ਬਲਬੀਰ ਸਿੰਘ ਸੀਨੀਅਰ ਨੂੰ ਹਾਕੀ ਇੰਡੀਆ ਵਲੋਂ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਮਿਲਣ ‘ਤੇ ਹਾਕੀ ਪ੍ਰੇਮੀਆਂ ਨੇ ਦਿਲੋਂ ਖੁਸ਼ੀ ਮਨਾਈ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਲਬੀਰ ਸਿੰਘ ਸੀਨੀਅਰ ਦੀਆਂ ਪ੍ਰਾਪਤੀਆਂ ਹਰ ਪੱਖ ਤੋਂ ਹਾਕੀ ਦੇ ਜਾਦੂਗਰ ਵਜੋਂ ਮਸ਼ਹੂਰ ਹੋਏ ਖਿਡਾਰੀ ਧਿਆਨ ਚੰਦ ਤੋਂ ਕਿਤੇ ਵਧੇਰੇ ਹਨ। ਉਂਜ, ਇਹ ਵਕਤ ਦੀ ਵਿਡੰਬਨਾ ਹੀ ਹੈ ਕਿ ਇਹ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਉਹਨੂੰ ਧਿਆਨ ਚੰਦ ਦੇ ਨਾਂ ‘ਤੇ ਦਿੱਤਾ ਗਿਆ ਹੈ।
ਇਸ ਮੁੱਦੇ ਬਾਰੇ ਕੁਝ ਕੁ ਗੱਲਾਂ ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਲੇਖ ਵਿਚ ਸਾਂਝੀਆਂ ਕੀਤੀਆਂ ਹਨ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਹਾਕੀ ਇੰਡੀਆ ਨੇ ਬਲਬੀਰ ਸਿੰਘ ਸੀਨੀਅਰ ਨੂੰ ਲਾਈਫ਼ ਟਾਈਮ ਅਚੀਵਮੈਂਟਸ ਅਵਾਰਡ ਦਿੱਤਾ ਹੈ। ਇਸ ਅਵਾਰਡ ਵਿਚ ਟਰਾਫੀ ਦੇ ਨਾਲ ਤੀਹ ਲੱਖ ਰੁਪਏ ਦਾ ਚੈਕ ਵੀ ਸ਼ਾਮਲ ਹੈ। ਇਹ ਪਹਿਲੀ ਵਾਰ ਹੈ ਕਿ ਬਲਬੀਰ ਸਿੰਘ ਨੂੰ ਕੈਸ਼ ਅਵਾਰਡ ਮਿਲਿਆ। ਉਹ ਹੁਣ ਉਮਰ ਦੇ 92ਵੇਂ ਸਾਲ ਵਿਚ ਹੈ। ਹਾਕੀ ਦੀ ਖੇਡ ਦੇ ਇਸ ਯੁਗ ਪੁਰਸ਼ ਨੇ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤੇ ਜਿਸ ਕਰ ਕੇ ਉਸ ਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਵੀ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਹਾਲੈਂਡ ਵਿਰੁਧ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ‘ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦੇ ਇਤਿਹਾਸ ਦਾ 63 ਸਾਲ ਪੁਰਾਣਾ ਰਿਕਾਰਡ ਹੈ ਤੇ ਗਿੱਨੀਜ਼ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੈ।
ਲੰਡਨ ਦੀਆਂ ਓਲੰਪਿਕ ਖੇਡਾਂ-2012 ਸਮੇਂ ਓਲੰਪਿਕ ਖੇਡਾਂ ਦੇ ਸਫ਼ਰ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ, ਉਨ੍ਹਾਂ ਵਿਚ ਹਾਕੀ ਦਾ ਇਕੋ ਇਕ ਖਿਡਾਰੀ ਬਲਬੀਰ ਸਿੰਘ ਹੀ ਚੁਣਿਆ ਗਿਆ। 16 ਆਈਕੋਨ ਖਿਡਾਰੀਆਂ ਵਿਚ 8 ਮਰਦ ਹਨ ਤੇ 8 ਔਰਤਾਂ। ਦੁਨੀਆਂ ਦੀ ਦੋ ਤਿਹਾਈ ਵਸੋਂ ਏਸ਼ੀਆ ਦੇ ਸਿਰਫ਼ 2 ਖਿਡਾਰੀ ਓਲੰਪਿਕ ਰਤਨ ਚੁਣੇ ਗਏ ਜਿਨ੍ਹਾਂ ਵਿਚ ਇਕ ਚੀਨ ਦਾ ਹੈ ਤੇ ਦੂਜਾ ਭਾਰਤ ਦਾ ਬਲਬੀਰ ਸਿੰਘ ਹੈ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਬਲਬੀਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਕਿਸੇ ਵੀ ਭਾਰਤੀ ਖਿਡਾਰੀ ਤੋਂ ਵੱਧ ਹਨ। ਹਾਕੀ ਦੇ ਜਾਦੂਗਰ ਕਹੇ ਜਾਂਦੇ ਮੇਜਰ ਧਿਆਨ ਚੰਦ ਤੋਂ ਵੀ ਵੱਧ। ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਐਂਗਲੋ ਇੰਡੀਅਨ ਖਿਡਾਰੀਆਂ ਦੇ ਸਹਿਯੋਗ ਨਾਲ ਤਿੰਨ ਗੋਲਡ ਮੈਡਲ ਜਿੱਤੇ ਤੇ ਯੂਨੀਅਨ ਜੈਕ ਝੁਲਾਏ ਜਦਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਤਿੰਨ ਗੋਲਡ ਮੈਡਲ ਜਿੱਤੇ ਤੇ ਤਿਰੰਗੇ ਲਹਿਰਾਏ। ਓਲੰਪਿਕ ਖੇਡਾਂ ਵਿਚ ਤਿੰਨ ਗੋਲਡ ਮੈਡਲ ਤੇ ਏਸ਼ਿਆਈ ਖੇਡਾਂ ਵਿਚ ਇਕ ਸਿਲਵਰ ਮੈਡਲ ਜਿੱਤਣ ਤੋਂ ਬਿਨਾਂ ਬਲਬੀਰ ਸਿੰਘ ਨੇ ਭਾਰਤੀ ਟੀਮਾਂ ਦੇ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿੱਤਿਆ ਤੇ ਸੱਤ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਦੋ ਪੁਸਤਕਾਂ ਲਿਖੀਆਂ ਜਿਨ੍ਹਾਂ ‘ਚ ਇਕ ਹਾਕੀ ਦੀ ਕੋਚਿੰਗ ਬਾਰੇ ਹੈ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਪੁਰਦ ਕਰ ਦਿੱਤੀਆਂ। ਇਹ ਬਲਬੀਰ ਸਿੰਘ ਹੀ ਸੀ ਜਿਸ ਨੇ ਲਾਸ ਏਂਜਲਸ-1984 ਦੀਆਂ ਓਲੰਪਿਕ ਖੇਡਾਂ ਸਮੇਂ ਇਕ ਖਾਲਿਸਤਾਨੀ ਨੌਜੁਆਨ ਹੱਥੋਂ ਤਿਰੰਗੇ ਦੀ ਕੀਤੀ ਜਾ ਰਹੀ ਬੇਹੁਰਮਤੀ ਆਪਣੀ ਜਾਨ ਖ਼ਤਰੇ ‘ਚ ਪਾ ਕੇ ਰੋਕੀ ਸੀ ਜਿਸ ਕਰ ਕੇ ਹਿੱਟ ਲਿਸਟ ਉਤੇ ਆ ਗਿਆ ਸੀ।
ਮੇਜਰ ਧਿਆਨ ਚੰਦ ਦੇ ਪਿਤਾ ਬ੍ਰਿਟਿਸ਼ ਆਰਮੀ ਵਿਚ ਸਨ। ਬਲਬੀਰ ਸਿੰਘ ਦੇ ਪਿਤਾ ਸੁਤੰਤਰਤਾ ਸੰਗਰਾਮ ਵਿਚ ਜੇਲ੍ਹੀਂ ਜਾਂਦੇ ਰਹੇ ਤੇ ਮਿਸ਼ਨਰੀ ਸਕੂਲ ਅਧਿਆਪਕ ਰਹੇ। ਬਲਬੀਰ ਸਿੰਘ ਨੂੰ ਅੱਖੋਂ ਪਰੋਖੇ ਕਰ ਕੇ ਧਿਆਨ ਚੰਦ ਨੂੰ ਪਦਮ ਭੂਸ਼ਨ ਪੁਰਸਕਾਰ ਦਿੱਤਾ ਗਿਆ। ਪਟਿਆਲੇ ਦੇ ਕੌਮੀ ਖੇਡ ਸੰਸਥਾਨ ਵਿਚ ਧਿਆਨ ਚੰਦ ਹੋਸਟਲ ਤੇ ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂ ਧਿਆਨ ਚੰਦ ਹਾਕੀ ਸਟੇਡੀਅਮ ਰੱਖਿਆ ਗਿਆ। ਧਿਆਨ ਚੰਦ ਦੇ ਨਾਂ ਉਤੇ ਭਾਰਤ ਦਾ ਨਾਮੀ ਖੇਡ ਪੁਰਸਕਾਰ ਦਿੱਤਾ ਜਾ ਰਿਹਾ ਹੈ ਤੇ ਉਹਦੇ ਜਨਮ ਦਿਨ ਨੂੰ ਭਾਰਤ ਦੇ ਖੇਡ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਪਰ ਬਲਬੀਰ ਸਿੰਘ ਦਾ ਨਾਮ ਅਜੇ ਤਕ ਕਿਤੇ ਵੀ ਨਹੀਂ ਜੋੜਿਆ ਗਿਆ।
ਉਂਜ ਤਾਂ ਖਿਡਾਰੀਆਂ ਦਾ ਆਪਸੀ ਮੁਕਾਬਲਾ ਕਰਨਾ ਵਾਜਬ ਨਹੀਂ, ਪਰ ਜੇ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਬਲਬੀਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਧਿਆਨ ਚੰਦ ਨਾਲੋਂ ਵੱਧ ਹਨ, ਘੱਟ ਨਹੀਂ। ਬਤੌਰ ਖਿਡਾਰੀ, ਬਤੌਰ ਕੋਚ/ਮੈਨੇਜਰ, ਖੇਡ ਪ੍ਰਬੰਧਕ, ਖੇਡ ਲੇਖਕ ਤੇ ਜੈਂਟਲਮੈਨ ਸਪੋਰਟਸਮੈਨ ਵਜੋਂ ਜਿਵੇਂ ਉਹ ਵਿਚਰਿਆ, ਉਸੇ ਨੂੰ ਮੁੱਖ ਰੱਖਦਿਆਂ ਕੌਮਾਂਤਰੀ ਓਲੰਪਿਕ ਕਮੇਟੀ ਨੇ ਧਿਆਨ ਚੰਦ ਨੂੰ ਨਹੀਂ, ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ ਦਾ ਆਈਕੋਨ ਚੁਣਿਆ। ਉਹ ਪੰਜਾਬ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ।
ਮੈਂ ਬਲਬੀਰ ਸਿੰਘ ਦੀ ਜੀਵਨੀ ਲਿਖਦਿਆਂ ਕਾਫੀ ਸਮੇਂ ਤੋਂ ਉਸ ਦੇ ਸੰਪਰਕ ਵਿਚ ਹਾਂ। ਹੁਣ ‘ਗੋਲਡਨ ਗੋਲ’ ਨਾਂ ਦੀ ਜੀਵਨੀ ਛਪ ਗਈ ਹੈ ਜਿਸ ਨੂੰ ਸੰਗਮ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਉਸ ਵਿਚ ਬਲਬੀਰ ਸਿੰਘ ਨੇ ਆਪਣੇ ਜੀਵਨ ਦੇ ਭੇਤ ਖੁੱਲ੍ਹ ਕੇ ਦੱਸੇ ਹਨ। ਉਹਦੇ ਮਨ ਵਿਚ ਧਿਆਨ ਚੰਦ ਲਈ ਬੇਹੱਦ ਸਤਿਕਾਰ ਹੈ, ਕਿਉਂਕਿ ਉਹ ਉਸ ਤੋਂ ਅਠਾਰਾਂ ਸਾਲ ਵੱਡਾ ਸੀ ਤੇ ਬਚਪਨ ਵਿਚ ਉਸ ਦਾ ਰੋਲ ਮਾਡਲ ਸੀ। ਉਦੋਂ ਨਹੀਂ ਸੀ ਪਤਾ ਕਿ ਹਾਕੀ ਦੀ ਖੇਡ ਵਿਚ ਉਸ ਦੀਆਂ ਪ੍ਰਾਪਤੀਆਂ ਉਸ ਦੇ ਰੋਲ ਮਾਡਲ ਤੋਂ ਵੀ ਵਧ ਜਾਣਗੀਆਂ। 19ਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਫ਼ਿਰੋਜ਼ਪੁਰ ਵਿਖੇ ਹਾਕੀ ਦੇ ਮੈਚ ਹੁੰਦੇ ਤਾਂ ਧਿਆਨ ਚੰਦ ਆਰਮੀ ਦੀ ਟੀਮ ਦਾ ਕੈਪਟਨ ਹੁੰਦਾ ਤੇ ਬਲਬੀਰ ਸਿੰਘ ਸਿਵਲੀਅਨ ਟੀਮ ਦਾ ਕੈਪਟਨ। ਦੋਵੇਂ ਸੈਂਟਰ ਫਾਰਵਰਡ ਖੇਡਦੇ ਹੋਏ ਬੁਲੀ ਕਰਦੇ ਤੇ ਮੈਚ ਹਮੇਸ਼ਾ ਬਲਬੀਰ ਸਿੰਘ ਦੀ ਟੀਮ ਜਿੱਤਦੀ।
ਕਈ ਵਾਰ ਸਹੀ ਤੱਥਾਂ ਤੋਂ ਬਿਨਾਂ ਹੀ ਖਿਡਾਰੀਆਂ ਬਾਰੇ ਦੰਦ ਕਥਾਵਾਂ ਚੱਲ ਪੈਂਦੀਆਂ ਹਨ ਤੇ ਘੱਟ ਪ੍ਰਾਪਤੀਆਂ ਵਾਲੇ ਖਿਡਾਰੀ ਵੱਧ ਪ੍ਰਾਪਤੀਆਂ ਵਾਲੇ ਖਿਡਾਰੀਆਂ ਨਾਲੋਂ ਵੱਡੇ ਦਰਸਾ ਦਿੱਤੇ ਜਾਂਦੇ ਹਨ। ਧਿਆਨ ਚੰਦ ਤੇ ਬਲਬੀਰ ਸਿੰਘ ਦੇ ਕੇਸ ਵਿਚ ਵੀ ਅਜਿਹਾ ਹੀ ਹੋਇਆ ਹੈ। ਇਹ ਬਲਬੀਰ ਸਿੰਘ ਦੀ ਵਡਿਆਈ ਹੈ ਕਿ ਉਸ ਨੇ ਹਾਕੀ ਇੰਡੀਆ ਵਲੋਂ ਧਿਆਨ ਚੰਦ ਦੇ ਨਾਂ ਉਤੇ ਦਿੱਤਾ ਅਵਾਰਡ ਵਸੂਲਿਆ ਤੇ ਸੱਚਮੁੱਚ ਵੱਡਾ ਖਿਡਾਰੀ ਹੋਣ ਦਾ ਸਬੂਤ ਦਿੱਤਾ। ਉਂਜ ਹਾਕੀ ਇੰਡੀਆ ਵਾਲਿਆਂ ਨੇ ਪਹਿਲਾਂ ਨਹੀਂ ਸੀ ਦੱਸਿਆ ਕਿ ਉਸ ਨੂੰ ਲਾਈਫ਼ ਟਾਈਮ ਅਚੀਵਮੈਂਟਸ ਲਈ ਧਿਆਨ ਚੰਦ ਅਵਾਰਡ ਦਿੱਤਾ ਜਾ ਰਿਹਾ ਹੈ। ਸਮਾਗਮ ਵਿਚ ਸ਼ਾਮਲ ਬਲਬੀਰ ਸਿੰਘ ਲਈ ਸਥਿਤੀ ਇਹ ਬਣ ਗਈ ਕਿ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਨੂੰ ਕਿਸੇ ਹੋਰ ਹਾਕੀ ਖਿਡਾਰੀ ਦੇ ਨਾਮ ਨਾਲ ਜੋੜਿਆ ਅਵਾਰਡ ਲੈਣਾ ਪਿਆ। ਬਲਬੀਰ ਸਿੰਘ ਨੇ ਹਾਕੀ ਇੰਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਲੰਡਨ ਦੀਆਂ ਓਲੰਪਿਕ ਖੇਡਾਂ-2012 ਸਮੇਂ ਇਸ ਕਰ ਕੇ ਖੁਸ਼ੀ ਹੋਈ ਸੀ ਕਿ ਕੌਮਾਂਤਰੀ ਓਲੰਪਿਕ ਕਮੇਟੀ ਨੇ ਇਕ ਭਾਰਤੀ ਹਾਕੀ ਖਿਡਾਰੀ ਨੂੰ ਓਲੰਪਿਕ ਆਈਕੋਨ ਚੁਣਿਆ। ਅੱਜ ਖੁਸ਼ੀ ਹੈ ਕਿ ਮੇਰੇ ਦੇਸ਼ ਦੀ ਹਾਕੀ ਸੰਸਥਾ ਨੇ ਮੈਨੂੰ ਸਨਮਾਨਿਤ ਕੀਤਾ।
ਹਾਕੀ ਇੰਡੀਆ ਨੇ ਤਾਂ ਬਲਬੀਰ ਸਿੰਘ ਨੂੰ ਅਵਾਰਡ ਦੇ ਹੀ ਦਿੱਤਾ ਹੈ। ਵੇਖਦੇ ਹਾਂ, ਭਾਰਤ ਸਰਕਾਰ ਭਾਰਤ ਦੇ ਓਲੰਪਿਕ ਰਤਨ ਨੂੰ ‘ਭਾਰਤ ਰਤਨ’ ਨਾਲ ਕਦੋਂ ਸਨਮਾਨਿਤ ਕਰਦੀ ਹੈ? ‘ਗੋਲਡਨ ਗੋਲ’ ਬਾਰੇ ਬਲਬੀਰ ਸਿੰਘ ਕਹਿੰਦਾ ਹੈ, “ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦਾ ਹੈ। ਐਕਸਟਰਾ ਟਾਈਮ ਵਿਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦਾ ਹੈ। ਮੈਂ ਵੀ ਹੁਣ ਗੋਲਡਨ ਗੋਲ ਦੇ ਦੌਰ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ ਗੋਲਡਨ ਗੋਲ ਹੋ ਗਿਆ ਤਾਂ ਖੇਡ ਖ਼ਤਮ ਹੋ ਜਾਵੇਗੀ।”
ਸੁਆਲ ਹੈ, “ਕੀ ਭਾਰਤ ਸਰਕਾਰ ਖੇਡ ਖ਼ਤਮ ਹੋਣ ਪਿੱਛੋਂ ਜਾਗੇਗੀ?”