ਸ਼ੱਕਰ ਦਾ ਸਫਰ

ਬਲਜੀਤ ਬਾਸੀ
ਫਰੀਦ ਦਾ ਇਕ ਸਲੋਕ ਹੈ, “ਫਰੀਦਾ ਸਕਰ ਖੰਡੁ ਨਿਵਾਤ ਗੁੜ ਮਾਖਿਉ ਮਾਂਝਾ ਦੁਧੁ, ਸਭੇ ਵਸਤੂ ਮਿਠੀਆਂ ਰਬੁ ਨ ਪੁਜਨੁ ਤੁਧੁ।” ਕਿਆ ਬਾਤ ਹੈ, ਫਰੀਦ ਸ਼ਕਰ ਖਾਣ ਨੂੰ ਰੱਬ ਤੱਕ ਪੁੱਜਣ ਦੇ ਮਾਰਗ ਵਿਚ ਰੁਕਾਵਟ ਸਮਝਦੇ ਹਨ ਪਰ ਖੁਦ ਸ਼ੱਕਰ ਦੇ ਏਨੇ ਸ਼ੌਕੀਨ ਸਨ ਕਿ ਲੋਕ ਉਨ੍ਹਾਂ ਨੂੰ ਸ਼ਕਰਗੰਜ (ਜਾਂ ਗੰਜੇਸ਼ਕਰ, ਸ਼ੱਕਰ ਦਾ ਖ਼ਜ਼ਾਨਾ) ਕਹਿਣ ਲੱਗੇ। ਇਕ ਹੋਰ ਜਗ੍ਹਾ ਕਹਿੰਦੇ ਹਨ, “ਦੇਖ ਫਰੀਦਾ ਜਿ ਥੀਆ ਸਕਰ ਹੋਈ ਵਿਸੁ।”

ਖੈਰ ਅਸੀਂ ਇਹ ਸਮਝਾਂਗੇ ਕਿ ਫਰੀਦ ਦੀ ਬਾਣੀ ਲੋਕਾਂ ਨੂੰ ਏਨੀ ਮਧੁਰ ਲੱਗੀ ਕਿ ਉਨ੍ਹਾਂ ਨੂੰ ਇਹ ਲਕਬ ਬਖਸ਼ ਦਿੱਤਾ ਗਿਆ। ਸੰਭਵ ਹੈ ਉਨ੍ਹਾਂ ਦੀ ਆਵਾਜ਼ ਵੀ ਬਹੁਤ ਮਿੱਠੀ ਹੋਵੇ। ਪੰਜਾਬੀ ਵਿਚ ਲਿਖਤੀ ਤੌਰ ਤੇ ਸਕਰ ਸ਼ਬਦ ਦਾ ਪ੍ਰਾਚੀਨਤਮ ਵਾਕਿਆ ਮੇਰੀ ਜਾਚੇ ਇਹੋ ਹੈ। ਗੁਰੂ ਨਾਨਕ ਦੇਵ ਨੇ ਸਕਰ ਸ਼ਬਦ ਵਰਤਿਆ ਹੈ, “ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ।” ਬੋਲਚਾਲ ਦੀ ਪੰਜਾਬੀ ਵਿਚ ਆਮ ਤੌਰ ਤੇ ਸ਼ੱਕਰ ਸ਼ਬਦ ਦਾ ਰੂਪ ਸੱਕਰ ਹੀ ਹੈ। ਪੰਜਾਬੀ ਸਭਿਆਚਾਰ ਵਿਚ ਸ਼ੱਕਰ ਦਾ ਬਹੁਤ ਮਹੱਤਵ ਹੈ। ਸ਼ੁਭ ਕਾਰਜਾਂ ਸਮੇਂ ਸ਼ੱਕਰ ਵੰਡੀ ਜਾਂਦੀ ਹੈ। ਦੁਲੇ ਭੱਟੀ ਵੱਲ ਸੰਕੇਤ ਕਰਦੇ ਲੋਹੜੀ ਦੇ ਇਕ ਗੀਤ ਦੇ ਬੋਲ ਹਨ, “ਦੁੱਲੇ ਨੇ ਧੀ ਵਿਆਹੀ, ਹੋ, ਸੇਰ ਸੱਕਰ ਪਾਈ, ਹੋæææ” ਨਾਲੇ ਸ਼ੱਕਰ ਖੋਰੇ ਨੂੰ ਰੱਬ ਸ਼ੱਕਰ ਦਿੰਦਾ ਹੈ। ਪੰਜਾਬੀ ਸ਼ੱਕਰ-ਘਿਉ ਤੇ ਲਾਲਾਂ ਸੁੱਟਦੇ ਹਨ। ਸ਼ੁਭ ਗੱਲ ਕਰਨ ਵਾਲੇ ਦੇ ਮੂੰਹ ਵਿਚ ਘਿਉ ਸ਼ੱਕਰ ਪਾਉਣ ਦੀ ਗੱਲ ਕੀਤੀ ਜਾਂਦੀ ਹੈ। ‘ਘਿਉ ਸ਼ੱਕਰ ਹੋਣਾ’ ਮੁਹਾਵਰੇ ਦਾ ਅਰਥ ਹੈ ਇਕ-ਮਿੱਕ ਹੋਣਾ। ਵਾਰਿਸ ਦੀ ਹੀਰ ਵਿਚ ਇਸ ਮੁਹਾਵਰੇ ਦੀ ਵਰਤੋਂ ਕੀਤੀ ਮਿਲਦੀ ਹੈ। ਲੋਕਾਂ ਭਾਣੇ ਹੀਰ ਦੀਆਂ ਭਰਜਾਈਆਂ ਅੰਦਰੋਂ ਰਾਂਝੇ ਨਾਲ ਘਿਉ-ਸ਼ੱਕਰ ਹਨ:
ਕਰੇਂ ਆਕੜਾਂ ਖਾ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ।
ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ।
ਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ, ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇ
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ‘ਚ ਮੱਖੀਆਂ ਫਸਦੀਆਂ ਨੇ।
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ।
ਘਰੋਂ ਨਿਕਲਸੈਂ ਤੇ ਪਿਆ ਮਰੇਂ ਭੁਖਾ, ਵਾਰਸ ਭੁਲ ਜਾਵਨ ਖ਼ਰਮਸਤੀਆਂ ਨੇ।
ਜੇ ਇਕ ਮਿੱਕ ਹੋਣ ਦੀ ਮਿਸਾਲ ਹੀਰ ਵਿਚ ਹੈ ਤਾਂ ਇਸ ਤੋਂ ਉਲਟ ਵੀ ਹੈ। ਆਜੜੀ ਰਾਂਝੇ ਨੂੰ ਸਿੱਖਿਆ ਦਿੰਦਾ ਹੈ: “ਵਾਰਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ, ਸ਼ੱਕਰ ਵਿਚ ਪਿਆਜ਼ ਕਿਉਂ ਘੋਲਿਆ ਈ?”
ਗੰਨੇ ਦੇ ਰਸ ਤੋਂ ਸ਼ੱਕਰ ਭਾਰਤ ਵਿਚ ਕਦੀਮਾਂ ਤੋਂ ਬਣਾਈ ਜਾਂਦੀ ਹੈ। ਕੁਝ ਖੋਜਾਂ ਅਨੁਸਾਰ ਗੰਨਾ ਅੱਜ ਤੋਂ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਪ੍ਰਸ਼ਾਂਤ ਮਹਾਸਾਗਰ ਦੇ ਦੀਪਾਂ ਵਿਚ ਪਾਇਆ ਜਾਂਦਾ ਸੀ ਤੇ ਇਥੋਂ ਹੀ ਗੰਨੇ ਦੇ ਰਸ ਤੋਂ ਮਿੱਠਾ ਬਣਾਇਆ ਜਾਣ ਲੱਗਾ। ਖਿਆਲ ਹੈ ਕਿ ਗੰਨਾ ਇਥੋਂ ਹੀ ਭਾਰਤ ਦੇ ਤਟਵਰਤੀ ਖੇਤਰਾਂ ਵਿਚ ਪੁੱਜਾ। ਈਸਾ ਤੋਂ ਪੰਜ ਸਦੀਆਂ ਪਹਿਲਾਂ ਫਾਰਸ ਦੇ ਸਮਰਾਟ ਦੇਰੀਅਸ ਨੇ ਭਾਰਤੀ ਉਪਮਹਾਂਦੀਪ ਤੇ ਫਤਿਹ ਹਾਸਿਲ ਕੀਤੀ ਤਾਂ ਉਸ ਨੇ ਦੇਖਿਆ ਕਿ ਇਥੋਂ ਦੇ ਲੋਕ ਗੰਨੇ ਦੇ ਰਸ ਤੋਂ ਬਣੇ ਮਿੱਠੇ ਨਾਲ ਆਪਣੇ ਭੋਜਨ ਵਿਚ ਮਿਠਾਸ ਭਰਦੇ ਹਨ। ਉਹ ਹੈਰਾਨ ਸੀ ਕਿ ਇਹ ਕੈਸਾ ਕਾਹਨਾ ਹੈ ਜੋ ਮਖੀਲ ਦੀਆਂ ਮੱਖੀਆਂ ਤੋਂ ਬਿਨਾਂ ਹੀ ਸ਼ਹਿਦ ਉਪਜਾ ਦਿੰਦਾ ਹੈ। ਸੌ ਕੁ ਸਾਲ ਪਿਛੋਂ ਸਿਕੰਦਰ ਭਾਰਤ ਤੋਂ ਇਹ ਚਮਤਕਾਰੀ ਕਾਹਨਾ ਆਪਣੇ ਦੇਸ਼ ਲੈ ਗਿਆ। ਅਰਬਾਂ ਨੇ ਫਾਰਸ ਜਿੱਤਿਆ ਤਾਂ ਉਹ ਗੰਨਾ ਆਪਣੇ ਇਲਾਕਿਆਂ ਵਿਚ ਲੈ ਗਏ। ਇਸ ਪਿਛੋਂ ਤਾਂ ਅਰਬਾਂ ਨੇ ਆਪਣੇ ਵਪਾਰਕ ਸਬੰਧਾਂ ਰਾਹੀਂ ਗੰਨਾ ਮਿਸਰ, ਸਾਈਪਰਸ, ਉਤਰੀ ਅਫਰੀਕਾ, ਸਪੇਨ, ਪੁਰਤਗਾਲ ਅਤੇ ਸੀਰੀਆ ਵਿਚ ਪਹੁੰਚਾਇਆ। ਸਾਮਰਾਜ ਦੇ ਪਸਾਰ ਨਾਲ ਇਕ ਦੇਸ਼ ਦੇ ਵਿਸ਼ੇਸ਼ ਉਤਪਾਦ ਦੂਰ ਦੂਰ ਤੱਕ ਫੈਲ ਜਾਂਦੇ ਹਨ। ਪੰਦਰਵੀਂ ਸਦੀ ਦੇ ਅੰਤ ਵਿਚ ਕੋਲੰਬਸ ਨੇ ਗੰਨਾ ਕੈਰਿਬੀਅਨ ਪ੍ਰਦੇਸ਼ਾਂ ਵਿਚ ਪਹੁੰਚਾਇਆ ਤਾਂ ਦੇਖਿਆ ਗਿਆ ਕਿ ਗੰਨੇ ਲਈ ਇਥੋਂ ਦਾ ਪੌਣ ਪਾਣੀ ਅਤੇ ਧਰਤੀ ਹੋਰ ਵੀ ਵਧੇਰੇ ਸਾਜ਼ਗਾਰ ਹੈ। ਯੂਰਪੀ ਸਾਮਰਾਜੀ ਦੇਸ਼ਾਂ ਨੇ ਇਸ ਨੂੰ ਮੁਨਾਫੇ ਵਾਲੀ ਫਸਲ ਦੇਖਦਿਆਂ ਹੋਰ ਲਾਤੀਨੀ ਦੇਸ਼ਾ ਵਿਚ ਪਹੁੰਚਾਇਆ ਤੇ ਇਸ ਦੀ ਕਾਸ਼ਤ ਲਈ ਅਫਰੀਕਾ ਤੋਂ ਗੁਲਾਮ ਲਿਆਂਦੇ।
ਬਰਤਾਨੀਆ ਸਮੇਤ ਸਾਰੇ ਯੂਰਪ ਵਿਚ ਬਹੁਤ ਦੇਰ ਤੱਕ ਲੋਕ ਸ਼ਹਿਦ ਨੂੰ ਹੀ ਮਿੱਠੇ ਵਜੋਂ ਵਰਤਦੇ ਸਨ। ਬਾਰ੍ਹਵੀਂ ਸਦੀ ਵਿਚ ਯੂਰਪੀਅਨ ਕੁਰੂਸੇਡਰਾਂ ਨੇ ਮੁਸਲਮਾਨ ਸੀਰੀਆ ਤੋਂ ਸ਼ੱਕਰ ਲਿਆਂਦੀ। ਪਰ ਬਰਤਾਨੀਆ ਦੀ ਧਰਤੀ ਗੰਨਾ ਉਪਜਾਉਣ ਦੇ ਅਨੁਕੂਲ ਨਹੀਂ ਸੀ। ਕਹਿੰਦੇ ਹਨ ਹੈਨਰੀ ਦੂਜਾ 1264 ਵਿਚ ਸ਼ੱਕਰ ਵਰਤਿਆ ਕਰਦਾ ਸੀ ਪਰ 14ਵੀਂ ਸਦੀ ਦੇ ਸ਼ੁਰੂ ਵਿਚ ਹੀ ਸ਼ੱਕਰ ਦੀ ਵਰਤੋਂ ਆਮ ਹੋਣ ਲੱਗੀ। ਮੁਦਰਾ ਦੀ ਅੱਜ ਦੀ ਕਦਰ ਅਨੁਸਾਰ ਉਦੋਂ ਸ਼ੱਕਰ 50 ਪੌਂਡ ਦੀ ਇਕ ਪੌਂਡ ਵਿਕਦੀ ਸੀ। ਇਸ ਨੂੰ ਚਿੱਟਾ ਸੋਨਾ ਕਿਹਾ ਜਾਣ ਲੱਗਾ। ਇਸ ਨੂੰ ਵਿਸ਼ੇਸ਼ ਡੱਬਿਆਂ ਵਿਚ ਤਾਲਾ ਲਾ ਕੇ ਰੱਖਿਆ ਜਾਂਦਾ ਸੀ। ਬਾਅਦ ਵਿਚ ਵਿਗਿਆਨੀਆਂ ਨੇ ਚੁਕੰਦਰ ਤੋਂ ਸ਼ੱਕਰ ਬਣਾ ਦਿੱਤੀ ਤਾਂ ਫਿਰ ਜਾ ਕੇ ਗੰਨੇ ਵਾਲੀ ਸ਼ੱਕਰ ਦੀ ਇਜਾਰੇਦਾਰੀ ਟੁੱਟੀ, ਕਿਉਂਕਿ ਚੁਕੰਦਰ ਦੀ ਪੈਦਾਵਾਰ ਯੂਰਪ ਵਿਚ ਚੋਖੀ ਹੈ।
ਸ਼ੱਕਰ ਸ਼ਬਦ ਦੀ ਵੀ ਲੱਗਭਗ ਸਮਾਨਅੰਤਰ ਕਹਾਣੀ ਹੈ। ਇਹ ਸ਼ਬਦ ਭਾਰਤ ਤੋਂ ਤੁਰਿਆ ਤੇ ਚਹੁੰ ਕੂੰਟਾਂ ਵਿਚ ਫੈਲ ਗਿਆ।। ਪੰਜਾਬੀ ਵਿਚ ਸੱਕਰ/ਸ਼ੱਕਰ ਸ਼ਬਦ ਗੰਨੇ ਦੀ ਪਤ ਨੂੰ ਮਲ-ਮਲ ਕੇ ਆਟੇ ਜਿਹੇ ਬਣਾਏ ਉਤਪਾਦ ਲਈ ਰੂੜ੍ਹ ਹੋ ਚੁੱਕਾ ਹੈ। ਹਾਲਾਂ ਕਿ ਹਿੰਦੀ ਆਦਿ ਵਿਚ ਸ਼ੱਕਰ ਦਾ ਅਰਥ ਖੰਡ ਜਾਂ ਮਿੱਠਾ ਵੀ ਹੈ। ਖੂਨ ਵਿਚ ਮਿੱਠੇ ਦੇ ਵਾਧੇ ਲਈ ਹਿੰਦੀ ਵਿਚ ਸ਼ੱਕਰ ਰੋਗ ਸ਼ਬਦ ਹੈ ਜਦ ਕਿ ਪੰਜਾਬੀ ਵਿਚ ਅਸੀਂ ਅੰਗਰੇਜ਼ੀ ਸ਼ਬਦ ਸ਼ੂਗਰ ਤੋਂ ਕੰਮ ਸਾਰ ਲੈਂਦੇ ਹਾਂ, “ਫਲਾਨੇ ਨੂੰ ਸ਼ੂਗਰ ਹੋਈ ਹੋਈ ਹੈ”। ਦਿਲਚਸਪ ਗੱਲ ਹੈ ਕਿ ਅੰਗਰੇਜ਼ੀ ਵਿਚ ਸ਼ੂਗਰ ਅਜਿਹੇ ਅਰਥਾਂ ਵਿਚ ਨਹੀਂ ਵਰਤਿਆ ਜਾਂਦਾ। ਸ਼ੱਕਰ ਸ਼ਬਦ ਸੰਸਕ੍ਰਿਤ *ਸ਼ਰਕਰਾ ਤੋਂ ਵਿਉਤਪਤ ਹੋਇਆ ਹੈ। ਮੁਢਲੇ ਤੌਰ ਤੇ ਸ਼ਰਕਰਾ ਦਾ ਅਰਥ ਬਜਰੀ, ਰੋੜੀ, ਰੇਤ ਕਣ ਆਦਿ ਹੈ। ਸੰਸਕ੍ਰਿਤ ਵਿਚ ਜਲ-ਸ਼ਰਕਰਾ ਦਾ ਮਤਲਬ ਬਰਫ ਦੇ ਗੜ੍ਹੇ ਹੁੰਦਾ ਹੈ। ਖੰਡ ਅਸਲ ਵਿਚ ਰਵੇਦਾਰ ਵਸਤੂ ਹੋਣ ਕਰਕੇ ਇਸ ਨੂੰ ਸ਼ਰਕਰਾ ਸ਼ਬਦ ਮਿਲਿਆ। ਭਾਰਤ ਤੋਂ ਤੁਰ ਕੇ ਸ਼ੱਕਰ ਸ਼ਬਦ ਸ਼ਕਰ ਵਸਤੂ ਦੇ ਨਾਲ ਨਾਲ ਹੀ ਲੱਗਭਗ ਸਾਰੀ ਦੁਨੀਆਂ ਦੀਆਂ ਭਾਸ਼ਾਵਾਂ ਵਿਚ ਵੜ ਗਿਆ। ਇਹ ਗੱਲ ਵਖਰੀ ਹੈ ਕਿ ਇਸ ਨੇ ਹਰ ਭਾਸ਼ਾ ਦੀਆਂ ਵਿਸ਼ੇਸ਼ ਧੁਨੀਆਂ ਅਨੁਸਾਰ ਅਤੇ ਹੋਰ ਭਾਸ਼ਾਈ ਕਾਰਨਾਂ ਕਰਕੇ ਕੁਝ ਵਖਰੇ ਰੂਪ ਧਾਰਨ ਕਰ ਲਏ। ਪਹਿਲਾਂ ਤਾਂ ਭਾਰਤ ਦੀਆਂ ਵੱਖ ਵੱਖ ਬੋਲੀਆਂ ਵਿਚ ਹੀ ਇਸ ਦੇ ਰੂਪ ਆਪਣੇ ਆਪਣੇ ਹਨ। ਮਿਸਾਲ ਵਜੋਂ ਕੰਨੜ ਵਿਚ ਸੱਕਰੇ, ਮਰਾਠੀ ਵਿਚ ਸਾਖਰ, ਸਿੰਧੀ ਵਿਚ ਹਕੂਰੇ। ਦਿਲਚਸਪ ਗੱਲ ਹੈ ਕਿ ਮਲਿਆਲਮ ਵਿਚ ਇਸ ਲਈ ਵਰਤਿਆ ਜਾਂਦਾ ਚੱਕਰਾ ਸ਼ਬਦ ਪੁਰਤਗੀਜ਼ ਵਿਚ ਜੈਗਰੀ ਸ਼ਬਦ ਵਜੋਂ ਅਪਣਾਇਆ ਗਿਆ ਜੋ ਅੰਗਰੇਜ਼ੀ ਵਿਚ ਵੀ ਇਸੇ ਰੂਪ ਵਿਚ ਆ ਗਿਆ ਤੇ ਗੁੜ ਜਾਂ ਰਾਬ ਜਿਹੀ ਚੀਜ਼ ਲਈ ਵਰਤਿਆ ਜਾਣ ਲੱਗਾ। ਉਂਜ ਪੁਰਤਗੀਜ਼ ਸਪੈਨਿਸ਼ ਵਿਚ ਸ਼ੱਕਰ ਲਈ ਆਸੂਕਾਰ ਸ਼ਬਦ ਹੈ। ਇਹ ਸ਼ਬਦ ਅਰਬੀ ਸਕਿਰਾ ਦੇ ਅੱਗੇ ਅਰਬੀ ਦਾ ਨਿਸਚੇਵਾਦੀ ਆਰਟੀਕਲ ḔਅਲḔ ਲੱਗਣ ਕਾਰਨ ਬਣਿਆ ਯਾਨਿ ਅਲਸਕਿਰਾ>ਆਸੂਕਾਰ। ਫਾਰਸੀ ਵਿਚ ਇਹ ਸ਼ੱਕਰ ਵਜੋਂ ਗਿਆ ਤਾਂ ਅੱਗੇ ਅਰਬੀ ਵਿਚ ਸਕਿਰਾ ਜਿਹਾ ਬਣ ਗਿਆ। ਗਰੀਕ ਵਿਚ ਜ਼ਾਹਾਰੀ ਹੈ, ਰੂਸੀ ਵਿਚ ਸਾਕæਰ, ਫਰਾਂਸੀਸੀ ਵਿਚ ਸਿਊਕਾ ਤੇ ਜਰਮਨ ਵਿਚ ਜ਼ੁਕਰ। ਖਮੇਰ ਵਿਚ ਸਕਰ। ਫਿਲਪਾਈਨੀ ਅਸੁਕਲ ਤੋਂ ਲਗਦਾ ਹੈ ਕਿ ਇਸ ਭਾਸ਼ਾ ਵਿਚ ਇਹ ਸ਼ਬਦ ਪੁਰਤਗੀਜ਼ੀ ਆਸੂਕਾਰ ਤੋਂ ਬਣਿਆ ਹੋਵੇਗਾ। ਅੰਗਰੇਜ਼ੀ ਸ਼ੂਗਰ ਫਰਾਂਸੀਸੀ ਸਿਉਕਰ ਤੋਂ ਬਣਿਆ ਜੋ ਅੱਗੋਂ ਲਾਤੀਨੀ ਸਕਰਮ ਤੋਂ ਵਿਗੜਿਆ। ਇਥੇ ਇਹ ਦੱਸ ਦੇਵਾਂ ਕਿ ਸੈਕਰੀਨ ਤੇ ਸਕਰੋਜ਼ ਸ਼ਬਦ ਵੀ ਸ਼ੂਗਰ ਦੇ ਹੀ ਸੁਜਾਤੀ ਹਨ। ਲਾਤੀਨੀ ਸ਼ਬਦ ਜਿਵੇਂ ਪਹਿਲਾਂ ਸੰਕੇਤ ਕੀਤਾ ਗਿਆ ਹੈ, ਅਰਬੀ, ਫਾਰਸੀ ਤੇ ਫਿਰ ਸੰਸਕ੍ਰਿਤ ਨਾਲ ਜਾ ਜੁੜਦਾ ਹੈ। ਇਸ ਲੰਬੀ ਚੌੜੀ ਸੂਚੀ ਪੇਸ਼ ਕਰਨ ਦਾ ਮਕਸਦ ਇਹ ਦ੍ਰਿੜ ਕਰਾਉਣਾ ਹੈ ਕਿ ਇਕ ਭਾਰਤੀ ਸ਼ਬਦ ਕਿਵੇਂ ਸਾਰੀ ਦੁਨੀਆ ਵਿਚ ਫੈਲਿਆ। ਫਿਰ ਵੀ ਇਕ ਵਿਦਵਾਨ ਨੇ ਇਹ ਸਾਬਿਤ ਕਰਨ ਦੀ ਕੋਸਿਲਸ਼ ਕੀਤੀ ਹੈ ਕਿ ਇਨ੍ਹਾਂ ਸਾਰੇ ਸ਼ਬਦਾਂ ਦੀ ਜਨਮਦਾਤੀ ਚੀਨੀ ਭਾਸ਼ਾ ਦਾ ਸ਼ਬਦ *ਸ਼ਾ ਚੇ ਹੈ ਜਿਸ ਦਾ ਸ਼ਾਬਦਿਕ ਅਰਥ ਹੈ “ਰੇਤ ਖੰਡ” ਜੋ ਸ਼ੱਕਰ ਦਾ ਰੇਤ ਕਣਾਂ ਵਰਗੀ ਹੋਣ ਵੱਲ ਸੰਕੇਤ ਕਰ ਰਿਹਾ ਹੈ। ਉਸ ਅਨੁਸਾਰ ਇਹ ਵਿਕਾਸ ਇਸ ਤਰਾਂ ਰਿਹਾ ਹੋਵੇਗਾ :ਸ਼ਾ- ਚੇ> ਸ਼ਾ-ਕੇ> ਸ਼ਾ-ਕੇਰ> ਸ਼ਰਕਰਾ। ਇਸ ਤੋਂ ਅੱਗੇ ਹੋਰ ਭਾਸਾਵਾਂ ਵਿਚ ਇਸ ਦਾ ਪ੍ਰਵੇਸ਼ ਇਸੇ ਤਰਾਂ ਦਾ ਹੈ ਜਿਵੇਂ ਅਸੀਂ ਦਰਸਾਇਆ ਹੈ। ਪਰ ਚੀਨ ਵਿਚ ਪੁਰਾਣੇ ਜ਼ਮਾਨੇ ਤੋਂ ਸ਼ੱਕਰ ਹੋਣ ਦੇ ਪ੍ਰਮਾਣ ਨਹੀਂ। ਬਹੁਤ ਸਾਰੇ ਵਿਦਵਾਨ ਹਰ ਚੀਜ਼ ਦਾ ਅਰੰਭ ਆਪਣੇ ਦੇਸ਼ ਚੋਂ ਲਭਦੇ ਰਹਿੰਦੇ ਹਨ। ਇਸ ਖੋਜ ਪੱਤਰ ਬਾਰੇ ਅਸੀਂ ਹੋਰ ਵਿਚਾਰ ਫਿਰ ਕਰਾਂਗੇ।