ਯਾਦ ਰੱਖੀਦੀਆਂ ਔਖਾਂ ਜੋ ਲੰਘਾਈਆਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮਾਨ ਸਿੰਘ ਨੇ ਪੂਰੇ ਗੁੱਸੇ ਵਿਚ ਆਪਣੇ ਦੋਹਾਂ ਛੋਟੇ ਪੁੱਤਰਾਂ ਨੂੰ ਲਾਹਨਤਾਂ ਪਾਈਆਂ। ਉਨ੍ਹਾਂ ਨੂੰ ਉਹ ਵਕਤ ਯਾਦ ਕਰਵਾਇਆ ਜਦੋਂ ਉਹ ਆਪਣੇ ਵੱਡੇ ਭਰਾ ਦੇ ਤਰਲੇ ਕਰਦੇ ਸਨ ਕਿ ਬਾਈ! ਸਾਨੂੰ ਨਰਕ ਭਰੀ ਜ਼ਿੰਦਗੀ ਵਿਚੋਂ ਕੱਢ ਕੇ ਅਮਰੀਕਾ ਲੈ ਜਾ! ਤੇ ਅੱਜ ਉਹ ਪੈਸਿਆਂ ਵਾਲੇ ਬਣ ਕੇ ਆਪਣੇ ਭਰਾ ਨੂੰ ਭੁੱਲ ਗਏ ਸਨ।

ਮਾਨ ਸਿੰਘ ਦੇ ਤਿੰਨ ਪੁੱਤਰ ਸਨ। ਵੱਡਾ ਗਿੰਦਰ, ਦੂਜਾ ਸ਼ਿੰਦਾ ਤੇ ਤੀਜਾ ਪਾਲੀ। ਦੋ ਧੀਆਂ ਵੀ ਸਨ- ਵੱਡੀ ਪਾਲੋ ਤੇ ਛੋਟੀ ਦੇਬੋ। ਵੱਡਾ ਪਰਿਵਾਰ ਸੀ ਪਰ ਜ਼ਮੀਨ ਥੋੜ੍ਹੀ ਸੀ। ਗਿੰਦਰ ਸੱਤ ਜਮਾਤਾਂ ਪਾਸ ਕਰ ਕੇ ਹਟ ਗਿਆ ਸੀ। ਉਹ ਆਪਣੇ ਕਿਸੇ ਮਿੱਤਰ ਨਾਲ ਕੰਮ-ਧੰਦਾ ਕਰਵਾ ਦਿੰਦਾ ਤੇ ਉਹ ਉਨ੍ਹਾਂ ਦੀ ਜ਼ਮੀਨ ਵਾਹ-ਬੀਜ ਦਿੰਦਾ। ਬਾਕੀ ਸਾਰੇ ਪੜ੍ਹਦੇ ਸਨ, ਪਰ ਵਕਤ ਬਹੁਤ ਔਖਾ ਲੰਘ ਰਿਹਾ ਸੀ। ਘਰ ਦੀ ਥਾਂ ਅਤੇ ਪਸ਼ੂਆਂ ਵਾਲਾ ਵਾੜਾ ਨਾਲੋ-ਨਾਲ ਸੀ। ਜਿੰਨੇ ਜੀਅ ਸਨ, ਉਨੇ ਹੀ ਪਸ਼ੂ। ਗਰੀਬੀ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਉਂਜ ਗਿੰਦਰ ਸਿਆਣਾ ਸੀ। ਉਹਨੇ ਆਪਣੇ ਬਾਪ ਨਾਲ ਸਲਾਹ ਕਰ ਕੇ ਘਰ ਦਾ ਤਬਾਦਲਾ ਕਿਸੇ ਨਾਲ ਕਰ ਲਿਆ। ਪਿੰਡ ਵਿਚਲਾ ਘਰ ਦੇ ਕੇ ਬਾਹਰ ਸੜਕ ‘ਤੇ ਘਰ ਲੈ ਲਿਆ ਜਿਸ ਨਾਲ ਪਸ਼ੂਆਂ ਨੂੰ ਵੀ ਖੁੱਲ੍ਹੀ ਥਾਂ ਮਿਲ ਗਈ ਤੇ ਉਹ ਆਪ ਵੀ ਸੁਖਾਲਾ ਸਾਹ ਲੈਣ ਲੱਗ ਪਏ।
ਗਿੰਦਰ ਦਾ ਮਿੱਤਰ ਨੇਕ ਅਜੇ ਪੜ੍ਹਦਾ ਸੀ ਤੇ ਘਰਦਿਆਂ ਨਾਲ ਖੇਤੀ ਵੀ ਕਰਵਾਉਂਦਾ ਸੀ। ਨੇਕ ਦਾ ਫੁੱਫੜ ਇੰਗਲੈਂਡ ਵਿਚ ਬਹੁਤ ਪਹਿਲਾਂ ਦਾ ਗਿਆ ਹੋਇਆ ਸੀ ਤੇ ਉਥੇ ਉਸ ਦੇ ਰੈਸਟੋਰੈਂਟ ਸਨ। ਉਹ ਜਦੋਂ ਪਿੰਡ ਆਇਆ ਤਾਂ ਉਸ ਦੀ ਪਾਰਖੂ ਅੱਖ ਨੇ ਗਿੰਦਰ ਪਛਾਣ ਲਿਆ ਕਿ ਮੁੰਡਾ ਮਿਹਨਤੀ ਹੈ ਤੇ ਇਮਾਨਦਾਰ ਵੀ ਲੱਗਦਾ ਹੈ। ਉਹਨੇ ਨੇਕ ਨਾਲ ਗੱਲ ਚਲਾਈ ਤੇ ਗਿੰਦਰ ਨੂੰ ਇੰਗਲੈਂਡ ਸੱਦਣ ਦੀ ਗੱਲ ਕਹੀ। ਅੰਨ੍ਹੇ ਨੂੰ ਜਿਵੇਂ ਅੱਖਾਂ ਮਿਲ ਗਈਆਂ ਹੋਣ! ਗਿੰਦਰ ਤੋਂ ਚਾਅ ਨਾ ਝੱਲ ਹੋਵੇ। ਛੇਤੀ ਹੀ ਨੇਕ ਦਾ ਫੁੱਫੜ ਗਿੰਦਰ ਨੂੰ ਇੰਗਲੈਂਡ ਲੈ ਗਿਆ। ਬੱਸ ਫਿਰ ਕੀ ਸੀ! ਗਰੀਬ ਕਿਸਾਨ ਦੇ ਪੁੱਤ ਨੇ ਲੱਕ ਤੋੜ ਕੇ ਮਿਹਨਤ ਕੀਤੀ। ਪੰਜਾਂ ਸਾਲਾਂ ਵਿਚ ਦੱਸ ਦਿੱਤਾ ਕਿ ਅਹੁ ਸਾਹਮਣੇ ਚੁਬਾਰੇ ਵਾਲਿਆਂ ਦਾ ਮੁੰਡਾ ਇੰਗਲੈਂਡ ਵਿਚ ਹੈ। ਨੇਕ ਦੇ ਵਿਆਹ ‘ਤੇ ਗਿੰਦਰ ਪਿੰਡ ਗਿਆ ਤੇ ਵਾਪਸ ਇੰਗਲੈਂਡ ਨਾ ਪਰਤਿਆ। ਘਰਦਿਆਂ ਨੇ ਉਹਦਾ ਵਿਆਹ ਕਰਨਾ ਚਾਹਿਆ, ਪਰ ਗਿੰਦਰ ਨੇ ਬਚਦੇ ਰੁਪਏ ਕਿਸੇ ਏਜੰਟ ਨੂੰ ਦੇ ਕੇ ਅਮਰੀਕਾ ਦਾ ਵੀਜ਼ਾ ਲਵਾ ਲਿਆ। ਅਮਰੀਕਾ ਆ ਕੇ ਉਹ ਰੈਸਟੋਰੈਂਟ ‘ਤੇ ਕੁੱਕ ਲੱਗ ਗਿਆ। ਪੇਪਰਾਂ ਦੀ ਚਾਲ ਬੇਸ਼ਕ ਮੱਧਮ ਚੱਲੀ, ਪਰ ਡਾਲਰਾਂ ਨਾਲ ਸਾਰੇ ਪਰਿਵਾਰ ਦੇ ਰੋਣੇ-ਧੋਣੇ ਧੋ ਦਿੱਤੇ।
ਗਿੰਦਰ ਇਕ ਦਿਨ ਬਾਹਰ ਬੈਠਾ ਪਰਿਵਾਰ ਨੂੰ ਯਾਦ ਕਰ ਕੇ ਰੋ ਰਿਹਾ ਸੀ ਤਾਂ ਕਿਸੇ ਗੋਰੀ ਨੇ ਉਹਨੂੰ ਰੋਣ ਦਾ ਕਾਰਨ ਪੁੱਛਿਆ। ਉਹਨੇ ਕਿਹਾ ਕਿ ਉਸ ਕੋਲ ਗਰੀਨ ਕਾਰਡ ਨਹੀਂ ਤੇ ਉਹ ਵਾਪਸ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕਦਾ। ਗੋਰੀ ਦੂਜੇ-ਚੌਥੇ ਦਿਨ ਉਨ੍ਹਾਂ ਦੇ ਰੈਸਟੋਰੈਂਟ ‘ਤੇ ਖਾਣਾ ਖਾਣ ਆਉਂਦੀ ਸੀ। ਉਹਨੂੰ ਪੰਜਾਬੀ ਤੇ ਪੰਜਾਬੀ ਖਾਣਾ ਪਸੰਦ ਸਨ। ਗੋਰੀ ਨੇ ਉਹਨੂੰ ਗਰੀਨ ਕਾਰਡ ਦਿਵਾਉਣ ਲਈ ਉਸ ਨਾਲ ਵਿਆਹ ਕਰਵਾਉਣਾ ਮੰਨ ਲਿਆ ਤੇ ਗਿੰਦਰ ਨੂੰ ਆਪਣੇ ਘਰ ਲੈ ਗਈ ਜਿਥੇ ਉਹ ਆਪਣੀਆਂ ਦੋ ਬਿੱਲੀਆਂ ਨਾਲ ਰਹਿੰਦੀ ਸੀ। ਪੇਪਰਾਂ ਦੀ ਸਾਰੀ ਭੱਜ-ਨੱਠ ਗੋਰੀ ਨੇ ਕੀਤੀ, ਤੇ ਫਿਰ ਇਕ ਦਿਨ ਦੋਵਾਂ ਦੀ ਇੰਟਰਵਿਊ ਆ ਗਈ। ਗਿੰਦਰ ਨੇ ਰੈਸਟੋਰੈਂਟ ਤੋਂ ਹਫ਼ਤੇ ਦੀਆਂ ਛੁੱਟੀਆਂ ਲੈ ਲਈਆਂ। ਗੋਰੀ ਨਾਲ ਬਾਹਰ ਘੁੰਮ-ਫਿਰ ਆਇਆ। ਰਾਤ ਨੂੰ ਖਾਧੀ-ਪੀਤੀ ਵਿਚ ਗਿੰਦਰ ਨੇ ਗੋਰੀ ਦੀਆਂ ਬਿੱਲੀਆਂ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਸੁੱਟ ਕੇ ਮਸ਼ੀਨ ਚਲਾ ਦਿੱਤੀ। ਫਿਰ ਕੱਪੜੇ ਸੁਕਾਉਣ ਵਾਲੀ ਮਸ਼ੀਨ ਵਿਚ ਪਾ ਦਿੱਤੀਆਂ। ਆਪਣੀ ਖੁਸ਼ੀ ਵਿਚ ਉਹ ਭੁੱਲ ਗਿਆ ਕਿ ਉਹ ਕਰ ਕੀ ਰਿਹਾ ਹੈ!
ਗੋਰੀ ਨੇ ਦੇਖਿਆ ਤਾਂ ਉਹਨੂੰ ਗੁੱਸਾ ਚੜ੍ਹ ਗਿਆ। ਉਹਨੇ ਗਿੰਦਰ ਦੇ ਕੱਪੜੇ ਬਾਹਰ ਸੁੱਟ ਦਿੱਤੇ। ਉਹ ਪੁਲਿਸ ਨੂੰ ਕਾਲ ਕਰਨ ਲੱਗੀ ਤਾਂ ਗਿੰਦਰ ਨੇ ਪੈਰ ਫੜ ਲਏ। ਗੋਰੀ ਫਿਰ ਵੀ ਨਰਮ-ਦਿਲ ਨਿਕਲੀ। ਉਹਨੇ ਤੁਰੰਤ ਬਿੱਲੀਆਂ ਡਾਕਟਰ ਕੋਲ ਦਿਖਾਈਆਂ ਤੇ ਉਹ ਠੀਕ ਹੋ ਗਈਆਂ। ਗਿੰਦਰ ਦੇ ਤਰਲੇ-ਹਾੜ੍ਹਿਆਂ ਨੇ ਗੋਰੀ ਨੂੰ ਇੰਟਰਵਿਊ ਲਈ ਮਨਾ ਲਿਆ। ਗੋਰੀ ਤੇ ਗਿੰਦਰ ਦੇ ਸਹੀ ਜਵਾਬਾਂ ਨੇ ਗਰੀਨ ਕਾਰਡ ਪਰੂਫ਼ ਕਰਵਾ ਲਿਆ। ਗਿੰਦਰ ਗੋਰੀ ਨਾਲ ਪੱਕਾ ਹੀ ਰਹਿਣਾ ਚਾਹੁੰਦਾ ਸੀ, ਪਰ ਗੋਰੀ ਨੇ ਉਹਨੂੰ ਤਲਾਕ ਦੇ ਦਿੱਤਾ। ਗਿੰਦਰ ਪਿੰਡ ਵਿਆਹ ਕਰਵਾਉਣ ਚਲਿਆ ਗਿਅ। ਬਾਪੂ ਕਹਿੰਦਾ, ‘ਪਹਿਲਾਂ ਆਪਣੀਆਂ ਭੈਣਾਂ ਦੇ ਵਿਆਹ ਕਰ, ਫਿਰ ਆਪਣਾ ਵਿਆਹ ਕਰਵਾਈਂ।’ ਦੋਵਾਂ ਭੈਣਾਂ ਦੇ ਵਿਆਹ ਕਰ ਕੇ ਉਹ ਵਾਪਸ ਆ ਗਿਆ। ਰੁਪਏ ਇਕੱਠੇ ਕਰ ਕੇ ਆਪਣਾ ਰੈਸਟੋਰੈਂਟ ਖਰੀਦ ਲਿਆ। ਕੰਮ ਬੜਾ ਵਧੀਆ ਚੱਲਿਆ। ਕਿਸੇ ਮਿੱਤਰ ਨੇ ਆਪਣੀ ਸਾਲੀ ਨਾਲ ਗਿੰਦਰ ਦਾ ਵਿਆਹ ਕਰ ਦਿੱਤਾ। ਉਹਦੀ ਘਰਵਾਲੀ ਅਮਨ ਬਹੁਤ ਸਿਆਣੀ ਸੀ। ਉਸ ਨੇ ਗਿੰਦਰ ਨੂੰ ਘਰਾਂ ਦੀਆਂ ਡਿਗਦੀਆਂ ਕੀਮਤਾਂ ਬਾਰੇ ਦੱਸਿਆ ਤਾਂ ਉਨ੍ਹਾਂ ਘਰ ਖਰੀਦ ਲਿਆ। ਹੁਣ ਗਿੰਦਰ ਕੋਲ ਸਭ ਕੁਝ ਸੀ। ਘਰ, ਘਰਵਾਲੀ ਤੇ ਬਿਜਨਸ। ਉਹ ਬਹੁਤ ਖੁਸ਼ ਸੀ।
ਜਿਵੇਂ ਕਹਿੰਦੇ ਨੇ, ਗਰੀਬ ਦੇ ਚਾਅ ਛੋਟੇ ਹੁੰਦੇ ਨੇ, ਤੇ ਥੋੜ੍ਹੇ ਵਕਤ ਲਈ ਹੀ ਹੁੰਦੇ ਨੇ, ਇੱਦਾਂ ਹੀ ਗਿੰਦਰ ਨਾਲ ਹੋਈ। ਉਹਦਾ ਮਿੱਤਰ ਨੇਕ ਐਕਸੀਡੈਂਟ ਵਿਚ ਮਾਰਿਆ ਗਿਆ। ਇਹ ਖਬਰ ਸੁਣ ਕੇ ਗਿੰਦਰ ਪਿੰਡ ਗਿਆ। ਉਹ ਅੱਜ ਜੋ ਕੁਝ ਸੀ, ਨੇਕ ਦੀ ਬਦੌਲਤ ਹੀ ਤਾਂ ਸੀ। ਗਿੰਦਰ ਨੇ ਕੰਧਾਂ ਵਿਚ ਬਥੇਰੀਆਂ ਟੱਕਰਾਂ ਮਾਰੀਆਂ, ਪਰ ਉਹਦਾ ਮਿੱਤਰ ਨਾ ਮੁੜਿਆ! ਉਹਦੀਆਂ ਯਾਦਾਂ ਸੀਨੇ ਵਿਚ ਸਾਂਭ, ਗਿੰਦਰ ਵਾਪਸ ਅਮਰੀਕਾ ਪਰਤ ਆਇਆ। ਮਿੱਤਰ ਦੇ ਗਮ ਵਿਚ ਫਿਰ ਸ਼ਰਾਬ ਪੀਣ ਲੱਗ ਪਿਆ। ਅਮਨ ਨੇ ਕਹਿ ਕੇ ਟੱਬਰ ਦੇ ਸਾਰੇ ਜੀਆਂ ਦੇ ਪੇਪਰ ਭਰਾ ਦਿਤੇ।
ਸ਼ਿੰਦੇ ਅਤੇ ਪਾਲੀ ਦਾ ਵਿਆਹ ਕਰ ਦਿੱਤਾ ਗਿਆ। ਪਿੰਡ ਉਨ੍ਹਾਂ ਨੂੰ ਜ਼ਮੀਨ ਵੀ ਹੋਰ ਲੈ ਕੇ ਦਿੱਤੀ। ਦੇਖਦਿਆਂ-ਦੇਖਦਿਆਂ ਪਿੰਡ ਵਿਚ ਗਿੰਦਰ ਹੋਰਾਂ ਦਾ ਕੰਮ ਇਕ ਨੰਬਰ ‘ਤੇ ਹੋ ਗਿਆ। ਦੂਜੇ ਪਾਸੇ ਨੇਕ ਦੇ ਤੁਰ ਜਾਣ ਬਾਅਦ ਉਨ੍ਹਾਂ ਦਾ ਕੰਮ ਥੱਲੇ ਡਿੱਗਦਾ ਗਿਆ। ਨੌਬਤ ਇਥੋਂ ਤੱਕ ਆ ਗਈ ਕਿ ਨੇਕ ਦੇ ਪਿਤਾ ਨੂੰ ਜ਼ਮੀਨ ਵੇਚਣ ਲਈ ਗਿੰਦਰ ਦੇ ਘਰ ਆਉਣਾ ਪਿਆ। ਸ਼ਿੰਦਾ ਤੇ ਪਾਲੀ ਤਾਂ ਖੁਸ਼ ਹੋ ਗਏ, ਪਰ ਜਦੋਂ ਗਿੰਦਰ ਨੂੰ ਪਤਾ ਲੱਗਾ ਤਾਂ ਉਸ ਦੀ ਧਾਹ ਨਿਕਲ ਗਈ। ਉਹਨੇ ਆਪਣੇ ਭਰਾਵਾਂ ਨੂੰ ਗਾਲ੍ਹਾਂ ਕੱਢੀਆਂ, ਤੇ ਨੇਕ ਦੇ ਪਿਤਾ ਨੂੰ ਕਿਹਾ, “ਤਾਇਆ, ਜ਼ਮੀਨ ਨਹੀਂ ਵੇਚਣੀ, ਜਿੰਨੇ ਪੈਸੇ ਚਾਹੀਦੇ ਹਨæææਦੱਸ।” ਨੇਕ ਦਾ ਪਿਤਾ ਖੁਸ਼ ਹੋ ਗਿਆ ਕਿ ਗਿੰਦਰ ਨੇ ਅਹਿਸਾਨਾਂ ਦਾ ਮੁੱਲ ਮੋੜ ਦਿੱਤਾ ਹੈ। ਉਹਨੂੰ ਜ਼ਮੀਨ ਨਹੀਂ ਵੇਚਣੀ ਪਈ।
ਇਸੇ ਦੌਰਾਨ ਅਮਨ ਨੇ ਗਿੰਦਰ ਨੂੰ ਇੰਡੀਆ ਪੈਸੇ ਭੇਜਣ ਤੋਂ ਹਟਾ ਦਿੱਤਾ। ਪਿੰਡ ਵਾਲਿਆਂ ਦੀ ਖੜ੍ਹੀ ਮੁੱਛ ਡਿੱਗਣ ਲੱਗੀ। ਅਮਨ ਆਪ ਰੈਸਟੋਰੈਂਟ ਦਾ ਕੰਮ ਸੰਭਾਲਦੀ। ਕਮਾਈ ਬਹੁਤ ਹੋ ਰਹੀ ਸੀ। ਗਿੰਦਰ ਆਪਣੇ ਮਿੱਤਰ ਨੇਕ ਦੇ ਗਮ ਵਿਚ ਡੁੱਬਿਆ ਰਹਿੰਦਾ। ਕਈ ਸਾਲਾਂ ਬਾਅਦ ਅਮਨ ਨੇ ਪੁੱਤਰ ਨੂੰ ਜਨਮ ਦਿੱਤਾ। ਗਿੰਦਰ ਦੇ ਬੇਬੇ ਬਾਪੂ ਵੀ ਆ ਗਏ। ਉਧਰ ਸ਼ਿੰਦੇ ਤੇ ਪਾਲੀ ਦੇ ਬੱਚੇ ਵੀ ਹੋ ਗਏ। ਬਾਹਰੋਂ ਪੈਸਾ ਨਾ ਮਿਲਣ ਕਰ ਕੇ ਉਨ੍ਹਾਂ ਦੇ ਲੱਕ ‘ਤੇ ਪਜਾਮਾ ਖੜ੍ਹਨੋਂ ਹਟ ਗਿਆ। ਉਹ ਹੌਲੀ-ਹੌਲੀ ਪਹਿਲਾਂ ਵਾਲੇ ਹਾਲਾਤ ਵੱਲ ਵਧਣ ਲੱਗੇ। ਇੰਡੀਆ ਵਿਚਲੀ ਸਾਰੀ ਕਬੀਲਦਾਰੀ ਦਾ ਬੋਝ ਬਾਹਰਲੇ ਬੰਦੇ ‘ਤੇ ਹੀ ਪੈਂਦਾ ਹੈ। ਜੇ ਭੈਣ ਦੀ ਮੱਝ ਮਰ’ਗੀ ਤਾਂ ਪਰਦੇਸੀ ਭਰਾ ‘ਤੇ ਆ ਪਈ। ਜੇ ਭੈਣ ਦਾ ਘਰ ਡਿੱਗ ਪਿਆ ਤਾਂ ਪਰਦੇਸੀ ਭਰਾ ਥੱਲੇ ਆਇਆ। ਜੇ ਭੂਆ ਦੇ ਪੁੱਤ ਨੇ ਬਾਹਰ ਆਉਣਾ ਹੈ, ਤਾਂ ਫਿਰ ਮਾਮੇ ਦੇ ਪੁੱਤ ਦੀ ਬੈਂਕ ਨੂੰ ਡਾਕਾ ਪੈ ਗਿਆ ਸਮਝੋ।æææ
ਜੇ ਪਰਦੇਸੀ ਪਿਛਲੇ ਧੋਣੇ ਧੋਣ ‘ਤੇ ਲੱਗਾ ਰਹਿੰਦਾ ਹੈ ਤਾਂ ਇਥੇ ਆਪਣਾ ਸਭ ਕੁਝ ਗੁਆ ਲੈਂਦਾ ਹੈ। ਜੇ ਪਿੰਡ ਪੈਸੇ ਭੇਜਣ ਤੋਂ ਹਟ ਜਾਂਦਾ ਹੈ ਤਾਂ ਪਿਛਲੇ ਕਹਿਣ ਲੱਗ ਪੈਂਦੇ ਹਨ, “ਆਹ ਜਿੱਦਣ ਦੀ ਬਿਗਾਨੀ ਧੀ ਆਈ ਐ, ਉਦਣ ਦਾ ਸਾਡਾ ਪੁੱਤ ਸਾਨੂੰ ਭੁੱਲ ਗਿਆ। ਸਾਨੂੰ ਤਾਂ ਫੋਨ ਕਰਨ ਵੀ ਨਹੀਂ ਦਿੰਦੀ। ਪੁੱਤ ਤਾਂ ਸਾਡਾ ਬਹੁਤ ਸਿਆਣਾ ਸੀ, ਪਰ ਕਲਜੋਗਣ ਨੇ ਆਪਣੇ ਮਗਰ ਲਾ ਲਿਆ।” ਇਸ ਤਰ੍ਹਾਂ ਦੀਆਂ ਵੀਹ ਗੱਲਾਂ ਕਰਦੇ, ਪਰ ਸੱਚ ਇਹ ਹੈ ਕਿ ਹਰ ਪਰਦੇਸੀ ਦੀ ਦਿਲੀ ਤਮੰਨਾ ਇਹੀ ਹੁੰਦੀ ਹੈ ਕਿ ਉਹਨੂੰ ਭਾਵੇਂ ਤਲਵਾਰਾਂ ਦੇ ਫੱਟ ਸਹਿਣੇ ਪੈ ਜਾਣ, ਉਹਦੇ ਪਰਿਵਾਰ ਨੂੰ ਕੰਡਾ ਨਾ ਲੱਗੇ!æææਪੰਜਾਬ ਵਿਚ ਸੜਕੀ ਅਤਿਵਾਦ ਦਾ ਇਕ ਕਾਰਨ ਪਰਦੇਸੀਆਂ ਦੀ ਇਹੀ ਸੋਚ ਹੈ। ਆਪ ਇਥੇ ਪੁਰਾਣੀ ਗੱਡੀ ਰੱਖੀ ਹੋਊ, ਤੇ ਪਿਛਲਿਆਂ ਨੂੰ ਨਵੀਂ ਸਫ਼ਾਰੀ ਲੈ ਕੇ ਦੇ ਦੇਣਗੇ। ਅਮਨ ਨੂੰ ਵੀ ਇਸੇ ਤਰ੍ਹਾਂ ਦੇ ਤਾਅਨੇ-ਮਿਹਣੇ ਸੁਣਨੇ ਪਏ। ਗਿੰਦਰ ਦੀ ਮਾਂ ਸ਼ਾਇਦ ਭੁੱਲ ਗਈ ਸੀ ਕਿ ਗਿੰਦਰ ਨੇ ਕਿੰਨੀ ਕੁਰਬਾਨੀ ਕੀਤੀ ਹੈ, ਪਰ ਮਾਨ ਸਿੰਘ ਦੇ ਸਾਹਾਂ ਵਿਚ ਅੱਜ ਵੀ ਗਿੰਦਰ ਦੇ ਦਿੱਤੇ ਸਾਹ ਚੱਲਦੇ ਸਨ।
ਪਿਛਲੇ ਭਰਾਵਾਂ ਨੇ ਬਾਪੂ ਦੇ ਤਰਲੇ ਪਾਏ, ‘ਬਾਈ ਨੂੰ ਕਹਿ ਕੇ ਸਾਨੂੰ ਛੇਤੀ ਅਮਰੀਕਾ ਸੱਦੇ, ਇਥੇ ਤਾਂ ਕੁਝ ਬਣਦਾ ਨਹੀਂ। ਜੋ ਬਣਿਆ, ਉਹ ਵੀ ਜਾਂਦਾ ਰਹੂ।’ ਖੈਰ! ਵਕਤ ਲੰਘਦਾ ਗਿਆ। ਘਰਾਂ ਦੀਆਂ ਡਿੱਗੀਆਂ ਕੀਮਤਾਂ ਫਿਰ ਅਸਮਾਨੀਂ ਚੜ੍ਹਨ ਲੱਗੀਆਂ। ਅਮਨ ਨੇ ਗਿੰਦਰ ਨੂੰ ਸਲਾਹ ਦਿੱਤੀ ਕਿ ਆਪਾਂ ਘਰ ਵੇਚ ਦੇਈਏ। ਘਰੇ ਬੈਠਿਆਂ ਹੀ ਤਿੰਨ ਲੱਖ ਡਾਲਰ ਮਿਲਦਾ ਹੈ। ਗਿੰਦਰ ਮੰਨ ਗਿਆ ਤੇ ਉਨ੍ਹਾਂ ਘਰ ਵੇਚ ਦਿੱਤਾ, ਤੇ ਮੁੜ ਅਪਾਰਮੈਂਟ ਵਿਚ ਆ ਗਏ। ਗਿੰਦਰ ਦੀ ਬੇਬੇ ਤਾਂ ਲੱਗ ਪਈ ਰੋਣ, ਕਹੇæææਤੀਵੀ ਮਗਰ ਲੱਗ ਕੇ ਮਹਿਲਾਂ ਵਰਗਾ ਘਰ ਵੇਚ ਦਿੱਤਾ ਤੇ ਆਹ ਝੁੱਗੀ ਜਿਹੀ ਵਿਚ ਆ ਵੜਿਆ। ਅਖੇæææਤੇਰੇ ਡਾਲਰ ਇਹਨੇ ਪੇਕਿਆਂ ਨੂੰ ਧੱਕ ਦੇਣੇ ਆਂ। ਗਿੰਦਰ ਕਹਿੰਦਾ, “ਮਾਤਾ! ਨੂੰਹ ਜਿੰਨੀ ਮਰਜ਼ੀ ਸਿਆਣੀ ਹੋਵੇ, ਤੁਸੀਂ ਉਹਨੂੰ ਘੁੰਨੀ ਹੀ ਬਣਾਉਣਾ ਹੁੰਦਾ। ਧੀ ਹੋਵੇ ਭਾਵੇਂ ਘੁੰਨੀ, ਪਰ ਮਾਂਵਾਂ ਆਖਣਗੀਆਂ, ਧੀ ਜਿੰਨਾ ਤਾਂ ਕੋਈ ਸਿਆਣਾ ਹੀ ਨਹੀਂ। ਜੋ ਅਮਨ ਕਰਦੀ ਹੈ, ਉਹਨੂੰ ਕਰ ਲੈਣ ਦੇ।” ਤਿੰਨ ਸਾਲ ਲੰਘੇ, ਘਰਾਂ ਦੀਆਂ ਕੀਮਤਾਂ ਥੱਲੇ ਆਈਆਂ, ਤਾਂ ਅਮਨ ਨੇ ਕਿਸੇ ਹੋਰ ਸ਼ਹਿਰ ਵਿਚ ਘਰ ਲੈ ਲਿਆ ਤੇ ਗੈਸ ਸਟੇਸ਼ਨ ਵੀ ਖਰੀਦ ਲਿਆ। ਪਰਮਾਤਮਾ ਨੇ ਉਨ੍ਹਾਂ ਦੀ ਬਾਂਹ ਫੜੀ ਹੋਈ ਸੀ। ਸਾਫ ਦਿਲ ਅਤੇ ਸਿੱਧੀਆਂ ਨੀਤਾਂ ਨੂੰ ਮੁਰਾਦਾਂ ਮਿਲਦੀਆਂ ਹਨ। ਗਿੰਦਰ ਨੂੰ ਪਰਮਾਤਮਾ ਨੇ ਫਿਰ ਪੁੱਤਰ ਦੀ ਦਾਤ ਬਖਸ਼ੀ।
ਦੂਜੇ ਪਾਸੇ ਸ਼ਿੰਦੇ ਅਤੇ ਪਾਲੀ ਦੇ ਪੇਪਰ ਵੀ ਨਿਕਲ ਆਏ। ਪਹਿਲਾਂ ਦੋਵੇਂ ਭਰਾ ਆ ਗਏ। ਉਨ੍ਹਾਂ ਨੂੰ ਨਾਲ ਰੱਖ ਕੇ ਕਾਰ ਦਾ ਲਾਇਸੈਂਸ ਦਿਵਾਇਆ। ਫਿਰ ਟਰੱਕ ਦਾ ਲਾਇਸੈਂਸ ਦਿਵਾ ਕੇ ਕੰਮ ‘ਤੇ ਤੋਰਿਆ, ਫਿਰ ਵੱਖਰੀ ਅਪਾਰਮੈਂਟ ਲੈ ਕੇ ਦਿੱਤੀ, ਤੇ ਸਾਰਾ ਫਰਨੀਚਰ ਵੀ। ਸਾਲ ਬਾਅਦ ਦੋਵੇਂ ਭੈਣਾਂ ਵਾਰੋ-ਵਾਰੀ ਆ ਗਈਆਂ। ਫਿਰ ਉਨ੍ਹਾਂ ਦੀ ਬੁਣਤੀ ਨਵੇਂ ਸਿਰਿਉਂ ਧਰ ਕੇ ਪੂਰੀ ਕੀਤੀ। ਗਿੰਦਰ ਦੀ ਬੇਬੇ ਕਹੇ, ਇਨ੍ਹਾਂ ਨੂੰ ਘਰ ਕਿਉਂ ਨਹੀਂ ਖਰੀਦ ਕੇ ਦਿੰਦਾ, ਝੁੱਗੀਆਂ ਵਿਚ ਵਾੜੀ ਜਾਂਦਾ ਹੈ। ਇਕ ਦਿਨ ਮਾਨ ਸਿੰਘ ਕਹਿੰਦਾ, “ਗਿੰਦਰ ਦੀ ਬੇਬੇ, ਰੱਬ ਤੋਂ ਡਰੀਦਾ ਹੁੰਦਾ। ਉਹ ਵਕਤ ਯਾਦ ਕਰ, ਜਦੋਂ ਮੱਝਾਂ ਦੇ ਪਿਛਵਾੜੇ ਤੇਰੀ ਪਤੀਲੀ ਰੱਖੀ ਹੁੰਦੀ ਸੀ। ਪੁੱਤ ਤੇਰੇ ਤੂੜੀ ਵਾਲੇ ਅੰਦਰ ਸੌਂਦੇ ਹੁੰਦੇ ਸਨ, ਤੇ ਧੀਆਂ ਦੋਵੇਂ ਪੜਛੱਤੀ ‘ਤੇ।” ਬੇਬੇ ਨੂੰ ਸੱਚੀਆਂ ਸੁਣ ਕੇ ਸਭ ਕੁਝ ਯਾਦ ਆ ਗਿਆ।
ਸ਼ਿੰਦੇ ਤੇ ਪਾਲੀ ਨੇ ਟਰੱਕਾਂ ‘ਤੇ ਬੜੀ ਮਿਹਨਤ ਕੀਤੀ। ਆਪਣੇ ਘਰ ਬਣਾ ਲਏ। ਗਿੰਦਰ ਦੀਆਂ ਭੈਣਾਂ ਵੀ ਆਪੋ-ਆਪਣੀ ਥਾਂ ਵਧੀਆ ਰਹਿ ਰਹੀਆਂ ਸਨ। ਮਾਨ ਸਿੰਘ ਤੇ ਗਿੰਦਰ ਕਦੇ-ਕਦੇ ਪਿਆਲਾ ਸਾਂਝਾ ਕਰਦੇ। ਪਿਛਲੀਆਂ ਯਾਦਾਂ ਵਿਚੋਂ ਇਕੱਠੇ ਲੰਘਦੇ। ਹੁਣ ਗਿੰਦਰ ਕਹਿੰਦਾ ਸੀ ਕਿ ਨੇਕ ਦੇ ਮੁੰਡੇ ਨੂੰ ਇਥੇ ਸੱਦਣਾ ਹੈ। ਆਪਣੀ ਬਚਪਨ ਦੀ ਯਾਰੀ ਤੋੜਨੀ ਨਹੀਂ, ਅੱਗੇ ਤੋਰਨੀ ਹੈ। ਯਾਰ ਤੁਰ ਗਿਆ ਤਾਂ ਕੀ ਹੋਇਆ! ਉਹਦਾ ਪੁੱਤ ਵੀ ਮੇਰਾ ਪੁੱਤ ਹੈ। ਬਾਪੂ ਗਿੰਦਰ ਨੂੰ ਦਲੇਰੀ ਦਿੰਦਾ। ਅਮਨ ਨੇ ਬੇਬੇ ਬਾਪੂ ਨੂੰ ਪੈਨਸ਼ਨ ਲਵਾ ਦਿੱਤੀ। ਸ਼ਿੰਦਾ ਕਹੇ, ਬੇਬੇ-ਬਾਪੂ ਮੈਂ ਸਾਂਭਣੇ ਹਨ। ਪਾਲੀ ਕਹੇ, ਬੇਬੇ-ਬਾਪੂ ਮੇਰੇ ਹਨ। ਭੈਣਾਂ ਕਹਿੰਦੀਆਂ, ਸਾਨੂੰ ਮਾਂ-ਬਾਪ ਸਿੱਟੇ ਹੋਏ ਨੇ, ਸਾਡੇ ਨਾਲ ਰਹਿ ਪੈਣ। ਬੇਬੇ ਕਹਿੰਦੀ, ਪਾਲੀ ਨਾਲ ਜਾਣਾ ਹੈ। ਬਾਪੂ ਕਹਿੰਦਾ, ਉਹਨੇ ਗਿੰਦਰ ਨਾਲ ਹੀ ਰਹਿਣਾ ਹੈæææਜਿਸ ਦੀ ਬਦੌਲਤ ਸਾਰਾ ਟੱਬਰ ਨਰਕ ਵਿਚੋਂ ਨਿਕਲ ਕੇ ਆਇਆ ਹੈæææ।
ਇਕ ਦਿਨ ਦੋਵੇਂ ਛੋਟੇ ਭਰਾ ਪਿਛਲੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਗਿੰਦਰ ਨਾਲ ਲੜਨ ਲੱਗ ਪਏ। ਮਾਨ ਸਿੰਘ ਕਹਿੰਦਾ, “ਗੱਲ ਸੁਣੋਂ ਓਏ ਵੱਡਿਓ ਸਿਆਣਿਓਂ! ਇਸ ਬੰਦੇ ਦੇ ਪੈਰ ਧੋ ਕੇ ਪੀਵੋ। ਦੇਸ ਕੌਮ ਲਈ ਮਰਨ ਵਾਲਾ ਇਕ ਦਿਨ ਮਰ ਕੇ ਕੁਰਬਾਨੀ ਕਰ ਜਾਂਦਾ ਹੈ, ਇਹ ਬੰਦਾ ਸਾਡੇ ਲਈ ਨਿੱਤ ਦਿਨ ਮਰਦਾ ਰਿਹਾ, ਨਿੱਤ ਨਵੀਂ ਕੁਰਬਾਨੀ ਕਰਦਾ ਰਿਹਾ। ਤੁਸੀਂ ਭੁੱਲ ਗਏ ਉਹ ਦਿਨ, ਜਦੋਂ ਤੁਹਾਨੂੰ ਕੋਈ ਮੰਗਿਆਂ ਖੇਤੀ ਦਾ ਸੰਦ ਨਹੀਂ ਸੀ ਦਿੰਦਾ। ਤੁਹਾਨੂੰ ਰਿਸ਼ਤੇ ਤਾਂ ਕੀ, ਕਿਸੇ ਨੇ ਬੱਕਰੀ ਦੀ ਸੰਗਲੀ ਨਹੀਂ ਸੀ ਫੜਾਉਣੀ। ਅੱਜ ਤੁਸੀਂ ਅਮਰੀਕਾ ਵਾਲੇ ਬਣੇ ਬੈਠੇ ਹੋ। ਜੇ ਅਮਨ ਤੁਹਾਡੇ ਪੇਪਰ ਨਾ ਭਰਾਉਂਦੀ, ਤਾਂ ਤੁਸੀਂ ਪਿੰਡ ਹੀ ਮਰਨਾ ਸੀ।” ਮਾਨ ਸਿੰਘ ਦੀ ਖਰੀਆਂ-ਖਰੀਆਂ ਸੁਣ ਕੇ ਦੋਵੇਂ ਪੈਰੀਂ ਡਿੱਗ ਪਏ। ਮਾਨ ਸਿੰਘ ਗਿੰਦਰ ਨੂੰ ਕਹਿੰਦਾ, “ਪੁੱਤ ਪਰਦੇਸੀ ਦੇ ਹਿੱਸੇ ਆਹੀ ਕੁਝ ਹੈ।”