ਵਿਸ਼ਵ ਕਬੱਡੀ ਕੱਪ ਦੀ ਧੂੜ ਬੈਠ ਜਾਣ ਪਿੱਛੋਂ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਤੀਜਾ ਕਬੱਡੀ ਵਿਸ਼ਵ ਕੱਪ ਸੁੱਖੀਂ ਸਾਂਦੀਂ ਨੇਪਰੇ ਚੜ੍ਹ ਗਿਆ। ਭਾਰਤ ਦੀਆਂ ਮੁਟਿਆਰਾਂ ਤੇ ਜੁਆਨਾਂ ਨੇ ਫਿਰ ਕਬੱਡੀ ਕੱਪ ਜਿੱਤ ਲਏ ਤੇ ਨਾਲ ਹੀ ਲੱਖਾਂ ਕਰੋੜਾਂ ਦੇ ਇਨਾਮ। ਦੋ ਹਫ਼ਤੇ ਕਬੱਡੀ ਕਬੱਡੀ ਹੁੰਦੀ ਰਹੀ। ਦੇਸ਼-ਵਿਦੇਸ਼ ਦੇ ਲੱਖਾਂ ਪੰਜਾਬੀਆਂ ਨੇ ਕਬੱਡੀ ਦਾ ਅਨੰਦ ਸਟੇਡੀਅਮਾਂ ਵਿਚ ਤੇ ਟੀæ ਵੀæ ਸਕਰੀਨਾਂ ਮੂਹਰੇ ਬਹਿ ਕੇ ਮਾਣਿਆ। ਕਬੱਡੀ ਦਾ ਦਾਇਰਾ ਹੋਰ ਖੁੱਲ੍ਹਾ ਹੋਇਆ ਤੇ ਕਬੱਡੀ ਗਲੋਬਲ ਪੱਧਰ ‘ਤੇ ਪੰਜਾਬੀਆਂ ਦੀ ਪਛਾਣ ਬਣੀ। ਕਬੱਡੀ ਕੱਪ ਦੀ ਸੰਪੂਰਨਤਾ ਉਤੇ ਕੱਪ ਦੇ ਪ੍ਰਬੰਧਕਾਂ ਨੂੰ ਢੇਰ ਸਾਰੀਆਂ ਮੁਬਾਰਕਾਂ!
ਕੱਪ ਦੌਰਾਨ ਸ਼ ਸੁਖਬੀਰ ਸਿੰਘ ਬਾਦਲ ਦੀ ਬੜੀ ਬੱਲੇ-ਬੱਲੇ ਹੋਈ। ਉਹ ਕਬੱਡੀ ਦਾ ਵਿਸ਼ਵ ਕੱਪ ਸ਼ੁਰੂ ਕਰਨ ਵਾਲਾ ਪੰਜਾਬ ਦਾ ਉਪ ਮੁੱਖ ਮੰਤਰੀ ਤੇ ਖੇਡ ਮੰਤਰੀ ਜੁ ਹੋਇਆ, ਅਕਾਲੀ ਦਲ ਦਾ ਪ੍ਰਧਾਨ। ਪੰਜਾਬ ਵਿਚ ਹੁਣ ਉਸੇ ਦਾ ਹੁਕਮ ਚਲਦੈ। ਕੱਪ ਦੌਰਾਨ ਉਸ ਦੇ ਜ਼ੋਰਦਾਰ ਭਾਸ਼ਣ ਹੁੰਦੇ ਰਹੇ ਜਿਨ੍ਹਾਂ ਵਿਚ ਵਾਰ ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਜਾਂਦਾ ਰਿਹਾ ਕਿ ਪੰਜਾਬ ਤਰੱਕੀ ਦੀਆਂ ਮੰਜ਼ਲਾਂ ਮਾਰ ਰਿਹੈ ਤੇ ਅਗਲੇ ਦੋ ਤਿੰਨ ਸਾਲਾਂ ਵਿਚ ਏਨੀ ਤਰੱਕੀ ਕਰ ਜਾਵੇਗਾ ਕਿ ਲੋਕ ਹੈਰਾਨ ਹੋਣਗੇ! ਸੜਕਾਂ ਵਧੀਆ ਬਣ ਜਾਣਗੀਆਂ ਤੇ ਬਿਜਲੀ ਵਾਧੂ ਹੋਵੇਗੀ। ਕਬੱਡੀ ਓਲੰਪਿਕ ਖੇਡਾਂ ਵਿਚ ਦਿਸੇਗੀ ਤੇ ਪੰਜਾਬ ਦੇ ਖਿਡਾਰੀ ਓਲੰਪਿਕ ਮੈਡਲ ਜਿੱਤਣਗੇ। ਪੰਜਾਬ ਦੇ ਹਰ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਪੱਧਰ ਦੇ ਲਾਈਟਾਂ ਵਾਲੇ ਸਟੇਡੀਅਮ ਬਣਾਏ ਜਾਣਗੇ ਜਿਥੇ ਰਾਤਾਂ ਨੂੰ ਮੈਚ ਹੋਇਆ ਕਰਨਗੇ। ਉਸ ਦੇ ਭਾਸ਼ਣ ਸੁਣ ਕੇ ਦਰਸ਼ਕਾਂ ਵਿਚ ਦਿਲਚਸਪ ਗੱਲਾਂ ਵੀ ਹੁੰਦੀਆਂ ਰਹੀਆਂ ਜੋ ਸੁਭਾਵਿਕ ਸਨ।
ਹੁਣ ਜਦੋਂ ਕਬੱਡੀ ਕੱਪ ਦੀ ਉਡਾਈ ਧੂੜ ਬੈਠ ਚੁੱਕੀ ਹੈ ਤਾਂ ਖੇਡ ਪ੍ਰੇਮੀਆਂ ਨੂੰ ਸਿਰ ਜੋੜ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਭਾਰਤ ਦੀਆਂ ਖੇਡਾਂ ਵਿਚ ਪਹਿਲਾਂ ਵਾਂਗ ਮੋਹਰੀ ਸੂਬਾ ਕਿਵੇਂ ਬਣਾਇਆ ਜਾਵੇ? ਪੰਜਾਬ ਦੇ ਖਿਡਾਰੀ ਕੌਮੀ, ਸੈਫ, ਏਸ਼ਿਆਈ, ਕਾਮਨਵੈਲਥ, ਓਲੰਪਿਕ ਅਥਵਾ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਕਿਵੇਂ ਵਧੇਰੇ ਗਿਣਤੀ ‘ਚ ਜਾਣ, ਕਿਵੇਂ ਉਹ ਜਿੱਤ-ਮੰਚਾਂ ਉਤੇ ਚੜ੍ਹਨ ਜੋਗੇ ਹੋਣ ਤੇ ਕਿਵੇਂ ਪੰਜਾਬ ਦਾ ਨਾਂ ਖੇਡਾਂ ਦੀ ਦੁਨੀਆਂ ਵਿਚ ਰੌਸ਼ਨ ਕਰਨ? ਕਬੱਡੀ ਦੀ ਬੱਲੇ-ਬੱਲੇ ਨਾਲ ਹੋਰਨਾਂ ਖੇਡਾਂ ਦੀ ਬੱਲੇ-ਬੱਲੇ ਕਿਵੇਂ ਹੋਵੇ? ਪੰਜਾਬ ਵਿਚ ਕਿਹੋ ਜਿਹਾ ਖੇਡ ਸਭਿਆਚਾਰ ਸਿਰਜਿਆ ਜਾਵੇ?
ਭਾਰਤ ਦੇ ਆਜ਼ਾਦ ਹੋਣ ਵੇਲੇ ਤੋਂ ਲੈ ਕੇ ਪੱਚੀ ਤੀਹ ਸਾਲ ਤਕ ਪੰਜਾਬੀ ਖਿਡਾਰੀ ਭਾਰਤੀ ਖੇਡਾਂ ਉਤੇ ਛਾਏ ਹੋਏ ਸਨ। ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ‘ਚੋਂ ਭਾਰਤ ਜਿੰਨੇ ਵੀ ਮੈਡਲ ਜਿੱਤਦਾ ਸੀ ਉਨ੍ਹਾਂ ‘ਚ ਅੱਧਿਓਂ ਵੱਧ ਪੰਜਾਬੀ ਖਿਡਾਰੀ ਜਿੱਤਦੇ। ਦੂਜੀਆਂ ਤੇ ਤੀਜੀਆਂ ਏਸ਼ਿਆਈ ਖੇਡਾਂ ‘ਚੋਂ ਤਾਂ ਜਿੰਨੇ ਗੋਲਡ ਮੈਡਲ ਭਾਰਤ ਦੇ ਖਿਡਾਰੀਆਂ ਨੇ ਜਿੱਤੇ ਉਹ ਸਭ ਜੂੜਿਆਂ ਵਾਲੇ ਖਿਡਾਰੀਆਂ ਰਾਹੀਂ ਹੀ ਜਿੱਤੇ। 1966 ਵਿਚ ਭਾਰਤੀ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਪਹਿਲੀ ਵਾਰ ਹਾਕੀ ਦਾ ਗੋਲਡ ਮੈਡਲ ਜਿੱਤਿਆ ਤਾਂ ਭਾਰਤੀ ਟੀਮ ਵਿਚ ਦਸ ਖਿਡਾਰੀ ਜੂੜਿਆਂ ਉਤੇ ਰੁਮਾਲ ਬੰਨ੍ਹ ਕੇ ਖੇਡ ਰਹੇ ਸਨ। ਉਨ੍ਹਾਂ ਦਿਨਾਂ ਵਿਚ ਪੰਜਾਬੀ ਖਿਡਾਰੀਆਂ ਦੀ ਝੰਡੀ ਹੁੰਦੀ ਸੀ। ਹੌਲੀ-ਹੌਲੀ ਪੰਜਾਬੀ ਖਿਡਾਰੀ ਕੌਮੀ ਤੇ ਕੌਮਾਂਤਰੀ ਜਿੱਤ-ਮੰਚਾਂ ‘ਤੇ ਚੜ੍ਹਨੋਂ ਘਟਦੇ ਗਏ ਅਤੇ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਤੇ ਲੰਡਨ ਦੀਆਂ ਉਲੰਪਿਕ ਖੇਡਾਂ ਤਕ ਪਹੁੰਚਦਿਆਂ ਉਹ ਪਛੜੇ ਸੂਬੇ ਹਰਿਆਣੇ ਤੋਂ ਵੀ ਪਛੜ ਗਏ। ਹੁਣ ਇਹ ਹਾਲ ਹੈ ਕਿ ਕੌਮੀ ਖੇਡਾਂ ਵਿਚ ਹੀ ਪੰਜਾਬ ਕਈ ਸੂਬਿਆਂ ਤੋਂ ਪਿੱਛੇ ਹੈ। ਖੇਡ ਮਾਹਿਰਾਂ ਨੂੰ ਪੰਜਾਬ ਦੇ ਖੇਡਾਂ ਵਿਚ ਪਛੜ ਜਾਣ ਦੇ ਕਾਰਨ ਲੱਭਣੇ ਤੇ ਹੱਲ ਵਿਚਾਰਨੇ ਚਾਹੀਦੇ ਹਨ। ‘ਕੱਲੇ ਕਬੱਡੀ ਕੱਪਾਂ ਨਾਲ ਪੰਜਾਬ ਨੇ ਖੇਡਾਂ ਵਿਚ ਮੂਹਰੇ ਨਹੀਂ ਆ ਜਾਣਾ।
2010, 11 ਤੇ 12 ਵਿਚ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਕਬੱਡੀ ਦੇ ਤਿੰਨ ਵਿਸ਼ਵ ਕੱਪ ਹੋ ਚੁੱਕੇ ਹਨ। ਪਹਿਲੇ ਕਬੱਡੀ ਵਿਸ਼ਵ ਕੱਪ ਦਾ ਬਜਟ 7 ਕਰੋੜ, ਦੂਜੇ ਦਾ 17 ਕਰੋੜ ਤੇ ਤੀਜੇ ਦਾ 20 ਕਰੋੜ ਦੱਸਿਆ ਜਾ ਰਿਹੈ। ਕਬੱਡੀ ਦੇ ਟੂਰਨਾਮੈਂਟਾਂ ਉਤੇ ਪਰਵਾਸੀ ਪੰਜਾਬੀ ਵੀ ਕਰੋੜਾਂ ਰੁਪਏ ਖਰਚ ਰਹੇ ਹਨ। ਇਕ ਅਨੁਮਾਨ ਅਨੁਸਾਰ ਦੇਸ਼-ਵਿਦੇਸ਼ ਦੇ ਕਬੱਡੀ ਟੂਰਨਾਮੈਂਟਾਂ ਉਤੇ 100 ਕਰੋੜ ਰੁਪਏ ਦੀ ਪੂੰਜੀ ਲਾਈ ਜਾ ਰਹੀ ਹੈ। ਕਬੱਡੀ ਵਿਚ ਵਧੇਰੇ ਪੈਸਾ ਆ ਜਾਣ ਤੇ ਦੂਜੀਆਂ ਖੇਡਾਂ ਵਿਚ ਨਾਂਮਾਤਰ ਹੋਣ ਕਾਰਨ ਪੰਜਾਬ ਦੇ ਵਧੇਰੇ ਨੌਜੁਆਨ ਕਬੱਡੀ ਵੱਲ ਹੀ ਉਲਰ ਗਏ ਹਨ ਅਤੇ ਕੌਮੀ ਤੇ ਕੌਮਾਂਤਰੀ ਖੇਡਾਂ ਵੱਲੋਂ ਮੁਖ ਮੋੜ ਰਹੇ ਹਨ। ਕਈ ਇਹ ਜਾਣ ਕੇ ਹੈਰਾਨ ਹੋਣਗੇ ਕਿ 2011 ਵਿਚ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਖੇਡਣ ਲਈ ਪੰਜਾਬ ਦੇ 1000 ਤੋਂ ਵੱਧ ਖਿਡਾਰੀ ਹਵਾਈ ਜਹਾਜ਼ਾਂ ‘ਤੇ ਚੜ੍ਹੇ ਸਨ। ਪੰਜਾਬ ਦੇ ਵਧੇਰੇ ਖਿਡਾਰੀ ਵਿਦੇਸ਼ ਜਾਣ ਦੇ ਵੀਜ਼ਿਆਂ ਨੂੰ ਹੀ ਗੋਲਡ ਮੈਡਲ ਸਮਝਣ ਲੱਗ ਪਏ ਹਨ!
ਕਈਆਂ ਨੂੰ ਲੱਗਦਾ ਹੋਵੇਗਾ ਜਿਵੇਂ ਵਿਦੇਸ਼ਾਂ ਵਿਚ ਕਬੱਡੀ ਦਾ ਹੜ੍ਹ ਆਇਆ ਹੋਵੇ ਪਰ ਅਜਿਹਾ ਨਹੀਂ। ਮੈਂ ਦੇਸ਼ ਵਿਦੇਸ਼ ਦੇ ਅਨੇਕਾਂ ਕਬੱਡੀ ਟੂਰਨਾਮੈਂਟ ਆਪਣੀ ਅੱਖੀਂ ਵੇਖੇ ਹਨ ਅਤੇ ‘ਕਬੱਡੀ ਕਬੱਡੀ ਕਬੱਡੀ’, ‘ਮੇਲੇ ਕਬੱਡੀ ਦੇ’ ਤੇ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਆਦਿ ਕਿਤਾਬਾਂ ਵੀ ਲਿਖੀਆਂ ਹਨ। ਵਿਦੇਸ਼ਾਂ ਵਿਚ 90 ਫੀਸਦੀ ਤੋਂ ਵੱਧ ਖਿਡਾਰੀ ਪੰਜਾਬ ਦੇ ਹੀ ਕਬੱਡੀ ਖੇਡਦੇ ਹਨ ਜਦ ਕਿ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੇ ਬੱਚੇ ਬੜੀ ਘੱਟ ਗਿਣਤੀ ਵਿਚ ਕਬੱਡੀ ਅਪਨਾਉਂਦੇ ਹਨ। ਕਬੱਡੀ ਦੇ ਸਿਰ ‘ਤੇ ਪਰਵਾਸੀ ਬਣੇ ਸੈਂਕੜੇ ਪੰਜਾਬੀਆਂ ਦੇ ਆਪਣੇ ਬੱਚੇ ਵੀ ਕਬੱਡੀ ਦੇ ਨੇੜੇ ਨਹੀਂ ਜਾਂਦੇ। ਜਿਹੜੇ ਜਾਂਦੇ ਹਨ ਉਨ੍ਹਾਂ ਨੂੰ ਪੰਜਾਬ ਤੋਂ ਮੰਗਾਏ ਖਿਡਾਰੀ ਦੱਬ ਲੈਂਦੇ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਆਪੋ ਆਪਣੇ ਮੁਲਕਾਂ ਦੀਆਂ ਕਬੱਡੀ ਟੀਮਾਂ ਬਣਾਉਣ ਲਈ ਪੰਜਾਬ ਤੋਂ ਮੰਗਾਏ ਕਬੱਡੀ ਖਿਡਾਰੀਆਂ ‘ਤੇ ਹੀ ਟੇਕ ਰੱਖਣੀ ਪੈਂਦੀ ਹੈ।
1973 ਵਿਚ ਪੰਜਾਬ ਪਹੁੰਚੀ ਇੰਗਲੈਂਡ ਦੀ ਕਬੱਡੀ ਟੀਮ ਭਾਰਤੀ ਟੀਮ ਦੇ ਬਰਾਬਰ ਦੀ ਸੀ। ਉਸ ਨੇ ਕਈ ਮੈਚਾਂ ਵਿਚ ਭਾਰਤੀ ਟੀਮ ਨੂੰ ਹਰਾਇਆ ਵੀ ਸੀ ਪਰ ਇੰਗਲੈਂਡੀਆਂ ਨੇ ਆਪਣੇ ਬੱਚਿਆਂ ਨੂੰ ਓਨੀ ਕਬੱਡੀ ਨਹੀਂ ਖਿਡਾਈ ਜਿੰਨੀ ਪੰਜਾਬ ਤੋਂ ਮੰਗਵੇਂ ਖਿਡਾਰੀਆਂ ਨੂੰ ਖਿਡਾਉਂਦੇ ਰਹੇ। ਇੰਗਲੈਂਡ ਕੀ, ਕੈਨੇਡਾ ਤੇ ਹੋਰ ਮੁਲਕ ਵੀ ਅਜਿਹਾ ਹੀ ਕਰਦੇ ਰਹੇ। ਸਿੱਟਾ ਸਾਹਮਣੇ ਹੈ ਕਿ ਹੁਣ ਇੰਗਲੈਂਡ ਤੇ ਪੰਜਾਬੀ ਵਸੋਂ ਨਾਲ ਭਰਪੂਰ ਬਹੁਤ ਸਾਰੇ ਮੁਲਕਾਂ ਦੀਆਂ ਕਬੱਡੀ ਟੀਮਾਂ ਨਿਸਬਤਨ ਕਮਜੋæਰ ਹਨ। ਪੰਜਾਬ ਦੇ ਖਿਡਾਰੀਆਂ ਬਿਨਾਂ ਉਹ ਆਪਣੀਆਂ ਟੀਮਾਂ ਨੂੰ ਅਧੂਰੀਆਂ ਸਮਝ ਰਹੀਆਂ ਹਨ। ਵਿਸ਼ਵ ਕੱਪਾਂ ਵਿਚ ਖੇਡੇ ਖਿਡਾਰੀਆਂ ਵਿਚ ਵਿਦੇਸ਼ਾਂ ਦੇ ਜੰਮਪਲ ਬੜੇ ਘੱਟ ਹਨ। ਵਿਦੇਸ਼ਾਂ ਵਿਚ ਕਬੱਡੀ ਦੀਆਂ ਜੜ੍ਹਾਂ ਤਦ ਹੀ ਲੱਗਣਗੀਆਂ ਜਦੋਂ ਉਥੋਂ ਦੇ ਜੰਮਪਲ ਬੱਚੇ ਕਬੱਡੀ ਖੇਡਣ ਲੱਗਣਗੇ।
ਤੀਜੇ ਵਿਸ਼ਵ ਕਬੱਡੀ ਕੱਪ ਵਿਚ ਗਿਣਤੀ ਪੱਖੋਂ ਤਾਂ 15 ਦੇਸ਼ਾਂ ਦੇ ਮਰਦਾਂ ਦੀਆਂ ਤੇ 7 ਦੇਸ਼ਾਂ ਤੋਂ ਔਰਤਾਂ ਦੀਆਂ ਕਬੱਡੀ ਟੀਮਾਂ ਸ਼ਾਮਲ ਹੋਈਆਂ ਪਰ ਤਕੜੀਆਂ ਮਿਆਰੀ ਟੀਮਾਂ 8 ਵੀ ਨਹੀਂ ਸਨ। ਮੈਚ ਬੇਸ਼ਕ 38 ਖੇਡੇ ਗਏ ਪਰ ਮੁਕਾਬਲੇ ਦੇ ਫਸਵੇਂ ਮੈਚ 8 ਵੀ ਨਹੀਂ ਹੋਏ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਮੁਕਾਬਲੇ ਬਾਕੀ ਦੇਸ਼ਾਂ ਦੀਆਂ ਟੀਮਾਂ ਪਾ ਪਾਸਕੂੰ ਵੀ ਨਹੀਂ ਸਨ। ਪਾਕਿਸਤਾਨ ਦੀ ਟੀਮ ਨੂੰ ਵੀ ਭਾਰਤ ਦੀ ਟੀਮ ਨੇ 59-22 ਅੰਕਾਂ ਦੇ ਫਰਕ ਨਾਲ ਰੋਲ ਦਿੱਤਾ! ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਜਾ ਰਿਹੈ ਕਿ ਅਗਲੇ ਕਬੱਡੀ ਵਿਸ਼ਵ ਕੱਪ ਵਿਚ 25 ਮੁਲਕਾਂ ਦੀਆਂ ਟੀਮਾਂ ਖਿਡਾਈਆਂ ਜਾਣਗੀਆਂ। ਕਿਸੇ ਦੇਸ਼ ਦੇ ਚੌਦਾਂ ਪੰਦਰਾਂ ਖਿਡਾਰੀਆਂ ਨੂੰ ਮਹੀਨਾ ਦੋ ਮਹੀਨੇ ਕਬੱਡੀ ਸਿਖਾ ਕੇ ਦੇਸ਼ ਦੀ ਕਬੱਡੀ ਟੀਮ ਬਣਾ ਲਿਆਉਣ ਨਾਲ ਦਰਸ਼ਕਾਂ ਦੀਆਂ ਅੱਖਾਂ ਵਿਚ ਘੱਟਾ ਤਾਂ ਪਾਇਆ ਜਾ ਸਕਦੈ ਪਰ ਇੰਜ ਕਬੱਡੀ ਸੱਚੀਂਮੁੱਚੀਂ ਓਲੰਪਿਕ ਖੇਡਾਂ ਵਿਚ ਨਹੀਂ ਜਾ ਸਕਦੀ।
ਦਾਇਰੇ ਵਾਲੀ ਕਬੱਡੀ ਨੂੰ ਕੌਮੀ, ਏਸ਼ਿਆਈ, ਕਾਮਨਵੈਲਥ ਤੇ ਓਲੰਪਿਕ ਖੇਡਾਂ ਵਿਚ ਪੁਚਾਉਣ ਲਈ ਜ਼ਰੂਰੀ ਹੈ ਕਿ ਇਸ ਦੀ ਅਮਲੀ ਤੌਰ ‘ਤੇ ਆਲ ਇੰਡੀਆ ਐਮੇਚਿਓਰ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ, ਏਸ਼ੀਆ ਕਬੱਡੀ ਫੈਡਰੇਸ਼ਨ ਤੇ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਬਣੇ ਜੋ ਭਾਰਤੀ ਓਲੰਪਿਕ ਐਸੋਸੀਏਸ਼ਨ, ਓਲੰਪਿਕ ਕੌਂਸਲ ਆਫ਼ ਏਸ਼ੀਆ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਮਾਨਤਾ ਪ੍ਰਾਪਤ ਕਰੇ। ਦਾਇਰੇ ਵਾਲੀ ਕਬੱਡੀ ਅਜੇ ਤਕ ਸਥਾਨਕ ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਤੋਂ ਅੱਗੇ ਨਹੀਂ ਵਧ ਸਕੀ। ਪੰਜਾਬ ਪੱਧਰ ‘ਤੇ ਹੀ ਕਬੱਡੀ ਦੀਆਂ ਤਿੰਨ ਫੈਡਰੇਸ਼ਨਾਂ ਅਜੇ ਇਕ ਨਹੀਂ ਹੋਈਆਂ। ਇਹੋ ਹਾਲ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੀਆਂ ਕਬੱਡੀ ਫੈਡਰੇਸ਼ਨਾਂ ਦਾ ਹੈ।
ਕਿਸੇ ਵੀ ਖੇਡ ਦੇ ਓਲੰਪਿਕ ਖੇਡਾਂ ਵਿਚ ਜਾਣ ਲਈ ਜ਼ਰੂਰੀ ਹੈ ਕਿ ਉਹ ਘੱਟੋਘੱਟ 50 ਮੁਲਕਾਂ ਦੀ ਮਾਨਤਾ ਪ੍ਰਾਪਤ ਖੇਡ ਹੋਵੇ ਯਾਨਿ 50 ਮੁਲਕਾਂ ਦੀਆਂ ਨੈਸ਼ਨਲ ਓਲੰਪਿਕ ਕਮੇਟੀਆਂ ਨੇ ਮਾਨਤਾ ਦਿੱਤੀ ਹੋਵੇ। ਉਸ ਦੀਆਂ ਬਾਕਾਇਦਾ ਕੌਮੀ ਤੇ ਕੌਮਾਂਤਰੀ ਚੈਂਪੀਅਨਸ਼ਿਪਾਂ ਹੁੰਦੀਆਂ ਹੋਣ। ਖਿਡਾਰੀ ਡੋਪ ਟੈਸਟ ਦੇ ਪਾਬੰਦ ਹੋਣ ਤੇ ਉਸ ਖੇਡ ਦੀ ਕੌਮਾਂਤਰੀ ਫੈਡਰੇਸ਼ਨ ਦੀ ਨਿਗਰਾਨੀ ਹੇਠ ਵਿਸ਼ਵ ਚੈਂਪੀਅਨਸ਼ਿਪ ਹੁੰਦੀ ਹੋਵੇ। ਤਦ ਹੀ ਓਲੰਪਿਕ ਚਾਰਟਰ ਦੇ ਨਿਯਮ 26 ਅਧੀਨ ਉਸ ਖੇਡ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਮਾਨਤਾ ਦੇਣ ਲਈ ਵਿਚਾਰਿਆ ਜਾ ਸਕਦੈ। 115 ਮੈਂਬਰੀ ਕਮੇਟੀ ਦੇ ਜੇ ਅੱਧਿਓਂ ਵੱਧ ਮੈਂਬਰ ਉਸ ਖੇਡ ਦੇ ਹੱਕ ਵਿਚ ਭੁਗਤਣ ਤਾਂ ਉਹ ਖੇਡ ਮਾਨਤਾ ਹਾਸਲ ਕਰ ਸਕਦੀ ਹੈ। ਫਿਰ ਵੀ ਜ਼ਰੂਰੀ ਨਹੀਂ ਕਿ ਉਸ ਖੇਡ ਨੂੰ ਓਲੰਪਿਕ ਖੇਡਾਂ ਦੇ ਸਪੋਰਟਸ ਪ੍ਰੋਗਰਾਮ ਵਿਚ ਥਾਂ ਮਿਲ ਸਕੇ।
ਦਾਇਰੇ ਵਾਲੀ ਕਬੱਡੀ ਨੂੰ ਤਾਂ ਅਜੇ ਤਕ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਵੀ ਮਾਨਤਾ ਨਹੀਂ ਦਿੱਤੀ ਹੋਈ। ਕਬੱਡੀ ਨੂੰ ਜਿਹੜੀ ਮਾਨਤਾ ਮਿਲੀ ਹੋਈ ਹੈ ਉਹ ਵਰਗਾਕਾਰ ਕਬੱਡੀ ਦੀ ਹੈ ਜੋ 1990 ਤੋਂ ਏਸ਼ਿਆਈ ਖੇਡਾਂ ਵਿਚ ਵੀ ਖੇਡੀ ਜਾਂਦੀ ਹੈ। ਉਸ ਦੀਆਂ ਕੌਮੀ, ਏਸ਼ਿਆਈ ਤੇ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਾਂ ਦਾ ਪ੍ਰਧਾਨ ਜਨਾਰਧਨ ਸਿੰਘ ਗਹਿਲੋਤ ਹੈ। ਉਸ ਦੀ ਪ੍ਰਧਾਨਗੀ ਵਾਲੀ ਭਾਰਤੀ ਤੇ ਏਸ਼ੀਅਨ ਕਬੱਡੀ ਫੈਡਰੇਸ਼ਨ ਨੂੰ ਤਾਂ ਮਾਨਤਾ ਮਿਲੀ ਹੋਈ ਹੈ ਪਰ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਨੂੰ ਹਾਲੇ ਤਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮਾਨਤਾ ਨਹੀਂ ਮਿਲੀ। ਇਹ ਹੈ ਨੈਸ਼ਨਲ ਸਟਾਈਲ ਤੇ ਦਾਇਰੇ ਵਾਲੀ ਕਬੱਡੀ ਦੀ ਅਸਲੀ ਸਥਿਤੀ। ਇਸ ਸਥਿਤੀ ਵਿਚ ਸਰਕਲ ਸਟਾਈਲ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣਾ ਹਾਲੇ ਦੂਰ ਦੀ ਗੱਲ ਹੈ। ਜੇਕਰ ਇਸ ਨੂੰ ਕੌਮੀ ਖੇਡਾਂ, ਸੈਫ ਖੇਡਾਂ, ਏਸ਼ਿਆਈ ਖੇਡਾਂ, ਯੂਰਪੀਨ, ਪੈਨ-ਅਮੈਰਿਕਨ ਤੇ ਕਾਮਨਵੈਲਥ ਖੇਡਾਂ ਵਿਚ ਹੀ ਸ਼ਾਮਲ ਕਰਵਾ ਲਿਆ ਜਾਵੇ ਤਾਂ ਵੀ ਇਹ ਵੱਡੀ ਪ੍ਰਾਪਤੀ ਗਿਣੀ ਜਾਵੇਗੀ।
ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਦੇਸੀ ਖੇਡ ਕਬੱਡੀ ਨੂੰ ਉਤਸ਼ਾਹਤ ਕਰ ਰਹੀ ਹੈ। ਕਬੱਡੀ ਦੀ ਤਰਜ਼ ‘ਤੇ ਕੁਸ਼ਤੀ ਤੇ ਰੱਸਾਕਸ਼ੀ ਦੀਆਂ ਖੇਡਾਂ ਕਰਾਉਣ ਬਾਰੇ ਵੀ ਐਲਾਨ ਕੀਤਾ ਗਿਆ ਹੈ। ਹੋਰ ਸਰਕਾਰਾਂ ਵੀ ਆਪੋ ਆਪਣੀਆਂ ਖੇਤਰੀ ਖੇਡਾਂ ਦਾ ਵਿਕਾਸ ਕਰਦੀਆਂ ਹਨ ਜਿਵੇਂ ਜਾਪਾਨ ਨੇ ਆਪਣੀ ਦੇਸੀ ਖੇਡ ਸੂਮੋ ਦਾ ਕੀਤਾ ਹੈ। ਪੰਜਾਬੀਆਂ ਦੀਆਂ ਦੇਸੀ ਖੇਡਾਂ ਦਾ ਵਿਕਾਸ ਕਰਨਾ ਪੰਜਾਬੀ ਸਭਿਆਚਾਰ ਦਾ ਵਿਕਾਸ ਕਰਨਾ ਹੈ ਜਿਸ ਨਾਲ ਪੰਜਾਬੀਆਂ ਦੀ ਪਛਾਣ ਦਾ ਮਸਲਾ ਜੁੜਿਆ ਹੋਇਆ ਹੈ। ਪਰ ਆਪਣੀਆਂ ਦੇਸੀ ਖੇਡਾਂ ਨਾਲ ਕੌਮੀ ਤੇ ਕੌਮਾਂਤਰੀ ਖੇਡਾਂ ਦਾ ਵਿਕਾਸ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਹਾਕੀ ਭਾਵੇਂ ਪੰਜਾਬ ਦੀ ਦੇਸੀ ਖੇਡ ਨਹੀਂ ਸੀ। ਦੇਸੀ ਖੇਡ ਖਿੱਦੋ ਖੂੰਡੀ ਸੀ ਜਿਸ ਦੀ ਥਾਂ ਹਾਕੀ ਨੇ ਲਈ। ਪਰ ਹਾਕੀ ਵਿਚ ਪੰਜਾਬੀਆਂ ਨੇ ਓਲੰਪਿਕ ਖੇਡਾਂ ਖੇਡਦਿਆਂ ਜੋ ਮੱਲਾਂ ਮਾਰੀਆਂ ਉਸ ਨੇ ਪੰਜਾਬੀਆਂ ਦਾ ਨਾਂ ਕੁਲ ਦੁਨੀਆਂ ਵਿਚ ਰੌਸ਼ਨ ਕੀਤਾ।
ਬਲਬੀਰ ਸਿੰਘ ਤੇ ਊਧਮ ਸਿੰਘ ਹੋਰਾਂ ਨੇ ਹਾਕੀ ਵਿਚ, ਮਿਲਖਾ ਸਿੰਘ ਤੇ ਗੁਰਬਚਨ ਸਿੰਘ ਹੋਰਾਂ ਨੇ ਅਥਲੈਟਿਕਸ ਵਿਚ, ਜਰਨੈਲ ਸਿੰਘ ਤੇ ਇੰਦਰ ਸਿੰਘ ਹੋਰਾਂ ਨੇ ਫੁਟਬਾਲ ਵਿਚ, ਅਭਿਨਵ ਬਿੰਦਰਾ ਤੇ ਰੰਜਨ ਸੋਢੀ ਨੇ ਨਿਸ਼ਾਨੇਬਾਜ਼ੀ ਵਿਚ ਤੇ ਇੰਜ ਹੀ ਹੋਰ ਕਈ ਖਿਡਾਰੀਆਂ ਨੇ ਹੋਰਨਾਂ ਖੇਡਾਂ ਵਿਚ ਪੰਜਾਬ ਦਾ ਮਾਣ ਵਧਾਇਆ ਹੈ। ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਕਬੱਡੀ ਦੇ ਨਾਲ ਹੋਰ ਖੇਡਾਂ ਵਿਚ ਵੀ ਅੱਗੇ ਵਧਾਉਣ ਦੀ ਲੋੜ ਹੈ। ‘ਕੱਲੇ ਲਾਈਟਾਂ ਵਾਲੇ ਸਟੇਡੀਅਮ ਬਣਾਉਣ ਨਾਲ ਕੌਮਾਂਤਰੀ ਖੇਡਾਂ ਦੇ ਜੇਤੂ ਨਹੀਂ ਬਣਿਆ ਜਾਣਾ। ਇਹਦੇ ਲਈ ਸਕੂਲਾਂ, ਕਾਲਜਾਂ ਤੇ ਪੇਂਡੂ ਖੇਡ ਮੈਦਾਨਾਂ ਤਕ ਪਹੁੰਚ ਕਰਨ ਤੇ ਕੋਚ ਭੇਜਣ ਦੀ ਲੋੜ ਹੈ ਜਿਨ੍ਹਾਂ ਦੀ ਥਾਂ ਪਰ ਥਾਂ ਘਾਟ ਹੈ। ਕੋਚਾਂ ਤੇ ਖਿਡਾਰੀਆਂ ਬਿਨਾਂ ਖੇਡ ਸਟੇਡੀਅਮ ਕਿਸ ਕੰਮ? ਜਿਨ੍ਹਾਂ ਸਟੇਡੀਅਮਾਂ ਨੇ ਸਾਲ ਛਿਮਾਹੀਂ ਹੀ ਭਰਨਾ ਹੈ ਉਨ੍ਹਾਂ ਨੂੰ ਤਾਂ ਸਫੈਦ ਹਾਥੀ ਹੀ ਸਮਝੋ। ਖੇਡ ਮਾਹਿਰ ਸਰਕਾਰ ਨੂੰ ਸੁਚੱਜੀ ਖੇਡ ਨੀਤੀ ‘ਤੇ ਅਮਲ ਕਰਨ ਦੀ ਸਲਾਹ ਦੇ ਸਕਦੇ ਹਨ। ਕਬੱਡੀ ਦੀ ਬੱਲੇ-ਬੱਲੇ ਨਾਲ ਵੱਡੇ ‘ਕੱਠ ਕਰ ਕੇ ਪੰਜਾਬ ਦੀ ਤਰੱਕੀ ਦਾ ਲੋੜੋਂ ਵੱਧ ਪ੍ਰਚਾਰ ਕਰਨ ਨਾਲੋਂ ਜ਼ਰੂਰੀ ਹੈ ਕਿ ਅਜਿਹੀ ਖੇਡ ਨੀਤੀ ‘ਤੇ ਅਮਲ ਕੀਤਾ ਜਾਵੇ ਜਿਸ ਨਾਲ ਪੰਜਾਬ ਫਿਰ ਖੇਡਾਂ ਵਿਚ ਭਾਰਤ ਦਾ ਅੱਵਲ ਨੰਬਰ ਸੂਬਾ ਬਣ ਸਕੇ।

Be the first to comment

Leave a Reply

Your email address will not be published.