ਡਾæ ਚਰਨਜੀਤ ਸਿੰਘ ਗੁਮਟਾਲਾ
ਫੋਨ: 937-573-9812
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਸਹੂਲਤ ਲਈ ਬਣਾਇਆ ਗਿਆ ਹੈ। ਜਿਹੜੇ ਜਹਾਜ ਯੂਰਪ ਅਮਰੀਕਾ, ਕੈਨੇਡਾ ਅਤੇ ਅਰਬ ਦੇਸ਼ਾਂ ਤੋਂ ਦਿੱਲੀ ਆਉਂਦੇ ਹਨ, ਉਹ ਅੰਮ੍ਰਿਤਸਰ ਤੋਂ ਲੰਘਦੇ ਹਨ ਤੇ ਕੋਈ 40 ਮਿੰਟ ਬਾਅਦ ਦਿੱਲੀ ਪਹੁੰਚਦੇ ਹਨ।
ਇਹ ਹਵਾਈ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਜਹਾਜਾਂ ਦੇ ਧੁੰਦ ਵਿਚ ਉਤਰਨ ਲਈ ਦੁਨੀਆਂ ਦੀ ਸਭ ਤੋਂ ਵਧੀਆ ਪ੍ਰਣਾਲੀ ਕੈਟ ਤਿੰਨ ਬੀ ਲਗ ਰਹੀ ਹੈ, ਜੋ ਭਾਰਤ ਵਿਚ ਦਿੱਲੀ ਨੂੰ ਛੱਡ ਕੇ ਹੋਰ ਕਿਸੇ ਵੀ ਹਵਾਈ ਅੱਡੇ ਉਪਰ ਨਹੀਂ ਹੈ। ਇੱਥੇ ਇਕੋ ਸਮੇਂ 14 ਵੱਡੇ ਜਹਾਜ ਭਾਵ ਬੋਇੰਗ 747 ਖਲੋ ਸਕਦੇ ਹਨ। 4 ਐਰੋਬ੍ਰਿਜ ਹਨ। 1200 ਯਾਤਰੂਆਂ ਲਈ ਇਕੋ ਸਮੇਂ ਬੈਠਣ ਦਾ ਪ੍ਰਬੰਧ ਹੈ। ਵਿਦੇਸ਼ਾਂ ਨੂੰ ਤਾਜ਼ੀਆਂ ਸਬਜ਼ੀਆਂ, ਫ਼ਲ, ਅੰਡੇ, ਮੀਟ ਤੇ ਹੋਰ ਡੱਬਾ ਬੰਦ ਵਸਤੂਆਂ ਭੇਜਣ ਲਈ ਆਧੁਨਿਕ ਸਹੂਲਤਾਂ ਵਾਲਾ ਏਅਰ ਕਾਰਗੋ ਕੰਪਲੈਕਸ ਹੈ। ਪਰ ਇੱਥੋਂ ਇੰਗਲੈਂਡ ਲਈ ਸਿੱਧੀ ਉਡਾਣ ਨਾ ਹੋਣ ਕਰਕੇ ਇਹ ਸਮਾਨ ਵਿਦੇਸ਼ਾਂ ਵਿਚ ਨਹੀਂ ਜਾ ਰਿਹਾ। ਇਸ ਤਰ੍ਹਾਂ ਇਸ ਏਅਰ ਕਾਰਗੋ ਕੰਪਲੈਕਸ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਹੋ ਰਹੀ। ਦਿੱਲੀ ਵਿਚ ਜ਼ਿਆਦਾ ਧੁੰਦ ਹੋਣ ਸਮੇਂ ਦਿੱਲੀ ਨੂੰ ਜਾਣ ਵਾਲੀਆਂ ਉਡਾਣਾਂ ਨੂੰ ਇਥੇ ਉਤਾਰਿਆ ਜਾਂਦਾ ਹੈ। ਇਸ ਸਾਲ 15 ਵਿਦੇਸ਼ੀ ਉਡਾਣਾਂ ਨੂੰ ਇਥੇ ਉਤਾਰਨਾ ਪਿਆ।
ਇਸ ਸਭ ਦੇ ਬਾਵਜੂਦ ਇਹ ਹਵਾਈ ਅੱਡਾ 52 ਕਰੋੜ ਘਾਟੇ ਵਿਚ ਹੈ। 2013-14 ਵਿਚ ਭਾਰਤੀ ਹਵਾਈ ਅੱਡਿਆਂ ਦੀ ਦਰਜਾਬੰਦੀ ਵਿਚ ਦਿੱਲੀ ਦੇਸ਼ ਭਰ ਵਿਚੋਂ ਪਹਿਲੇ ਸਥਾਨ ‘ਤੇ ਸੀ। ਇਥੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਗਿਣਤੀ 3,68,76,986 ਸੀ। ਅੰਮ੍ਰਿਤਸਰ 25ਵੇਂ ਸਥਾਨ ‘ਤੇ ਸੀ ਭਾਵੇਂ ਕਿ ਇੱਥੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਗਿਣਤੀ 1,118,929 ਸੀ। ਇਸ ਦੇ ਮੁਕਾਬਲੇ ਸਾਡੇ ਗੁਆਂਢੀ ਸ੍ਰੀ ਨਗਰ ਦਾ ਸਥਾਨ 14ਵਾਂ, ਜੈਪੁਰ ਦਾ 15ਵਾਂ ਅਤੇ ਚੰਡੀਗੜ੍ਹ ਦਾ 24ਵਾਂ ਸਥਾਨ ਸੀ ਤੇ ਇਨ੍ਹਾਂ ਅੱਡਿਆਂ ‘ਤੇ ਆਉਣ-ਜਾਣ ਵਾਲੇ ਯਾਤਰੂਆਂ ਦੀ ਕੁਲ ਗਿਣਤੀ ਕ੍ਰਮਵਾਰ 2,195,511, 2,076,761 ਅਤੇ 1,144,771 ਸੀ। ਚੰਡੀਗੜ੍ਹ ਤੋਂ ਅਜੇ ਵਿਦੇਸ਼ਾਂ ਨੂੰ ਉਡਾਣਾਂ ਸ਼ੁਰੂ ਨਹੀਂ ਹੋਈਆਂ ਤੇ ਨਾ ਹੀ ਉਥੇ ਅਜੇ ਨਵੀਂ ਇਮਾਰਤ ਬਣੀ ਹੈ ਪਰ ਉਥੇ ਅੰਮ੍ਰਿਤਸਰ ਤੋਂ ਦੁਗਣੀਆਂ ਦੇ ਕਰੀਬ ਦੇਸ਼ ਵਿਚਲੀਆਂ ਉਡਾਣਾਂ ਹਨ। ਇਸ ਲਈ ਚੰਡੀਗੜ੍ਹ ਨੇ ਅੰਮ੍ਰਿਤਸਰ ਨੂੰ ਪਛਾੜ ਦਿੱਤਾ ਹੈ ਤੇ ਉਹ ਹੁਣ 8ਵੇਂ ਸਥਾਨ ‘ਤੇ ਆ ਗਿਆ ਹੈ। ਦਿੱਲੀ ਆਉਣ ਵਾਲੇ 40 ਪ੍ਰਤੀਸ਼ਤ ਦੇ ਕਰੀਬ ਵਿਦੇਸ਼ੀ ਪੰਜਾਬੀ ਹੁੰਦੇ ਹਨ। ਜੇ ਅਸੀਂ ਅੱਧੇ ਪੰਜਾਬੀਆਂ ਨੂੰ ਵੀ ਅੰਮ੍ਰਿਤਸਰ ਲੈ ਆਈਏ ਤਾਂ ਅੰਮ੍ਰਿਤਸਰ ਤੋਂ ਰੋਜ਼ਾਨਾ 50 ਤੋਂ ਵਧ ਉਡਾਣਾਂ ਚਲ ਸਕਦੀਆਂ ਹਨ ਕਿਉਂਕਿ ਦਿੱਲੀ ਤੋਂ 800 ਦੇ ਕਰੀਬ ਰੋਜ਼ਾਨਾ ਉਡਾਣਾਂ ਹਨ। ਅੰਮ੍ਰਿਤਸਰ ਦੇ ਨਾਲ ਦੇ ਸ਼ਹਿਰ ਲਾਹੌਰ ਤੋਂ ਰੋਜ਼ਾਨਾ 100 ਉਡਾਣਾਂ ਉਤਰਦੀਆਂ ਤੇ ਚੜ੍ਹਦੀਆਂ ਹਨ। ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਇਖ਼ਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਦੇ ਇਸ ਹਵਾਈ ਅੱਡੇ ਦੇ ਵਿਕਾਸ ਲਈ ਅੱਗੇ ਆਵੇ ਤਾਂ ਜੋ ਦੁਨੀਆਂ ਦੇ ਵਧ ਤੋਂ ਵਧ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ।
ਜਿੱਥੋਂ ਤੀਕ ਇਸ ਦੇ ਪੱਛੜੇਪਣ ਦਾ ਸੁਆਲ ਹੈ, ਇਸ ਦਾ ਕਾਰਨ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਦੀ ਕੀਮਤ ‘ਤੇ ਦਿੱਲੀ ਹਵਾਈ ਅੱਡੇ ਨੂੰ ਅਤੇ ਏਅਰ ਇੰਡੀਆ ਦੀ ਕੀਮਤ ‘ਤੇ ਪ੍ਰਾਈਵੇਟ ਏਅਰਲਾਈਨਾਂ ਨੂੰ ਲਾਭ ਪਹੁੰਚਾਉਣਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਨੇ ਚੰਡੀਗੜ੍ਹ ਦੇ ਨਜ਼ਦੀਕ ਪਿੰਡ ਪਲਣਪੁਰ ਵਿਚ 200 ਏਕੜ ਜਮੀਨ ਖਰੀਦੀ ਹੈ, ਜਿੱਥੇ ਪੰਜ ਤਾਰਾ ਹੋਟਲ ਬਣ ਰਿਹਾ ਹੈ। ਮਹਿੰਗੇ ਗਾਹਕ ਵਿਦੇਸ਼ਾਂ ਤੋਂ ਹੀ ਮਿਲ ਸਕਦੇ ਹਨ। ਇਸ ਲਈ ਉਹ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਦਾ ਹਵਾਈ ਅਡਾ ਚੱਲੇ। ਇਸੇ ਲਈ ਉਹ ਚੰਡੀਗੜ੍ਹ ਹਵਾਈ ਅੱਡੇ ਦੀ ਤਰੱਕੀ ਲਈ ਪੂਰਾ ਜੋਰ ਲਾ ਰਹੇ ਹਨ। ਪੰਜਾਬ ਦੇ ਕਿਸੇ ਵੀ ਪਾਰਲੀਮੈਂਟ ਮੈਂਬਰ ਨੇ ਅੰਮ੍ਰਿਤਸਰ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਬਾਰੇ ਬਜਟ ਸੈਸ਼ਨ ਵਿਚ ਗਲ ਨਹੀਂ ਕੀਤੀ, ਇੱਥੋਂ ਤੀਕ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਿੰਘਾਪੁਰ ਏਅਰਲਾਈਨ ਤੇ ਹੋਰ ਏਅਰਲਾਈਨਾਂ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕਰਵਾਈਆਂ ਸਨ, ਨੇ ਲੋਕ ਸਭਾ ਵਿਚ ਇਹ ਮੁੱਦਾ ਨਹੀਂ ਉਠਾਇਆ। ਹਾਂ, ਲੋਕ ਸਭਾ ਮੈਂਬਰ ਪ੍ਰੋæ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੰਡੀਗੜ੍ਹ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।
ਹੈਰਾਨੀ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ ਮੰਗ ਕਰਦਾ ਰਿਹਾ ਹੈ ਤੇ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲਾਨਾ ਇਜਲਾਸ ਵਿਚ ਇਸ ਸਬੰਧੀ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਦੀ ਰਹੀ ਹੈ ਤਾਂ ਕਿ ਵਿਦੇਸ਼ਾਂ ਤੋਂ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਆਸਾਨੀ ਨਾਲ ਦਰਸ਼ਨ ਕਰ ਸਕਣ।
ਹਾਲ ਹੀ ਵਿਚ ਵਿਤਕਰੇ ਦੀ ਨਵੀਂ ਮਿਸਾਲ ਇਹ ਹੈ ਕਿ ਦਿੱਲੀ ਨੂੰ ਲਾਭ ਪਹੁੰਚਾਉਣ ਲਈ ਅੰਮ੍ਰਿਤਸਰ ਨੂੰ ਈ-ਵੀਜ਼ਾ ਦੀ ਸਹੂਲਤ ਨਹੀਂ ਦਿੱਤੀ ਗਈ। ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਨੂੰ ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਕਾਰਨ ਮਈ 2012 ਵਿਚ ਬੰਦ ਕੀਤੀ ਗਈ ਸੀ। ਪਰ ਇਹ ਅਜੇ ਤੀਕ ਸ਼ੁਰੂ ਨਹੀਂ ਹੋਈ ਜਦਕਿ ਜੈਟ ਏਅਰਵੇਜ਼ ਦੀ ਅੰਮ੍ਰਿਤਸਰ-ਦਿੱਲੀ-ਬਰਸਲ-ਟੋਰਾਂਟੋ ਉਡਾਣ ਸਫ਼ਲਤਾਪੂਰਵਕ ਚਲ ਰਹੀ ਹੈ। ਪਿਛਲੀ ਸਰਕਾਰ ਨੇ ਇੱਥੋਂ ਵਿਦੇਸ਼ਾਂ ਨੂੰ ਸਿੱਧੀਆਂ ਜਾਣ-ਆਉਣ ਵਾਲੀਆਂ ਉਡਾਣਾਂ ਨੂੰ ਬਰਾਸਤਾ ਦਿੱਲੀ ਕਰ ਦਿੱਤਾ ਸੀ। ਇਸ ਨਾਲ ਜਿੱਥੇ ਹਵਾਈ ਅੱਡੇ ਦੀ ਆਮਦਨ ਘਟੀ, ਉਥੇ ਯਾਤਰਆਂ ਨੂੰ ਦਿੱਲੀ ਧੱਕੇ ਖਾਣੇ ਪੈ ਰਹੇ ਹਨ। ਦਿੱਲੀ ਜਾਣ-ਆਉਣ ਲਈ 8-9 ਘੰਟੇ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ।
ਏਅਰ ਇੰਡੀਆ ਦੀਆਂ ਦਿੱਲੀ ਤੋਂ ਵਿਦੇਸ਼ਾਂ ਨੂੰ ਰਾਤ ਨੂੰ ਉਡਾਣਾਂ ਜਾਂਦੀਆਂ ਹਨ। ਸਿੰਘਾਪੁਰ ਨੂੰ ਰਾਤ 11:30 ਵਜੇ, ਸ਼ਿਕਾਗੋ ਰਾਤ 2 ਵਜੇ, ਨਿਊ ਯਾਰਕ ਰਾਤ ਡੇਢ ਵਜੇ ਹੈ ਪਰ ਏਅਰ ਇੰਡੀਆ ਅੰਮ੍ਰਿਤਸਰ ਤੋਂ ਸਵਾਰੀਆਂ ਨੂੰ ਦੁਪਹਿਰੇ 2:30 ਵਜੇ ਦਿੱਲੀ ਲੈ ਕੇ ਜਾਂਦੀ ਹੈ। ਯਾਤਰੂਆਂ ਨੂੰ ਦਿੱਲੀ ਜਾ ਕੇ 8 ਤੋਂ 11 ਘੰਟੇ ਬੈਠਣਾ ਪੈਂਦਾ ਹੈ। ਸਵਾਰੀਆਂ ਇੰਨਾ ਚਿਰ ਠਹਿਰਨਾ ਪਸੰਦ ਨਹੀਂ ਕਰਦੀਆਂ ‘ਤੇ ਦੂਜੀਆਂ ਏਅਰਲਾਈਨਾਂ ਦੀਆਂ ਟਿਕਟਾਂ ਲੈ ਲੈਂਦੀਆਂ ਹਨ। ਇਸ ਦੇ ਟਾਕਰੇ ‘ਤੇ ਜੈਟ ਏਅਰਵੇਜ਼ ਸ਼ਾਮ ਨੂੰ 6:15 ਵਜੇ ਅੰਮ੍ਰਿਤਸਰ ਤੋਂ ਸਵਾਰੀਆਂ ਲੈ ਕੇ ਦਿੱਲੀ ਜਾਂਦੀ ਹੈ। ਉਥੋਂ 2 ਜਾਂ 3 ਘੰਟੇ ਬਾਅਦ ਸਵਾਰੀਆਂ ਟੋਰਾਂਟੋ ਤੇ ਹੋਰਨਾਂ ਥਾਂਵਾਂ ਲਈ ਚਲ ਪੈਂਦੀਆਂ ਹਨ। ਕਤਰ ਏਅਰਵੇਜ਼ ਦੇ ਜਹਾਜ ਅੰਮ੍ਰਿਤਸਰ ਤੋਂ ਦੋਹਾ ਲਈ ਭਰੇ ਜਾਂਦੇ ਹਨ ਕਿਉਂਕਿ ਦੋਹਾ ਤੋਂ ਕੋਈ 2 ਘੰਟੇ ਬਾਅਦ ਯਾਤਰੂਆਂ ਨੂੰ ਹੋਰ ਮੁਲਕਾਂ ਲਈ ਉਡਾਣ ਮਿਲ ਜਾਂਦੀ ਹੈ। ਜੇ ਠਹਿਰ 8 ਘੰਟੇ ਤੋਂ ਵਧ ਹੋਵੇ ਤਾਂ ਕਤਰ ਏਅਰਵੇਜ਼ ਵਾਲੇ ਸਵਾਰੀਆਂ ਨੂੰ ਹੋਟਲ ਵਿਚ ਠਹਿਰਾਉਂਦੇ ਹਨ। ਪਰ ਏਅਰ ਇੰਡੀਆ ਹੋਟਲ ਦੀ ਸਹੂਲਤ ਮੁਹੱਈਆ ਨਹੀਂ ਕਰਦੀ। ਉਜ਼ਬੈਕ ਏਅਰਵੇਜ਼ ਤੇ ਤੁਰਕਮਿਨਸਤਾਨ ਏਅਰਲਾਈਨ ਦੀਆਂ ਅੰਮ੍ਰਿਤਸਰ ਤੋਂ ਉਡਾਣਾਂ ਭਰੀਆਂ ਜਾਂਦੀਆਂ ਹਨ। ਇਸ ਲਈ ਏਅਰ ਇੰਡੀਆ ਨੂੰ ਅੰਮ੍ਰਿਤਸਰ ਤੋਂ ਸ਼ਾਮ ਨੂੰ 8 ਜਾਂ 9 ਵਜੇ ਦਿੱਲੀ ਲਈ ਉਡਾਣ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਏਅਰ ਇੰਡੀਆ 50 ਸਵਾਰੀਆਂ ਵਾਲੇ ਛੋਟੇ ਜਹਾਜ ਲਾਵੇ ਜਿਹੜੇ ਰਾਤ ਨੂੰ ਦਿੱਲੀ ਆਉਂਦੀਆਂ ਤੇ ਜਾਂਦੀਆਂ ਸਵਾਰੀਆਂ ਨੂੰ ਅੰਮ੍ਰਿਤਸਰ ਲਿਆਉਣ ਤੇ ਖੜਨ। ਲੋੜ ਹੈ ਦਿੱਲੀ ਵਾਂਗ ਅੰਮ੍ਰਿਤਸਰ ਨੂੰ ਹੱਬ ਬਣਾਇਆ ਜਾਵੇ।
ਏਅਰ ਇੰਡੀਆ ਦੀਆਂ ਕੇਵਲ 2 ਵਿਦੇਸ਼ੀ ਉਡਾਣਾਂ ਵਾਰਾਣਸੀ-ਕਾਠਮੰਡੂ ਤੇ ਕਲਕੱਤਾ-ਰੰਗੂਨ ਲਾਭ ਵਿਚ ਹਨ। ਇਹ ਇਸ ਕਰਕੇ ਹਨ ਕਿ ਇਹ ਉਡਾਣਾਂ ਸਿੱਧੀਆਂ ਹਨ ਤੇ ਉਨ੍ਹਾਂ ਦੇ ਮੁਕਾਬਲੇ ‘ਤੇ ਕੋਈ ਹੋਰ ਏਅਰ ਲਾਈਨ ਨਹੀਂ। ਦਿੱਲੀ ਹਵਾਈ ਅੱਡੇ ਤੋਂ ਚਲਦੀਆਂ ਵਿਦੇਸ਼ੀ ਏਅਰਲਾਈਨ ਉਡਾਣਾਂ ਦਾ ਮੁਕਾਬਲਾ ਏਅਰ ਇੰਡੀਆ ਨਹੀਂ ਕਰ ਸਕਦੀ। ਦਿੱਲੀ ਤੋਂ ਯਾਤਰੂ ਏਅਰ ਇੰਡੀਆ ਦੀ ਥਾਂ ਦੂਜੀਆਂ ਕੰਪਨੀਆਂ ਦੀਆਂ ਉਡਾਣਾਂ ਲੈ ਲੈਂਦੇ ਹਨ ਤੇ ਏਅਰ ਇੰਡੀਆ ਦੇ ਜਹਾਜ ਖਾਲੀ ਜਾਂਦੇ ਹਨ। ਇਸ ਲਈ ਲੋੜ ਹੈ ਦਿੱਲੀ ਤੋਂ ਏਅਰ ਇੰਡੀਆ ਦੀਆਂ ਵਿਦੇਸ਼ੀ ਉਡਾਣਾਂ ਬੰਦ ਕਰਕੇ ਅੰਮ੍ਰਿਤਸਰ, ਜੈਪੁਰ, ਲਖਨਊ ਆਦਿ ਗ਼ੈਰ-ਮੈਟਰੋ ਹਵਾਈ ਅੱਡਿਆਂ ਤੋਂ ਸ਼ੁਰੂ ਕੀਤੀਆਂ ਜਾਣ, ਜਿਵੇਂ ਕਿ ਪਹਿਲਾਂ ਚਲਦੀਆਂ ਸਨ। ਜੇ ਇਕ ਹਵਾਈ ਜਹਾਜ ਹਵਾਈ ਅਡੇ ‘ਤੇ ਖੜਾ ਰਹੇ ਤਾਂ ਇਸ ਨਾਲ ਹਵਾਈ ਅੱਡੇ ਨੂੰ 10 ਕਰੋੜ ਰੁਪਏ ਸਾਲਾਨਾ ਆਮਦਨ ਹੁੰਦੀ ਹੈ। ਜੇ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਇਹ ਹਵਾਈ ਅੱਡਾ ਕਰੋੜਾਂ ਰੁਪਏ ਸਾਲਾਨਾ ਕਮਾ ਸਕਦਾ ਹੈ।
ਮਿਸਾਲ ਦੇ ਤੌਰ ‘ਤੇ ਏਅਰ ਇੰਡੀਆ ਦੀਆਂ ਲੰਡਨ, ਬਰਮਿੰਘਮ ਦੀਆਂ ਉਡਾਣਾਂ ਘਾਟੇ ਵਿਚ ਹਨ। ਇਸ ਦਾ ਕਾਰਨ ਹੈ ਇਹ ਹੈ ਕਿ ਹਵਾਈ ਜਹਾਜ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਹੈ ਤੇ ਫਿਰ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਹੈ। ਇਸ ਤਰ੍ਹਾਂ ਉਸ ਨੂੰ ਦੋ ਵਾਧੂ ਫੇਰੇ ਲਾਉਣੇ ਪੈਂਦੇ ਹਨ। ਇਕ ਫੇਰੇ ਦਾ ਖਰਚਾ ਕਰੀਬ 5 ਲੱਖ ਰੁਪਏ ਹੈ। ਬਰਮਿੰਘਮ ਤੇ ਮਾਨਚੈਸਟਰ ਪੰਜਾਬੀਆਂ ਦੇ ਗੜ੍ਹ ਹਨ। ਇਕ ਜਹਾਜ ਰੋਜ਼ਾਨਾ ਅੰਮ੍ਰਿਤਸਰ-ਬਰਮਿੰਘਮ ਆਰਾਮ ਨਾਲ ਆ ਜਾ ਸਕਦਾ ਹੈ। ਇਸ ਨੂੰ ਦਿੱਲੀ ਤੋਂ ਚਲਾਉਣ ਦੀ ਲੋੜ ਨਹੀਂ। ਇਹ ਅੰਮ੍ਰਿਤਸਰ ਹੀ ਰਹੇ ਤੇ ਇਥੋਂ ਹੀ ਬਰਮਿੰਘਮ ਦੇ ਫੇਰੇ ਲਾਉਂਦਾ ਰਹੇ।
ਜੈਟ ਏਅਰਵੇਜ਼ ਦੀ ਅੰਮ੍ਰਿਤਸਰ-ਲੰਡਨ ਉਡਾਣ ਬੜੀ ਸਫ਼ਲਤਾਪੂਰਵਕ ਚਲਦੀ ਰਹੀ ਹੈ। ਅੰਮ੍ਰਿਤਸਰ-ਦਿੱਲੀ-ਲੰਡਨ ਦੋ ਉਡਾਣਾਂ ਹਨ, ਇਕ ਦਾ ਘਾਟਾ 226 ਕਰੋੜ ਹੈ ਤੇ ਦੂਜੀ ਦਾ 154 ਕਰੋੜ ਰੁਪਏ ਹੈ। ਇਨ੍ਹਾਂ ਵਿਚੋਂ ਇਕ ਜਹਾਜ ਨਾਲ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਅੰਮ੍ਰਿਤਸਰ ਤੋਂ ਯਾਤਰੂ ਲੰਡਨ ਜਾ ਕੇ ਬ੍ਰਿਟਿਸ਼ ਏਅਰਵੇਜ਼ ਜਾਂ ਹੋਰ ਏਅਰ ਲਾਈਨ ਦੀਆਂ ਉਡਾਣਾਂ ਲੈ ਕੇ ਅਮਰੀਕਾ, ਕੈਨੇਡਾ ਤੇ ਯੂਰਪ ਨੂੰ ਜਾ ਸਕਦੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਇਸ ਉਡਾਣ ਨੂੰ ਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਲਾਗਲੇ ਸ਼ਹਿਰਾਂ ਦੀਆਂ ਸਵਾਰੀਆਂ ਵੀ ਮਿਲਣਗੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵੈਨਕੂਵਰ ਸਿੱਧੀ ਉਡਾਣ ਸਫ਼ਲਤਾਪੂਰਵਕ ਚਲ ਸਕਦੀ ਹੈ। ਜਿਹੜੀਆਂ ਸਵਾਰੀਆਂ ਆਸਟ੍ਰੇਲੀਆ ਜਾਂਦੀਆਂ ਹਨ, ਉਨ੍ਹਾਂ ਵਿਚ ਸਭ ਪੰਜਾਬੀ ਹੁੰਦੇ ਹਨ। ਇਸ ਲਈ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਸਿੱਧੀ ਉਡਾਣ ਚਲ ਸਕਦੀ ਹੈ। ਅੰਮ੍ਰਿਤਸਰ-ਫਰੈਕਫਰਟ ਸਿੱਧੀ ਉਡਾਣ ਵੀ ਸਫ਼ਲਤਾ ਪੂਰਵਕ ਚਲ ਸਕਦੀ ਹੈ ਕਿਉਂਕਿ ਫ਼ਰੈਂਕਫਰਟ ਤੋਂ ਲੁਫਥਾਂਸਾ ਏਅਰਲਾਈਨ ਦੀਆਂ ਉਡਾਣਾਂ ਲੈ ਕੇ ਯਾਤਰੂ ਅੱਗੇ ਜਾ ਸਕਦੇ ਹਨ। ਅੰਮ੍ਰਿਤਸਰ ਤੋਂ ਸੈਨ ਫਰਾਂਸਿਸਕੋ ਉਡਾਣ ਵੀ ਚਲ ਸਕਦੀ ਹੈ ਕਿਉਂਕਿ ਕੈਲੀਫੋਰਨੀਆ ਪੰਜਾਬੀਆਂ ਦਾ ਗੜ੍ਹ ਹੈ। ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਉਡਾਣ ਵੀ ਚਲ ਸਕਦੀ ਹੈ। ਸਿਧੀਆਂ ਉਡਾਣਾਂ ਨਾਲ ਸਵਾਰੀਆਂ ਦੇ ਨਾਲ ਨਾਲ ਪੰਜਾਬ ਅਤੇ ਹਿਮਾਚਲ ਦੀਆਂ ਸਬਜੀਆਂ, ਫਲ, ਡੱਬਾ ਪੈਕ ਆਦਿ ਕਾਰਗੋ ਦਾ ਸਮਾਨ ਵੀ ਜਾ ਸਕਦਾ ਹੈ, ਜੋ ਇਸ ਸਮੇਂ ਨਹੀਂ ਜਾ ਰਿਹਾ।
ਜੇ ਏਅਰ ਇੰਡੀਆ ਸਿੱਧੀਆਂ ਉਡਾਣਾਂ ਸ਼ੁਰੂ ਕਰ ਦੇਵੇ ਤਾਂ ਇਸ ਨਾਲ ਹੋਰ ਵਿਦੇਸ਼ੀ ਕੰਪਨੀਆਂ ਆਪਣੇ ਆਪ ਆ ਜਾਣਗੀਆਂ। ਬਿਹਤਰ ਹੋਵੇਗਾ ਜੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਲੀ ਵਾਂਗ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤਾ ਜਾਵੇ। ਇਸ ਨਾਲ ਇਸ ਅੱਡੇ ਨੂੰ ਚਲਾਉਣ ਵਾਲੀ ਕੰਪਨੀ ਵਿਦੇਸ਼ੀ ਉਡਾਣਾਂ ਲਿਆਵੇਗੀ ਜਿਸ ਨਾਲ ਇਹ ਹੋਰ ਤਰਕੀ ਕਰੇਗਾ।