ਮੈਨੂੰ ਉਹ ਕਹਾਣੀ ਲਿਖਣੀ ਨਹੀਂ ਸੀ ਚਾਹੀਦੀ!

ਅੰਮ੍ਰਿਤਾ ਪ੍ਰੀਤਮ-6
ਗੁਰਬਚਨ ਸਿੰਘ ਭੁੱਲਰ
ਅੰਮ੍ਰਿਤਾ ਦੇ ਸਿਰੇ ਦੇ ਜਜ਼ਬਾਤੀ ਸੁਭਾਅ ਦਾ ਇਕ ਨਤੀਜਾ ਇਹ ਵੀ ਹੋਇਆ ਕਿ ਉਹ ਇਧਰ ਜਾਂ ਉਧਰ ਵਿਚ ਯਕੀਨ ਕਰਨ ਲੱਗੀ। ਉਹਦੀ ਪਸੰਦ ਦਾ ਖਿਆਲ ਰੱਖਣ ਵਾਲੇ ਉਹਨੂੰ ਪਸੰਦ ਆਉਣ ਲੱਗੇ। ਲਕੀਰ ਤੋਂ ਭੋਰਾ-ਭਰ ਵੀ ਇਧਰ-ਉਧਰ ਹੋ ਜਾਣ ਵਾਲਿਆਂ ਨੂੰ ਉਹ ਕੁੱਟੀ ਕਹਿ ਦਿੰਦੀ। ਜਿਹੜੀ ਗੱਲ ਉਹ ਦਿਲ ਨੂੰ ਲਾ ਲੈਂਦੀ, ਉਹਨੂੰ ਨਾ ਵਿਸਰਦੀ ਸੀ ਤੇ ਨਾ ਮੁਆਫ ਕਰਦੀ ਸੀ। ਇਕ ਘਟਨਾ ਵਾਪਰੀ ਜਿਸ ਦੇ ਪਾਤਰ ਪਰਦੇਸੋਂ ਛੁੱਟੀ ਆਇਆ ਸਤੀ, ਅੰਮ੍ਰਿਤਾ ਤੇ ਡਾæ ਹਰਿਭਜਨ ਸਿੰਘ ਸਨ। ਉਹ ਬਣੀ-ਬਣਾਈ ਕਹਾਣੀ ਸੀ।

‘ਕਸਵੱਟੀ’ ਨਾਂ ਨਾਲ ਲਿਖ ਕੇ ਮੈਂ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਛਪੀ ਤਾਂ ਅੰਮ੍ਰਿਤਾ ਨੇ ਵੀ ਪੜ੍ਹੀ। ਹੋ ਗਿਆ ਝੰਜਟ! ਉਹਨੇ ਇਮਰੋਜ਼ ਤੋਂ ਰੋਸ ਦੀ ਚਿੱਠੀ ਲਿਖਵਾਈ ਤਾਂ ਗੁਰਬਖ਼ਸ਼ ਸਿੰਘ ਨੇ ਕਿਹਾ, ‘ਇਹ ਕਹਾਣੀ ਅੰਮ੍ਰਿਤਾ ਬਾਰੇ ਨਹੀਂ; ਜਦੋਂ ਇਸ ਵਿਚੋਂ ਮੈਨੂੰ ਨਹੀਂ ਦਿੱਸੀ, ਪਾਠਕਾਂ ਨੂੰ ਉਹ ਕਿਥੋਂ ਦਿੱਸ ਜਾਵੇਗੀ?’ ਪਰ ਉਹ ਨਰਮ ਨਾ ਪਈ। ‘ਪ੍ਰੀਤਲੜੀ’ ਨਾਲ ਕਸੈਲੇ ਚਿੱਠੀ-ਪੱਤਰ ਮਗਰੋਂ ਉਹਨੇ ਇਹ ਸਾਰਾ ਕਿੱਸਾ ‘ਨਾਗਮਣੀ’ ਵਿਚ ਵੀ ਛਾਪਿਆ ਅਤੇ ‘ਰਸੀਦੀ ਟਿਕਟ’ ਦੇ ਪਹਿਲੇ ਐਡੀਸ਼ਨ ਵਿਚ ਇਕ ਪੂਰਾ ਕਾਂਡ ਵੀ ਬਣਾ ਦਿੱਤਾ। ਸਾਹਮਣੇ ਖਰੀ-ਖੋਟੀ ਸੁਣਨ ਦੀ ਥਾਂ ਮੇਰੇ ਲਈ ਠੀਕ ਰਾਹ ਇਹੋ ਸੀ ਕਿ ਮੈਂ ਚੁੱਪ ਕਰ ਰਹਿੰਦਾ ਅਤੇ ‘ਨਾਗਮਣੀ ਸ਼ਾਮ’ ਵਿਚ ਜਾਣਾ ਛੱਡ ਦਿੰਦਾ। ਉਸ ਪਿਛੋਂ ਕਦੀ ਕਿਸੇ ਸਾਹਿਤਕ ਇਕੱਠ ਵਿਚ ਸਬੱਬ ਬਣਦਾ ਤਾਂ ਮੈਂ ਕੋਲ ਜਾ ਕੇ ਆਦਰ ਜ਼ਰੂਰ ਦਿੰਦਾ। ਉਹ ਥੋੜ੍ਹਾ ਸਿਰ ਤਾਂ ਹਿਲਾਉਂਦੀ ਪਰ ਨਾਖੁਸ਼ੀ ਛੁਪਾਏ ਬਿਨਾਂ!
ਨਾਂ-ਥਾਂ ਬਦਲੇ ਹੋਣ ਕਰਕੇ ਮੈਨੂੰ ਭਰਮ ਸੀ ਕਿ ਕਹਾਣੀ ਉਹਦੇ ਨਾਂ ਨਾਲ ਨਹੀਂ ਜੁੜੇਗੀ ਤੇ ਉਹ ਵੀ ਬੁਰਾ ਨਹੀਂ ਮਨਾਵੇਗੀ। ਆਖਰ ਕਹਾਣੀਕਾਰ ਵਿਸ਼ਾ ਕਿਤੋਂ ਤਾਂ ਲੈਂਦਾ ਹੀ ਹੈ। ਇਹ ਗੱਲ ਵੱਡੀ ਲੇਖਿਕਾ ਹੋਣ ਸਦਕਾ ਉਹਤੋਂ ਵੱਧ ਕੌਣ ਜਾਣਦਾ ਹੈ ਪਰ ਨਤੀਜਾ ਉਲਟ ਨਿਕਲਿਆ। æææਅੰਮ੍ਰਿਤਾ ਦੇ ਦਿੱਤੇ ਸਾਹਿਤਕ ਉਤਸਾਹ, ਉਸ ਲਈ ਮਨ ਵਿਚ ਬਣੇ ਹੋਏ ਆਦਰ ਅਤੇ ਹੁਣ ਉਸ ਦੇ ਗੁੱਸੇ ਵੱਲ ਦੇਖਦਿਆਂ ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਇਹ ਕਹਾਣੀ ਲਿਖਣੀ ਨਹੀਂ ਸੀ ਚਾਹੀਦੀ। ਇਹੋ ਕਾਰਨ ਹੈ, ਉਸ ਪਿੱਛੋਂ ਮੇਰੇ ਕਈ ਸੰਗ੍ਰਿਹ ਛਪੇ, ਪਰ ਉਹ ਕਹਾਣੀ ਮੈਂ ਸ਼ਾਮਲ ਨਾ ਕੀਤੀ।
ਹੌਲੀ-ਹੌਲੀ ਮੇਰੇ ਨਾਲ ਉਹਦੇ ਗੁੱਸੇ ਦਾ ਪਤਾ ਸਭ ਨੂੰ ਲੱਗ ਗਿਆ। ਇਕ ਦਿਨ ਮੈਂ ਨਵਯੁਗ ਗਿਆ ਤਾਂ ਸਤਿਆਰਥੀ ਜੀ ਪਹਿਲਾਂ ਹੀ ਬੈਠੇ ਸਨ। ਭਾਪਾ ਜੀ ਕਈ ਵਾਰ ਮਖੌਲ ਵਿਚ ਜਾਣੂਆਂ ਦੀ ਜਾਣ-ਪਛਾਣ ਕਰਵਾਉਣ ਲਗਦੇ। ਬੋਲੇ, “ਸਤਿਆਰਥੀ ਜੀ, ਤੁਹਾਡੇ ਪਿੰਡਾਂ ਦਾ ਮੁੰਡਾ ਮਿਲਾਵਾਂ।” ਉਹ ਹੱਸੇ, “ਲਓ ਜੀ ਇਹ ਤਾਂ ਹੋਏ ਮੇਰੇ ਪੌੜੀ ਸਾਂਢੂ, ਮੈਂ ਇਨ੍ਹਾਂ ਤੋਂ ਅਣਜਾਣ ਕਿਵੇਂ ਰਹਿ ਸਕਦਾ ਹਾਂ!” ਮੈਂ ਹੈਰਾਨ ਹੋ ਕੇ ਕਿਹਾ, “ਸਤਿਆਰਥੀ ਜੀ, ਮੈਂ ਤੁਹਾਡਾ ਬੱਚਾ, ਇਹ ਸਾਂਢੂਪੁਣੇ ਦਾ ਪਾਪ ਤਾਂ ਮੇਰੇ ਸਿਰ ਨਾ ਚਾੜ੍ਹੋ।æææਨਾਲੇ ਆਪਾਂ ਸਾਂਢੂ ਲੱਗੇ ਕਿਧਰੋਂ?” ਨਾਲ ਹੀ ਭਾਪਾ ਜੀ ਨੇ ਸਵਾਲ ਕੀਤਾ, “ਤੇ ਇਹ ਪੌੜੀ ਸਾਂਢੂ ਕੀ ਹੋਇਆ?” ਸਤਿਆਰਥੀ ਜੀ ਮੁੱਛਾਂ ਵਿਚ ਹੱਸੇ, “ਇਨ੍ਹਾਂ ਨੂੰ ਵੀ ਉਹ ਪੌੜੀਆਂ ਚੜ੍ਹਨੀਆਂ ਵਰਜਿਤ ਹੋ ਗਈਆਂ ਨੇ ਜੋ ਮੈਨੂੰ ਵਰਜਿਤ ਨੇ।” ਭਾਪਾ ਜੀ ਨੇ ਮੱਥੇ ਉਤੇ ਹੱਥ ਮਾਰਿਆ, “ਇਹਦੀ ਤਾਂ ਬੇਸ਼ੱਕ ਹੋ ਜਾਵੇ, ਤੁਹਾਡੀ ਗਤੀ ਤਾਂ ਸਤਿਆਰਥੀ ਜੀ, ਉਹ ਪੌੜੀਆਂ ਚੜ੍ਹਨ ਦੀ ਆਗਿਆ ਮਿਲੇ ਬਿਨਾਂ ਹੋਣੀ ਨਹੀਂ! ਮਰ ਕੇ ਵੀ ਤੁਹਾਡੀ ਆਤਮਾ ਦਾ ਪ੍ਰੇਤ ਉਨ੍ਹਾਂ ਪੌੜੀਆਂ ਦੁਆਲੇ ਚੱਕਰ ਕੱਟਦਾ ਰਹਿਣਾ ਵੇ।” ਸਤਿਆਰਥੀ ਜੀ ਕਹਿੰਦੇ, “ਭਾਪਾ ਜੀ, ਤੁਸੀਂ ਕਿਰਪਾ-ਨਿਧਾਨ ਹੋ, ਸਭ ਕਰਨ-ਕਰਾਵਣਹਾਰ ਹੋ, ਕਰੋ ਕੋਈ ਹੀਲਾ!” ਤੇ ਖਿਦਖਿਦ ਕਰ ਕੇ ਹੱਸ ਪਏ।
ਕੁਝ ਸਮਾਂ ਲੰਘਿਆ, ਭਾਪਾ ਜੀ ਦੀ ਵੀ, ਦੁੱਗਲ ਸਮੇਤ, ਸਤਿਆਰਥੀ ਜੀ ਦੇ ਪੌੜੀ ਸਾਂਢੂ ਬਣਨ ਦੀ ਵਾਰੀ ਆ ਗਈ। ਉਨ੍ਹਾਂ ਦੇ ਸਾਹਿਤਕ ਹੀ ਨਹੀਂ, ਗੁਆਂਢ-ਮੱਥਾ ਹੋਣ ਕਰਕੇ ਸੰਘਣੇ ਪਰਿਵਾਰਕ ਸਬੰਧ ਵੀ ਸਨ। ਅੰਮ੍ਰਿਤਾ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਤਾਂ ਭਾਪਾ ਜੀ ਨੇ ਗਦਗਦ ਹੋ ਕੇ ‘ਆਰਸੀ’ ਦਾ ਅੰਮ੍ਰਿਤਾ ਅੰਕ ਕੱਢਿਆ। ਉਸ ਵਿਚ ਸ਼ਾਮਲ ਕਰਤਾਰ ਸਿੰਘ ਦੁੱਗਲ ਦੇ ਲੇਖ ਦੀਆਂ ਦੋ ਗੱਲਾਂ ਅੰਮ੍ਰਿਤਾ ਨੂੰ ਬਹੁਤ ਚੁਭੀਆਂ। ਇਕ ਤਾਂ ਉਹਨੇ ਕੰਦਲਾ ਦਾ ਗੋਦ ਲਈ ਹੋਈ ਹੋਣਾ ਲਿਖ ਦਿੱਤਾ। ਭਾਵੇਂ ਇਸ ਦਾ ਪਤਾ ਅਨੇਕ ਲੋਕਾਂ ਨੂੰ ਪਹਿਲਾਂ ਹੀ ਸੀ, ਅੰਮ੍ਰਿਤਾ ਦਾ ਕਹਿਣਾ ਸੀ, ਇਸ ਸੱਚ ਨੂੰ ਕੰਦਲਾ ਸਮੇਤ ਕੋਈ ਨਹੀਂ ਸੀ ਜਾਣਦਾ। ਉਹਦਾ ਰੋਸ ਸੀ ਕਿ ਮੇਰੀ ਬੇਟੀ ਦੇ ਦਿਲ ਉਤੇ ਇਹ ਪੜ੍ਹ ਕੇ ਕੀ ਬੀਤੀ ਹੋਵੇਗੀ! ਦੂਜੇ, ਦੁੱਗਲ ਨੇ ਅੰਮ੍ਰਿਤਾ ਨੂੰ ਮਿਲਣ ਆਉਣ ਵਾਲਿਆਂ ਦਾ ਤੇ ਉਸ ਦੀ ਮਹਿਮਾਨ-ਨਿਵਾਜ਼ੀ ਦਾ ਸ਼ਰਾਰਤੀ ਢੰਗ ਨਾਲ ਜ਼ਿਕਰ ਕੀਤਾ ਹੋਇਆ ਸੀ। ਸੁਭਾਵਿਕ ਸੀ, ਭਾਪਾ ਜੀ ਤੇ ਦੁੱਗਲ- ਦੋਵਾਂ ਗੁਆਂਢੀਆਂ ਨਾਲ ਉਹਨੇ ਪੱਕੀ ਕੁੱਟੀ ਕਰ ਦਿੱਤੀ।
ਮੈਂ ਸਮਝਦਾ ਹਾਂ, ਇਹ ਸਭ ਉਸ ਇਕੱਠੀ ਹੋਈ ਕੁੜੱਤਣ ਦਾ ਨਤੀਜਾ ਸੀ ਜੋ ਕੁਝ ਪੰਜਾਬੀ ਲੇਖਕਾਂ, ਆਲੋਚਕਾਂ ਤੇ ਧਾਰਮਿਕ ਕਹਾਉਣ ਵਾਲੇ ਲੋਕਾਂ ਦੇ ਉਸ ਲਈ ਵਿਰੋਧ ਸਦਕਾ ਪੈਦਾ ਹੋਈ ਸੀ। ਉਹਦੀ ਜ਼ਾਤੀ ਜ਼ਿੰਦਗੀ ਨੂੰ ਲੈ ਕੇ, ਖਾਸ ਕਰਕੇ ਉਹਦੀ ਨਸ਼ੇਬਾਜ਼ੀ ਨੂੰ ਲੈ ਕੇ ਏਨਾ ਤੂਫਾਨ ਖੜ੍ਹਾ ਕੀਤਾ ਗਿਆ ਜਿਵੇਂ ਬਾਕੀ ਸਾਰਾ ਪੰਜਾਬ ਸੋਫੀਆਂ ਦਾ ਸਵਰਗ ਹੋਵੇ, ਬੱਸ ਇਕ ਉਹ ਕਿਤੋਂ ਅਵੱਗਿਆਕਾਰ ਆਈ ਹੋਵੇ। ਇਹਦੇ ਨਾਲ ਹੀ ਉਹਦੀਆਂ ਕਈ ਖੂਬਸੂਰਤ ਕਵਿਤਾਵਾਂ ਨੂੰ ਜਾਣ-ਬੁੱਝ ਕੇ ਤੋੜਿਆ-ਮਰੋੜਿਆ ਗਿਆ, ਗਲਤ ਅਰਥਾਇਆ ਗਿਆ ਅਤੇ ਨਿੰਦਿਆ ਗਿਆ। ਉਹਨੂੰ ਕਵਿੱਤਰੀ ਮੰਨਣੋਂ ਇਨਕਾਰ ਕੀਤਾ ਗਿਆ। ਪਾਠ-ਪੁਸਤਕਾਂ ਵਿਚੋਂ ਉਹਦੀਆਂ ਕਵਿਤਾਵਾਂ ਕੱਢੇ ਜਾਣ ਦੀ ਮੰਗ ਹੋਣ ਲੱਗੀ। ‘ਸੁਨੇਹੜੇ’ ਨੂੰ ਸਾਹਿਤ ਅਕਾਦਮੀ ਇਨਾਮ ਮਿਲਿਆ ਤਾਂ ਉਹਨੂੰ ਇਨਾਮ ਦੇ ਅਯੋਗ ਕਿਹਾ ਗਿਆ ਅਤੇ ਪੁਸਤਕ ਦੀ ਇਕ-ਇਕ ਕਵਿਤਾ ਨੂੰ ਛੁਟਿਆਉਣ ਵਾਸਤੇ ਲੇਖਾਂ ਦੀ ਝੜੀ ਲਾ ਦਿੱਤੀ ਗਈ।
ਹੌਲੀ ਹੌਲੀ ਉਹ ਇਮਰੋਜ਼ ਨਾਲ ਏਕਾਂਤਪਸੰਦ ਹੋ ਗਈ। ਪੰਜਾਬ ਤਾਂ ਛੁੱਟ ਹੀ ਗਿਆ, ਦਿੱਲੀ ਦੇ ਸਾਹਿਤਕ ਇਕੱਠਾਂ ਵਿਚ ਆਉਣਾ-ਜਾਣਾ ਵੀ ਬੰਦ ਹੋ ਗਿਆ। ਇਹ ਉਮਰ ਨਾਲ ਜੁੜੇ ਹੋਏ ਰੋਗਾਂ ਦੇ ਰੰਗ ਦਿਖਾਉਣ ਤੋਂ ਪਹਿਲਾਂ ਦੀ ਗੱਲ ਹੈ, ਪਿਛੋਂ ਤਾਂ ਘਰ ਤੱਕ ਤੇ ਫੇਰ ਕਮਰੇ ਤੱਕ ਸੀਮਤ ਹੋ ਜਾਣਾ ਕੁਦਰਤੀ ਸੀ।
ਇਕ ਦਿਨ ਫੋਨ ਆਇਆ। ਮੇਰੇ ਬੇਟੇ ਨੇ ਚੁੱਕਿਆ ਤੇ ਕਿਹਾ, “ਕਿਸੇ ਇਸਤਰੀ ਦੀ ਆਵਾਜ਼ ਹੈ।æææਇਉਂ ਲਗਦੈ ਜਿਵੇਂ ਅੰਮ੍ਰਿਤਾ ਜੀ ਹੋਣ।”
ਮੈਂ ਕਿਹਾ, “ਉਹ ਨਹੀਂ ਹੋ ਸਕਦੇ।”
ਮੈਂ ‘ਹਾਂ ਜੀ’ ਕਿਹਾ ਤਾਂ ਆਵਾਜ਼ ਆਈ, “ਭੁੱਲਰ, ਮੈਂ ਅੰਮ੍ਰਿਤਾ ਬੋਲਦੀ ਹਾਂ।”
ਮੈਂ ਹੈਰਾਨੀ ਛੁਪਾ ਕੇ ਸਵਾਲ ਕੀਤਾ, “ਤੁਹਾਡੀ ਸਿਹਤ ਦਾ ਕੀ ਹਾਲ ਹੈ ਅੰਮ੍ਰਿਤਾ ਜੀ? ਪਤਾ ਲੱਗਿਆ ਸੀ, ਤਬੀਅਤ ਖ਼ਰਾਬ ਹੈ?”
“ਸਿਹਤ, ਭੁੱਲਰ, ਹੁਣ ਮੇਰੀ ਠੀਕ ਨਹੀਂ ਰਹਿੰਦੀ।æææਹਾਂ, ਫੋਨ ਮੈਂ ਇਸ ਲਈ ਕੀਤਾ ਹੈ, ਪਾਕਿਸਤਾਨ ਤੋਂ ਕਹਾਣੀਕਾਰ ਅਫ਼ਜ਼ਲ ਤੌਸੀਫ਼ ਮੇਰੇ ਘਰ ਆਈ ਹੋਈ ਹੈ ਤੇ ਮਿਲਣਾ ਚਾਹੁੰਦੀ ਹੈ।”
ਮੈਂ ਪੁੱਛਿਆ, “ਜੇ ਤੁਹਾਨੂੰ ਕੋਈ ਵਿਘਨ ਨਾ ਪਵੇ, ਕੱਲ੍ਹ ਦਸ ਵਜੇ ਆ ਜਾਵਾਂ?”
ਫੋਨ ਰੱਖ ਕੇ ਮੈਂ ਨਿਤਾਰਾ ਕੀਤਾ, ਉਹ ਉਸ ਮਾਨਸਿਕ ਅਵਸਥਾ ਵਿਚ ਪਹੁੰਚ ਚੁੱਕੀ ਹੈ ਜਿਥੇ ਬੰਦਾ ਗਿਲੇ-ਸ਼ਿਕਵੇ, ਗੁੱਸੇ-ਰੋਸੇ ਮਾਮੂਲੀ ਗੱਲਾਂ ਸਮਝ ਕੇ ਛੱਡ-ਸੁੱਟ ਦਿੰਦਾ ਹੈ। ਜੇ ਗੁੱਸਾ ਓਵੇਂ ਹੁੰਦਾ, ਉਹ ਤੌਸੀਫ਼ ਨੂੰ ਮੇਰੇ ਨਾਲ ਹੋਰ ਕਿਤੇ ਮਿਲਣ ਲਈ ਨਾ ਵੀ ਆਖਦੀ ਤਾਂ ਇਹ ਤਾਂ ਕਹਿ ਹੀ ਸਕਦੀ ਸੀ, ਐਹ ਪਿਆ ਹੈ ਫੋਨ ਤੇ ਇਹ ਹੈ ਉਹਦਾ ਨੰਬਰ, ਆਪੇ ਗੱਲ ਕਰ ਲੈ।
ਮੈਂ ਕਮਰੇ ਵਿਚ ਗਿਆ ਤਾਂ ਲੱਤਾਂ-ਬਾਂਹਾਂ ਨੂੰ ਕਈ ਸਰ੍ਹਾਣਿਆਂ ਦਾ ਆਸਰਾ ਦੇ ਕੇ ਉਹ ਬਿਸਤਰ ਮੱਲੀਂ ਪਈ ਸੀ। ਹੋਰ ਗੱਲਾਂ ਤੋਂ ਇਲਾਵਾ ਉਹਨੇ ਪੁੱਛਿਆ, “ਟ੍ਰਿਬਿਊਨ ਵਧੀਆ ਚੱਲ ਰਿਹਾ ਸੀ, ਛੱਡ ਕਿਉਂ ਦਿੱਤਾ?”
ਮੈਂ ਦੱਸਿਆ, “ਮੇਰਾ ਉਨ੍ਹਾਂ ਨਾਲ ਦੋ ਸਾਲ ਦਾ ਕੰਟਰੈਕਟ ਸੀ, ਉਹ ਮੁੱਕ ਗਿਆ। ਉਨ੍ਹਾਂ ਨੇ ਮੈਨੂੰ ਆਪ ਬੁਲਾਇਆ ਸੀ, ਕੰਮ ਦੇਖ ਕੇ ਕੰਟਰੈਕਟ ਆਪ ਵਧਾਉਣਾ ਚਾਹੀਦਾ ਸੀ, ਵਧਾਇਆ ਨਹੀਂ। ਮੈਥੋਂ ਵਧਾਉਣ ਲਈ ਆਖਣ ਦੀ ਆਸ ਰਖਦੇ ਸਨ, ਮੈਂ ਆਖਿਆ ਨਹੀਂ।”
ਉਹ ਬੋਲੀ, “ਬਿਲਕੁਲ ਠੀਕ ਕੀਤਾ!” ਫੇਰ ਉਹ ਸਾਹਿਤ ਤੇ ਸਾਹਿਤਕਾਰਾਂ ਦੀਆਂ, ਅਖ਼ਬਾਰਾਂ ਤੇ ਪੱਤਰਕਾਰਾਂ ਦੀਆਂ ਹੋਰ ਗੱਲਾਂ ਕਰਨ ਲੱਗੀ ਜਿਨ੍ਹਾਂ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਉਹ ਆਪ ਭਾਵੇਂ ਚਿਰ ਤੋਂ ਘਰ ਤੱਕ ਸੀਮਤ ਹੈ ਪਰ ਬਾਹਰਲੀ ਦੁਨੀਆਂ ਬਾਰੇ ਉਹਦੀ ਜਾਣਕਾਰੀ ਅਜੇ ਵੀ ਸੀਮਤ ਨਹੀਂ ਹੋਈ।
(ਚਲਦਾ)