬਾਬਾ ਹਰਜਾਪ ਸਿੰਘ ‘ਇਤਿਹਾਸਕ ਲੋੜ’ ਦੇ ਨਾਂ ਹੇਠ ਕਮਿਊਨਿਸਟ ਪਾਰਟੀ ਵਲੋਂ ਆਜ਼ਾਦੀ ਚਾਹੁਣ ਵਾਲੀਆਂ ਪਾਰਟੀਆਂ ਵਿਚ ਫੁੱਟ ਪਾਉਣ ਦੀ ਵੀ ਤਿੱਖੀ ਆਚੋਲਨਾ ਕਰਦੇ ਹਨ। ਇਸ ਨੂੰ ਕਮਿਊਨਿਸਟ ਲਹਿਰ ਦੀ ਬਦਕਿਸਮਤੀ ਹੀ ਕਹਿ ਲਓ ਜੋ ਆਪਣੇ ਕਾਜ ਨੂੰ ਅੱਗੇ ਵਧਾਉਣ ਅਤੇ ਆਪਣੀਆਂ ਗ਼ਲਤੀਆਂ ਤੇ ਘਾਟਾਂ-ਕਮਜ਼ੋਰੀਆਂ ਦੀ ਸ਼ਨਾਖਤ ਕਰਨ ਲਈ ਬਾਬਾ ਹਰਜਾਪ ਸਿੰਘ ਵਰਗੇ ਸੂਝਵਾਨ ਰਾਜਸੀ ਆਗੂਆਂ ਦੀ ਸੂਝ ਦਾ ਫ਼ਾਇਦਾ ਨਹੀਂ ਉਠਾ ਸਕੀ। ਅੱਜ ਵੀ ਕਮਿਊਨਿਸਟ ਲਹਿਰ ਦੇ ਕੌੜੇ-ਮਿੱਠੇ ਤਜਰਬਿਆਂ ਬਾਰੇ ਬਾਬਾ ਜੀ ਦੀਆਂ ਅੱਖਾਂ ਖੋਲ੍ਹਣ ਵਾਲੀਆਂ, ਬਹੁ-ਮੁੱਲੀਆਂ ਲਿਖਤਾਂ ਦਾ ਛਪਣਾ ਕਾਬਲੇ-ਸਵਾਗਤ ਹੈ, ਕਿਉਂਕਿ ਇਸ ਨਾਲ ਇਤਿਹਾਸ ਦੀ ਖੋਜ ਦੇ ਨਵੇਂ ਦਿਸਹੱਦੇ ਸਾਹਮਣੇ ਆਉਣਗੇ।