ਅਦਾਕਾਰਾ ਮਧੂਬਾਲਾ ਦੀਆਂ ਇਹ ‘ਬਲੈਕ ਐਂਡ ਵ੍ਹਾਈਟ ਤਸਵੀਰਾਂ ‘ਲਾਈਫ਼’ ਮੈਗਜ਼ੀਨ ਨੇ ਉਚੇਚੇ ਤੌਰ Ḕਤੇ ਖਿੱਚੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਮਧੂਬਾਲਾ ਦੀ ਖੂਬਸੂਰਤੀ, ਸੁਹਜ ਅਤੇ ਸਹਿਜ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮਧੂਬਾਲਾ ਨੇ ਆਪਣਾ ਫਿਲਮੀ ਕਰੀਅਰ ਬਾਲ ਕਲਾਕਾਰ ਵਜੋਂ ਅਰੰਭ ਕੀਤਾ ਸੀ।
1933 ਵਿਚ ਜਨਮੀ ਮਧੂਬਾਲਾ ਦੀ ਪਹਿਲੀ ਫਿਲਮ ‘ਬਸੰਤ’ 1942 ਵਿਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਸ ਨੇ ਮੁਮਤਾਜ ਮਹਿਲ, ਧੰਨਾ ਭਗਤ, ਪੁਜਾਰੀ, ਫੂਲਵਾੜੀ ਅਤੇ ਰਾਜਪੂਤਾਨੀ ਫਿਲਮਾਂ ਵਿਚ ਬਾਲ ਕਲਾਕਾਰ ਵਜੋਂ ਕੰਮ ਕੀਤਾ। 1947 ਵਿਚ ਆਈ ਫਿਲਮ ‘ਨੀਲ ਕਮਲ’ ਵਿਚ ਬਤੌਰ ਹੀਰੋਇਨ ਉਹਦੀ ਪਹਿਲੀ ਫਿਲਮ ਸੀ। ਉਸ ਵੇਲੇ ਉਸ ਦੀ ਉਮਰ ਮਹਿਜ਼ 14 ਵਰ੍ਹਿਆਂ ਸੀ। ਇਹ ਫਿਲਮ ਬਾਕਸ ਆਫ਼ਿਸ ‘ਤੇ ਬਹੁਤਾ ਕ੍ਰਿਸ਼ਮਾ ਤਾਂ ਨਹੀਂ ਵਿਖਾ ਸਕੀ, ਪਰ ਇਸ ਫਿਲਮ ਵਿਚ ਮਧੂਬਾਲਾ ਦੀ ਅਦਾਕਾਰੀ ਤੋਂ ਸਪਸ਼ਟ ਹੋ ਗਿਆ ਕਿ ਉਹ ਆਉਣ ਵਾਲੇ ਸਾਲਾਂ ਵਿਚ ਫਿਲਮ ਜਗਤ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਜ਼ਰੂਰ ਪਾਵੇਗੀ। ਇਸ ਫਿਲਮ ਵਿਚ ਉਸ ਦਾ ਹੀਰੋ ਰਾਜ ਕਪੂਰ ਸੀ। ਇਸ ਤੋਂ ਬਾਅਦ ਫਿਲਮਸਾਜ਼ ਕਮਾਲ ਅਮਰੋਹੀ ਦੀ ਫਿਲਮ ‘ਮਹਿਲ’ ਜੋ 1949 ਵਿਚ ਰਿਲੀਜ਼ ਹੋਈ ਸੀ, ਨਾਲ ਉਹਨੇ ਆਪਣੇ ਬਾਰੇ ਹੋਈ ਇਹ ਭਵਿੱਖਵਾਣੀ ਸੱਚ ਕਰ ਵਿਖਾਈ। ਹਰ ਪਾਸੇ ਉਹਦੀ ਅਦਾ ਅਤੇ ਅਦਾਕਾਰੀ ਦਾ ਡੰਕਾ ਵੱਜ ਗਿਆ। ‘ਮੁਗਲ-ਏ-ਆਜ਼ਮ’ ਵਰਗੀ ਫਿਲਮ ਨਾਲ ਉਸ ਨੇ ਫਿਲਮੀ ਦੁਨੀਆਂ ਵਿਚ ਸਿਖਰਾਂ ਛੋਹੀਆਂ। ਫਿਲਮਸਾਜ਼ ਕੇæ ਆਸਿਫ਼ ਦੀ ਇਹ ਫਿਲਮ 1960 ਵਿਚ ਆਈ ਸੀ ਅਤੇ ਇਸ ਵਿਚ ਮਧੂਬਾਲਾ ਨੇ ਅਨਾਰਕਲੀ ਦਾ ਕਿਰਦਾਰ ਨਿਭਾਇਆ ਸੀ। ਇਸ ਅਦਾਕਾਰੀ ਬਦਲੇ ਮਧੂਬਾਲਾ ਦਾ ਨਾਂ ਫਿਲਮਫੇਅਰ ਐਵਾਰਡ ਲਈ ਸਰਵੋਤਮ ਅਦਾਕਾਰਾ ਵਜੋਂ ਨਾਮਜ਼ਦ ਹੋਇਆ ਸੀ। ਮਧੂਬਾਲਾ ਦੀ ਆਖਰੀ ਫਿਲਮ ‘ਸ਼ਰਾਬੀ’ ਸੀ ਜੋ 1964 ਵਿਚ ਰਿਲੀਜ਼ ਹੋਈ। ਸਿਰਫ 36 ਵਰ੍ਹਿਆਂ ਦੀ ਉਮਰ ਵਿਚ 23 ਫਰਵਰੀ 1969 ਨੂੰ ਇਸ ਖੂਬਸੂਰਤ ਅਦਾਕਾਰਾ ਦੀ ਮੌਤ ਹੋ ਗਈ। ਮੀਨਾ ਕੁਮਾਰੀ ਤੇ ਨਰਗਿਸ ਵਰਗੀਆਂ ਅਦਾਕਾਰਾਵਾਂ ਉਸ ਦੀਆਂ ਸਮਕਾਲੀ ਸਨ। ਉਹਦੀਆਂ ਯਾਦਗਾਰੀ ਫਿਲਮਾਂ ਵਿਚ ਮਹਿਲ, ਅਮਰ, ਮਿਸਟਰ ਐਂਡ ਮਿਸੇਜ਼, ਚਲਤੀ ਕਾ ਨਾਮ ਗਾੜੀ, ਮੁਗਲ-ਏ-ਆਜ਼ਮ ਅਤੇ ਬਰਸਾਤ ਕੀ ਰਾਤ ਹਨ। ਮਧੂਬਾਲਾ ਦੀ ਫਿਲਮ ‘ਜਵਾਲਾ’ ਉਹਦੀ ਮੌਤ ਤੋਂ ਬਆਦ 1971 ਵਿਚ ਰਿਲੀਜ਼ ਹੋਈ। ਇਹ ਭਾਵੇਂ 1950ਵਿਆਂ ‘ਚ ਬਣੀ ਸੀ, ਪਰ ਕੁਝ ਕਾਰਨਾਂ ਕਰ ਕੇ ਪਰਦੇ ਤੱਕ ਨਹੀਂ ਸੀ ਪੁੱਜ ਸਕੀ।