ਆਰਮੀਨੀ ਨਸਲਕੁਸ਼ੀ

1915-16 ਵਿਚ ਅਰਮੀਨੀਆਈ ਲੋਕਾਂ ਦੇ ਹੋਏ ਘਾਣ ਬਾਰੇ ਜੱਗ-ਜਹਾਨ ਨੂੰ ਨਾਲ ਦੀ ਨਾਲ ਹੀ ਖਬਰ ਹੋ ਗਈ ਸੀ। ਇਸ ਘਾਣ ਦੇ ਵੇਰਵੇ ਬੜੇ ਹੌਲਨਾਕ ਹਨ। ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਘਾਣ ਬਾਰੇ ਕੁਝ ਵੇਰਵੇ ਆਪਣੇ ਲੰਮੇ ਲੇਖ ‘ਅਰਮੀਨੀ ਨਸਲਕੁਸ਼ੀ’ ਵਿਚ ਸਾਂਝੇ ਕੀਤੇ ਹਨ।

ਦੋ ਹਿੱਸਿਆਂ ਵਿਚ ਛਾਪੇ ਜਾ ਰਹੇ ਇਸ ਲੇਖ ਦਾ ਪਹਿਲਾ ਹਿੱਸਾ ਇਸ ਅੰਕ ਵਿਚ ਛਾਪਿਆ ਜਾ ਰਿਹਾ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91- 94642-51454
ਸੀਰੀਆ ਦੇ ਪੂਰਬੀ ਰੇਗਿਸਤਾਨ ਵਾਲੇ ਪਾਸੇ ਉਚੀ ਤਿੱਖੀ ਪਹਾੜੀ ਮਰਗਦ ਹੈ। ਜਵਾਲਾਮੁਖੀ ਦੇ ਲਾਵੇ ਨਾਲ ਬਣੀ ਪਹਾੜੀ ਦੇ ਪੱਥਰ ਧੁਆਂਖੇ ਹੋਏ ਹਨ। ਹਬੂਰ ਨਦੀ ਵਗਦੀ ਹੈ। ਅਖਬਾਰ ਦੀ ਫੋਟੋਗ੍ਰਾਫਰ ਈਸਾਬਿਲ ਐਲਸਨ ਨੂੰ ਇਥੇ ਕੁਝ ਖੌਫਨਾਕ ਮੰਜ਼ਰ ਦਿਸੇ। ਪਹਾੜੀ ਦੇ ਹੇਠਲੇ ਹਿੱਸਿਆਂ ਵਿਚ ਬਾਰਸ਼ ਦੇ ਪਾਣੀ ਨੇ ਮਿੱਟੀ ਵਿਚ ਦਰਾੜਾਂ ਪਾ ਦਿੱਤੀਆਂ ਸਨ। ਇਕ ਦਰਾੜ ਦੇ ਨਾਲ-ਨਾਲ ਈਸਾਬਿਲ ਹੇਠਾਂ ਉਤਰੀ ਤਾਂ ਮਨੁੱਖੀ ਖੋਪੜੀ ਦੇਖੀ। ਹੱਥ ਨਾਲ ਗਾਰਾ ਪਰੇ ਕੀਤਾ, ਦੰਦ ਲਿਸ਼ਕ ਰਹੇ ਸਨ। ਖੋਪੜੀ ਨਾਲ ਹੇਠਾਂ ਵੱਲ ਰੀੜ੍ਹ ਦੀ ਹੱਡੀ ਜਾ ਰਹੀ ਸੀ, ਪੂਰਾ ਪਿੰਜਰ ਮਿਲ ਗਿਆ। ਹੋਰ ਖੁਦਾਈ ਕੀਤੀ- ਦੂਜਾ, ਤੀਜਾ, ਚੌਥਾ, ਪੰਜਵਾਂ ਪਿੰਜਰ ਮਿਲਿਆ। ਸਾਰੇ ਕੱਸ ਕੇ ਨੂੜੇ ਹੋਏ। ਬੰਨ੍ਹੇ ਹੋਣ ਕਾਰਨ ਪਿੰਜਰਾਂ ਦੀਆਂ ਲੱਤਾਂ ਬਾਹਾਂ ਇਕ-ਦੂਜੀ ਵਿਚ ਉਲਝੀਆਂ ਪਈਆਂ ਸਨ। ਤੁਰਕੀ ਵਿਚ 1915 ਦੇ ਸਾਲ ਰੋਮਾਨੀ ਲੋਕਾਂ ਦਾ ਨਰ ਸੰਘਾਰ ਹੋਇਆ ਸੀ। ਇਸ ਥਾਂ 50 ਹਜ਼ਾਰ ਮਾਸੂਮਾਂ ਨੂੰ ਪੰਜ-ਪੰਜ ਸੱਤ-ਸੱਤ ਦੀ ਗਿਣਤੀ ਵਿਚ ਇਕੱਠੇ ਨੂੜ ਕੇ ਦਰਿਆ ਵਿਚ ਧੱਕਾ ਦੇ ਦਿੰਦੇ। ਇੰਨੀਆਂ ਗੋਲੀਆਂ ਕਾਹਨੂੰ ਖਰਾਬ ਕਰਨੀਆਂ? ਆਪਣੀ ਕਿਸਮ ਦਾ ਇਹ ਪਹਿਲਾ ਅਨੋਖਾ ਕਤਲੇਆਮ ਹੈ।
ਆਰਮੀਨੀਆ ਉਪਰ ਤੁਰਕੀ ਦਾ ਕਬਜ਼ਾ ਸੀ। ਤੁਰਕੀ ਸਰਕਾਰ ਨੂੰ ਆਰਮੀਨੀ ਨਸਲ ਠੀਕ ਨਹੀਂ ਲੱਗੀ, ਇਸ ਦਾ ਬੀਜ ਨਾਸ ਕਰਨ ਲਈ ਕੁੱਲ ਸਾਢੇ ਪੰਜ ਲੱਖ ਕਤਲ ਕੀਤੇ। ਸਰਕਾਰ ਨੇ ਪ੍ਰਚਾਰ ਇਹ ਕੀਤਾ ਕਿ ਤੁਰਕਾਂ ਅਤੇ ਆਰਮੀਨੀ ਲੋਕਾਂ ਵਿਚ ਅਕਸਰ ਟਕਰਾਉ ਰਹਿੰਦਾ ਹੈ ਕਿਉਂਕਿ ਇਕੱਠੇ ਵਸਦੇ ਹਨ। ਕਿਉਂ ਨਾ ਆਰਮੀਨੀ ਲੋਕਾਂ ਦੀਆਂ ਬਸਤੀਆਂ ਵੱਖ ਹੋਣ? ਮੁੜ ਵਸਾਊ ਮਹਿਕਮੇ ਦੇ ਨਾਮ ‘ਤੇ ਪਿੰਡਾਂ ਸ਼ਹਿਰਾਂ ਵਿਚੋਂ ਗੱਡੀਆਂ ਭਰ-ਭਰ ਲਿਆਈ ਜਾਂਦੇ ਅਤੇ ਮਾਰੀ ਜਾਂਦੇ। ਹਿਟਲਰ ਨੇ ਵੀ ਯਹੂਦੀਆਂ ਨੂੰ ਇਸੇ ਤਰ੍ਹਾਂ ‘ਮੁੜ ਵਸਾਇਆ’ ਸੀ।
ਮਰਗਦ ਪਹਾੜੀ ਦੇ ਬੰਨ੍ਹੇ ਹੋਏ ਪਿੰਜਰਾਂ ਨੇ ਖੋਜੀਆਂ ਦਾ ਧਿਆਨ ਖਿੱਚਿਆ। ਪਹਾੜੀ ਦੀਆਂ ਜੜ੍ਹਾਂ ਵਿਚ ਇੰਨਾ ਵੱਡਾ ਕਬਰਿਸਤਾਨ ਹੈ, ਪਤਾ ਨਹੀਂ ਸੀ। ਹੁਣ ਟੈਲੀਗਰਾਮ ਦੀ ਕਾਰਬਨ ਕਾਪੀ ਮਿਲੀ ਹੈ। ਤੁਰਕੀ ਦੇ ਗ੍ਰਹਿ ਮੰਤਰੀ ਤਲਾਤ ਪਾਸ਼ਾ ਨੇ 15 ਸਤੰਬਰ 1915 ਨੂੰ ਆਪਣੇ ਪੁਲਿਸ ਚੀਫ ਨੂੰ ਤਾਰ ਭੇਜੀ, “ਤੁਹਾਨੂੰ ਦੱਸਿਆ ਹੋਇਆ ਹੈ, ਸਰਕਾਰ ਨੇ ਆਪਣੇ ਮੁਲਕ ਤੁਰਕੀ ਵਿਚੋਂ ਕਿਨ੍ਹਾਂ ਲੋਕਾਂ ਦਾ ਮੁਕੰਮਲ ਸਫਾਇਆ ਕਰਨਾ ਹੈ, ਭਾਵੇਂ ਕਿੰਨੇ ਜ਼ਾਲਮ ਤਰੀਕੇ ਵਰਤਣੇ ਪੈਣ, ਪੂਰਾ ਖਾਤਮਾ ਹੋਵੇ। ਉਮਰ, ਲਿੰਗ ਜਾਂ ਜ਼ਮੀਰ ਦੀ ਆਵਾਜ਼ ਆਦਿਕ ਰੁਕਾਵਟਾਂ ਸਾਹਮਣੇ ਨਾ ਆਉਣ।”
ਗਿਣਤੀ ਜ਼ਿਆਦਾ ਹੁੰਦੀ ਤਾਂ ਕਤਾਰ ਵਿਚ ਖਲਾਰ ਕੇ ਸੰਗਲੀ ਵਾਂਗ ਇਕ-ਦੂਜੇ ਨੂੰ ਬੰਨ੍ਹ ਦਿੰਦੇ ਤੇ ਕਤਾਰ ਨੂੰ ਧੱਕਾ ਦੇਣ ਵੇਲੇ ਇਕ ਬੰਦੇ ਦੇ ਗੋਲੀ ਮਾਰਦੇ। ਇਕ ਮੁਰਦਾ ਬਾਕੀ ਜਿਉਂਦਿਆਂ ਨੂੰ ਡੁਬੋਈ ਰੱਖੇਗਾ। ਭੁੱਖਣ-ਭਾਣੇ ਮਰਦ ਔਰਤਾਂ, ਬੱਚੇ, ਬਹੁਤੇ ਬਿਮਾਰ, ਨੰਗੇ- ਚਾਰ ਦਿਨਾਂ ਵਿਚ ਪੰਜਾਹ ਹਜ਼ਾਰ। 1992 ਵਿਚ ਜ਼ਾਕਰ ਨੇ ਕੁਝ ਹੋਰ ਜਾਣਕਾਰੀ ਦਿੱਤੀ। ਫਰਾਤ ਦਰਿਆ ਕਿਨਾਰੇ ਵਸੇ ਪਿੰਡ ਦੇ ਜ਼ਾਕਰ ਨੇ ਜੋ ਅੱਖੀਂ ਦੇਖਿਆ, ਉਹ ਇਉਂ ਸੀ:
1915 ਵਿਚ ਮੈਂ ਬਾਰਾਂ ਸਾਲ ਦਾ ਸਾਂ। ਸਾਡੇ ਪਿੰਡ ਤੁਰਕ ਫੌਜ ਆ ਗਈ। ਪਿੰਡਾਂ ਦੀ ਮਾਰਕੀਟ ਨੂੰ ਅੱਗ ਲਾ ਕੇ ਸੁਆਹ ਕੀਤਾ। ਉਸਾਰੀ ਵਾਸਤੇ ਇੱਧਰ ਉਧਰ ਪੱਥਰਾਂ ਅਤੇ ਇੱਟਾਂ ਦੇ ਢੇਰ ਪਏ ਸਨ। ਮਰਦਾਂ ਨੂੰ ਕਿਹਾ, ਗੱਡੀਆਂ ਵਿਚ ਬੈਠੋ, ਕਿਤੇ ਚੱਲਣਾ ਹੈ। ਚਲੇ ਗਏ, ਕਦੀ ਨਾ ਪਰਤੇ। ਬੱਚਿਆਂ ਸਮੇਤ ਮਾਂਵਾਂ ਰਹਿ ਗਈਆਂ। ਸੱਤ-ਅੱਠ ਸਾਲ ਦੇ ਬੱਚੇ ਨੂੰ ਮਾਂਵਾਂ ਸਾਹਮਣੇ ਉਚਾ ਉਛਾਲਦੇ ਤਾਂ ਕਿ ਪੱਥਰਾਂ ਉਤੇ ਡਿਗੇ। ਮਰ ਗਿਆ ਤਾਂ ਠੀਕ, ਨਹੀਂ ਤਾਂ ਲੱਤਾਂ ਤੋਂ ਫੜ ਕੇ ਮੁੜ ਸਿਰ ਪੱਥਰ ਨਾਲ ਮਾਰਦੇ। ਮੈਂ ਆਪਣੇ ਜਮਾਤੀ ਦੀ ਖੋਪੜੀ ਵਿਚੋਂ ਦਿਮਾਗ ਬਾਹਰ ਨਿਕਲਦਾ ਦੇਖਿਆ। ਉਹਦੀ ਜੇਬ ਵਿਚੋਂ ਸਕੂਲ ਦੀ ਰਿਪੋਰਟ ਬੁੱਕ ਮਿਲੀ, ਫਸਟ ਆਇਆ ਸੀ। ਮੇਰੇ ਅੱਬੂ ਦੀ ਨਾਈ ਦੀ ਦੁਕਾਨ ਸੀ। ਮੈਂ ਦੁਕਾਨ ਵਿਚੋਂ ਸਾਰਾ ਕੁਝ ਦੇਖਿਆ। ਚੀਕਾਂ ਕੁਰਲਾਹਟਾਂ ਆਕਾਸ਼ ਵਿੰਨ੍ਹ ਰਹੀਆਂ ਸਨ। ਕਾਤਲ ਵਰਦੀਧਾਰੀ ਤੁਰਕ ਸਨ।
ਇਕ ਤੁਰਕ ਅਫਸਰ ਸਾਡੀ ਦੁਕਾਨ ‘ਤੇ ਹਜਾਮਤ ਵਾਸਤੇ ਆਉਂਦਾ ਹੁੰਦਾ ਸੀ। ਪਤਾ ਨਹੀਂ ਕਿਵੇਂ, ਉਸ ਨੂੰ ਰਹਿਮ ਆ ਗਿਆ। ਉਸ ਨੇ ਭੱਜਣ ਵਿਚ ਸਾਡੀ ਮਦਦ ਕੀਤੀ, ਤੇ ਨਾਲੇ ਕਹਿ ਗਿਆ, Ḕਜੇ ਬਚਣਾ ਹੈ ਤਾਂ ਇਸਲਾਮ ਧਾਰਨ ਕਰ ਲਉ।Ḕ ਮੇਰੇ ਪਿਤਾ ਸਾਨੂੰ ਅਸਮਾਂ ਪਿੰਡ ਲੈ ਗਏ। ਅਸੀਂ ਸਾਰੇ ਮੁਸਲਮਾਨ ਹੋ ਗਏ। ਮੇਰੇ ਮਾਪੇ ਬਿਮਾਰ ਹੋ ਗਏ। ਸ਼ਾਇਦ ਹੈਜ਼ਾ ਸੀ। ਮਰ ਗਏ। ਮੈਂ ਭੁੱਖ ਨਾਲ ਮਰ ਜਾਣਾ ਸੀ ਜੇ ਇਕ ਤੁਰਕ ਮੈਨੂੰ ਰੋਟੀ ਨਾ ਦਿੰਦਾ। ਮੈਨੂੰ ਯਤੀਮਖਾਨੇ ਛੱਡ ਆਇਆ। ਜਿਸ ਪਾਣੀ ਨਾਲ ਮੈਨੂੰ ਨੁਹਾਇਆ ਗਿਆ, ਉਹ ਗੰਦਾ ਸੀ। ਮੈਂ ਅੰਨ੍ਹਾ ਹੋ ਗਿਆ। ਸਾਰੇ ਬੱਚੇ ਅੰਨ੍ਹੇ ਹੋ ਗਏ। ਹੁਣ ਮੈਂ 89 ਸਾਲ ਦਾ ਹਾਂ। ਅੱਖਾਂ ਦਾ ਕਿਤੇ ਇਲਾਜ ਨਹੀਂ ਹੋਇਆ। ਮੈਨੂੰ ਪਤੈ, ਮੈਂ ਅੰਨ੍ਹਾ ਕਿਉਂ ਹੋਇਆ। ਪਾਣੀ ਵਿਚ ਨਹਾਉਣ ਕਰ ਕੇ ਨਹੀਂ, ਅਸੀਂ ਆਪਣਾ ਧਰਮ ਛੱਡ ਦਿੱਤਾ ਸੀ, ਇਸ ਕਰ ਕੇ। ਰੱਬ ਨੇ ਸਜ਼ਾ ਦੇਣੀ ਹੀ ਸੀ।
ਖੋਜੀਆਂ ਨੇ 1915 ਦੇ ਘੱਲੂਘਾਰੇ ਵਿਚੋਂ ਬਚ ਗਏ ਬੰਦਿਆਂ ਦੀਆਂ ਇੰਟਰਵਿਊ ਲਈਆਂ। ਨੇਕ ਮੁਸਲਮਾਨ ਵੀ ਸਨ ਜਿਨ੍ਹਾਂ ਨੇ ਜਾਨਾਂ ਜੋਖਮ ਵਿਚ ਪਾ ਕੇ ਜਾਨਾਂ ਬਚਾਈਆਂ। ਅਲੀ ਸੁਆਦਬੇ ਦਿਅਰ-ਇ-ਜਿਊਰ ਸ਼ਹਿਰ ਵਿਚ ਤੁਰਕ ਗਵਰਨਰ ਸੀ। ਉਹ ਬਹੁਤ ਰਹਿਮ ਦਿਲ ਮਨੁੱਖ ਸੀ। ਰਿਫਿਊਜੀ ਆਰਮੀਨੀਆ ਨੂੰ ਪਨਾਹ ਦਿੱਤੀ, ਬੱਚਿਆਂ ਲਈ ਯਤੀਮਖਾਨੇ ਬਣਾਏ। ਸਰਕਾਰ ਨੇ ਕੁਸਤੁਨਤੁਨੀਆ ਬੁਲਾ ਕੇ ਉਸ ਦੀ ਥਾਂ ਜ਼ੇਕੀਬੇ ਗਵਰਨਰ ਲਾ ਦਿੱਤਾ। ਆਉਂਦਿਆਂ ਈ ਉਸ ਨੇ ਸ਼ਹਿਰ ਨੂੰ ਤਸੀਹਾ ਕੇਂਦਰ ਬਣਾ ਦਿੱਤਾ।
1915 ਵਿਚ ਓਟੋਮਾਨ ਤੁਰਕੀ ਪਹਿਲੀ ਸੰਸਾਰ ਜੰਗ ਵਿਚ ਉਲਝਿਆ ਹੋਇਆ ਸੀ। ਪਹਿਲਾਂ 1894-96, ਦੋ ਸਾਲ ਵਿਚ ਆਰਮੀਨੀ ਈਸਾਈ ਵੱਡੀ ਪੱਧਰ ‘ਤੇ ਕਤਲ ਕੀਤੇ ਸਨ। ਇਨ੍ਹਾਂ ਉਪਰ ਜ਼ਿਆਦਤੀਆਂ ਦਾ ਦੌਰ ਤਾਂ ਕਦੀ ਖਤਮ ਹੀ ਨਹੀਂ ਹੋਇਆ, ਇਸ ਵਾਰ 1915 ਵਿਚ ਬਹਾਨਾ ਇਹ ਘੜਿਆ ਗਿਆ ਕਿ ਆਰਮੀਨੀ, ਈਸਾਈ ਹੋਣ ਕਰ ਕੇ, ਦੁਸ਼ਮਣ ਅੰਗਰੇਜ਼ ਦੀ ਮਦਦ ਕਰਦੇ ਹਨ। ਦੋਸ਼ ਲਾਇਆ ਕਿ ਇਨ੍ਹਾਂ ਨੇ ਮੱਧ ਸਾਗਰ ਵਿਚਲੀ ਦੁਸ਼ਮਣ ਨੇਵੀ ਦੀ ਮਦਦ ਕੀਤੀ ਹੈ।
24 ਅਪਰੈਲ 1915 ਨੂੰ ਆਰਮੀਨੀ ਬੀਜ ਨਾਸ ਦੀ ਸ਼ੁਰੂਆਤ ਹੋਈ। ਸਰਕਾਰ ਨੇ ਹੁਕਮ ਦਿੱਤਾ ਕਿ ਕੁਸਤੁਨਤੁਨੀਆ ਦੇ ਸਾਰੇ ਵਿਦਵਾਨ ਅਤੇ ਰਸੂਖ ਵਾਲੇ ਆਰਮੀਨੀ ਗ੍ਰਿਫਤਾਰ ਕਰ ਕੇ ਕਤਲ ਕੀਤੇ ਜਾਣ। ਇਵੇਂ ਹੀ ਹੋਇਆ। ਤੁਰਕ ਫੌਜ ਵਿਚ ਆਰਮੀਨੀ ਸਨ। ਸਭ ਹਟਾ ਕੇ ਮਜ਼ਦੂਰੀ ਕਰਨ ਲਾ ਦਿੱਤੇ। ਰਾਬਰਟ ਫਿਸਕ ਨੂੰ 91 ਸਾਲ ਦੀ ਨਵਾਰਤ ਨਾਂ ਦੀ ਅੰਨ੍ਹੀ ਔਰਤ ਨੇ ਇਕ ਫੋਟੋ ਦਿਖਾਈ। ਸੁਹਣੇ ਹਸਮੁਖ ਸਮਾਰਟ ਵਰਦੀਧਾਰੀ ਫੌਜੀ ਦੀ ਤਸਵੀਰ ਸੀ। ਨਵਾਰਤ ਬੋਲੀ, ਬੜਾ ਸ਼ਾਨਦਾਰ ਇਨਸਾਨ ਸੀ ਮੇਰਾ ਅੱਬਾ। ਸਾਨੂੰ ਪਤਾ ਲੱਗਾ ਕਿ ਤੁਰਕ ਆ ਰਹੇ ਨੇ, ਅੱਬੂ ਨੇ ਵਰਦੀ ਪਹਿਨ ਲਈ। ਮਾਂ ਨੇ ਰੈਂਕ ਸਿਉਂ ਦਿੱਤਾ। ਚਾਰੇ ਮੈਡਲ ਪਹਿਨੇ, ਜੋ ਸ਼ਾਬਾਸ਼ ਵਜੋਂ ਮਿਲੇ ਸਨ। ਉਸ ਦੇ ਪਿੱਛੇ-ਪਿੱਛੇ ਸਾਡਾ ਸਾਰਾ ਪਰਿਵਾਰ ਰੇਲਵੇ ਸਟੇਸ਼ਨ ਗਿਆ। ਉਸ ਨੇ ਸਾਨੂੰ ਗੱਡੀ ‘ਤੇ ਭੇਜ ਦਿੱਤਾ, ਆਪ ਪਿੱਛੇ ਮੁੜ ਗਿਆ। ਉਹੀ ਹੋਇਆ। ਪਰਿਵਾਰ ਬਚਾਉਣ ਦੇ ਕਸੂਰ ਦੀ ਸਜ਼ਾ ਮੌਤ।
88 ਸਾਲ ਦੀ ਕਮਜ਼ੋਰ ਮਾਰੇਨੀ ਬੈਰੂਤ ਸ਼ਹਿਰ ਦੇ ਨੇਤਰਹੀਣ ਆਸ਼ਰਮ ਵਿਚ ਬੈਠੀ ਦੱਸਦੀ ਹੈ: ਮੈਂ ਮੁਸ਼ ਪਿੰਡ ਤੋਂ ਹਾਂ। ਬਰਫਾਂ ਪੰਘਰਦੀਆਂ ਤਾਂ ਅਸੀਂ ਹਰ ਸਾਲ ਰਾਈ ਬੀਜਦੇ। ਪਿਤਾ ਤੇ ਭਰਾ ਕਿਸਾਨੀ ਦਾ ਕੰਮ ਕਰਦੇ। ਤੁਰਕ ਸਿਪਾਹੀ ਆਏ। ਇਹ 1915 ਦੀ ਗੱਲ ਹੈ। ਸਾਰੇ ਪਿੰਡ ਵਿਚ ਬੰਦ ਕਰ ਦਿੱਤੇ। ਅਗਲੀ ਸਵੇਰ ਕਿਹਾ, ਸਰਕਾਰ ਨੂੰ ਤੁਹਾਡੀ ਲੋੜ ਹੈ, ਚਲੋ। ਪਤਾ ਨਹੀਂ ਕਿੱਧਰ ਲੈ ਗਏ। ਸਾਰੇ ਸਦਮੇ ਵਿਚ ਸਾਂ। ਦੂਰੋਂ ਮੇਰੀ ਮਾਂ ਖਾਤੂਨ ਨੇ ਸਭ ਕੁਝ ਦੇਖ ਲਿਆ। ਮੁਸ਼ ਨੇੜੇ ਇਕ ਥਾਂ ਤਿੰਨ ਦਰਿਆ ਮਿਲ ਜਾਂਦੇ ਹਨ ਤੇ ਪੁਲ ਹੇਠੋਂ ਲੰਘਦੇ ਹਨ। ਲੰਮਾ ਪਾੜ ਹੋਣ ਕਰ ਕੇ ਬਹੁਤ ਵੱਡਾ ਪੁਲ ਹੈ। ਇਕ ਦੂਜੇ ਵੱਲ ਮੂੰਹ ਕਰਵਾ ਕੇ ਪੁਲ ‘ਤੇ ਦੋ ਕਤਾਰਾਂ ਬਣਾ ਦਿੱਤੀਆਂ। ਗੋਲੀਆਂ ਦਾਗੀਆਂ, ਸਭ ਘਾਹ ਫੂਸ ਵਾਂਗ ਡਿੱਗੇ। ਕੱਪੜਿਆਂ ਦੀ ਤਲਾਸ਼ੀ ਦੌਰਾਨ ਕੋਈ ਚੀਜ਼ ਲੱਭਦੀ, ਰੱਖ ਲੈਂਦੇ। ਲੱਤਾਂ ਬਾਹਾਂ ਤੋਂ ਫੜ-ਫੜ ਦਰਿਆ ਵਿਚ ਸੁੱਟੀ ਜਾਂਦੇ। ਸਵੇਰ ਤੋਂ ਸੂਰਜ ਡੁੱਬਣ ਤਕ ਇਹੋ ਹੁੰਦਾ ਰਿਹਾ। ਮਾਂ ਨੇ ਸਾਨੂੰ ਕਿਹਾ, ਹੁਣ ਆਪਾਂ ਪੁਲ ‘ਤੇ ਚੱਲ ਕੇ ਦਰਿਆ ਵਿਚ ਛਾਲਾਂ ਨਾ ਮਾਰ ਦਈਏ?
ਫਿਰ ਮਾਂ ਨੇ ਕਿਹਾ, ਚਲੋ ਹੁਣ ਉਜੜਦੇ ਹਾਂ। ਤੁਰਨਾ ਸ਼ੁਰੂ ਕਰੀਏ, ਉਦੋਂ ਤੱਕ ਤੁਰਦੇ ਰਹਾਂਗੇ, ਜਦੋਂ ਤੱਕ ਮਰ ਨਹੀਂ ਜਾਂਦੇ। ਮਾਰੇਨੀ ਦੀਆਂ ਭੈਣਾਂ-ਮੇਗਦ, ਦਿਲਬਰ, ਹਰੀਕੋ ਤੇ ਆਰਜ਼ੂੰ; ਦੋ ਛੋਟੇ ਭਰਾ ਦ੍ਰਜਵਾਂ ਤੇ ਫਰਯਾਦ ਤੁਰ ਪਏ। ਰਸਤੇ ਵਿਚ ਮੰਗ ਕੇ ਰੋਟੀ ਖਾ ਲੈਂਦੇ। ਗਰਮੀਆਂ ਵਿਚ ਤੁਰੇ। ਦਸੰਬਰ ਸੇਂਟ ਜੈਕਬ ਦਾ ਦਿਵਸ ਆ ਗਿਆ। ਮਾਰੇਨੀ ਦੀ ਉਮਰ 12 ਸਾਲ ਇਕ ਦਿਨ ਸੀ ਜਦੋਂ ਮਾਂ ਦੀ ਮੌਤ ਹੋਈ। ਅਸੀਂ ਸਿਵਾਸ ਪਿੰਡ ਚਲੇ ਗਏ। ਜ਼ਾਰ ਦੀਆਂ ਫੌਜਾਂ ਨੇ ਤੁਰਕੀ ‘ਤੇ ਹੱਲਾ ਕਰ ਦਿੱਤਾ। ਸਾਡੇ ਪਿੰਡ ਮੁਸ਼ ਤੱਕ ਅੱਪੜ ਗਏ। ਉਹ ਪੁਲ ਤਬਾਹ ਕਰ ਦਿੱਤਾ ਜਿਥੇ ਮੇਰੇ ਪਿਤਾ ਨੂੰ ਕਤਲ ਕੀਤਾ ਗਿਆ ਸੀ। ਸਾਡਾ ਜੀ ਕੀਤਾ ਕਿ ਹੁਣ ਆਪਣੇ ਪਿੰਡ ਮੁਸ਼ ਚਲੇ ਜਾਣਾ ਚਾਹੀਦਾ ਹੈ। ਫਿਰ ਖਬਰ ਆਈ ਕਿ ਰੂਸੀ ਹਾਰ ਗਏ ਹਨ। ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਹੈਜ਼ਾ ਹੋ ਗਿਆ। ਮੈਂ ਤੇ ਆਰਜ਼ੂੰ ਬਚੀਆਂ, ਬਾਕੀ ਸਭ ਮਰ ਗਏ। ਥੋੜ੍ਹੇ ਦਿਨਾਂ ਬਾਅਦ ਉਹ ਵੀ ਮਰ ਗਈ। ਮੈਂ ਇਕੱਲੀ ਰਹਿ ਗਈ, ਯਤੀਮਖਾਨੇ ਵਿਚ ਦਾਖਲ ਕਰਵਾ ਦਿੱਤੀ। ਤੁਰਕ ਡਾਕੂ ਕੀ-ਕੀ ਨਹੀਂ ਕਰਦੇ? ਕੁਰਦਾਂ ਨੂੰ ਆਗਿਆ ਸੀ ਸੋਹਣੀਆਂ ਕੁੜੀਆਂ ਲੈ ਜਾਣ। ਪੀਣ ਲਈ ਪਾਣੀ ਮੰਗਦੀਆਂ ਤਾਂ ਮੁਫਤ ਨਹੀਂ ਮਿਲਦਾ ਸੀ। ਇਨ੍ਹਾਂ ਕੁਰਦਾਂ ਨੂੰ ਕੀ ਪਤਾ, ਜੋ ਉਹ ਕਰ ਰਹੇ ਹਨ, 60 ਸਾਲ ਬਾਅਦ ਸੱਦਾਮ ਹੁਸੈਨ ਕੁਰਦਾਂ ਦਾ ਬੀਜ ਨਾਸ ਉਵੇਂ ਹੀ ਕਰਨ ਲੱਗੇਗਾ!
ਮਾਰੇਨੀ ਦੀ ਦੱਸੀ ਘਟਨਾ ਇੱਕਾ-ਦੁਕਾ ਨਹੀਂ, ਇਹ ਰੁਟੀਨ ਸੀ। ਕੇਮੁਖ ਸ਼ਹਿਰ ਵਿਚ 20 ਹਜ਼ਾਰ ਵੱਡੇ-ਛੋਟੇ, ਕੁਰਦਾਂ ਅਤੇ ਤੁਰਕਾਂ ਨੇ ਮਾਰੇ। ਤੁਰਕਾਂ ਨੇ 900 ਔਰਤਾਂ ਦੀਆਂ ਲਾਸ਼ਾਂ ਦਜਲਾ ਦਰਿਆ ਵਿਚ ਸੁੱਟ ਦਿੱਤੀਆਂ ਜੋ ਇਕ ਥਾਂ ‘ਤੇ ਇਕ-ਦੂਜੀ ਵਿਚ ਫਸ ਗਈਆਂ। ਪਾਣੀ ਰੁਕ ਗਿਆ, ਸੌ ਗਜ਼ ਦਾ ਵਲ ਪਾ ਕੇ ਦਰਿਆ ਵਗ ਸਕਿਆ। ਅਮਰੀਕਾ ਦਾ ਕੁਸਤੁਨਤੁਨੀਆ ਵਿਚ ਯਹੂਦੀ ਰਾਜਦੂਤ ਹੈਨਰੀ ਮੋਰਗੇਂਤ ਟੈਲੀਗਰਾਮ ਭੇਜਦਾ ਹੈ: ਦੂਰ ਦੂਰਾਡੇ ਜ਼ਿਲਿਆਂ ਤੋਂ ਆ ਰਹੀਆਂ ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ਵਿਚ ਅਮਨਪਸੰਦ ਆਰਮੀਨੀ ਲੋਕਾਂ ਦੇ ਕਤਲ ਹੋ ਰਹੇ ਹਨ। ਗ੍ਰਿਫਤਾਰੀਆਂ, ਖੌਫਨਾਕ ਤਸੀਹੇ, ਥੋਕ ਤੇ ਉਜਾੜੇ, ਦੇਸ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਬਲਾਤਕਾਰ, ਕਤਲੇਆਮ, ਬਿਨਾਂ ਕਿਸੇ ਕਾਰਨ ਤੋਂ ਹੋ ਰਹੇ ਹਨ। ਕੁਸਤੁਨਤੁਨੀਆ ਰਾਜਧਾਨੀ ਤੋਂ ਹੁਕਮ ਮਿਲ ਰਹੇ ਹਨ। ਸਰਕਾਰ ਕਹਿ ਰਹੀ ਹੈ, ਜੰਗ ਦੌਰਾਨ ਇਸ ਦੀ ਜ਼ਰੂਰਤ ਹੈ। ਜਿਨ੍ਹਾਂ ਪਿੰਡਾਂ ਤੋਂ ਫੜ-ਫੜ ਲਿਆ ਰਹੇ ਹਨ, ਉਥੇ ਇਨ੍ਹਾਂ ਤੋਂ ਕੋਈ ਖਤਰਾ ਨਹੀਂ।
ਸਰਪੂਹੀ ਪਾਪਜ਼ੀਆਂ ਦੀ ਕਹਾਣੀ ਸਾਨੂੰ ਇਸ ਲੇਖ ਦੇ ਪਹਿਲੇ ਪੈਰੇ ਵਿਚ ਲੈ ਜਾਵੇਗੀ: ਮੈਂ ਤਕਿਰਦ ਦੀ ਹਾਂ। ਇਸਤੰਬੂਲ ਤੋਂ ਘੋੜੇ ‘ਤੇ ਚਲੀਏ ਤਾਂ ਮੇਰੇ ਪਿੰਡ 12 ਘੰਟਿਆਂ ਵਿਚ ਅੱਪੜੀਦਾ ਹੈ। ਤੁਰਕ ਆਏ, ਸਾਰੇ ਪਰਿਵਾਰ ਨੂੰ ਕਿਹਾ, ਚਲੋ। ਸਾਨੂੰ ਜਹਾਜ ਵਿਚ ਬਿਠਾ ਕੇ ਕੋਨੀਆਂ ਬੰਦਰਗਾਹ ਤੋਂ ਅਲੋਪੇ ਲੈ ਗਏ। ਮਾਂ, ਪਿਤਾ, ਚਾਚੀ ਤੇ ਮੇਰੀਆਂ ਦੋ ਭੈਣਾਂ ਨੂੰ ਬੰਦ ਕਰ ਦਿੱਤਾ। ਬਹੁਤ ਗਰਮੀ ਸੀ। ਮਾਂ ਤੇ ਚਾਚੀ ਮਰ ਗਈਆਂ। ਹਰ ਰੋਜ਼ ਕੁੱਟਦੇ, ਭੁੱਖੀਆਂ ਰੱਖਦੇ। ਫਿਰ ਕੈਂਪ ਵਿਚ ਲੈ ਗਏ। ਹਜ਼ਾਰਾਂ ਆਰਮੀਨੀ ਬੰਦੀਆਂ ਨੂੰ ਉਤਰ ਵੱਲ ਲੈ ਜਾਂਦੇ। ਅੱਬਾ ਨੇ ਸਾਰਿਆਂ ਦੀਆਂ ਬਾਹਾਂ ਉਤੇ ਨਾਮ ਖੁਣ ਦਿੱਤੇ ਸਨ ਤਾਂ ਕਿ ਗੁੰਮ ਹੋਣ ‘ਤੇ ਲੱਭ ਸਕੀਏ। ਮਾਰਥੂਲ ਵਿਚੋਂ ਪੈਦਲ ਤੋਰ ਕੇ ਦਿਅਰ-ਇ-ਜਿਊਰ ਲੈ ਗਏ। ਮੈਨੂੰ ਕੋਈ ਅਰਬ ਮੁੰਡਾ ਲੈ ਗਿਆ ਤੇ ਕਲਮਾ ਪੜ੍ਹਾ ਦਿੱਤਾ। ਬਾਅਦ ਵਿਚ ਮੈਨੂੰ ਪਤਾ ਲੱਗਾ, ਮਾਰਥੂਲ ਪਾਰ ਉਤਰ ਵਿਚ ਮਰਗਦ ਪਹਾੜੀ ਹੈ। ਮੇਰੇ ਪਰਿਵਾਰ ਦੇ ਜੀਆਂ ਨੂੰ ਇਕੱਠੇ ਬੰਨ੍ਹਿਆ। ਦਰਿਆ ਵਿਚ ਧੱਕਾ ਦੇਣ ਵੇਲੇ ਇਕ ਦੇ ਗੋਲੀ ਮਾਰੀ। ਗੋਲੀ ਨਾਲ ਕਿਹੜਾ ਮਰਿਆ, ਡੁੱਬਣ ਨਾਲ ਕਿਹੜੇ, ਪਤਾ ਨਹੀਂ। ਘੱਲੂਘਾਰੇ ਤੋਂ ਦਸ ਸਾਲ ਬਾਅਦ ਮੈਂ ਮਰਗਦ ਗਈ ਤਾਂ ਕਿ ਪਰਿਵਾਰ ਨੂੰ ਲੱਭਾਂ। ਉਥੇ ਤਾਂ ਖੋਪਰੀਆਂ ਤੇ ਪਿੰਜਰਾਂ ਦੇ ਢੇਰ ਸਨ। ਕੁੱਤਿਆਂ ਬਿੱਲੀਆਂ ਨੇ ਖਾ ਲਏ ਹੋਣੇ! ਲਾਸ਼ਾਂ ਦੀ ਰੁਕਾਵਟ ਕਰ ਕੇ ਦਰਿਆ ਇਕ ਮੀਲ ਪੂਰਬ ਵੱਲ ਰਸਤਾ ਬਦਲ ਕੇ ਵਗਣ ਲੱਗਾ।
ਸੀਰੀਆ ਦੇ ਮਾਰਥੂਲ ਵਿਚ ਥਾਂ-ਥਾਂ ਕਤਲਗਾਹਾਂ ਮਿਲਣਗੀਆਂ। ਬਹੁਤ ਵੱਡੀ ਗੁਫਾ ਸੀਰੀਅਨ ਆਇਲਫੀਲਡ ਨੇੜੇ ਹੈ। ਇਸ ਵਿਚ ਪੰਜ ਹਜ਼ਾਰ ਬੰਦੇ ਤੁੰਨ ਕੇ ਗੁਫਾ ਦੇ ਮੂੰਹ ਉਪਰ ਅੱਗ ਬਾਲ ਦਿੱਤੀ। ਧੂੰਆਂ ਅੰਦਰ ਲੰਘਦਾ ਗਿਆ। ਇਹ ਸਾਰੇ ਬੰਦੀ ਖੰਘਦੇ-ਖੰਘਦੇ ਮਰੇ। ਇਹ ਗੁਫਾ ਇਕ ਕਿਲੋਮੀਟਰ ਡੂੰਘੀ ਹੈ। ਇਸ ਘਟਨਾ ਨੂੰ ਹਿਟਲਰ ਦੇ ਗੈਸ ਚੈਂਬਰਾਂ ਦੀ ਮਾਂ ਕਹੋ। ਯਹੂਦੀਆਂ ਵਾਂਗ ਆਰਮੀਨੀ ਸਿਖਿਅਤ ਲੋਕ ਸਨ-ਵਕੀਲ, ਸਿਵਲ ਅਫਸਰ, ਵਪਾਰੀ, ਪੱਤਰਕਾਰ, ਅਧਿਆਪਕ। ਯਹੂਦੀਆਂ ਦਾ ਘੱਲੂਘਾਰਾ ਦੇਰ ਬਾਅਦ ਪਤਾ ਲੱਗਾ, ਆਰਮੀਨੀ ਲੋਕਾਂ ਬਾਰੇ ਉਦੀਂ ਪਤਾ ਲੱਗ ਗਿਆ ਸੀ। ਬ੍ਰਿਟਿਸ਼ ਸਰਕਾਰ ਨੇ ਵਿਸਕੰਟ ਜੇਮਜ਼ ਬਰਿਸ ਅਤੇ ਜੁਆਨ ਆਰਨੋਲਡ ਟਾਇਨਬੀ ਨੂੰ 1915 ਵਿਚ ਹੀ ਮੌਕੇ ‘ਤੇ ਜਾ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ। ਸੱਤ ਸੌ ਪੰਨਿਆਂ ਦੀ ਕਿਤਾਬ ‘ਦਿ ਟ੍ਰੀਟਮੈਂਟ ਆਫ ਅਰਮੀਨੀਅਨਜ਼ ਇਨ ਦਿ ਆਟੋਮਾਨ ਐਂਪਾਇਰ 1915-1916’ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਉਪਰ ਆਧਾਰਤ, ਘੱਲੂਘਾਰਿਆਂ ਦਾ ਪਹਿਲਾਂ ਵਿਸਤ੍ਰਿਤ ਰਿਕਾਰਡ ਹੈ। ਇਹ ਕਤਲਾਂ ਦਾ ਬਿਰਤਾਂਤ ਨਹੀਂ, ਮਨੁੱਖਤਾ ਵਿਰੁਧ ਅਪਰਾਧ ਬਾਰੇ ਗੰਭੀਰ, ਵਿਗਿਆਨਕ ਇਤਿਹਾਸ ਹੈ। ਸੂਚਨਾ ਸਮੱਗਰੀ ਇਕੱਤਰ ਕਰਨ ਵਿਚ ਤੁਰਕੀ ਰਹਿੰਦੇ ਅਮਰੀਕਨ ਮਿਸ਼ਨਰੀਆਂ ਨੇ, ਇਟਲੀ, ਡੈਨਮਾਰਕ, ਸਵੀਡਨ, ਯੂਨਾਨ ਅਤੇ ਜਰਮਨੀ ਦੇ ਦੂਤਘਰਾਂ ਨੇ ਮਦਦ ਕੀਤੀ।
ਆਰਮੀਨੀ ਘੱਲੂਘਾਰੇ ਦੇ ਤੱਥ ਸਭ ਤੋਂ ਪਹਿਲਾਂ ਅਮਰੀਕਨ ਦੂਤਾਵਾਸ ਨੇ ਇਕੱਠੇ ਕੀਤੇ, ਆਰਮੀਨੀ ਦੁਖਾਂਤ ਦਾ ਪੂਰਾ ਰਿਕਾਰਡ ਸਟੇਟ ਆਰਕਾਈਵਜ਼ ਵਿਚ ਸਾਂਭ ਦਿੱਤਾ। ਲੈਸਲੀ ਡੇਵਿਸ 38 ਸਾਲ ਦਾ ਹਰਪੂਤ ਵਿਚ ਅਮਰੀਕਨ ਵਕੀਲ ਸੀ। ਉਹ ਘੋੜੇ ਦੀ ਕਾਠੀ ‘ਤੇ ਸਵਾਰ ਹੋਇਆ ਅਤੇ ਤੁਰਕੀ ਵਿਚ ਹੋਏ ਸਾਰੇ ਕਤਲੇਆਮ ਦਾ ਸਰਵੇਖਣ ਕੀਤਾ। ਲਿਖਦਾ ਹੈ, “ਪਹਿਲੇ 24 ਘੰਟਿਆਂ ਵਿਚ ਹੀ ਮੈਂ ਦਸ ਹਜ਼ਾਰ ਲਾਸ਼ਾਂ ਤੇ ਪਿੰਜਰ ਦੇਖ ਲਏ। ਪਹਾੜੀਆਂ ਦੀਆਂ ਜੜ੍ਹਾਂ ਵਿਚ, ਮੈਦਾਨਾਂ ਵਿਚ, ਦਰਿਆਵਾਂ ਵਿਚ, ਹਰ ਥਾਂ ਲਾਸ਼ਾਂ। ਜ਼ਨਾਨੀਆਂ ਸਭ ਚਿੱਤ ਲੇਟੀਆਂ ਹੋਈਆਂ। ਲਗਦਾ ਸੀ ਪਹਿਲਾਂ ਸੰਗੀਨਾਂ ਨਾਲ ਤਸੀਹੇ ਦਿੱਤੇ।” ਇਨ੍ਹਾਂ ਦੌਰਿਆਂ ਦੌਰਾਨ ਇਕ ਜ਼ਖਮੀ ਔਰਤ ਸਹਿਕਦੀ ਦੇਖੀ, ਡੇਵਿਸ ਉਸ ਕੋਲ ਗਿਆ ਤੇ ਪੁੱਛਿਆ, ਪਾਣੀ ਪਿਲਾਵਾਂ? ਬਰੈਡ ਖੁਆਵਾਂ? ਉਹ ਚੀਕੀ, ਮੌਤ ਚਾਹੀਦੀ ਹੈ ਮੌਤ। ਇਕ ਪਿੰਡ ਵਿਚੋਂ ਲੰਘਦੇ ਡੇਵਿਸ ਨੇ ਗਲੀਆਂ ਵਿਚ ਔਰਤਾਂ, ਮਰਦਾਂ, ਬੱਚਿਆਂ ਦੀਆਂ ਲਾਸ਼ਾਂ ਦੇਖੀਆਂ। ਇਕ ਆਰਮੀਨੀ ਕਾਲਜ ਅਧਿਆਪਕ ਸਹਿਕ ਰਿਹਾ ਸੀ, ਡੇਵਿਸ ਨੇ ਬਚਾ ਲਿਆ। ਇਸ ਸਭ ਕੁਝ ਉਪਰ ਲੇਖ ਛਪਵਾਇਆ ਜਿਸ ਦਾ ਸਿਰਲੇਖ ਸੀ- ਦੁੱਖ ਅਤੇ ਸ਼ਾਨ। ਅਮਰੀਕਨ ਇਤਿਹਾਸਕਾਰ ਪੀਟਰ ਬਲਕਿਆਂ ਨੇ ਇਸ ਲਿਖਤ ਨੂੰ ਰੂਹਾਨੀ ਅਸੀਸ ਕਿਹਾ। ਪੀਟਰ ਦੇ ਸ਼ਬਦ ਹਨ:
ਕਤਲ ਹੋਏ ਜਿਸਮਾਂ ਵਾਸਤੇ
ਘੱਟੋ ਘੱਟ ਮਿੱਟੀ ਦੀ ਇਕ ਮੁੱਠੀ।
ਸਫੈਦ ਪਿੰਜਰਾਂ ਵਾਸਤੇ
ਮਿੱਟੀ ਦੀ ਮੁੱਠੀ ਦੇਹ ਰੱਬਾ!
ਇਹ ਲਾਵਾਰਸ ਬਹੁਤਾ ਕੁਝ ਨਹੀਂ ਮੰਗਦੇ।
ਆਪਣੇ ਪਿਆਰਿਆਂ ਦੇ ਜਿਸਮਾਂ ਵਿਚ
ਕੀੜਿਆਂ ਦੀ ਨੁਮਾਇਸ਼ ਨ੍ਹੀਂ ਦੇਖਣੀ।
ਇਨ੍ਹਾਂ ਦੀਆਂ ਸੋਹਣੀਆਂ ਪਿਆਰੀਆਂ ਅੱਖਾਂ,
ਇਨ੍ਹਾਂ ਦੇ ਅਨਾਰਾਂ ਵਰਗੇ ਮੁਖੜੇ।
ਗੱਲ੍ਹਾਂ ਜਿਨ੍ਹਾਂ ਦੇ ਚੁੰਮਣ ਲਈ ਹੋਂਠ ਤਰਸਦੇ,
ਸੱਪਾਂ ਦਾ ਖਾਜਾ ਨੇ ਹੁਣ।
ਇਸ ਵੱਡੀ ਕਤਲਗਾਹ ਦੀ ਬਦਬੂ
ਸਹੀ ਨਹੀਂ ਜਾਂਦੀ ਪਿਤਾ।
ਨੰਗੀਆਂ ਛਾਤੀਆਂ, ਨੰਗੀਆਂ ਲੱਤਾਂ,
ਲੇਟੀਆਂ ਪਈਆਂ ਔਰਤਾਂ।
ਇਨ੍ਹਾਂ ਦੀ ਇੱਜ਼ਤ ਕੱਜਣ ਵਾਸਤੇ
ਮਿੱਟੀ ਦੀ ਮੁੱਠæææ।
ਕਿਸੇ ਵੱਡੀ ਚੀਜ਼ ਲਈ ਝੋਲੀ ਨਹੀਂ ਅੱਡੀ,
ਬੱਸ ਮਿੱਟੀ ਦੀ ਇਕ ਮੁੱਠ।
ਜਰਮਨੀ ਦੇ ਕੈਸਰ ਨੇ ਤੁਰਕੀ ਦੀ ਮਦਦ ਵਾਸਤੇ ਫੌਜ ਭੇਜੀ ਸੀ। ਇਕ ਜਰਮਨ ਨਰਸ ਤਸਵੀਰਾਂ ਖਿੱਚਣ ਲੱਗੀ। ਫੀਲਡ ਮਾਰਸ਼ਲ ਨੇ ਮਨਾਹੀ ਦਾ ਹੁਕਮ ਦਿੱਤਾ। ਹੁਕਮ ਮੰਨਿਆ ਨਹੀਂ; ਰਸਲੀਨ, ਗੱਕਾ, ਅਲੋਪੇ ਅਤੇ ਦਿਅਰ-ਇ-ਜਿਊਰ ਕਤਲਗਾਹਾਂ ਦੀਆਂ ਫੋਟੋਆਂ ਖਿੱਚ ਲਈਆਂ। ਅੱਜ ਇਹ ਕੀਮਤੀ ਰਿਕਾਰਡ ਹੈ। ਜਰਮਨ ਨੇ ਤੁਰਕੀ ਵਿਚ ਰੇਲਵੇ ਸਟੇਸ਼ਨ ਵੀ ਬਣਾਉਣੇ ਸਨ। ਦੇਖਿਆ, ਪਸ਼ੂ ਢੋਣ ਵਾਲੀਆਂ ਮਾਲ ਗੱਡੀਆਂ ਵਿਚ ਆਰਮੀਨੀ ਲੋਕਾਂ ਨੂੰ ਲਿਆ ਰਹੇ ਹਨ, ਇਕ-ਇਕ ਡੱਬੇ ਵਿਚ ਨੱਬੇ-ਨੱਬੇ। ਇਸ ਤੋਂ ਵੀਹ ਸਾਲ ਬਾਅਦ ਜਰਮਨ ਇਹੋ ਕੁਝ ਨਾਜ਼ੀਆਂ ਨਾਲ ਕਰਨਗੇ। ਇਸ ਗੱਡੀ ਦੀ ਤਸਵੀਰ ਮੌਜੂਦ ਹੈ।
ਦੁਨੀਆਂ ਭਰ ਦੇ ਅਖਬਾਰਾਂ ਨੇ ਇਸ ਜ਼ੁਲਮ ਦੀਆਂ ਰਿਪੋਰਟਾਂ ਛਾਪੀਆਂ। ਅਮਰੀਕਾ ਨਿਊਟਰਲ ਚੱਲ ਰਿਹਾ ਸੀ। ਸੰਪਾਦਕੀਆਂ ਰਾਹੀਂ ਅਮਰੀਕਾ ਨੂੰ ਅਪੀਲਾਂ ਕੀਤੀਆਂ ਕਿ ਆਰਮੀਨੀ ਲੋਕਾਂ ਨੂੰ ਬਚਾਉ। ਇੰਗਲੈਂਡ ਦੀਆਂ ਫੌਜਾਂ ਤਾਂ ਖੁਦ ਇਟਲੀ ਵਿਚਲੇ ਅਤਿਆਚਾਰ ਦੇਖ ਰਹੀਆਂ ਸਨ। ਅਲੋਪੇ ਵਿਚ ਅਮਰੀਕਨ ਵਕੀਲ ਜੈਕਸਨ ਨੇ ਜੁਲਾਈ 1915 ਵਿਚ 1000 ਔਰਤਾਂ ਤੇ ਬੱਚੇ ਕੁਰਦਾਂ ਹਵਾਲੇ ਕਰਨ ਬਾਰੇ ਲਿਖਿਆ: ਘੋੜਿਆਂ ‘ਤੇ ਸਵਾਰ ਕੁਰਦ, ਸੋਹਣੀਆਂ ਕੁੜੀਆਂ ਤੇ ਔਰਤਾਂ ਛਾਂਟ ਲੈਂਦੇ। ਬਾਕੀ ਜਿਨ੍ਹਾਂ ਦਾ ਸਫਾਇਆ ਕਰਨਾ ਹੈ, ਉਨ੍ਹਾਂ ਨੂੰ ਨਿਰਵਸਤਰ ਕਰਦੇ। ਗਰਮੀਆਂ ਦੀ ਰੁੱਤ, ਪੈਦਲ, ਨੰਗੀਆਂ ਸਫਰ ਕਰਨਗੀਆਂ। ਰਸਲੀਨ ਵਿਚ ਮੈਂ ਖੁਦ 300 ਔਰਤਾਂ ਨੰਗੀਆਂ ਦੇਖੀਆਂ। ਵਾਲ ਹਵਾ ਵਿਚ ਉਡਦੇ, ਜਿਵੇਂ ਜੰਗਲੀ ਜਾਨਵਰ ਹੋਣ। ਬਲਦੀ ਧੁੱਪ ਵਿਚ ਛੇ ਦਿਨ ਪੈਦਲ। ਕੁਝ ਨੇ ਮੈਨੂੰ ਆਪਣੇ ਜਿਸਮ ਦਿਖਾਏ, ਚਮੜੀ ਹਰੀ ਨੀਲੀ ਹੋ ਗਈ ਸੀ। ਜਿਵੇਂ ਸੱਪ ਦੀ ਕੁੰਜ ਉਤਰਦੀ ਹੈ, ਇਉਂ ਉਤਰ ਰਹੀ ਸੀ। ਸਿਰਾਂ ਵਿਚ ਡੂੰਘੇ ਜ਼ਖਮ ਸਨ।
ਨਿਜੀ ਡਾਇਰੀਆਂ ਅਤੇ ਦੋਸਤਾਂ ਨੂੰ ਲਿਖੇ ਖਤਾਂ ਦਾ ਭੰਡਾਰ ਅਜੇ ਛਪਿਆ ਨਹੀਂ। ਅੰਗਰੇਜ਼ ਵਪਾਰੀ ਸਾਈਰਿਲ ਬਾਰਟਰ ਖਤ ਵਿਚ ਲਿਖਦਾ ਹੈ: ਦਿਅਰ-ਏ-ਜਿਊਰ ਵਿਚ ਆਰਮੀਨੀ ਰਿਫਿਊਜੀਆਂ ਦਾ ਪਹਿਲਾ ਜਥਾ ਦੇਖਿਆ। ਫਿਰ ਤਿੰਨ ਮਹੀਨੇ ਆਮ ਦੇਖਣ ਨੂੰ ਮਿਲਦੇ। ਇਨ੍ਹਾਂ ਵਿਚ 16 ਤੋਂ 60 ਸਾਲ ਤੱਕ ਉਮਰ ਦਾ ਕੋਈ ਨਹੀਂ। ਭੁੱਖੇ ਅਤੇ ਬਿਮਾਰ। ਮੱਖੀਆਂ ਵਾਂਗ ਮਰ ਰਹੇ। ਕਿਤੋਂ ਰਸਦ ਨਹੀਂ ਆਉਂਦੀ। ਮਾਰੂਥਲ ਵਿਚ ਇੰਨੀ ਵੱਡੀ ਤਬਾਹੀ। ਮੈਨੂੰ ਡਰਾਉਣੇ ਸੁਫਨੇ ਆਉਂਦੇ ਰਹੇ।
ਹੁਣ ਚਸ਼ਮਦੀਦ ਗਵਾਹ ਨਹੀਂ ਰਹੇ, ਉਨ੍ਹਾਂ ਦੀ ਅਗਲੀ ਪੀੜ੍ਹੀ ਮਾਪਿਆਂ ਤੋਂ ਸੁਣੇ ਬਿਰਤਾਂਤ ਸੁਣਾਉਂਦੀ ਹੈ। ਐਲਨ ਆਪਣੇ ਪਿਤਾ ਬਾਰੇ ਦੱਸਦੀ ਹੈ: ਫੜ ਕੇ ਰੇਲਵੇ ਦੇ ਪੁਰਾਣੇ ਸ਼ੈਡ ਵਿਚ ਲੈ ਗਏ ਜਿਥੇ ਅਨੇਕ ਯੂਨਾਨੀ ਤੇ ਆਰਮੀਨੀ ਬੰਦੀ ਸਨ। ਕਤਾਰਾਂ ਵਿਚ ਖੜ੍ਹੇ ਹੋਣ ਲਈ ਕਹਿੰਦੇ, ਮਸ਼ੀਨਗਨ ਦੇ ਫਾਇਰਾਂ ਨਾਲ ਭੁੰਨ ਦਿੰਦੇæææਫਿਰ ਅਗਲੀ ਕਤਾਰ। ਮੇਰਾ ਪਿਉ ਬਚ ਗਿਆ ਕਿਉਂਕਿ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਜਾਂਦੇ-ਜਾਂਦੇ ਸੰਗੀਨਾਂ ਮਾਰ ਗਏ। ਜਾਣ ਲੱਗਾ, ਦੇਖਿਆ, ਦੋ ਕੁੜੀਆਂ ਜਿਉਂਦੀਆਂ ਭੈਅ-ਭੀਤ ਕੰਬ ਰਹੀਆਂ ਸਨ। ਪਿਤਾ ਉਨ੍ਹਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਸੀ? ਉਠਣ ਦਾ ਇਸ਼ਾਰਾ ਕੀਤਾ। ਤਿੰਨੇ ਬੰਦਰਗਾਹ ਵੱਲ ਚੱਲ ਪਏ। ਜੰਗੀ ਜਹਾਜ ਮੁਸਾਫਿਰਾਂ ਨੂੰ ਚੜ੍ਹਨ ਨਹੀਂ ਸਨ ਦਿੰਦੇ। ਇਕ ਮੁਸਾਫਿਰ-ਜਹਾਜ ਤੁਰਨ ਵਾਲਾ ਸੀ। ਸੰਗਲ ਖੁੱਲ੍ਹ ਜਾਣ ਕਰ ਕੇ ਪਾਣੀ ਵਿਚ ਪਿਛੇ ਹਟ ਗਿਆ। ਤਿੰਨਾਂ ਨੇ ਪਾਣੀ ਵਿਚ ਛਾਲਾਂ ਮਾਰ ਦਿੱਤੀਆਂ, ਤੈਰ ਕੇ ਨੇੜੇ ਪੁੱਜੇ। ਇਟਾਲੀਅਨ ਸਵਾਰੀਆਂ ਨੇ ਉਪਰ ਖਿੱਚ ਲਏ।
ਪਹਿਲੀ ਜੰਗ ਵਿਚ ਇੰਗਲੈਂਡ-ਅਮਰੀਕਾ ਦੀ ਧਿਰ ਜਿੱਤ ਗਈ। ਤੁਰਕੀ, ਜਰਮਨ ਆਦਿਕ ਹਾਰ ਗਏ। ਆਰਮੀਨੀ ਸੋਚਦੇ ਸਨ, ਸਾਡੇ ਭਰਾ ਜਿੱਤ ਗਏ ਹਨ, ਹੁਣ ਮਰੇ ਤਾਂ ਵਾਪਸ ਨਹੀਂ ਲਿਆ ਸਕਦੇ, ਦੋਸ਼ੀਆਂ ਨੂੰ ਸਜ਼ਾਵਾਂ ਦੇਣਗੇ। ਹਾਰੇ ਫੌਜੀ ਜਰਨੈਲਾਂ ਨੇ ਇਨ੍ਹਾਂ ਘੱਲੂਘਾਰਿਆਂ ਦਾ ਸਾਰਾ ਰਿਕਾਰਡ ਅੰਗਰੇਜ਼ਾਂ ਹਵਾਲੇ ਕਰ ਦਿੱਤਾ। ਇਕ ਮਿਲਟਰੀ ਅਫਸਰ ਨੇ ਆਪਣੇ ਕੁਲੀਗ ਨੂੰ ਤਾਰ ਪਾਈ ਸੀ, Ḕਉਹ ਕਾਰਵਾਂ ਆਪਣੀ ਅੰਤਿਮ ਮੰਜ਼ਲ ਵਲ ਰਵਾਨਾ ਕਰ ਦਿੱਤਾḔ ਜਿਸ ਨੇ ਪੜ੍ਹੀ ਉਸ ਨੂੰ ਸਮਝ ਨਾ ਆਈ, ਪੁੱਛਿਆ, ਕੀ ਮਤਲਬ? ਜਵਾਬ ਦਿੱਤਾ, ਮਤਲਬ ਸਫਾਇਆ। ਸਾਰੇ ਕਤਲ। ਇਹੋ ਜਿਹੇ ਕੁਝ ਛੋਟੇ-ਮੋਟੇ ਅਫਸਰ ਫਾਹੇ ਲਾ ਦਿੱਤੇ। ਗ੍ਰਹਿ ਮੰਤਰੀ ਤਲਾਤ ਪਾਸ਼ਾ ਜਰਮਨੀ ਦੌੜ ਗਿਆ। ਉਸ ਨੂੰ ਗ਼ੈਰ-ਹਾਜ਼ਰੀ ਵਿਚ ਫਾਂਸੀ ਦੀ ਸਜ਼ਾ ਸੁਣਾਈ। ਇਕ ਆਰਮੀਨੀ ਜਿਸ ਦਾ ਸਾਰਾ ਪਰਿਵਾਰ ਮਾਰਿਆ ਗਿਆ ਸੀ, ਨੇ ਬਰਲਿਨ ਵਿਚ ਤਲਾਤ ਪਾਸ਼ਾ ਫੁੰਡ ਦਿੱਤਾ।
ਅੰਗਰੇਜ਼ਾਂ ਦੀ ਇਨ੍ਹਾਂ ਮੁਕੱਦਮਿਆਂ ਵਿਚ ਬਹੁਤੀ ਰੁਚੀ ਨਹੀਂ ਸੀ। ਅੱਖਾਂ ਪੂੰਝਣ ਵਾਲਾ ਮਾੜਾ-ਮੋਟਾ ਕੰਮ ਕੀਤਾ। ਹਾਂ, ਆਰਮੀਨੀਆ ਤੁਰਕੀ ਤੋਂ ਖੁਦਮੁਖਤਾਰ ਦੇਸ ਹੋਵੇਗਾ, ਇਸ ਵਾਸਤੇ ਤੁਰਕੀ ਨੂੰ ਮਨਾ ਲਿਆ। ਵਿਲਸਨ ਨੇ ਤੁਰਕੀ ਦੇ ਨਕਸ਼ੇ ਵਿਚੋਂ ਕੁਝ ਹਿੱਸੇ ਕੱਟ ਕੇ ਆਰਮੀਨੀਆ ਦੇਸ ਸਿਰਜ ਦਿੱਤਾ ਪਰ ਛੇਤੀ ਹੀ ਤੁਰਕ ਅਤੇ ਰੂਸੀ ਬਾਲਸ਼ਵਿਕਾਂ ਵਿਚ ਏਕਾ ਹੋ ਗਿਆ ਤੇ ਦਸੰਬਰ 1920 ਵਿਚ ਇਸ ਦੇਸ ਦਾ ਭੋਗ ਪੈ ਗਿਆ। ਮਾਰਥੂਲਾਂ ਵਿਚ ਆਪਣੀਆਂ ਫੌਜਾਂ ਮਰਵਾਏ ਤੇ ਆਰਮੀਨੀਆਂ ਬਚਾਏ, ਇੰਗਲੈਂਡ ਦਾ ਪ੍ਰਧਾਨ ਮੰਤਰੀ ਵਿਲਸਨ ਇਸ ਲਈ ਤਿਆਰ ਨਹੀਂ ਸੀ। ਕੁਰਦਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, Ḕਵੱਖਰਾ ਦੇਸ ਚਾਹੀਦੈ।Ḕ ਜਿਨ੍ਹਾਂ ਨੇ ਤੁਰਕੀ ਦੇ ਜਲਾਦਾਂ ਵਜੋਂ ਫਰਜ਼ ਨਿਭਾਇਆ, ਉਨ੍ਹਾਂ ਦਾ ਤੁਰਕੀ ਤੋਂ ਮੋਹ-ਭੰਗ ਹੋ ਗਿਆ। ਇੰਗਲੈਂਡ ਨੇ ਸੋਚਿਆ, ਜੇ ਕੁਰਦਿਸਤਾਨ ਬਣ ਗਿਆ, ਉਹ ਰੂਸ ਦੀ ਝੋਲੀ ਵਿਚ ਪੈ ਜਾਵੇਗਾ ਜੋ ਇੰਗਲੈਂਡ-ਅਮਰੀਕਾ ਦੀ ਸਿਆਸਤ ਵਾਸਤੇ ਠੀਕ ਨਹੀਂ।
ਅਮਰੀਕਾ ਇੰਗਲੈਂਡ ਦਾ ਚੁੱਪ ਰਹਿਣ ਦਾ ਮਤਲਬ ਸੀ, ਆਰਮੀਨੀ ਫਿਰ ਇਕੱਲੇ ਰਹਿ ਗਏ। ਤੁਰਕਾਂ ਨੇ 1939 ਦੇ ਸਾਲ, ਦੂਜੀ ਆਲਮੀ ਜੰਗ ਵੇਲੇ ਸਿਲੀਸੀਆ ਵਿਚ ਫਰੈਂਚ ਆਰਮੀ ‘ਤੇ ਹੱਲਾ ਬੋਲ ਦਿੱਤਾ ਤੇ ਮਰਾਸ਼ ਸ਼ਹਿਰ ਤੱਕ ਧੱਕ ਦਿੱਤੇ। ਇਥੇ ਰਹਿ ਰਹੇ ਆਰਮੀਨੀ ਸੋਚਦੇ ਸਨ, ਫਰਾਂਸੀਸੀ ਸੁਰੱਖਿਆ ਅਧੀਨ ਹਾਂ, ਕੋਈ ਖਤਰਾ ਨਹੀਂ, 50 ਹਜ਼ਾਰ ਦੀ ਗਿਣਤੀ ਵਿਚ ਫਿਰ ਤੁਰਕਾਂ ਨੇ ਕਤਲ ਕੀਤੇ। ਚਰਚਿਲ ਨੇ ਲਿਖਿਆ, Ḕਇਤਿਹਾਸ, ਆਰਮੀਨੀਆ ਲਫਜ਼ ਲੱਭੇਗਾ, ਨਹੀਂ ਮਿਲੇਗਾ।Ḕ
ਮੁਸਲਮਾਨਾਂ ਨੇ ਕਿਹਾ, ਗੋਰੇ ਇਸ ਕੌਮ ਲਈ ਇਸ ਕਰ ਕੇ ਫਿਕਰਮੰਦ ਨਹੀਂ ਕਿ ਇਹ ਘੱਟ-ਗਿਣਤੀ ਹਨ। ਈਸਾਈ, ਈਸਾਈਆਂ ਨੂੰ ਬਚਾਉਣ ਲਈ ਫਿਕਰਮੰਦ ਹਨ।
ਅਸੀਂ ਦੇਖ ਰਹੇ ਹਾਂ ਕਿ ਇਨ੍ਹਾਂ ਵਾਸਤੇ ਕੋਈ ਫਿਕਰਮੰਦ ਨਹੀਂ। ਪਾਦਰੀ ਕਰਕਾਸ਼ਿਅਨ ਦੀ ਭੈਣ ਵਿਕਟੋਰੀਆ ਦੱਸਦੀ ਹੈ, 1939 ਵਿਚ ਦਸ ਸਾਲ ਦੀ ਸੀ। ਫਰਾਂਸੀਸੀ ਫੌਜ ਉਨ੍ਹਾਂ ਨੂੰ ਬਚਾ ਕੇ ਲਿਜਾ ਰਹੀ ਸੀ। ਭਰਾ ਵਰੂਜਨ ਦੋ ਸਾਲ ਦਾ ਮਾਂ ਦੀ ਗੋਦੀ ਵਿਚ ਦਮ ਤੋੜ ਗਿਆ। ਮਲੇਰੀਆ ਸੀ। ਚਾਲੀ ਦਿਨ ਸੀਰੀਆ ਦੇ ਸ਼ਹਿਰ ਅੱਬਾਸੀ ਵਿਚ ਰਹੇ। ਫਿਰ ਸੱਤ ਦਿਨ ਸਮੁੰਦਰੀ ਜਹਾਜ ਵਿਚ। ਉਤਰੀ ਲੈਬਨਾਨ ਦੇ ਸ਼ਹਿਰ ਤ੍ਰਿਪੋਲੀ ਉਤਰੇ, ਮਾਲ ਗੱਡੀ ਰਾਹੀਂ ਰੱਯਾਕ ਪੁਜੇ, ਇਥੋਂ ਆਜਰ ਲੈ ਗਏ। ਫਰਾਂਸੀਸੀਆਂ ਨੂੰ ਪਤਾ ਨਹੀਂ ਲਗਦਾ ਸੀ ਕਿ ਸਾਡਾ ਕਰਨ ਕੀ? ਫਾਦਰ ਕਰਕਾਸ਼ੀਅਨ ਨੇ ਦੱਸਿਆ, ਬਹੁਤੇ ਬੱਚਿਆਂ ਦੇ ਮਾਪੇ ਜਾਂ ਦਾਦਾ-ਦਾਦੀ ਨਹੀਂ ਸਨ। ਪੱਥਰ ਕੁੱਟਣ ਦੀ 25 ਪੌਂਡ ਦਿਹਾੜੀ ਮਿਲਣ ਲੱਗੀ। ਦਲ-ਦਲ ਵਿਚ ਇਕ ਹਜ਼ਾਰ ਮੌਤਾਂ ਮਲੇਰੀਏ ਕਾਰਨ ਹੋਈਆਂ। ਕਸਬੇ ਦੇ ਉਤਰ ਵਲ ਟੁੱਟੀਆਂ ਫੁੱਟੀਆਂ ਕਬਰਾਂ ਦੇਖ ਲਉ। ਇਥੋਂ ਬਹੁਤੇ ਅਮਰੀਕਾ ਚਲੇ ਗਏ ਤੇ ਕਦੀ ਵਾਪਸ ਨਾ ਆਏ। ਫਾਦਰ ਇਕ ਵਾਰ ਤੁਰਕੀ ਆਪਣਾ ਜੱਦੀ ਪਿੰਡ ਦੇਖਣ ਗਿਆ ਦੱਸਦਾ ਹੈ, ਉਥੇ 35 ਆਰਮੀਨੀ ਪਰਿਵਾਰ ਰਹਿੰਦੇ ਨੇ। ਕਹਿੰਦੇ ਤੁਰਕ ਹੁਣ ਨਰਮ ਹਨ ਕਿਉਂਕਿ ਸਾਡਾ ਦੇਸ ਆਰਮੀਨੀਆ ਉਨ੍ਹਾਂ ਨੇ ਖੋਹ ਲਿਆ। ਫਰਾਂਸ ਡਰ ਗਿਆ ਕਿ ਪਹਿਲੀ ਵੱਡੀ ਲਾਮ ਵਾਂਗ ਦੁਬਾਰਾ ਤੁਰਕੀ, ਜਰਮਨੀ ਨਾਲ ਨਾ ਰਲ ਜਾਵੇ। ਸੋ, ਤੁਰਕੀ ਦੀਆਂ ਸ਼ਰਤਾਂ ‘ਤੇ ਸੰਧੀ ਕੀਤੀ। ਸੰਧੀ ਮੁਤਾਬਕ ਰਾਇਸ਼ੁਮਾਰੀ ਕਰਵਾਈ ਜਾਵੇ ਕਿ ਆਰਮੀਨੀ ਵੱਖ ਦੇਸ ਚਾਹੁੰਦੇ ਹਨ ਜਾਂ ਤੁਰਕੀ ਵਿਚ ਰਹਿਣ ਨੂੰ ਪਹਿਲ ਦਿੰਦੇ ਹਨ। ਇਕ ਤਾਂ ਜੀਆਘਾਤ ਹੋ ਚੁੱਕਾ, ਦੂਜੇ ਜਾਅਲੀ ਵੋਟਾਂ ਭੁਗਤਾਣ ਵਾਸਤੇ ਟਰੱਕਾਂ ਵਿਚ ਬਾਹਰੋਂ ਵੋਟਰ ਆ ਉਤਰੇ। ਖਬਰ ਛਪੀ ਕਿ ਆਰਮੀਨੀ ਵਸੋਂ ਤੁਰਕੀ ਵਿਚ ਰਹਿਣਾ ਪਸੰਦ ਕਰਦੀ ਹੈ। ਪਾਠ ਦਾ ਭੋਗ ਪੈ ਗਿਆ। ਫਰਾਂਸ ਆਪਣੇ ਮੱਥੇ ਉਪਰ ਲੱਗਾ ਬੇਇਜ਼ਤ ਦਾਗ ਧੋ ਨਹੀਂ ਸਕੇਗਾ। ਰਾਇਸ਼ੁਮਾਰੀ ਦੇ ਨਤੀਜੇ ਬਾਅਦ ਯੂਰਪ ਦੇ ਜਿਸ ਦੇਸ ਵਲ ਮੂੰਹ ਹੋਇਆ, ਆਰਮੀਨੀ ਭੱਜ ਗਏ। ਉਨ੍ਹਾਂ ਦੇ ਇਤਿਹਾਸਕ ਸ਼ਹਿਰ ਅਲੈਕਸੈਂਦਰੇਟਾ ਦਾ ਨਾਮ ਮੁਸਲਮਾਨਾਂ ਨੇ ਇਸਕੰਦਰਮ ਰੱਖ ਦਿੱਤਾ। ਨਾਮਕਰਨ ਵੇਲੇ, ਵੱਡੀ ਦਾਅਵਤ ਵਿਚ ਤੁਰਕੀ ਨੇ ਐਲਾਨ ਕੀਤਾ, ਜਿਨ੍ਹਾਂ ਦੀਆਂ ਨਜ਼ਰਾਂ ਅਜੇ ਇਸਕੰਦਰਮ ਵੱਲ ਹਨ, ਸਮਝੋ ਉਹ ਅੰਨ੍ਹੇ ਹਨ। ਤੁਰਕੀ ਵਲ ਮੈਲੀ ਨਿਗ੍ਹਾ ਮਨਜ਼ੂਰ ਨਹੀਂ।
1939 ਵਿਚ ਰੂਸੀ ਫੌਜ ਪੋਲੈਂਡ ਵਿਚ ਪੁੱਜੀ ਜਿਸ ਨੇ ਭਿਆਨਕ ਤਬਾਹੀ ਮਚਾਈ। ਟੀæਐਸ਼ ਇਲੀਅਟ ਇਕ ਔਰਤ ਦਾ ਬਿਆਨ ਦਰਜ ਕਰਦਾ ਹੈ, “ਪਿੰਡ ਰੇਲ ਗੱਡੀ ਰਾਹੀਂ ਉਜੜ ਕੇ ਜਾਏਗਾ, ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਗੱਡੀ ਰਾਤ ਨੂੰ ਜਾਏ ਜਦੋਂ ਮੇਰੇ ਬੱਚੇ ਸੁੱਤੇ ਪਏ ਹੋਣ। ਬਦਕਿਸਮਤ ਦਿਨੇ ਚੱਲ ਪਈ। ਇਸ ਨੇ ਸਾਡੇ ਘਰ, ਸਾਡੇ ਖੇਤ ਲਾਗਿਓਂ ਲੰਘਣਾ ਸੀ। ਬੱਚਿਆਂ ਨੇ ਖਿੜਕੀ ਰਾਹੀਂ ਦੇਖਿਆ, ਕਰਾਸ ਹੱਥ ਵਿਚ ਚੁੱਕੀ ਪਾਦਰੀ ਵਿਦਾਇਗੀ ਲਈ ਹੱਥ ਹਿਲਾ ਰਿਹਾ ਸੀ, ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਸਾਡਾ ਫਾਰਮ ਹਾਊਸ ਦੇਖਿਆ, ਤੋਮੂ ਚੀਕਾਂ ਮਾਰਨ ਲੱਗਾ, ਮੰਮੀ ਸਾਡਾ ਬਾਗ, ਮੰਮੀ ਸਾਡਾ ਤਾਲਾਬ, ਅਹੁ ਦੇਖ ਮੰਮੀ ਸਾਡੀ ਗਾਂ ਘਾਹ ਚਰਦੀ, ਮੰਮੀ ਸਾਨੂੰ ਕਿਉਂ ਲੈ ਕੇ ਚੱਲੀ?”
ਪੋਲੈਂਡ ਵਿਚ ਜੰਮੇ ਯਹੂਦੀ ਰਾਫੇਲ ਲੈਮਕਿਨ ਨੇ 1944 ਵਿਚ ‘ਜੀਨੋਸਾਈਡ’ ਸ਼ਬਦ ਘੜਿਆ, ਇਸ ਨੂੰ ਪੰਜਾਬੀ ਵਿਚ ਨਸਲਕੁਸ਼ੀ ਕਹਾਂਗੇ। ਇਸ ਸ਼ਬਦ ਦੇ ਜਨਮ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਤੁਰਨ ਲੱਗੀ। ਹਿਟਲਰ ਨੇ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਦਾ ਫੈਸਲਾ ਕੀਤਾ, ਉਸ ਨੂੰ ਕਿਹਾ ਗਿਆ, ਪਰ ਇੰਨਾ ਵੱਡਾ ਜੀਆਘਾਤ ਦੇਖ ਕੇ ਸੰਸਾਰ ਹਿੱਲ ਨਹੀਂ ਜਾਏਗਾ? ਹਿਟਲਰ ਨੇ ਕਿਹਾ, ਵੀਹ ਸਾਲ ਪਹਿਲਾਂ ਆਰਮੀਨੀ ਲੋਕਾਂ ਦੀ ਨਸਲਕੁਸ਼ੀ ਕਿਸ ਨੂੰ ਯਾਦ ਹੈ?
(ਚਲਦਾ)