ਹੈਲਨ ਨੇ ਆਪਣਾ ਫ਼ਿਲਮੀ ਕਰੀਅਰ ਫ਼ਿਲਮ ‘ਹੂਰ-ਏ-ਅਰਬ’ ਨਾਲ ਸ਼ੁਰੂ ਕੀਤਾ ਸੀ। ਇਸ ਫ਼ਿਲਮ ਦੇ ਨਿਰਮਾਤਾ ਪੀæਐਨæ ਅਰੋੜਾ ਸਨ ਜੋ ਬਾਅਦ ਵਿਚ ਹੈਲਨ ਦੇ ਸਭ ਕੁਝ ਬਣ ਗਏ। ਹੈਲਨ ਨੇ ਜਦੋਂ ਪਹਿਲੀ ਫ਼ਿਲਮ ਸਾਈਨ ਕੀਤੀ ਤਾਂ ਉਹ ਸਿਰਫ ਪੰਦਰਾਂ ਸਾਲਾਂ ਦੀ ਸੀ। ਹੈਲਨ ਆਪਣੇ ਪਰਿਵਾਰ ਨਾਲ ਬਰਮਾ ਤੋਂ ਸ਼ਰਨਾਰਥੀ ਦੇ ਰੂਪ ਵਿਚ ਭਾਰਤ ਆਈ ਸੀ ਤੇ ਮੁੰਬਈ ਵਿਚ ਆਪਣੇ ਤਿੰਨ ਭੈਣ-ਭਰਾਵਾਂ ਤੇ ਮਾਤਾ-ਪਿਤਾ ਨਾਲ ਰੋਜ਼ੀ-ਰੋਟੀ ਦੀ ਭਾਲ ਵਿਚ ਸੀ। ਉਹ ਇਕ ਪਤਲੀ ਤੇ ਆਕਰਸ਼ਕ ਮੁਟਿਆਰ ਸੀ ਜਿਸ ਨੂੰ ਹਿੰਦੀ ਬਿਲਕੁਲ ਨਹੀਂ ਆਉਂਦੀ ਸੀ ਤੇ ਅੰਗਰੇਜ਼ੀ ਵੀ ਟੁੱਟੀ-ਫੁੱਟੀ ਬੋਲਦੀ ਸੀ। ਹੌਲੀ-ਹੌਲੀ ਸਮੇਂ ਦੇ ਨਾਲ ਹੈਲਨ ਇਕ ਮਾਹਿਰ ਤੇ ਬੇਜੋੜ ਨ੍ਰਤਕੀ ਦੇ ਰੂਪ ਵਿਚ ਸਫਲਤਾ ਪ੍ਰਾਪਤ ਕਰਦੀ ਗਈ।
ਨਿਰਮਾਤਾ ਪੀæਐਨæ ਅਰੋੜਾ ਨਾਲ ਹੈਲਨ ਦਾ ਖਾਸ ਕਾਂਟਰੈਕਟ ਸੀ ਤੇ ਅਰੋੜਾ ਦੀ ਇਜਾਜ਼ਤ ਤੋਂ ਬਿਨਾਂ ਹੋਰ ਫ਼ਿਲਮਾਂ ਵਿਚ ਕੰਮ ਨਹੀਂ ਕਰ ਸਕਦੀ ਸੀ। ਆਪਣੇ ਤੋਂ ਦੁੱਗਣੀ ਉਮਰ ਤੋਂ ਵੀ ਵੱਡੇ ਅਰੋੜਾ ਨੂੰ ਹੈਲਨ ਨੇ ਇਕ ਦਿਨ ਆਪਣਾ ਪਤੀ ਮੰਨ ਲਿਆ ਜਦਕਿ ਪੀæਐਨæ ਅਰੋੜਾ ਵਿਆਹੇ ਹੋਏ ਹੀ ਨਹੀਂ ਸਗੋਂ ਤਿੰਨ ਬੱਚਿਆਂ ਦੇ ਪਿਤਾ ਵੀ ਸਨ। 18 ਸਾਲਾਂ ਤੱਕ ਹੈਲਨ ਪੀæਐਨæ ਅਰੋੜਾ ਨਾਲ ਬਿਨਾਂ ਵਿਆਹ ਦੇ ਹੀ ਇਕ ਪਤਨੀ ਦੇ ਰੂਪ ਵਿਚ ਰਹਿੰਦੀ ਰਹੀ।
ਅਚਾਨਕ ਇਕ ਦਿਨ ਪਤਾ ਲੱਗਾ ਕਿ ਹੈਲਨ ਨੇ ਪੀæਐਨæ ਅਰੋੜਾ ਨੂੰ ਛੱਡ ਦਿੱਤਾ ਹੈ ਤੇ ਉਨ੍ਹਾਂ ਨਾਲ ਆਪਣੇ ਸਾਰੇ ਸਬੰਧ ਖਤਮ ਕਰ ਲਏ ਹਨ। ਸਬੰਧ ਖਤਮ ਕਰਨ ਵੇਲੇ ਹੈਲਨ ਨੇ ਆਪਣੀ ਇਕ ਸਹੇਲੀ ਨੂਰਜਹਾਂ ਦੇ ਘਰ ਵਿਚ ਪਨਾਹ ਲਈ ਤੇ ਪ੍ਰੈੱਸ ਨੂੰ ਦੱਸਿਆ ਕਿ ਨਿਰਮਾਤਾ ਪੀæਐਨæ ਅਰੋੜਾ ਨੇ 18 ਸਾਲਾਂ ਤੱਕ ਉਸ ਨੂੰ ਸੋਨੇ ਦੀ ਚਿੜੀ ਸਮਝ ਕੇ ਆਪਣੇ ਪਿੰਜਰੇ ਵਿਚ ਕੈਦ ਰੱਖਿਆ ਸੀ। ਇਸ ਕੈਦ ਕਾਰਨ ਹੀ ਹੈਲਨ ਨੂੰ ਪੀæਐਨæ ਅਰੋੜਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਕਿਸੇ ਨਾਲ ਵੀ ਮਿਲਣ ਦੀ ਇਜਾਜ਼ਤ ਨਹੀਂ ਸੀ। ਇਹੀ ਕਾਰਨ ਸੀ ਕਿ ਮੰਨੀ-ਪ੍ਰਮੰਨੀ ਨ੍ਰਤਕੀ ਤੇ ਅਦਾਕਾਰਾ ਹੋਣ ਦੇ ਬਾਵਜੂਦ ਹੈਲਨ ਦਾ ਕੋਈ ਫ਼ਿਲਮੀ ਦੋਸਤ ਨਹੀਂ ਸੀ। ਉਸ ਨੂੰ ਸ਼ੂਟਿੰਗ ‘ਤੇ ਵੀ ਸਾਥੀ ਕਲਾਕਾਰਾਂ ਤੇ ਤਕਨੀਸ਼ੀਅਨਾਂ ਨਾਲ ਮਿਲਣ ਤੇ ਗੱਲਬਾਤ ਕਰਨ ਦੀ ਮਨਾਹੀ ਸੀ। ਕਿਹਾ ਜਾਂਦਾ ਹੈ ਕਿ ‘ਸ਼ੋਅਲੇ’ ਦੇ ਡਾਂਸ ‘ਮਹਿਬੂਬਾ-ਮਹਿਬੂਬਾ’ ਤੋਂ ਬਾਅਦ ਹੈਲਨ ਲੇਖਕ ਸਲੀਮ ਦੇ ਨੇੜੇ ਆਉਣ ਲੱਗੀ ਸੀ ਤੇ ਪ੍ਰੈੱਸ ਵਿਚ ਦੋਹਾਂ ਬਾਰੇ ਖੂਬ ਅਫਵਾਹਾਂ ਵੀ ਸੁਣੀਆਂ ਜਾ ਰਹੀਆਂ ਸਨ। ਕੋਰਸ ਡਾਂਸਰ ਦੇ ਰੂਪ ਵਿਚ ਸੰਘਰਸ਼ ਕਰਦਿਆਂ ਹੈਲਨ ਆਪਣੇ ਮਾਤਾ-ਪਿਤਾ ਤੇ ਭਰਾ-ਭੈਣਾਂ ਨਾਲ ਟੁੱਟੇ-ਫੁੱਟੇ ਮੋਟਰ ਗੈਰਾਜ ਵਿਚ ਰਹਿੰਦੀ ਸੀ। ਪੀæਐਨæ ਅਰੋੜਾ ਤੋਂ ਵੱਖ ਹੋਣ ਪਿੱਛੋਂ ਹੈਲਨ ਨੇ ਲੇਖਕ ਸਲੀਮ ਖਾਨ ਨਾਲ ਵਿਆਹ ਕਰ ਲਿਆ ਤੇ ਸਲੀਮ ਦੀ ਦੂਜੀ ਪਤਨੀ ਬਣ ਗਈ। ਅੱਜ ਵੀ ਹੈਲਨ ਇਸੇ ਦੂਜੀ ਪਤਨੀ ਦੇ ਰੂਪ ਵਿਚ ਸਲੀਮ ਦੇ ਨਾਲ ਰਹਿ ਰਹੀ ਹੈ। ਇਹ ਵੀ ਹੈਲਨ ਦੇ ਜੀਵਨ ਦੀ ਇਕ ਟ੍ਰੈਜਡੀ ਹੀ ਸੀ ਕਿ ਉਹ ਚਾਹ ਕੇ ਵੀ ਕਦੇ ਮਾਂ ਨਹੀਂ ਬਣ ਸਕੀ ਕਿਉਂਕਿ ਹੈਲਨ ਦਾ ਅਦਾਕਾਰੀ ਦਾ ਕਰੀਅਰ ਉਸ ਲਈ ਸਭ ਤੋਂ ਉੱਪਰ ਸੀ ਤੇ ਮਾਂ ਬਣ ਕੇ ਉਹ ਆਪਣਾ ਬਣਿਆ-ਬਣਾਇਆ ਕਰੀਅਰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਹੈਲਨ ਨੂੰ ਕੀਮਤੀ ਅਤੇ ਸੁੰਦਰ ਹੀਰਿਆਂ ਦਾ ਬਹੁਤ ਸ਼ੌਕ ਸੀ ਪਰ ਪੀæਐਨæ ਅਰੋੜਾ ਨੇ ਹਮੇਸ਼ਾ ਇਹ ਕਹਿ ਕੇ ਕਿ ਹੀਰੇ ਬਦਕਿਸਮਤੀ ਲਿਆਉਂਦੇ ਹਨ, ਕਦੇ ਹੈਲਨ ਨੂੰ ਹੀਰੇ ਨਹੀਂ ਦਿਵਾਏ।
21 ਨਵੰਬਰ, 1954 ਨੂੰ ਆਪਣੀ ਪੰਦਰਵੀਂ ਵਰ੍ਹੇਗੰਢ ‘ਤੇ ਹੈਲਨ ਨੂੰ ਪੀæਐਨæ ਅਰੋੜਾ ਵੱਲੋਂ ਸਭ ਤੋਂ ਮਹਿੰਗਾ ਤੋਹਫਾ ਸਾਢੇ ਤਿੰਨ ਸੌ ਰੁਪਏ ਦੀ ਉਹ ਫਰਾਕ ਸੀ ਜਿਸ ਦੇ ਬਦਲੇ ਹੈਲਨ ਅਰੋੜਾ ਦੇ ਇਸ਼ਾਰਿਆਂ ‘ਤੇ ਨੱਚਦੀ ਰਹੀ ਤੇ 35ਵੀਂ ਵਰ੍ਹੇਗੰਢ ਦੀ ਰਾਤ ਜਦੋਂ ਹੈਲਨ ਨੇ ਅਰੋੜਾ ਨੂੰ ਛੱਡਿਆ ਤਾਂ ਸਿਰਫ ਉਸ ਦੇ ਗਿਫਟ ਕੀਤੇ 10 ਰੁਪਏ ਦੇ ਫੁੱਲਾਂ ਤੋਂ ਸਿਵਾ ਉਸ ਕੋਲ ਕੁਝ ਨਹੀਂ ਸੀ। ਹੈਲਨ ਇਕ ਬਿਹਤਰ ਜ਼ਿੰਦਗੀ ਸਲੀਮ ਖਾਨ ਨਾਲ ਬਿਤਾ ਰਹੀ ਹੈ। ਉਹ ਫ਼ਿਲਮਾਂ ਨਾਲ ਅੱਜ ਵੀ ਜੁੜੀ ਹੋਈ ਹੈ।
Leave a Reply