ਸੇਵਾ ਸਿੰਘ ਠੀਕਰੀਵਾਲਾ

ਪੰਜਾਬ ਟਾਈਮਜ਼ ਦੇ 28 ਮਾਰਚ ਦੇ ਅੰਕ ਵਿਚ ਡਾæ ਹਰਪਾਲ ਸਿੰਘ ਪੰਨੂ ਦਾ ਲੇਖ Ḕਬੇਬਾਕ ਤੇ ਵਿਲਖਣ ਸ਼ਖਸੀਅਤ ਸਿਰਦਾਰ ਕਪੂਰ ਸਿੰਘḔ ਪੜ੍ਹਿਆ। ਸਿਰਦਾਰ ਕਪੂਰ ਸਿੰਘ ਬਾਰੇ ਅਤੇ ਉਨ੍ਹਾਂ ਦੀਆਂ ਲਿਖਤਾਂ ਪੜ੍ਹਨ ਦੀ ਉਤਸੁਕਤਾ ਦੇ ਲਿਹਾਜੇ ਆਪਣੇ ਵਿਦਵਾਨ ਅਧਿਆਪਕ ਡਾæ ਪੰਨੂ ਦਾ ਲੇਖ ਪੜ੍ਹ ਕੇ ਬੜੀ ਜਾਣਕਾਰੀ ਹਾਸਿਲ ਹੋਈ। ਡਾæ ਪੰਨੂ ਨੇ ਇਸ ਲੇਖ ਦੇ ਅੰਤ ਵਿਚ ਸ਼ ਸੇਵਾ ਸਿੰਘ ਠੀਕਰੀਵਾਲਾ ਬਾਰੇ Ḕਠੀਕਰੀਵਾਲਾ ਸਰਦਾਰ ਨੇਕ ਬਖਤ ਸਿੱਖ ਸੀ ਜਿਸ ਨੂੰ ਮਹਾਰਾਜੇ ਦੀ ਅੱਯਾਸ਼ੀ ਪਸੰਦ ਨਹੀਂ ਸੀḔ ਲਿਖ ਕੇ ਵਿਚ ਸ਼ ਸੇਵਾ ਸਿੰਘ ਦੇ ਜੀਵਨ ਫਲਸਫ਼ੇ ਨੂੰ ਨਿਆਂਪੂਰਵਕ ਸੰਖੇਪ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਮਹਾਰਾਜਾ ਪਟਿਆਲਾ ਵਲੋਂ ਜਿਸ ਤਰ੍ਹਾਂ ਸ਼ ਸੇਵਾ ਸਿੰਘ ਠੀਕਰੀਵਾਲਾ ਨਾਲ ਵਿਹਾਰ ਕੀਤਾ ਗਿਆ, ਉਸ ਸਬੰਧੀ ਸੰਖੇਪ ਇਤਿਹਾਸਕ ਜਾਣਕਾਰੀ ਇਸ ਤਰ੍ਹਾਂ ਹੈ:
1923 ਈæ ਵਿਚ ਅਕਾਲੀ ਲਹਿਰ ਦੇ ਪ੍ਰਸਿਧ ਮੋਰਚੇ ਜੈਤੋ ਦੇ ਮੋਰਚੇ ਦੌਰਾਨ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਲਈ ਹੁਕਮ ਜਾਰੀ ਕਰ ਦਿਤੇ ਸਨ। ਸ਼ ਸੇਵਾ ਸਿੰਘ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਰਿਆਸਤ ਪਟਿਆਲਾ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ। 1925 ਈæ ਵਿਚ ਗੁਰਦੁਆਰਾ ਐਕਟ ਹੋਂਦ ਵਿਚ ਆਉਣ ਉਪਰੰਤ ਪਟਿਆਲਾ ਰਿਆਸਤ ਦੀ ਪੁਲਿਸ ਨੇ ਮੁੜ ਸ਼ ਸੇਵਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਵਿਰੁਧ ਡੇਰਾ ਬਾਬਾ ਗਾਂਧਾ ਸਿੰਘ-ਬਰਨਾਲਾ ਦੀ ਇਕ ਗੜਵੀ ਚੋਰੀ ਦਾ ਹਾਸੋਹੀਣਾ ਮੁਕਦਮਾ ਬਣਾਉਣ ਦਾ ਅਸਫਲ ਯਤਨ ਕੀਤਾ। ਇਸ ਦੀ ਬੜੀ ਚਰਚਾ ਹੋਈ। ਅਖੀਰ ਡੇਰੇ ਦੇ ਮਹੰਤ ਰਘਵੀਰ ਸਿੰਘ ਨੇ ਬਿਆਨ ਦਿਤਾ ਕਿ ਮੇਰੇ ਡੇਰੇ ਵਿਚੋਂ ਕੋਈ ਗੜਵੀ ਚੋਰੀ ਨਹੀਂ ਹੋਈ। ਇਸ ਤਰ੍ਹਾਂ ਦੋਸ਼ ਸਿਧ ਨਾ ਹੋਣ ਕਾਰਨ ਨਾ ਤਾਂ ਕੋਈ ਸਜ਼ਾ ਹੋਈ ਤੇ ਨਾ ਹੀ ਕੋਈ ਜੁਰਮਾਨਾ ਹੋਇਆ ਪਰ ਸ਼ ਸੇਵਾ ਸਿੰਘ ਨੂੰ ਰਿਹਾ ਨਾ ਕੀਤਾ ਗਿਆ ਅਤੇ ਬਿਨਾ ਕੋਈ ਮੁਕਦਮਾ ਬਣਾਏ ਤਿੰਨ ਸਾਲ (1926 ਤੋਂ 1929 ਤਕ) ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਰਖਿਆ ਗਿਆ। ਇਹ ਪਹਿਲੀ ਗ੍ਰਿਫਤਾਰੀ ਸੀ। ਅਕਤੂਬਰ 1930 ਈæ ਵਿਚ ਪੰਜਾਬ ਰਿਆਸਤ ਪਰਜਾ ਮੰਡਲ ਦੀ ਲੁਧਿਆਣਾ ਕਾਨਫਰੰਸ ਵਿਚ ਭਾਗ ਲੈਣ ਕਾਰਨ ਪੁਲਿਸ ਨੇ ਸ਼ ਸੇਵਾ ਸਿੰਘ ਨੂੰ ਮੁੜ ਗ੍ਰਿਫਤਾਰ ਕਰ ਲਿਆ ਅਤੇ ਪੰਜ ਸਾਲ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਕੇ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਕਰ ਦਿਤਾ। ਪ੍ਰੰਤੂ ਕੌਮੀ ਜਥੇਬੰਦੀਆਂ ਦੇ ਸੰਘਰਸ਼ ਦੇ ਫਲਸਰੂਪ ਚਾਰ ਮਹੀਨਿਆਂ ਬਾਅਦ ਹੀ ਬਿਨਾ ਸ਼ਰਤ ਰਿਹਾ ਕਰ ਦਿਤਾ ਗਿਆ। ਇਸ ਤਰ੍ਹਾਂ ਹੀ ਨਵੰਬਰ 1931 ਈæ ਵਿਚ ਰਿਆਸਤ ਜੀਂਦ ਦੀ ਸਰਕਾਰ ਵਿਰੁਧ ਲੱਗੇ ਅਕਾਲੀ ਮੋਰਚੇ ਵਿਚ ਉਨ੍ਹਾਂ ਚਾਰ ਮਹੀਨੇ ਕੈਦ ਕੱਟੀ ਅਤੇ ਰਿਆਸਤ ਮਲੇਰਕੋਟਲੇ ਦੀ ਸਰਕਾਰ ਵਿਰੁਧ ਚੱਲੇ ਕੁਠਾਲਾ ਕਿਸਾਨ ਅੰਦੋਲਨ ਵਿਚ ਤਿੰਨ ਮਹੀਨਿਆਂ ਦੀ ਕੈਦ ਕਟੀ।
ਸ਼ ਸੇਵਾ ਸਿੰਘ ਦੀ ਆਖਰੀ ਗ੍ਰਿਫਤਾਰੀ ਦੇ ਦੋ ਦੋਸ਼ ਦਸੇ ਗਏ- ਪਹਿਲਾ, ਉਨ੍ਹਾਂ ਨੇ 15-16 ਮਈ 1932 ਪਿੰਡ ਖੁਡਿਆਲ (ਸੁਨਾਮ) ਦੀ ਅਕਾਲੀ ਕਾਨਫਰੰਸ ਵਿਚ ਭਾਗ ਲੈ ਕੇ ਮਹਾਰਜਾ ਪਟਿਆਲਾ ਵਿਰੁਧ ਅੰਦੋਲਨ ਜਾਰੀ ਕੀਤਾ; ਤੇ ਦੂਜਾ, ਉਨ੍ਹਾਂ ਨੇ 24 ਅਗਸਤ, 1933 ਈæ ਵਿਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਦਿੱਲੀ ਕਾਨਫਰੰਸ ਵਿਚ ਭਾਗ ਲੈ ਕੇ ਸੰਮਤ 1988 ਦੀ ਹਦਾਇਤ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਦੋਸ਼ਾਂ ਵਿਚ ਰਿਆਸਤ ਪਟਿਆਲਾ ਦੀ ਪੁਲਿਸ ਨੇ ਸ਼ ਸੇਵਾ ਸਿੰਘ ਨੂੰ ਮੁੜ ਗ੍ਰਿਫਤਾਰ ਕਰ ਲਿਆ ਅਤੇ ਨਾਜਮ ਬਰਨਾਲਾ ਦੀ ਅਦਾਲਤ ਵਿਚ ਮੁਕਦਮਾ ਚਲਾ ਕੇ ਦਸ ਸਾਲ ਦੀ ਕੈਦ ਅਤੇ ਦੋ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਹ ਉਨ੍ਹਾਂ ਦੀ ਅੰਤਿਮ ਜੇਲ੍ਹ ਯਾਤਰਾ ਸੀ। ਕੇਂਦਰੀ ਜੇਲ੍ਹ ਪਟਿਆਲਾ ਵਿਚ ਜੇਲ੍ਹ ਦੇ ਉਚ ਅਧਿਕਾਰੀਆਂ ਅਤੇ ਰਿਆਸਤ ਪਟਿਆਲਾ ਦੇ ਹੁਕਮਰਾਨਾ ਦੇ ਜ਼ਬਰ, ਜ਼ੁਲਮ ਅਤੇ ਧੱਕੇਸ਼ਾਹੀ ਵਿਰੁਧ ਸ਼ ਸੇਵਾ ਸਿੰਘ ਨੇ ਅਪਰੈਲ 1934 ਵਿਚ ਭੁਖ ਹੜਤਾਲ ਸ਼ੁਰੂ ਕਰ ਦਿਤੀ, ਜੋ ਨੌਂ ਮਹੀਨੇ ਜਾਰੀ ਰਹੀ। ਉਪਰੰਤ 19 ਤੇ 20 ਜਨਵਰੀ 1935 ਦੀ ਵਿਚਕਾਰਲੀ ਰਾਤ ਨੂੰ ਲਗਪਗ ਡੇਢ ਵਜੇ ਦਸਮੇਸ਼ ਪਿਤਾ ਦਾ ਨਾਦੀ ਪੁਤਰ ਸ਼ ਸੇਵਾ ਸਿੰਘ ਸ਼ਹੀਦ ਹੋ ਗਿਆ।
-ਡਾæ ਗੁਰਤੇਜ ਸਿੰਘ ਠੀਕਰੀਵਾਲਾ
ਫੋਨ: 91-94638-61316