ਐਸ਼ ਅਸ਼ੋਕ ਭੌਰਾ
ਗਾਇਕੀ ਦੀ ਉਤਰਾਈ ਵਿਚ ਬਹੁਤ ਕੁਝ ਨਿੱਤ ਵਾਪਰਦਾ ਹੈ। ਜਿਨ੍ਹਾਂ ਨੂੰ ਸ਼ੋਹਰਤ ਦੀ ਬੁੱਕਲ ਵਿਚ ਚਾਰ ਕੁ ਦਿਨ ਵੜਨ ਦਾ ਮੌਕਾ ਮਿਲਦਾ ਹੈ, ਉਹ ਇਸ ਦੇ ਨਿੱਘ ਨੂੰ ਹਉਮੈ ਵਿਚ ਬਦਲਣ ਲਈ ਕਾਹਲੇ ਹੋ ਜਾਂਦੇ ਹਨ। ਅਜਿਹਾ ਸਮਾਂ ਆਉਂਦਿਆਂ ਹੀ ਤਸਵੀਰ ਇੱਦਾਂ ਨਹੀਂ ਬਣ ਜਾਂਦੀæææ? ਗਹੁ ਨਾਲ ਦੇਖੋæææਅੱਖਾਂ ‘ਤੇ ਕਾਲੀਆਂ ਐਨਕਾਂ, ਹੱਥ ਵਿਚ ਮੋਬਾਇਲ, ਕੁੱਤੇ ਝੱਗੀ ਵਰਗੀ ਪੁਸ਼ਾਕ, ਪ੍ਰਸ਼ੰਸਕ ਤੇ ਚਹੇਤੇ ਹੱਥ ਮਿਲਾਉਣ ਲਈ ਕਾਹਲੇ ਹੁੰਦੇ ਹਨ, ਪਰ ਉਨ੍ਹਾਂ ਦੀਆਂ ਵਿਹਲੇ ਹੱਥ ਦੀਆਂ ਦੋ ਉਂਗਲਾਂ ਵੀ ਦੁਖਣ ਜਿਹੀਆਂ ਲੱਗ ਪੈਂਦੀਆਂ ਹਨ।
ਚਮਚੇ, ਹਥਿਆਰ ਤੇ ਸ਼ਰਾਬ ਅੱਜ ਕੱਲ੍ਹ ਦੇ ਬਹੁਤੇ ਗਾਇਕਾਂ ਦੀ ਮਹਿੰਗੀ ਗੱਡੀ ਵਿਚ ਆਮ ਹੁੰਦੇ ਹਨ। ਜੇ ਗੁਰਦਾਸ ਮਾਨ ਪੰਜਾਬੀ ਗਾਇਕੀ ਦਾ ਮਿਲਖਾ ਸਿੰਘ ਹੈ, ਯਮਲਾ, ਮਾਣਕ, ਸੁਰਿੰਦਰ ਕੌਰ ਤੇ ਮੁਹੰਮਦ ਸਦੀਕ ਹਾਲੇ ਵੀ ਲੋਕਾਂ, ਖਾਸ ਕਰ ਕੇ ਨਵੀਂ ਪੀੜ੍ਹੀ ਦੇ ਦਿਲ ਵਿਚ ਵਸਦੇ ਹਨ। ਇਨ੍ਹਾਂ ‘ਤੇ ਨਵੇਂ ਦੌਰ ਦੀ ਲਹਿੰਦੀ-ਚੜ੍ਹੀ ਦਾ ਅਸਰ ਨਹੀਂ ਹੋਇਆ, ਝੱਖੜ-ਨ੍ਹੇਰੀਆਂ ਜੜ੍ਹਾਂ ਹਿੱਲਾ ਹੀ ਨਹੀਂ ਸਕੇ। ਇਸ ਦਾ ਰਾਜ਼ ਕੀ ਹੈ? ਹਾਲਾਤ ਉਹੀ ਨੇ ਕਿ ਬੰਦਾ ਦੁਕਾਨ ਤਾਂ ਖੋਲ੍ਹ ਲੈਂਦਾ ਹੈ, ਪਰ ਇਹ ਖੁੱਲ੍ਹੀ ਰੱਖਣੀ ਔਖੀ ਹੋ ਜਾਂਦੀ ਹੈ।
ਗਾਇਕਾਂ ਤੇ ਗਾਇਕੀ ਵਿਚ ਮੈਂ ਗਹਿਗੱਚ ਹੋ ਕੇ ਰਿਹਾ ਹਾਂ, ਪਰ ਮੈਥੋਂ ਵੱਡੇ ਵੀ ਇਹੀ ਕਹਿੰਦੇ ਸੁਣੇ ਹਨ, ਯਾਰ ਮੁਹੰਮਦ ਸਦੀਕ ਨੂੰ ਇੱਦਾਂ ਦਾ ਹੀ ਦੇਖਦੇ ਆ ਰਹੇ ਹਾਂæææ ਰਣਜੀਤ ਕੌਰ ਲਈ ਤਾਂ ਉਮਰ ਅੜਿੱਕਾ ਬਣੀ ਹੈ, ਪਰ ਸਦੀਕ ਉਦਾਂ ਦਾ ਹੀ ਹੈæææਸਟੇਜ ‘ਤੇ ਛਾਲਾਂ ਵੀ ਉਵੇਂ ਮਾਰਦੈæææਕੱਲ੍ਹ ਦੀ ਕੁੜੀ ਸੁਖਜੀਤ ਕੌਰ ਨਾਲ ਵੀ ਨਵੀਂ ਜੋੜੀ ਵਰਗਾ ਲਗਦੈæææਆਵਾਜ਼ ਵੀ ਜਮ੍ਹਾਂ ਉਹੀ ਐæææ।” ਮੇਰੀਆਂ ਵੀ ਸੈਂਕੜੇ ਮੁਲਾਕਾਤਾਂ ਉਹਦੇ ਨਾਲ ਹੋਈਆਂæææਨਾ ਸਰੀਰ ‘ਚ ਫਰਕ, ਨਾ ਚਿਹਰੇ ‘ਤੇ! ਨਾ ਗਾਉਣ ਵਿਚ ਤੇ ਨਾ ਆਵਾਜ਼ ਵਿਚ! ਭਾਰ ਵੀ ਉਨਾ ਕੁ ਹੀ ਹੈ। ਰੱਜ ਕੇ ਗਾ ਵੀ ਲਿਆ, ਫਿਲਮਾਂ ਵੀ ਕਰ ਲਈਆਂ, ਐਮæਐਲ਼ਏæ ਵੀ ਬਣ ਕੇ ਦੇਖ ਲਿਆ। ਸਾਡੇ ਸ਼ਗਨਾਂ/ਰਿਵਾਜ਼ਾਂ ਵਿਚ ਜਿਹੜੀ ਥਾਂ ਲੱਡੂ-ਜਲੇਬੀ ਦੀ ਰਹੀ ਹੈ, ਉਹੀ ਪੰਜਾਬੀ ਗਾਇਕੀ ਵਿਚ ਮੁਹੰਮਦ ਸਦੀਕ ਦਾ ਮੁਕਾਮ ਹੈ। ਉਹਦੇ ਕੋਲ ਅੱਜ ਵੀ ਚੰਗੇ ਪ੍ਰੋਗਰਾਮ ਹਨ, ਤੇ ਕਮਾਈ ਪੱਖੋਂ ਉਹਦਾ ਅਰਥਚਾਰਾ ਸੁੰਗੜਿਆ ਨਹੀਂ ਹੈ।
ਉਦੋਂ ਮੈਂ ਕਾਲਜ ਪੜ੍ਹਦਾ ਹੁੰਦਾ ਸਾਂ, ਜਦੋਂ ਉਹਦੀ ਪਹਿਲੀ ਫਿਲਮ ‘ਸੈਦਾ ਜੋਗਣ’ ਨੇ ਸਫਲਤਾ ਦੇ ਝੰਡੇ ਗੱਡੇ। ਪਿੰਡਾਂ ਦੇ ਬਜ਼ੁਰਗਾਂ ਨੂੰ ਮੈਂ ਸਿਨੇਮਾ ਦੀ ਖਿੜਕੀ ‘ਤੇ ਟਿਕਟ ਲੈਣ ਵੇਲੇ ਜੇਬਾਂ ਕਟਾਉਂਦਿਆਂ ਦੇਖਿਆ। ਬਹੁਤੇ ਦਰਸ਼ਕਾਂ ਦਾ ਇਸ ਗੱਲ ਨਾਲ ਕੋਈ ਲੈਣ-ਦੇਣ ਨਹੀਂ ਸੀ ਕਿ ਕਹਾਣੀ ਕੀ ਹੈ; ਸਗੋਂ ਉਨ੍ਹਾਂ ਨੇ ਤਾਂ ਸਿਰਫ਼ ਰਣਜੀਤ-ਸਦੀਕ ਨੂੰ ਵੇਖਣਾ ਸੀ। ਸਦੀਕ ਦੇ ਅਖਾੜਿਆਂ ਵਰਗੀਆਂ ਰੌਣਕਾਂ ਸਿਨੇਮਾ ਘਰਾਂ ਵਿਚ ਵੇਖਣ ਨੂੰ ਮਿਲੀਆਂ। ਫਗਵਾੜੇ ਉਦੋਂ ਬੱਸ ਅੱਡੇ ਦੇ ਸਾਹਮਣੇ ‘ਇਲਾਇਟ’ ਸਿਨੇਮੇ ਵਿਚ ਅਸੀਂ ਚਾਰ ਵਾਰ ਇਹ ਫਿਲਮ ਦੇਖੀ। ਅਸੀਂ ਚਾਰ ਜਣੇ ਹੋਸਟਲ ਵਿਚ ਰਹਿੰਦੇ ਸਾਂ। ਤਿੰਨ ਜਣੇ ਸਦੀਕ-ਰਣਜੀਤ ਦੇ ਉਪਾਸ਼ਕ। ਇੰਜੀਨੀਅਰਿੰਗ ਦੀ ਔਖੀ ਪੜ੍ਹਾਈ ਕਰ ਕੇ ਆਉਣਾ ਤਾਂ ਅੱਧਾ ਕੁ ਘੰਟਾ, ਦੋਹਾਂ ਦੇ ਗੀਤ ਸੁਣਨੇ, ਫਿਰ ਮੈੱਸ ਵਿਚ ਚਾਹ ਪੀਣੀ। ‘ਮੈਨੂੰ ਖਿੱਚ ਲੈ ਵੈਰੀਆ, ਖਿੱਚ ਲੈ ਚੁਬਾਰੇ ਵਿਚੋਂ ਬਾਂਹ ਫੜ ਕੇ’ ਗੀਤ ਰੋਜ਼ ਇਕ ਵਾਰ ਸੁਣਨਾ ਹੁੰਦਾ ਸੀ। ਉਦੋਂ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹੋ ਸਦੀਕ ਅੱਗੇ ਚੱਲ ਕੇ ਮਿੱਤਰ ਬਣੇਗਾ, ਮੇਰੇ ਸੱਦੇ ‘ਤੇ ਨੰਗੇ ਪੈਰੀਂ ਭੱਜਾ ਆਵੇਗਾ, ਨਾਰਾਜ਼ਗੀਆਂ ਤੇ ਗਿਲੇ ਸ਼ਿਕਵੇ ਵੀ ਹੋਣਗੇ, ਤੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਵੀ ਤੇ ਮਿੱਤਰਤਾ ਵੀ ਬਣੀ ਰਹੇਗੀ।
ਸਦੀਕ ਨਾਲ ਮੇਰੀ ਪਹਿਲੀ ਮੁਲਾਕਾਤ ਰੋਪੜ ‘ਗੁੱਡੋ’ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ। ਮੀਡੀਏ ਵਿਚ ਮੈਂ ‘ਰਾਣੋ’ ਤੇ ‘ਗੁੱਡੋ’ ਲਈ ਇੰਨਾ ਕੰਮ ਕੀਤਾ ਕਿ ਅਸੀਂ ਘੁੱਟ ਕੇ ਮਿਲਣ ਲੱਗ ਪਏ ਸਾਂ। ਜਦੋਂ ਉਹਦੀਆਂ ਕਰੀਬ ਸਾਰੀਆਂ ਫਿਲਮਾਂ ਹੀ ਚੱਲ ਨਿਕਲੀਆਂ, ਤਾਂ ਲੰਮਾ ਲੇਖ ਮੈਂ ਦਿੱਲੀ ਤੋਂ ਛਪਦੇ ਰਾਜਿੰਦਰ ਸਿੰਘ ਦੇ ਪਰਚੇ ‘ਸਚਿੱਤਰ ਕੌਮੀ ਏਕਤਾ’ ਵਿਚ ਲਿਖਿਆ, ‘ਪੰਜਾਬੀ ਫਿਲਮਾਂ ਦਾ ਗੱਬਰ ਸਿੰਘ: ਮੁਹੰਮਦ ਸਦੀਕ’। ਉਹ ਬਾਗੋ-ਬਾਗ ਹੋ ਗਿਆ। ਉਨ੍ਹੀ ਦਿਨੀਂ ਉਹਦਾ ਬੰਗੇ ਟਰੱਕ ਯੂਨੀਅਨ ਵਿਚ ਅਖਾੜਾ ਸੀ। ਪੁਲਿਸ ਵਾਲਿਆਂ ਨੇ ਮੈਨੂੰ ਸਟੇਜ ਦੇ ਨੇੜੇ ਫਟਕਣ ਨਹੀਂ ਦਿੱਤਾ, ਤੇ ਮੈਂ ਚੁੱਪ-ਚਾਪ ਕੰਧ ‘ਤੇ ਬੈਠ ਗਿਆ। ਨਾਲ ਦੋ ਅੱਧਖੜ ਉਮਰ ਦੇ ਪੇਂਡੂ ਬਜ਼ੁਰਗ ਪੈਰਾਂ ਭਾਰ ਬੈਠੇ ਸਨ। ਇਕ ਨੇ ਜ਼ਰਾ ਸੁਆਰ ਹੋ ਕੇ ਬੈਠਦਿਆਂ ਬੀੜੀ ਦਾ ਕਸ਼ ਲਿਆ; ਨਾਲ ਹੀ ‘ਖਿੱਚ ਲੈ ਵੈਰੀਆ’ ਵਾਲਾ ਗੀਤ ਚੱਲ ਪਿਆ, ਪਰ ਮੈਨੂੰ ਸੰਬੋਧਨ ਹੁੰਦਿਆਂ ਉਹ ਇਉਂ ਕਹਿਣ ਲੱਗਾ ਜਿਵੇਂ ਮੈਨੂੰ ਜਾਣਦਾ ਹੋਵੇ, “ਬਈ ਜੁਆਨਾ! ਬੜਾ ਸੁਣਿਆ ਇਸ ਜੋੜੀ ਨੂੰ। ਸਦੀਕ ਨੂੰ ਤਾਂ ਵਾਲ ਜਿੰਨਾ ਵੀ ਫਰਕ ਨਹੀਂ ਪਿਆ, ਪਰ ਬਈ ਰਣਜੀਤ ਕੌਰ ਤਾਂ ਹੋਰ ਸੁਨੱਖੀ ਹੋ ਗਈ ਐæææਕਿਵੇਂ ਲਗਦੇ ਤੈਨੂੰ?” ਮੈਂ ਹੱਸ ਪਿਆ, ਬੋਲਿਆ ਕੁਝ ਨਾ। ਨਾਲ ਦਾ ਕਹਿਣ ਲੱਗਾ, “ਸਾਡੇ ਪਿੰਡ ਵੀ ਆਏ ਤੀ ਗੁਣਾਚੌਰæææਤਿੰਨ-ਚਾਰ ਸਾਲ ਪਹਿਲਾਂ, ਰੰਗ ਬੰਨ੍ਹਿਆ ਪੂਰਾ। ਸਦੀਕ ਦਾ ਰੰਗ ਤਾਂ ਵੇਖ ਲੈ ਜਿਵੇਂ ਵੀ, ਐਪਰæææਰਣਜੀਤ ਕੌਰ ਪੂਰੀ ਚਾਨਣੀ ਰਾਤ ਐ। ਹੋਰ ਕਿਹੜਾ ਉਦਾਂ ਇਨ੍ਹਾਂ ਦਾ ਹੋਣਾ ਤੀ, ਗਉਣ ਕਰ ਕੇ ਈ ਹੋ ਗਿਆ।” ਮੈਂ ਵਿਚੋਂ ਬੋਲ ਪਿਆ, “ਕਿਆ?” ਉਹ ਹੈਰਾਨ ਜਿਹਾ ਹੋ ਗਿਆ, “ਲੈ ਤੈਨੂੰ ਕਿਤੇ ਪਤਾ ਨਹੀਂ, ਸਾਰਾ ਜੱਗ ਜਾਣਦੈ। ਵਿਆਹ ਦੀ ਗੱਲ ਕਰਦਾਂ ਮੈਂ।” ਜਦੋਂ ਮੈਂ ਦੱਸਿਆ, “ਭਾਈਆ ਗਾਉਂਦੇ ਆ ‘ਕੱਠੇ। ਸਦੀਕ ਤਾਂ ਜੁਆਕ-ਜੱਲੇ ਆਲੈ। ਉਹਦੀ ਤਾਂ ਹੋਰ ਐ ਘਰਵਾਲੀ।” ਉਹ ਦੋਵੇਂ ਜਣੇ ਉਠ ਕੇ ਤੁਰ ਪਏ। ਜਾਂਦੇ-ਜਾਂਦੇ ਤੀਰ ਛੱਡ ਗਏ, “ਫਿਰ ਤਾਂ ਕਮਲਾ ਐ ਸਦੀਕ। ਇਹ ਭਲਾ ਕੋਈ ਗੱਲ ਹੋਈ?” ਬਹੁਤ ਸਾਰੇ ਉਨ੍ਹਾਂ ਦੇ ਚਹੇਤਿਆਂ ਨੂੰ ਇੱਦਾਂ ਲਗਦਾ ਵੀ ਰਿਹਾ ਹੈ।
ਇਹਨੂੰ ਇਤਫਾਕ ਕਹੋ ਜਾਂ ਹੋਰ ਪਤਾ ਨਹੀਂ ਕੀ, ਮੇਰੇ ਵਾਂਗ ਬਹੁਤ ਸਾਰੇ ਅਜਿਹੇ ਸਦੀਕ ਦੇ ਨੇੜਲੇ ਮਿੱਤਰ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਨੇ ਉਹਦੀ ਪਤਨੀ ਦੇ ਕਦੇ ਦੀਦਾਰ ਨਹੀਂ ਕੀਤੇ ਹੋਣਗੇ। ਮੈਂ ਇਸ ਯਤਨ ਵਿਚ ਫੇਲ੍ਹ ਵੀ ਹੋ ਗਿਆ ਸੀ। ਸਾਲ 1988-89 ਵਿਚ ਜਦੋਂ ‘ਅਜੀਤ’ ਦੇ ਕਾਲਮ ‘ਸੁਰ ਸੱਜਣਾਂ ਦੀ’ ਤਹਿਤ ਮੈਂ ਗਾਇਕਾਂ ਦੀਆਂ ਪਤਨੀਆਂ ਨਾਲ ਮੁਲਾਕਾਤ ਕਰ ਰਿਹਾ ਸਾਂ, ਤਾਂ ਸਦੀਕ ਨੇ ਅਗਲੇ ਹਫਤੇ ਸਹੀ, ਉਹ ਕੁਝ ਠੀਕ ਨਹੀਂ, ਤੇ ਅਖੀਰ ਵਿਚ ਇਹ ਕਹਿ ਹੀ ਦਿੱਤਾ, “ਭੌਰੇ ਯਾਰ, ਤੂੰ ਮੈਨੂੰ ਬਖਸ਼ ਹੀ ਦੇ। ਪਤਾ ਨਹੀਂ ਕੀ ਕਹਿ ਦੇਵੇ।” ਇਉਂ ਮੇਰਾ ਯਤਨ ਸਫ਼ਲ ਨਹੀਂ ਹੋਇਆ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਦੀਕ ਨੂੰ ਮਿਲਣ ਲਈ ਪੱਕਾ ਠਿਕਾਣਾ ਬੱਸ ਸਟੈਂਡ ਲਾਗੇ ਰਣਜੀਤ ਦੀ ਕੋਠੀ ਹੀ ਹੁੰਦੀ ਸੀ; ਤੇ ਲਗਦੇ ਹੱਥ ਇਹ ਵੀ ਸਪਸ਼ਟ ਕਰ ਦਿਆਂ ਕਿ ਜਿੰਨਾ ਚਿਰ ਦੋਹਾਂ ਨੇ ਇਕੱਠਿਆਂ ਗਾਇਆ, ਸਦੀਕ ਨੇ ਨਾ ਮੀਡੀਆ ਨਾਲ, ਤੇ ਨਾ ਆਮ ਲੋਕਾਂ ਨਾਲ ਕਦੇ ਰਣਜੀਤ ਕੌਰ ਨੂੰ ਮਿਲਾਇਆ ਸੀ।
ਸਾਲ 1989 ਵਿਚ ਜਦੋਂ ਮੈਂ ਮਾਹਿਲਪੁਰ ਸ਼ੌਂਕੀ ਮੇਲਾ ਲਾਇਆ ਤਾਂ ਸਦੀਕ ਸਭ ਤੋਂ ਪਹਿਲਾਂ ਪਹੁੰਚਿਆ। ਦੋਹਾਂ ਨੇ ਕਮਾਲ ਤਾਂ ਕੀਤੀ ਹੀ, ਸਗੋਂ ਸ਼ਾਇਰ ਪ੍ਰੋæ ਅਜੀਤ ਲੰਗੇਰੀ ਤੇ ਮਰਹੂਮ ਨਾਟਕਕਾਰ ਜੋਗਿੰਦਰ ਬਾਹਰਲੇ ਹੋਰੀਂ ਵੀ ਰੱਜ ਕੇ ਸਲਾਹਿਆ। ਮੇਲੇ ਤੋਂ ਪਹਿਲਾਂ ਸਦੀਕ ਦੇ ਘਰੇ ਉਸ ਤੋਂ ਮਾਲੀ ਮਦਦ ਮੰਗੀ ਸੀ, ਤਾਂ ਕਹਿਣ ਲੱਗਾ, “ਅਸ਼ੋਕ, ਗਾਇਕਾਂ ਨੇ ਤੇਰੇ ਕਹਿਣ ‘ਤੇ ਮਨਾਂ ਨਹੀਂ ਕਰਨਾ, ਪਰ ਸਾਨੂੰ ਦੋ ਪਾਸੇ ਨਾ ਖਿੱਚ। ਅਸੀਂ ਫਰੀ ਗਾਉਣ ਜ਼ਰੂਰ ਆਵਾਂਗੇ।” ਮੇਲੇ ਤੋਂ ਬਾਅਦ ਉਹੀ ਸਦੀਕ ਕਹੇ, “ਯਾਰ ਤੂੰ ਪਹਿਲੀ ਵਾਰ ਹੀ ਪ੍ਰੋæ ਮੋਹਨ ਸਿੰਘ ਮੇਲੇ ਵਾਂਗ ਪੈੜ੍ਹ ਖਿੱਚ ਲਈ ਐ। ਚੱਲ ਹੁਣ ਦੋ-ਚਾਰ ਸੌ ਦੇ ਵੀ ਦਿਆ ਕਰਾਂਗੇ।” ਰਣਜੀਤ ਕੌਰ ਨਾਲ ਅਸੀਂ ਅਗਲੇ ਘਰ ਵਿਚ ਉਸੇ ਕਮਰੇ ਵਿਚ ਬੈਠੇ ਸਾਂ ਜਿਥੇ ਤਿੰਨ ਕੁ ਸਾਲ ਪਹਿਲਾਂ ਦੋ ਖਾੜਕੂਆਂ ਦੀ ਹਾਜ਼ਰੀ ਵਿਚ ਮਿਲੇ ਸਾਂ। ਉਦੋਂ ਤਾਂ ਮੈਂ ਵੀ ਡਰਦਾ ਵਿਚੋਂ ਉਠ ਕੇ ਚਲਾ ਗਿਆ ਸਾਂ, ਪਰ ਉਦਣ ਤੁਰਨ ਲੱਗੇ ਨੂੰ ਬਾਂਹ ਖਿੱਚ ਕੇ ਸਦੀਕ ਕਹਿਣ ਲੱਗਾ, “ਯਾਰ, ਤੂੰ ਲਿਖਦੈਂ ਸਦੀਕ ਨੂੰ ਗੱਬਰ ਸਿੰਘ, ਪਰ ਆਹ ਜਿਹੜੇ ਏæਕੇæ ਸੰਤਾਲੀਆਂ ਚੁੱਕੀ ਫਿਰਦੇ ਨੇæææਟਿੱਚ ਕਰ ਕੇ ਨ੍ਹੀਂ ਜਾਣਦੇ।” ਉਸ ਦਿਨ ਮੈਂ ਉਹਨੂੰ ਦੂਜੀ ਵਾਰ ਓਦਰਿਆ ਵੇਖਿਆ ਸੀ।
ਜਰਨੈਲ ਘੁਮਾਣ ਦੀ ਕੰਪਨੀ ਸੀæਐਮæਸੀæ ਦਾ ਸਦੀਕ ਵੀ ਹਿੱਸੇਦਾਰ ਸੀ ਤੇ ਬਾਅਦ ਵਿਚ ਦੋਹਾਂ ਨੇ ਰਲ ਕੇ ਚੰਡੀਗੜ੍ਹ ਵਿਚ ਸੁਰ ਸੰਗਮ ਸਟੂਡੀਓ ਵੀ ਖੋਲ੍ਹਿਆ, ਪਰ ਇਹ ਵਪਾਰ ਬਹੁਤੀ ਦੇਰ ਚੱਲ ਨਹੀਂ ਸਕਿਆ; ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਕੈਸਿਟ ਕੰਪਨੀਆਂ ਨੇ ਅਜੇ ਸਿਰ ਨਹੀਂ ਸੀ ਚੁੱਕਿਆ, ਚਾਰ ਜਣਿਆਂ ਨੇ ਕੰਪਨੀ ਖੋਲ੍ਹੀ ਸੀ ‘ਕੁਸਾਡਿੱਗ’। ਇਹ ਨਾਂ ਚਹੁੰਆਂ ਦੇ ਪਹਿਲੇ ਅੱਖਰ ਤੋਂ ਲਿਆ ਸੀ- ਕੁਲਦੀਪ ਮਾਣਕ, ਸਦੀਕ, ਦੀਦਾਰ ਤੇ ਸਵਰਨ ਲਤਾ ਦੇ ਘਰਵਾਲਾ ਗੁਪਤਾ। ਦਫਤਰ ਬੜੇ ਚਾਅ ਨਾਲ ਖੋਲ੍ਹਿਆ। ਐਲਾਨ ਵੀ ਮੈਂ ਬੜੇ ਚਾਅ ਨਾਲ ‘ਅਜੀਤ’ ਵਿਚ ਕੀਤਾ, ਪਰ ਦੋ ਮੀਰ ਆਲਮ ਤੇ ਇਕ ਜੱਟ ਦੀ, ਬਾਣੀਏ ਨਾਲ ਗੱਲ ਬਣੀ ਹੀ ਨਹੀਂ। ਊਂ ਦੀਦਾਰ ਸੰਧੂ ਦਾ ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ ਵਾਲਾ ਹਿੱਟ ਗੀਤ ਇਸੇ ਕੰਪਨੀ ਦੀ ਪੇਸ਼ਕਸ਼ ਸੀ।
‘ਸੈਦਾ ਜੋਗਣ’ ਫਿਲਮ ਵਿਚ ਸਦੀਕ ਨੂੰ ਕੁੱਟ ਖਾਂਦਿਆਂ ਵਿਖਾਇਆ ਗਿਆ ਸੀ। ਇਸੇ ਫਿਲਮ ਵਿਚ ਕੁਲਦੀਪ ਮਾਣਕ ਨੇ ‘ਆਹ ਲੈ ਸਾਂਭ ਲੈ ਨੀ ਸੈਦੇ ਦੀਏ ਨਾਰੇ’ ਗੀਤ ਗਾਇਆ। ਮਾਣਕ ਆਪਣੇ ਸੁਭਾਅ ਮੁਤਾਬਕ ਇਕ ਵਾਰ ਕਹਿਣ ਲੱਗਾ, “ਲੈ ਜਦੋਂ ਅਸੀਂ ਫਿਲਮ ਬਣਾਈ, ਤਾਂ ਸਦੀਕ ਵਾਂਗ ਕੁੱਟ ਨਹੀਂ ਖਾਵਾਂਗੇ।” ਉਂਜ ਹੋਇਆ ਉਲਟ। ‘ਬਲਬੀਰੋ ਭਾਬੀ’ ਵਿਚ ਮਾਣਕ ਘੁੱਕਰ (ਗੁਰਚਰਨ ਪੋਹਲੀ) ਤੋਂ ਚੁਪੇੜਾਂ ਖਾ ਰਿਹਾ ਸੀ। ਸੁਭੈਕੀ ਇਕ ਵਾਰ ਮੈਂ, ਸ਼ਮਸ਼ੇਰ ਸੰਧੂ ਤੇ ਸਦੀਕ, ਮਾਣਕ ਦੇ ਦਫ਼ਤਰ ਵਿਚ ਇਸ ਫਿਲਮ ਦੇ ਰਿਲੀਜ਼ ਹੋਣ ਪਿਛੋਂ ਮਿਲ ਪਏ। ਸਦੀਕ ਵਾਲੀ ਗੱਲ ਸ਼ਮਸ਼ੇਰ ਨੇ ਟਿੱਚਰੀ ਸਭਾਅ ਕਰ ਕੇ ਪੁੱਛ ਲਈ, ਮਾਣਕ ਥਥਲਾ ਕੇ ਹੱਸ ਪਿਆ, “ਭਾਗ ਸਿੰਘ ਨੇ ਉਹ ਸ਼ਾਟ ਹੀ ਕੱਟ’ਤੇ ਜਿਹਦੇ ਵਿਚ ਮੈਂ ਵੀ ਘੁੱਕਰ ਦਾ ਕੁਟਾਪਾ ਕਰ ਰਿਹਾ ਸੀ।” ਤੇ ਸਦੀਕ ਬੁੱਲ੍ਹਾਂ ‘ਚ ਹੱਸ ਕੇ ਚਲੇ ਗਿਆ।
ਮੁਹੰਮਦ ਸਦੀਕ ਬਾਰੇ ਮੈਂ ਰੱਜ ਕੇ ਲਿਖਿਆ; ਗੱਲ ਚਾਹੇ ਉਹਦੀ ਗਾਇਕੀ ਦੀ ਸੀ, ਜਾਂ ਫਿਲਮਾਂ ਦੀ; ਪਰ ਇੰਨਾ ਗਹਿਗੱਚ ਪਿਆਰ ਵੀ ਇਕ ਵਾਰ ਉਖੜ ਗਿਆ। ਅਸੀਂ ਆੜ੍ਹਤੀਏ ਤੇ ਜੱਟ ਵਾਂਗ ਬਿਨਾਂ ਵਜ੍ਹਾ ਨਾਰਾਜ਼ ਹੋ ਗਏ ਤੇ ਹਾਲਾਤ ਇੱਦਾਂ ਦੇ ਬਣ ਗਏ ਕਿ ਇਕ-ਦੂਜੇ ਨੂੰ ਵੇਖ ਕੇ ਜਿਵੇਂ ਕੋਈ ਰਾਜ਼ੀ ਨਾ ਹੋਵੇ। ਹੋਇਆ ਇਉਂ, ਕਿ 1992-97 ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਤਤਕਾਲੀ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚੌਧਰੀ ਸਵਰਨਾ ਰਾਮ ਨੇ ਪੰਜਾਬੀ ਗੀਤਾਂ ਨੂੰ ਮਿਆਰੀ ਦਿਸ਼ਾ ਦੇਣ ਲਈ ਸੈਂਸਰ ਬੋਰਡ ਬਣਾਉਣ ਦਾ ਐਲਾਨ ਕਰ ਦਿੱਤਾ। ਸੱਚ ਇਹ ਸੀ ਕਿ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਸੀ, ਹਾਲਾਂਕਿ ਸੈਂਸਰ ਬੋਰਡ ਬਣਾਉਣ ਦੀਆਂ ਤਜਵੀਜ਼ਾਂ ਬਾਰੇ ਵਿਭਾਗ ਦੇ ਸਕੱਤਰ ਅਤੇ ਮੰਤਰੀ ਦੀਆਂ ਚੰਡੀਗੜ੍ਹ ਵਿਚ ਹੋਈਆਂ ਮੀਟਿੰਗਾਂ ਵਿਚ ਮੈਂ ਸ਼ਾਮਲ ਜ਼ਰੂਰ ਹੁੰਦਾ ਰਿਹਾ। ਜੱਸੀ ਗੁਰਦਾਸਪੁਰੀਏ ਦੇ ਗੀਤ ‘ਚੰਨੋ ਦਾ ਜਵਾਨੀ ਵਿਚ ਪੈਰ ਪੈ ਗਿਆ, ਪਿੰਡ ਦਿਆਂ ਮੁੰਡਿਆਂ ‘ਚ ਵੈਰ ਪੈ ਗਿਆ’ ਨੂੰ ਲੈ ਕੇ ਚੌਧਰੀ ਸਵਰਨਾ ਰਾਮ ਨੇ ਕਾਫ਼ੀ ਗਰਮ ਬਿਆਨ ਵੀ ਦਿੱਤੇ ਕਿ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੂੰ ਸੁਧਾਰਨਾ ਪਵੇਗਾ। ਪੰਮੀ ਬਾਈ, ਗੁਰਦਾਸ ਮਾਨ ਹੋਰਾਂ ਨੇ ਚੰਡੀਗੜ੍ਹ ਦੇ ਮਟਕਾ ਚੌਕ ਵਿਚ ਸੈਂਸਰ ਬੋਰਡ ਖਿਲਾਫ ਧਰਨੇ ਵੀ ਦਿੱਤੇ। ਚਲੋ ਸੈਂਸਰ ਬੋਰਡ ਤਾਂ ਨਹੀਂ ਬਣਿਆ, ਪਰ ਮੇਰੀ ਤੇ ਸਦੀਕ ਦੀ ਅਣਬਣ ਹੋ ਗਈ। ਕਾਰਨ ਇਹ ਸੀ ਕਿ ਚੰਡੀਗੜ੍ਹ ਤੋਂ ਛਪਦੀ ਇਕ ਅਖ਼ਬਾਰ ਦੇ ਲੁਧਿਆਣੇ ਸਥਿਤ ਪੱਤਰਕਾਰ ਨੇ ਸ਼ੋਸ਼ਾ ਛੱਡ ਦਿੱਤਾ ਕਿ ਮੰਤਰੀ ਦੇ ਹਲਕੇ ਦਾ ਇਕ ਪੱਤਰਕਾਰ (ਨਿਸ਼ਾਨਾ ਮੇਰੇ ਵੱਲ ਸੀ) ਸਾਰੇ ਗਾਇਕਾਂ ਨੂੰ ਆਪਣੀ ਲੱਤ ਹੇਠੋਂ ਲੰਘਾਉਣ ਖਾਤਰ ਹੀ ਸੈਂਸਰ ਬੋਰਡ ਬਣਵਾ ਰਿਹਾ ਹੈ। ਸਦੀਕ ਦੇ ਵੀ ਫਿਰ ਅਜਿਹੇ ਬਿਆਨ ਛਪੇ, ਤੇ ਸਾਡੀ ਯਾਰੀ ਨੂੰ ਮੋਛਾ ਪੈ ਗਿਆ। ਮੈਂ ਇਸ ਗੱਲ ਨੂੰ ਵੀ ਮੰਨਦਾ ਹਾਂ ਕਿ ਜਦੋਂ ਮੇਰਾ ਦਾਅ ਲੱਗਾ, ਚੋਭ ਮੈਂ ਵੀ ਲਾਉਂਦਾ ਰਿਹਾ। ਸੈਂਸਰ ਬੋਰਡ ਦੇ ਹੱਕ ਵਿਚ ਮੈਂ ‘ਅਜੀਤ’ ਵਿਚ ਸੰਪਾਦਕੀ ਪੰਨੇ ‘ਤੇ ਲੇਖ ਵੀ ਲਿਖਿਆ ਜਿਸ ਨਾਲ ਗਾਇਕਾਂ ਦੇ ਮੇਰੇ ਵਿਰੁਧ ਗੁੱਸੇ ਨੂੰ ਹੋਰ ਵੀ ਸ਼ੱਕ ਪੈ ਗਿਆ।
ਸਦੀਕ ਮੈਥੋਂ ਕਿੰਨਾ ਖਫਾ ਸੀ, ਇਸ ਦਾ ਇਕ ਚਿੱਤਰ ਖਿੱਚ ਕੇ ਵਿਖਾਉਂਦਾ ਹਾਂ। ਗੜ੍ਹਸ਼ੰਕਰ ਲਾਗੇ ਇਕ ਪਿੰਡ ਵਿਚ ਵੀਆਨਾ (ਆਸਟ੍ਰੀਆ) ਵਸਦੇ ਭਾਨੇ ਨਾਂ ਦੇ ਮੇਰੇ ਮਿੱਤਰ ਨੇ ਸਦੀਕ ਦਾ ਆਖਾੜਾ ਰੱਖਿਆ। ਸੁਖਜੀਤ ਨਾਲ ਸੀ ਤੇ ਮੈਂ ਪੂਰੇ ਢਾਈ ਘੰਟੇ ਪਹਿਲੀ ਕਤਾਰ ਵਾਲੀਆਂ ਕੁਰਸੀਆਂ ‘ਤੇ ਬੈਠਾ ਰਿਹਾ। ਸਟੇਜ ਸੈਕਟਰੀ ਨੇ ਤਾਂ ਕਈ ਵਾਰ ਮੇਰਾ ਨਾਂ ਲਿਆ; ਮੇਰੇ ਵਲੋਂ ਕਈ ਵਾਰ ਸੌ ਦਾ ਨੋਟ ਦੇ ਕੇ ‘ਸੌ ਦਾ ਨੋਟ’ ਗੀਤ ਸੁਣਨ ਦੀ ਮੰਗ ਨੂੰ ਵੀ ਸਦੀਕ ਨੇ ਪੂਰਾ ਕਰ ਦਿੱਤਾ, ਪਰ ਮੇਰੇ ਨਾਲ ਅੱਖ ਇਕ ਵਾਰ ਵੀ ਨਹੀਂ ਮਿਲਾਈ। ਸਦੀਕ ਤਾਂ ਪਤਾ ਨਹੀਂ ਕੀ ਮਹਿਸੂਸ ਕਰਦਾ ਸੀ, ਪਰ ਮੈਂ ਦਾਰੂ ਪੀਤੀ, ਤੇ ਰੋਟੀ ਖਾਧੇ ਬਿਨਾਂ ਹੀ, ਦੁਖੀ ਘਰ ਪਰਤਿਆ। ਮੇਰੇ ਨਾਲ ਦੇ ਮਿੱਤਰਾਂ ਨੇ ਕਈ ਵਾਰ ਪੁੱਛਿਆ, “ਸਦੀਕ ਤਾਂ ਹਰ ਸਟੇਜ ‘ਤੇ ਤੇਰਾ ਵੱਡੇ ਪੱਤਰਕਾਰ ਵਜੋਂ ਨਾਂ ਲੈਂਦਾ ਹੁੰਦਾ ਸੀ, ਅੱਜ ਕੀ ਹੋਇਆ?” ਮੈਂ ਕਿਹਾ, “ਸਵਰਨਾ ਰਾਮ ਤੋਂ ਸੈਂਸਰ ਬੋਰਡ ਤਾਂ ਬਣਿਆ ਨਹੀਂ, ਪਰ ਆਹ ਚੰਦ ਜ਼ਰੂਰ ਚੜ੍ਹ ਗਿਆ।”
ਸਾਲ 2012 ਵਿਚ ਜਦੋਂ ਉਹ ਭਦੌੜ ਤੋਂ ਚੋਣ ਲੜਨ ਲਈ ਨਿਤਰਿਆ ਤਾਂ ਮੈਂ ਰੇਡੀਓ ਚੜ੍ਹਦੀ ਕਲਾ ‘ਤੇ ਕੰਮ ਕਰਦਾ ਸੀ। ਕੁਝ ਸਰੋਤਿਆਂ ਨੇ ਵਾਰ-ਵਾਰ ਸਦੀਕ ਨਾਲ ਗੱਲ ਕਰਵਾਉਣ ਲਈ ਆਖਿਆ। ਮੈਂ ਇਸੇ ਮੁਲਾਕਾਤ ਦੀ ਇੱਛਾ ਨਾਲ ਫੋਨ ਕੀਤਾ, ਤਾਂ ਉਹ ਇੱਦਾਂ ਗੱਲ ਕਰੇ, ਜਿਵੇਂ ਕਦੇ ਕੁਝ ਹੋਇਆ ਹੀ ਨਾ ਹੋਵੇ। ਚੋਣ ਪ੍ਰਚਾਰ ਵਾਂਗ ਫਿਰ ਮੈਂ ਉਹਦੇ ਹੱਕ ਵਿਚ ਕਈ ਮੁਲਾਕਾਤਾਂ ਵੀ ਕੀਤੀਆਂ। ਐਮæਐਲ਼ਏæ ਬਣ ਕੇ ਜਦੋਂ ਉਹ ਅਮਰੀਕਾ ਆਇਆ, ਤਾਂ ਮੈਂ ਉਹਦੇ ਫਰਿਜ਼ਨੋ ਵਸਦੇ ਭਣੋਈਏ ਸ਼ੌਕਤ ਆਲੀ ਨੂੰ ਫੋਨ ਕੀਤਾ। ਸਦੀਕ ਕਹਿਣ ਲੱਗਾ, “ਹਾਂ ਅਸ਼ੋਕ, ਗੁਰਦਾਸ ਤੋਂ ਪਤਾ ਲੱਗਾ ਸੀ ਕਿ ਤੂੰ ਕਾਫੀ ਬਿਮਾਰ ਰਿਹੈਂ, ਤੇਰੀ ਖ਼ਬਰ ਨੂੰ ਆਵਾਂਗਾ।” ਫਿਰ ਉਹ ਖੁਦ ਜਦੋਂ ਰੇਡੀਓ ਦੇ ਸਟੂਡੀਓ ਆਇਆ, ਤਾਂ ਮੈਂ ਇਕ ਸਵਾਲ ਪੁੱਛਿਆ, “ਵਿਧਾਨ ਸਭਾ ਵਿਚ ਤੈਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੀਤ ਸੁਣਨ ਦੇ ਬਹਾਨੇ ਤੇਰੀ ਕਾਫ਼ੀ ਹੇਠੀ ਕੀਤੀ?” ਸਵਾਲ ਤਾਂ ਮੈਂ ਉਹਦੇ ਨਾਲ ਹਮਦਰਦੀ ਤੇ ਬਾਦਲ ਸਾਹਿਬ ਦੇ ਵਿਰੁਧ ਕੀਤਾ ਸੀ, ਪਰ ਉਹ ਹੱਸ ਪਿਆ, “ਬਜ਼ੁਰਗ ਸਿਆਸਤਦਾਨ ਹੈ, ਫਿਰ ਮੈਂ ਉਹਦੀ ਕਦਰ ਕਰਦਾ ਹਾਂ, ਭਾਵੇਂ ਉਹਨੇ ਜੋ ਕੀਤਾ ਸੀ, ਉਹ ਮੇਰੀ ਆਤਮਾ ਨੂੰ ਗੋਲ ਗੰਢ ਦੇ ਗਿਆ ਸੀ।”
ਸਾਲ 2005 ਵਿਚ ਲੰਡਨ ਈਸਟਹੋਮ ਵਿਚ ਪ੍ਰੋਗਰਾਮ ਸੀ। ਪ੍ਰੋਗਰਾਮ ਵਿਚ ਸੁਰਿੰਦਰ ਸ਼ਿੰਦਾ ਵੀ ਸੀ ਤੇ ਸਦੀਕ, ਸੁਖਜੀਤ ਕੌਰ ਵੀ। ਰੱਬ ਦੀ ਮਰਜ਼ੀ, ਪਤਾ ਨਹੀਂ ਪ੍ਰਬੰਧਕਾਂ ਨੇ ਜਾਣ ਕੇ ਕੀਤਾ ਸੀ ਜਾਂ ਇਤਫਾਕ ਕਿ ਤੀਹ ਸਾਲ ਨਾਲ ਗਾਉਣ ਵਾਲੀ ਰਣਜੀਤ ਕੌਰ ਗਲਾ ਖਰਾਬ ਹੋਣ ਦੀ ਸਜ਼ਾ ਭੁਗਤਦੀ ਅੱਖੀਂ ਦੇਖੀ ਸੀ। ਉਹਨੇ ਜਦੋਂ ‘ਖਾਲੀ ਘੋੜੀ ਹਿਣਕਦੀ, ਉਤੇ ਨ੍ਹੀਂ ਦੀਂਹਦਾ ਵੀਰ’ ਇਕੱਲੀ ਨੇ ਗਾਇਆ, ਤਾਂ ਹੌਲ ਮੇਰੇ ਵੀ ਪੈ ਗਿਆ। ਉਹਨੂੰ ਮੈਂ ਡਰੈਸਿੰਗ ਰੂਮ ਵਿਚ ਪੁੱਛਿਆ, “ਅੱਜ ਕਿਵੇਂ ਲਗਦੈ ਇਹ ਹਾਲਾਤ ਵੇਖ ਕੇ?” ਉਹਨੇ ਅੱਖਾਂ ਭਰ ਲਈਆਂ ਤੇ ਬੋਲੀ, “ਅਸ਼ੋਕ, ਚਲੋ ਭਾਜੀ ਦੀ ਮਰਜ਼ੀ।”
ਪਿਛਲੇ ਸਾਲ (2014 ਵਿਚ) ਉਹ ਮੇਰੇ ਸਹੁਰਿਆਂ ਦੇ ਘਰ ਮਖਸੂਸਪੁਰ ਆਈ ਤਾਂ ਦੁਖਦੀ ਰਗ ਜਿਵੇਂ ਮੈਥੋਂ ਫਿਰ ਛੇੜ ਹੋ ਗਈ ਹੋਵੇ! ਆਖਣ ਲੱਗੀ, “ਅਸ਼ੋਕ, ਮੈਂ ਤਾਂ ਇਕ ਪ੍ਰੋਗਰਾਮ ਫੜ ਲਿਆ ਸੀ, ਪਰ ਭਾਜੀ ਕਹਿੰਦੇæææਨਹੀਂ, ਹੁਣ ਤੂੰ ਆਪ ਹੀ ਕਰ ਲਵੀਂ। ਪਤਾ ਨਹੀਂ ਭਾਜੀ ਨੂੰ ਕੀ ਹੋ ਗਿਆ ਸੀ?” ਫਿਰ ਉਹ ਗਲੇ ‘ਤੇ ਹੱਥ ਰੱਖ ਕੇ ਕਹਿਣ ਲੱਗੀ, “ਆਹ ਚੰਦਰਾ ਸਾਥ ਜੂ ਛੱਡ ਗਿਐ।”
ਕੁਝ ਵੀ ਹੋਵੇ, ਹੁਣ ਅਸੀਂ ਹੱਥ ਵੀ ਘੁੱਟ ਕੇ ਮਿਲਾਉਂਦੇ ਹਾਂ, ਤੇ ਜੱਫੀ ਵੀ ਘੁੱਟ ਕੇ ਪਾਉਂਦੇ ਹਾਂ, ਉਨ੍ਹਾਂ ਪੌੜੀਆਂ ‘ਤੇ ਫਿਰ ਇਕੱਠੇ ਪੈਰ ਰੱਖੀਦੇ ਨੇ, ਜਿਹੜੀਆਂ ਮੁਹੱਬਤ ਦੀ ਪਹਾੜੀ ‘ਤੇ ਬਣੇ ਮੰਦਰ ਵੱਲ ਜਾਂਦੀਆਂ ਹਨ। ਹੁਣ ਜਦੋਂ ਰਣਜੀਤ ਨਾਲ ਗੱਲਾਂ ਕਰੀਦੀਆਂ ਨੇ ਤਾਂ ਉਹ ਇਹ ਆਖਦੀ ਹੈ, “ਭਾਜੀ ਕਿਸੇ ਨਾਲ ਮੈਨੂੰ ਗੱਲ ਹੀ ਨਹੀਂ ਸਨ ਕਰਨ ਦਿੰਦੇ।”
ਖੈਰ! ਉਹ ਦੋਵੇਂ ਭਾਵੇਂ ਅਲੱਗ ਹੋਣ, ਪਰ ਮੇਰੇ ਨੇੜੇ ਜ਼ਰੂਰ ਹਨ। ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ ਕਦੇ ਵੀ ਪੰਜਾਬੀ ਗਾਇਕੀ ਵਿਚ ਮਨਫੀ ਨਹੀਂ ਕੀਤਾ ਜਾ ਸਕੇਗਾ; ਖਾਸ ਤੌਰ ‘ਤੇ ਉਦੋਂ ਤੱਕ, ਜਦੋਂ ਤੱਕ ਦੋ-ਗਾਣਾ ਰੰਗ ਉਘੜਦਾ ਰਹੇਗਾ। ਭਲੇ ਵੇਲਿਆਂ ਵਿਚ ਇਸ ਜੋੜੀ ਦੇ ਤਵੇ ਬਲੈਕ ਵਿਚ ਵਿਕਦੇ ਹੁੰਦੇ ਸਨ। ਹੁਣ ਵੀ ਸਦੀਕ ਤੀਹ-ਪੈਂਤੀ-ਪੰਜਾਹ ਹਜ਼ਾਰ ਨੂੰ ਪ੍ਰੋਗਰਾਮ ਕਰੀ ਜਾਂਦਾ ਹੈ। 1995 ਵਿਚ ਉਹਨੂੰ ਮੈਂ ਆਪਣੇ ਪਿੰਡ ਇਕ ਵਿਆਹ ‘ਤੇ ਬੁਲਾਇਆ। ਤੁਰਨ ਲੱਗੇ ਨੂੰ ਪੈਸਿਆਂ ਬਾਰੇ ਪੁੱਛਿਆ ਤਾਂ ਉਤਰ ਦੇਖੋ, “ਅਸ਼ੋਕ ਲਈਦਾ ਤਾਂ ਹੁਣ ‘ਟੈੱਨ ਪਲੱਸ ਟੂ’ ਐ, ਤੂੰ ਜੋ ਦੇਣਾ ਦੇ ਦੇ।”
ਇਹ ਜੋੜੀ ਸੱਚੀਂ ਲੋਕਾਂ ਦੀ ਗਾਇਕ ਜੋੜੀ ਇਸ ਕਰ ਕੇ ਰਹੀ ਹੈ ਕਿਉਂਕਿ ਇਸ ਜੋੜੀ ਨੂੰ ਗਰੀਬ ਤੇ ਅਮੀਰ- ਦੋਵੇਂ ਬੁਲਾ ਸਕਦੇ ਸਨ। ਸਦੀਕ ਦੀ ਗੱਲ ਕਰ ਕੇ ਮੈਂ ਇਸ ਕਰ ਕੇ ਖੁਸ਼ ਹੋ ਜਾਂਦਾ ਹਾਂ ਕਿ ਸਾਡੀਆਂ ਟੁੱਟੀਆਂ ਵੀ ਗੰਢੀਆਂ ਗਈਆਂ ਹਨ, ਉਹ ਸਰੀਰਕ ਪੱਖੋਂ ਉਹੋ ਜਿਹਾ ਹੀ ਹੈ ਤੇ ਹੁਣ ਐਮæਐਲ਼ਏæ ਵੀ ਹੈ। ਉਹਨੂੰ ਦਾਰੂ ਪੀਂਦੇ ਨੂੰ ਨੱਚਣ ਦਾ ਖਰੂਦ ਕਰਦਿਆਂ ਖੰਨੇ ਸਰਦੂਲ ਸਿਕੰਦਰ ਦੇ ਮੁੰਡੇ ਦੀ ਲੋਹੜੀ ‘ਤੇ ਵੇਖਿਆ ਸੀ। ਗਾਇਕੀ ਦੇ ਇਤਿਹਾਸ ਵਿਚ ਸਦੀਕ ਦੀ ਗੱਲ ਮੁਕਾਉਣ ਨੂੰ ਜੀਅ ਨਹੀਂ ਕਰਦਾ ਕਿਉਂਕਿ ਕੋਇਲ ਦੇ ਕੌੜਾ ਬੋਲਣ ਦਾ ਸ਼ੱਕ ਕੀਤਾ ਹੀ ਨਹੀਂ ਜਾ ਸਕਦਾ।