ਸਨੋਬਰ ਸਾਰਾ
ਵਲੈਤ ਵਿਚ ਜਨਮੀ ਭਾਰਤੀ ਖੇਰ ਨੂੰ ਇਸ ਵਾਰ ਫਰਾਂਸ ਦਾ ਸਰਵੋਤਮ ਕਲਾ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਉਸ ਨੂੰ ਨਵੀਂ ਦਿੱਲੀ ਵਿਖੇ ਭਾਰਤ ਵਿਚ ਫਰਾਂਸ ਦੇ ਰਾਜਦੂਤ ਫਰਾਂਸਵਾ ਰਿੱਚੀ ਨੇ ਦਿੱਤਾ। 46 ਸਾਲਾ ਭਾਰਤੀ ਖੇਰ ਦਾ ਕਲਾ ਜਗਤ ਵਿਚ ਆਪਣਾ ਨਿਵੇਕਲਾ ਸਥਾਨ ਹੈ।
1969 ਵਿਚ ਜਨਮੀ ਭਾਰਤੀ ਨੇ ਗਰੈਜੂਏਸ਼ਨ ਨਿਊ ਕੈਸਲ ਪੌਲਿਟੈਕਨਿਕ (ਇੰਗਲੈਂਡ) ਤੋਂ 1991 ਵਿਚ ਕੀਤੀ ਸੀ। ਉਸ ਤੋਂ ਅਗਲੇ ਸਾਲ ਜਦੋਂ ਉਹ 23 ਵਰ੍ਹਿਆਂ ਦੀ ਸੀ, ਭਾਰਤ ਆਣ ਪੁੱਜੀ ਅਤੇ ਸਮੁੱਚੇ ਤੌਰ ‘ਤੇ ਕਲਾ ਨੂੰ ਸਮਰਪਿਤ ਹੋ ਗਈ। ਅੱਜ ਕੱਲ੍ਹ ਉਹ ਦਿੱਲੀ ਵਿਚ ਵਸਦੀ ਹੈ। ਉਹਦਾ ਵਿਆਹ ਸਬੋਧ ਗੁਪਤਾ ਨਾਂ ਦੇ ਆਰਟਿਸਟ ਨਾਲ ਹੋਇਆ ਹੈ।
ਭਾਰਤੀ ਖੇਰ ਦਾ ਕਰਮ ਖੇਤਰ ਚਿੱਤਰਕਲਾ ਅਤੇ ਬੁੱਤਸਾਜ਼ੀ ਹੈ। ਹੁਣ ਫਰਾਂਸ ਦਾ ਸਰਵੋਤਮ ਕਲਾ ਪੁਰਸਕਾਰ ਹਾਸਲ ਕਰ ਕੇ ਭਾਰਤੀ ਖੇਰ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਇਸ ਪੁਸਰਕਾਰ ਨਾਲ ਉਸ ਦੇ ਨਾਂ ਨੇ ਸੰਸਾਰ ਪੱਧਰੀ ਉਡਾਰੀ ਤਾਂ ਮਾਰੀ ਹੀ ਹੈ, ਮਾਰਕਿਟ ਵਿਚ ਵੀ ਉਸ ਦਾ ਮੁੱਲ ਉਚਾ ਕੀਤਾ ਹੈ। ਉਂਜ ਉਹ ਇਸ ਉਚੀ ਉਡਾਰੀ ਦੇ ਬਾਵਜੂਦ ਜੜ੍ਹਾਂ ਨਾਲ ਜੁੜੀ ਹੋਈ ਹੈ ਅਤੇ ਸਦਾ ਹੀ ਜੁੜੀ ਰਹਿਣਾ ਚਾਹੁੰਦੀ ਹੈ। ਉਸ ਦਾ ਆਖਣਾ ਹੈ ਕਿ ਇਹ ਜੜ੍ਹਾਂ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦੀਆਂ ਹਨ, ਇਨ੍ਹਾਂ ਤੋਂ ਟੁੱਟਿਆ ਨਹੀਂ ਜਾ ਸਕਦਾ। ਉਹ ਸਵੀਕਾਰ ਕਰਦੀ ਹੈ ਕਿ ਇਹ ਜੜ੍ਹਾਂ ਉਸ ਦੀ ਕਲਾ ਵਿਚ ਵੀ ਆਰ-ਪਾਰ ਫੈਲੀਆਂ ਹੋਈਆਂ ਹਨ। ਇਸੇ ਕਰ ਕੇ ਜਦੋਂ ਉਹ ਕਿਤੇ ਦੋਚਿਤੀ ਵਿਚ ਹੁੰਦੀ ਹੈ ਤਾਂ ਆਪਣੀਆਂ ਜੜ੍ਹਾਂ ਨੂੰ ਯਾਦ ਕਰਦੀ ਹੈ ਅਤੇ ਅਗਾਂਹ ਆਪਣੀਆਂ ਲੱਗ ਰਹੀਆਂ ਜੜ੍ਹਾਂ, ਆਪਣੀ ਧੀ ਅਤੇ ਪੁੱਤਰ ਨਾਲ ਖੁੱਲ੍ਹ ਕੇ ਗੱਲਾਂ ਕਰਦੀ ਹੈ, ਇਨ੍ਹਾਂ ਨੂੰ ਅਜਾਇਬ ਘਰਾਂ ਦੇ ਗੇੜੇ ਲਵਾਉਂਦੀ ਹੈ। ਇਉਂ ਉਸ ਦੀ ਦੋਚਿਤੀ ਛੇਤੀ ਹੀ ਸਪਸ਼ਟਤਾ ਵਿਚ ਬਦਲ ਜਾਂਦੀ ਹੈ। ਭਾਰਤੀ ਖੇਰ ਹੁਣ ਤੱਕ ਕਈ ਸਫ਼ਲ ਸੋਲੋ ਅਤੇ ਗਰੁਪ ਨੁਮਾਇਸ਼ਾਂ ਲਾ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀਆਂ ਕਲਾ ਕਿਰਤਾਂ ਵਿਚ ਮਨੁੱਖ ਸਦਾ ਹੀ ਪ੍ਰਮੁੱਖ ਰਿਹਾ ਹੈ। ਮਨੁੱਖ ਵਿਚੋਂ ਵੀ ਉਹ ਔਰਤ ਨੂੰ ਵੱਧ ਮਹੱਤਤਾ ਦਿੰਦੀ ਹੈ। ਉਸ ਮੁਤਾਬਕ ਜਨਣੀ ਔਰਤ ਨੂੰ ਮਨੁੱਖ ਦੇ ਬਣਾਏ ਸਮਾਜ ਵਿਚ ਬਹੁਤ ਜੂਝਣਾ ਪੈ ਰਿਹਾ ਹੈ। ‘ਜੂਝਣਾ’ ਸ਼ਬਦ ਆਖਦਿਆਂ ਉਹ ਰਤਾ ਕੁ ਰੁਕ ਵੀ ਜਾਂਦੀ ਹੈ ਅਤੇ ਦੱਸਦੀ ਹੈ ਕਿ ਇਹ ਜੁਝਾਰੂਪਣ ਫਿਲਹਾਲ ਬਹੁਤ ਘੱਟ ਔਰਤਾਂ ਦੇ ਹਿੱਸੇ ਆਇਆ ਹੈ, ਬਹੁ-ਗਿਣਤੀ ਔਰਤਾਂ ਤਾਂ ਅਜੇ ਸ਼ੋਸ਼ਣ ਦਾ ਹੀ ਸ਼ਿਕਾਰ ਹੋ ਰਹੀਆਂ ਹਨ। ਇਸ ਸ਼ੋਸ਼ਣ ਵਿਚ ਸਰੀਰਕ ਸ਼ੋਸ਼ਣ ਦੇ ਨਾਲ-ਨਾਲ ਮਾਨਸਿਕ ਸ਼ੋਸ਼ਣ ਵੀ ਸ਼ਾਮਲ ਹੈ। ਉਹ ਔਰਤ ਦੀ ਇਸ ਮਾਨਸਿਕ ਗੁੰਝਲ ਦਾ ਥਹੁ ਪਾਉਣ ਲਈ ਹੀ ਕਲਾ ਦੀ ਉਡਾਰੀ ਭਰਦੀ ਹੈ ਅਤੇ ਹਰ ਵਾਰ ਸੋਚਦੀ ਹੈ ਕਿ ਉਸ ਦੀ ਕਲਾ ਕਿਰਤ ਸਮੁੰਦਰ ਵਿਚ ਚੁੱਭੀ ਮਾਰ ਕੇ ਮੋਤੀ ਕੱਢਣ ਵਾਂਗ ਹੈæææਤੇ ਸੱਚਮੁੱਚ ਹੀ ਉਸ ਦੀ ਹਰ ਕਲਾ ਉਸ ਦੀ ਇਸ ਸੋਚ ਉਤੇ ਪੂਰੀ ਉਤਰਦੀ ਹੈ। ਉਸ ਦੀਆਂ ਕਲਾ ਕਿਰਤਾਂ ਬੰਦੇ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਇਹ ਖੁਲਾਸਾ ਉਸ ਦੀਆਂ ਨੁਮਾਇਸ਼ਾਂ ਦੌਰਾਨ ਰੱਖੇ ਰਜਿਸਟਰ ਉਤੇ ਕਲਾ ਪ੍ਰਸ਼ੰਸਕਾਂ ਵਲੋਂ ਲਿਖੀਆਂ ਟਿੱਪਣੀਆਂ ਹਨ।
ਯਾਦ ਰਹੇ, ਭਾਰਤੀ ਖੇਰ ਦੇ ਪਤੀ ਸੁਬੋਧ ਗੁਪਤਾ ਨੂੰ ਫਰਾਂਸ ਦਾ ਇਹੀ ਪੁਰਸਕਾਰ ਜਨਵਰੀ 2013 ਵਿਚ ਮਿਲਿਆ ਸੀ। ਇਸ ਤੋਂ ਪਹਿਲਾਂ ਅਦਾਕਾਰਾ ਨੰਦਿਤਾ ਦਾਸ, ਫੋਟੋਗ੍ਰਾਫਰ ਰਘੂ ਰਾਏ, ਮਰਹੂਮ ਰੰਗਕਰਮੀ ਹਬੀਬ ਤਨਵੀਰ, ਰੰਗਕਰਮੀ ਇਬਰਾਹਿਮ ਅਲਕਾਜ਼ੀ ਅਤੇ ਲੇਖਕ ਉਪਮੰਨਯੂ ਚੈਟਰਜੀ ਵਰਗੀਆਂ ਸ਼ਖਸੀਅਤਾਂ ਨੂੰ ਇਹ ਇਨਾਮ ਦਿੱਤਾ ਜਾ ਚੁੱਕਾ ਹੈ। ਫਰਾਂਸ ਵਲੋਂ ਇਹ ਪੁਸਰਕਾਰ ਹਰ ਸਾਲ ਕਲਾ ਦੇ ਖੇਤਰ ਵਿਚ ਨਿਵੇਕਲੀ ਸਿਰਜਣਾ-ਉਡਾਰੀ ਭਰਨ ਵਾਲੇ ਕਲਾਕਾਰ ਨੂੰ ਦਿੱਤਾ ਜਾਂਦਾ ਹੈ।
________________________________
ਇਕ ਦਿਨ ਇਉਂ ਹੋਇਆ ਬਿੰਦੀ ਦਾ ਕਮਾਲ਼ææ
ਸਾਲ 1995æææਭਾਰਤੀ ਖੇਰ ਮਾਰਕਿਟ ਵਿਚ ਘੁੰਮ ਰਹੀ ਸੀ ਕਿ ਉਸ ਨੇ ਕਿਸੇ ਔਰਤ ਦੇ ਮੱਥੇ ਉਤੇ ਲੱਗੀ ‘ਸ਼ੁਕਰਾਣੂ ਵਾਲੇ ਆਕਾਰ’ ਦੀ ਬਿੰਦੀ ਦੇਖੀ। ਉਹਨੇ ਤੁਰੰਤ ਔਰਤ ਤੋਂ ਦੁਕਾਨ ਦਾ ਸਿਰਨਾਵਾਂ ਪੁੱਛਿਆ ਅਤੇ ਸਾਰੀਆਂ ਬਿੰਦੀਆਂ ਚੁੱਕ ਲਿਆਈ। ਘਰ ਆ ਕੇ ਜਿਹੜੀ ਕਲਾਂ ਕਿਰਤ ਇਨ੍ਹਾਂ ਬਿੰਦੀਆਂ ਤੋਂ ਤਿਆਰ ਹੋਈ, ਉਹ ਕਮਾਲ ਹੋ ਨਿਬੜੀ। ਪਿੱਛੋਂ ਉਹਦੀ ਕਲਾਂ ਵਿਚ ਬਿੰਦੀ ਦਾ ਬਹੁਤ ਅਹਿਮ ਸਥਾਨ ਹੋ ਗਿਆ।