‘ਮੈਰਿਜ ਆਫ ਕਨਵੇਨੀਐਂਸ’ ਹੀ ਹੈ ਅਕਾਲੀ-ਭਾਜਪਾ ਰਾਜਸੀ ਗੱਠਜੋੜ

-ਜਤਿੰਦਰ ਪਨੂੰ
ਪੱਛਮੀ ਦੇਸ਼ਾਂ ਦੇ ਲੋਕਾਂ ਲਈ ‘ਮੈਰਿਜ ਆਫ ਕਨਵੇਨੀਐਂਸ’ ਦਾ ਅਰਥ ਸਮਝਣਾ ਔਖਾ ਨਹੀਂ। ਬ੍ਰਿਟੇਨ ਵਿਚ ਜਦੋਂ ਇੱਕ ਵਾਰੀ ਕੁਝ ਲੋਕ ਸਿਰਫ ਉਥੋਂ ਦੀ ਨਾਗਰਕਿਤਾ ਹਾਸਲ ਕਰਨ ਲਈ ਜਾਅਲੀ ਵਿਆਹ ਕਰਾਉਣ ਲੱਗੇ ਫੜੇ ਗਏ ਤੇ ਪਾਕਿਸਤਾਨੀ ਲਾੜਾ ਆਪਣੀ ਪੋਲੈਂਡ ਦੀ ਨਾਗਰਿਕ ਜਾਅਲੀ ਵਹੁਟੀ ਦਾ ਨਾਂ ਵੀ ਭੁੱਲ ਗਿਆ, ਸਾਰੇ ਮੀਡੀਏ ਨੇ ਇਸ ਖਬਰ ਨੂੰ ਪੇਸ਼ ਕਰਨ ਲਈ ‘ਮੈਰਿਜ ਆਫ ਕਨਵੇਨੀਐਂਸ’ ਦਾ ਸ਼ਬਦ ਵਰਤਿਆ ਸੀ।

ਇਸ ਸ਼ਬਦ ਦਾ ਮੁੱਢ ਮਨੁੱਖੀ ਤਸਕਰੀ ਦੇ ਏਜੰਟਾਂ ਵਲੋਂ ਕਰਵਾਏ ਜਾਣ ਵਾਲੇ ਇਹੋ ਜਿਹੇ ਜਾਅਲੀ ਵਿਆਹਾਂ ਲਈ ਵਰਤਣ ਨਾਲ ਜੁੜਦਾ ਹੋ ਸਕਦਾ ਹੈ, ਪਰ ਹੁਣ ਇਹ ਕਈ ਹੋਰ ਗੱਲਾਂ ਲਈ ਵੀ ਵਰਤਿਆ ਜਾਂਦਾ ਹੈ। ਜਰਮਨੀ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਵਿਚ ਇਹੋ ਜਿਹੀ ਗਠਜੋੜ ਸਰਕਾਰ ਬਣ ਚੁੱਕੀ ਹੈ, ਜਿਸ ਦੇ ਭਾਈਵਾਲਾਂ ਦੀ ਆਪਸ ਵਿਚ ਰਾਜਸੀ ਪੱਖੋਂ ਸਾਂਝ ਨਹੀਂ ਹੁੰਦੀ, ਸਿਰਫ ਰਾਜ ਦਾ ਸੁੱਖ ਮਾਣਨ ਲਈ ਇਕੱਠੇ ਹੁੰਦੇ ਹਨ ਤੇ ਮਿਆਦ ਪੁੱਗਣ ਪਿੱਛੋਂ ਦੋਵਾਂ ਧਿਰਾਂ ਦੇ ਰਸਤੇ ਵੱਖੋ-ਵੱਖ ਹੋ ਜਾਂਦੇ ਹਨ। ਇਹੋ ਵਰਤਾਰਾ ਹੁਣ ਭਾਰਤੀ ਰਾਜਨੀਤੀ ਵਿਚ ਵੇਖਿਆ ਜਾ ਸਕਦਾ ਹੈ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਗਠਜੋੜ ਵੀ ਏਦਾਂ ਦੀ ‘ਮੈਰਿਜ ਆਫ ਕਨਵੇਨੀਐਂਸ’ ਹੀ ਹੈ।
ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਤਰ੍ਹਾਂ ਆਪੋ ਵਿਚ ਟਕਰਾਉਂਦੀ ਰਾਜਨੀਤੀ ਦੇ ਗਠਜੋੜ ਅਕਾਲੀ ਦਲ ਤੇ ਭਾਜਪਾ ਨੇ ਸ਼ੁਰੂ ਕੀਤੇ ਹਨ, ਇਸ ਤੋਂ ਪਹਿਲਾਂ ਵੀ ਕਈ ਵਾਰ ਹੁੰਦੇ ਰਹੇ ਹਨ ਪਰ ਇਹ ਉਨ੍ਹਾਂ ਸਾਰੇ ਗਠਜੋੜਾਂ ਤੋਂ ਵੱਖਰੀ ਤਰ੍ਹਾਂ ਦਾ ਹੈ। ਸਗੋਂ ਇਹ ਕਹਿਣਾ ਠੀਕ ਹੈ ਕਿ ਹਰ ਕਿਸੇ ਪਾਰਟੀ ਨਾਲ ਭਾਜਪਾ ਦਾ ਗਠਜੋੜ ਇਸ ਤਰ੍ਹਾਂ ਦਾ ਹੈ ਕਿ ਸਾਂਝ ਦੀ ਥਾਂ ਨਦੀ ਦੇ ਦੋ ਕਿਨਾਰਿਆਂ ਦੇ ਮੇਲ ਦੀ ਮਿਸਾਲ ਜਾਪਦੀ ਹੈ। ਜਦੋਂ ਪਿਛਲੇਰੇ ਮਹੀਨੇ ਜੰਮੂ-ਕਸ਼ਮੀਰ ਵਿਚ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਆਗੂ ਮੁਫਤੀ ਮੁਹੰਮਦ ਸਈਦ ਨੂੰ ਇਹ ਪੁੱਛਿਆ ਗਿਆ ਕਿ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣ ਬਾਰੇ ਕੀ ਰਾਏ ਹੈ ਤਾਂ ਉਸ ਨੇ ਕਿਹਾ ਸੀ ਕਿ ਅਸੀਂ ਦੋਵੇਂ ਪਾਰਟੀਆਂ ਧਰਤੀ ਦੇ ਦੋ ਧਰੁਵਾਂ ਵਾਂਗ ਹਾਂ, ਸਾਡੀ ਸਾਂਝ ਕਦੇ ਨਹੀਂ ਹੋ ਸਕਦੀ। ਇੱਕ ਹਫਤੇ ਪਿੱਛੋਂ ਸਾਂਝੀ ਸਰਕਾਰ ਬਣ ਗਈ। ਫਿਰ ਇਸ ਸਰਕਾਰ ਦੇ ਮੁਖੀ ਮੁਫਤੀ ਸਈਦ ਨੇ ਇੱਕ ਖਤਰਨਾਕ ਦਹਿਸ਼ਤਗਰਦ ਛੱਡ ਦਿੱਤਾ। ਭਾਜਪਾ ਵਾਲੇ ਰੌਲਾ ਪਾਉਂਦੇ ਰਹੇ। ਪਿੱਛੋਂ ਪਤਾ ਲੱਗਾ ਕਿ ਉਸ ਦਹਿਸ਼ਤਗਰਦ ਨੂੰ ਛੱਡਣ ਲਈ ਮੁਫਤੀ ਨੇ ਇਹ ਮੰਗ ਅਗਾਊਂ ਮੰਨਵਾ ਲਈ ਸੀ ਤੇ ਉਸ ਨੂੰ ਛੱਡਣ ਦੇ ਕਾਗਜ਼ ਸਾਂਝੀ ਸਰਕਾਰ ਬਣਨ ਤੋਂ ਪਹਿਲਾਂ ਭਾਜਪਾ ਦੀ ਸਹਿਮਤੀ ਨਾਲ ਗਵਰਨਰੀ ਰਾਜ ਵੇਲੇ ਅਫਸਰਾਂ ਦੀ ਮਨਜ਼ੂਰੀ ਪ੍ਰਾਪਤ ਕਰ ਕੇ ਤਿਆਰ ਕੀਤੇ ਜਾ ਚੁੱਕੇ ਸਨ। ਇਹੋ ਨਹੀਂ, ਪਿਛਲੇ ਸਾਲ ਦੀ ਪਾਕਿਸਤਾਨ ਨਾਲ ਤੋੜੀ ਗੱਲਬਾਤ ਜਦੋਂ ਦੁਬਾਰਾ ਸ਼ੁਰੂ ਕਰਨੀ ਸੀ ਤਾਂ ਇੱਕ ਅਖਬਾਰ ਨੇ ਉਦੋਂ ਵੀ ਲਿਖ ਦਿੱਤਾ ਕਿ ਮੁਫਤੀ ਸਈਦ ਦੀ ਸ਼ਰਤ ਹੇਠ ਹੀ ਭਾਜਪਾ ਨੇ ਪਾਕਿਸਤਾਨ ਨਾਲ ਮੁੜ ਕੇ ਗੱਲ ਕਰਨੀ ਪ੍ਰਵਾਨ ਕੀਤੀ ਹੈ। ਭਾਜਪਾ ਲੀਡਰਸ਼ਿਪ ਬਾਹਰੋਂ ਇਸ ਦਾ ਇਨਕਾਰ ਕਰਦੀ ਰਹੀ ਪਰ ਅੰਦਰੋਂ ਇਹੋ ਜਿਹੇ ਸੰਕੇਤ ਮਿਲਦੇ ਰਹੇ ਸਨ ਕਿ ਇੰਜ ਹੋਇਆ ਹੋ ਸਕਦਾ ਹੈ।
ਹੋਰ ਕਿਹੜੀ ਪਾਰਟੀ ਦੇ ਨਾਲ ਭਾਜਪਾ ਦੀ ਕੀ ਸਾਂਝ ਹੈ, ਇਹ ਲੰਮਾ ਕਿੱਸਾ ਕਿਸੇ ਹੋਰ ਸਮੇਂ ਲਈ ਛੱਡਦਿਆਂ ਅਸੀਂ ਇਸ ਵੇਲੇ ਭਾਜਪਾ ਅਤੇ ਅਕਾਲੀ ਦਲ ਦੀ ਸਾਂਝ ਬਾਰੇ ਗੰਭੀਰਤਾ ਨਾਲ ਸੋਚ ਸਕਦੇ ਹਾਂ।
ਪਿਛਲੇ ਸਾਲ ਜਦੋਂ ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਬਣੀ ਤੇ ਬਣਦੇ ਸਾਰ ਉਸ ਨੇ ਕੱਲ੍ਹ ਦੇ ਚੋਣ ਸਾਥੀ ਅਕਾਲੀ ਦਲ ਦੇ ਖਿਲਾਫ ਨਸ਼ੀਲੇ ਪਦਾਰਥਾਂ ਦਾ ਝੰਡਾ ਚੁੱਕਣ ਦੇ ਨਾਲ ਪੰਜਾਬ ਨੂੰ ਕੇਂਦਰੀ ਫੰਡ ਦੇਣ ਤੋਂ ਵੀ ਹੱਥ ਘੁੱਟ ਲਿਆ, ਉਦੋਂ ਦੇ ਹਾਲਾਤ ਯਾਦ ਕਰਨੇ ਚਾਹੀਦੇ ਹਨ। ਪੰਜਾਬ ਵਿਧਾਨ ਸਭਾ ਵਿਚ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸੀ, ਤੇ ਇਹ ਵਿਧਾਨ ਸਭਾ ਦੇ ਰਿਕਾਰਡ ਵਿਚ ਵੀ ਦਰਜ ਹੈ ਕਿ ਮਨਮੋਹਨ ਸਿੰਘ ਦੀ ਸਰਕਾਰ ਸਾਨੂੰ ਵੱਧ ਫੰਡ ਦਿੰਦੀ ਰਹੀ ਸੀ। ਸੁਖਬੀਰ ਸਿੰਘ ਨੇ ਇੱਕ-ਦੋ ਹੋਰ ਮਾਮਲਿਆਂ ਵਿਚ ਵੀ ਰੋਸ ਪ੍ਰਗਟ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਅੱਜ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਤਾਂ ਉਹ ਕੁਝ ਨਾ ਹੁੰਦਾ, ਜੋ ਹੁਣ ਹੋ ਰਿਹਾ ਹੈ। ਬਾਅਦ ਵਿਚ ਉਨ੍ਹਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅੰਮ੍ਰਿਤਸਰ ਵਿਚ ਨਸ਼ਿਆਂ ਵਿਰੁਧ ਰੈਲੀ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਜੋੜਦੇ ਚਾਰ ਚੱਲਦੇ-ਅਣਚਲਦੇ ਗੇਟਾਂ ਅੱਗੇ ਇਸੇ ਮੁੱਦੇ ਉਤੇ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਤੇ ਇਨ੍ਹਾਂ ਵਿਚੋਂ ਤਿੰਨ ਥਾਂਈਂ ਕਰ ਵੀ ਦਿੱਤੀਆਂ ਸਨ। ਇਸ ਨਾਲ ਉਨ੍ਹਾਂ ਨੇ ਕੇਂਦਰ ਤੇ ਭਾਜਪਾ ਨੂੰ ਕਟਹਿਰੇ ਵਿਚ ਖੜੇ ਕਰਨ ਦਾ ਯਤਨ ਕੀਤਾ ਕਿ ਨਸ਼ੀਲੇ ਪਦਾਰਥ ਪਾਕਿਸਤਾਨੋਂ ਆਉਂਦੇ ਰੋਕਦੇ ਨਹੀਂ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਮਾਂ ਪਾ ਕੇ ਇਹ ਮੁੱਦਾ ਮਰ ਗਿਆ ਤੇ ਅਮਰਿੰਦਰ ਸਿੰਘ ਦੀ ਰੈਲੀ ਤੋਂ ਡਰ ਕੇ ਅੰਮ੍ਰਿਤਸਰੋਂ ਭੱਜ ਗਏ ਅਮਿਤ ਸ਼ਾਹ ਨੂੰ ਦਿੱਲੀ ਚੋਣਾਂ ਦੀ ਲੋੜ ਨੇ ਅਕਾਲੀਆਂ ਨਾਲ ਸਾਂਝੀਆਂ ਸਟੇਜਾਂ ਲਈ ਮਜਬੂਰ ਕਰ ਦਿੱਤਾ ਸੀ।
ਇਥੇ ਆ ਕੇ ਇੱਕ ਵਾਰ ਫਿਰ ਉਹੋ ‘ਮੈਰਿਜ ਆਫ ਕਨਵੇਨੀਐਂਸ’ ਦੀ ਕਹਾਣੀ ਸਾਬਤ ਹੋ ਗਈ। ਦਿੱਲੀ ਚੋਣਾਂ ਲੰਘਦੇ ਸਾਰ ਫਿਰ ਦੋਵੇਂ ਧਿਰਾਂ ਪੰਜਾਬ ਵਿਚ ਆਪੋ ਵਿਚ ਭਿੜ ਪਈਆਂ ਤੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਇੱਕ-ਦੂਸਰੀ ਧਿਰ ਦੇ ਬੰਦਿਆਂ ਦੇ ਸਿਰ ਪਾੜਨ ਤੱਕ ਗੱਲ ਪਹੁੰਚ ਗਈ। ਚੋਣਾਂ ਲੰਘਣ ਪਿੱਛੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਉਸ ਅਕਾਲੀ-ਭਾਜਪਾ ਗਠਜੋੜ ਦੀ ਜਿੱਤ ਵਿਚ ਸਹਿਯੋਗ ਦੇਣ ਦੀ ਵਧਾਈ ਦੇ ਦਿੱਤੀ, ਜਿਹੜਾ ਗਠਜੋੜ ਅੱਧੇ ਤੋਂ ਵੱਧ ਸ਼ਹਿਰਾਂ ਵਿਚ ਆਪੋ ਵਿਚ ਭਿੜਦਾ ਰਿਹਾ ਸੀ। ਪੰਜਾਬ ਦੇ ਇੱਕ ਮੰਤਰੀ ਨੂੰ ਹਾਈ ਕੋਰਟ ਵਿਚ ਇਹ ਅਰਜ਼ੀ ਦੇਣੀ ਪਈ ਕਿ ਉਸ ਨੂੰ ਆਪਣੀ ਸਰਕਾਰ ਉਤੇ ਯਕੀਨ ਨਹੀਂ ਅਤੇ ਇਥੇ ਪੈਰਾ ਮਿਲਟਰੀ ਫੋਰਸ ਲਾਈ ਜਾਵੇ। ਜਦੋਂ ਏਨੀ ਬੇਯਕੀਨੀ ਸੀ ਤਾਂ ਉਹ ਮੰਤਰੀ ਅਸਤੀਫਾ ਦੇ ਦਿੰਦਾ ਜਾਂ ਮੁੱਖ ਮੰਤਰੀ ਹੀ ਉਸ ਨੂੰ ਕੱਢ ਦਿੰਦਾ, ਪਰ ਦੋਵੇਂ ਗੱਲਾਂ ਨਹੀਂ ਸੀ ਹੋਈਆਂ ਤੇ ‘ਮੈਰਿਜ ਆਫ ਕਨਵੇਨੀਐਂਸ’ ਚਲਦੀ ਰਹੀ।
ਪਿਛਲੇ ਮਹੀਨੇ ਨਰਿੰਦਰ ਮੋਦੀ ਸਰਕਾਰ ਦੇ ਭੂਮੀ ਗ੍ਰਹਿਣ ਬਿੱਲ ਦਾ ਵਿਰੋਧ ਕਰਨ ਲਈ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਨੇ ਫੈਸਲਾ ਕਰ ਲਿਆ ਤਾਂ ਪੰਜਾਬ ਦੇ ਲੋਕ ਹੈਰਾਨ ਸਨ ਕਿ ਅਕਾਲੀਆਂ ਨੇ ਕੁਝ ਜੁਰਅੱਤ ਕਰਨ ਦੀ ਹਿੰਮਤ ਕੀਤੀ ਹੈ। ਸਿਰਫ ਦੋ ਦਿਨ ਪਿੱਛੋਂ ਜਦੋਂ ਵੋਟਾਂ ਪਈਆਂ ਤਾਂ ਅਕਾਲੀ ਮੈਂਬਰ ਵੀ ਭਾਜਪਾ ਨਾਲ ਭੁਗਤ ਗਏ। ਭਾਜਪਾ ਦੀ ਪੱਕੀ ਸਾਥੀ ਸ਼ਿਵ ਸੈਨਾ ਇਸ ਬਿੱਲ ਉਤੇ ਉਨ੍ਹਾਂ ਨਾਲ ਨਹੀਂ ਭੁਗਤੀ। ਸ਼ਿਵ ਸੈਨਾ ਨੇ ਕਿਹਾ ਕਿ ਇਹ ਬਿੱਲ ਪਾਸ ਕਰ ਕੇ ਕਿਸਾਨਾਂ ਨਾਲ ਪਾਪ ਕੀਤਾ ਜਾ ਰਿਹਾ ਹੈ ਤੇ ਅਸੀਂ ਪਾਪ ਕਰਨ ਵਿਚ ਭਾਜਪਾ ਦੇ ਭਾਈਵਾਲ ਬਣਨ ਲਈ ਤਿਆਰ ਨਹੀਂ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਆਗੂ ਇਸ ਪਾਪ ਵਿਚ ਵੀ ਸ਼ਾਮਲ ਹੋ ਗਏ ਸਨ। ਕਿਸਾਨਾਂ ਦੇ ਹਿੱਤਾਂ ਦੀਆਂ ਬਾਂਗਾਂ ਦੇਣ ਵਾਲੇ ਅਕਾਲੀ ਦਲ ਨੇ ਉਥੇ ਇਸ ਬਿੱਲ ਲਈ ਸਾਥ ਦਿੱਤਾ, ਪਰ ਪੰਜਾਬ ਆਣ ਕੇ ਇਸ ਦੇ ਕਿਸਾਨ ਆਗੂ ਆਪਣੀ ਕਿਸਾਨ ਜਥੇਬੰਦੀ ਦੇ ਰਾਹੀਂ ਅੰਨਾ ਹਜ਼ਾਰੇ ਦੀ ਹਮਾਇਤ ਕਰਦੇ ਫਿਰਦੇ ਹਨ।
ਇੱਕ ਗੱਲ ਹੋਰ ਇਹੋ ਜਿਹੀ ਹੈ, ਜਿਹੜੀ ਦੋਵਾਂ ਪਾਰਟੀਆਂ ਵਿਚ ਕੋਈ ਸਾਂਝ ਹੋਣ ਦੀ ਸੰਭਾਵਨਾ ਨਹੀਂ ਰਹਿਣ ਦਿੰਦੀ, ਪਰ ਸਾਂਝੀ ਬਣੀ ਹੋਈ ਹੈ। ਇਹ ਗੱਲ ਪੰਜਾਬ ਦੇ ਉਸ ਕਾਲੇ ਦੌਰ ਬਾਰੇ ਹੈ, ਜਿਸ ਵਿਚ ਅਕਾਲੀ ਅਤੇ ਭਾਜਪਾ ਆਗੂ ਮੁਫਤੀ ਮੁਹੰਮਦ ਸਈਦ ਦੇ ਕਹਿਣ ਵਾਂਗ ਧਰਤੀ ਦੇ ਦੋ ਸਿਰਿਆਂ ਉਤੇ ਖੜੋਤੇ ਸਨ। ਪਿਛਲੇ ਸਾਲ ਇੱਕ ਮੌਕਾ ਉਹ ਆ ਗਿਆ, ਜਦੋਂ ਅਕਾਲੀ ਦਲ ਦੇ ਇੱਕ ਵਿਧਾਇਕ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਵਿਧਾਨ ਸਭਾ ਵਿਚ ਹਿੱਕ ਠੋਕ ਕੇ ਕਹਿ ਦਿੱਤਾ ਕਿ ‘ਮੈਂ ਅਤਿਵਾਦੀ ਹੁੰਦਾ ਸਾਂ, ਮੈਂ ਅੱਜ ਵੀ ਅਤਿਵਾਦੀ ਹਾਂ ਅਤੇ ਅਤਿਵਾਦੀ ਰਹਾਂਗਾ।’ ਪਹਿਲਾਂ ਕਾਂਗਰਸ ਵਾਲੇ ਭੜਕੇ ਤੇ ਫਿਰ ਭਾਜਪਾ ਦੇ ਇੱਕ ਮੰਤਰੀ ਨੇ ਇਸ ਦਾ ਵਿਰੋਧ ਕੀਤਾ। ਅਕਾਲੀ ਵਿਧਾਇਕ ਦੇ ਪਿਛੋਕੜ ਨੂੰ ਜਾਣਦੇ ਹੋਣ ਕਾਰਨ ਸਾਰਿਆਂ ਨੂੰ ਸਾਫ ਹੋ ਗਿਆ ਕਿ ਇਸ ਨੁਕਤੇ ਉਤੇ ਅਕਾਲੀਆਂ ਤੇ ਭਾਜਪਾ ਦੀ ਸਾਂਝ ਨਹੀਂ ਹੋ ਸਕਦੀ। ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਉਤੇ ਉਸ ਦੀ ਪਾਰਟੀ ਦੇ ਵਿਧਾਇਕ ਨੇ ਕਹੇ ਸ਼ਬਦ ਵਾਪਸ ਲੈ ਲਏ ਤੇ ਭਾਜਪਾ ਆਗੂ ਏਨੀ ਗੱਲ ਨਾਲ ਸਾਂਝ ਜਾਰੀ ਰੱਖਣ ਨੂੰ ਤਿਆਰ ਹੋ ਗਏ। ਇਸ ਦਾ ਅਸਰ ਇਹ ਹੋਇਆ ਕਿ ਅਕਾਲੀ ਆਗੂਆਂ ਨੂੰ ਸਮਝ ਪੈ ਗਈ ਕਿ ਭਾਜਪਾ ਵਾਲੇ ਕੁੜੱਤਣ ਹੀ ਛਾਂਟ ਸਕਦੇ ਹਨ, ਇਹ ਸਾਡਾ ਸਾਥ ਛੱਡਣ ਦੀ ਹਿੰਮਤ ਨਹੀਂ ਕਰਨਗੇ। ਕਾਰਨ ਫਿਰ ਇੱਕੋ ਹੈ। ਰਾਜ-ਗੱਦੀਆਂ ਲਈ ਦੋਵਾਂ ਪਾਰਟੀਆਂ ਦੀ ‘ਮੈਰਿਜ ਆਫ ਕਨਵੇਨੀਐਂਸ’ ਹੈ ਅਤੇ ਇਸ ਨੂੰ ਜਾਰੀ ਰੱਖਣ ਦੀ ਦੋਵਾਂ ਧਿਰਾਂ ਦੇ ਆਗੂਆਂ ਨੂੰ ਲੋੜ ਹੈ।
ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਆਉਣਾ ਸੀ, ਉਹ ਖਟਕੜ ਕਲਾਂ ਦੀ ਰੈਲੀ ਰੱਖਣ ਪਿੱਛੋਂ ਅੰਨਾ ਹਜ਼ਾਰੇ ਦੇ ਆਉਣ ਦੀ ਖਬਰ ਸੁਣਦੇ ਸਾਰ ਖਟਕੜ ਕਲਾਂ ਛੱਡ ਕੇ ਹੁਸੈਨੀਵਾਲ ਵੱਲ ਤੁਰ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਅੰਮ੍ਰਿਤਸਰ ਦੀ ਰੈਲੀ ਰੱਦ ਕਰਨ ਵਾਂਗ ਮੋਦੀ ਨੇ ਵੀ ਜੂਹਾਂ ਛੱਡ ਕੇ ਆਪਣੀ ਦਲੇਰੀ ਦਾ ਪਾਜ ਉਧੇੜ ਲਿਆ। ਜਦੋਂ ਮੋਦੀ ਹੁਸੈਨੀਵਾਲ ਬੋਲਿਆ, ਉਸ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਨੇ ਭਾਸ਼ਣ ਦਿੱਤਾ ਅਤੇ ਪੰਜਾਬ ਦੇ ਕਈ ਮੁੱਦੇ ਪੇਸ਼ ਕਰ ਦਿੱਤੇ। ਪ੍ਰਧਾਨ ਮੰਤਰੀ ਮੋਦੀ ਬੋਲਣ ਵੇਲੇ ਇਹ ਕਹਿ ਕੇ ਖੁਸ਼ ਕਰਨ ਤੋਂ ਤੁਰਿਆ ਕਿ ਉਸ ਨੇ ਰਾਜਨੀਤੀ ਦੇ ਦਾਅ ਸ਼ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੇ ਹਨ, ਪਰ ਏਨੀ ਗੱਲ ਕਹਿ ਦੇਣ ਪਿੱਛੋਂ ਉਸ ਨੇ ਬਾਦਲ ਸਾਹਿਬ ਦੇ ਉਠਾਏ ਮੁੱਦਿਆਂ ਦਾ ਜ਼ਿਕਰ ਹੀ ਨਹੀਂ ਕੀਤਾ। ਅਕਾਲੀ ਵੇਖਦੇ ਰਹਿ ਗਏ। ਮੋਦੀ ਨੇ ਮੁੱਦਿਆਂ ਤੋਂ ਬਾਈਪਾਸ ਲੰਘ ਜਾਣ ਦਾ ਦਾਅ ਵੀ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਿਆ ਹੋਵੇਗਾ।
ਇਸ ਦੌਰਾਨ ਦੋ ਗੱਲਾਂ ਹੋਰ ਹੋਈਆਂ ਹਨ, ਜਿਹੜੀਆਂ ਇਸ ਗਠਜੋੜ ਵਿਚ ਅਕਾਲੀ ਦਲ ਦੀ ਹਾਲਤ ਦਾ ਭੇਦ ਖੋਲ੍ਹ ਸਕਦੀਆਂ ਹਨ। ਪਹਿਲੀ ਇਹ ਕਿ ਭਾਜਪਾ ਨੇ ਇੱਕ ਵਾਰੀ ਫਿਰ ਸਾਰੇ ਦਰਿਆ ਸੁਰੰਗਾਂ ਨਾਲ ਜੋੜਨ ਦਾ ਏਜੰਡਾ ਪ੍ਰਚਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਸਕੀਮ ਪੰਜਾਬ ਲਈ ਮਾਰੂ ਹੈ। ਜਦੋਂ ਦਰਿਆਵਾਂ ਨੂੰ ਆਪਸ ਵਿਚ ਜੋੜ ਕੇ ਇੱਕ-ਦੂਸਰੇ ਵੱਲ ਪਾਣੀ ਭੇਜਣਾ ਸ਼ੁਰੂ ਕੀਤਾ, ਪੰਜਾਬ ਦਾ ਪਾਣੀ ਆਪਣੇ ਤੋਂ ਨੀਂਵੇਂ ਰਾਜਸਥਾਨ ਤੇ ਮੱਧ ਪ੍ਰਦੇਸ਼ ਜਾਂ ਗੁਜਰਾਤ ਨੂੰ ਜਾ ਸਕਦਾ ਹੈ, ਉਨ੍ਹਾਂ ਵਿਚੋਂ ਕਿਸੇ ਰਾਜ ਦੇ ਪਾਣੀ ਦੀ ਕੋਈ ਬੂੰਦ ਪੰਜਾਬ ਨੂੰ ਨਹੀਂ ਮਿਲਣੀ। ਇਹ ਯੋਜਨਾ ਜਦੋਂ ਅਟਲ ਬਿਹਾਰੀ ਵਾਜਪਾਈ ਨੇ ਉਛਾਲੀ ਸੀ, ਉਦੋਂ ਤੋਂ ਇਸ ਦਾ ਵਿਰੋਧ ਹੁੰਦਾ ਆਇਆ ਹੈ। ਅਕਾਲੀ ਆਗੂ ਇਹ ਕਹਿੰਦੇ ਹਨ ਕਿ ਹਰਿਆਣੇ ਨੂੰ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ, ਪਰ ਭਾਜਪਾ ਵਲੋਂ ਦਰਿਆਵਾਂ ਨੂੰ ਜੋੜਨ ਦੀ ਯੋਜਨਾ ਬਾਰੇ ਕਦੇ ਵੀ ਖੁੱਲ੍ਹ ਕੇ ਇਸ ਲਈ ਕੁਝ ਨਹੀਂ ਬੋਲਦੇ ਕਿ ਕੇਂਦਰ ਦੀ ਸਰਕਾਰ ਵਿਚ ਜਿਹੜੀ ‘ਚਵਾਨੀ ਪੱਤੀ’ ਅਕਾਲੀ ਦਲ ਦੇ ਹਿੱਸੇ ਆਉਂਦੀ ਹੈ, ਉਹ ਖੁੱਸਣ ਦਾ ਡਰ ਹੈ। ਉਂਜ ਇਹ ਕਹਿਣਾ ਸੌਖਾ ਹੈ ਕਿ ਪੰਜਾਬ ਦੇ ਹਿੱਤਾਂ ਦਾ ਸਾਡੇ ਤੋਂ ਵੱਡਾ ਰਖਵਾਲਾ ਕੋਈ ਨਹੀਂ, ਪਰ ਕਿਸੇ ਵੀ ਪਰਖ ਦੇ ਮੌਕੇ ਉਹ ਹਮੇਸ਼ਾ ਪਾਸਾ ਵੱਟ ਜਾਂਦੇ ਹਨ।
ਦੂਸਰੀ ਨੋਟ ਕਰਨ ਵਾਲੀ ਗੱਲ ਹੁਸੈਨੀਵਾਲ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਦੋ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਵਾਘਾ ਬਾਰਡਰ ਦੇ ਦੌਰੇ ਵੇਲੇ ਵਾਪਰੀ ਸੀ। ਉਥੇ ਪੱਤਰਕਾਰਾਂ ਨੇ ਉਹ ਸਵਾਲ ਵੀ ਪੁੱਛ ਲਏ, ਜਿਹੜੇ ਵੱਖ-ਵੱਖ ਮੁੱਦਿਆਂ ਬਾਰੇ ਅਕਾਲੀ ਦਲ ਦੇ ਸਟੈਂਡ ਨਾਲ ਸਬੰਧਤ ਸਨ ਤੇ ਭਾਜਪਾ ਉਨ੍ਹਾਂ ਉਤੇ ਕਦੇ ਉਨ੍ਹਾਂ ਨਾਲ ਸਹਿਮਤ ਨਹੀਂ ਹੋਈ। ਭਾਰਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਕਦੇ ਇੱਕ-ਦੂਸਰੇ ਨਾਲ ਸਹਿਮਤ ਨਹੀਂ ਹੁੰਦੇ ਤੇ ਜਦੋਂ ਇਕੱਠੇ ਪੱਤਰਕਾਰਾਂ ਨੂੰ ਮਿਲਦੇ ਹਨ ਤਾਂ ਪੁੱਛੇ ਜਾਂਦੇ ਸਵਾਲਾਂ ਬਾਰੇ ਆਪੋ ਆਪਣੀ ਗੱਲ ਕਹਿਣ ਲਈ ਆਜ਼ਾਦ ਹੁੰਦੇ ਹਨ। ਇਥੇ ਇਹ ਹੋਇਆ ਕਿ ਪੱਤਰਕਾਰ ਸਵਾਲ ਪੁੱਛਦੇ ਸਨ ਅਤੇ ਬਾਦਲ ਸਾਹਿਬ ਕਹੀ ਜਾਂਦੇ ਸਨ, ‘ਛੱਡੋ ਜੀ, ਕੁਝ ਹੋਰ ਪੁੱਛ ਲਵੋ।’ ਜਦੋਂ ਦੋ-ਤਿੰਨ ਵਾਰ ਇਸੇ ਤਰ੍ਹਾਂ ਬਾਦਲ ਸਾਹਿਬ ਨੇ ਕਿਹਾ ਤਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨੂੰ ਇਹ ਕਹਿ ਕੇ ਰਹੀ ਕਸਰ ਕੱਢ ਦਿੱਤੀ ਕਿ ‘ਤੁਸੀਂ ਮੁੱਖ ਮੰਤਰੀ ਨੂੰ ਪ੍ਰੇਸ਼ਾਨ ਕਰਨ ਵਾਲੇ ਸਵਾਲ ਨਾ ਕਰੋ ਤਾਂ ਚੰਗਾ ਹੈ।’ ਦੋਵਾਂ ਦਾ ਰਾਜਸੀ ਗਠਜੋੜ ਹੈ, ਪਰ ਦੋਵਾਂ ਦੇ ਸਬੰਧਾਂ ਬਾਰੇ ਪੁੱਛੇ ਸਵਾਲਾਂ ਬਾਰੇ ਇੱਕ ਜਣਾ ਅੱਗੋਂ ‘ਛੱਡੋ ਜੀ’ ਕਹਿੰਦਾ ਹੈ ਤੇ ਦੂਸਰਾ ਇਨ੍ਹਾਂ ਨੂੰ ‘ਮੁੱਖ ਮੰਤਰੀ ਨੂੰ ਪ੍ਰੇਸ਼ਾਨ ਕਰਨ ਵਾਲੇ ਸਵਾਲ’ ਕਹਿ ਕੇ ਬਚਣ ਦਾ ਰਾਹ ਕੱਢਦਾ ਹੈ। ਫਿਰ ਵੀ ਦੋਵਾਂ ਧਿਰਾਂ ਦਾ ਗਠਜੋੜ ਰੋਂਦਾ-ਚੀਕਦਾ ਨਿਭੀ ਜਾਂਦਾ ਹੈ। ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਹੋ ਰਹੇ ਇਸ ਸਿਧਾਂਤੋਂ ਸੱਖਣੇ ਗਠਜੋੜ ਨੂੰ ਕਹਿੰਦੇ ਹਨ ‘ਮੈਰਿਜ ਆਫ ਕਨਵੇਨੀਐਂਸ।’