ਗੁਜਰਾਲ ਸਾਹਿਬ ਨੂੰ ਯਾਦ ਕਰਦਿਆਂ

-ਦਲਵਿੰਦਰ ਸਿੰਘ ਅਜਨਾਲਾ
ਫੋਨ: 661-834-9770

ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਬਾਰੇ ਖਾਸ ਗੱਲ ਜੋ ਮੈਂ ਇਥੇ ਦੱਸਣੀ ਚਾਹੁੰਦਾ ਹਾਂ, ਉਹ ਇਹ ਹੈ ਕਿ ਜਲੰਧਰ ਵਿਚ ਜਦੋਂ ਉਹ ਬਤੌਰ ਪ੍ਰਧਾਨ ਮੰਤਰੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਸਟੇਜ ਉਪਰ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵੀ ਬਿਰਾਜਮਾਨ ਸਨ। ਗੁਜਰਾਲ ਸਾਹਿਬ ਨੇ ਇਨ੍ਹਾਂ ਦੋਹਾਂ ਵੱਡੇ ਅਕਾਲੀ ਨੇਤਾਵਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਬਾਦਲ ਸਾਹਿਬ ਅਤੇ ਟੌਹੜਾ ਸਾਹਿਬ ਪੰਜਾਬ ਦੀਆਂ ਜਿੰਨੀਆਂ ਵੀ ਮੰਗਾਂ ਨੇ, ਉਹ ਸਾਰੀਆਂ ਮੇਰੇ ਕੋਲ ਲੈ ਆਉਣ, ਮੈਂ ਮੰਨ ਲਵਾਂਗਾ; ਪਰ ਇਹ ਮੇਰੀ ਸਿਰਫ਼ ਇਕ ਮੰਗ ਮੰਨ ਲੈਣ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਪੜ੍ਹੇ ਲਿਖੇ ਬਣਾ ਦੇਣ, ਘੱਟੋ ਘੱਟ ਇੰਨੇ ਕੁ ਤਾਂ ਜ਼ਰੂਰ ਕਿ ਉਹ ਗੁਰਬਾਣੀ ਆਪ ਪੜ੍ਹ ਸਕਣ।”
ਗੁਜਰਾਲ ਸਾਹਿਬ ਨੇ ਇਹ ਬੜੀ ਵੱਡੀ ਮੰਗ ਰੱਖ ਦਿੱਤੀ। ਗੁਜਰਾਲ ਸਾਹਿਬ ਦੀ ਜੇ ਇਹ ਇਕੋ ਇਕ ਇੱਛਾ ਕਦੇ ਪੂਰੀ ਹੋ ਜਾਵੇ ਤਾਂ ਪੰਜਾਬ ਨੂੰ ਹੋਰ ਕਿਸੇ ਮੰਗ ਦੀ ਲੋੜ ਹੀ ਨਹੀਂ ਰਹਿ ਜਾਂਦੀ। ਪੰਜਾਬ ਤਾਂ ਕੀ, ਸਾਰੇ ਦੇਸ਼  ਦੀਆਂ ਬੁਰਾਈਆਂ ਦਾ ਹੱਲ ਹੀ ਇਹੋ ਹੈ। ਜੇ ਦੇਸ਼ ਦੇ ਲੋਕ ਸਿਆਣੇ, ਪੜ੍ਹੇ ਲਿਖੇ ਅਤੇ ਸੂਝਵਾਨ ਹੋਣ ਤਾਂ ਇਹ ਜੋ ਗੜਦੈਂਤ, ਮਗਰਮੱਛ ਅਤੇ ਫਿਤਨੇ ਮੱਕਾਰ ਲੋਕ ਵਾਰੀ ਵਾਰੀ ਅਤੇ ਵਾਰ ਵਾਰ ਰਾਜ ਗੱਦੀਆਂ ਉਤੇ ਬੈਠ ਕੇ ਦੇਸ਼ ਨੂੰ ਲੁੱਟ ਰਹੇ ਹਨ, ਇਹ ਸਾਰੇ ਜੇਲ੍ਹਾਂ ਵਿਚ ਹੋਣ। ਪੜ੍ਹੇ ਲਿਖੇ ਲੋਕ ਦੋ ਮੁੱਠਾਂ ਆਟਾ ਤੇ ਇਕ ਮੁੱਠ ਦਾਲ ਅਤੇ ਡੋਡੇ, ਭੁੱਕੀ, ਸ਼ਰਾਬ ਤੇ ਚਾਰ ਛਿਲੜ ਨਕਦ ਲੈ ਕੇ ਕਦੇ ਵੋਟ ਨਹੀਂ ਪਾਉਂਦੇ।
ਉਂਜ, ਅਕਲ ਅਤੇ ਇਨਸਾਨੀਅਤ ਤੋਂ ਸੱਖਣੇ ਵੱਡੇ ਵੱਡੇ ਸਰਦਾਰ ਅਤੇ ਅਮੀਰਜ਼ਾਦੇ, ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਜਣਾ ਖਣਾ ਥੱਲਿਉਂ ਉਠ ਕੇ ਉਨ੍ਹਾਂ ਦੇ ਬਰਾਬਰ ਆ ਖੜ੍ਹਾ ਹੋਵੇ। ਕਹਿੰਦੇ ਨੇ ਕਿ ਰਾਜਾਸਾਂਸੀ ਦੇ ਮਾਲਕ ਸਰਦਾਰ ਨੇ ਆਪਣੇ ਜੀਂਦੇ ਜੀਅ ਰਾਜਾਸਾਂਸੀ ਕਸਬੇ ਵਿਚ ਸਕੂਲ ਨਹੀਂ ਸੀ ਖੁੱਲ੍ਹਣ ਦਿੱਤਾ।
ਹੁਣ ਗੁਜਰਾਲ ਸਾਹਿਬ ਦੀ ਦੂਜੀ ਗੱਲ। ਜਦੋਂ ਉਹ 1998 ਵਾਲੀ ਲੋਕ ਸਭਾ ਚੋਣ ਵਿਚ ਜਲੰਧਰ ਹਲਕੇ ਤੋਂ ਅਕਾਲੀ ਦਲ ਦੀ ਹਮਾਇਤ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ ਤਾਂ ਇਕ ਸ਼ਾਮ ਨੂੰ ਜਲੰਧਰ ਵਿਚ ਸਰਗਰਮ ਵਰਕਰਾਂ ਦੀ ਮੀਟਿੰਗ ਵਿਚ ਵਰਕਰਾਂ ਨੇ ਗੁਜਰਾਲ ਸਾਹਿਬ ਨੂੰ ਦੱਸਿਆ ਕਿ ਆਪਣੇ ਰਵਾਇਤੀ ਚੋਣ ਸਭਿਆਚਾਰ ਅਨੁਸਾਰ ਲੋਕ ਸ਼ਰਾਬ ਦੀ ਮੰਗ ਕਰਦੇ ਹਨ; ਜਦੋਂ ਵਿਰੋਧੀ ਪਾਰਟੀ ਵਾਲੇ ਸ਼ਰਾਬ ਅਤੇ ਪੈਸਾ ਵੰਡ ਰਹੇ ਹਨ ਤਾਂ ਸਾਨੂੰ ਵੀ ਇਹ ਕੰਮ ਕਰਨਾ ਪਵੇਗਾ। ਇਸ ਦੇ ਜਵਾਬ ਵਿਚ ਗੁਜਰਾਲ ਸਾਹਿਬ ਨੇ ਕਿਹਾ ਕਿ ਮੈਂ ਨਾ ਤਾਂ ਸ਼ਰਾਬ ਵੰਡਾਂਗਾ ਅਤੇ ਨਾ ਹੀ ਪੈਸਾ; ਲੋਕ ਬੇਸ਼ਕ ਵੋਟ ਪਾਉਣ ਭਾਵੇਂ ਨਾ ਪਾਉਣ। ਮੈਨੂੰ ਸ਼ਰਾਬ ਅਤੇ ਪੈਸੇ ਨਾਲ ਪ੍ਰਾਪਤ ਕੀਤੀ ਜਿੱਤ ਨਹੀਂ ਚਾਹੀਦੀ। ਤੁਸੀਂ ਬੇਸ਼ੱਕ ਮੇਰਾ ਇਹ ਸੁਨੇਹਾ ਵੋਟਰਾਂ ਨੂੰ ਦੇ ਦਿਓ।æææਚੋਣ ਵਿਚ ਖੜ੍ਹਾ ਕੋਈ ਮਾਂ ਦਾ ਲਾਲ ਉਮੀਦਵਾਰ ਇਹੋ ਜਿਹਾ ਘਾਤਕ ਐਲਾਨ ਨਹੀਂ ਕਰ ਸਕਦਾ। ਉਂਜ ਭਾਵੇਂ ਸਥਾਨਕ ਲੀਡਰਾਂ ਨੇ ਆਪਣੇ ਪੱਧਰ ‘ਤੇ ਇਸ ਸਬੰਧੀ ਕੋਈ ਥੋੜ੍ਹਾ ਬਹੁਤਾ ਕਾਰ ਵਿਹਾਰ ਕੀਤਾ ਹੋਵੇ ਪਰ ਗੁਜਰਾਲ ਸਾਹਿਬ ਦਾ ਐਲਾਨ ਪੱਕਾ ਸੀ।
ਗੁਜਰਾਲ ਸਾਹਿਬ ਭਾਰਤ ਦੇ ਪਹਿਲੇ ਪੰਜਾਬੀ ਅਤੇ ਪੰਜਾਬ ਹਿਤੈਸ਼ੀ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ। ਕਹਿੰਦੇ ਨੇ, ਉਨ੍ਹਾਂ ਨੇ ਪੰਜਾਬ ਨੂੰ ਖੁੱਲ੍ਹੇ ਗੱਫੇ ਦਿੱਤੇ। ਉਂਜ ਇਹ ਖੁੱਲ੍ਹੇ ਗੱਫੇ ਕਿਤੇ ਨਜ਼ਰ ਤਾਂ ਆਉਂਦੇ ਨਹੀਂ ਪੰਜਾਬ ਵਿਚ। ਖਾਸ ਖਾਸ ਬੰਦਿਆਂ ਨੂੰ ਭਾਵੇਂ ਇਨ੍ਹਾਂ ਖੁੱਲ੍ਹੇ ਗੱਫਿਆਂ ਦਾ ਫਾਇਦਾ ਹੋਇਆ ਹੋਵੇ ਪਰ ਆਮ ਬੰਦੇ ਉਪਰ ਤਾਂ ਇਨ੍ਹਾਂ ਦਾ ਅਸਰ ਕਿਤੇ ਵੇਖਣ ਵਿਚ ਨਹੀਂ ਆਇਆ। ਗੁਜਰਾਲ ਸਾਹਿਬ ਨੇ ਖਾੜਕੂਵਾਦ ਦੌਰਾਨ ਪੰਜਾਬ ਸਿਰ ਚੜ੍ਹੇ ਵੱਡੇ ਕਰਜ਼ੇ ਨੂੰ ਮੁਆਫ਼ ਕਰਨ ਦਾ ਐਲਾਨ ਕਰ ਕੇ ਪੰਜਾਬ ਨੂੰ ਵੱਡੇ ਆਰਥਿਕ ਸੰਕਟ ਵਿਚੋਂ ਕੱਢਿਆ। ਬਾਅਦ ਵਿਚ ਅੱਜ ਤੱਕ ਵੀ ਇਹੋ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਇਹ ਐਲਾਨ ਸਿਰਫ਼ ਐਲਾਨ ਹੀ ਸੀ। ਮੁਆਫ ਕੁਝ ਨਹੀਂ ਹੋਇਆ, ਐਵੇਂ ਥੋੜ੍ਹਾ ਬਹੁਤਾ ਕਰਜ਼ਾ ਹੀ ਇੱਧਰ ਉਧਰ ਕੀਤਾ ਗਿਆ ਸੀ। ਕੋਈ ਬੰਦਾ ਵੀ ਪੰਜਾਬ ਦੀ ਮੌਜੂਦਾ ਆਰਥਿਕ ਦਿਸ਼ਾ ਅਤੇ ਦਸ਼ਾ ਨੂੰ ਵੇਖ ਕੇ ਇਹ ਨਹੀਂ ਆਖ ਸਕਦਾ ਕਿ ਪੰਜਾਬ ਆਰਥਿਕ ਸੰਕਟ ਵਿਚੋਂ ਨਿਕਲ ਕੇ ਖੁਸ਼ਹਾਲੀ ਦੇ ਰਾਹ ਪੈ ਗਿਆ ਹੈ। ਹਾਂ, ਇਹ ਜ਼ਰੂਰ ਵੇਖਣ ਵਿਚ ਆਉਂਦਾ ਹੈ ਕਿ ਗੁਜਰਾਲ ਸਾਹਿਬ ਨੇ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕਰਨ ਲਈ ਸਰਕਾਰੀ ਪੈਸੇ ਨਾਲ ਜਲੰਧਰ ਲਾਗੇ ‘ਪੁਸ਼ਪਾ ਗੁਜਰਾਲ ਸਾਇੰਸ ਸਿਟੀ’ ਸਥਾਪਤ ਕੀਤਾ ਹੈ। ਚਲੋ, ਇਹ ਉਨ੍ਹਾਂ ਦਾ ਹੱਕ ਸੀ, ਇਹਦੇ ਉਪਰ ਕਿੰਤੂ-ਪ੍ਰੰਤੂ ਕਾਹਦਾ! ਆਮ ਆਦਮੀ ਨੂੰ ਤਾਂ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਵੀ ਕੋਈ ਫਰਕ ਪੈ ਹੀ ਨਹੀਂ ਸਕਦਾ। ਬਸ, ਇਹੀ ਤਾਂ ਸਿਆਸੀ ਟਰਿਕ ਹੈ!
ਜੇ ਪੰਜਾਬ ਦਾ, ਪੰਜਾਬੀ ਪ੍ਰਧਾਨ ਮੰਤਰੀ ਪੰਜਾਬ ਦੀਆਂ ਮੰਗਾਂ ਨਹੀਂ ਮੰਨੇਗਾ ਤਾਂ ਦੂਜੇ ਗੈਰ-ਪੰਜਾਬੀ ਪ੍ਰਧਾਨ ਮੰਤਰੀ ਨੇ ਪੰਜਾਬ ਤੋਂ ਕੀ ਲੈਣੈ? ਪਰ ਜੇ ਵੇਖਿਆ ਜਾਵੇ ਤਾਂ ਪੰਜਾਬ ਦੀ ਮੰਗ ਹੈ ਵੀ ਕੋਈ ਨਹੀਂ। ਪੰਜਾਬ ਦੇ ਆਮ ਲੋਕਾਂ ਦੀ ਮੰਗ ਹੈ ਲੁੱਟ ਕੁੱਟ ਅਤੇ ਗੋਲੀ!!æææਤੇ ਇਹ ਮੰਗ ਉਨ੍ਹਾਂ ਦੀ ਪੂਰੀ ਹੋਈ ਜਾ ਰਹੀ ਹੈ। ਇਸੇ ਲਈ ਲੋਕ ਚੁੱਪ ਹਨ। ਪੰਜਾਬ ਦੇ ਦਰਦੀ ਚੌਧਰੀਆਂ, ਠੇਕੇਦਾਰਾਂ ਅਤੇ ਵਾਲੀਵਾਰਸਾਂ ਦੀ ਇਕੋ ਇਕ ਨਿੱਜੀ ਮੰਗ ਹੈ ਜਿਸ ਨੂੰ ਉਹ ਪੰਜਾਬ ਦੀਆਂ ਮੰਗਾਂ ਦੇ ਉਹਲੇ ਵਿਚ ਪੂਰੀ ਕਰਨੀ ਚਾਹੁੰਦੇ ਹਨ। ਜਦੋਂ ਉਨ੍ਹਾਂ ਦੀ ਇਸ ਮੰਗ ਦੀ ਪੂਰਤੀ ਹੋ ਜਾਂਦੀ ਹੈ ਤਾਂ ਉਹ ਪੰਜਾਬ ਦੀਆਂ ਮੰਗਾਂ ਵਾਲਾ ਝੁਰਲੂ ਆਪਣੇ ਬਸਤੇ ਵਿਚ ਬੰਦ ਕਰ ਲੈਂਦੇ ਹਨ। ਲੋੜ ਅਨੁਸਾਰ ਸਮੇਂ ਸਮੇਂ ਤੇ ਪੰਜਾਬ ਦੀਆਂ ਮੰਗਾਂ ਵਾਲਾ ਡਮਰੂ ਵਜਾਉਣ ਤੋਂ ਉਹ ਕਦੇ ਨਹੀਂ ਉਕਦੇ। ਅੰਮ੍ਰਿਤਸਰ ਵਿਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਟੇਜ ਉਤੇ ਬੈਠੇ ਬਾਦਲ ਬਾਪ ਬੇਟੇ ਨੂੰ ਮੁਖਾਤਿਬ ਹੁੰਦਿਆਂ ਇਹ ਆਖਿਆ ਕਿ ਮੈਨੂੰ ਪੰਜਾਬ ਦੀਆਂ ਮੰਗਾਂ ਬਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਮੈਂ ਤੁਹਾਨੂੰ (ਲੋਕਾਂ ਨੂੰ) ਦੱਸ ਦਿਆਂ ਕਿ ਆਹ ਬਾਦਲ ਸਾਹਿਬ ਬੈਠੇ ਹਨ, ਇਹ ਜਦੋਂ ਵੀ ਮੇਰੇ ਕੋਲ ਕੋਈ ਨਿੱਜੀ ਮੰਗ ਲੈ ਕੇ ਆਉਂਦੇ ਹਨ, ਮੈਂ ਉਸੇ ਵੇਲੇ ਪੂਰੀ ਕਰ ਦਿੰਦਾ ਹਾਂ ਪਰ ਪੰਜਾਬ ਦੀਆਂ ਮੰਗਾਂ ਤਾਂ ਇਨ੍ਹਾਂ ਨੇ ਮੇਰੇ ਤੋਂ ਕਦੇ ਮੰਗੀਆਂ ਹੀ ਨਹੀਂ। ਇਹ ਬਿਆਨ ਅਖ਼ਬਾਰਾਂ ਵਿਚ ਵੀ ਛਪਿਆ ਸੀ। ਕਾਂਗਰਸ ਵਾਲਿਆਂ ਦੀ ਤਾਂ ਭਲਾ ਪੰਜਾਬ ਬਾਰੇ ਮੰਗ ਹੀ ਕੋਈ ਨਹੀਂ।
ਗੁਜਰਾਲ ਸਾਹਿਬ ਵੀ ਭਾਰਤ ਵਾਸੀਆਂ ਨੂੰ ਉਸੇ ਤਰ੍ਹਾਂ ਵਿਦਵਾਨ ਲੇਖਕ ਤੇ ਇਮਾਨਦਾਰ ਪ੍ਰਧਾਨ ਮੰਤਰੀ ਅਤੇ ‘ਗੁਜਰਾਲ ਡਾਕਟਰੀਨ’ ਕਰ ਕੇ ਹਮੇਸ਼ਾ ਯਾਦ ਰਹਿਣਗੇ ਜਿਸ ਤਰ੍ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਚਾਚਾ ਅਤੇ ਸ਼ਾਂਤੀ ਦੇ ਪੁੰਜ ਕਰ ਕੇ, ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜਵਾਨਾਂ ਅਤੇ ਕਿਸਾਨਾਂ ਦੇ ਮਸੀਹਾ ਕਰ ਕੇ, ਇੰਦਰਾ ਗਾਂਧੀ ਦੁਰਗਾ ਤੇ ‘ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ’ ਕਰ ਕੇ, ਰਾਜੀਵ ਗਾਂਧੀ ਮਿਸਟਰ ਕਲੀਨ, ਵੀæਪੀæ ਸਿੰਘ ਦਲਿਤਾਂ ਦੇ ਮਸੀਹਾ ਅਤੇ ਸ਼ ਮਨਮੋਹਨ ਸਿੰਘ ਅਤਿ ਇਮਾਨਦਾਰੀ ਪ੍ਰਧਾਨ ਮੰਤਰੀ ਕਰ ਕੇ ਜਾਣੇ ਜਾਂਦੇ ਹਨ। ਇਨ੍ਹਾਂ ਤੋਂ ਪਹਿਲਾਂ ਵੀ ਅਸ਼ੋਕ ‘ਦੀ ਗਰੇਟ’, ਅਕਬਰ ‘ਦੀ ਗਰੇਟ’, ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਆਦਿ ਵੱਡੇ ਵੱਡੇ ਲਕਬਾਂ ਨਾਲ ਯਾਦ ਕੀਤੇ ਜਾਂਦੇ ਹਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂ ਨਾਲ ਵੀ ਅਮਨ ਦਾ ਮਸੀਹਾ, ਸ਼ੇਰ-ਏ-ਪੰਜਾਬ ਅਤੇ ਭਗਵਾਨ ਕ੍ਰਿਸ਼ਨ ਵਰਗੇ ਖਿਤਾਬ ਜੋੜੇ ਜਾਂਦੇ ਸਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਬਜ਼ੁਰਗ, ਦਰਵੇਸ਼ ਸਿਆਸਤਦਾਨ ਤੇ ਸ਼ੇਰ-ਏ-ਪੰਜਾਬ, ਤੇ ਫਖਰ-ਏ-ਕੌਮ ਵਰਗੇ ਰੁਤਬੇ ਮਿਲ ਚੁੱਕੇ ਹਨ; ਤੇ ਉਨ੍ਹਾਂ ਦੇ ਬੇਟੇ ਸੁਖਬੀਰ ਨੂੰ ਕੌਮ ਦਾ ਭਵਿੱਖ ਅਤੇ ਰਾਹੁਲ ਗਾਂਧੀ ਨੂੰ ਭਾਰਤ ਦੇ ਭਵਿੱਖ ਵਜੋਂ ਜਾਣਿਆ ਜਾਣ ਲੱਗਾ ਹੈ। ਥੋੜ੍ਹੀ ਬਹੁਤੀ ਸੋਚ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਇਹ ਖ਼ਿਤਾਬ ਅਜਿਹੇ ਬੰਿਦਆਂ ਨੂੰ ਕਿਵੇਂ ਮਿਲਦੇ ਹਨ। ਇਹ ਕਿੰਨੇ ਕੁ ਸੱਚੇ ਜਾਂ ਝੂਠੇ, ਜਾਇਜ਼ ਜਾਂ ਨਾਜਾਇਜ਼ ਹਨ ਅਤੇ ਇਨ੍ਹਾਂ ਦੇ ਕੀ ਅਰਥ ਹਨ?

Be the first to comment

Leave a Reply

Your email address will not be published.