ਖ਼ਾਲਸਾ ਪੰਥ ਦੀ ਪਾਤਿਸ਼ਾਹੀ ਰੋਲਣ ਲਈ?

ਪੰਜਾਬ ਟਾਈਮਜ਼ ਵਿਚ ਸ਼ ਅਜਮੇਰ ਸਿੰਘ ਦੀਆਂ ਕਿਤਾਬਾਂ ‘ਤੇ ਚਰਚਾ ਦੇ ਬਹਾਨੇ ਖ਼ਾਲਸਾ ਪੰਥ ਦੀ ਪਾਤਿਸ਼ਾਹੀ ਰੋਲਣ ਤੇ ਇਸ ਨੂੰ ਭਾਰਤ ਦੇ ਪੈਰਾਂ ਵਿਚ ਨੂੜੀ ਰੱਖਣ ਦੇ ਮੁੱਦਈ ਇੱਕ ਪਿਛੋਂ ਇੱਕ ਆਪਣੇ ਚਿਹਰੇ ਪੇਸ਼ ਕਰ ਰਹੇ ਹਨ ਅਤੇ ਆਪਣੇ ਪੁਰਾਣੇ ਤੇ ਨਵੇਂ ਪੈਂਤੜਿਆਂ ਰਾਹੀਂ ਆਪਣੀਆਂ ਪਟਾਰੀਆਂ, ਇਸ ਇੱਕੀਵੀਂ ਸਦੀ ਦੇ ਪੁਲਾੜ ਯੁਗ ਵਿਚ ਦੁਨੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਵਿਚ ਖੋਲ੍ਹ ਰਹੇ ਹਨ। ਬੇਸ਼ਕ ਅੰਤ ਨੂੰ ਹੋਣਾ ਤਾਂ ਉਹੀ ਹੈ ਜਿਹੜਾ ਕਰੇਗਾ ‘ਖਾਲਸਾ ਪੰਥ ਮੀਆਂ’ ਪਰ ਇਸ ਭੇਖੀ ਚਰਚਾ ਦਾ ਜੁਆਬ ਸਾਡੇ ਪੰਥ ਦੇ ਬੁੱਧੀਜੀਵੀਆਂ ਵਲੋਂ ਨਾ ਦਿੱਤੇ ਜਾਣਾ ਕਈ ਵਾਰ ਸਾਡੇ ਲਈ ਬੇਚੈਨੀ ਦਾ ਕਾਰਨ ਬਣ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਗਾਡੀ ਰਾਹ ਨੇ ਲੋਕ ਭਲਾਈ ਲਈ ਜੋ ਪੂਰਨੇ ਪਾ ਕੇ ਦਿੱਤੇ ਹਨ, ਉਨ੍ਹਾਂ ਦੀ ਥਾਂ ਹੋਰ ਹੀ ਭੰਬਲਭੂਸੇ ਅਤੇ ਫੇਲ੍ਹ ਹੋ ਚੁੱਕੇ ਮਾਰਗ ਪੇਸ਼ ਕਰਕੇ ਸਮਾਂ ਨਸ਼ਟ ਕੀਤਾ ਜਾ ਰਿਹਾ ਹੈ। ਪਹਿਲੀ ਗੱਲ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਵੀਰ/ਭੈਣ ਵੀ ਦੁਨੀਆਂ ਦੇ ਸਿਆਣੇ ਅਤੇ ਸੁਲਝੇ ਹੋਏ ਮਹਾਂਪੁਰਖਾਂ ਵਲੋਂ ਪੇਸ਼ ਕੀਤੇ ਅਤੇ ਪਰਖੇ ਹੋਏ ਨਿਰਮਲ ਸਿਧਾਂਤਾਂ ਨੂੰ ਅਪਨਾ ਕੇ ਆਪਣੀ ਜਿੰਦਗੀ ਨੂੰ ਸਫਲਾ ਕਰਨ। ਪਰ ਜੇ ਇਨ੍ਹਾਂ ਨੇ ਅਜਿਹਾ ਨਾ ਕਰਨ ਲਈ ਸਹੁੰ ਹੀ ਖਾ ਲਈ ਹੋਈ ਹੈ ਤਾਂ ਘੱਟੋ ਘੱਟ ਖ਼ਾਲਸਾ ਪੰਥ ਨੂੰ ਤਾਂ ਆਪਣੇ ਰਹਿਬਰਾਂ ਦੇ ਰਾਹ ‘ਤੇ ਚਲ ਲੈਣ ਦੇਣ, ਅੜਿਕੇ ਨਾ ਬਣਨ।
ਖਾਲਸਤਾਨ ਕੋਈ ਹਊਆ ਨਹੀਂ ਹੈ, ਜਿਵੇਂ ਇਹ ਕਾਮਰੇਡ ਵੀਰ ਅਤੇ ਭਾਰਤ ਦੀ ਬਹੁਗਿਣਤੀ ਸਮਝ ਅਤੇ ਪੇਸ਼ ਕਰ ਰਹੀ ਹੈ। ਖਾਲਸਤਾਨ ਤਾਂ ਗੁਰਮਤਿ ਗਾਡੀ ਰਾਹ ਦੀ ਰਾਜ ਪ੍ਰਣਾਲੀ ਹੈ ਅਤੇ ਸਿੱਖ ਗੁਰੂ ਸਾਹਿਬਾਨ ਦੇ ਇਲਾਹੀ ਸਿਧਾਂਤਾਂ ਵਿਚ ਰੰਗੇ ਹੋਏ ਰਾਜ ਦਾ ਮਾਡਲ ਹੈ, ਬੇਗਮਪੁਰਾ ਹੈ ਅਤੇ ਇੱਕ ਹਲੇਮੀ ਰਾਜ ਹੈ। ਸਾਨੂੰ ਪੂਰਾ ਯਕੀਨ ਹੈ ਕਿ ਜਦ ਇਸ ਹਲੇਮੀ ਰਾਜ ਦੇ ਦੁਨੀਆਂ ਨੇ ਚੰਗੀ ਤਰ੍ਹਾਂ ਦਰਸ਼ਨ ਕਰ ਲਏ ਅਤੇ ਸਮਝ ਲਿਆ ਤਾਂ ਸਮੁੱਚੇ ਸੰਸਾਰ ਨੇ ਲੋਕਤੰਤਰ, ਸਾਮਰਾਜਵਾਦ, ਮਾਰਕਸਵਾਦ, ਪੂੰਜੀਵਾਦ, ਸਮਾਜਵਾਦ ਆਦਿ ਨੂੰ ਛੱਡ ਕੇ ਇਸ ਖਾਲਸਤਾਨਵਾਦ ਅਤੇ ਗੁਰਮਤਿਵਾਦ ਨੂੰ ਅਪਨਾ ਲੈਣਾ ਹੈ। ਇਥੇ ਹਰ ਭਾਈ ਲਾਲੋ ਕਿਰਤੀ ਦਾ ਵਾਰਸ਼ ਪਾਤਿਸ਼ਾਹੀ ਭੋਗੇਗਾ। ਇਸ ਦਾ ਆਧਾਰ ਨਾਮ ਜਪਣਾ ਹੋਵੇਗਾ (ਇਸ ਨੂੰ ਕਾਮਰੇਡ ਵੀਰ ਨਹੀਂ ਸਮਝ ਸਕਣਗੇ), ਸੱਚੀ-ਸੁੱਚੀ ਕਿਰਤ ਕਰਨਾ ਹੋਵੇਗਾ ਅਤੇ ਉਸ ਕਿਰਤ ਕਮਾਈ ਨੂੰ ਲੋੜਵੰਦਾਂ ਵਿਚ ਵੰਡ ਕੇ ਛਕਿਆ ਜਾਵੇਗਾ। ਉਸ ਨਾਨਕਸ਼ਾਹੀ ਖਾਲਸਤਾਨ ਦਾ ਨਿਸ਼ਾਨਾ ਸਰਬੱਤ ਦਾ ਭਲਾ ਹੋਵੇਗਾ।
ਬੂਟਾ ਸਿੰਘ ਚੰਗੇ ਹੰਢੇ ਹੋਏ ਲੇਖਕ ਅਤੇ ਕਾਮਰੇਡ ਲੱਗਦੇ ਹਨ ਪਰ ਇਨ੍ਹਾਂ ਨੂੰ ਸਿੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਸਿੱਖ ਨੌਜੁਆਨਾਂ ਦੇ ਘਾਣ ਦੀ ਗੱਲ ਕਰਨੀ ਬਹੁਤ ਬੇਚੈਨ ਕਰਦੀ ਹੈ। ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਹੀ ਕਹਿਦੇ ਰਹੇ ਹਨ ਕਿ ‘ਸਾਰੇ ਮਸਲਿਆਂ ਵਿਚੋਂ ਮਨੁਖੀ ਅਧਿਕਾਰ ਇੱਕ ਛੋਟਾ ਜਿਹਾ ਵਿਸ਼ਾ ਹੈ ਪਰ ਇਸ ਵਿਚੋਂ ਵੀ ਲਾਵਾਰਸ਼ ਲਾਸ਼ਾਂ ਦਾ ਹੋਰ ਵੀ ਛੋਟਾ ਜਿਹਾ ਵਿਸ਼ਾ ਹੈ। ਸਾਨੂੰ ਇਹ ਛੋਟਾ ਜਿਹਾ ਵਿਸ਼ਾ ਦੇ ਦੇਵੋ।’ ਬੂਟਾ ਸਿੰਘ ਜੀ, ਠੀਕ ਹੈ ਕਿ ਭਾਰਤ ਵਿਚ ਜਾਂ ਪੰਜਾਬ ਵਿਚ ਸਾਡੇ ਅੱਗੇ ਹੋਰ ਬਹੁਤ ਉਲਝੇ ਹੋਏ ਵਿਸ਼ੇ ਹਨ, ਸਾਡੇ ਧਿਆਨ ਦੇਣ ਯੋਗ ਜਾਂ ਹਲ ਕਰਨ ਯੋਗ। ਅਗਰ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਸਿਰਫ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਹੀ ਲੈ ਕੇ ਅਗੇ ਆ ਰਹੀਆਂ ਹਨ ਤਾਂ ਇਸ ਵਿਚ ਮਾੜੀ ਅਤੇ ਪ੍ਰੇਸ਼ਾਨ ਹੋਣ ਵਾਲੀ ਕੀ ਗੱਲ ਹੈ? ਫਿਰ ਆਹ ਅਖੌਤੀ ਜਮਹੂਰੀ ਅਧਿਕਾਰ ਸਭਾ ਵਰਗੀਆਂ ਜਥੇਬੰਦੀਆਂ, ਜਿਨ੍ਹਾਂ ਤੋਂ ਤੁਹਾਨੂੰ ਬਹੁਤ ਆਸਾਂ ਹਨ, ਦੀ ਹੁਣ ਤੱਕ ਦੀ ਕਾਰਗੁਜਾਰੀ ਉਪਰ ਚਾਨਣਾ ਤਾਂ ਪਾਓ! ਇਕੱਲੇ ਸਿੱਖਾਂ ਦੀਆਂ ਛੱਡੋ, ਪੰਜਾਬ ਦੀਆਂ ਛੱਡੋ, ਭਾਰਤ ਦੀਆਂ ਕਿਹੜੀਆਂ-ਕਿਹੜੀਆਂ ਲੋਕ ਮੁਸ਼ਕਲਾਂ ਨੂੰ ਦਲੇਰੀ ਨਾਲ ਇਨ੍ਹਾਂ ਨੇ ਹੱਥ ਪਾਇਆ ਹੈ? ਤੁਹਾਡੇ ਕਹਿਣ ਅਨੁਸਾਰ ਜੇ ਸਿੱਖ ਖਾੜਕੂਆਂ ਨੇ ਕਾਮਰੇਡਾਂ ਨੂੰ ਕਰੜੇ ਹੱਥੀਂ ਲਿਆ ਤਾਂ ਤੁਸੀਂ ਆਪ ਹੀ ਦੱਸੋ ਇਨ੍ਹਾਂ ਕਾਮਰੇਡ ਵੀਰਾਂ ਨੇ ਭਾਰਤ ਦੀ ਫਿਰਕੂ ਕੇਂਦਰੀ ਬਹੁਗਿਣਤੀ ਹਿੰਦੂ ਸਰਕਾਰ ਅਤੇ ਪੰਜਾਬ ਪੁਲਿਸ (ਪੈਸੇ ਅਤੇ ਤਰੱਕੀਆਂ ਦੇ ਭੁੱਖੇ, ਸਭ ਨਹੀਂ, ਗੁਲਾਮਾਂ ਦਾ ਟੋਲਾ) ਦੇ ਸੰਦ ਬਣਨ ਤੋਂ ਬਿਨਾ ਇਨ੍ਹਾਂ ਨੇ ਕੀ ਚੰਗਾ ਕੰਮ ਕੀਤਾ ਹੈ? ਤੁਸੀਂ ਬੜੇ ਸਿਆਣੇ ਲਗਦੇ ਹੋ। ਸਿਰਫ ਇੱਕ ਹੀ ਚੰਗਾ ਕੰਮ ਪੰਜਾਬ ਦੇ ਲੋਕਾਂ ਲਈ ਕੀਤਾ ਦੱਸ ਦੇਵੋ। ਸਾਨੂੰ ਤਾਂ ਹੁਣ ਵੀ ਇਸ ਸਭਾ ਤੋਂ ਪੰਜਾਬ ਦੇ ਭਖਦੇ ਮਸਲਿਆਂ ਲਈ ਕੇਂਦਰ ਸਰਕਾਰ ਖਿਲਾਫ ਸਟੈਂਡ ਲੈਣ ਦੀ ਕੋਈ ਆਸ ਨਹੀਂ ਹੈ। ਹਾਂ, ਰਿਣ ਉਤਾਰ ਯਾਤਰਾ ਵਾਂਗੂ ਇਕ ਖ਼ਬਰ ਜਰੂਰ ਬਣ ਗਈ ਹੈ। ਜੋ ਤੁਸੀਂ ਸਿੰਗਾਰ ਕੇ ਅਖਬਾਰਾਂ ਵਿਚ ਲਾ ਦਿੱਤੀ ਹੈ। ਸੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਹ ਮਸਲੇ ਅਤੇ ਉਨ੍ਹਾਂ ਉਪਰ ਆਪਣੀਆਂ ਨੀਤੀਆਂ ਜਾਹਰ ਕਰੋ ਜਿਨ੍ਹਾਂ ‘ਤੇ ਤੁਸੀਂ ਜਾਂ ਤੁਹਾਡਾ ਕਾਮਰੇਡ ਕਾਡਰ ਕੰਮ ਕਰਨਾ ਚਾਹੁੰਦਾ ਹੈ? ਪ੍ਰੈਕਟੀਕਲ ਰੂਪ ਵਿਚ, ਨਾ ਕਿ ਗੱਲੀਂ-ਬਾਤੀਂ।
ਭਾਰਤ ਤੋਂ ਬਾਹਰ ਗਦਰੀ ਬਾਬਿਆਂ ਦੇ ਮੇਲਿਆਂ ਦੇ ਬਹਾਨੇ ਸਿੱਖਾਂ ਨੂੰ ਭਾਰਤ ਦੀ ਝੋਲੀ ‘ਚ ਪਾਉਣ ਦੀਆਂ ਨੀਵੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਹਰ ਰੋਜ਼। ਤੀਆਂ, ਗਿੱਧੇ-ਭੰਗੜੇ ਅਤੇ ਸਭਿਆਚਾਰਕ ਮੇਲਿਆਂ ਦੇ ਬਹਾਨੇ ਗੁਰਮਤਿ ਸਭਿਆਚਾਰ ਪਲੀਤ ਕੀਤਾ ਜਾ ਰਿਹਾ ਹੈ। ਜਿਹੜੇ ਕਾਮਰੇਡ ਧਰਮ ਅਤੇ ਰੱਬ ਵਿਚ ਵਿਸ਼ਵਾਸ ਨਹੀਂ ਰੱਖਦੇ, ਉਹ ਗੁਰਦੁਆਰਿਆਂ ਦੇ ਪ੍ਰਬੰਧਕ ਬਣਨ ਲਈ ਹਰ ਥਾਂ ਤਰਲੋਮੱਛੀ ਹੋ ਰਹੇ ਹਨ।
ਅਸੀਂ ਸਾਰੇ ਜਾਣਦੇ ਹਾਂ ਕਿ 1947 ਵੇਲੇ ਸਿੱਖਾਂ ਨੇ ਹਿੰਦੂ ਲੀਡਰਾਂ ਦੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਉਪਰ ਭਰੋਸਾ ਕਰਕੇ ਭਾਰਤ ਨਾਲ ਆਪਣੀ ਹੋਣੀ ਜੋੜੀ ਸੀ ਅਤੇ ਇਸੇ ਲਈ ਹੀ 93% ਕੁਰਬਾਨੀਆਂ ਵੀ ਦਿੱਤੀਆਂ ਸਨ। ਅੱਗੇ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ 1947 ਮਗਰੋਂ ਭਾਰਤ ਵਿਚ ਸਿੱਖਾਂ ਨਾਲ ਹਰ ਪੱਖੋਂ ਧੋਖਾ ਹੋਇਆ ਅਤੇ ਇਤਿਹਾਸ ਇਹ ਵੀ ਦਸਦਾ ਹੈ ਕਿ ਇਸੇ ਲਈ ਉਸ ਸਮੇਂ ਸਿੱਖ ਆਗੂਆਂ ਨੇ ਭਾਰਤ ਦੇ ਸੰਵਿਧਾਨ ‘ਤੇ ਦਸਤਖਤ ਨਹੀਂ ਸਨ ਕੀਤੇ ਪਰ ਅਫਸੋਸ, ਮਗਰੋਂ ਸਿੱਖ ਆਗੂਆਂ ਨੇ ਆਪਣੇ ਉਸ ਸਟੈਂਡ ਉਪਰ ਪਹਿਰਾ ਨਹੀਂ ਦਿੱਤਾ। ਦਸਤਖਤ ਕਰਨ ਤੋਂ ਇਨਕਾਰ ਵੀ ਕਰ ਦਿੱਤਾ ਅਤੇ ਭਾਰਤ ਦੇ ਕਾਲੇ ਕਾਨੂੰਨਾਂ ਦਾ ਸਾਥ ਵੀ ਦੇਈ ਗਏ। ਅੱਜ ਸਿੱਖਾਂ ਦੀ ਸਾਰੀ ਜਦੋਜਹਿਦ 1947 ਸਮੇਂ ਕੀਤੇ ਵਾਅਦਿਆਂ ਦੁਆਲੇ ਹੀ ਘੁੰਮ ਰਹੀ ਹੈ। ਭਾਵੇਂ ਅਨੰਦਪੁਰ ਸਾਹਿਬ ਦਾ ਮਤਾ ਹੈ, ਭਾਵੇ ਅੰਮ੍ਰਿਤਸਰ ਐਲਾਨਨਾਮਾ ਹੈ, ਭਾਵੇ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦਾ ਉਭਾਰ, ਭਾਵੇਂ ਸਿੱਖ ਖਾੜਕੂਵਾਦ ਅਤੇ ਭਾਵੇ ਖਾਲਸਤਾਨ ਸੀ ਅਤੇ ਹੈ।
ਪੰਜਾਬ ਟਾਈਮਜ਼ ਅੱਜ ਇਸ ਸੋਚ ਦਾ ਅਖਾੜਾ ਬਣ ਚੁੱਕਾ ਹੈ। ਪੰਥ ਦਰਦੀ ਸਿੱਖਾਂ ਦੇ ਸੰਘਰਸ਼ ਨੂੰ ਖੁੰਡਾ ਕਰਨ ਲਈ ਹਰ ਹਫਤੇ ਕੋਈ ਨਾ ਕੋਈ ਭਾਰਤੀ ਪਹਿਲਵਾਨ ਇਸ ਵਿਚ ਨਿੱਤਰਦਾ ਹੈ। ਪੰਥ ਦਰਦੀਆਂ ਦੀਆਂ ਖ਼ਬਰਾਂ ਨੂੰ ਇਹ ਅਗੇ ਪਿਛੇ ਕਰਕੇ ਜਾਂ ਸਮਾਂ ਲੰਘਾ ਕੇ ਲਾਉਂਦਾ ਹੈ ਜਾਂ ਕੱਟ ਵੱਢ ਕਰਕੇ ਲਾਉਂਦਾ ਹੈ। ਪਰ ਆਹ ਭਾਰਤ ਦੇ ਛਿੰਦੇ ਕਾਮਰੇਡਾਂ ਦੇ ਲੇਖ ਅਤੇ ਬਿਆਨ ਇਹ ਬਹੁਤ ਚੰਗੀ ਤਰ੍ਹਾਂ ‘ਸੰਪਾਦਕੀ ਨੋਟ’ ਲਾ ਕੇ ਲਾਉਂਦਾ ਹੈ।
ਸਾਨੂੰ ਇਹ ਇੱਕ ਸੌ ਦਸ ਪ੍ਰਤੀਸ਼ਤ ਯਕੀਨ ਹੈ ਕਿ ਅਖੀਰ ਨੂੰ ਭਾਰਤ ਨੂੰ ਸਿੱਖਾਂ ਨਾਲ ਗੱਲ 1947 ਦੀ ਲਕੀਰ ਤੋਂ ਹੀ ਸੁਰੂ ਕਰਨੀ ਪਵੇਗੀ। ਇਹ ਭਾਵੇਂ ਅੱਜ ਕਰ ਲਵੇ ਭਾਵਂੇ ਹੋਰ 50 ਸਾਲਾਂ ਨੂੰ। ਭਾਵਂੇ ਹੋਰ ਦਸ ਲੱਖ ਸਿੱਖ ਮਾਰ ਕੇ ਕਰ ਲਵੇ। ਰਹੀ ਗੱਲ ਕਾਮਰੇਡਾਂ ਦੀ, ਗੁਰੂ ਨਾਨਕ ਦੇ ਫਲਸਫੇ ਅਗੇ ਇਸ ਫ਼ਲਸਫੇ ਦੀ ਬਹੁਤ ਕਮਜੋਰ ਜਿਹੀ, ਥੱਕੀ ਜਿਹੀ, ਨਿਤਾਣੀ ਜਿਹੀ, ਹੰਭੀ ਜਿਹੀ ਅਤੇ ਮੁਰਦਾ ਜਿਹੀ ਥਾਂ ਹੈ। ਸ਼ ਅਜਮੇਰ ਸਿੰਘ ਅਤੇ ਸ਼ ਰਾਜਵਿੰਦਰ ਸਿੰਘ ਰਾਹੀ ਇਹ ਸਮਝ ਗਏ ਹਨ। ਵੀਰ ਬਰਸਟ, ਬੂਟਾ ਸਿੰਘ, ਅਮੋਲਕ ਸਿੰਘ, ਅਮਰਜੀਤ ਸਿੰਘ ਪਰਾਗ, ਡਾæ ਪ੍ਰੇਮ ਸਿੰਘ, ਅਭੈ ਸਿੰਘ ਅਤੇ ਹੋਰ ਸਾਰੇ ਭਾਰਤ ਦੇ ਪਿਆਰੇ ਅਤੇ ਛਿੰਦੇ ਕਾਮਰੇਡ ਵੀਰ ਆਪਣੀਆਂ ਪੀਲੀਆਂ ਕਲਮਾਂ ਘਸਾ-ਘਸਾ ਕੇ ‘ਓੜਕ ਸੱਚ ਰਹੀ’ ‘ਤੇ ਆ ਕੇ ‘ਸੈਦ ਖਾਨ ਦੀ ਤਲਵਾਰ’ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਰੱਖ ਦੇਣਗੇ। ਇਹ ਸਾਨੂੰ ਪੱਕਾ ਵਿਸ਼ਵਾਸ ਹੈ।
ਲਿਖਣਵਾਲਾ ਤਾਂ ਹੋਰ ਵੀ ਬਹੁਤ ਕੁਝ ਹੈ, ਉਹ ਫਿਰ ਸਹੀ। ਆਪਣੇ ਪੰਥ ਦੀ ਸੇਵਾ ਕਰਦਿਆਂ ਕਿਸੇ ਪੰਥ ਦੋਖੀ ਦਾ ਬੇਚੈਨ ਦਿਲ ਦੁੱਖ ਗਿਆ ਹੋਵੇ ਤਾਂ ਆਪਣਾ ਹਮਦਰਦ ਸਮਝ ਕੇ ਮੁਆਫ਼ ਕਰ ਦੇਣਾ ਜੀ।
-ਕਰਨੈਲ ਸਿੰਘ ਖਾਲਸਾ
ਫੋਨ: 510-557-9168

Be the first to comment

Leave a Reply

Your email address will not be published.