ਅਮੋਲਕ ਪਿਆਰੇ,
ਪਿਛਲੇ ਸਾਲ ਜਦੋਂ ਦਾ ਤੈਨੂੰ ਮਿਲ ਕੇ ਗਿਆ ਹਾਂ, ਤੇਰੇ ਚਾਅ ਅਤੇ ਸਿਰੜ ਨੂੰ ਦੇਖ ਕੇ ਤੇਰੇ ਮਿਸ਼ਨ ਵਿਚ ਦਿਲਚਸਪੀ ਪੈਦਾ ਹੋ ਗਈ ਸੀ। ਇੰਟਰਨੈਟ ‘ਤੇ ਜਦੋਂ ਕਦੀ ‘ਪੰਜਾਬ ਟਾਈਮਜ਼’ ਦਾ ਕੋਈ ਅੰਕ ਪੜ੍ਹਿਆ, ਚੰਗਾ ਲੱਗਿਆ। ਤੇਰੀ ਅਖਬਾਰ ਦੀ ਮਾਰ ਅਤੇ ਮਸ਼ਹੂਰੀ ਇੰਨੀ ਦੂਰ ਤੱਕ ਹੈ ਇਹ ਸਾਡੇ ਪਿੰਡ ਵਾਲੇ ਪ੍ਰੋæ ਗੁਰਤਰਨ ਸਿੰਘ ਵੱਲੋਂ ਮਹਿਬੂਬ ਸਾਹਿਬ ਦੇ ਭਾਈ ਮੱਘਰ ਸਿੰਘ ਦੇ ਲੜਕੇ ਸੁਖਬੀਰ ਸਿੰਘ ਸੁੱਖੀ ਦੇ ਨਾਂ ‘ਤੇ ਪਹਿਲੀ ਦਸੰਬਰ ਵਾਲੇ ਅੰਕ ਵਿਚ ‘ਪ੍ਰੋæ ਪੰਨੂ ਦੀ ਟਿੱਪਣੀ ਬਾਰੇ’ ਸਿਰਲੇਖ ਹੇਠ ਛਪਵਾਈ ਟਿਪਣੀ ਤੋਂ ਬਾਅਦ ਜ਼ਿਆਦਾ ਪਤਾ ਲੱਗਿਆ ਹੈ। ਹੈਰਾਨੀ ਵੀ ਹੋਈ ਹੈ।
ਇਸ ਚਿੱਠੀ ਵਿਚ ਪ੍ਰੋæ ਗੁਰਤਰਨ ਸਿੰਘ ਨੇ ਮੇਰਾ ਨਾਂ ਭਾਵੇਂ ਨਹੀਂ ਪਾਇਆ ਪਰ ਸਾਰੇ ਇਸ਼ਾਰੇ ਇਤਨੇ ਸਿੱਧੇ ਹਨ ਕਿ ਮਹਿਬੂਬ ਸਾਹਿਬ ਦੇ ਜੀਵਨ ਦੀ ਪਿਛੋਕੜ ਜਾਨਣ ਵਾਲਿਆਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਇਹ ਕਾਰਾ ਤਰਨੀ ਮਾਸਟਰ ਦਾ ਹੀ ਹੈ। ਹਰਿੰਦਰ ਹੋਰਾਂ ਨੂੰ ਸਾਰੇ ਪਿੰਡ ਦੇ ਲੋਕ ਸਤਿਕਾਰ ਨਾਲ ਮਹਿਬੂਬ ਸਾਹਿਬ ਕਰਕੇ ਜਾਣਦੇ ਜਾਂ ਬੁਲਾਉਂਦੇ ਸਨ। ਪ੍ਰੋæ ਗੁਰਤਰਨ ਸਿੰਘ ਦੀ ਪਿੰਡ ਅੰਦਰ ਪਹਿਚਾਣ ਅੱਜ ਤੱਕ ਵੀ ਤਰਨੀ ਮਾਸਟਰ ਵਜੋਂ ਹੀ ਬਣੀ ਹੋਈ ਹੈ। ‘ਪੰਜਾਬ ਟਾਈਮਜ਼’ ਵਿਚ ਛਪੀ ਚਿੱਠੀ ਪੜ੍ਹ ਕੇ ਸਭ ਤੋਂ ਪਹਿਲਾਂ ਤਾਂ ਅਮਰੀਕਾ ਰਹਿੰਦੇ ਸਾਡੇ ਭਤੀਜੇ ਕੁਲਵਿੰਦਰ ਗਿੱਲ ਦਾ ਫੋਨ ਆ ਗਿਆ ਕਿ ਅਮੋਲਕ ਸਿੰਘ ਤੁਹਾਡੇ ਮਿੱਤਰ ਗੁਰਦਿਆਲ ਬੱਲ ਦਾ ਇਤਨਾ ਗੂੜ੍ਹਾ ਮਿੱਤਰ ਹੈ, ਉਸ ਨੇ ਇਸ ਤਰ੍ਹਾਂ ਦਾ ਮਾੜਾ ਲੇਖ ਤੁਹਾਡੇ ਬਾਰੇ ਕਿਉਂ ਛਾਪਿਆ ਹੈ। ਉਸ ਨੇ ਮੈਨੂੰ ਉਸੇ ਦਿਨ ਇਸ ਦਾ ਖੰਡਨ ਲਿਖ ਭੇਜਣ ਲਈ ਵਾਰ ਵਾਰ ਜ਼ੋਰ ਦਿੱਤਾ। ਪਰ ਮੈਂ ਹਾਸੇ ਵਿਚ ਗੱਲ ਪਾ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਟਾਲਿਆ। ਫਿਰ ਦੋ ਕੁ ਦਿਨ ਪਿਛੋਂ ਅਮਰੀਕਾ ਵਿਚ ਹੀ ਰਹਿੰਦੇ ਸਾਡੇ ਅਜੀਜ਼ ਦਰਬਾਰਾ ਸਿੰਘ ਗਿੱਲ ਦਾ ਇਸੇ ਤਰ੍ਹਾਂ ਫੋਨ ਆ ਗਿਆ।
ਮੇਰਾ ਮਹਿਬੂਬ ਸਾਹਿਬ ਨਾਲ ਸਾਰੀ ਉਮਰ ਨਿੱਘ, ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਰਿਹਾ ਹੈ। ਪਰ ਗੁਰਤਰਨ ਸਿੰਘ ਤੋਂ ਉਲਟ, ਉਨ੍ਹਾਂ ਦੇ ਹੱਕ ਜਾਂ ਵਿਰੋਧ ਵਿਚ ਮੈਂ ਕਦੀ ਕਿਸੇ ਵਿਵਾਦ ਵਿਚ ਨਹੀਂ ਪਿਆ। ਕਦੀ ਲੋੜ ਹੀ ਮਹਿਸੂਸ ਨਹੀਂ ਹੋਈ। ਲਿਖਣ-ਲਿਖਾਉਣ ਦੇ ਝੰਜਟ ‘ਚ ਪੈਣ ਬਾਰੇ ਤਾਂ ਮੈਂ ਕਦੀ ਸੋਚਿਆ ਤੱਕ ਵੀ ਨਹੀਂ ਹੈ। ਭਾਸ਼ਾ ਵਿਭਾਗ ਦੀ ਨੌਕਰੀ ਕਰਦਿਆਂ ਅਜੀਤ ਕੌਰ ਅਤੇ ਬਲਵੰਤ ਗਾਰਗੀ ਸਮੇਤ ਪੰਜਾਬੀ ਦੇ ਲਗਭਗ ਸਾਰੇ ਹੀ ਲੇਖਕਾਂ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਪਰ ਉਪਰਲੇ ਦੋਵਾਂ ਨੂੰ ਛੱਡ ਕੇ ਬਾਕੀ ਦੀਆਂ ਮਰੂੰ ਮਰੂੰ ਕਰਨ ਵਾਲੀਆਂ ਆਦਤਾਂ ਨੂੰ ਵੇਖ ਕੇ ਅਕਸਰ ਨਿਰਾਸ਼ਾ ਹੀ ਪੱਲੇ ਪੈਂਦੀ ਰਹੀ ਸੀ। ਮੈਨੂੰ ਮਹਿਬੂਬ ਸਾਹਿਬ ਵਰਗਾ ਸਲੀਕੇ ਵਾਲਾ ਇਨਸਾਨ ਜਾਂ ਵਿਦਵਾਨ ਅੱਜ ਤੱਕ ਕੋਈ ਹੋਰ ਨਜ਼ਰ ਨਹੀਂ ਆਇਆ।
ਇਹ ਗੱਲਾਂ ਹੁਣ ਵੀ ਮੈਂ ਲਿਖਣੀਆਂ ਨਹੀਂ ਸਨ, ਜੇ ਭਾਸ਼ਾ ਵਿਗਿਆਨ ਵਿਭਾਗ ਦੇ ਪ੍ਰੋæ ਗੁਰਬਖਸ਼ ਸਿੰਘ ਦਾ ਫੋਨ ਨਾ ਆਇਆ ਹੁੰਦਾ। ਉਸ ਨੂੰ ਮਹਿਬੂਬ ਸਾਹਿਬ ਦੀਆਂ ਕਿਤਾਬਾਂ ਦਾ ਯੂਨੀਵਰਸਿਟੀ ਵੱਲੋਂ ਅੰਗਰੇਜ਼ੀ ਵਿਚ ਅਨੁਵਾਦ ਕਰਵਾਉਣ ਦੇ ਪ੍ਰਾਜੈਕਟ ਦੇ ਖਟਾਈ ਵਿਚ ਪੈਣ ਦੀ ਸਾਰੀ ਕਹਾਣੀ ਦਾ ਪਤਾ ਸੀ। ਸਾਹਿਤ ਅਧਿਐਨ ਵਿਭਾਗ ਦੇ ਮੁਖੀ ਪ੍ਰੋæ ਗੁਰਨੈਬ ਸਿੰਘ ਦਾ ਉਹ ਗੂੜ੍ਹਾ ਮਿੱਤਰ ਹੈ ਅਤੇ ਸਾਡੀ ਉਸ ਕੋਸ਼ਿਸ਼ ਦੌਰਾਨ ਉਹ ਪਲ ਪਲ ਇਕ ਦੂਸਰੇ ਦੀ ਸਲਾਹ ਵੀ ਲੈਂਦੇ ਰਹੇ ਸਨ। ਗੁਰਬਖਸ਼ ਪੁੱਛਣ ਲੱਗਾ ਕਿ ਭਰਾ ਜੀ ‘ਪੰਜਾਬ ਟਾਈਮਜ਼’ ਵਿਚ ਛਪੇ ਲੇਖ ਦਾ ਬੜਾ ਰੌਲਾ ਪਿਆ ਹੋਇਆ ਹੈ, ਵਿਚਲੀ ਗੱਲ ਕੀ ਹੈ? ਮੈਂ ਉਸ ਨੂੰ ਮੱਘਰ ਦੇ ਲੜਕੇ ਸੁੱਖੀ ਦਾ ਫੋਨ (98725-25229) ਦੱਸ ਦਿੱਤਾ ਅਤੇ ਕਿਹਾ ਕਿ ਉਹ ਖੁਦ ਉਸ ਨੂੰ ਪੁੱਛ ਲਵੇ।
ਅੱਧੇ ਕੁ ਘੰਟੇ ਪਿਛੋਂ ਗੁਰਬਖਸ਼ ਸਿੰਘ ਦਾ ਮੁੜ ਫੋਨ ਆ ਗਿਆ ਕਿ ਸੁੱਖੀ ਕਹਿੰਦਾ ਹੈ ਕਿ ਪ੍ਰੋਫੈਸਰ ਸਾਹਿਬ ਅਸੀਂ ਤਾਂ ਖੇਤੀ ਕਰਨ ਵਾਲੇ ਜੱਟ ਬੂਟ ਆਦਮੀ ਹਾਂ। ਗੱਲ ਤੁਹਾਨੂੰ ਪਤਾ ਲੱਗ ਹੀ ਗਈ ਹੈ। ਫਿਰ ਵੀ ਜੇਕਰ ਚੰਗੀ ਤਰ੍ਹਾਂ ਨਿਰਣਾ ਲੈਣਾ ਹੈ ਤਾਂ ਡਾਇਰੈਕਟਰ ਸਾਹਿਬ ਜਾਂ ਚਾਚਾ ਜੀ ਨੂੰ ਪੁੱਛ ਲਵੋ। ਉਸ ਨੇ ਇਹ ਵੀ ਦੱਸ ਦਿੱਤਾ ਕਿ ਲੇਖ ਗੁਰਤਰਨ ਨੇ ਆਪ ਹੀ ਲਵਾ ਛੱਡਿਆ। ਉਸ ਨੂੰ ਪੁੱਛਿਆ ਜ਼ਰੂਰ ਸੀ ਪਰ ਵਿਚਲਾ ਚੱਕਰ ਉਸ ਨੂੰ ਪਤਾ ਨਹੀਂ ਲੱਗਿਆ ਸੀ।
ਗੁਰਤਰਨ ਸਿੰਘ ਨੇ ਆਪਣੇ ਆਪ ਨੂੰ ਮਹਿਬੂਬ ਸਾਹਿਬ ਦਾ ਇਕੋ ਇਕ ਸ਼ੁਭਚਿੰਤਕ ਸਾਬਤ ਕਰਨ ਲਈ ਸੁੱਖੀ ਦੇ ਨਾਂ ‘ਤੇ ਲਿਖੀ ਚਿੱਠੀ ਵਿਚ ਦਾਅਵਾ ਕੀਤਾ ਹੈ, “ਹਰਿੰਦਰ ਸਿੰਘ ਅਤੇ ਗੁਰਤਰਨ ਸਿੰਘ ਦੀ ਦੋਸਤੀ ਬਾਰੇ ਜੱਗ ਜਾਣਦਾ ਹੈ ਕਿ ਇਕ ਦੂਸਰੇ ਦੇ ਕਿਵੇਂ ਅੰਗ-ਸੰਗ ਸਨ। ਦੋਸਤੀ ਵਿਚ ਇਕ ਨਜ਼ਦੀਕੀ ਬੰਦੇ ਨੇ ਹੀ ਵਕਤੀ ਤੌਰ ‘ਤੇ ਫਰਕ ਪਾ ਦਿੱਤਾ ਸੀ। ਥੋੜ੍ਹੇ ਸਮੇਂ ਬਾਅਦ ਹੀ ਉਹ ਫਿਰ ਘੁਲ ਮਿਲ ਗਏ ਸਨ। ਜਿਹੜੇ ਬੰਦੇ ਨੇ ਇਨ੍ਹਾਂ ਦਾ ਫਰਕ ਪਵਾਇਆ ਸੀ, ਮੇਰੇ ਚਾਚਾ ਜੀ ਨੇ ਉਸ ਨਾਲ ਪਿਛੋਂ ਮੇਲ ਜੋਲ ਘਟਾ ਲਿਆ ਸੀ।”
ਪੜ੍ਹਨ ਵਾਲੇ ਕਿਸੇ ਓਭੜ ਆਦਮੀ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਗੁਰਤਰਨ ਸਿੰਘ ਕੀ ਕਰ ਰਿਹਾ ਹੈ? ਸੱਚਾਈ ਇਹ ਹੈ ਕਿ ਮਹਿਬੂਬ ਸਾਹਿਬ ਦੀ ਗੁਰਤਰਨ ਨਾਲ ਦੋਸਤੀ ਸੀ ਪਰ ਪਿੰਡ ਅਤੇ ਆਸ-ਪਾਸ ਦੇ ਲੋਕ ਜਾਣਦੇ ਹਨ ਕਿ ਉਹ ਇਸ ਦੀਆਂ ਇਸੇ ਤਰ੍ਹਾਂ ਦੀਆਂ ਹਰਕਤਾਂ ਤੋਂ ਅਕਸਰ ਪ੍ਰੇਸ਼ਾਨ ਹੁੰਦੇ ਰਹਿੰਦੇ ਸਨ। ਜਿਥੋਂ ਤੱਕ ਮੇਰਾ ਆਪਣਾ ਸਬੰਧ ਹੈ, ਅਸੀਂ ਆਪੋ ਵਿਚ ਗੁਰਤਰਨ ਬਾਰੇ ਘੱਟ ਹੀ ਕਦੀ ਕੋਈ ਗੱਲ ਸਾਂਝੀ ਕੀਤੀ ਸੀ। ਉਨ੍ਹਾਂ ਨੂੰ ਸਾਡੀ ਇਕ ਦੂਸਰੇ ਪ੍ਰਤੀ ਨਾਪਸੰਦਗੀ ਦੇ ਕਾਰਨਾਂ ਬਾਰੇ ਬੜੀ ਚੰਗੀ ਤਰ੍ਹਾਂ ਪਤਾ ਸੀ। ਸਮਝ ਨਹੀਂ ਆਉਂਦੀ ਕਿ ਇਸ ਨੇ ਮੇਰੇ ਬਾਰੇ ਆਪਣੇ ਮਨ ‘ਚ ਪਈ ਅਜਿਹੀ ਜ਼ਹਿਰ ਹੁਣ ਆ ਕੇ ਕਿਉਂ ਜੱਗ ਜ਼ਾਹਰ ਕੀਤੀ ਹੈ?
ਮਹਿਬੂਬ ਸਾਹਿਬ ਨੂੰ ਦੁਨੀਆਂ ਭਰ ਦੇ ਵਿਦਵਾਨਾਂ ਤੇ ਚਿੰਤਕਾਂ ਤੋਂ ਬਿਨਾਂ ਖਿਡਾਰੀਆਂ, ਵੱਡੇ ਸ਼ਿਕਾਰੀਆਂ, ਰਾਗੀਆਂ, ਢਾਡੀਆਂ, ਆਸ਼ਕਾਂ, ਪਹਿਲਵਾਨਾਂ ਅਤੇ ਚੰਗੇ ਬਾਗਬਾਨਾਂ ਤੋਂ ਲੈ ਕੇ ਜ਼ਿੰਦਗੀ ਦੀ ਹਰ ਵਧੀਆ ਚੀਜ਼ ਨਾਲ ਇਸ਼ਕ ਸੀ। ਪਹਿਲਵਾਨ ਕਿੱਕਰ ਸਿੰਘ ਅਤੇ ਗਾਮੇ ਤੋਂ ਲੈ ਕੇ ਪੇਲੇ, ਮਾਰਾਡੋਨਾ, ਧਿਆਨ ਚੰਦ, ਸਮੀਉਲਾ, ਹਸਨ ਸਰਦਾਰ ਅਤੇ ਕਬੱਡੀ ਵਾਲੇ ਸਰਵਣ ਸਮੇਤ ਹਰ ਖੇਡ ਦੇ ਚੋਟੀ ਦੇ ਖਿਡਾਰੀਆਂ ਬਾਰੇ ਅਹਿਮ ਵੇਰਵੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਸਨ। ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਬਹੁਤ ਪਿਆਰ ਸੀ। ਉਹ 1968 ਵਿਚ ਖਾਲਸਾ ਕਾਲਜ, ਗੜ੍ਹਦੀਵਾਲਾ ਪੜ੍ਹਾਉਣ ਲੱਗੇ ਸਨ। ਉਹ ਇਲਾਕਾ ਉਨ੍ਹੀਂ ਦਿਨੀਂ ਅੰਬਾਂ ਦੇ ਬਾਗਾਂ ਨਾਲ ਭਰਿਆ ਹੋਇਆ ਸੀ। ਵਰ੍ਹਿਆਂ ਬੱਧੀ ਉਹ ਅੰਬਾਂ ਦੀ ਹਰ ਬਹਾਰ ਮੌਕੇ ਸਾਨੂੰ ਸੱਦਦੇ ਅਤੇ ਸਭ ਤੋਂ ਵਧੀਆ ਕਿਸਮ ਦੇ ਅੰਬ ਸਾਡੇ ਲਈ ਖਰੀਦ ਕੇ ਰੱਖਦੇ। ਉਨ੍ਹਾਂ ਦੇ ਉਚੇਚੇ ਸੱਦੇ ‘ਤੇ ਕਈ ਵਾਰੀ ਮੈਂ ਇਕੱਲਾ ਵੀ ਉਨ੍ਹਾਂ ਨੂੰ ਮਿਲਣ ਲਈ ਜਾਂਦਾ ਰਿਹਾ ਸਾਂ। ਥੋੜ੍ਹਾ ਬਹੁਤ ਲੇਟ ਹੋ ਜਾਣਾ ਤਾਂ ਉਹ ਘੰਟੇ ਵਿਚ ਹੀ ਚਾਰ ਚਾਰ ਗੇੜੇ ਘਰੋਂ ਬੱਸ ਅੱਡੇ ਦੇ ਮਾਰ ਗਏ ਹੁੰਦੇ ਸਨ। ਇੰਨੀ ਸ਼ਿੱਦਤ ਹੁੰਦੀ ਸੀ ਉਨ੍ਹਾਂ ਦੇ ਦਿਲ ਵਿਚ। ਫਿਰ ਜਦੋਂ ਕਦੀ ਚੰਡੀਗੜ੍ਹ ਜਾਂ ਪਿੰਡ ਆਉਣਾ ਤਾਂ ਮੈਨੂੰ ਯਾਦ ਹੀ ਨਹੀਂ ਕਿ ਉਹ ਮੇਰੇ ਕੋਲ ਰਾਤ ਨਾ ਠਹਿਰੇ ਹੋਣ ਤੇ ਜੇ ਕਿਧਰੇ ਸਿੱਧੇ ਪਿੰਡ ਆ ਵੀ ਜਾਣਾ ਤਾਂ ਸ਼ਾਮ ਤੱਕ ਉਨ੍ਹਾਂ ਦਾ ਫੋਨ ਆ ਜਾਂਦਾ ਸੀ ਕਿ ਮੈਂ ਉਨ੍ਹਾਂ ਨੂੰ ਪਿੰਡੋਂ ਆ ਕੇ ਲੈ ਜਾਵਾਂ। ਉਨ੍ਹਾਂ ਦਾ ਹਾਸੇ ਮਖੌਲ ਦਾ ਆਪਣਾ ਹੀ ਢੰਗ ਸੀ। ਉਨ੍ਹਾਂ ਨੂੰ ਪਿੰਡ ਦੇ ਸਾਰੇ ਲੋਕਾਂ ਨਾਲ ਪਿਆਰ ਸੀ ਅਤੇ ਸਾਰੇ ਉਨ੍ਹਾਂ ਨੂੰ ਪਿਆਰ ਕਰਦੇ ਸਨ। ਕੁਝ ਦਿਨਾਂ ਪਿਛੋਂ ਹੀ ਉਨ੍ਹਾਂ ਨੂੰ ਪਿੰਡ ਦਾ ਗੇੜਾ ਮਾਰਨ ਦੀ ਖੋਹ ਪੈਣ ਲੱਗ ਪੈਂਦੀ ਸੀ। ਪਰ ਪਿੰਡ ਆ ਕੇ ਕੁਝ ਦੇਰ ਪਿਛੋਂ ਹੀ ‘ਚੁਗਲੀ ਨਿੰਦਿਆਂ’ ਦਾ ਦਰਬਾਰ ਲਗ ਜਾਂਦਾ ਸੀ ਜਿਸ ਤੋਂ ਉਨ੍ਹਾਂ ਦਾ ‘ਮਨ ਬੜਾ ਘਬਰਾਉਂਦਾ’ ਸੀ।
ਪਿੰਡ ਦੇ ਬਜ਼ੁਰਗ ਅਤੇ ਹੋਰ ਲੋਕ ਆਮ ਹੀ ਕਹਿੰਦੇ ਰਹਿੰਦੇ ਸਨ ਕਿ ਗੜ੍ਹਦੀਵਾਲੇ ਉਨ੍ਹਾਂ ਨੇ ਘਰ ਨਹੀਂ ਬਣਾਇਆ, ਉਹ ਪਿੰਡ ਆ ਕੇ ਰਹਿਣ ਕਿਉਂ ਨਹੀਂ ਲਗ ਪੈਂਦੇ। ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਪਿੰਡ ਵਿਚ ਉਨ੍ਹਾਂ ਦਾ ਇਕ ਅਜਿਹਾ ਦਿਲੀ ਹਿਤੈਸ਼ੀ ਹੈ ਜਿਸ ਨੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇਣਾ; ਸਦਾ ਖਲਲ ਪਾਈ ਰਖਣਾ ਹੈ।
ਇਹ ਮਾੜੀ ਗੱਲ ਹੈ ਕਿ ਪ੍ਰੋæ ਹਰਪਾਲ ਸਿੰਘ ਪੰਨੂ ਅਤੇ ਗੁਰਤਰਨ ਸਿੰਘ ਮਹਿਬੂਬ ਸਾਹਿਬ ਦੀ ਸ਼ਖਸੀਅਤ ਨੂੰ ਲੈ ਕੇ ਬੇਲੋੜੀ ਬਹਿਸ ਵਿਚ ਪਏ ਹਨ। ਮਹਿਬੂਬ ਸਾਹਿਬ ਵਿਚ ਪੈਸੇ ਧੇਲੇ ਦਾ ਲਾਲਚ ਜਾਂ ਇਨਾਮਾਂ ਸਨਮਾਨਾਂ ਦੀ ਕੋਈ ਖਿੱਚ ਨਹੀਂ ਸੀ। ਪਰ ਪ੍ਰੋæ ਪੰਨੂ ਨੇ ਮੇਰੇ ਕਹਿਣ ‘ਤੇ ਉਨ੍ਹਾਂ ਦੀ ਪੁਸਤਕ ‘ਇਲਾਹੀ ਨਦਰ ਦੇ ਪੈਂਡੇ’ ਦੀ ਪਹਿਲੀ ਜਿਲਦ ਆਪਣੇ ਰਿਲੀਜੀਅਸ ਸਟੱਡੀਜ਼ ਵਿਭਾਗ ਵੱਲੋਂ ਵੱਡਾ ਫੰਕਸ਼ਨ ਕਰਕੇ ਰਿਲੀਜ਼ ਕਰਵਾਈ ਸੀ। ਇਸ ਦਾ ਗੁਰਤਰਨ ਨੂੰ ਪਤਾ ਹੈ। ਉਹ ਉਸ ਸਮਾਗਮ ਵਿਚ ਸ਼ਾਮਲ ਸੀ ਅਤੇ ਪੰਨੂ ਕੋਲੋਂ ਕਿਤਾਬ ਦੇ ਨਾਂ ਬਾਰੇ ਭੁਲੇਖੇ ਨੂੰ ਉਸ ਨੇ ਬੇਲੋੜੀ ਤੁਲ ਦਿੱਤੀ ਹੈ। ਕਿਤਾਬ ਵਾਲੇ ਸਮਾਗਮ ਤੋਂ ਜਲਦੀ ਬਾਅਦ ਹੀ ‘ਦਸਮ ਗ੍ਰੰਥ’ ਬਾਰੇ ਬਹਿਸ ਛਿੜ ਪਈ। ਇਹ ਸ਼ਾਇਦ ਸੰਨ 2000 ਸਾਲ ਦੇ ਅੱਧ ਦੀ ਗੱਲ ਹੈ। ਮਹਿਬੂਬ ਸਾਹਿਬ ਦਸਮ ਗ੍ਰੰਥ ਨੂੰ ਪ੍ਰਮਾਣਿਕ ਨਹੀਂ ਮੰਨਦੇ ਸਨ। ਪੰਨੂ ‘ਦਸਮ ਗ੍ਰੰਥ’ ਦੀ ਪ੍ਰਮਾਣਿਕਤਾ ਦਾ ਗੁਰਜਧਾਰੀ ਮੁੱਦਈ ਹੈ। ਦੋਵਾਂ ਵਿਚਾਲੇ ਉਦੋਂ ਚਿੱਠੀ ਪੱਤਰ ਸ਼ੁਰੂ ਹੋਇਆ ਜੋ ਕਿ ਬੜੀ ਛੇਤੀ ਕੁੜੱਤਣ ਵਿਚ ਬਦਲ ਗਿਆ ਸੀ। ਮਹਿਬੂਬ ਸਾਹਿਬ ਤਾਂ ਗੱਲ ਛੱਡ ਗਏ ਸਨ ਪਰ ਲੱਗਦਾ ਪੰਨੂ ਨੇ ਉਹ ਪੁਰਾਣੀ ਖੁੰਦਕ ਮਨੋ ਗਵਾਈ ਨਹੀਂ ਹੈ। ਗੁਰਬਖਸ਼ ਦੀ ਕਾਲ ਤੋਂ ਇਕ ਰਾਤ ਪਹਿਲਾਂ ਗੁਰਤਰਨ ਦੀ ‘ਪੰਜਾਬ ਟਾਈਮਜ਼’ ਵਾਲੀ ਇਸੇ ਚਿੱਠੀ ਬਾਰੇ ਮੈਨੂੰ ਪੰਨੂ ਦਾ ਵੀ ਲੰਮਾ ਫੋਨ ਆਇਆ ਸੀ।
ਮਹਿਬੂਬ ਸਾਹਿਬ ਦੀਆਂ ਰਚਨਾਵਾਂ ਅੰਗਰੇਜ਼ੀ ਵਿਚ ਤਰਜਮੇ ਲਈ ਯੂਨੀਵਰਸਿਟੀ ਨੂੰ ਪ੍ਰਾਜੈਕਟ ਵਜੋਂ ਅਪਨਾਉਣ ਖਾਤਰ ਵਾਈਸ ਚਾਂਸਲਰ ਨੂੰ ਰਜਾਮੰਦ ਕਰਨ ਲਈ ਅਸੀਂ ਬੜੀ ਕੋਸ਼ਿਸ਼ ਕੀਤੀ। ਸਾਡੇ ਮਿੱਤਰ ਅਮਰਜੀਤ ਸਿੰਘ ਪਰਾਗ ਨੇ ਮੇਰੇ ਕਹਿਣ ‘ਤੇ ਹੀ ਪੱਤਰ ਡਰਾਫਟ ਕੀਤਾ ਅਤੇ ਢੀਂਡਸਾ ਸਾਹਿਬ ਅਤੇ ਬੀਰਦੇਵਿੰਦਰ ਕੋਲੋਂ ਮੈਂ ਹੀ ਯੂਨੀਵਰਸਿਟੀ ਨੂੰ ਫਾਰਵਰਡ ਕਰਵਾਇਆ। ਵਾਈਸ ਚਾਂਸਲਰ ਨੇ ਮਨਜ਼ੂਰੀ ਦੇ ਦਿੱਤੀ ਸੀ। ਅੰਗਰੇਜ਼ੀ ਅਨੁਵਾਦ ਲਈ ਕਈ ਵੱਡੇ ਵੱਡੇ ਵਿਦਵਾਨਾਂ ਦੇ ਨਾਂ ਵਿਚਾਰੇ ਗਏ ਸਨ ਪਰ ਉਨ੍ਹਾਂ ਕੋਲ ਸਮਾਂ ਅਤੇ ਫੁਰਸਤ ਨਹੀਂ ਸੀ। ਗੁਰਦਿਆਲ ਬੱਲ ਦੀ ਤਜਵੀਜ਼ ‘ਤੇ ਉਸ ਦੇ ਮਿੱਤਰ ਗੁਰਦੇਵ ਚੌਹਾਨ ਦਾ ਨਾਂ ਵਿਚਾਰ ਅਧੀਨ ਆਇਆ ਤਾਂ ਸਾਰੇ ਸਹਿਮਤ ਸਨ। ਉਹ ਖੁਦ ਵੀ ਇਹ ਕੰਮ ਕਰਨ ਲਈ ਤਿਆਰ ਹੋ ਗਿਆ ਸੀ। ਪਰ ਇਸ ਤੋਂ ਪਹਿਲਾਂ ਹੋਰ ਹੀ ਭਾਣਾ ਵਾਪਰ ਗਿਆ। ਉਹ ਪ੍ਰਾਜੈਕਟ ਖਟਾਈ ਵਿਚ ਨਹੀਂ ਪੈਣਾ ਚਾਹੀਦਾ ਸੀ। ਮੈਨੂੰ ਉਸ ਦੇ ਸਿਰੇ ਨਾ ਚੜ੍ਹਨ ਦਾ ਨਿੱਜੀ ਅਫਸੋਸ ਹੈ।
ਮਹਿਬੂਬ ਸਾਹਿਬ ਬਾਰੇ ਸਾਡੇ ਭਰਾ ਹਰਪਾਲ ਪੰਨੂ ਨੂੰ ਚਾਰ ਇਤਰਾਜ਼ ਹਨ। ਉਸ ਦਾ ਪਹਿਲਾ ਇਤਰਾਜ ਮਹਿਬੂਬ ਸਾਹਿਬ ਵੱਲੋਂ ਦਸਮ ਗ੍ਰੰਥ ਦੀਆਂ ਬਹੁਤੀਆਂ ਬਾਣੀਆਂ ਦੀ ਪ੍ਰਮਾਣਿਕਤਾ ਦੇ ਖੰਡਨ ਬਾਰੇ ਹੈ। ਦੂਸਰਾ, ਉਨ੍ਹਾਂ ਨੂੰ ਵਾਰਤਕ ਦੀ ਦਾਰਸ਼ਨਿਕ ਅਸਪੱਸ਼ਟਤਾ ਬਾਰੇ ਹੈ। ਤੀਸਰਾ, ਮਹਿਬੂਬ ਸਾਹਿਬ ਨੂੰ ਮਿਲੇ ਇਨਾਮ ਬਾਰੇ ਹੈ। ਚੌਥਾ ਇਤਰਾਜ ਸ਼੍ਰੋਮਣੀ ਕਮੇਟੀ ਤੋਂ ਲਈ ਮਾਇਕ ਸਹਾਇਤਾ ਬਾਰੇ ਹੈ। ਇਨ੍ਹਾਂ ਵਿਚੋਂ ਪੰਨੂ ਦੇ ਪਹਿਲੇ ਦੋ ਇਤਰਾਜਾਂ ਬਾਰੇ ਮੈਂ ਕੁਝ ਨਹੀਂ ਕਹਾਂਗਾ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਬਾਰੇ ਅੰਤਿਮ ਫੈਸਲਾ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ‘ਤੇ ਛੱਡ ਦਿੱਤਾ ਜਾਵੇ। ਪੰਨੂ ਦੇ ਮਗਰਲੇ ਦੋਵੇਂ ਇਤਰਾਜ ਬਿਲਕੁਲ ਹੀ ਠੀਕ ਨਹੀਂ ਹਨ। ਮਹਿਬੂਬ ਸਾਹਿਬ ਨੂੰ ਮੈਂ ਕੋਈ ਪੈਗੰਬਰ ਨਹੀਂ ਮੰਨਦਾ। ਉਨ੍ਹਾਂ ਨੂੰ ਖੁਦ ਆਪਣੇ ਬਾਰੇ ਕਦੀ ਵੀ ਅਜਿਹਾ ਭੁਲੇਖਾ ਨਹੀਂ ਸੀ। ਪਰ ਉਹ ਬਹੁਤ ਵਧੀਆ ਇਨਸਾਨ ਸਨ। ਉਨ੍ਹਾਂ ਉਤੇ ਇਨਾਮ ਲੈਣ ਲਈ ਕੋਈ ਤਿਕੜਮ ਲੜਾਉਣ ਬਾਰੇ ਤੋਹਮਤ ਲਗਾਉਣੀ ਤਾਂ ਛੱਡੋ, ਸੋਚਣਾ ਵੀ ਬੜਾ ਵੱਡਾ ਪਾਪ ਹੈ। ਇਹ ਬੜੀ ਮਾੜੀ ਗੱਲ ਹੈ, ਜੋ ਪੰਨੂ ਸਾਹਿਬ ਹੋਏ ਜਾਂ ਕੋਈ ਹੋਰ, ਕਿਸੇ ਨੂੰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਇਨਾਮ ਦੇਣ ਦਵਾਉਣ ਲਈ ਜੇ ਕਿਸੇ ਨੇ ਹਿੰਮਤ ਕੀਤੀ ਤਾਂ ਉਹ ਕੇਵਲ ਤੇ ਕੇਵਲ ਬਾਬਾ ਨੂਰਾ (ਡਾæ ਸੁਤਿੰਦਰ ਸਿੰਘ ਨੂਰ) ਸੀ, ਕੋਈ ਹੋਰ ਨਹੀਂ ਸੀ। ‘ਝਨਾਂ ਦੀ ਰਾਤ’ ਦਾ ਕੋਈ ਪੰਨਾ ਪਾੜ ਕੇ ਉਨ੍ਹਾਂ ਨੇ ਨਹੀਂ ਭੇਜਿਆ ਸੀ। ਸੇਕਸ਼ਪੀਅਰ ਦੇ ਨਾਟਕ ‘ਮੈਕਬਥ’ ਦੀਆਂ ਚੜੇਲਾਂ ਦੇ ਹਵਾਲੇ ਵਾਲੇ ਇੰਦਰਾ ਗਾਂਧੀ ਵੱਲ ਸੰਕੇਤ ਕਰਦੀ ਇਕੋ ਇਕ ਸਤਰ ‘ਤੇ ਲਕੀਰ ਜੇ ਕਿਸੇ ਨੇ ਫੇਰੀ ਤਾਂ ਉਹ ਆਪਣੇ ਕਿਸੇ ਜਮ੍ਹਾ ਘਟਾਓ ਦੇ ਤਹਿਤ ਬਾਬੇ ਨੂਰੇ ਨੇ ਹੀ ਫੇਰੀ ਹੋਵੇਗੀ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਪਰ ਇਸ ਬਾਰੇ ਛਿੜਿਆ ਵਿਵਾਦ ਹੋਰ ਵੀ ਮਾੜੀ ਗੱਲ ਸੀ। ਸ਼੍ਰੋਮਣੀ ਕਮੇਟੀ ਕੋਲੋਂ ਮਾਲੀ ਸਹਾਇਤਾ ਲੈਣ ਵਾਲਾ ਮਾਮਲਾ ਤਾਂ ਹੋਰ ਵੀ ਨਿਗੂਣਾ ਹੈ। ਇਸ ਬਾਰੇ ਜ਼ਿਕਰ ਕਰਨ ਨੂੰ ਵੀ ਦਿਲ ਨਹੀਂ ਕਰਦਾ।
ਮਹਿਬੂਬ ਨੂੰ ਕਈ ਵਾਰ ਵਿਦੇਸ਼ ਜਾਣ ਲਈ ਸੱਦੇ ਆਏ। ਉਨ੍ਹਾਂ ਅੰਦਰ ਆਪਣੇ ਕੰਮ ਦੀ ਇਤਨੀ ਲਗਨ ਸੀ ਕਿ ਉਨ੍ਹਾਂ ਨੇ ਅਜਿਹੇ ਸੱਦੇ ਬਾਰੇ ਕਦੀ ਸੋਚਿਆ ਤਕ ਵੀ ਨਹੀਂ ਸੀ। ਗੜ੍ਹਦੀਵਾਲਾ ਪ੍ਰਾਈਵੇਟ ਕਾਲਜ ਸੀ। ਪ੍ਰਬੰਧਕੀ ਕਮੇਟੀ ਦੇ ਝਗੜਿਆਂ ਕਾਰਨ ਕਈ ਵਾਰ ਵਰ੍ਹਾ ਵਰ੍ਹਾ ਤਨਖਾਹ ਹੀ ਨਾ ਮਿਲਣੀ। ਮਾਇਕ ਪੱਖੋਂ ਹੱਥ ਤੰਗ ਹੋਇਆ ਹੀ ਰਹਿੰਦਾ ਪਰ ਉਨ੍ਹਾਂ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਸੀ। ਉਨ੍ਹਾਂ ਨੇ ਆਪਣਾ ਘਰ ਨਾ ਬਣਾਇਆ। ਜ਼ਿੰਦਗੀ ਦੇ ਆਖਰੀ ਵਰ੍ਹਿਆਂ ਦੌਰਾਨ ਜਿਸ ਕਿਸਮ ਦੀਆਂ ਘਰੋਗੀ ਪ੍ਰੇਸ਼ਾਨੀਆਂ ਉਨ੍ਹਾਂ ਨੂੰ ਪੇਸ਼ ਆਈਆਂ, ਉਹ ਬਹੁਤ ਮਾੜੀਆਂ ਸਨ। ਮੈਂ ਉਨ੍ਹਾਂ ਦਾ ਜ਼ਿਕਰ ਨਹੀਂ ਕਰਾਂਗਾ ਅਤੇ ਚਾਹਾਂਗਾ ਕਿ ਸਾਡਾ ਵੀਰ ਪੰਨੂੰ ਵੀ ਜ਼ਰਾ ਸੰਜਮ ਤੋਂ ਕੰਮ ਲਵੇ।
ਤਰਲੋਚਨ ਸਿੰਘ ਦੁਪਾਲਪੁਰ ਦੀ ਚਿੱਠੀ ਵੀ ਮੈਂ ਪੜ੍ਹੀ ਹੈ। ਚੰਗੀ ਲੱਗੀ ਹੈ।
-ਰਛਪਾਲ ਸਿੰਘ ਗਿੱਲ
ਸਾਬਕਾ ਡਾਇਰੈਕਟਰ
ਭਾਸ਼ਾ ਵਿਭਾਗ, ਪੰਜਾਬ
ਫੋਨ: 91-92560-08600
Leave a Reply