ਕੀਰਤ ਕਾਸ਼ਣੀ
ਹਿੰਦੀ ਫਿਲਮ ਜਗਤ ਵਿਚ ਆਪਣੀ ਨਿਵੇਕਲੀ ਅਤੇ ਜ਼ੋਰਦਾਰ ਪੈਂਠ ਬਣਾਉਣ ਵਾਲਾ ਅਦਾਕਾਰ ਆਮਿਰ ਖ਼ਾਨ ਹੁਣ ਆਪਣੀ ਨਵੀਂ ਫਿਲਮ ‘ਦੰਗਲ’ ਦੇ ਨਿਰਮਾਣ ਵਿਚ ਰੁੱਝਿਆ ਹੋਇਆ ਹੈ। ਇਹ ਫਿਲਮ ਅਗਲੇ ਸਾਲ (2016) ਕ੍ਰਿਸਮਸ ਮੌਕੇ ਰਿਲੀਜ਼ ਕੀਤੀ ਜਾ ਰਹੀ ਹੈ।
ਇਸ ਫਿਲਮ ਦੀ ਕਹਾਣੀ ਇਕ ਅਜਿਹੇ ਪਹਿਲਵਾਨ ਦੀ ਕਹਾਣੀ ਹੈ ਜੋ ਵਿਰੋਧੀ ਹਾਲਾਤ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖਦਾ ਹੈ ਅਤੇ ਕੁੜੀਆਂ ਨੂੰ ਭਲਵਾਨੀ ਦੇ ਗੁਰ ਸਿਖਾ ਕੇ ਤਮਗੇ ਜਿੱਤਣ ਜੋਗੀਆਂ ਬਣਾਉਂਦਾ ਹੈ। ਇਸ ਸ਼ੁਭ ਕਾਰਜ ਲਈ ਉਹ ਸਾਰੇ ਸਮਾਜ ਨਾਲ ਟਕਰਾਅ ਜਾਂਦਾ ਹੈ।
‘ਦੰਗਲ’ ਦੀ ਕਹਾਣੀ ਦਾ ਨਾਇਕ ਅਸਲੀ ਜ਼ਿੰਦਗੀ ਵਿਚ ਵਿਚਰ ਰਿਹਾ ਹਰਿਆਣੇ ਦਾ ਪਹਿਲਵਾਨ ਮਹਾਂਵੀਰ ਸਿੰਘ ਫੋਗਟ ਹੈ ਜਿਸ ਨੇ ਆਪਣੇ ਭਾਈਚਾਰਕ ਅਤੇ ਸਮਾਜਕ ਵਿਰੋਧ ਦੇ ਬਾਵਜੂਦ ਆਪਣੀਆਂ ਧੀਆਂ ਨੂੰ ਭਲਵਾਨ ਬਣਾਇਆ। ਅਸਲ ਵਿਚ ਆਮਿਰ ਖਾਨ ਜਦੋਂ ਆਪਣਾ ਚਰਚਿਤ ਸ਼ੋਅ ‘ਸਤਿਆਮੇਵ ਜਯਤੇ’ ਕਰ ਰਿਹਾ ਸੀ ਤਾਂ ਕੁੜੀਆਂ ਨਾਲ ਸਬੰਧਤ ਇਕ ਕੜੀ ਵਿਚ ਮਹਾਂਵੀਰ ਸਿੰਘ ਫੋਗਟ ਦੀਆਂ ਧੀਆਂ ਗੀਤਾ ਫੋਗਟ ਅਤੇ ਬਬੀਤਾ ਫੋਗਟ ਵੀ ਸ਼ੋਅ ਵਿਚ ਸ਼ਾਮਲ ਹੋਈਆਂ ਸਨ। ਆਮਿਰ ਖਾਨ ਇਨ੍ਹਾਂ ਕੁੜੀਆਂ ਦੀ ਦਲੇਰੀ ਅਤੇ ਮਹਾਂਵੀਰ ਸਿੰਘ ਫੋਗਟ ਦੀ ਦ੍ਰਿੜਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਫਿਰ ਜਦੋਂ ਫਿਲਮਸਾਜ਼ ਨਿਤੇਸ਼ ਤਿਵਾੜੀ ਨੇ ਉਹਨੂੰ ਇਸ ਕਹਾਣੀ ਉਤੇ ਆਧਾਰਤ ਪਟਕਥਾ ਸੁਣਾਈ ਤਾਂ ਆਮਿਰ ਨੇ ਫਿਲਮ ਬਣਾਉਣ ਲਈ ਝੱਟ ‘ਹਾਂ’ ਕਰ ਦਿੱਤੀ। ਇਸ ਫਿਲਮ ਖਾਤਰ ਉਹਨੇ ਆਪਣਾ ਭਾਰ 22 ਕਿਲੋ ਹੋਰ ਵਧਾ ਕੇ 90 ਕਿਲੋ ਕਰ ਲਿਆ ਹੈ। ਉਹ ਚਾਹੁੰਦਾ ਹੈ ਕਿ ਫਿਲਮ ਵਿਚ ਉਸ ਦੀ ਦਿੱਖ ਭਲਵਾਨ ਫੋਗਟ ਵਰਗੀ ਦਿਸੇ। ਨਿਤੇਸ਼ ਤਿਵਾੜੀ ਇਸ ਤੋਂ ਪਹਿਲਾਂ ‘ਚਿਲਰ ਪਾਰਟੀ’, ‘ਭੂਤਨਾਥ ਰਿਟਰਨਜ਼’ ਵਰਗੀਆਂ ਫਿਲਮਾਂ ਬਣਾ ਚੁੱਕਾ ਹੈ ਅਤੇ ਇਨ੍ਹਾਂ ਫਿਲਮਾਂ ਦੀ ਖੂਬ ਚਰਚਾ ਵੀ ਹੋਈ ਸੀ ਤੇ ਇਨ੍ਹਾਂ ਫਿਲਮਾਂ ਨੇ ਚੋਖੀ ਕਮਾਈ ਕੀਤੀ ਸੀ।
ਭਾਰ ਵਧਾਉਣ ਬਾਰੇ ਪੁੱਛਣ ‘ਤੇ ਆਮਿਰ ਖਾਨ ਕਹਿੰਦਾ ਹੈ ਕਿ ਅਜਿਹਾ ਕਰਨਾ ਸਿਹਤ ਨਾਲ ਖਿਲਵਾੜ ਕਰਨਾ ਤਾਂ ਹੈ, ਪਰ ਉਹ ਚਾਹੁੰਦਾ ਹੈ ਕਿ ਫਿਲਮ ਦਾ ਕਿਰਦਾਰ, ਅਸਲ ਕਿਰਦਾਰ ਦੇ ਨੇੜੇ-ਤੇੜੇ ਜ਼ਰੂਰ ਲੱਗੇ। ਯਾਦ ਰਹੇ, ਆਮਿਰ ਆਪਣੀ ਪਹਿਲੀਆਂ ਫਿਲਮਾਂ ਵਿਚ ਵੀ ਅਜਿਹਾ ਹੀ ਖਬਤ ਪਾਲ ਚੁੱਕਾ ਹੈ ਅਤੇ ਇਸ ਖਬਤ ਕਰ ਕੇ ਹੀ ਸਾਰੀ ਫਿਲਮ ਸਨਅਤ ਉਹਨੂੰ ਮੰਨਦੀ ਹੈ।
ਰਿਮਾਂਡ ਹੋਮ ਦਾ ਸੱਚ ‘ਬਲੈਕ ਹੋਮ’
ਫਿਲਮਸਾਜ਼ ਅਸ਼ੀਸ਼ ਦਿਓ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਬਲੈਕ ਹੋਮ’ ਵਿਚ ਭਾਰਤ ਦੇ ਰਿਮਾਂਡ ਹੋਮਜ਼ ਦਾ ਕੱਚਾ ਚਿੱਠਾ ਖੋਲ੍ਹਿਆ ਗਿਆ ਹੈ। ਫਿਲਮ ਵਿਚ ਜਿਹੜੇ ਤੱਥ ਪੇਸ਼ ਕੀਤੇ ਗਏ ਹਨ, ਉਹ ਵੇਖਦਿਆਂ-ਸੁਣਦਿਆਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਸ ਫਿਲਮ ਵਿਚ ਮੁੱਖ ਭੂਮਿਕਾ ਅਦਾਕਾਰਾ ਚਿਤਰਾਸ਼ੀ ਰਾਵਤ ਨੇ ਨਿਭਾਈ ਹੈ ਜਿਸ ਨੇ ਆਪਣਾ ਫਿਲਮੀ ਕਰੀਅਰ 2007 ਵਿਚ ਫਿਲਮ ‘ਚੱਕ ਦੇ ਇੰਡੀਆ’ ਨਾਲ ਸ਼ੁਰੂ ਕੀਤਾ ਸੀ। ‘ਚੱਕ ਦੇ ਇੰਡੀਆ’ ਵਿਚ ਉਸ ਨੇ ਕੋਮਲ ਚੌਟਾਲਾ ਨਾਂ ਦਾ ਰੋਲ ਨਿਭਾਇਆ ਸੀ। ਉਹ ਖੁਦ ਵੀ ਹਾਕੀ ਖਿਡਾਰੀ ਰਹੀ ਹੈ। ਉਹ ਕਿਸੇ ਵੇਲੇ ਉਤਰਾਖੰਡ ਸਟੇਟ ਵਲੋਂ ਖੇਡਦੀ ਹੁੰਦੀ ਸੀ। ਫਿਲਮ ‘ਬਲੈਕ ਹੋਮ’ ਵਿਚ ਚਿਤਰਾਸ਼ੀ ਤੋਂ ਇਲਾਵਾ ਅਸ਼ੂਤੋਸ਼ ਰਾਣਾ, ਮੁਰਲੀ ਸ਼ਰਮਾ ਅਤੇ ਅਚਿੰਤ ਕੌਰ ਨੇ ਅਹਿਮ ਤੇ ਜਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਵਿਚ ਰਿਮਾਂਡ ਹੋਮ ਵਿਚ ਭੇਜੀਆਂ ਜਾਂਦੀਆਂ ਕੁੜੀਆਂ ਨਾਲ ਜੋ ਕੁਝ ਵਾਪਰਦਾ ਹੈ, ਉਸ ਬਾਰੇ ਸੱਚੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਹਨ। ਫਿਲਮ ਵਿਚ ਚਿਤਰਾਸ਼ੀ ਵਲੋਂ ਨਿਭਾਏ ਕਿਰਦਾਰ ‘ਮਿਰਚੀ’ ਨਾਲ ਉਹਨੇ ਇਨਸਾਫ਼ ਕੀਤਾ ਹੈ। ਇਸ ਫਿਲਮ ਤੋਂ ਬਾਅਦ ਸਗੋਂ ਚਿਤਰਾਸ਼ੀ ਦਾ ਨਾਂ ‘ਮਿਰਚੀ’ ਹੀ ਪੈ ਗਿਆ ਹੈ। ਚਿਤਰਾਸ਼ੀ ਮੁਤਾਬਕ ਉਹ ਫਿਲਮ ਵਿਚ ਨਾਇਕਾ ਬਣਨ ਦੀ ਦੌੜ ਵਿਚ ਕਦੇ ਨਹੀਂ ਪਈ। ਅੱਜ ਤੱਕ ਉਹਨੇ ਫਿਲਮ ਦੇ ਕਿਰਦਾਰ ਵੱਲ ਹੀ ਵਧੇਰੇ ਧਿਆਨ ਦਿੱਤਾ ਹੈ। ਇਸੇ ਕਰ ਕੇ ਉਹਦਾ ਨਿਭਾਇਆ ਹਰ ਕਿਰਦਾਰ ਯਾਦਗਾਰੀ ਹੋ ਨਿਬੜਿਆ ਹੈ।