ਬੇਇਮਾਨੀ ਨਿਗਲ ਗਈ ਇਕ ਹੋਰ ਇਮਾਨਦਾਰ ਅਫਸਰ ਨੂੰ

-ਜਤਿੰਦਰ ਪਨੂੰ
ਡੋਡਾਕਪਾਲੂ ਕ੍ਰਿਆਪਾ ਰਵੀ, ਜਿਸ ਨੂੰ ਡੀ ਕੇ ਰਵੀ ਕਿਹਾ ਜਾਂਦਾ ਹੈ, ਮਾਰ ਦਿੱਤਾ ਗਿਆ ਹੈ। ਉਹ ਭਾਰਤ ਦੀ ਸਭ ਤੋਂ ਉਚੇ ਪੱਧਰ ਦੀ ਗਿਣੀ ਜਾਂਦੀ ਇੰਡੀਅਨ ਐਡਮਨਿਸਟਰੇਟਿਵ ਸਰਵਿਸ (ਆਈ ਏ ਐਸ) ਦਾ ਅਧਿਕਾਰੀ ਸੀ ਤੇ ਕਰਨਾਟਕਾ ਵਿਚ ਜਿੱਥੇ ਕਿਤੇ ਵੀ ਲਾਇਆ ਗਿਆ, ਇਮਾਨਦਾਰੀ ਦੇ ਅਸੂਲਾਂ ਉਤੇ ਪਹਿਰਾ ਦੇਣ ਦਾ ਯਤਨ ਕਰਦਾ ਰਿਹਾ ਸੀ। ਰਵੀ ਦੇ ਕਤਲ ਤੋਂ ਰਾਜਨੀਤਕ ਅਖਾੜਾ ਮਘ ਪਿਆ ਹੈ।

ਕੇਂਦਰ ਵਿਚ ਰਾਜ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਵਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫੁਰਤੀ ਨਾਲ ਕਹਿ ਦਿੱਤਾ ਹੈ ਕਿ ਕਰਨਾਟਕਾ ਸਰਕਾਰ ਰਾਜ਼ੀ ਹੋਵੇ ਤਾਂ ਅਸੀਂ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਤੋਂ ਇਸ ਕਤਲ ਦੀ ਜਾਂਚ ਕਰਵਾਉਣ ਲਈ ਤਿਆਰ ਹਾਂ। ਕਰਨਾਟਕਾ ਦੇ ਆਈ ਏ ਐਸ ਅਫਸਰਾਂ ਦੀ ਐਸੋਸੀਏਸ਼ਨ ਵੀ ਇਹੋ ਮੰਗ ਕਰ ਰਹੀ ਹੈ। ਕਰਨਾਟਕਾ ਦੀ ਕਾਂਗਰਸ ਸਰਕਾਰ ਕਹਿੰਦੀ ਹੈ ਕਿ ਜਦੋਂ ਇਥੇ ਭਾਜਪਾ ਸਰਕਾਰ ਸੀ, ਉਦੋਂ ਜੰਗਲਾਤ ਮਹਿਕਮੇ ਦਾ ਮਦਨ ਨਾਇਕ ਨਾਂ ਦਾ ਅਫਸਰ ਮਾਰ ਦਿੱਤਾ ਗਿਆ ਸੀ, ਪਰ ਭਾਜਪਾ ਸਰਕਾਰ ਨੇ ਸੀ ਬੀ ਆਈ ਦੀ ਜਾਂਚ ਕਰਵਾਉਣੀ ਨਹੀਂ ਸੀ ਮੰਨੀ। ਭਾਜਪਾ ਦੇ ਮੁੱਖ ਮੰਤਰੀ ਯੇਦੀਯੁਰੱਪਾ ਦੀ ਪਤਨੀ ਦੀ ਮੌਤ ਭੇਦ ਭਰੇ ਹਾਲਾਤ ਵਿਚ ਹੋਈ ਸੀ ਤਾਂ ਸੀ ਬੀ ਆਈ ਜਾਂਚ ਨਹੀਂ ਸੀ ਕਰਵਾਈ ਗਈ। ਉਹ ਇਹ ਕਹਿੰਦੇ ਹਨ ਕਿ ਕਰਨਾਟਕ ਦੀ ਸਰਕਾਰ ਬਦਲੀ ਹੈ, ਪੁਲਿਸ ਤੇ ਪੁਲਿਸ ਦੇ ਅਧਿਕਾਰੀ ਨਹੀਂ ਬਦਲ ਗਏ, ਸਾਰੇ ਭਾਜਪਾ ਰਾਜ ਵਾਲੇ ਹੀ ਹਨ, ਜੇ ਇਹ ਉਦੋਂ ਜਾਂਚ ਕਰ ਸਕਦੇ ਸਨ ਤਾਂ ਹੁਣ ਵੀ ਕਰ ਸਕਦੇ ਹਨ। ਰਾਜਨੀਤਕ ਖਿੱਚੋਤਾਣ ਪਾਸੇ ਰੱਖ ਕੇ ਸੋਚਿਆ ਜਾਵੇ ਤਾਂ ਸੀ ਬੀ ਆਈ ਜਾਂਚ ਦਾ ਬਹੁਤਾ ਰਿਕਾਰਡ ਇਹ ਹੈ ਕਿ ਉਹ ਪਹਿਲੇ ਕਦਮ ਭਾਜੜਾਂ ਪਾਉਣ ਵਾਲੇ ਚੁੱਕਦੀ ਹੈ, ਪਰ ਅਗਲੇ ਕਦਮ ਚੁੱਕਣ ਤੋਂ ਪਹਿਲਾਂ ਰਾਜਸੀ ਮਾਲਕਾਂ ਵੱਲ ਵੇਖਦੀ ਹੈ। ਇਸ ਦੇ ਕੋਲ ਗਏ ਕੇਸਾਂ ਵਿਚ ਸਜ਼ਾ ਕਿੰਨੇ ਲੋਕਾਂ ਨੂੰ ਹੋਈ, ਇਹ ਅੰਕੜਾ ਬਹੁਤੀ ਫੀਸਦੀ ਦਾ ਨਹੀਂ। ਬੜੀ ਨਾਮਣੇ ਵਾਲੀ ਕਹੀ ਜਾਂਦੀ ਇਸ ਏਜੰਸੀ ਦਾ ਪਿਛਲਾ ਮੁਖੀ ਰਣਜੀਤ ਕੁਮਾਰ ਉਨ੍ਹਾਂ ਲੋਕਾਂ ਨੂੰ ਵੇਲੇ-ਕੁਵੇਲੇ ਮਿਲਦਾ ਸਾਬਤ ਹੋ ਗਿਆ ਹੈ, ਜਿਨ੍ਹਾਂ ਦੇ ਖਿਲਾਫ ਉਹ ਜਾਂਚ ਕਰ ਰਿਹਾ ਸੀ। ਫਿਰ ਇਸ ਏਜੰਸੀ ਤੋਂ ਆਸ ਕੀ ਰੱਖੀਏ?
ਜਾਂਚ ਕਰਨਾਟਕਾ ਦੀ ਪੁਲਿਸ ਕਰ ਲਵੇ ਜਾਂ ਕੇਂਦਰ ਸਰਕਾਰ ਦੇ ਕੰਟਰੋਲ ਵਾਲੀ ਸੀ ਬੀ ਆਈ ਕਰਦੀ ਰਹੇ, ਦੋਵਾਂ ਨੇ ਲੰਘ ਗਏ ਸੱਪ ਦੀ ਲਕੀਰ ਉਤੇ ਸੋਟੇ ਹੀ ਮਾਰਨੇ ਹਨ, ਡੀ ਕੇ ਰਵੀ ਨੇ ਵਾਪਸ ਨਹੀਂ ਆਉਣਾ। ਭਾਰਤ ਵਿਚ ਇਹ ਰੁਝਾਨ ਜਿਹਾ ਬਣੀ ਜਾ ਰਿਹਾ ਹੈ ਕਿ ਜਿਹੜਾ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਖੜਾ ਹੋਵੇ, ਉਸ ਨੂੰ ਬਹੁਤੀ ਦੇਰ ਬੋਲਣ ਜੋਗਾ ਨਹੀਂ ਰਹਿਣ ਦਿੱਤਾ ਜਾਂਦਾ। ਜ਼ਬਾਨ ਸਦਾ ਲਈ ਬੰਦ ਕਰ ਦਿੱਤੀ ਜਾਂਦੀ ਹੈ। ਗੱਲ ਸਹੇ ਦੀ ਨਹੀਂ, ਪਹੇ ਦੀ ਕਰਨੀ ਬਣਦੀ ਹੈ। ਭਾਰਤ ਵਿਚ ਭ੍ਰਿਸ਼ਟਾਚਾਰੀਆਂ ਨੇ ਇਮਾਨਦਾਰੀ ਦੇ ਝੰਡੇ ਚੁੱਕਣ ਵਾਲਿਆਂ ਨਾਲ ਨਜਿੱਠਣ ਵਾਸਤੇ ਜਿਹੜੀ ਖੂਨੀ ਲੀਹ ਪਾ ਲਈ ਹੈ, ਉਹ ਹੁਣ ਲੋਕਤੰਤਰ ਵਿਚ ‘ਰਘੂ ਕੁਲ ਰੀਤ’ ਬਣਦੀ ਜਾ ਰਹੀ ਹੈ।
ਇਸ ਲੀਹ ਦੀ ਗੱਲ ਕਰਦੇ ਸਮੇਂ ਪੁਰਾਣੇ ਕੇਸ ਛੱਡ ਦੇਈਏ ਤਾਂ ਬਹੁ-ਚਰਚਿਤ ਕੇਸਾਂ ਵਿਚ ਪਹਿਲਾ ਉਭਰਵਾਂ ਨਾਂ ਸਤੇਂਦਰ ਨਾਥ ਦੁਬੇ ਦਾ ਆਉਂਦਾ ਹੈ। ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਸੰਸਾਰ ਪੱਧਰ ਦੇ ਰਾਜ-ਮਾਰਗਾਂ (ਹਾਈਵੇਜ਼) ਦੀ ਉਸਾਰੀ ਦੇ ਪਹਿਲੇ ਬਣੇ ਪਏ ਪ੍ਰਾਜੈਕਟ ਨੂੰ ਅੱਗੇ ਵਧਾਉਣ ਵੇਲੇ ਕਹਿੰਦਾ ਸੀ ਕਿ ਇਹ ਉਸ ਦਾ ਸੁਫਨਾ ਹੈ। ਹਜ਼ਾਰਾਂ ਕਰੋੜ ਰੁਪਏ ਦੇ ਉਸ ਪ੍ਰਾਜੈਕਟ ਨਾਲ ਕੰਮ ਕਰਦੇ ਸਤੇਂਦਰ ਨਾਥ ਦੁਬੇ ਨਾਂ ਦੇ ਇੰਜੀਨੀਅਰ ਨੇ ਇੱਕ ਵਾਰ ਇੱਕ ਚਿੱਠੀ ਪ੍ਰਧਾਨ ਮੰਤਰੀ ਵਾਜਪਾਈ ਦੇ ਨਿੱਜੀ ਨਾਂ ਲਿਖ ਕੇ ਧਿਆਨ ਦਿਵਾਇਆ ਕਿ ਤੁਹਾਡਾ ਪ੍ਰਾਜੈਕਟ ਬੜਾ ਵਧੀਆ ਹੈ, ਪਰ ਇਸ ਨੂੰ ਭ੍ਰਿਸ਼ਟਾਚਾਰ ਕਰਦੇ ਲੋਕਾਂ ਤੋਂ ਬਚਾਉਣ ਦੀ ਲੋੜ ਹੈ। ਉਸ ਨੇ ਕਈ ਲੋਕਾਂ ਦੇ ਨਾਂ ਵੀ ਲਿਖ ਦਿੱਤੇ ਅਤੇ ਨਾਲ ਇਹ ਬੇਨਤੀ ਵੀ ਕੀਤੀ ਕਿ ਸਾਰੀ ਜਾਂਚ ਕਰਦੇ ਸਮੇਂ ਉਸ ਦਾ ਨਾਂ ਗੁਪਤ ਰੱਖਿਆ ਜਾਵੇ, ਵਰਨਾ ਉਸ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ। ਪ੍ਰਧਾਨ ਮੰਤਰੀ ਵਾਜਪਾਈ ਨੇ ਉਹ ਚਿੱਠੀ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਪੜਤਾਲ ਲਈ ਭੇਜ ਦਿੱਤੀ। ਉਥੋਂ ਵਾਲਿਆਂ ਨੇ ਇਹ ਚਿੱਠੀ ਹੇਠਾਂ ਭੇਜ ਕੇ ਇਸ ਬਾਰੇ ਟਿੱਪਣੀ ਮੰਗ ਲਈ। ਟਿੱਪਣੀ ਕਰਨ ਲਈ ਇਹ ਚਿੱਠੀ ਉਨ੍ਹਾਂ ਲੋਕਾਂ ਕੋਲ ਚਲੀ ਗਈ, ਜਿਨ੍ਹਾਂ ਬੇਈਮਾਨਾਂ ਦੇ ਨਾਂ ਇਸ ਵਿਚ ਲਿਖੇ ਹੋਏ ਸਨ। ਨਤੀਜੇ ਵਜੋਂ ਉਸ ਚਿੱਠੀ ਦੀ ਵਰ੍ਹੇਗੰਢ ਮਨਾਉਣ ਤੋਂ ਸੋਲਾਂ ਦਿਨ ਪਹਿਲਾਂ ਇੰਜੀਨੀਅਰ ਸਤੇਂਦਰ ਕੁਮਾਰ ਕਤਲ ਕਰ ਦਿੱਤਾ ਗਿਆ। ਇਹ ਕਤਲ ਪ੍ਰਧਾਨ ਮੰਤਰੀ ਵਾਜਪਾਈ ਦੀ ਇਸ ਗਲਤੀ ਦਾ ਨਤੀਜਾ ਸੀ ਕਿ ਉਸ ਨੇ ਇਮਾਨਦਾਰੀ ਦਾ ਹੋਕਾ ਦੇਣ ਵਾਲੇ ਨੌਜਵਾਨ ਦਾ ਨਾਂ ਗੁਪਤ ਰੱਖਣ ਦੀ ਥਾਂ ਉਨ੍ਹਾਂ ਚੋਰਾਂ ਨੂੰ ਦੱਸ ਦਿੱਤਾ, ਜਿਹੜੇ ਫਸ ਸਕਦੇ ਸਨ ਤੇ ਉਨ੍ਹਾਂ ਨੇ ਉਸ ਨੌਜਵਾਨ ਦਾ ਕਤਲ ਕਰਵਾ ਦਿੱਤਾ ਸੀ।
ਇਮਾਨਦਾਰੀ ਉਤੇ ਪਹਿਰਾ ਦੇਣ ‘ਤੇ ਨਤੀਜਾ ਭੁਗਤਣ ਵਾਲਾ ਦੂਸਰਾ ਬੰਦਾ ਵੀ ਇੰਜੀਨੀਅਰ ਸੀ। ਸ਼ਨਮੁਗਮ ਮੰਜੂ ਨਾਥ ਨਾਂ ਦਾ ਉਹ ਨੌਜਵਾਨ ਪੈਟਰੋਲੀਅਮ ਮੰਤਰਾਲੇ ਨਾਲ ਸਬੰਧਤ ਸੀ ਤੇ ਇਸ ਵਿਭਾਗ ਵਿਚ ਤੇਲ ਦੀ ਚੋਰੀ ਦੇ ਬਦਨਾਮ ਧੰਦੇ ਨੂੰ ਰੋਕਣ ਦਾ ਮਨ ਬਣਾ ਬੈਠਾ ਸੀ। ਇੱਕ ਦਿਨ ਉਸ ਨੂੰ ਕਤਲ ਕਰ ਦਿੱਤਾ ਗਿਆ। ਸਾਲ 2005 ਦੇ 19 ਨਵੰਬਰ ਨੂੰ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਉਹ ਉਦੋਂ ਮਾਰਿਆ ਗਿਆ, ਜਦੋਂ ਇੰਦਰਾ ਗਾਂਧੀ ਦੀ ਨੂੰਹ ਬੀਬੀ ਸੋਨੀਆ ਗਾਂਧੀ ਦੇ ਹੱਥਾਂ ਵਿਚ ਭਾਰਤ ਦੀ ਸਰਕਾਰ ਦਾ ਰਿਮੋਟ ਕੰਟਰੋਲ ਸੀ, ਪਰ ਕੇਸ ਦਾ ਅਦਾਲਤੀ ਫੈਸਲਾ ਪਿਛਲੇ ਹਫਤੇ ਉਦੋਂ ਆਇਆ ਹੈ, ਜਿਸ ਤੋਂ ਇੱਕ ਦਿਨ ਬਾਅਦ ਕਰਨਾਟਕਾ ਵਿਚ ਰਵੀ ਕੁਮਾਰ ਮਾਰਿਆ ਜਾਣ ਵਾਲਾ ਸੀ।
ਸ਼ਨਮੁਗਮ ਮੰਜੂ ਨਾਥ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਮਾਰਿਆ ਗਿਆ ਸੀ ਤਾਂ ਮਹਾਰਾਸ਼ਟਰ ਦੇ ਅਫਸਰ ਯਸ਼ਵੰਤ ਸੋਨਵਾਣੇ ਨੂੰ ਚਿੱਟੇ ਦਿਨ ਤੇਲ ਪਾ ਕੇ ਜਿੰਦਾ ਸਾੜਨ ਦੀ ਘਟਨਾ ਇਸ ਤੋਂ ਛੇ ਸਾਲ ਪਿੱਛੋਂ ਉਦੋਂ ਵਾਪਰੀ, ਜਦੋਂ 26 ਜਨਵਰੀ ਨੂੰ ਭਾਰਤ ਦੇ ਲੋਕਤੰਤਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਦੋਵਾਂ ਦੀ ਇੱਕ ਗੱਲ ਸਾਂਝੀ ਸੀ ਕਿ ਦੋਵਾਂ ਨੇ ਤੇਲ ਦੀ ਚੋਰੀ ਵਾਲੇ ਮਾਫੀਏ ਦਾ ਰਾਹ ਰੋਕਣ ਦਾ ਯਤਨ ਕੀਤਾ ਸੀ। ਮਹਾਰਾਸ਼ਟਰ ਵਿਚ ਮਾਲੇਗਾਓਂ ਜ਼ਿਲ੍ਹੇ ਦਾ ਐਡੀਸ਼ਨਲ ਡਿਪਟੀ ਕਮਿਸ਼ਨਰ ਯਸ਼ਵੰਤ ਸੋਨਵਣੇ ਉਸ ਵਕਤ ਨੇੜਲੇ ਮਨਮਾਡ ਕਸਬੇ ਵਿਚ ਤੇਲ ਚੋਰਾਂ ਦਾ ਪਿੱਛਾ ਕਰਦਾ ਉਨ੍ਹਾਂ ਦੇ ਘੇਰੇ ਵਿਚ ਆ ਗਿਆ ਸੀ ਤੇ ਉਸ ਵਲੋਂ ਕਈ ਟੈਲੀਫੋਨ ਕੀਤੇ ਜਾਣ ਦੇ ਬਾਵਜੂਦ ਪੁਲਿਸ ਜਾਂ ਸਿਵਲ ਦਾ ਕੋਈ ਅਧਿਕਾਰੀ ਉਸ ਦੀ ਮਦਦ ਲਈ ਨਹੀਂ ਸੀ ਬਹੁੜਿਆ। ‘ਰੱਬ ਨੇੜੇ ਕਿ ਘਸੁੰਨ” ਦੀ ਕਹਾਵਤ ਉਨ੍ਹਾਂ ਅਫਸਰਾਂ ਨੂੰ ਪਤਾ ਹੋਵੇ ਜਾਂ ਨਾ, ਪਰ ਆਪਣੇ ਰਾਜ ਵਿਚ ਜ਼ੋਰਾਵਰਾਂ ਦਾ ‘ਸੱਤੀਂ ਵੀਹੀਂ ਸੌ’ ਹੋਣ ਬਾਰੇ ਸਾਰੇ ਜਾਣਦੇ ਸਨ।
ਰਵੀ ਕੁਮਾਰ ਤੇ ਸੋਨਵਣੇ ਕਾਂਗਰਸੀ ਰਾਜ ਵਿਚ ਮਾਰੇ ਗਏ ਤੇ ਭਾਜਪਾ ਨੇ ਇਨ੍ਹਾਂ ਕਤਲਾਂ ਦੀ ਦੁਹਾਈ ਪਾਉਣ ਵਿਚ ਕਸਰ ਨਹੀਂ ਸੀ ਛੱਡੀ, ਲੋਕ ਵੀ ਇਸ ਦੁਹਾਈ ਵਿਚ ਸ਼ਾਮਲ ਸਨ, ਪਰ ਇੱਕ ਕਤਲ ਮੱਧ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਤੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਅਧੀਨ ਹੋਇਆ ਸੀ। ਸਾਲ 2012 ਦੀ ਅੱਠ ਮਾਰਚ ਦੇ ਇਸਤਰੀ ਦਿਵਸ ਦੇ ਅਗਲੇ ਦਿਨ ਨੌਂ ਮਾਰਚ ਨੂੰ ਉਥੇ ਇੱਕ ਹੋਣਹਾਰ ਆਈ ਏ ਐਸ ਅਫਸਰ ਬੀਬੀ ਮਧੂ ਰਾਣੀ ਦੇ ਸਿਰ ਦਾ ਸਾਈਂ ਨਰੇਂਦਰ ਕੁਮਾਰ ਖੋਹ ਲਿਆ ਗਿਆ। ਬਿਹਾਰ ਦਾ ਜੰਮਪਲ ਨਰੇਂਦਰ ਕੁਮਾਰ ਇੰਡੀਅਨ ਪੁਲਿਸ ਸਰਵਿਸ ਵਿਚ ਚੁਣੇ ਜਾਣ ਪਿੱਛੋਂ ਮੱਧ ਪ੍ਰਦੇਸ਼ ਦੇ ਮੁਰੈਣਾ ਵਿਚ ਇੱਕ ਤਾਰੇ ਵਾਲਾ ਪੁਲਿਸ ਅਫਸਰ, ਏ ਐਸ ਪੀ ਲਾਇਆ ਗਿਆ ਸੀ। ਉਹ ਉਥੇ ਰੇਤ ਦੀ ਨਾਜਾਇਜ਼ ਖੁਦਾਈ ਦਾ ਧੰਦਾ ਕਰਦੇ ਉਸ ਗੈਂਗ ਦਾ ਰਾਹ ਰੋਕਣ ਦਾ ਇਰਾਦਾ ਕਰ ਕੇ ਤੁਰ ਪਿਆ ਸੀ, ਜਿਸ ਦੀ ਕਮਾਨ ਸ਼ਿਵਰਾਜ ਸਿੰਘ ਚੌਹਾਨ ਦੇ ਇੱਕ ਮੰਤਰੀ ਦੇ ਭਤੀਜੇ ਦੇ ਹੱਥ ਸੀ ਤੇ ਅਸਲ ਵਿਚ ਉਸ ਦੇ ਪਿੱਛੇ ਕਾਲੇ ਧੰਦੇ ਦਾ ਰਿਮੋਟ ਕੰਟਰੋਲ ਉਸ ਮੰਤਰੀ ਕੋਲ ਸੀ। ਨਤੀਜਾ ਇਹ ਨਿਕਲਿਆ ਕਿ ਨਰੇਂਦਰ ਕੁਮਾਰ ਨੇ ਰੇਤ ਨਾਲ ਭਰਿਆ ਟਰੈਕਟਰ ਜਾਂਦਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਦੂਰ ਖੜੇ ਗੈਂਗ ਲੀਡਰ ਦਾ ਇਸ਼ਾਰਾ ਸਮਝ ਕੇ ਡਰਾਈਵਰ ਨੇ ਉਸ ਦੇ ਉਤੇ ਟਰੈਕਟਰ ਚਾੜ੍ਹ ਕੇ ਉਸ ਨੂੰ ਕੁਚਲ ਦਿੱਤਾ ਸੀ। ਜਾਂਚ ਸੀ ਬੀ ਆਈ ਤੱਕ ਵੀ ਗਈ, ਪਰ ਕੁਝ ਨਹੀਂ ਹੋਇਆ। ਰਿਪੋਰਟ ਇਹ ਆਈ ਕਿ ਰੇਤ ਵਾਲੇ ਟਰੈਕਟਰ ਦੇ ਡਰਾਈਵਰ ਦਾ ਉਸ ਨੂੰ ਮਾਰਨ ਦਾ ਇਰਾਦਾ ਨਹੀਂ ਸੀ, ਭੱਜਣ ਦੇ ਚੱਕਰ ਵਿਚ ਉਸ ਨੇ ਟਰੈਕਟਰ ਤੋਰਿਆ ਤੇ ਨਰੇਂਦਰ ਕੁਮਾਰ ਹੇਠਾਂ ਆ ਕੇ ਮਾਰਿਆ ਗਿਆ। ਏਦਾਂ ਦੀਆਂ ਰਿਪੋਰਟਾਂ ਆਉਣ ਦੇ ਪਿੱਛੇ ਕਿਸ ਦੀ ਕੀ ਭੂਮਿਕਾ ਹੁੰਦੀ ਹੈ, ਲੋਕ ਆਰਾਮ ਨਾਲ ਸਮਝ ਸਕਦੇ ਹਨ।
ਜਿਹੜੇ ਲੋਕ ਨਹੀਂ ਸਮਝ ਸਕਦੇ, ਉਹ ਦਿੱਲੀ ਦੀਆਂ ਜੜ੍ਹਾਂ ਕੋਲ ਵੱਸਦੇ ਸ਼ਹਿਰ ਨੋਇਡਾ ਵਿਚ ਸਾਲ 2013 ਵਿਚ ਹੋਏ ਇੰਜੀਨੀਅਰ ਸ਼ਸ਼ਾਂਕ ਯਾਦਵ ਦੇ ਕਤਲ ਦੀ ਕਹਾਣੀ ਯਾਦ ਕਰ ਲੈਣ। ਇੰਜੀਨੀਅਰਜ਼ ਇੰਡੀਆ ਲਿਮਟਿਡ ਦੇ ਨਾਲ ਸਬੰਧਤ ਸ਼ਸ਼ਾਂਕ ਯਾਦਵ ਨੇ ਇੱਕ ਸਕੈਂਡਲ ਲੱਭ ਲਿਆ ਸੀ ਕਿ ਕਈ ਸੌ ਕਰੋੜ ਰੁਪਏ ਦੇ ਪ੍ਰਾਜੈਕਟ ਲੈਣ ਲਈ ਕੁਝ ਕੰਪਨੀਆਂ ਜਾਲ੍ਹੀ ਦਸਤਾਵੇਜ਼ ਪੇਸ਼ ਕਰ ਕੇ ਦਾਅ ਮਾਰ ਰਹੀਆਂ ਹਨ। ਤੁਰਕੀ ਨਾਲ ਜੁੜਦੀ ਇੱਕ ਕੰਪਨੀ ਜਦੋਂ ਦੋ ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ ਇਥੋਂ ਦੇ ਦਲਾਲਾਂ ਦੇ ਰਾਹੀਂ ਸਾਰੇ ਜਾਲ੍ਹੀ ਕਾਗਜ਼ ਪੇਸ਼ ਕਰ ਕੇ ਆਪਣੇ ਵਾਸਤੇ ਲੈਣ ਦੇ ਬਿਲਕੁਲ ਨੇੜੇ ਜਾ ਪੁੱਜੀ, ਉਦੋਂ ਸ਼ਸ਼ਾਂਕ ਨੇ ਰਾਹ ਰੋਕਣ ਦਾ ਹੌਸਲਾ ਕਰ ਲਿਆ। ਸਿੱਟੇ ਵਜੋਂ ਉਸ ਦੀ ਲਾਸ਼ ਇੱਕ ਦਿਨ ਆਮ ਲੋਕਾਂ ਲਈ ਬਣਾਏ ਗਏ ਬਾਥਰੂਮ, ਅਤੇ ਉਹ ਵੀ ਔਰਤਾਂ ਵਾਲੇ ਬਾਥਰੂਮ, ਦੇ ਵਿਚ ਲਟਕਦੀ ਮਿਲੀ ਸੀ। ਪੁਲਿਸ ਤੇ ਪ੍ਰਸ਼ਾਸਨ ਦੇ ਪੁਰਜ਼ੇ ਕਹਿੰਦੇ ਸਨ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਜੇ ਸ਼ਸ਼ਾਂਕ ਯਾਦਵ ਨੇ ਉਸ ਦਿਨ ਖੁਦਕੁਸ਼ੀ ਹੀ ਕਰਨੀ ਸੀ ਤਾਂ ਜਨਤਕ ਬਾਥਰੂਮ ਵਿਚ ਜਾ ਕੇ ਕਿਉਂ ਕੀਤੀ ਤੇ ਇਸ ਕੰਮ ਵਾਸਤੇ ਉਸ ਨੇ ਔਰਤਾਂ ਦਾ ਬਾਥਰੂਮ ਕਿਉਂ ਚੁਣਿਆ, ਇਸ ਦਾ ਜਵਾਬ ਕਦੇ ਵੀ ਨਹੀਂ ਦਿੱਤਾ ਜਾ ਸਕਿਆ।
ਜਵਾਬ ਦੇਣਾ ਵੀ ਕਿਸੇ ਨਹੀਂ। ਇਸ ਦਾ ਜਵਾਬ ਉਨ੍ਹਾਂ ਕੋਲ ਹੈ, ਜਿਹੜੇ ਚੁੱਪ ਵਿਚ ਸੁੱਖ ਸਮਝਦੇ ਹਨ। ਸਾਰਾ ਕੁਝ ਹੇਠੋਂ ਉਪਰ ਤੱਕ ਅੱਖ ਮਿਲਾ ਕੇ ਕੀਤਾ ਜਾਂਦਾ ਹੈ ਤੇ ਫਿਰ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਪਤਾ ਨਹੀਂ। ਕਾਂਗਰਸ ਦੇ ਰਾਜ ਵਿਚ ਕੋਈ ਇਮਾਨਦਾਰ ਅਫਸਰ ਰਗੜਿਆ ਜਾਵੇ ਤਾਂ ਭਾਜਪਾ ਦੁਹਾਈ ਪਾਉਂਦੀ ਹੈ ਅਤੇ ਭਾਜਪਾ ਰਾਜ ਵਿਚ ਇਹੋ ਕਹਿਰ ਵਾਪਰ ਜਾਵੇ ਤਾਂ ਕਾਂਗਰਸੀਆਂ ਵਲੋਂ ਵਿਖਾਵੇ ਦੇ ਹੰਝੂ ਵਗਾਏ ਜਾਂਦੇ ਹਨ। ਭਾਰਤ ਦੇ ਰਾਜਕੀ ਚਿੰਨ੍ਹ ਵਿਚ ਸਾਨੂੰ ਤਿੰਨ ਸ਼ੇਰ ਦਿਖਾਈ ਦੇਂਦੇ ਹਨ, ਜਿਹੜੇ ਮਾਇਆ ਦੇ ਨੋਟਾਂ ਤੋਂ ਲੈ ਕੇ ਇਨਸਾਫ ਦੀਆਂ ਅਦਾਲਤਾਂ ਦੀ ਹਰ ਚੀਜ਼ ਤੱਕ ਝਲਕਦੇ ਹਨ। ਕਿਸੇ ਵੀ ਬੁਰਜੀ ਨੂੰ ਵੇਖੀਏ ਤਾਂ ਉਸ ਦੀਆਂ ਚਹੁੰ ਵਿਚੋਂ ਤਿੰਨ ਦਿਸ਼ਾਵਾਂ ਦਿਸ ਸਕਦੀਆਂ ਹਨ, ਚੌਥੀ ਨਹੀਂ। ਜੇ ਕਿਧਰੇ ਚੌਥੀ ਦਿਸ ਸਕਦੀ ਤਾਂ ਇਹ ਤਿੰਨਾਂ ਦੀ ਥਾਂ ਚਾਰ ਸ਼ੇਰ ਹੋਣੇ ਸਨ। ਚਾਰ ਸ਼ੇਰ ਹੋਣ ਦਾ ਮਤਲਬ ਇਹ ਹੈ ਕਿ ਚਾਰ ਪਾਸੇ ਉਨ੍ਹਾਂ ਸ਼ੇਰਾਂ ਦਾ ਬੋਲ-ਬਾਲਾ ਦਿੱਸ ਪੈਣਾ ਸੀ, ਜਿਹੜੇ ਜੰਗਲ ਦੇ ਹੋਰ ਜੀਵਾਂ ਨੂੰ ਜੀਵ ਨਹੀਂ, ਆਪਣੀ ਖੁਰਾਕ ਮੰਨਦੇ ਹਨ। ਸ਼ੇਰਾਂ ਦੇ ਵੱਸ ਪਏ ਕਹੋ ਜਾਂ ਬਘਿਆੜਾਂ ਦੇ, ਭਾਰਤੀ ਲੋਕਾਂ ਦੇ ਇਸ ਹਾਲ ਉਤੇ ਜਿਹੜਾ ਕੋਈ ਹਾਅ ਦਾ ਨਾਅਰਾ ਮਾਰਨਾ ਚਾਹੁੰਦਾ ਹੈ, ਉਸ ਨੂੰ ਇਸ ਹਸ਼ਰ ਲਈ ਤਿਆਰ ਹੋਣਾ ਚਾਹੀਦਾ ਹੈ। ਸਮੁੰਦਰ ਵਿਚ ਰਹਿ ਕੇ ਮਗਰਮੱਛਾਂ ਨਾਲ ਵੈਰ ਪਾਉਣਾ ਸੌਖਾ ਨਹੀਂ ਹੁੰਦਾ। ਜਿਨ੍ਹਾਂ ਇਮਾਨਦਾਰਾਂ ਨੇ ਏਡੀ ਹਿੰਮਤ ਕੀਤੀ, ਭਾਵੇਂ ਜਾਨਾਂ ਹੀ ਗਵਾ ਗਏ, ਉਨ੍ਹਾਂ ਨੂੰ ਸਲਾਮ ਹੈ, ਪਰ ਕੀ ਅਸੀਂ ਆਪ ਸਿਰਫ ਸਲਾਮ ਕਰਨ ਤੱਕ ਹੀ ਸੀਮਤ ਰਹਾਂਗੇ?