ਗੁਲਜ਼ਾਰ ਸਿੰਘ ਸੰਧੂ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਅਖੰਡ ਪੰਜਾਬ ਦੇ ਚੱਕ ਨੰਬਰ 105 ਦਾ ਸੀ। ਉਸ ਦੇ ਮਾਪਿਆਂ ਨੇ ਇਸ ਚੱਕ ਦਾ ਨਾਂ ਬੰਗਾ ਰੱਖ ਲਿਆ ਸੀ। ਬੰਗਾ ਨਾਂ ਦਾ ਸ਼ਹਿਰ ਫਗਵਾੜਾ-ਨਵਾਂ ਸ਼ਹਿਰ ਸੜਕ ਉਤੇ ਪੈਂਦਾ ਹੈ। ਇਥੋਂ ਸ਼ਹੀਦ ਦੇ ਪੁਰਖਿਆਂ ਦਾ ਪਿੰਡ ਖਟਕੜ ਕਲਾਂ ਦੋ ਕਿਲੋਮੀਟਰ ਹੈ। 23 ਮਾਰਚ 1931 ਨੂੰ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਦੀ ਸ਼ਹੀਦੀ ਨੇ ਓਧਰਲੇ ਤੇ ਇਧਰਲੇ ਦੋਵੇਂ ਬੰਗਿਆਂ ਨੂੰ ਅਮਰ ਕਰ ਦਿੱਤਾ ਹੈ।
ਉਧਰਲੇ ਬੰਗੇ ਨੂੰ ਅਮਰਤਾ ਪ੍ਰਦਾਨ ਕਰਨ ਵਾਲੇ ਲਹਿੰਦੇ ਪੰਜਾਬ ਦੇ ਨਾਮਵਰ ਅਦੀਬ ਅਫਜ਼ਲ ਅਹਿਸਨ ਰੰਧਾਵਾ, ਨਜ਼ਮ ਹੁਸੈਨ ਸੱਯਦ, ਮੀਆਂ ਸਲੀਮ ਜਹਾਂਗੀਰ ਅਤੇ ਅਹਿਮਦ ਸਲੀਮ ਹੀ ਨਹੀਂ, ਸਾਹੀਵਾਲ ਦਾ ਉਘਾ ਰੰਗ-ਮੰਚ ਹਸਤਾਖਰ ਸ਼ਫੀਕ ਬੱਟ ਵੀ ਹੈ। ਪਰ ਪਿਛਲੇ ਸਾਲਾਂ ਵਿਚ ਜਿਸ ਅਦਬੀ ਸ਼ਖਸੀਅਤ ਨੇ ਸਾਡੇ ਅਮਰ ਸ਼ਹੀਦ ਦੇ ਨਾਂ ਰੌਸ਼ਨ ਕਰਨ ਦਾ ਬੀੜਾ ਚੁੱਕਿਆ, ਉਹ ਕੋਲੰਬੀਆ ਤੋਂ ਉਚੀ ਵਿਦਿਆ ਪ੍ਰਾਪਤ ਅਤੇ ਇੰਨਸਟੀਚਿਊਟ ਆਫ ਪੀਸ ਐਂਡ ਸੈਕੂਲਰ ਸਟੱਡੀਜ਼ ਦੀ ਬਾਨੀ ਸੰਸਥਾਪਕ ਦਾਈਪ ਸਾਈਦਾ ਤੇ ਉਸ ਦੀਆਂ ਬੇਟੀਆਂ ਹਨ। ਉਸ ਨੇ ਭਗਤ ਸਿੰਘ ਦੀ ਸ਼ਹੀਦੀ ਨਾਲ ਸਬੰਧਤ ਦਸਤਾਵੇਜ਼ਾਂ ਦਾ ਅਧਿਐਨ ਕਰ ਕੇ ਲਾਹੌਰ ਦੇ ਸ਼ਹੀਦੀ ਅਸਥਾਨ ਸ਼ਾਦਮਾਨ ਚੌਕ ਦੀ ਨਿਸ਼ਾਨ ਦੇਹੀ ਕਰਕੇ ਇਸ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਦਾ ਬੀੜਾ ਚੁੱਕਿਆ। ਉਹ ਹਰ ਸਾਲ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਦੇ ਫੱਟੇ ਲੈ ਕੇ ਇਸ ਚੌਕ ਉਤੇ ਜਲੂਸ ਕੱਢਦੀ ਹੈ। ਉਹ ਆਪਣੇ ਸਮੇਂ ਦੇ ਪ੍ਰਮੁੱਖ ਸ਼ਾਸਕ ਨੂਰ-ਉਲ-ਅਮੀਨ ਮੈਂਗਲ ਦਾ ਸਾਥ ਪ੍ਰਾਪਤ ਕਰਨ ਵਿਚ ਵੀ ਸਫਲ ਹੋਈ। ਅਮੀਨ ਮੈਂਗਲ ਸ਼ਹੀਦ-ਏ-ਆਜ਼ਮ ਦਾ ਅਜਿਹਾ ਮੱਦਾਹ ਹੈ ਜਿਸ ਨੇ ਚੱਕ ਨੰਬਰ 105 ਦਾ ਮੂੰਹ-ਮੱਥਾ ਸ਼ਿੰਗਾਰਨ ਅਤੇ ਇਸ ਦਾ ਵਿਕਾਸ ਕਰਨ ਲਈ ਪਿਛਲੇ ਸਾਲ ਅੱਠ ਕਰੋੜ ਰੁਪਏ ਦਾ ਬਜਟ ਪਾਸ ਕਰਵਾਇਆ ਹੈ। ਲਹਿੰਦੇ ਪੰਜਾਬ ਦੇ ਨੁੱਕੜ ਨਾਟਕਕਾਰ ਸ਼ਫੀਕ ਬੱਟ ਨੇ ਚੱਕ ਨੰਬਰ 105 ਨੇੜੇ ਕਸਬਾ ਜੜ੍ਹਾਂ ਵਾਲਾ ਵਿਚ ਪੰਜ ਰੋਜ਼ਾ ਲੋਕ ਬੋਲੀ ਮੇਲਾ ਰਚਾ ਕੇ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਉਤੇ ਫੁੱਲ ਚੜ੍ਹਾਏ ਹਨ।
ਇਸੇ ਤਰ੍ਹਾਂ ਸੁਚੇਤ ਕਿਤਾਬ ਘਰ ਲਾਹੌਰ ਦੀ ਕਰਤਾ-ਧਰਤਾ ਸਾਹਿਬ ਮਕਸੂਦ ਅਤੇ ਫੈਜ਼ਾ ਰਾਨਾ ਜੋੜੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਸ਼ਹੀਦੀ ਨਾਲ ਸਬੰਧਤ ਸਾਹਿਤ ਨੂੰ ਸ਼ਾਹਮੁਖੀ ਵਿਚ ਲਿਪੀਅੰਤਰ ਕਰਵਾ ਕੇ ਲਗਾਤਾਰ ਲਹਿੰਦੇ ਪੰਜਾਬ ਦੇ ਪਾਠਕਾਂ ਤੱਕ ਪਹੁੰਚਾ ਰਹੀ ਹੈ।
ਇਧਰਲੇ ਪੰਜਾਬ ਦੇ ਖਟਕੜ ਕਲਾਂ ਨੂੰ ਆਪਾਂ ਬੰਗਾ-2 ਕਹਿ ਸਕਦੇ ਹਾਂ। ਸ਼ਹੀਦ ਦੇ ਮਾਪਿਆਂ ਦਾ ਪਿਛੋਕੜ ਤਾਂ ਖਟਕੜ ਕਲਾਂ ਦਾ ਸੀ ਪਰ ਉਨ੍ਹਾਂ ਨੇ ਉਧਰ ਜਾ ਕੇ ਚੱਕ ਨੰਬਰ, 105 ਨੂੰ ਬੰਗਾ ਨਾ ਦਿੱਤਾ ਸੀ। ਇਧਰ ਦੇ ਪੰਜਾਬੀ ਅਨੇਕ ਵਰ੍ਹਿਆਂ ਤੋਂ ਖਟਕੜ ਕਲਾਂ ਨੂੰ ਹਰ ਸਾਲ 23 ਮਾਰਚ ਵਾਲੇ ਦਿਨ ਚੇਤੇ ਕਰਦੇ ਹਨ। ਦੇਸ਼ ਦੀਆਂ ਸਭ ਸਿਆਸੀ ਪਾਰਟੀਆਂ ਤੇ ਲੋਕ ਸੇਵੀ ਸੰਸਥਾਵਾਂ ਇਸ ਦਿਨ ਇਥੇ ਸਮਾਗਮ ਰਚਾਉਂਦੀਆਂ ਹਨ। ਇਸ ਵਾਰ ਵੀ ਹਾਕਮ ਅਕਾਲੀ ਦਲ-ਭਾਜਪਾ ਤੋਂ ਬਿਨਾਂ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਅਤੇ ਕਾਂਗਰਸ ਹੀ ਨਹੀਂ ਖੱਬੀਆਂ ਪਾਰਟੀਆਂ ਨੇ ਸ਼ਹੀਦੀ ਕਾਨਫਰੰਸਾਂ ਰਚਾਈਆਂ। ਇਥੇ ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਭਗਤ ਸਿੰਘ ਨੂੰ ਫਾਂਸੀ ਲੱਗਣ ਵਾਲੇ ਕੇਸ ਨੂੰ ਨਵਿਉਂ ਸਿਰੇ ਖਲ੍ਹਵਾ ਕੇ ਉਸ ਵੇਲੇ ਦੀ ਸਰਕਾਰ ਦੀਆਂ ਵਧੀਕੀਆਂ ਨੂੰ ਨੰਗਿਆਂ ਕਰਨ ਦਾ ਵਚਨ ਲਿਆ ਅਤੇ ਉਘਾ ਸਮਾਜ ਸੇਵਕ ਅੰਨਾ ਹਜ਼ਾਰੇ ਖਟਕੜ ਕਲਾਂ ਵਿਖੇ ਸ਼ਹੀਦ ਦੇ ਪੁਰਖਿਆਂ ਦਾ ਘਰ ਵੇਖ ਕੇ ਆਇਆ। ਜਦੋਂ ਉਸ ਨੇ ਅਜਾਇਬ ਘਰ ਵਿਚ ਲੱਗੀਆਂ ਨੌਜਵਾਨ ਸ਼ਹੀਦਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਆਪ ਮੁਹਾਰੇ ਨਿਕਲੇ ਆਪਣੇ ਹੰਝੂ ਵੀ ਨਹੀਂ ਰੋਕ ਸਕਿਆ। ਉਸ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਇਹ ਦਿਨ ਸਿਆਸੀ ਗੱਲਾਂ ਕਰਨ ਦੀ ਥਾਂ ਅਮਰ ਸ਼ਹੀਦਾਂ ਦੀ ਕੁਰਬਾਨੀ ਨੂੰ ਫੁੱਲ ਚੜ੍ਹਾਉਣ ਦਾ ਹੈ। ਉਸ ਨੇ ਅਜਾਇਬ ਘਰ ਦੀ ਵਿਜ਼ੀਟਰ ਬੁੱਕ ਵਿਚ ਅੰਕਤ ਹਿੰਦੀ ਭਾਸ਼ਾ ਵਿਚ ਆਪਣੇ ਪ੍ਰਭਾਵ ਪੇਸ਼ ਕਰਦਿਆਂ ਦੇਸ਼ ਦਾ ਭਵਿੱਖ ਸੰਵਾਰਨ ਵਿਚ ਨੌਜਵਾਨ ਪੀੜ੍ਹੀ ਉਤੇ ਟੇਕ ਲਈ।
ਜੇ ਉਧਰ ਵਾਲੇ ਬੰਗੇ ਦੀ ਧਮਕ ਲਾਹੌਰ ਦੇ ਸ਼ਾਦਮਾਨ ਚੌਕ ਤੱਕ ਪੈਂਦੀ ਹੈ ਤਾਂ ਇਧਰ ਵਾਲੇ ਬੰਗੇ (ਖਟਕੜ ਕਲਾਂ) ਦੀ ਧਮਕ ਚੰਡੀਗੜ੍ਹ ਹੀ ਨਹੀਂ, ਦਿੱਲੀ ਤੱਕ ਪੈਂਦੀ ਹੈ। ਇੱਕ ਪੁਲਿਸ ਇੰਸਪੈਕਟਰ ਰਾਮ ਦਿਆਲ ਦਾ ਸਥਾਪਤ ਕੀਤਾ ਜਾਗ੍ਰਿਤੀ ਮਿਸ਼ਨ 23 ਮਾਰਚ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਤੋਂ ਸੱਤ ਬੱਸਾਂ ਵਿਚ 3500 ਸਕੂਲੀ ਵਿਦਿਆਰਥੀਆਂ ਨੂੰ ਖਟਕੜ ਕਲਾਂ ਲਿਜਾ ਕੇ ਉਨ੍ਹਾਂ ਨੂੰ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਗਰੂਕ ਕਰਵਾ ਕੇ ਲਿਆਇਆ ਹੈ। ਬੱਚਿਆ ਦੇ ਲੇਖ ਤੇ ਗਾਇਨ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮਿਸ਼ਨ ਨੂੰ ਇਸ ਤਰ੍ਹਾਂ ਦੀ ਜਾਗ੍ਰਿਤੀ ਫੈਲਾਉਂਦਿਆਂ ਡੇਢ ਦਹਾਕਾ ਹੋ ਗਿਆ ਹੈ। ਦੋਵਾਂ ਬੰਗਿਆਂ ਦੀ ਨਵੀਂ ਪੀੜ੍ਹੀ ਜ਼ਿੰਦਾਬਾਦ!
ਕਾਮਰੇਡ ਤੁਲਸੀ ਰਾਮ: ਬਾਬਾ ਭਗਤ ਸਿੰਘ ਬਿਲਗਾ ਦੇ ਅਕਾਲ ਚਲਾਣੇ ਤੋਂ ਪਿਛੋਂ ਹੁਣ ਸਾਥੀ ਤੁਲਸੀ ਰਾਮ ਦਾ ਤੁਰ ਜਾਣਾ ਖੱਬੀਆਂ ਪਾਰਟੀਆਂ ਲਈ ਨਾ ਪੂਰੇ ਜਾਣ ਵਾਲਾ ਪਾੜਾ ਹੈ। ਤੁਲਸੀ ਰਾਮ ਨੇ ਆਪਣੇ 99 ਸਾਲਾ ਜੀਵਨ ਦੇ 80 ਵਰ੍ਹੇ ਅਗਾਂਹ ਵਧੂ ਸੋਚ ਨੂੰ ਅਰਪਣ ਕੀਤੇ। ਲਿਖਤੀ ਸ਼ਬਦਾਂ ਨੂੰ ਪ੍ਰਨਾਇਆ ਇਹ ਜੀਉੜਾ Ḕਨਵਾਂ ਜ਼ਮਾਨਾḔ ਦਾ ਟਰੱਸਟੀ ਅਤੇ ਪੰਜਾਬ ਬੁੱਕ ਸੈਂਟਰ ਦਾ ਮੈਨੇਜਿੰਗ ਡਾਇਰੈਕਟਰ ਹੀ ਨਹੀਂ ਰਿਹਾ ਬਲਕਿ Ḕਪੁਰਾਤਨ ਭਾਰਤੀ ਸਮਾਜ ਅਤੇ ਦਰਸ਼ਨḔ, Ḕਜਮਾਤੀ ਜਦੋਜਹਿਦ ਉਰਫ ਕਮੀਊਨਿਸਟ ਲਹਿਰḔ, Ḕਗਾਂਧੀਅਨ ਫਿਲਾਸਫੀ ਇੱਕ ਆਲੋਚਨਾਤਮ ਵਿਸ਼ਲੇਸ਼ਣḔ ਆਦਿ ਪੁਸਤਕਾਂ ਦਾ ਰਚੈਤਾ ਵੀ ਸੀ। ਉਹ ਖੱਬੀ ਲਹਿਰ ਨੂੰ ਇਸ ਕਦਰ ਪ੍ਰਨਾਇਆ ਹੋਇਆ ਸੀ ਕਿ ਜਦੋਂ 7 ਮਾਰਚ 2015 ਨੂੰ ਪੰਜਾਬ ਬੁੱਕ ਸੈਂਟਰ ਵਾਲਾ ਏæਐਸ਼ ਪਾਲ ਮਿਲਣ ਗਿਆ ਤਾਂ ਉਸ ਨੂੰ ਕਹਿਣ ਲੱਗਾ, ਕਿਸੇ ਵੀ ਪਾਰਟੀ ਵਿਚ ਟੁੱਟ ਭੱਜ ਹੋਣੀ ਤਾਂ ਆਮ ਗੱਲ ਹੈ, ਇਸ ਦਾ ਪਰਛਾਵਾਂ Ḕਨਵਾਂ ਜ਼ਮਾਨਾḔ ਅਤੇ ਪੰਜਾਬ ਬੁੱਕ ਸੈਂਟਰ ਉਤੇ ਨਾ ਪੈਣ ਦਿਓ। ਇਹ ਸਬੱਬ ਦੀ ਗੱਲ ਹੈ ਕਿ ਸੱਚੇ-ਸੁੱਚੇ ਕਾਮਰੇਡ ਦਾ ਇਹ ਵਾਕ ਉਸ ਦਾ ਅੰਤਮ ਸੰਦੇਸ਼ ਹੋ ਨਿੱਬੜਿਆ ਹੈ।
ਅੰਤਿਕਾ: (ਬਰਕਤ ਰਾਮ ਯੁਮਨ)
ਮਰ ਜਾਣਾ ਲੱਖ ਚੰਗਾ ਇਸ ਨਿੱਤ ਦੀ ਕੈਦ ਕੋਲੋਂ,
ਸਯਾਦ ਨੂੰ ਕੋਈ ਆਖੇ ਜੱਲਾਦ ਬਣ ਕੇ ਆਏ।
ਹੱਦ ਏ ਯੁਮਨ! ਕਿ ਆਖਿਰ ਸ਼ਾਗਿਰਦ ਬਣ ਕੇ ਨਿਕਲੇ,
ਤੇਰੇ ਸਕੂਲ ਜੋ ਵੀ ਉਸਤਾਦ ਬਣ ਕੇ ਆਏ।