ਨਿੱਕੀਆਂ ਜਿੰਦਾਂ ਵੱਡੇ ਸਾਕੇ

ਡਾæ ਅਮਨਦੀਪ ਸਿੰਘ ਟੱਲੇਵਾਲੀਆ
ਫੋਨ: 91-98146-99446
ਮਾਂ ਲਈ ਸਭ ਤੋਂ ਵੱਡੀ ਚੀਜ਼ ਹੈ ਉਸ ਦੀ ਗੋਦੀ ਵਿਚ ਪੁੱਤਰ ਦਾ ਖੇਡਣਾ। ਇਸ ਦਾਤ ਲਈ ਮਾਂਵਾਂ ਲੱਖਾਂ ਜਫ਼ਰ ਜਾਲਦੀਆਂ ਹਨ। ਧੰਨ ਨੇ ਉਹ ਮਾਂਵਾਂ, ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ ‘ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ, ਜਿਹੜਾ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਕੇ ਵੀ ਇਹੋ ਆਖਦਾ ਹੈ,
ਇਨ ਪੁੱਤਰਨ ਕੇ ਸੀਸ ਪਰ
ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ
ਜੀਵਤ ਕਈ ਹਜ਼ਾਰ।
ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸ ਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਅਣਖੀ ਲੋਕ ਸੀਸ ਨਹੀਂ ਝੁਕਾਉਂਦੇ। ਇਹ ਵੀ ਇੱਕ ਸੱਚਾਈ ਹੈ ਕਿ ਜਿਹੜੇ ਇਨਸਾਨ ਇਤਿਹਾਸ ਤੋਂ ਕੁੱਝ ਸਿਖਦੇ ਨਹੀਂ ਉਹ ਹੀ ਇਤਿਹਾਸ ਨੂੰ ਦੁਹਰਾਉਣ ਦੇ ਜਿੰਮੇਵਾਰ ਹੁੰਦੇ ਹਨ। ਜਿਵੇਂ ਕਰਬਲਾ ਵਿਚ ਹਜ਼ਰਤ ਅਲੀ ਦੇ ਪੁੱਤਰਾਂ ਹਸਨ, ਹੁਸੈਨ ਨੂੰ ਸਮੇਂ ਦੇ ਹਾਕਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਜੇ ਵਜ਼ੀਰ ਖਾਨ ਨੇ ਉਸ ਸਾਕੇ ਤੋਂ ਕੁੱਝ ਸਿੱਖਿਆ ਹੁੰਦਾ ਤਾਂ ਉਹ ਅਜਿਹੀ ਸਥਿਤੀ ਨੂੰ ਦੁਬਾਰਾ ਦੁਹਰਾਉਣ ਦੀ ਜੁਰਅਤ ਨਾ ਕਰਦਾ।
‘ਸਾਕਾ ਸਰਹਿੰਦ’ ਕਿਉਂ ਵਾਪਰਿਆ? ਅਨੰਦਪੁਰ ਸਾਹਿਬ ਦੀ ਲੜਾਈ, ਜੋ ਇਤਿਹਾਸਕਾਰਾਂ ਅਨੁਸਾਰ ਮਈ 1704 ਈ: (ਸੰਮਤ 1761) ਨੂੰ ਸ਼ੁਰੂ ਹੋਈ ਸੀ, ਲਗਾਤਾਰ ਸੱਤ ਮਹੀਨੇ ਚੱਲਦੀ ਰਹੀ। ਕਿਲੇ ਅੰਦਰ ਸਿੰਘਾਂ ਕੋਲ ਰਾਸ਼ਨ ਪਾਣੀ ਮੁੱਕ ਗਿਆ ਅਤੇ ਉਧਰ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫੌਜਾਂ ਵੀ ਹੋਰ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਮੁਸਲਮਾਨਾਂ ਨੇ ਕੁਰਾਨ ਦੀਆਂ ਅਤੇ ਪਹਾੜੀ ਰਾਜਿਆਂ ਨੇ ਗਊਆਂ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜ ਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜਾਣਦੇ ਸਨ ਕਿ ਇਹ ਮੱਕਾਰ, ਚਾਲਬਾਜ ਲੋਕ ਕਦੇ ਵੀ ਆਪਣੀ ਆਖੀ ਗੱਲ ਤੋਂ ਮੁਕਰ ਸਕਦੇ ਹਨ। ਮਾਤਾ ਗੁਜਰੀ ਜੀ ਅਤੇ ਕੁੱਝ ਸਿੰਘਾਂ ਦੇ ਕਹਿਣ ‘ਤੇ ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਅਜੇ ਗੁਰੂ ਜੀ ਦਾ ਵਹੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ ਦੀ ਫੌਜ਼ ਨੇ ਮੁੜ ਹਮਲਾ ਕਰ ਦਿੱਤਾ। ਸਰਸਾ ਨਦੀ ਵਿਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ ‘ਤੇ ਲਹੂ ਡੋਲਵੀਂ ਟੱਕਰ ਹੋਈ। ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿਚ ਰੁੜ ਗਿਆ। ਇਸੇ ਹੀ ਸਥਾਨ ‘ਤੇ ਗੁਰੂ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ, ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਸਮੇਤ ਕੁੱਝ ਸਿੰਘਾਂ ਦੇ ਨਾਲ ਚਮਕੌਰ ਵੱਲ ਨੂੰ ਚਲੇ ਗਏ, ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ ਰੁੱਤ, ਕਹਿਰਾਂ ਦੀ ਸਰਦੀ, ਦੋ ਛੋਟੇ ਛੋਟੇ ਬਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਵਿਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤੈਅ ਕਰ ਰਹੇ ਸਨ। ਇੰਜ ਤੁਰਦੇ-ਤੁਰਦੇ ਗੰਗੂ ਬ੍ਰਾਹਮਣ, ਜੋ ਕਿ ਗੁਰੂ ਘਰ ਦਾ ਰਸੋਈਆ ਸੀ, ਦੇ ਪਿੰਡ ਸਹੇੜੀ ਜਾ ਪਹੁੰਚੇ। ਉਹ ਬੱਚਿਆਂ ਅਤੇ ਦਾਦੀ ਨੂੰ ਆਪਣੇ ਘਰੇ ਲੈ ਗਿਆ। ਦਾਦੀ ਕੋਲ ਕੁੱਝ ਗਹਿਣੇ ਅਤੇ ਕੁੱਝ ਪੈਸੇ ਜੋ ਕਿ ਇੱਕ ਪੋਟਲੀ ਵਿਚ ਪਾਏ ਹੋਏ ਸਨ। ਬੱਸ ਇਨ੍ਹਾਂ ਗਹਿਣਿਆਂ ਅਤੇ ਹੀਰਿਆਂ ਦੀ ਚਮਕ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਅਤੇ ਉਹ ਇਨ੍ਹਾਂ ਕੀਮਤੀ ਵਸਤਾਂ ਨੂੰ ਹਾਸਿਲ ਕਰਨ ਲਈ ਹੀਰਿਆਂ ਤੋਂ ਵੀ ਸੋਹਣੇ ਛੋਟੇ ਬੱਚਿਆਂ ਦੀ ਸ਼ਹੀਦੀ ਦਾ ਕਾਰਨ ਬਣਿਆ। ਭਾਵੇਂ ਉਹ ਗੁਰੂ ਘਰ ਦਾ ਰਸੋਈਆ ਸੀ ਪਰ ਸ਼ਾਇਦ ਉਸ ਕੋਲੋਂ ਗੁਰੂ ਦੁਆਰਾ ਸਾਜਿਆ ਖਾਲਸਾ, ਜੋ ਨੀਚਾਂ ਨੂੰ ਊਚ ਬਣਾਉਂਦਾ ਸੀ, ਜਿਸ ਨੇ ਚਿਰਾਂ ਤੋਂ ਚੱਲੀ ਆ ਰਹੀ ਬ੍ਰਾਹਮਣਵਾਦ ਦੀ ਰੀਤ ਨੂੰ ਭਸਮ ਕਰ ਦਿੱਤਾ ਸੀ, ਨਾ ਜਰਿਆ ਗਿਆ ਹੋਵੇ ਅਤੇ ਉਸ ਦੇ ਪਾਪੀ ਮਨ ਨੇ ਅਜਿਹਾ ਮੌਕਾ ਗੁਆਉਣਾ ਉਸ ਨੇ ਮੁਨਾਸਿਬ ਨਾ ਸਮਝਿਆ ਹੋਵੇ।
ਸਹੇੜੀ ਦੇ ਚੌਧਰੀ ਅਤੇ ਗੰਗੂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ ਕੋਲ ਕੀਤੀ, ਕਿਉਂਕਿ ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਅਤੇ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਉਹ ਬਹੁਤ ਵੱਡਾ ਇਨਾਮ ਹਾਸਲ ਕਰ ਲੈਣ। ਇਸ ਤਰ੍ਹਾਂ ਉਨ੍ਹਾਂ ਤਿੰਨਾਂ ਨੇ ਮਿਲ ਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਅਤੇ ਦਾਦੀ ਮਾਤਾ ਗੁਜਰੀ ਨੂੰ ਇੱਕ ਰਾਤ ਠੰਡੇ ਬੁਰਜ ਵਿਚ ਰੱਖਿਆ ਗਿਆ, ਉਹ ਬੁਰਜ ਜਿਸ ਨੂੰ ਸਿੱਖ ਇਤਿਹਾਸ ਵਿਚ ‘ਚੰਡਾਲ ਬੁਰਜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦੇ ਚਾਰ ਥੰਮ ਸਨ, ਨਾ ਉਪਰ ਕੋਈ ਛੱਤ ਸੀ, ਲੋਹੇ ਦੇ ਸਰੀਏ ਵਾਲੇ ਵੱਡੇ ਵੱਡੇ ਦਰਵਾਜ਼ੇ ਸਨ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰ ਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣ ਰਹੇ ਸਨ। ਮਖ਼ਮਲਾਂ ‘ਤੇ ਸੌਣ ਵਾਲੇ, ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਅੱਜ ਭੁੱਖਣ-ਭਾਣੇ ਠੰਡੇ ਬੁਰਜ ਵਿਚ ਬੈਠੇ ਦਾਦੀ ਮਾਂ ਦੀਆਂ ਬਾਤਾਂ ਸੁਣ ਰਹੇ ਸਨ। ਇਹ ਬਾਤਾਂ ਕੋਈ ਕਲਪਨਾਵਾਂ ਨਹੀਂ ਸਨ, ਸਗੋਂ ਸੱਚ ਦੇ ਰਾਹ ‘ਤੇ ਤੁਰੇ ਪਾਂਧੀਆਂ ਨੂੰ ਰਸਤੇ ਵਿਚ ਆਉਣ ਵਾਲੀਆਂ ਔਕੜਾਂ ਨੂੰ ਖਿੜੇ ਮੱਥੇ ਸਹਿਣ ਕਰਨ ਦਾ ਉਪਦੇਸ਼ ਦਿੰਦੀਆਂ ਸਨ। ਦਾਦੀ ਮਾਂ ਸਮਝਾ ਰਹੀ ਸੀ ਕਿ ਬੱਚਿਓ ਦਾਦਾ ਜੀ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾਇਓ ਭਾਵੇਂ ਤੁਹਾਡਾ ਸੀਸ ਕੱਟ ਜਾਵੇ। ਦਾਦੀ ਮਾਂ ਦੀਆਂ ਨਸੀਹਤਾਂ ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ ਸੀ, ਸਿਰ ਦੇ ਕੇ ਸਿਦਕ ਬਚਾਵਾਂਗੇ। 24 ਦਸੰਬਰ 1704 ਈ: ਦਾ ਦਿਨ ਚੜ੍ਹਿਆ, ਠੰਡੇ ਬੁਰਜ ਵਿਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ। ਇਸ ਸਥਿਤੀ ਦਾ ਵਰਣਨ ਅੱਲਾ ਯਾਰ ਖਾਂ ਜੋਗੀ ‘ਸ਼ਹੀਦਾਨਿ ਵਫ਼ਾ’ ਵਿਚ ਇਸ ਤਰ੍ਹਾਂ ਕਰਦਾ ਹੈ,
ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,
ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ, ਸੂਰਮਿਆਂ ਨੇ ਕਚਹਿਰੀ ਵਿਚ ਖਲੋ ਕੇ ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਈ। ਇਹ ਦੇਖ ਕੇ ਸੂਬਾ ਕੰਬ ਉਠਿਆ। ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਲਿਆਂਦਾ ਗਿਆ, ਉਹ ਬਹੁਤ ਨੀਵਾਂ ਸੀ ਤਾਂ ਕਿ ਜਦੋਂ ਉਹ ਅੰਦਰ ਵੜਨ ਤਾਂ ਉਨ੍ਹਾਂ ਦੀ ਨੀਵੀਂ ਪੈ ਜਾਵੇ ਪਰ ਅਣਖ ਨਾਲ ਜਿਉਣ ਵਾਲੇ ਸੂਰਮਿਆਂ ਦੀ ਧੌਣ ਕਾਇਰਾਂ ਸਾਹਮਣੇ ਨਹੀਂ ਝੁਕ ਸਕਦੀ।
ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲ੍ਹਾਉਣ ਦੇ ਲੱਖਾਂ ਯਤਨ ਕੀਤੇ। ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿਚ ਮਾਰੇ ਗਏ ਹਨ ਸੋ ਤੁਹਾਡਾ ਕੋਈ ਆਸਰਾ ਨਹੀਂ ਰਿਹਾ। ਜੇਕਰ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖਾਨ ਤੁਹਾਡੀ ਰੱਖਿਆ ਕਰ ਸਕਦਾ ਹੈ। ਸੂਰਜ ਪ੍ਰਕਾਸ਼ ਅਨੁਸਾਰ,
ਸਾਹਿਬਜ਼ਾਦਿਓ ਪਿਤਾ ਤੁਹਾਰਾ॥
ਗਢ ਚਮਕੌਰ ਘੇਰ ਗਹਿ ਮਾਰਾ॥
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ॥
ਸੰਗੀ ਸਿੰਘ ਸਕਲ ਸੋ ਮਾਰੇ॥
ਅੱਗੋਂ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ,
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ॥
ਜਗ ਮਹਿੰ ਕੋਨ ਸਕੇ ਤਿੰਹ ਮਾਰਾ॥
ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ॥
ਕੌਨ ਅੰਧੇਰੀ ਕੋ ਨਿਰਵਾਰਹਿ॥
ਸੂਬੇ ਦੀ ਗੱਲ ਸੁਣ ਕੇ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਸਾਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ, ਹੋਰ ਕਿਸੇ ਆਸਰੇ ਦੀ ਲੋੜ ਨਹੀਂ। ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ ਕਿ ਵਜ਼ੀਰ ਖਾਨ ਸੂਰਜ ਪੂਰਬ ਨੂੰ ਛੱਡ ਕੇ ਪੱਛਮ ‘ਚੋਂ ਨਿਕਲ ਸਕਦਾ ਹੈ, ਮੱਛੀਆਂ ਪਾਣੀ ਤੋਂ ਬਿਨਾਂ ਜਿੰਦਾ ਰਹਿ ਸਕਦੀਆਂ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿਚ ਪਹੁੰਚਿਆ, ਰਸਤੇ ਵਿਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ,
ਪਿਖ ਕੇ ਪ੍ਰੇਮ ਸੂ ਮੋਤੀ ਕੇਰਾ,
ਮਾਤਾ ਕਹਯੋ ਭਲਾ ਹੋਵੈ ਤੇਰਾ॥
ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈæ ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਹਿਰੀ ਵਿਚ ਜਾ ਕੇ ਗੱਜ ਕੇ ਫਤਿਹ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਤਾਂ ਜਵਾਬ ਸੀ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਂਹਾਂ ਵਿਚ ਚਿਣ ਦੇਣਾ ਚਾਹੀਦਾ ਹੈ।
ਇਹ ਉਹ ਕੁਲਹਿਣੀ ਘੜੀ ਸੀ ਜਿਸ ਨੂੰ ਸੁਣ ਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ ‘ਚੋਂ ਖੂਨ ਦੇ ਅੱਥਰੂ ਵਹਾਏ। ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ, ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ, ਉਹਨੇ ‘ਹਾਅ ਦਾ ਨਾਅਰਾ’ ਮਾਰਿਆ, ਵਜ਼ੀਰ ਖਾਨ ਬੱਚਿਆਂ ਉਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, “ਵਜ਼ੀਰ ਖਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ।” ਬੱਸ ਫਿਰ ਕੀ ਸੀ ਉਹ ਅੰਤਿਮ ਘੜੀ ਆ ਗਈ। ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿਚ ਚਿਣਨਾ ਸ਼ੁਰੂ ਕਰ ਦਿੱਤਾ ਗਿਆ। ਅਜੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਧੜੰਮ ਕਰਕੇ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿਚ ਆ ਗਏ।
ਕੁੱਝ ਇਤਿਹਾਸਕਾਰਾਂ ਅਨੁਸਾਰ ਤੀਜ਼ੀ ਪੇਸ਼ੀ 26 ਦਸੰਬਰ ਨੂੰ ਅਤੇ ਕੁੱਝ ਮੁਤਾਬਿਕ 27 ਦਸੰਬਰ 1704 ਈæ ਨੂੰ ਹੋਈ। ਇਸਲਾਮ ਕਬੂਲ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ ਅਤੇ ਸੂਬੇ ਨੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ, “ਇਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ।” ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਦੇਖ-ਸੁਣ ਕੇ ਨਾ ਰੋਈ ਹੋਵੇ। ਇਸ ਤੱਥ ਦੀ ਪੁਸ਼ਟੀ ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਕਰਦਿਆਂ ਲਿਖਦੇ ਹਨ,
ਸ਼ਾਸ਼ਲ ਬੇਗ ਅਰ ਬਾਸ਼ਲ ਬੇਗ।
ਉਭੈ ਜਲਾਦਨ ਖਿਚ ਕੈ ਤੇਗ।
ਤਿਸਹੀ ਠਉਰ ਖਰਿਓ ਕੈ ਸੀਸ।
ਤੁਰਤ ਉਤਾਰੇ ਦੁਸ਼ਟੈਂ ਰੀਸ।
ਤੇਰਾਂ ਪੋਹ ਥਾ ਮੰਗਲਵਾਰ।
ਮਚਿਓ ਸ਼ਹਿਰ ਮੇਂ ਹਾਹਾਕਾਰ।
ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਨ੍ਹਾਂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ। ਇਹ ਧਾਰਨਾਂ ਬਿਲਕੁਲ ਗਲਤ ਹੈ ਕਿ ਮਾਤਾ ਗੁਜਰੀ ਜੀ ਨੇ ਬੁਰਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਹ ਔਰਤ ਜੋ ਆਪਣੇ ਪਤੀ ਦੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵੇਲੇ ਨਹੀਂ ਡੋਲੀ ਅਤੇ ਜਿਸ ਨੇ ਆਪਣੇ ਪੋਤਿਆਂ ਨੂੰ ਹੱਥੀਂ ਸ਼ਹੀਦ ਹੋਣ ਲਈ ਤੋਰਿਆ, ਉਹ ਐਨੀ ਬੁਜ਼ਦਿਲ ਨਹੀਂ ਹੋ ਸਕਦੀ ਕਿ ਬੁਰਜ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵੇ। ਦੂਸਰਾ, ਸਿੱਖ ਧਰਮ ਵਿਚ ਆਤਮ ਹੱਤਿਆ ਕਰਨਾ ਵਰਜਿਤ ਹੈ। ਇਥੇ ਹੀ ਬੱਸ ਨਹੀਂ ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ ਗਿਆ ਸੀ। ਪਰ ਇਹ ਗੱਲਾਂ ਇਤਿਹਾਸਕ ਪੱਖ ਤੇ ਖਰੀਆਂ ਨਹੀਂ ਉਤਰਦੀਆਂ। ਮਾਤਾ ਜੀ ਬਿਰਧ ਅਵਸਥਾ ਵਿਚ ਸਨ। ਤਿੰਨ-ਚਾਰ ਦਿਨਾਂ ਤੋਂ ਭੁੱਖਣ-ਭਾਣੇ ਠੰਢੇ ਬੁਰਜ ਵਿਚ ਕੈਦ ਸਨ। ਪੋਹ ਦੀ ਠੰਢੀ ਹਵਾ ਅਤੇ ਭੁੱਖ ਨੇ ਹੀ ਸਰੀਰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ ਤੇ ਇਸੇ ਤਰ੍ਹਾਂ ਉਹ ਵੀ ਆਪਣਾ ਸਰੀਰ ਤਿਆਗ ਗਏ।
ਟੋਡਰ ਮੱਲ ਖੱਤਰੀ ਨੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਤਿੰਨਾਂ ਦੇਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਨੂੰ ਵਾਪਰਿਆ। ਭਾਵੇਂ ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰੋਂ ਮਿੱਟੀ ਵਿਚ ਰੋਲ ਦਿੱਤਾ ਪਰ ਉਹ ਸੂਰਮੇ ਤਾਂ ਅਮਰ ਹਨ। ਉਨ੍ਹਾਂ ਦੀ ਸ਼ਹੀਦੀ ਨੇ ਬੰਦੇ ਵਰਗੇ ਵੈਰਾਗੀ ਸਾਧੂਆਂ ਦੇ ਮਨ ‘ਤੇ ਅਜਿਹਾ ਅਸਰ ਕੀਤਾ ਕਿ ਜਿਹੜੇ ਡੇਰੇ ਦੇ ਆਲੇ ਦੁਆਲੇ ਖ਼ੂਨ ਦਾ ਛਿੱਟਾ ਡੁਲ੍ਹਿਆ ਵੀ ਬਰਦਾਸ਼ਤ ਨਹੀਂ ਸਨ ਕਰਦੇ, ਐਨੇ ਡੁੱਲ੍ਹੇ ਖੂਨ ਨੂੰ ਦੇਖ ਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਗਏ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

Be the first to comment

Leave a Reply

Your email address will not be published.