ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ

ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਦਰਸ਼ਨ ਵਿਚ ਮਨੁੱਖ ਦੀ ਵੰਡ ਕਿਸੇ ਜਾਤ, ਜਨਮ, ਕੁਲ, ਨਸਲ ਜਾਂ ਇਸਤਰੀ-ਪੁਰਸ਼ ‘ਤੇ ਆਧਾਰਤ ਨਹੀਂ ਕੀਤੀ ਗਈ। ਦੋ ਹੀ ਕੋਟੀਆਂ- ਗੁਰਮੁਖਿ ਅਤੇ ਮਨਮੁਖਿ ਪ੍ਰਵਾਨ ਕੀਤੀਆਂ ਗਈਆਂ ਹਨ। ਗੁਰਮੁਖਿ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲ ਕੇ ਉਸ ਨੂੰ ਸਫਲ ਕਰ ਲੈਂਦਾ ਹੈ ਜਦਕਿ ਮਨਮੁਖ ਆਪਣੇ ਮਨ ਦੀ ਮਤਿ ਪਿੱਛੇ ਲੱਗ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਅਤੇ ਆਪਣਾ ਜੀਵਨ ਅਸਫਲ ਕਰ ਲੈਂਦਾ ਹੈ।

ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੇ ਸਨਮੁਖ ਹੋ ਕੇ ਗੁਰਮੁਖਿ ਜੀਵਨ ਵਿਚ ਕਿਸ ਤਰ੍ਹਾਂ ਵਿਚਰਦਾ ਹੈ। ਗੁਰੂ ਅਮਰਦਾਸ ਗੁਰਮੁਖਿ ਦਾ ਵਿਚਰਨਾ ਬਿਆਨ ਕਰਦੇ ਹਨ ਕਿ ਜੋ ਮਨੁੱਖ ਗੁਰੂ ਅਨੁਸਾਰੀ ਹੋ ਕੇ ਚੱਲਦਾ ਹੈ, ਉਸ ਦੀ ਸੁਰਤਿ ਪਰਮਾਤਮ-ਸੁਰਤਿ ਵਿਚ ਜੁੜੀ ਹੁੰਦੀ ਹੈ ਅਤੇ ਉਸ ਅੰਦਰ ਅਡੋਲਤਾ ਦਾ ਸੰਚਾਰ ਹੁੰਦਾ ਹੈ ਅਤੇ ਉਸ ਦਾ ਮਨ ਅਕਾਲ ਪੁਰਖ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ। ਉਸ ਦੇ ਮਨ ਨੂੰ ਅਕਾਲ ਪੁਰਖ ਦਾ ਨਾਮ ਸਿਮਰਨਾ ਚੰਗਾ ਲੱਗਦਾ ਹੈ ਅਤੇ ਉਹ ਦਿਨ ਰਾਤ ਅਕਾਲ ਪੁਰਖ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਗੁਰਮੁਖਿ ਹਰ ਥਾਂ ਅਕਾਲ ਪੁਰਖ ਨੂੰ ਹੀ ਦੇਖਦਾ ਹੈ ਅਤੇ ਅਕਾਲ ਪੁਰਖ ਦੀ ਹੀ ਸਿਫਤਿ-ਸਾਲਾਹ ਕਰਦਾ ਹੈ ਅਤੇ ਉਸ ਨੂੰ ਰੱਬੀ-ਮਿਲਾਪ ਰਾਹੀਂ ਜੋ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ, ਉਸ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ।
ਗੁਰੂ ਅਮਰਦਾਸ ਫਰਮਾਉਂਦੇ ਹਨ ਕਿ ਗੁਰਮੁਖਿ ਵਿਵੇਕ ਬੁਧਿ ਪ੍ਰਾਪਤ ਕਰ ਲੈਂਦਾ ਹੈ ਜਿਸ ਨਾਲ ਉਸ ਦੇ ਅੰਦਰੋਂ ਅਗਿਆਨ-ਰੂਪੀ ਹਨੇਰਾ ਖਤਮ ਹੋ ਜਾਂਦਾ ਹੈ। ਜਿਸ ਉਤੇ ਧੁਰੋਂ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਹ ਗੁਰਮੁਖਿ ਮਨੁੱਖ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹਨ,
ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ॥
ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ॥
ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ॥
ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ॥
ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ॥੧॥ (ਪੰਨਾ ੫੧੨)
ਗੁਰੂ ਅਮਰਦਾਸ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਪਾਇਆ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸਹਿਜ ਰੂਪ ਵਿਚ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਉਨ੍ਹਾਂ ਦਾ ਸੰਸਾਰ ‘ਤੇ ਆਉਣਾ ਬੇਅਰਥ ਹੈ, ਦੁਨੀਆਂ ‘ਤੇ ਜਨਮ ਲੈਣਾ ਬੇਮਕਸਦ ਚਲਾ ਗਿਆ। ਅਜਿਹੇ ਮਨੁੱਖ ਵਾਰ ਵਾਰ ਜੂਨਾਂ ਵਿਚ ਆਉਂਦੇ ਅਤੇ ਮਰਦੇ ਰਹਿੰਦੇ ਹਨ, ਉਹ ਗੰਦਗੀ ਵਿਚ ਪੈ ਕੇ ਖੁਆਰ ਹੁੰਦੇ ਹਨ। ਝੂਠੇ ਲਾਲਚ ਵਿਚ ਪੈ ਕੇ ਉਹ ਆਪਣਾ ਜਨਮ ਗੁਆ ਲੈਂਦੇ ਹਨ ਕਿਉਂਕਿ ਨਾ ਉਹ ਇਸ ਦੁਨੀਆਂ ਜੋਗੇ ਰਹਿੰਦੇ ਹਨ ਅਤੇ ਨਾ ਹੀ ਅਗਲੀ ਦੁਨੀਆਂ ਜੋਗੇ। ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ ਮਨੁੱਖ, ਗੁਰੂ ਵੱਲ ਮੂੰਹ ਕਰਕੇ ਚੱਲਣ ਵਾਲੇ ਮਨੁੱਖ ਇਸ ਸੰਸਾਰ ਤੋਂ ਪਾਰ ਲੱਗ ਜਾਂਦੇ ਹਨ ਕਿਉਂਕਿ ਕਰਤਾ ਪੁਰਖ ਨੇ ਆਪ ਉਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ ਹੈ,
ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ॥
ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ॥
ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ॥
ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ॥
ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ॥੨॥ (ਪੰਨਾ ੫੧੨-੧੩)
ਅੱਗੇ ਗਿਆਰਵੀਂ ਪਉੜੀ ਵਿਚ ਅਕਾਲ ਪੁਰਖ ਦੀ ਭਗਤੀ ਵਿਚ ਲੱਗੇ ਹੋਏ ਜਿਉੜਿਆਂ ਦੀ ਗੱਲ ਕੀਤੀ ਗਈ ਹੈ ਕਿ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨ ਵਾਲੇ ਮਨੁੱਖ ਉਸ ਸੱਚੇ ਦਰ ‘ਤੇ ਸ਼ੋਭਾ ਦਿੰਦੇ ਹਨ ਅਤੇ ਉਹ ਸੱਚੇ ਸ਼ਬਦ ਰਾਹੀਂ ਸਹਿਜ ਵਿਚ ਟਿਕੇ ਰਹਿੰਦੇ ਹਨ। ਉਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਦਾ ਪ੍ਰੇਮ ਪੈਦਾ ਹੁੰਦਾ ਹੈ ਅਤੇ ਪਰਮਾਤਮ-ਪ੍ਰੇਮ ਦੀ ਉਨ੍ਹਾਂ ਨੂੰ ਖਿੱਚ ਲੱਗੀ ਰਹਿੰਦੀ ਹੈ। ਉਹ ਸਦੀਵੀ ਅਕਾਲ ਪੁਰਖ ਦੇ ਪਿਆਰ ਵਿਚ ਰਹਿੰਦੇ ਹਨ ਅਤੇ ਆਪਣੀ ਰਸਨਾ ਨਾਲ ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ। ਅਜਿਹੇ ਮਨੁੱਖਾਂ ਦਾ ਜਨਮ ਲੈਣਾ ਸਫਲ ਹੈ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਵਰਦਗਾਰ ਨੂੰ ਪਛਾਣਿਆ ਹੈ ਅਤੇ ਆਪਣੇ ਅੰਦਰ ਵਸਾਇਆ ਹੈ। ਗੁਰੂ ਤੋਂ ਬਿਨਾਂ ਇਹ ਦੁਨੀਆਂ ਮਾਇਆਵੀ ਪਿਆਰ ਵਿਚ ਪੈ ਕੇ ਕੁਰਲਾਉਂਦੀ ਫਿਰਦੀ ਹੈ,
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ॥
ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ॥
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ॥
ਸਫਲੁ ਜਨਮੁ ਜਿਨ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ॥
ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ॥੧੧॥ (ਪੰਨਾ ੫੧੩)
ਅਗਲੇ ਸਲੋਕ ਵਿਚ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਦੱਸੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਸ ਕਲਿਜੁਗ ਦੇ ਸਮੇਂ ਵਿਚ ਅਕਾਲ ਪੁਰਖ ਦਾ ਨਾਮ ਇੱਕ ਅਜਿਹਾ ਖਜ਼ਾਨਾ ਹੈ ਜੋ ਪਰਮਾਤਮ-ਭਗਤੀ ਕਰਕੇ ਪ੍ਰਾਪਤ ਕਰ ਸਕੀਦਾ ਹੈ ਅਤੇ ਇਸ ਰਾਹੀਂ ਮਨੁੱਖ ਨੂੰ ਜੀਵਨ ਵਿਚ ਉਤਮ ਪਦਵੀ ਅਕਾਲ ਪੁਰਖ ਨਾਲ ਮਿਲਾਪ ਪ੍ਰਾਪਤ ਹੁੰਦਾ ਹੈ, ਸਤਿਕਾਰ ਮਿਲਦਾ ਹੈ। ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਮਨੁੱਖ ਨੇ ਗੁਰੂ ਦੇ ਹੁਕਮ ਵਿਚ ਚੱਲ ਕੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਇਆ ਹੈ ਅਤੇ ਹਰ ਸਮੇਂ ਉਸ ਦੇ ਨਾਮ ਦਾ ਸਿਮਰਨ ਕੀਤਾ ਹੈ। ਗੁਰੂ ਦੇ ਬਚਨ ਨੂੰ ਮੰਨ ਕੇ ਉਸ ਨੇ ਆਪਣੇ ਅੰਦਰੋਂ ਹਉਮੈ ਅਤੇ ਮਾਇਆ-ਮੋਹ ਨੂੰ ਦੂਰ ਕਰ ਦਿੱਤਾ ਹੈ ਜਿਸ ਕਰਕੇ ਸੰਸਾਰੀ ਜੀਵਨ ਜਿਉਂਦੇ ਹੋਏ ਹੀ ਇਸ ਦੇ ਝਮੇਲਿਆਂ ਤੋਂ ਉਪਰ ਉਠ ਗਿਆ ਹੈ। ਅਜਿਹੇ ਮਨੁੱਖ ਦਾ ਦੁਨੀਆਂ ‘ਤੇ ਜਨਮ ਲੈਣਾ ਸਫਲ ਹੈ ਅਤੇ ਉਸ ਨੂੰ ਪੈਦਾ ਕਰਨ ਵਾਲੀ ਮਾਂ ਧੰਨ ਹੈ ਕਿਉਂਕਿ ਉਹ ਆਪ ਵੀ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਗਿਆ ਹੈ ਅਤੇ ਬਾਕੀ ਦੁਨੀਆਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਅਜਿਹੇ ਸਤਿਗੁਰੂ ਨਾਲ ਉਸ ਮਨੁੱਖ ਦਾ ਮੇਲ ਹੁੰਦਾ ਹੈ ਜਿਸ ਦੇ ਮਸਤਕ ਵਿਚ ਧੁਰ ਪਰਮਾਤਮਾ ਵਲੋਂ ਇਹ ਮੇਲ ਲਿਖਿਆ ਹੁੰਦਾ ਹੈ। ਗੁਰੂ ਅਮਰਦਾਸ ਕਹਿੰਦੇ ਹਨ ਕਿ ਉਹ ਆਪਣੇ ਗੁਰੂ ਤੋਂ ਸਦਕੇ ਜਾਂਦੇ ਹਨ ਜਿਸ ਨੇ ਸੰਸਾਰਕ ਭਰਮਾਂ ਵਿਚੋਂ ਕੱਢ ਕੇ ਭੁੱਲੇ ਹੋਏ ਨੂੰ ਸਹੀ ਰਸਤਾ ਦਿਖਾ ਦਿੱਤਾ ਹੈ ਅਤੇ ਉਸ ‘ਤੇ ਤੋਰਿਆ ਹੈ,
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ॥
ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ॥
ਵਿਚੇ ਗ੍ਰਿਹ ਗੁਰਬਚਨਿ ਉਦਾਸੀ ਹਉਮੈ ਮੋਹੁ ਜਲਾਇਆ॥
ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ॥
ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ॥
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ॥੧॥ (ਪੰਨਾ ੫੧੩)
ਗੁਰਮਤਿ ਅਨੁਸਾਰ ਹਉਮੈ ਹਰ ਤਰ੍ਹਾਂ ਦੀ ਹੀ ਮਾੜੀ ਹੈ ਜੋ ਮਨੁੱਖ ਦੇ ਮਨ ਵਿਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰਦੀ ਹੈ। ਇਸੇ ਲਈ ਇਸ ਨੂੰ Ḕਦੀਰਘ ਰੋਗḔ ਕਿਹਾ ਗਿਆ ਹੈ ਪਰ ਧਾਰਮਿਕ ਹਉਮੈ ਨੂੰ ਸਭ ਤੋਂ ਬੁਰੀ ਮੰਨਿਆ ਗਿਆ ਹੈ ਕਿਉਂਕਿ ਧਾਰਮਿਕ ਅਹੰਕਾਰ ਮਨੁੱਖ ਨੂੰ ਨਾ ਸਿਰਫ ਆਪਣੇ ਮਾਰਗ ਤੋਂ ਵਿਚਲਿਤ ਕਰਦਾ ਹੈ ਬਲਕਿ ਇਸ ਨਾਲ ਸਮਾਜਿਕ ਨੁਕਸਾਨ ਵੀ ਹੁੰਦਾ ਹੈ (Ḕਘਰ ਵਾਪਸੀḔ ਦੇ ਨਾਮ ‘ਤੇ ਜੋ ਕੁਝ ਭਾਰਤ ਵਿਚ ਦੂਸਰੇ ਧਰਮ ਦੇ ਲੋਕਾਂ ਨਾਲ ਹੋ ਰਿਹਾ ਹੈ, ਉਹ ਧਾਰਮਿਕ ਹਉਮੈ ਦੀ ਹੀ ਇੱਕ ਉਦਾਹਰਣ ਹੈ)।
ਅਗਲੇ ਸਲੋਕ ਵਿਚ ਗੁਰੂ ਸਾਹਿਬ ਨੇ ਧਾਰਮਿਕ ਸਮਝੇ ਜਾਣ ਵਾਲੇ ਬੰਦਿਆਂ ਦੀ ਗੱਲ ਕੀਤੀ ਹੈ ਜੋ ਆਪਣੇ ਧਾਰਮਿਕ ਹੋਣ ਦੀ ਹਉਮੈ ਕਾਰਨ ਆਪਣੇ ਰਸਤੇ ਤੋਂ ਵਿਚਲਿਤ ਹੋ ਗਏ ਹਨ। ਗੁਰੂ ਅਮਰਦਾਸ ਬਿਆਨ ਕਰਦੇ ਹਨ ਕਿ ਮਨੁੱਖ ਭਾਵੇਂ ਉਹ ਵਿਦਵਾਨ ਜਾਂ ਸੰਸਾਰ ਤੋਂ ਸੰਨਿਆਸ ਲੈਣ ਵਾਲੇ ਹੀ ਹਨ, ਇਸ ਤ੍ਰੈਗੁਣਤਾਮਕ ਮਾਇਆ ਵਿਚ ਫਸੇ ਹੋਏ ਆਪਣੇ ਰਸਤੇ ਤੋਂ ਭੁੱਲੇ ਫਿਰਦੇ ਦੁਖੀ ਹੋ ਰਹੇ ਹਨ ਜਿਵੇਂ ਦੀਪਕ ਨੂੰ ਦੇਖ ਕੇ ਪਤੰਗਾ ਭੁੱਲ ਜਾਂਦਾ ਹੈ ਅਤੇ ਦੀਵੇ ਉਤੇ ਸੜ ਕੇ ਸੁਆਹ ਹੋ ਜਾਂਦਾ ਹੈ। ਪੰਡਿਤ ਦੂਸਰਿਆਂ ਨੂੰ ਉਪਦੇਸ਼ ਦਿੰਦਾ ਹੈ, ਧਾਰਮਿਕ ਸਿੱਖਿਆ ਦਿੰਦਾ ਹੈ ਪਰ ਉਹ ਵੀ ਮਾਇਆ ਵਿਚ ਫਸਿਆ ਹੋਇਆ ਆਪਣਾ ਧਿਆਨ ਇਹ ਦੇਖਣ ਵਿਚ ਲਾਈ ਰੱਖਦਾ ਹੈ ਕਿ ਕਿਸੇ ਨੇ ਭੇਟ ਵਿਚ ਕੀ ਚੜ੍ਹਾਵਾ ਚਾੜ੍ਹਿਆ ਹੈ। ਇਸ ਤਰ੍ਹਾਂ ਮਾਇਆ ਦੇ ਪਿਆਰ ਵਿਚ ਉਹ ਮਾਇਆ ਦਾ ਪਾਠ ਹੀ ਪੜ੍ਹਦਾ ਹੈ ਅਤੇ ਪਰਮਾਤਮਾ ਨੇ ਆਪਣੇ ਨਾਮ ਵਲੋਂ ਉਸ ਨੂੰ ਖੂੰਝਾ ਦਿੱਤਾ ਹੈ। ਜੋਗੀ, ਜੰਗਮ ਅਤੇ ਸੰਨਿਆਸੀ ਆਪਣੇ ਵਲੋਂ ਤਾਂ ਇਹ ਤਿੰਨੇ ਹੀ ਸੰਸਾਰ ਤੋਂ ਵਿਰਕਤ ਹੋਣ ਵਾਲੇ, ਸੰਸਾਰ ਦਾ ਤਿਆਗ ਕਰਨ ਵਾਲੇ ਆਪਣੇ ਆਪ ਨੂੰ ਕਹਾਉਂਦੇ ਹਨ ਪਰ ਆਪਣੇ ਤਿਆਗ ਦੀ ਹਉਮੈ ਕਾਰਨ ਉਨ੍ਹਾਂ ਅੰਦਰ ਵੀ ਅਹੰਕਾਰ ਪੈਦਾ ਹੋ ਗਿਆ ਹੈ ਅਤੇ ਉਹ ਗ੍ਰਹਿਸਥੀਆਂ ਦੀ ਦਿੱਤੀ ਭਿੱਖਿਆ ਅਤੇ ਬਸਤਰਾਂ ‘ਤੇ ਆਸਰਿਤ ਹੋ ਕੇ ਵੀ ਗ੍ਰਹਿਸਥੀਆਂ ਨੂੰ ਤ੍ਰਿਸਕਾਰ ਨਾਲ ਦੇਖਦੇ ਹਨ ਅਤੇ ਥੋੜਾ ਕੱਪੜਾ ਜਾਂ ਭੋਜਨ ਸ਼ਰਧਾ ਨਾਲ ਦਿੱਤੀ ਭਿੱਖਿਆ ਵਿਚ ਨਹੀਂ ਲੈਂਦੇ ਅਤੇ ਇਸ ਮਨ ਦੇ ਹੱਠ ਅਤੇ ਅਹੰਕਾਰ ਕਾਰਨ ਉਨ੍ਹਾਂ ਨੇ ਆਪਣਾ ਜੀਵਨ ਨਾਮ ਤੋਂ ਬਿਨਾਂ ਅਜਾਈਂ ਗੁਆ ਲਿਆ ਹੈ। ਇਨ੍ਹਾਂ ਸਾਰਿਆਂ ਵਿਚੋਂ ਉਹ ਮਨੁੱਖ ਸਹਿਜ ਅਵਸਥਾ ਵਾਲਾ ਹੈ, ਪੂਰਨ ਅਵਸਥਾ ਵਾਲਾ ਹੈ ਜੋ ਗੁਰੂ ਦੇ ਸਨਮੁਖ ਹੈ, ਗੁਰੂ ਦੀ ਸਿੱਖਿਆ ‘ਤੇ ਚੱਲਦਾ ਹੈ ਅਤੇ ਨਾਮ ਦਾ ਸਿਮਰਨ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਮਾਇਆ ਤੋਂ ਬਚਣ ਲਈ ਕਿਸ ਅੱਗੇ ਫਰਿਆਦ ਕੀਤੀ ਜਾਵੇ? ਸਾਰੇ ਉਸ ਅਕਾਲ ਪੁਰਖ ਦੀ ਪ੍ਰੇਰਨਾ ਨਾਲ ਹੀ ਕਾਰ ਕਰ ਰਹੇ ਹਨ, ਸੋ ਅਰਦਾਸ ਵੀ ਉਸ ਅਕਾਲ ਪੁਰਖ ਅੱਗੇ ਹੀ ਕੀਤੀ ਹੋਈ ਸਹਾਇਤਾ ਕਰਦੀ ਹੈ,
ਤ੍ਰੈਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ॥
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ॥
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ॥
ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹਾ ਅਹੰਕਾਰ ਬਹੁ ਗਰਬੁ ਵਧਾਇਆ॥
ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨ ਹਠਿ ਜਨਮੁ ਗਵਾਇਆ॥
ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ॥
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ॥੨॥ (ਪੰਨਾ ੫੧੩)
ਅੱਗੇ ਉਨ੍ਹਾਂ ਵਿਕਾਰਾਂ ਅਤੇ ਔਗੁਣਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਗੁਰਮਤਿ ਵਿਚ ਪੰਜ ਚੋਰ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਮਨੁੱਖ ਕੋਲੋਂ ਸਾਰੇ ਚੰਗੇ ਗੁਣਾਂ ਨੂੰ ਖੋਹ ਲੈਂਦੇ ਹਨ। ਗੁਰੂ ਅਮਰਦਾਸ ਇਸ ਪਉੜੀ ਵਿਚ ਦੱਸਦੇ ਹਨ ਕਿ ਮਾਇਆ, ਮੋਹ, ਕਾਮ, ਕ੍ਰੋਧ ਅਤੇ ਅਹੰਕਾਰ ਭੂਤ-ਪ੍ਰੇਤ ਹਨ, ਇਹ ਜਮਰਾਜ ਦੀ ਰਿਆਇਆ ਹਨ ਕਿਉਂਕਿ ਇਨ੍ਹਾਂ ਉਤੇ ਜਮਰਾਜ ਦਾ ਜ਼ੋਰ ਚੱਲਦਾ ਹੈ। ਮਨਮੁਖ ਕਿਉਂਕਿ ਆਪਣੇ ਮਨ ਦੀ ਮਤਿ ਅਨੁਸਾਰ ਚੱਲਦਾ ਹੈ, ਉਸ ਨੂੰ ਮਾਇਆ ਨਾਲ ਮੋਹ ਹੁੰਦਾ ਹੈ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਉਸ ਦੇ ਮਨ ‘ਤੇ ਕਾਬੂ ਪਾ ਲੈਂਦੇ ਹਨ ਜਿਸ ਕਰਕੇ ਉਸ ਨੂੰ ਇਹ ਵਿਕਾਰ ਮਿਲ ਕੇ ਜਮਾਂ ਦੇ ਮਾਰਗ ‘ਤੇ ਪਾ ਦਿੰਦੇ ਹਨ। ਉਸ ਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ ਅਤੇ ਇਸ ਦੁੱਖ ਦੀ ਘੜੀ ਜੇ ਉਹ ਮਦਦ ਲਈ ਪੁਕਾਰਦਾ ਹੈ ਤਾਂ ਕੋਈ ਉਸ ਦੀ ਪੁਕਾਰ ਨਹੀਂ ਸੁਣਦਾ। ਗੁਰੂ ਸਾਹਿਬ ਦੱਸਦੇ ਹਨ ਕਿ ਜਿਸ ਮਨੁੱਖ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਸ ਦਾ ਮੇਲ ਗੁਰੂ ਨਾਲ ਹੁੰਦਾ ਹੈ ਅਤੇ ਗੁਰੂ ਦੇ ਸਨਮੁਖ ਹੋ ਕੇ ਉਹ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ ਜਿਸ ਰਾਹੀਂ ਇਸ ਭਵਸਾਗਰ ਤੋਂ ਪਾਰ ਲੰਘ ਜਾਂਦਾ ਹੈ,
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥
ਏਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ॥
ਮਨਮੁਖ ਜਮ ਮਗਿ ਪਾਈਅਨ੍ਹਿ ਜਿਨ੍ਹ ਦੂਜਾ ਭਾਉ ਪਿਆਰਾ॥
ਜਮਪੁਰਿ ਬਧੇ ਮਾਰੀਅਨਿ ਕੋ ਸੁਣੈ ਨਾ ਪੂਕਾਰਾ॥
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ॥੧੨॥ (ਪੰਨਾ ੫੧੩)
ਉਪਰ ਮਾਇਆ-ਮੋਹ ਦੀ ਗੱਲ ਕੀਤੀ ਗਈ ਹੈ ਅਤੇ ਇਸ ਸਲੋਕ ਵਿਚ ਗੁਰੂ ਅਮਰਦਾਸ ਸਮਝਾ ਰਹੇ ਹਨ ਕਿ ਹਉਮੈ ਅਤੇ ਮਾਇਆ ਦਾ ਮੋਹ ਅਜਿਹਾ ਹੈ ਜੋ ਆਪਣੇ ਮਨ ਦੀ ਮਤਿ ਪਿੱਛੇ ਚੱਲਣ ਵਾਲੇ ਮਨੁੱਖਾਂ ਨੂੰ ਬਰਬਾਦ ਕਰ ਦਿੰਦਾ ਹੈ। ਜੋ ਮਨੁੱਖ ਰੱਬ ਵਲੋਂ ਆਪਣਾ ਮੋਹ ਤੋੜ ਕੇ ਮਾਇਆ ਨਾਲ ਮਨ ਜੋੜਦੇ ਹਨ, ਉਨ੍ਹਾਂ ਨੂੰ ਇਹ ਚੰਬੜ ਜਾਂਦੀ ਹੈ ਅਤੇ ਆਪਣੇ ਕਾਬੂ ਵਿਚ ਕਰ ਲੈਂਦੀ ਹੈ। ਜੇ ਗੁਰੂ ਦੇ ਸ਼ਬਦ ਰਾਹੀਂ ਇਸ ਨੂੰ ਆਪਣੇ ਅੰਦਰੋਂ ਪੂਰੀ ਤਰ੍ਹਾਂ ਸਾੜ ਦੇਈਏ ਤਾਂ ਇਹ ਮਨ ਵਿਚੋਂ ਦੂਰ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਮਾਇਆ ਰੂਪੀ ਰੋਗ ਨੂੰ ਮਾਰਨ ਵਾਲੀ ਦੁਆਈ ਇੱਕ ਅਕਾਲ ਪੁਰਖ ਦਾ ਨਾਮ ਹੈ ਜਿਸ ਨੂੰ ਗੁਰੂ ਦੇ ਸਨਮੁਖ ਹੋ ਕੇ ਪਾ ਸਕੀਦਾ ਹੈ,
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ॥
ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ॥
ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ॥
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ॥
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ॥੧॥ (ਪੰਨਾ ੫੧੩)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਦੱਸਦੇ ਹਨ ਕਿ ਮਨੁੱਖ ਦਾ ਮਨ ਕਈ ਜੁਗਾਂ ਤੱਕ ਭਰਮ ਵਿਚ ਭਟਕਦਾ ਹੋਇਆ ਜੰਮਦਾ ਤੇ ਮਰਦਾ ਰਹਿੰਦਾ ਹੈ, ਸਹਿਜ ਅਵਸਥਾ ਵਿਚ ਨਹੀਂ ਆਉਂਦਾ। ਇਹ ਉਸ ਰੱਬ ਦਾ ਭਾਣਾ ਹੈ ਕਿ ਉਸ ਨੇ ਇਹ ਸੰਸਾਰ ਦਾ ਠੱਗਣ ਵਾਲਾ ਪਰਪੰਚ ਬਣਾਇਆ ਹੈ ਅਤੇ ਇਸ ਖੇਡ ਵਿਚ ਮਨੁੱਖ ਨੂੰ ਭਰਮਾਇਆ ਹੋਇਆ ਹੈ। ਜਦੋਂ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਤਾਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਜਿਸ ਨਾਲ ਮਨ ਸਹਿਜ ਵਿਚ ਆਉਂਦਾ ਹੈ ਅਤੇ ਟਿਕ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਤਰ੍ਹਾਂ ਇਹ ਮਨ ਰੱਬ ਦੇ ਨਾਮ ਵਿਚ ਭਿੱਜ ਜਾਂਦਾ ਹੈ ਅਤੇ ਫਿਰ ਨਾ ਕੁਝ ਮਰਦਾ ਹੈ ਅਤੇ ਨਾ ਹੀ ਜੰਮਦਾ ਹੈ,
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ॥
ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ॥
ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ॥
ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ॥੨॥ (ਪੰਨਾ ੫੧੩-੧੪)