ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸੜਕ ਕਿਨਾਰੇ ਪੈਦਲ ਜਾਣ ਵਾਲਿਆਂ ਲਈ ਛੱਡੇ ਕੱਚੇ ਰਸਤੇ ਉਪਰ ਕੋਈ ਭਲਾ ਲੋਕ ਤੁਰਿਆ ਜਾ ਰਿਹਾ ਹੈ, ਪਿਛਿਓਂ ਆ ਰਹੀ ਕਿਸੇ ਨਸ਼ੇੜੀ ਡਰਾਈਵਰ ਦੀ ਤੇਜ਼ ਰਫ਼ਤਾਰ ਬੱਸ ਉਹਨੂੰ ਫੇਟ ਮਾਰ ਜਾਂਦੀ ਹੈ। ਰੱਬ ਦੀ ਮਿਹਰ ਨਾਲ ਜੇ ਉਹ ਬਚ ਵੀ ਜਾਵੇ, ਤਦ ਵੀ ਉਹ ਕਈ ਗਜ਼ ਦੂਰ ਤੱਕ ਘੜੀਸਿਆ ਹੋਇਆ ਇਨਸਾਨ, ਥਾਂ-ਥਾਂ ਤੋਂ ਪੱਛਿਆ ਪਿਆ ਹੋਵੇਗਾ।
ਬੱਸ, ਐਨ੍ਹ ਇਸ ਫੱਟੜ ਬੰਦੇ ਵਾਂਗ ਸਾਡੀਆਂ ਕਈ ਧਾਰਮਿਕ ਪ੍ਰੰਪਰਾਵਾਂ, ਰਵਾਇਤਾਂ ਅਤੇ ਮਾਨਤਾਵਾਂ ਨੂੰ ਪਦਾਰਥਵਾਦ ਜਾਂ ਮੁਨਾਫ਼ਾਖੋਰੀ ਦੀਆਂ ਚੱਲ ਰਹੀਆਂ ਤੇਜ਼ ਰਫ਼ਤਾਰ ਕਾਲੀਆਂ ਬੋਲੀਆਂ ਹਨੇਰੀਆਂ ਨੇ ਜ਼ਖਮੀ ਕੀਤਾ ਹੋਇਆ ਹੈ।
ਮੰਨੀਏ ਚਾਹੇ ਨਾ ਮੰਨੀਏ, ਅਜਿਹੀ ਮਾਰ ਥੱਲੇ ਆਈਆਂ ਕਈ ਰੀਤਾਂ-ਰਵਾਇਤਾਂ ਦਾ ਕੋਈ ਢੁਕਵਾਂ ਇਲਾਜ ਸਾਨੂੰ ਸੁੱਝ ਨਹੀਂ ਰਿਹਾ। ਇਨ੍ਹਾਂ ਦਾ ਕੋਈ ਯੋਗ ਬਦਲ ਲੱਭਣ ਵਿਚ ਸਾਡੇ ਚਿੰਤਕ ਜਾਂ ਧਾਰਮਿਕ ਆਗੂ ਅਸਮਰੱਥ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਚੋਂ ਇਕ ਖਾਸ ਹੈ ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਦੇ ਮਿਹਨਤਾਨੇ ਬਾਬਤ ਕਿਸੇ ਪ੍ਰਵਾਨਿਤ ਵਿਧੀ-ਵਿਧਾਨ ਦਾ ਨਾ ਹੋਣਾ। ਇਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੁਲਾਜ਼ਮਤ ਕਰ ਰਹੇ ਰਾਗੀਆਂ ਪ੍ਰਚਾਰਕਾਂ ਦੀਆਂ ਤਨਖਾਹਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਇਨ੍ਹਾਂ ਧਾਰਮਿਕ ਸਥਾਨਾਂ ਵਿਚ ਵੀ ਧਰਮ ਪ੍ਰਚਾਰਕਾਂ ਦੀਆਂ ਤਨਖਾਹਾਂ ਭਾਵੇਂ ਘੱਟ ਹੁੰਦੀਆਂ ਹਨ, ਪਰ ਉਥੇ ਸਰਕਾਰੀ ਅਦਾਰਿਆਂ ਵਾਂਗ ਕੋਈ ਨਾ ਕੋਈ ਕਾਇਦਾ-ਕਾਨੂੰਨ ਹੁੰਦਾ ਹੈ। ਇਹੀ ਪ੍ਰਚਾਰਕ ਕੀਰਤਨੀਏ ਜਦੋਂ ਆਮ ਸਿੱਖ ਸ਼ਰਧਾਲੂਆਂ ਦੇ ਘਰਾਂ ਵਿਚ ਸਮਾਗਮਾਂ ‘ਤੇ ਜਾਂਦੇ ਹਨ, ਤਦ ਉਥੇ ਕਈ ਤਰ੍ਹਾਂ ਦੀਆਂ ਅਣ-ਸੁਖਾਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ।
ਅਜਿਹੇ ਮੌਕਿਆਂ ‘ਤੇ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਘਰ ਵਾਲਿਆਂ ਨੇ ਸਮਾਗਮ ਦੀ ਸ਼ਾਨੋ-ਸ਼ੌਕਤ ਵਧਾਉਣ ਲਈ ਤਾਂ ਪੈਸਾ ਪਾਣੀ ਵਾਂਗ ਰੋੜ੍ਹਿਆ ਹੋਇਆ ਹੁੰਦਾ ਹੈ, ਪਰ ਜਦ ਰਾਗੀ ਪ੍ਰਚਾਰਕ ਭੇਟਾ ਮੰਗ ਲੈਣ ਤਾਂ ਉਨ੍ਹਾਂ ਨੂੰ ਸੌ-ਸੌ ਮਿਹਣੇ ਮਾਰੇ ਜਾਂਦੇ ਹਨ। ਸਬਰ ਸੰਤੋਖ ਤੋਂ ਹੀਣੇ ਅਤੇ ‘ਪੂਜਾ ਦਾ ਧਾਨ’ ਖਾਣ ਵਾਲੇ ਤੱਕ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ। ਉਸ ਮੌਕੇ ਸ਼ਰਧਾਲੂ-ਜਨ ਇਹ ਭੁੱਲ ਜਾਂਦੇ ਹਨ ਕਿ ਪ੍ਰਚਾਰਕ ਸ਼੍ਰੇਣੀ ਨੇ ਵੀ ਆਪਣੇ ਬਾਲ ਬੱਚੇ ਪਾਲਣੇ ਨੇ। ਅਜੋਕੇ ਵਿਆਹ ਸ਼ਾਦੀਆਂ ਮੌਕੇ ਉਦੋਂ ਹਾਲਤ ਬਹੁਤ ਹਾਸੋ-ਹੀਣੀ ਬਣ ਜਾਂਦੀ ਹੈ, ਜਦੋਂ ਮਨੋਰੰਜਨ ਹਿੱਤ ਬੁਲਾਏ ਗਏ ਕਿਸੇ ਗਾਇਕ ਨੂੰ ਤਾਂ ਮੂੰਹ ਮੰਗੇ ਪੈਸੇ ਦਿੱਤੇ ਜਾਂਦੇ ਹਨ ਜੋ ਹਜ਼ਾਰਾਂ ਲੱਖਾਂ ਦੇ ਵਿਚ ਹੁੰਦੇ ਹਨ, ਪਰ ਧਾਰਮਿਕ ਰਸਮਾਂ ਨਿਭਾਉਣ ਵਾਲੇ ਰਾਗੀਆਂ ਢਾਡੀਆਂ ਨੂੰ ਸੈਂਕੜਿਆਂ ਵਿਚ ਹੀ ਸਾਰ ਦਿੱਤਾ ਜਾਂਦਾ ਹੈ। ਉਹ ਵੀ ਕਈ ਵਾਰੀ ‘ਬੁੜ-ਬੁੜ’ ਕਰਦਿਆਂ।
ਇਸ ਸਿਲਸਿਲੇ ਵਿਚ ਸਿੱਖ ਰਹੁ ਰੀਤਾਂ ਅਨੁਸਾਰ ਹੁੰਦੇ ਆਨੰਦ ਕਾਰਜਾਂ ਦੀ ਗੱਲ ਕਰਨੀ ਇਥੇ ਕੁਥਾਂ ਨਹੀਂ ਹੋਵੇਗੀ। ਅਨੰਦ ਕਾਰਜ ਕਰਾਉਣ ਵਾਲੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘਾਂ ਨੂੰ ਭੇਟਾ ਦਿੱਤੀ ਜਾਂਦੀ ਹੈ, ਜਦਕਿ ਗੁਰੂ ਅਮਰਦਾਸ ਜੀ ਆਪਣੀ ਬਾਣੀ ਵਿਚ ਉਸ ਪਾਂਧੇ ਦੀ ਜ਼ਮੀਰ ਨੂੰ ਹਲੂਣਦੇ ਹੋਏ ਉਸ ਨੂੰ ਪੁੱਛਦੇ ਹਨ ਕਿ ਜਿਹੋ ਜਿਹੀ ਜਜ਼ਮਾਨ ਦੀ ਪੁੱਤਰੀ, ਤਿਹੋ ਜਿਹੀ ਤੇਰੀ ਧੀ; ਤੈਨੂੰ ਦਾਨ-ਦੱਛਣਾ ਲੈ ਕੇ ਵਿਆਹ ਕਰਵਾਉਂਦੇ ਨੂੰ ਲੱਜਾ ਨਹੀਂ ਆਉਂਦੀ? ਇਹ ਧਾਨ ਖਾ ਕੇ ਕਿਉਂ ਤੂੰ ਆਪਣਾ ਜਨਮ ਗੰਵਾ ਰਿਹਾ ਹੈਂ?
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ
ਖਾਧੈ ਤੇਰਾ ਜਨਮੁ ਗਇਆ॥ (ਅੰਗ 435)
ਇਹ ਗੱਲ ਵੀ ਜਾਇਜ਼ ਨਹੀਂ ਕਿ ਸਾਰਾ ਦਿਨ ਕਾਠ ਮਾਰ ਕੇ ਬੈਠੇ ਰਹਿਣ ਵਾਲੇ ਪਾਠੀ-ਰਾਗੀ ਸ਼ਾਮ ਨੂੰ ਖਾਲੀ ਹੱਥ ਆਪਣੇ ਘਰੇ ਚਲੇ ਜਾਇਆ ਕਰਨ। ਜੇ ਜੀਵਨ-ਗੱਡੀ ਤੋਰਨ ਹਿੱਤ ਉਹ ਕੁਝ ਭੇਟਾ ਲੈਂਦੇ ਹਨ ਤਾਂ ਗੁਰਬਾਣੀ ਦੇ ਉਕਤ ਫਰਮਾਨ ਨੂੰ ਉਹ ਕਿਸ ਪ੍ਰਸੰਗ ਵਿਚ ਸਮਝਣ/ਦੇਖਣ? ਇਸ ‘ਸਮੱਸਿਆ’ ਦੇ ਹੱਲ ਲਈ ਹਾਲੇ ਤੱਕ ਸਾਡਾ ਧਾਰਮਿਕ ਪ੍ਰਬੰਧ ਕੋਈ ਫੈਸਲਾ ਨਹੀਂ ਕਰ ਸਕਿਆ। ਬੱਸ, ਚਲਦੀ ਰੀਤ ਮੁਤਾਬਕ ਧੀਆਂ ਵਿਆਹੁਣ ਵਾਲੇ ਭੇਟਾ ਦੇ ਰਹੇ ਹਨ ਅਤੇ ਰਾਗੀ ਪਾਠੀ ਅੰਗੀਕਾਰ ਕਰੀ ਜਾ ਰਹੇ ਹਨ। ਉਂਜ ਪਾਠੀ ਸਿੰਘ ਨੂੰ ‘ਗੁਰੂ ਮਹਾਰਾਜ ਦਾ ਵਜ਼ੀਰ’ ਕਿਹਾ ਜਾਂਦਾ ਹੈ ਅਤੇ ਰਾਗੀ ਪ੍ਰਚਾਰਕਾਂ ਨੂੰ ‘ਭਲੋ ਭਲੋ ਰੇ ਕੀਰਤਨੀਆ’ ਵਾਲੀ ਤੁਕ ਰਾਹੀਂ ਵਡਿਆਇਆ ਜਾਂਦਾ ਹੈ, ਪਰ ਉਨ੍ਹਾਂ ਨਾਲ ਵਰਤੋਂ-ਵਿਹਾਰ ਕਰਨ ਵੇਲੇ ਉਕਤ ਦੋਹਾਂ ਸਨਮਾਨਾਂ ਨੂੰ ਪਿੱਠ ਦੇ ਦਿੱਤੀ ਜਾਂਦੀ ਹੈ।
ਜਿਵੇਂ ਮਾਇਕ ਚਕਾ-ਚੌਂਧ ਅਤੇ ਬਾਜ਼ਾਰੂ ਸੋਚ ਦੀ ਮਾਰ ਦਾ ਜ਼ਿਕਰ ਪਹਿਲਾਂ ਕੀਤਾ ਹੀ ਜਾ ਚੁੱਕਾ ਹੈ, ਇਸ ਮਾਰੂ ਰੁਝਾਨ ਨੇ ਸਾਰਾ ਢਾਂਚਾ ਹੀ ਤਹਿਸ-ਨਹਿਸ ਕਰ ਛੱਡਿਆ ਹੈ। ਪੰਜਵੇਂ ਗੁਰੂ ਨੇ ਵੀ 673 ਅੰਗ ‘ਤੇ ਫਰਮਾਇਆ ਹੋਇਆ ਹੈ ਕਿ ਜਿਸ ਮਾਇਆ ਨੇ ਤਿੰਨਾਂ ਗੁਣਾਂ ਸਮੇਤ ਸਾਰਾ ਸੰਸਾਰ ਆਪਣੇ ਵੱਸ ਵਿਚ ਲਿਆ ਹੋਇਆ ਹੈ, ਉਸ ਨੇ ਯੱਗ, ਇਸ਼ਨਾਨ, ਜਪ-ਤਪ ਦੇ ਨਾਲ-ਨਾਲ ਵੱਡੇ-ਵੱਡੇ ਧਾਰਮਿਕ ਸਥਾਨ ਵੀ ‘ਖੰਡਿਤ’ ਕਰ ਛੱਡੇ ਹਨ।
ਸੁਣਿਆ ਹੈ, ਮਹਾਰਾਜਾ ਰਣਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਲੋੜਵੰਦੇ ਰਾਗੀ ਦਾ ਆਰਥਿਕ ਸੰਕਟ ਦੂਰ ਕਰਨ ਹਿੱਤ ਉਸ ਦੇ ਘਰੇ ਗਿਆ ਤਾਂ ਅੱਗਿਓਂ ਉਸ ਰਾਗੀ ਨੇ ਮਹਾਰਾਜੇ ਨੂੰ ਇਹ ਕਹਿ ਕੇ ‘ਬਰੰਗ’ ਮੋੜ ਦਿੱਤਾ ਸੀ ਕਿ ਜਿਸ ਗੁਰੂ ਰਾਮ ਦਾਸ ਜੀ ਨੇ ਤੈਨੂੰ ਬਾਦਸ਼ਾਹੀ ਬਖਸ਼ੀ ਹੋਈ ਹੈ, ਉਹ ਸਤਿਗੁਰੂ ਮੇਰੀ ਗਰੀਬੀ ਵੀ ਦੂਰ ਕਰੇਗਾ। ਇੰਜ ਹੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਮੁੰਦ ਸਿੰਘ ਨੇ ਰਬਿੰਦਰ ਨਾਥ ਟੈਗੋਰ ਦੀ ‘ਡਬਲ ਤਨਖਾਹ’ ਦੀ ਪੇਸ਼ਕਸ਼ ਠੁਕਰਾਉਂਦਿਆਂ, ਸ੍ਰੀ ਦਰਬਾਰ ਸਾਹਿਬ ਛੱਡ ਕੇ ਸ਼ਾਂਤੀ ਨਿਕੇਤਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਦੇਖੋ ਸਾਡੇ ਰਾਗੀਆਂ ਦਾ ਅਤੀਤæææ! ਤੇ ਹੁਣ ਉਹ ‘ਭਾਈ ਸਾਹਿਬ’ ਜਾਂ ‘ਸ਼੍ਰੋਮਣੀ ਰਾਗੀ’ ਦੀਆਂ ਪਦਵੀਆਂ ਲੈਣ ਲਈ ਕੀ-ਕੀ ਪਾਪੜ ਵੇਲਦੇ ਨੇæææ!
ਲਗਭਗ ਦੋ ਦਹਾਕਿਆਂ ਤੋਂ ਵੱਧ ਸਮਾਂ ਮੈਂ ਖੁਦ ਪ੍ਰਚਾਰਕ ਸ਼੍ਰੇਣੀ ਵਿਚ ਵਿਚਰਦਾ ਰਿਹਾ ਹਾਂ। ਰਾਗੀਆਂ ਢਾਡੀਆਂ ਤੇ ਪ੍ਰਚਾਰਕਾਂ ਨਾਲ ਵਾਬਸਤਾ ਰਹਿਣਾ ਮੈਨੂੰ ਵਿਰਸੇ ਵਿਚ ਮਿਲਿਆ ਹੈ। ਮੇਰਾ ਬਾਪ ਖੁਦ ਭਾਵੇਂ ਰਾਗੀ ਨਹੀਂ ਸੀ, ਪਰ ਉਹ ਬੁਲਾਰਿਆਂ ਦਾ ਬੇਹੱਦ ਪ੍ਰਸ਼ੰਸਕ ਤੇ ਕਦਰਦਾਨ ਸੀ। ਉਸ ਦੇ ਬੁਢਾਪੇ ਤੱਕ ਪਹੁੰਚਦਿਆਂ-ਪਹੁੰਚਦਿਆਂ ਜਦੋਂ ਬਹੁਤੇ ਰਾਗੀਆਂ ਵੱਲੋਂ ਭੇਟਾ ਮੰਗਣ ਦਾ ਰਿਵਾਜ਼ ਸ਼ੁਰੂ ਹੋ ਗਿਆ, ਤਦ ਉਹ ਇਸ ਸ਼੍ਰੇਣੀ ਤੋਂ ਬਹੁਤ ਮਾਯੂਸ ਹੋ ਗਿਆ। ਭਗਤ ਕਬੀਰ ਦੇ ਕਹਿਣ ਮੁਤਾਬਕ ‘ਸੰਤਨ ਕੀ ਬੈਰਨ’ ਅਤੇ ‘ਤੀਨ ਲੋਕ ਕੀ ਪਿਆਰੀ’ ਮਾਇਆ, ਪ੍ਰਚਾਰਕ ਸ਼੍ਰੇਣੀ ‘ਤੇ ਵੀ ਵਾਰਦ ਹੋਣੀ ਸ਼ੁਰੂ ਹੋ ਗਈ।
ਪਿੰਡ ਵਿਚ ਰਹਿਣ ਵੇਲੇ ਮੈਂ ਪਿਤਾ-ਪੁਰਖੀ ਡਿਊਟੀ ਨਿਭਾਉਂਦਿਆਂ ਆਲੇ-ਦੁਆਲੇ ਮਿੱਤਰਾਂ ਦੋਸਤਾਂ ਦੇ ਘਰਾਂ ਵਿਚ ਹੋਣ ਵਾਲੇ ਵਿਆਹ-ਕੁੜਮਾਈਆਂ ਜਾਂ ਭੋਗਾਂ ਮੌਕੇ ਰਾਗੀ ਢਾਡੀ ਜਾਂ ਕਥਾ ਵਾਚਕ ਬੁਲਾਉਣ ਦੀ ਸੇਵਾ ਕਰਦਾ ਰਿਹਾ। ਕੋਈ ਇਕ-ਅੱਧਾ ਮਾਈ ਦਾ ਲਾਲ ਭਾਵੇਂ ਬਗੈਰ ਭੇਟਾ ਮਿਥੇ ਤੋਂ ਆਇਆ ਹੋਊ, ਨਹੀਂ ਤਾਂ ਸਾਰੇ ਹੀ ਆਪਣੀ ਡਾਇਰੀ ‘ਤੇ ਤਰੀਕ ਨੋਟ ਕਰਨ ਤੋਂ ਪਹਿਲਾਂ, ਆਪਣਾ ਰੇਟ ਦੱਸਣੋਂ ਨਹੀਂ ਸੀ ਭੁੱਲਦੇ ਹੁੰਦੇ। ਕਈਆਂ ਦੀ ਹਾਈ-ਫਾਈ ਭੇਟਾ ਸੁਣ ਕੇ ਕਈ ਵਾਰ ਕਿਸੇ ਹੋਰ ‘ਸਸਤੇ ਰਾਗੀ’ ਨੂੰ ਹੀ ‘ਬੁੱਕ’ ਕਰ ਲਿਆ ਕਰਦਾ ਸਾਂ।
ਸੰਨ 2008 ਵਿਚ ਆਪਣੇ ਬੇਟੇ ਦਾ ਵਿਆਹ ਕਰਨ ਗਏ ਨੇ ਮੈਂ ਕੁਝ ਦਿਨ ਪਹਿਲਾਂ ਆਪਣੇ ਪਿੰਡ ਕਿਸੇ ਦੇ ਆਨੰਦ ਕਾਰਜ ਮੌਕੇ ਆਪਣਾ ਮਿੱਤਰ ਰਾਗੀ ਸਿੰਘ ਬੁਲਾਇਆ ਜੋ ਸ੍ਰੀ ਦਰਬਾਰ ਸਾਹਿਬ ਦੇ ਜਥਿਆਂ ਵਿਚੋਂ ਏ ਸ਼੍ਰੇਣੀ ਦਾ ਪ੍ਰਸਿੱਧ ਰਾਗੀ ਹੈ। ਉਸ ਨੇ ਦੋਸਤੀ ਕਾਰਨ ਮੈਨੂੰ ਭੇਟਾ ਬਾਰੇ ਅਗਾਓਂ ਕੁਝ ਨਾ ਦੱਸਿਆ। ਕੀਰਤਨ ਸਮਾਪਤੀ ਉਪਰੰਤ ਮੈਂ ਮੌਕੇ ਦੇ ਲਿਹਾਜ਼ ਨਾਲ ਸੋਚ ਵਿਚਾਰ ਕੇ ਉਨ੍ਹਾਂ ਨੂੰ ਪੰਜ ਹਜ਼ਾਰ ਭੇਟਾ ਫੜਾ ਦਿੱਤੀ। ਮੇਰੇ ਮੂੰਹ ਨੂੰ ਉਨ੍ਹਾਂ ਨੇ ਪੰਜ ਸੌ ਰੁਪਿਆ ਉਸ ਘਰ ਦੀ ਲੜਕੀ ਨੂੰ ਕੰਨਿਆਦਾਨ ਦਿੱਤਾ ਅਤੇ ਬੜੀ ਖੁਸ਼ੀ ਨਾਲ ਉਥੋਂ ਰੁਖਸਤ ਹੋ ਗਏ।
ਕੁਝ ਦਿਨਾਂ ਬਾਅਦ ਮੇਰੇ ਆਪਣੇ ਘਰੇ ਬੇਟੇ ਦੇ ਵਿਆਹ ਮੌਕੇ ਸਹਿਜ ਪਾਠ ਦਾ ਭੋਗ ਪਿਆ। ਉਨ੍ਹਾਂ ਦਿਨਾਂ ਵਿਚ ਮੇਰਾ ਬੇਟਾ ਉਸ ਰਾਗੀ ਦਾ ਵੱਡਾ ‘ਫੈਨ’ ਬਣਿਆ ਹੋਇਆ ਸੀ ਜੋ ਆਪਣੇ ਨਾਂ ਪਿਛੇ ਜਾਤ-ਗੋਤ ਵੀ ਟੰਗੀ ਫਿਰਦਾ ਹੈ ਅਤੇ ਹਰ ਥਾਂ ਇਕ ਸ਼ਬਦ ਗਾ ਕੇ ਮਗਰੋਂ ਸਾਧਾਂ ਦੀਆਂ ਮਨਘੜਤ ‘ਸਾਖੀਆਂ’ ਸੁਣਾਉਣ ਲੱਗ ਪੈਂਦਾ ਹੈ। ਬੇਟੇ ਦੀ ਪਸੰਦ ਵਿਚ ਮੈਂ ਅੜਿੱਕਾ ਬਣਨਾ ਮੁਨਾਸਬ ਨਾ ਸਮਝਿਆ। ਆਡੀਓ ਵੀਡੀਓ ਟੇਪਾਂ ਰਾਹੀਂ ਮਸ਼ਹੂਰ ਹੋਏ ਇਸ ਰਾਗੀ ਨੇ ਸਾਡੇ ਘਰੇ ਕੀਰਤਨ ਕੀਤਾ। ਸਮਾਪਤੀ ‘ਤੇ ਪੰਜ ਹਜ਼ਾਰ ਵਾਲਾ ਲਿਫ਼ਾਫਾ ਹੀ ਮੈਂ ਉਸ ਦੇ ਵਾਜੇ ‘ਤੇ ਰੱਖ ਦਿੱਤਾ। ਵਾਜੇ ਤਬਲੇ ਚੁੱਕ ਕੇ ਉਹ ਪੰਡਾਲ ਤੋਂ ਬਾਹਰ ਚਲੇ ਗਏ ਤੇ ਬੇਟੇ ਨੂੰ ਕੁੜਮਾਈ ਪੈਣ ਦੀ ਰਸਮ ਸ਼ੁਰੂ ਹੋ ਗਈ। ਸੱਗੇ-ਰੱਤੇ ਪ੍ਰਾਹੁਣੇ ਤੇ ਸਾਰੇ ਰਿਸ਼ਤੇਦਾਰ ਜੁੜੇ ਬੈਠੇ ਸਨ। ਕਾਕੇ ਨੂੰ ਛੁਆਰਾ ਲੱਗ ਰਿਹਾ ਸੀ ਤਾਂ ਇਕ ਮੁੰਡਾ ਮੇਰੇ ਕੰਨ ‘ਚ ਆ ਕੇ ਕਹਿੰਦਾ, “ਅੰਕਲ ਜੀ, ਤੁਹਾਨੂੰ ਬਾਹਰ ਰਾਗੀ ਬੁਲਾਉਂਦੇ ਐ।” ‘ਆਉਂਦਾ ਹਾਂ’ ਕਹਿ ਕੇ ਮੈਂ ਬੈਠਾ ਰਿਹਾ। ਪੰਜਾਂ ਕੁ ਮਿੰਟਾਂ ਬਾਅਦ ਫਿਰ ਬਾਹਰੋਂ ਸੁਨੇਹਾ ਆ ਗਿਆ। ਬਾਹਰ ਆ ਕੇ, ਆਪਣੇ ਬੇਟੇ ਦੇ ਗੂੜ੍ਹੇ ਮਿੱਤਰ ਬਣੇ ਉਸ ਰਾਗੀ ਨੂੰ ਮੈਂ ਹੱਥ ਜੋੜਦਿਆਂ ਪੁੱਛਿਆ, “ਹੁਕਮ ਕਰੋ ਜੀ?”
“ਸਾਡੀ ਭੇਟਾ ਤੇ ਦਸ ਹਜ਼ਾਰ ਹੋਂਦੀ ਏ ਜਥੇਦਾਰ ਜੀ।”
ਇਸ ‘ਹੁਕਮ’ ਅਨੁਸਾਰ ਮੈਂ ਪੰਜ ਹਜ਼ਾਰ ਹੋਰ ਦੇ ਦਿੱਤਾ। ਇੰਜ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨਾਲੋਂ ਵੀ ‘ਡਬਲ ਭੇਟਾ’ ਲੈ ਕੇ, ਬਿਨਾਂ ਲੰਗਰ ਛਕੇ ਹੀ ਉਹ ‘ਅਹੁ ਗਏ ਅਹੁ ਗਏ’।
ਮੇਰੀ ਹੁਣ ਤੱਕ ਦੀ ਜ਼ਿੰਦਗੀ ਵਿਚ ਭੇਟਾ ਪੁੱਛੇ ਜਾਣ ‘ਤੇ ਸਭ ਤੋਂ ਵਧੀਆ ਅਤੇ ਢੁਕਵਾਂ ਜਵਾਬ ਦਿੱਤਾ ਗਿਆਨੀ ਸਾਹਿਬ ਸਿੰਘ ਮਾਰਕੰਡਾ ਵਾਲਿਆਂ ਨੇ। ਆਪਣੇ ਗੁਆਂਢੀ ਪਿੰਡ ਕੰਗਣਾ ਬੇਟ ਦੇ ਇਕ ਪਰਿਵਾਰ ਵੱਲੋਂ ਕਹੇ ‘ਤੇ ਮੈਂ ਭਾਈ ਸਾਹਿਬ ਨੂੰ ਪ੍ਰੋਗਰਾਮ ਦੀ ਤਰੀਕ ਨੋਟ ਕਰਾਈ। ਭੇਟਾ ਪੁੱਛੀ। ਕਹਿੰਦੇ, ਸੁਣ ਲਓ ਮੇਰੀ ਭੇਟਾ-“ਨਾ ਮੈਂ ਭਿਖਾਰੀ ਹਾਂ ਕਿ ਪੱਲਾ ਅੱਡ ਕੇ ਭੇਟਾ ਮੰਗਦਾ ਫਿਰਾਂ, ਨਾ ਮੈਂ ਵਪਾਰੀ ਹਾਂ ਕਿ ਕਥਾ ਦਾ ‘ਮੁੱਲ’ ਦੱਸਾਂæææਤੇ ਮੈਂ ਤਿਆਗੀ ਵੀ ਨਹੀਂ ਹਾਂ ਜੀ!” ਇਹ ਭਾਵਪੂਰਤ ਉਤਰ ਸੁਣ ਕੇ ਮੈਂ ਨਿਹਾਲ ਹੋ ਗਿਆ। ਗਿਆਨੀ ਜੀ ਦੇ ਕਹੇ ਇਹ ਸ਼ਬਦ ਇਸ ਆਸ ਨਾਲ ਇਥੇ ਲਿਖ ਰਿਹਾ ਹਾਂ, ਤਾਂ ਕਿ ਇਹ ਪੜ੍ਹਨ-ਸੁਣਨ ਵਾਲੇ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਅਤੇ ਸ਼ਰਧਾਲੂਆਂ ਦੇ ਹਿਰਦਿਆਂ ਵਿਚ ਵਸ ਜਾਣ।