ਡਾæ ਗੁਰਨਾਮ ਕੌਰ, ਕੈਨੇਡਾ
ਬਾਜ਼ੀ ਸਿਰਾਂ ਤੇ ਧੜਾਂ ਦੀ ਆਣ ਲੱਗੀ,
ਅੰਦਰ ਕੌਮ ਆਜ਼ਾਦੀ ਦਾ ਪਿਆਰ ਹੋਸੀ।
ਇਹ ਕਾਵਿ-ਸਤਰ ਭਾਈ ਭਗਵਾਨ ਸਿੰਘ ਪ੍ਰੀਤਮ ਦੀ ਕਵਿਤਾ ਵਿਚੋਂ ਹੈ, ਜੋ ਗ਼ਦਰੀਆਂ ਦੇ ਮਨ ਵਿਚ ਦੇਸ਼ ਅਤੇ ਕੌਮ ਨੂੰ ਆਜ਼ਾਦ ਕਰਾਉਣ ਖ਼ਾਤਰ ਠਾਠਾਂ ਮਾਰ ਰਹੇ ਜੋਸ਼ ਦੀ ਸਹੀ ਤਰਜ਼ਮਾਨੀ ਕਰਦੀ ਹੈ। ਪਿਛਲੇ ਲੇਖ ਵਿਚ ਸ਼ਹੀਦ ਭਾਈ ਭਾਗ ਸਿੰਘ ਬਾਰੇ ਸੰਖੇਪ ਚਰਚਾ ਕੀਤੀ ਗਈ ਸੀ। ਭਾਈ ਬਦਨ ਸਿੰਘ ਦੂਸਰੇ ਗ਼ਦਰੀ ਸਨ ਜਿਨ੍ਹਾਂ ਦੇ ਭਾਈ ਭਾਗ ਸਿੰਘ ਦੇ ਨਾਲ ਹੀ ਵੈਨਕੂਵਰ ਗੁਰਦੁਆਰੇ ਵਿਚ ਬੇਲਾ ਸਿੰਘ ਜਿਆਣ ਵੱਲੋਂ ਗੋਲੀਆਂ ਮਾਰੀਆਂ ਗਈਆਂ। ਭਾਈ ਬਦਨ ਸਿੰਘ ਵੀ ਕੈਨੇਡਾ ਪਹੁੰਚਣ ਵਾਲੇ ਹੋਰ ਬਹੁਤ ਸਾਰੇ ਪੰਜਾਬੀਆਂ ਦੀ ਤਰ੍ਹਾਂ ਸਾਬਕਾ ਫੌਜੀ ਸਨ। ਉਹ ਇਕ ਕਿਸਾਨ ਪਰਿਵਾਰ ਵਿਚ ਸੰਨ 1864 ਈਸਵੀ ਵਿਚ ਜ਼ਿਲਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਚ ਪੈਦਾ ਹੋਏ। ਸੋਹਣ ਸਿੰਘ ਪੂੰਨੀ ਅਨੁਸਾਰ ਇਹ ਪਿੰਡ ਦਲੇਲ ਸਿੰਘ ਚਾਹਲ ਨਾਂ ਦੇ ਸਰਦਾਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਪਰਿਵਾਰਾਂ ਨੂੰ ਨਾਲ ਲੈ ਕੇ 1849 ਈਸਵੀ ਵਿਚ ਵਸਾਇਆ ਸੀ ਅਤੇ ਭਾਈ ਬਦਨ ਸਿੰਘ ਦਾ ਪਿਤਾ ਬਘੇਲ ਸਿੰਘ ਜਵੰਦਾ ਧੂਰੀ ਨੇੜਲੇ ਆਪਣੇ ਜੱਦੀ ਪਿੰਡ ਕੁੰਭੜਵਾਲ ਤੋਂ ਪਿੰਡ ਵਸਣ ਵੇਲੇ ਇਥੇ ਆ ਕੇ ਵੱਸ ਗਿਆ ਸੀ।
ਭਾਈ ਬਦਨ ਸਿੰਘ ਨੇ ਬਾਈ-ਤੇਈ ਸਾਲ ਦੀ ਉਮਰ ਤੱਕ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕੀਤਾ ਅਤੇ ਫਿਰ ਫੌਜ ਵਿਚ ਭਰਤੀ ਹੋ ਗਏ। ਪੰਜ ਸਾਲ ਨੌਕਰੀ ਕਰਨ ਪਿੱਛੋਂ ਫੌਜ ਵਿਚੋਂ ਨਾਂ ਕਟਵਾ ਲਿਆ ਅਤੇ ਤਕਰੀਬਨ ਦਸ ਸਾਲ ਤੱਕ ਆਪਣੇ ਪਿੰਡ ਹੀ ਰਹੇ। ਸੰਨ 1902 ਵਿਚ ਭਾਈ ਬਦਨ ਸਿੰਘ ਨੇ ਹਾਂਗ-ਕਾਂਗ ਜਾ ਕੇ ਜੇਲ੍ਹ ਗਾਰਡ ਦੀ ਨੌਕਰੀ ਕੀਤੀ। ਇੱਥੋਂ ਹੀ ਅਸਤੀਫਾ ਦੇ ਕੇ 1907 ਵਿਚ ਉਹ ਕੈਨੇਡਾ ਆ ਗਏ। ਕੈਨੇਡਾ ਵਿਚ ਆ ਕੇ ਵਸੇ ਪੰਜਾਬੀਆਂ ਵਿਚ ਉਸ ਵੇਲੇ ਨਾ ਸਿਰਫ ਆਪਣੇ ਮੁਲਕ ਦੀ ਗ਼ੁਲਾਮੀ ਦਾ ਅਹਿਸਾਸ ਹੀ ਦਿਨੋ ਦਿਨ ਜ਼ੋਰ ਫੜ ਰਿਹਾ ਸੀ ਬਲਕਿ ਉਨ੍ਹਾਂ ਨੂੰ ਆਪਣੇ ਮੁਲਕ ਦੀ ਗ਼ੁਲਾਮੀ ਦਾ ਇੱਕ ਕਾਰਨ ਲੋਕਾਂ ਦਾ ਅਨਪੜ੍ਹ ਹੋਣਾ ਵੀ ਨਜ਼ਰ ਆਉਂਦਾ ਸੀ। ਇਸ ਲਈ ਪੰਜਾਬ ਵਿਚ ਵਿੱਦਿਆ ਦੇ ਫੈਲਾਉ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਸਨ। ਉਸ ਵੇਲੇ ਜਦੋਂ ਕੋਈ ਲੜਕੀਆਂ ਦੀ ਪੜ੍ਹਾਈ ਬਾਰੇ ਸੋਚਦਾ ਵੀ ਨਹੀਂ ਸੀ, ਭਾਈ ਬਦਨ ਸਿੰਘ ਨੇ ਭਸੌੜ ਦੇ ਲੜਕੀਆਂ ਦੇ ਸਕੂਲ ਦੀ ਸਹਾਇਤਾ ਕਰਨ ਲਈ ਵੱਧ ਚੜ੍ਹ ਕੇ ਪੈਸਾ ਇਕੱਠਾ ਕੀਤਾ।
ਹਿੰਦੁਸਤਾਨੀਆਂ ਨੇ ਕੈਨੇਡਾ ਵਿਚ ਆਪਣੇ ਪੈਰ ਪੱਕੇ ਕਰਨ ਲਈ ਆਪਣੀਆਂ ਕੰਪਨੀਆਂ ਅਤੇ ਵਪਾਰਕ ਅਦਾਰੇ ਸਥਾਪਤ ਕਰਨ ਵੱਲ ਉਪਰਾਲੇ ਸ਼ੁਰੂ ਕਰ ਦਿੱਤੇ ਸਨ। ਇਸੇ ਤਹਿਤ ਸੰਤ ਤੇਜਾ ਸਿੰਘ ਦੀ ਅਗਵਾਈ ਵਿਚ ਹਿੰਦੁਸਤਾਨੀਆਂ ਨੇ ‘ਗੁਰੂ ਨਾਨਕ ਮਾਈਨਿੰਗ ਐਂਡ ਟ੍ਰਸਟ ਕੰਪਨੀ’ ਬਣਾਈ ਜਿਸ ਦੇ ਡਾਇਰੈਕਟਰ ਭਾਈ ਬਦਨ ਸਿੰਘ ਨੂੰ ਚੁਣਿਆ ਗਿਆ। ਕੈਨੇਡਾ ਵਿਚ ਆਪਣੇ ਹੱਕ ਲੈਣ ਲਈ ਹਿੰਦੁਸਤਾਨੀਆਂ ਨੂੰ ਬਹੁਤ ਜਦੋਜਹਿਦ ਕਰਨੀ ਪੈ ਰਹੀ ਸੀ ਅਤੇ ਹੱਕ ਸੌਖਿਆਂ ਨਾ ਮਿਲਣ ਦਾ ਕਾਰਨ ਹਿੰਦੁਸਤਾਨ ਦਾ ਅੰਗਰੇਜ਼ਾਂ ਦੇ ਗ਼ੁਲਾਮ ਹੋਣਾ ਸੀ। ਇਸ ਤਰ੍ਹਾਂ ਕੈਨੇਡਾ ਰਹਿੰਦੇ ਹਿੰਦੁਸਤਾਨੀਆਂ ਨੇ ਇੱਕ ਪਾਸੇ ਆਪਣੇ ਹੱਕਾਂ ਲਈ ਅਤੇ ਦੂਸਰੇ ਪਾਸੇ ਦੇਸ਼ ਦੀ ਆਜ਼ਾਦੀ ਲਈ ਦੂਹਰਾ ਘੋਲ ਵਿੱਢਿਆ। ਭਾਈ ਬਦਨ ਸਿੰਘ ਦੋਵੇਂ ਤਰ੍ਹਾਂ ਦੇ ਘੋਲ ਕਰਨ ਵਾਲਿਆਂ ਦੀ ਮੁਢਲੀ ਕਤਾਰ ਵਿਚ ਸਨ। ਪਹਿਲਾਂ ਉਹ ਫਰੇਜ਼ਰ ਮਿੱਲ ਵਿਚ ਕੰਮ ਕਰਦੇ ਸਨ ਪਰ ਪਿੱਛੋਂ ਵੈਨਕੂਵਰ ਆ ਗਏ ਅਤੇ ਰਾਈਟਪੋਰਟ ਕੰਪਨੀ ਵਿਚ ਨੌਕਰੀ ਕਰ ਲਈ। ਇਥੇ ਵੈਨਕੂਵਰ ਗੁਰਦੁਆਰੇ ਵਿਚ ਜਾ ਕੇ ਸਤਿਸੰਗ ਕਰਨਾ, ਗੁਰਬਾਣੀ ਸਰਵਣ ਕਰਨੀ ਅਤੇ ਸੇਵਾ ਕਰਨੀ ਉਨ੍ਹਾਂ ਦਾ ਨਿੱਤਨੇਮ ਸੀ।
ਹਰ ਕੌਮ ਵਿਚ ਜਿੱਥੇ ਇੱਕ ਪਾਸੇ ਸਰਬੱਤ ਦੇ ਭਲੇ ਨੁੰ ਪ੍ਰਣਾਏ ਤੇ ਲੋਕ-ਹਿਤਾਂ ਲਈ ਲੜ-ਮਰਨ ਵਾਲੇ ਸੂਰਮੇ ਪੈਦਾ ਹੁੰਦੇ ਹਨ, ਉਥੇ ਨਾਲ ਹੀ ਗ਼ੱਦਾਰਾਂ ਦੀ ਵੀ ਕੋਈ ਘਾਟ ਨਹੀਂ ਹੁੰਦੀ। ਜੇ ਕੋਈ ਸ਼ਾਮ ਸਿੰਘ ਅਟਾਰੀ ਵਾਲਾ ਬੁੱਢਾ ਜਰਨੈਲ ਖ਼ਾਲਸੇ ਦੀ ਆਨ ਅਤੇ ਸ਼ਾਨ ਕਾਇਮ ਰੱਖਣ ਲਈ ਮੈਦਾਨੇ-ਜੰਗ ਵਿਚ ਜੂਝ ਰਿਹਾ ਹੁੰਦਾ ਹੈ ਤਾਂ ਦੂਜੇ ਪਾਸੇ ਤੇਜਾ ਸਿੰਘ, ਲਾਲ ਸਿੰਘ ਵਰਗੇ ਗ਼ੱਦਾਰ ਆਪਣੇ ਨਿਜੀ ਲਾਲਚਾਂ ਖ਼ਾਤਰ ਕੌਮ ਦੀਆਂ ਬੇੜੀਆਂ ਵਿਚ ਵੱਟੇ ਪਾਉਣ ਲਈ ਵੀ ਤਤਪਰ ਰਹਿੰਦੇ ਹਨ। ਇੱਕ ਪਾਸੇ ਭਗਤ ਸਿੰਘ ਦੇ ਪੜਦਾਦੇ ਸ਼ ਫਤਿਹ ਸਿੰਘ ਵਰਗੇ ਆਪਣੇ ਲੋਕਾਂ ਦੀ ਖ਼ਾਤਰ ਐਂਗਲੋ-ਸਿੱਖ ਲੜਾਈਆਂ ਵਿਚ ਆਪਣੀਆਂ ਜਗੀਰਾਂ ਗੁਆ ਕੇ ਆਪਣੇ ਲੋਕਾਂ ਦਾ ਸਾਥ ਦਿੰਦੇ ਹਨ ਤਾਂ ਦੂਸਰੇ ਪਾਸੇ ਸੂਰਤ ਸਿੰਘ ਮਜੀਠੀਆ (ਸ਼ ਸੁੰਦਰ ਸਿੰਘ ਮਜੀਠੀਆ ਦੇ ਪਿਤਾ) ਵਰਗੇ ਆਪਣੀਆਂ ਜਗੀਰਾਂ ਮੁੜ ਪ੍ਰਾਪਤ ਕਰਨ ਲਈ 1857 ਦੇ ਗ਼ਦਰ ਵਿਚ ਆਪਣੇ ਲੋਕਾਂ ਦੇ ਖ਼ਿਲਾਫ ਨਾ ਸਿਰਫ ਆਪ ਹੀ ਅੰਗਰੇਜ਼ਾਂ ਦਾ ਸਾਥ ਦਿੰਦੇ ਹਨ ਸਗੋਂ ਹੋਰਾਂ ਨੂੰ ਜਗੀਰਾਂ ਦਾ ਲਾਲਚ ਦੇ ਕੇ ਪ੍ਰੇਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰ੍ਹਾਂ ਕੈਨੇਡਾ ਵਿਚ ਜਿਥੇ ਭਾਈ ਭਗਵਾਨ ਸਿੰਘ, ਭਾਈ ਭਾਗ ਸਿੰਘ, ਭਾਈ ਮੇਵਾ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਬਦਨ ਸਿੰਘ ਵਰਗੇ ਆਪਣੇ ਲੋਕਾਂ ਦੇ ਹਿਤਾਂ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ ਤਾਂ ਬੇਲਾ ਸਿੰਘ ਜਿਆਣ ਵਰਗੇ ਹਾਪਕਿਨਸਨ ਵਰਗਿਆਂ ਨਾਲ ਰਲ ਕੇ ਆਪਣੇ ਲੋਕਾਂ ਅਤੇ ਮੁਲਕ ਦੇ ਖਿਲਾਫ ਭੁਗਤ ਰਹੇ ਸਨ। ਅਜਿਹੇ ਲੋਕਾਂ ਦਾ ਧਰਮ ਜਾਂ ਈਮਾਨ, ਦੇਸ਼ ਅਤੇ ਕੌਮ ਨਾਲ ਕੋਈ ਲਗਾਉ ਜਾਂ ਹਿਤ ਨਹੀਂ ਹੁੰਦਾ। ਉਹ ਸਿਰਫ ਆਪਣੇ ਸਵਾਰਥ ਨਾਲ ਜੁੜੇ ਹੁੰਦੇ ਹਨ।
ਸੋਹਣ ਸਿੰਘ ਪੂੰਨੀ ਨੇ ਵੈਨਕੂਵਰ ਗੁਰਦੁਆਰੇ ਅੰਦਰ ਬੇਲਾ ਸਿੰਘ ਜਿਆਣ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਬੇਲਾ ਸਿੰਘ ਨੇ ਜਦੋਂ ਭਾਈ ਭਾਗ ਸਿੰਘ ਦੇ ਗੋਲੀਆਂ ਮਾਰੀਆਂ ਤਾਂ ਭਾਈ ਬਦਨ ਸਿੰਘ ਭੱਜ ਕੇ ਉਸ ਵੱਲ ਆਏ ਤੇ ਉਚੀ ਦੇ ਕੇ ਬੋਲੇ ‘ਓਏ ਦੁਸ਼ਟਾ ਕੀ ਕਰਦਾ ਏਂ, ਓਏ ਹਨੇਰ ਨਾ ਕਰ’ ਬੇਲਾ ਸਿੰਘ ਨੇ ਦੋਨੋਂ ਪਿਸਤੌਲ ਉਨ੍ਹਾਂ ਵੱਲ ਸੇਧ ਦਿੱਤੇ। ਭਾਈ ਬਦਨ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਚਾਰ ਗੋਲੀਆਂ ਲੱਗੀਆਂ, ਲੱਗੀਆਂ ‘ਤੇ ਵੀ ਬੇਲਾ ਸਿੰਘ ਨੂੰ ਗਲੋਂ ਜਾ ਫੜਿਆ ਪਰ ਗੋਲੀਆਂ ਆਪਣਾ ਕੰਮ ਕਰ ਗਈਆਂ ਸਨ। ਬੇਲਾ ਸਿੰਘ ਨੇ ਦੋਹਾਂ ਪਿਸਤੌਲਾਂ ਨਾਲ ਧੱਕਾ ਦੇ ਕੇ ਭਾਈ ਬਦਨ ਸਿੰਘ ਨੂੰ ਭੁੰਜੇ ਸੁੱਟ ਦਿੱਤਾ ਤੇ ਆਪ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਰਿਹਾ, ਜਿਸ ਨਾਲ ਬਹੁਤ ਸਾਰੇ ਹੋਰ ਬੰਦੇ ਜ਼ਖਮੀ ਹੋ ਗਏ।” (ਪੰਨਾ 40) ਗੁਰਦੁਆਰੇ ਵਿਚ ਹਫੜਾ-ਦਫੜੀ ਮੱਚ ਗਈ ਜਿਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਬੇਲਾ ਸਿੰਘ ਉਥੋਂ ਨਿਕਲਣ ਵਿਚ ਕਾਮਯਾਬ ਹੋ ਗਿਆ। ਅੱਠ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਨੁੰ ਪੁਲਿਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਅਤੇ ਬੇਲਾ ਸਿੰਘ ਘਰੋਂ ਹੋ ਕੇ ਜਦੋਂ ਐਂਬੂਲੈਂਸ ਕੋਲ ਖੜਾ ਜ਼ਖਮੀਆਂ ਨੂੰ ਦੇਖ ਰਿਹਾ ਸੀ ਤਾਂ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦੂਸਰੇ ਦਿਨ ਦੁਪਹਿਰ ਵੇਲੇ ਪੁਲਿਸ ਬੇਲਾ ਸਿੰਘ ਨੁੰ ਲੈ ਕੇ ਹਸਪਤਾਲ ਪਹੁੰਚੀ ਤਾਂ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੋਹਾਂ ਨੇ ਉਸ ਦੀ ਸ਼ਨਾਖਤ ਕਰਕੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਉਹੀ ਸੀ। ਸ਼ਾਮ ਨੂੰ ਪਹਿਲਾਂ ਭਾਈ ਭਾਗ ਸਿੰਘ ਅਤੇ ਫਿਰ ਕੁੱਝ ਸਮੇਂ ਬਾਅਦ ਭਾਈ ਬਦਨ ਸਿੰਘ ਅਕਾਲ ਚਲਾਣਾ ਕਰ ਗਏ। ਦੋਵਾਂ ਦਾ ਹੀ ਇਕੱਠਿਆਂ, ਇੱਕੋ ਚਿਖਾ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ।
ਸੋਹਣ ਸਿੰਘ ਪੂੰਨੀ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਸ਼ਹੀਦੀ ਸਮੇਂ ਭਾਈ ਬਦਨ ਸਿੰਘ ਦੀ ਉਮਰ ਪੰਜਾਹ ਸਾਲ ਦੇ ਲਗਭਗ ਸੀ। ਭਾਈ ਸਾਹਿਬ ਨੇ ਬਹੁਤ ਹੀ ਦਲੇਰਾਨਾ ਢੰਗ ਨਾਲ ਸ਼ਹੀਦੀ ਪ੍ਰਾਪਤ ਕੀਤੀ ਅਤੇ ਚਾਰ ਗੋਲੀਆਂ ਖਾ ਕੇ ਵੀ ਬੇਲਾ ਸਿੰਘ ਨੂੰ ਧੌਣ ਤੋਂ ਜਾ ਫੜਿਆ। ਜੇ ਭਾਈ ਬਦਨ ਸਿੰਘ ਉਸ ਨੂੰ ਨਾ ਫੜਦੇ ਤਾਂ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਭਾਈ ਬਲਵੰਤ ਸਿੰਘ ਨੂੰ ਵੀ ਜ਼ਰੂਰ ਗੋਲੀ ਮਾਰ ਦੇਣੀ ਸੀ। ਭਾਈ ਸਾਹਿਬ ਦੀ ਸ਼ਹੀਦੀ ਨੂੰ ਗ਼ਦਰ ਲਹਿਰ ਵਿਚ ਹਿੱਸਾ ਲੈਣ ਵਾਲੇ ਹਰਭਜਨ ਸਿੰਘ ਚਮਿੰਡਾ ਨੇ ਹੇਠ ਲਿਖੇ ਸ਼ਬਦਾਂ ਵਿਚ ਬਿਆਨ ਕੀਤਾ ਹੈ,
ਆਪਣੇ ਬਦਨ ਦੀਆਂ ਆਂਦਰਾਂ ਬਣਾ ਕੇ ਡੋਰ,
ਸਾਥੀਆਂ ਦੀ ਗੁੱਡੀ ਅਸਮਾਨ ‘ਤੇ ਚੜ੍ਹਾ ਗਿਆ।
ਸਿੱਖ ਉਤੇ ਸਿੱਖ ਕਿਵੇਂ ਆਪਣੀ ਘੁਮਾਉਂਦੇ ਜਾਨ,
ਅੱਜ ਕੱਲ ਝਾਕੀ ਇਹ ਪੁਰਾਤਨ ਵਿਖਾ ਗਿਆ।
ਟਾਪੂਆਂ ‘ਚ ਸਿੱਖੀ ਸੰਦੇ ਬੂਟੇ ਨੂੰ ਵਧਾਉਣ ਹਿਤ,
ਤਿੱਪੋ ਤਿੱਪ ਖੂਨ ਵਿਚ ਜੜ੍ਹਾਂ ਦੇ ਚੁਆ ਗਿਆ।
ਦੁਆਬੀਏ, ਮਝੈਲ, ਮਲਵਈਆਂ ਦੀਆਂ ਆਪੋ ‘ਚ,
ਘੁਟ ਘੁਟ ਕੇ ਸੋਹਣਾ ਜੱਫੀਆਂ ਪੁਆ ਗਿਆ।
(ਸੋਮਾ: ਸੋਹਣ ਸਿੰਘ ਪੂੰਨੀ)
ਗ਼ਦਰ ਲਹਿਰ ਵਿਚ ਹਿੱਸਾ ਲੈਣ ਵਾਲੇ ਸਿੱਖ ਪਿਛੋਕੜ ਵਾਲੇ ਗ਼ਦਰੀਆਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਸਾਰਿਆਂ ਦਾ ਜ਼ਿਕਰ ਕਰ ਸਕਣਾ ਔਖਾ ਹੈ। ਹੁਣ ਤੱਕ ਦੀ ਕੀਤੀ ਵਿਚਾਰ-ਚਰਚਾ ਦਾ ਮਕਸਦ ਸਿਰਫ ਇਹ ਦੱਸਣਾ ਸੀ ਕਿ ਗ਼ਦਰ ਲਹਿਰ ਵਿਚ ਸਿੱਖਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ਸਿਰਫ ਹਿੱਸਾ ਹੀ ਨਹੀਂ ਲਿਆ ਸਗੋਂ ਉਹ ਇਸ ਲਹਿਰ ਨੂੰ ਅੰਜ਼ਾਮ ਦੇਣ ਵਾਲੇ ਮੋਢੀਆਂ ਵਿਚੋਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਾਧਾਰਾ ਉਨ੍ਹਾਂ ਉਤੇ ਪੂਰੀ ਤਰ੍ਹਾਂ ਅਸਰ-ਅੰਦਾਜ਼ ਸੀ। ਉਹ ‘ਗ਼ਦਰ’ ਅਖ਼ਬਾਰ ਦੀਆਂ ਲਿਖਤਾਂ ਵਿਚ ਵੀ ਗੁਰਬਾਣੀ ਵਿਚੋਂ ਹਵਾਲੇ ਦਿੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧਰਮ ਚਿੰਤਨ ਹੀ ਇੱਕ ਅਜਿਹਾ ਚਿੰਤਨ ਹੈ ਜਿਸ ਨੇ ਹਿੰਦੁਸਤਾਨ ਨੂੰ ਹੀ ਨਹੀਂ ਸਗੋਂ ਸਰਬ ਸਥਾਨਾਂ ਅਤੇ ਸਰਬ ਸਮਿਆਂ ਨੁੰ ਸਮਾਜਿਕ ਬਰਾਬਰੀ, ਸਮਾਜਿਕ ਨਿਆਉਂ, ਵਿਤਕਰੇ-ਰਹਿਤ ਸਮਾਜਿਕ ਰਿਸ਼ਤਿਆਂ, ਮਨੁੱਖੀ ਅਧਿਕਾਰਾਂ, ਆਪਣੇ ਹੱਕ ਲਈ ਆਪ ਲੜਨ, ਆਪਣੀ ਰੱਖਿਆ ਆਪ ਕਰਨ ਅਤੇ ਸਵੈਮਾਣ ਨਾਲ ਜਿਉਣ ਦਾ ਸਰਬੱਤ ਦੇ ਭਲੇ ਵਾਲਾ ਮਾਡਲ ਦਿੱਤਾ। ਅਸਲ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਅਜਿਹੇ ਬਦਲਾਉ ਲਈ ਇਨਕਲਾਬ ਦੀ ਨੀਂਹ ਰੱਖ ਦਿੱਤੀ ਗਈ ਸੀ ਜਿਸ ਨੂੰ ਸ਼ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਕਿਹਾ ਹੈ। ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਨਾ ਸਿਰਫ ਰਾਜਨੀਤਕ ਗ਼ੁਲਾਮੀ, ਸਮਾਜਿਕ ਅਤੇ ਧਾਰਮਿਕ ਲੁੱਟ-ਖਸੁੱਟ ਪ੍ਰਤੀ ਚੇਤੰਨ ਕੀਤਾ ਸਗੋਂ ਉਨ੍ਹਾਂ ਨੇ ਕਾਬਲ ਤੋਂ ਫੌਜਾਂ ਲੈ ਕੇ ਹਿੰਦੁਸਤਾਨ ਦੀ ਲੁੱਟ-ਖਸੁੱਟ ਕਰਨ ਆਏ ਬਾਬਰ ਨੂੰ ਲਲਕਾਰਿਆ ਅਤੇ ਉਸ ਨੂੰ ‘ਜਮ’ ਤੱਕ ਕਿਹਾ ਜੋ ਆਪਣੇ ਨਾਲ ਫੌਜ ਦੇ ਰੂਪ ਵਿਚ ‘ਪਾਪ ਕੀ ਜੰਞ’ ਲੈ ਕੇ ਆਇਆ। ਹਿੰਦੁਸਤਾਨੀਆਂ ਨੂੰ ਗੁਰੂ ਨਾਨਕ ਨੇ ਉਨ੍ਹਾਂ ਦੀ ਗ਼ੁਲਾਮੀ ਅਤੇ ਕਮਜ਼ੋਰੀ ਦਾ ਅਹਿਸਾਸ ਕਰਾਇਆ ਅਤੇ ਦੱਸਿਆ ਕਿ ਮਨੁੱਖ ਨੁੰ ਆਪਣੇ ਸਵੈਮਾਨ ਦੀ ਰੱਖਿਆ ਆਪ ਕਰਨੀ ਪੈਂਦੀ ਹੈ। ਭੀੜ ਪਈ ‘ਤੇ ਕੋਈ ਦੇਵੀ ਦੇਵਤਾ ਜਾਂ ਪੀਰ ਉਨ੍ਹਾਂ ਦੀ ਰੱਖਿਆ ਲਈ ਨਹੀਂ ਪਹੁੰਚਿਆ। ਕਿਸੇ ਦੇਵੀ ਦੇਵਤੇ ਨੇ ਮੁਗ਼ਲਾਂ ਨੁੰ ਜ਼ੁਰਮ ਕਰਨ ਤੋਂ ਰੋਕਿਆ ਨਹੀਂ ਅਤੇ ਨਾ ਹੀ ਕਿਸੇ ਪੀਰ ਦੀ ਦੁਆ ਨਾਲ ਕੋਈ ਮੁਗ਼ਲ ਅੰਨ੍ਹਾ ਹੋਇਆ,
ਕੋਟੀ ਹੂ ਪੀਰ ਵਰਜਿ ਰਹਾਏ
ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ
ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨ ਹੋਆ ਅੰਧਾ
ਕਿਨੈ ਨ ਪਰਚਾ ਲਾਇਆ॥4॥
(ਪੰਨਾ 418-19)
ਹਿੰਦੁਸਤਾਨੀ, ਜਿਨ੍ਹਾਂ ਵਿਚ 99% ਪੰਜਾਬੀ ਸਨ ਅਤੇ ਉਨ੍ਹਾਂ ਵਿਚੋਂ ਵੀ ਤਕਰੀਬਨ 90% ਸਿੱਖ ਸਨ, ਅਮਰੀਕਾ-ਕੈਨੇਡਾ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਏ ਸਨ ਪਰ ਇਨ੍ਹਾਂ ਮੁਲਕਾਂ ਦੀ ਆਜ਼ਾਦ ਫਿਜ਼ਾ ਵਿਚ ਜਦੋਂ ਉਨ੍ਹਾਂ ਨੁੰ ਗ਼ੁਲਾਮ ਮੁਲਕ ਤੋਂ ਹੋਣ ਕਰਕੇ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਅਹਿਸਾਸ ਨੇ ਉਨ੍ਹਾਂ ਅੰਦਰ ਸੁੱਤੇ ਪਏ ਸਿੱਖ ਨੂੰ ਜਗਾਇਆ। ਉਨ੍ਹਾਂ ਨੂੰ ਆਪਣੇ ਮੁਲਕ ਦੀ ਗ਼ੁਲਾਮੀ ਦਾ ਅਹਿਸਾਸ ਹੋਇਆ ਅਤੇ ਉਸ ਨੁੰ ਆਜ਼ਾਦ ਕਰਾਉਣ ਲਈ ਉਨ੍ਹਾਂ ਦੀ ਅਣਖ ਨੇ ਹਲੂਣਿਆ, ਉਹ ਮੁਲਕ ਦੀ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਮਰ ਮਿਟਣ ਲਈ ਤਿਆਰ ਹੋਏ। ਉਨ੍ਹਾਂ ਨੇ ਆਪਣੀ ਦਸਾਂ-ਨਹੁੰਆਂ ਦੀ ਕਿਰਤ ਕਮਾਈ ਵਿਚੋਂ ਬਾਹਰਲੇ ਮੁਲਕਾਂ ਵਿਚ ਗੁਰਦੁਆਰੇ ਉਸਾਰੇ, ਭਾਈਚਾਰੇ ਨੂੰ ਮੁਲਕ ਦੀ ਆਜ਼ਾਦੀ ਵਾਸਤੇ ਚੇਤੰਨ ਕਰਨ ਲਈ ਗੁਰਦੁਆਰਿਆਂ ਨੂੰ ਪ੍ਰਚਾਰ ਦਾ ਕੇਂਦਰ ਬਣਾਇਆ। ਗ਼ਦਰ ਲਹਿਰ ਨੂੰ ਅਰੰਭ ਕਰਨ ਵਾਲੇ ਅਤੇ ਇਸ ਦਾ ਪ੍ਰਚਾਰ ਕਰਨ ਵਾਲੇ ਬਹੁਤੇ ਗ਼ਦਰੀ ਗ੍ਰੰਥੀ ਸਿੰਘ ਸਨ, ਜਿਨ੍ਹਾਂ ਸਾਰਿਆਂ ਦਾ ਵਰਣਨ ਕਰ ਸਕਣਾ ਸੰਭਵ ਨਹੀਂ। ਬਹੁਤੇ ਗ਼ਦਰੀ ਨਾ ਸਿਰਫ ਸਾਬਤ ਸੂਰਤ ਸਿੱਖ ਸਨ ਸਗੋਂ ਉਨ੍ਹਾਂ ਅੰਮ੍ਰਿਤ ਵੀ ਛਕਿਆ ਹੋਇਆ ਸੀ। ਗ਼ਦਰ ਪਾਰਟੀ ਦੇ ਮੰਤਵ ਬਾਰੇ ਜ਼ਿਕਰ ਕਰਦਿਆਂ ਹਰਨਾਮ ਸਿੰਘ ਟੁੰਡੀਲਾਟ ਨੇ ਲਿਖਿਆ ਹੈ,
“ਗ਼ਦਰ ਪਾਰਟੀ ਸਥਾਪਤੀ ਤੋਂ ਲੈ ਕੇ ਹਿੰਦੁਸਤਾਨ ਅੰਦਰ ਬਗਾਵਤ ਕਰਨ ਵਾਸਤੇ, ਹਿੰਦੁਸਤਾਨ ਰਵਾਨਾ ਹੋਣ ਤੱਕ ਗ਼ਦਰ ਪਾਰਟੀ ਦੇ ਕਿਸੇ ਮੈਂਬਰ ਨੂੰ ਮਾਰਕਸਵਾਦ, ਸਾਮਰਾਜ, ਕਮਿਊਨਿਸਟ ਕੌਮਾਂਤਰੀ ਲਹਿਰ, ਬਾਲਸ਼ਵਿਕ ਆਦਿ ਕਿਸੀ ਸ਼ੈ ਜਾਂ ਸੰਸਥਾ ਦਾ ਕੋਈ ਇਲਮ ਨਹੀਂ ਸੀ। ਸਾਡੇ ਸਭ ਤੋਂ ਵਧੇਰੇ ਵਿਦਿਆ ਪ੍ਰਾਪਤ ਲਾਲਾ ਹਰਦਿਆਲ ਨੂੰ ਵੀ ਉਪਰੋਕਤ ਕਿਸੇ ਨਾਂ ਦੀ ਜਾਣਕਾਰੀ ਨਹੀਂ ਸੀ, ਹਾਲਾਂਕਿ ਉਨ੍ਹਾਂ ਦਾ ਕਿਤਾਬੀ ਤੇ ਅਖ਼ਬਾਰੀ ਅਧਿਐਨ ਬਾਕੀ ਸਾਰਿਆਂ ਨਾਲੋਂ ਬਹੁਤ ਵਿਸ਼ਾਲ ਸੀ। ਰੂਸ ਬਾਰੇ ਵੀ ਲਾਲਾ ਹਰਦਿਆਲ ਦੀ ਜਾਣਕਾਰੀ ਉਥੇ ਦੀ ਗ਼ਰਕਾਊ ਲਹਿਰ (ਅਨਾਰਕਿਸਟ) ਅਤੇ ਰੂਸੀ ਅਤਿਆਚਾਰਾਂ ਤੱਕ ਹੀ ਸੀਮਤ ਸੀ।
ਸ਼ ਜਗਜੀਤ ਸਿੰਘ ਦੀ ਪੁਸਤਕ ‘ਗ਼ਦਰ ਪਾਰਟੀ ਲਹਿਰ’ ਵਿਚ ਅਮਰੀਕਾ ਦੇ ਗ਼ਦਰੀਆਂ ਬਾਰੇ ਛੋਟੀ ਜਿਹੀ ਟਿਪਣੀ ਸਿੱਖ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ, “ਲਾਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿੱਛੋਂ ‘ਭਾਈ’ ਸੰਤੋਖ ਸਿੰਘ ਉਨ੍ਹਾਂ ਦੀ ਥਾਂ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਅਤੇ ਗੁਪਤ ਕਮਿਸ਼ਨ ਦੇ ਮੈਂਬਰ ਚੁਣੇ ਗਏ। ‘ਭਾਈ’ ਸੰਤੋਖ ਸਿੰਘ ਖ਼ਾਲਸਾ ਕਾਲਜ, ਅੰਮ੍ਰਿਤਸਰ, ਵਿਚੋਂ ਐਫ਼ਏæ ਜਾਂ ਬੀæਏæ ਦੀ ਪੜ੍ਹਾਈ ਛੱਡ ਕੇ ਅਮਰੀਕਾ ਉਚ ਵਿਦਿਆ ਪ੍ਰਾਪਤ ਕਰਨ ਗਏ, ਅਤੇ ਕੈਲੀਫੋਰਨੀਆ ਨਵੇਂ ਜਾਣ ਵਾਲੇ ਹੋਰ ਹਿੰਦੀਆਂ ਵਾਕੁਰ ਸ੍ਰੀ ਜਵਾਲਾ ਸਿੰਘ ਅਤੇ ‘ਸੰਤ’ ਵਸਾਖਾ ਸਿੰਘ ਪਾਸ ਉਨ੍ਹਾਂ ਦੀ ਫਾਰਮ ਉਤੇ ਵਿਹਲੇ ਦਿਨ ਕੱਟਣ ਚਲੇ ਗਏ। ਗ਼ਦਰ ਪਾਰਟੀ ਬਣਨ ਤੋਂ ਕਾਫੀ ਚਿਰ ਪਹਿਲੋਂ ਸ੍ਰੀ ਜਵਾਲਾ ਸਿੰਘ ਨੂੰ ਪਤਾ ਨਹੀਂ ਕਿਸੇ ਆਇਰਿਸ਼ ਦੇਸ਼ ਭਗਤ ਤੋਂ ਜਾਂ ਹੋਰ ਕਿਸੇ ਤਰ੍ਹਾਂ ਦੇਸ਼ ਭਗਤੀ ਦੀ ਲਗਨ ਲਗ ਚੁੱਕੀ ਸੀ। ਉਨ੍ਹਾਂ ‘ਸੰਤ’ ਵਸਾਖਾ ਸਿੰਘ ਨੂੰ ਆਪਣਾ ਹਮ-ਖ਼ਿਆਲ ਬਣਾ ਲਿਆ। ‘ਭਾਈ’ ਸੰਤੋਖ ਸਿੰਘ ਵੀ ਉਨ੍ਹਾਂ ਦੀ ਸੰਗਤ ਕਰਕੇ ਇਸੇ ਰੰਗਤ ਵਿਚ ਰੰਗੇ ਗਏ, ਅਤੇ ਤਿੰਨਾਂ ਨੇ ਆਪਣਾ ਜੀਵਨ ਕੌਮੀ ਸੇਵਾ ਦੇ ਅਰਪਨ ਕਰਨ ਦਾ ਅਰਦਾਸਾ ਕਰ ਦਿੱਤਾ।” (ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਪੰਨਾ 179)
ਬਾਬਾ ਨਾਨਕ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਇੱਕ ਲੁੱਟ-ਖਸੁੱਟ ਤੋਂ ਰਹਿਤ, ਸਮਾਜਿਕ ਬਰਾਬਰੀ ਵਾਲਾ ‘ਸਰਬੱਤ ਦਾ ਭਲਾ ਮੰਗਣ ਵਾਲਾ’ ਫ਼ਲਸਫ਼ਾ ਸੰਸਾਰ ਨੂੰ ਦਿੱਤਾ ਜਿਸ ਦਾ ਆਧਾਰ ‘ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ’ ਹੈ। ਇਸ ਫ਼ਲਸਫ਼ੇ ਵਿਚ ਮਨੁੱਖ ਦੀ ਮਨੁੱਖ ਰਾਹੀਂ ਲੁੱਟ ਨੂੰ ਕੋਈ ਥਾਂ ਪ੍ਰਾਪਤ ਨਹੀਂ ਹੈ। ਇਸ ਵਿਚ ਤਾਂ ‘ਨ ਕੋ ਵੈਰੀ ਨਾਹਿ ਬਿਗਾਨਾ ਸਗਲ ਸੰਗਿ ਹਮ ਕੋ ਬਨ ਆਈ’ ਦਾ ਸਿਧਾਂਤ ਸ਼ਾਮਲ ਹੈ। ਕਾਰਲ ਮਾਰਕਸ ਨੇ ਵੀ ਜਿਸ ਕਿਸਮ ਦੇ ਸਮਾਜ ਦਾ ਸੁਪਨਾ ਸਾਕਾਰ ਕਰਨ ਲਈ ਆਪਣਾ ਸਿਧਾਂਤ ਦਿੱਤਾ ਉਸ ਵਿਚ ਮਨੁੱਖ ਰਾਹੀਂ ਮਨੁੱਖ ਦੀ ਹੋ ਰਹੀ ਲੁੱਟ ਦਾ ਹੀ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਮਾਰਕਸਵਾਦੀ ਅਤੇ ਸਿੱਖ ਆਪਣੇ ਆਪਣੇ ‘ਇਜ਼ਮ’ ਦਾ ਸੁਪਨਾ ਪੂਰਾ ਕਰਨ ਲਈ ਕਿੰਨੇ ਕੁ ਯਤਨਸ਼ੀਲ ਨੇ? ਉਨ੍ਹਾਂ ਸਿਧਾਂਤਾਂ ‘ਤੇ ਕਿੰਨਾ ਕੁ ਪਹਿਰਾ ਦੇ ਰਹੇ ਹਨ? ਸੰਸਾਰ ਦੀ ਗੱਲ ਤਾਂ ਪਾਸੇ ਰਹੀ ਜਿਹੋ ਜਿਹੇ ਹਿੰਦੁਸਤਾਨ ਦਾ ਸੁਪਨਾ ਗ਼ਦਰੀਆਂ ਨੇ ਚਿਤਵਿਆ ਸੀ (ਭਾਵੇਂ ਉਹ ਸਿੱਖੀ ਨੂੰ ਪ੍ਰਣਾਏ ਸੀ ਜਾਂ ਮਾਰਕਸਵਾਦ ਨੂੰ) ਉਸ ਨੂੰ ਪੂਰਾ ਕਰਨ ਲਈ ਇਹ ਲੋਕ ਕੀ ਕਰ ਰਹੇ ਹਨ? ਸਿਰਫ ਇੱਕੋ ਗੱਲ ‘ਤੇ ਜ਼ੋਰ ਲੱਗਾ ਹੈ ਕਿ ਕੌਣ ਸਿੱਖ ਸੀ ਜਾਂ ਮਾਰਕਸਵਾਦੀ ਸੀ? ਕੌਣ ਸ਼ਹੀਦ ਹੈ ਜਾਂ ਕੌਣ ਨਹੀਂ ਹੈ?
Leave a Reply