ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਆਪਣੀ ਪਤਨੀ ਤੇ ਪਰਿਵਾਰ ਹੋਣ ਦੇ ਬਾਵਜੂਦ ਸ਼ਰ੍ਹੇਆਮ ਭਰੇ ਬਜ਼ਾਰਾਂ ਵਿਚ ਕੁੜੀਆਂ ਛੇੜਦਾ ਸੀ। ਉਸ ਦੀ ਬੇਸ਼ਰਮੀ ਦਾ ਅੰਤ ਉਸ ਦਿਨ ਹੋਇਆ ਜਦ ਏæਆਈæਐਸ਼ ਰਵਿੰਦਰਪਾਲ ਸਿੰਘ ਆਪਣੀ ਬੇਟੀ ਨੂੰ ਰੋਜ਼ ਦੀ ਤਕਲੀਫ ਤੋਂ ਬਚਾਉਣ ਲਈ ਰਾਣੇ ਸਾਹਮਣੇ ਆ ਖੜ੍ਹਾ ਹੋਇਆ। ਰਾਣੇ ਨੇ ਧੀ ਦੀ ਇੱਜ਼ਤ ਆਬਰੂ ਬਚਾਉਣ ਆਏ ਪਿਤਾ ਨੂੰ ਚਿੱਟੇ ਦਿਨ ਲੋਕਾਂ ਦੀ ਭੀੜ ਵਿਚ ਗੋਲੀਆਂ ਨਾਲ ਵਿੰਨ੍ਹ ਦਿੱਤਾ। ਹੁਣ ਜਿਵੇਂ ਜਿਵੇਂ ਦਿਨ ਲੰਘਦੇ ਜਾਣਗੇ, ਉਵੇਂ ਉਵੇਂ ਅਕਾਲੀ ਸਰਕਾਰ ਦੇ ਕਾਲੇ ਕਾਰਨਾਮੇ ਲੋਕਾਂ ਦੇ ਸਾਹਮਣੇ ਤੁਰੇ ਆਉਣਗੇ। ਖਬਰਾਂ ਮੁਤਾਬਕ ਰਾਣਾ ਸਿਰਫ ਅਕਾਲੀ ਦਲ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਹੀ ਨਹੀਂ ਸੀ, ਉਹ ਮਜੀਠੀਆ ਬ੍ਰਿਗੇਡ ਦਾ ਸਿਪਾਹ ਸਲਾਰ ਵੀ ਸੀ। ਇਹ ਗੁੰਡਾ ਗੈਂਗ ਮਜੀਠੀਆ ਬ੍ਰਿਗੇਡ ਅਤੇ ਸੁਖੀ ਬ੍ਰਿਗੇਡ ਦੇ ਨਾਵਾਂ ਥੱਲੇ ਪੂਰੀ ਸ਼ਾਨੋ ਸ਼ੌਕਤ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ਬ੍ਰਿਗੇਡਾਂ ਵਿਚ ਸ਼ਾਮਿਲ ਮੁੰਡਿਆਂ ਨੂੰ ਮਜੀਠੀਆ ਅਤੇ ਹੋਰ ਬਹੁਤ ਸਾਰੇ ਵੱਡੇ ਮੰਤਰੀਆਂ ਦਾ ਥਾਪੜਾ ਹੈ।
ਇਸ ਘਟਨਾ ਤੋਂ ਚਾਰ ਦਿਨ ਬਾਅਦ ਬਾਦਲ ਸਾਹਿਬ ਆਪਣਾ ਛਿਆਸੀਵਾਂ ਜਨਮ ਦਿਲ ਮਨਾ ਕੇ, ਕਬੱਡੀ ਮੈਚ ਵਿਚ ਡਾਂਸ-ਵਾਂਸ ਦੇਖ ਕੇ, ਮਾਰੇ ਗਏ ਪੁਲਿਸ ਅਫਸਰ ਦੇ ਘਰ ਦੁਖ ਵੰਡਾਉਣ ਲਈ ਪਹੁੰਚ ਗਏ। ਪਰਿਵਾਰ ਨਾਲ ਹਮਦਰਦੀ ਜਤਾ ਕੇ ਨਾਲ ਹੀ ਬਿਆਨ ਦਾਗ ਦਿੱਤਾ ਕਿ ਖਬਰਦਾਰ! ਪੰਜਾਬ ਦੀਆਂ ਸਿਆਸੀ ਪਾਰਟੀਆਂ ਜਾਂ ਕੋਈ ਹੋਰ ਇਸ ਕੇਸ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰਨ; ਨਹੀਂ ਤਾਂ ਸਿੱਟੇ ਮਾੜੇ ਨਿਕਲਣਗੇ। ਨਾਲ ਹੀ ਮਜੀਠੀਆ ਬ੍ਰਿਗੇਡ ਦੇ ਮਾਲਕ ਅਤੇ ਪੰਜਾਬ ਦੀ ਅਕਾਲੀ ਸਰਕਾਰ ਦੇ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਨੇ ਵੀ ਐਲਾਨ ਕਰ ਦਿੱਤਾ ਕਿ ਰਾਣਾ ਅਕਾਲੀ ਦਲ ਦਾ ਕੋਈ ਬਹੁਤਾ ਪੁਰਾਣਾ ਮੈਂਬਰ ਨਹੀਂ, ਇਹਨੂੰ ਤਾਂ ਅਸੀਂ ਇਲੈਕਸ਼ਨਾਂ ਵਿਚ ਹੀ ਕੇਸਰੀ ਸਿਰੋਪਾਓ ਉਹਦੇ ਗਲ ਵਿਚ ਪਾ ਕੇ ਜਨਰਲ ਸਕੱਤਰ ਬਣਾਇਆ ਸੀ, ਇਹ ਬੰਦਾ ਕਾਂਗਰਸ ਦਾ ਹੈ ਅਤੇ ਜੇ ਉਹ ਸਾਡੇ ਨਾਅਰੇ ਲਾਉਂਦਾ ਰਿਹਾ ਹੈ ਤਾਂ ਇਹ ਸਾਰੀ ਕਾਰਗੁਜ਼ਾਰੀ ਕਾਂਗਰਸ ਪਾਰਟੀ ਦੀ ਹੈ।
ਵਾਹ ਜੀ ਵਾਹ! ਮਜੀਠੀਆ ਸਾਹਿਬ ਜੀਓ!! ਸਰਕਾਰ ਦੇ ਮਾੜੇ ਕਰਮ ਇਉਂ ਨਹੀਂ ਲੁਕਣੇ। ਜ਼ਰਾ ਆਪਣੇ ਕੰਮਾਂ ਵੱਲ ਝਾਤ ਪਾਉ ਜਿਨ੍ਹਾਂ ਬਾਰੇ ਲੋਕ ਭਲੀ-ਭਾਂਤ ਜਾਣਦੇ ਹਨ। ਜ਼ਰਾ ਦੱਸਿਓ, ਗੁਰੂ ਘਰਾਂ ਦੀਆਂ ਗੋਲਕਾਂ ਦੇ ਮਾਲਕ ਕੌਣ ਨੇ? ਤੁਸੀਂ!æææਰੋਜ਼ ਪੈਸੇ ਦੇ ਕੇ ਬੰਦੇ ਕੌਣ ਖਰੀਦਦਾ ਹੈ? ਤੁਸੀਂ!!æææਕਾਂਗਰਸੀਆਂ ਦਾ ਨਾਮ ਲੈ ਕੇ ਲੋਕਾਂ ਦੇ ਗਲਾਂ ਵਿਚ ਕੇਸਰੀ ਸਿਰੋਪਾਓ ਪਾ ਕੇ ਅਕਾਲੀ ਦਲ ਦੇ ਮੈਂਬਰ ਬਣਾਉਣ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਕਿਨ੍ਹਾਂ ਦੀਆਂ ਛਪਦੀਆਂ ਹਨ? ਤੁਹਾਡੀਆਂ!!!æææਆਏ ਦਿਨ ਹਰ ਸ਼ਹਿਰ ਤੇ ਪਿੰਡ ਵਿਚ ਗਰੀਬਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਦੀਆਂ ਧੱਜੀਆਂ ਕੌਣ ਉਡਾ ਰਹੇ ਹਨ!!!! ਹੁਕਮਰਾਨ।æææਪਰ ਤੁਹਾਡੇ ਕੰਨ ਦੇ ਨੇੜੇ ਕਿਤੇ ਜੂੰ ਨਹੀਂ ਸਰਕਦੀ। ਯਾਦ ਕਰੋ, ਤੁਹਾਡੇ ਰਾਜ ਵਿਚ ਹਲਕਾ ਆਦਮਪੁਰ ਤੋਂ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਸਕੇ ਭਤੀਜੇ ਨੇ ਜਲੰਧਰ ਸ਼ਹਿਰ ਦੇ ਸੇਖੋਂ ਗਰੈਂਡ ਹੋਟਲ ਦੇ ਮਾਲਕ ਗੁਰਕੀਰਤ ਸੇਖੋਂ ਨੂੰ ਭਰੇ ਬਜ਼ਾਰ ਮਾਰ ਮੁਕਾਇਆ ਸੀ, ਤੇ ਪੁਲਿਸ ਕਿਸੇ ਅਕਾਲੀ ਨੂੰ ਹੱਥ ਪਾਉਣ ਲਈ ਤਿਆਰ ਨਹੀਂ ਸੀ। ਅਕਾਲੀ ਦਲ ਦੇ ਚਹੇਤੇ ਨਿਸ਼ਾਨ ਸਿੰਘ ਨੇ ਫਰੀਦਕੋਟ ਵਿਚ ਜੋ ਚੰਨ ਚਾੜ੍ਹੇ, ਉਸ ਕੇਸ ਵਿਚ ਅਕਾਲੀ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਕਰਤੂਤਾਂ ਜੱਗ ਜ਼ਾਹਿਰ ਹੋ ਗਈਆਂ ਹਨ।
ਹੁਣ ਸਭ ਦੇ ਸਾਹਮਣੇ ਹੈ ਕਿ ਜਦ ਪੁਲਿਸ ਰਣਜੀਤ ਰਾਣੇ ਨੂੰ ਫੜਨ ਗਈ ਤਾਂ ਰਾਣੇ ਨੇ ਪੁਲਿਸ ਦਾ ਗੋਲੀਆਂ ਨਾਲ ਮੁਕਾਬਲਾ ਕੀਤਾ ਅਤੇ ਹੁਣ ਉਹ ਹਸਪਤਾਲ ਵਿਚ ਸਣੇ ਸਾਥੀਆਂ ਦੇ, ਮੌਜਾਂ ਕਰ ਰਿਹਾ ਹੈ ਤੇ ਨਿਰਦੋਸ਼ ਹੋਣ ਦੀ ਦੁਹਾਈ ਪਾ ਰਿਹਾ ਹੈ। ਵੇਖਣਾ, ਇਸ ਕਾਤਲ ਦਾ ਵਾਲ ਵੀ ਵਿੰਗਾ ਨਹੀਂ ਜੇ ਹੋਣਾ! ਉਹ ਭਾਵੇਂ ਹਸਪਤਾਲ ਰਹੇ ਤੇ ਭਾਵੇਂ ਜੇਲ੍ਹ ਵਿਚ; ਉਹਨੇ ਹਰ ਥਾਂ ਐਸ਼ ਹੀ ਕਰਨੀ ਹੈ।æææਪੰਜਾਬੀਓ! ਇਹ ਹੈ ਅਕਾਲੀਆਂ ਦਾ ਰਾਜ।
æææਹੁਣੇ ਖਬਰ ਪੜ੍ਹੀ ਹੈ ਜੋ ਮੱਧ ਪ੍ਰਦੇਸ਼ ਦੇ ਇਕ ਪਰਿਵਾਰ ਨਾਲ ਸਬੰਧਤ ਹੈ। ਚੌਵੀ ਸਾਲਾਂ ਦੇ ਇਕ ਚਾਚੇ ਨੇ ਆਪਣੀ ਚਾਰ ਸਾਲਾ ਸਕੀ ਭਤੀਜੀ ਨਾਲ ਪਹਿਲਾਂ ਮੂੰਹ ਕਾਲਾ ਕੀਤਾ ਤੇ ਫਿਰ ਉਹਨੂੰ ਮਾਰ ਦਿੱਤਾ। ਮੱਧ ਪ੍ਰਦੇਸ਼ ਦੀ ਸਰਕਾਰ ਨੇ ਉਸ ਨੂੰ ਸਿਰਫ ਪੈਂਤੀ ਦਿਨਾਂ ਵਿਚ ਫਾਂਸੀ ਦੀ ਸਜ਼ਾ ਦਿਵਾ ਕੇ ਉਸ ਪਰਿਵਾਰ ਨੂੰ ਨਿਆਂ ਦਿੱਤਾ ਹੈ। ਇਹ ਕੇਸ ਹਰ ਸਰਕਾਰ ਲਈ ਮਿਸਾਲ ਬਣਨਾ ਚਾਹੀਦਾ ਹੈ,
ਰੱਬਾ ਕਿੰਜ ਜੀਵਣ ਇਹ ਧੀਆਂ
ਕਿਸ ਪਾਸੇ ਨੂੰ ਜਾਵਣ ਧੀਆਂ।
ਬਾਬਲ ਦੀਆਂ ਲਾਸ਼ਾਂ ‘ਤੇ ਰੋਣ
ਜਾਂ ਆਪਣਾ ਆਪ ਬਚਾਵਣ ਧੀਆਂ।
ਰੋਬਨਜੀਤ, ਸ਼ਰੂਤੀ ਵਰਗੀਆਂ
ਲੱਖਾਂ ਹੀ ਮਜਬੂਰ ਬੇਟੀਆਂ
ਪੁੱਛ ‘ਸੁਰਜੀਤ’ ਸਮਾਜ ਦੇ ਕੋਲੋਂ
ਜੀਵਣ ਜਾਂ ਮਰ ਜਾਵਣ ਧੀਆਂ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
Leave a Reply