ਸ਼ੁੱਕਰਵਾਰ 14 ਦਸੰਬਰ ਦੀ ਭਿਆਨਕ ਵਾਰਦਾਤ ਨਾਲ ਇਕੋ ਝਟਕੇ ਵਿਚ ਮਹਿਕਦੇ ਫੁੱਲਾਂ ਦੀਆਂ ਪੰਖੜੀਆਂ ਜਿਹੀਆਂ 20 ਨਾਜ਼ੁਕ ਜਿੰਦੜੀਆਂ ਤੋਂ ਇਲਾਵਾ 8 ਹੋਰ ਜਾਨਾਂ ਵੀ ਚਲੀਆਂ ਗਈਆਂ। ਇਹ ਸ਼ਾਇਦ ਹੁਣ ਕਦੇ ਪਤਾ ਨਾ ਲੱਗੇ ਕਿ 20 ਸਾਲਾ ਨੌਜਵਾਨ ਐਡਮ ਲਾਂਜ਼ਾ ਦੇ ਜ਼ਿਹਨ ਵਿਚ ਉਹ ਕਿਹੜੀ ਗੰਢ ਪਈ ਹੋਈ ਸੀ ਜਿਸ ਕਾਰਨ ਉਸ ਨੇ ਅੱਖ ਦੇ ਫੋਰ ਵਿਚ ਇੰਨੀਆਂ ਜ਼ਿੰਦਗਾਨੀਆਂ ਨੂੰ ਲਾਸ਼ਾਂ ਵਿਚ ਬਦਲ ਦਿੱਤਾ। ਇਸ ਕੋਣ ਤੋਂ ਹੁਣ ਮਾਨਸਿਕ ਸਿਹਤ ਬਾਰੇ ਵੀ ਗੱਲਾਂ ਹੋਣਗੀਆਂ। ਉਂਜ, ਗੰਭੀਰਤਾ ਨਾਲ ਵਿਚਾਰਨ ਵਾਲਾ ਮੁੱਦਾ ਇਹ ਹੈ ਕਿ ਕੁਝ ਕੁ ਵਕਫੇ ਦੇ ਟਿਕ-ਟਿਕਾ ਤੋਂ ਬਾਅਦ ਦੇਸ਼ ਵਿਚ ਅਜਿਹੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਇਨ੍ਹਾਂ ਦਾ ਪੈਟਰਨ ਵੀ ਤਕਰੀਬਨ ਇਕੋ ਹੈ। ਕੋਈ ਸਿਰਫਿਰਿਆ, ਅਚਾਨਕ ਬਾਰੂਦ ਦੀ ਵਾਛੜ ਕਰ ਕੇ ਜ਼ਿੰਦਗੀ ਨੂੰ ਮੌਤ ਵਿਚ ਬਦਲ ਦਿੰਦਾ ਹੈ। ਨਿਊ ਟਾਊਨ ਵਾਲੀ ਇਸ ਵਾਰਦਾਤ ਨੇ ਇਕ ਹੋਰ ਨੁਕਤਾ ਕੇਂਦਰ ਵਿਚ ਲਿਆਂਦਾ ਹੈ ਕਿ ਸੰਸਾਰ ਦੇ ਹੋਰ ਬਥੇਰੇ ਵਿਕਸਿਤ ਦੇਸ਼ ਹਨ, ਪਰ ਅਜਿਹੀਆਂ ਵਾਰਦਾਤਾਂ ਅਮਰੀਕਾ ਵਿਚ ਹੀ ਵੱਧ ਕਿਉਂ? ਇਸ ਦੇ ਨਾਲ ਹੀ ਇਥੇ ਹਥਿਆਰਾਂ ਤੇ ਅਸਲੇ ਬਾਰੇ ਬਹਿਸ ਛਿੜ ਗਈ ਹੈ। ਅਜਿਹੀ ਵਾਰਦਾਤ ਤੋਂ ਬਾਅਦ ਹਰ ਵਾਰ ਅਜਿਹਾ ਹੀ ਹੁੰਦਾ ਹੈ, ਪਰ ਇਹ ਬਹਿਸ ਪਹਿਲਾਂ ਹਰ ਵਾਰ ਬਿਨਾਂ ਕਿਸੇ ਨਤੀਜੇ ਦੇ ਖਤਮ ਹੁੰਦੀ ਰਹੀ ਹੈ।
ਅਸਲ ਵਿਚ ਹਥਿਆਰ ਬਣਾਉਣ ਅਤੇ ਵੇਚਣ ਵਾਲੀ ਲੌਬੀ ਹੈ ਹੀ ਇੰਨੀ ਮੂੰਹਜ਼ੋਰ ਕਿ ਕੋਈ ਵੀ ਪ੍ਰਸ਼ਾਸਨ ਅਜੇ ਤੱਕ ਕੁਝ ਨਹੀਂ ਕਰ ਸਕਿਆ। ਪਿਛਲੇ ਸਾਲ ਨੈਸ਼ਨਲ ਰਾਈਫਲ ਐਸੋਸੀਏਸ਼ਨ ਨੇ ਇਸ ਮੁੱਦੇ ਬਾਰੇ ਵਿਚਾਰ-ਵਟਾਂਦਰੇ ਲਈ ਰਾਸ਼ਟਰਪਤੀ ਬਰਾਕ ਓਬਾਮਾ ਦਾ ਸੱਦਾ ਹੀ ਪ੍ਰਵਾਨ ਨਹੀਂ ਸੀ ਕੀਤਾ। ਉਂਜ ਇਸ ਵਾਰ ਲੋਕਾਂ ਵਿਚ ਹਥਿਆਰਾਂ ਖਿਲਾਫ ਰੋਸ ਪਹਿਲਾਂ ਨਾਲੋਂ ਕਿਤੇ ਵੱਧ ਹੈ; ਐਤਕੀਂ ਇਹ ਆਵਾਜ਼ ਵੀ ਬਹੁਤ ਉਚੀ ਉਠੀ ਹੈ ਕਿ ਹੁਣ ਸਾਨੂੰ ਸਿਰਫ ਸੋਗ ਹੀ ਨਹੀਂ ਪ੍ਰਗਟਾਉਣਾ ਚਾਹੀਦਾ, ਸਗੋਂ ਗੁੱਸਾ ਵੀ ਜ਼ਾਹਿਰ ਕਰਨਾ ਚਾਹੀਦਾ ਹੈ। ਉਦਾਸੀ ਦੇ ਆਲਮ ‘ਚੋਂ ਗੁਜ਼ਰ ਰਹੇ ਰਾਸ਼ਟਰਪਤੀ ਓਬਾਮਾ ਨੇ ਵੀ ਕਿਹਾ ਹੈ ਕਿ ਹੁਣ ਸਾਨੂੰ ਸਿਆਸੀ ਫਾਇਦਿਆਂ ਤੋਂ ਪਾਰ ਜਾ ਕੇ ਕੁਝ ਕਰਨਾ ਪਵੇਗਾ ਕਿਉਂਕਿ ਹੁਣ ਮਸਲਾ ਬੱਚਿਆਂ ਦੀ ਹਿਫਾਜ਼ਤ ਦਾ ਹੈ। ਇਕ ਗੱਲ ਤਾਂ ਐਨ ਸਪਸ਼ਟ ਹੈ ਕਿ ਦੇਸ਼ ਵਿਚ ਪਿਸਤੌਲ/ਬੰਦੂਕਾਂ ਬਹੁਤ ਅਸਾਨੀ ਨਾਲ, ਬੇਰੋਕ-ਟੋਕ ਮਿਲ ਰਹੀਆਂ ਹਨ। ਤੇ ਹਥਿਆਰਾਂ ਬਾਰੇ ਇਹ ਤਾਂ ਸਭ ਨੂੰ ਪਤਾ ਹੈ ਕਿ ਵੇਚੇ ਅਤੇ ਖਰੀਦੇ ਗਏ ਹਥਿਆਰ ਆਖਰਕਾਰ ਚੱਲਣੇ ਹੀ ਹੁੰਦੇ ਹਨ। ਕਿਤੇ ਦੂਰ ਜਾਣ ਦੀ ਲੋੜ ਨਹੀਂ, ਅਮਰੀਕਾ ਤੋਂ ਮੈਕਸੀਕੋ ਜਾਂਦੇ ਹਥਿਆਰ ਉਥੇ ਕਹਿਰ ਢਾਹ ਰਹੇ ਹਨ। ਉਥੇ 2005 ਤੋਂ ਲੈ ਕੇ ਹੁਣ ਤੱਕ ਮਾਫੀਆ ਹਿੰਸਾ ਵਿਚ 30 ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਜਿਹੜੇ 10 ਗੈਰਕਾਨੂੰਨੀ ਹਥਿਆਰ ਮੈਕਸੀਕੋ ਪੁੱਜਦੇ ਹਨ, ਉਨ੍ਹਾਂ ਵਿਚੋਂ 9 ਅਮਰੀਕਾ ਤੋਂ ਜਾਂਦੇ ਹਨ।
ਦੇਸ਼ ਵਿਚ ਹਥਿਆਰਾਂ ਦੀ ਇਸ ਅੰਨ੍ਹੀ ਦੌੜ ਬਾਰੇ ਨਿੱਠ ਕੇ ਵਿਚਾਰ ਕਰਨਾ ਅਤੇ ਇਸ ਵਿਚਾਰ-ਚਰਚਾ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ। ਹਥਿਆਰਾਂ ਦੀ ਲੌਬੀ ਤਾਂ ਇੰਨੇ ਸਾਲਾਂ-ਦਹਾਕਿਆਂ ਤੋਂ ਆਪਣਾ ਕੰਮ ਕਰ ਹੀ ਰਹੀ ਹੈ, ਹੁਣ ਇਸ ਲੌਬੀ ਖਿਲਾਫ ਲਾਮਬੰਦੀ ਕਰਨ ਵਾਲਿਆਂ ਲਈ ਵੀ ਕੁਝ ਸਵਾਲ ਖੜ੍ਹੇ ਕਰਨੇ ਜ਼ਰੂਰੀ ਹਨ। ਨੈਸ਼ਨਲ ਰਾਈਫਲ ਐਸੋਸੀਏਸ਼ਨ ਤਾਂ ਆਪਣੇ ਮਿਸ਼ਨ ਨੂੰ ਇੰਨੀ ਸਮਰਪਿਤ ਹੈ ਕਿ ਇਸ ਨੇ 2009 ਤੋਂ ਹੁਣ ਤੱਕ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਹਥਿਆਰਾਂ ਦੇ ਹੱਕ ਵਿਚ ਇੱਕਾ-ਦੁੱਕਾ ਨਹੀਂ, ਬਲਕਿ 99 ਬਿੱਲ ਪੇਸ਼ ਕਰਵਾਏ ਹਨ। ਲਾਇਸੈਂਸਾਂ ਤੋਂ ਬਗੈਰ ਜਿੰਨੀਆਂ ਫਾਇਰਿੰਗ ਰੇਂਜਾਂ ਚੱਲ ਰਹੀਆਂ ਹਨ, ਉਸ ਵੱਲ ਤਾਂ ਸ਼ਾਇਦ ਕਿਸੇ ਨੇ ਗੌਰ ਵੀ ਨਹੀਂ ਕੀਤਾ ਹੋਣਾ। ਇਸ ਮਾਮਲੇ ਵਿਚ ਪ੍ਰਗਤੀਸ਼ੀਲ/ਤਰੱਕੀਪਸੰਦ ਤਬਕਾ ਅਤੇ ਜਥੇਬੰਦੀਆਂ ਵੀ ਬਹੁਤ ਪਿਛੇ ਰਹਿ ਗਈਆਂ ਹਨ। ਪ੍ਰਗਤੀਸ਼ੀਲਾਂ ਨੇ ਇਹ ਅੰਕੜੇ ਤਾਂ ਬਥੇਰੇ ਇਕੱਠੇ ਕਰ ਲਏ ਹਨ ਕਿ ਦੇਸ਼ ਨੂੰ ਹੁਣ ਬੈਂਕ ਅਤੇ ਵਾਲਸਟਰੀਟ ਹੀ ਚਲਾ ਰਹੇ ਹਨ ਅਤੇ ਇਨ੍ਹਾਂ ਅੰਕੜਿਆਂ ਰਾਹੀਂ ਇਹ ਗੱਲ ਪੜ੍ਹੇ-ਲਿਖੇ ਤਬਕੇ ਨੂੰ ਜਚਾ ਵੀ ਦਿੱਤੀ ਹੈ ਪਰ ਹਥਿਆਰ ਬਣਾਉਣ ਤੇ ਵੇਚਣ ਵਾਲੀ ਲੌਬੀ ਸਰਕਾਰ ‘ਤੇ ਕਿਸ ਕਦਰ ਅਸਰ-ਅੰਦਾਜ਼ ਹੈ, ਇਸ ਬਾਰੇ ਇਸ ਨੇ ਕਦੀ ਗੱਲ ਤੱਕ ਨਹੀਂ ਚਲਾਈ।
ਸ਼ੁਕਰ ਹੈ ਅਤੇ ਸੁੱਖ ਵਾਲੀ ਖਬਰ ਹੈ ਕਿ ਰਾਸ਼ਟਰਪਤੀ ਓਬਾਮਾ ਨੇ ਹੁਣ ਇਸ ਮਾਮਲੇ ਵਿਚ ਪਹਿਲਕਦਮੀ ਕੀਤੀ ਹੈ। ਦੁੱਖ ਅਤੇ ਦਰਦ ਦੀ ਇਸ ਘੜੀ ਵਿਚ ਉਨ੍ਹਾਂ ਦਾ ਇਹ ਕਹਿਣਾ ਹੀ ਬਹੁਤ ਹੈ ਕਿ ‘ਹੁਣ ਸਾਨੂੰ ਬਦਲਣਾ ਪਵੇਗਾ’ ਅਤੇ ‘ਸਿਆਸੀ ਮੁਫਾਦ ਦੀ ਪ੍ਰਵਾਹ ਕੀਤੇ ਬਗੈਰ ਹੁਣ ਕੁਝ ਕਰਨਾ ਪਵੇਗਾ।’ ਠੀਕ ਵੀ ਇਹੀ ਹੈ; ਅਜਿਹੇ ਹਾਦਸੇ ਤੋਂ ਬਾਅਦ ਸਿਰ ਧੁਣਖਿਆਂ ਕੁਝ ਨਹੀਂ ਬਣਨਾ, ਹੁਣ ਹਥਿਆਰਾਂ ਦੀ ਹਿੰਸਾ ਨਾਲ ਕਰਾਰੇ ਹੱਥੀਂ ਸਿੱਝਣਾ ਪਵੇਗਾ। ਮਾਨਸਿਕ ਸਿਹਤ ਵਿਚ ਸੁਧਾਰ ਵੀ ਵੱਡਾ ਮਸਲਾ ਹੈ ਪਰ ਹਥਿਆਰਾਂ ਦੀ ਹਿੰਸਾ, ਬਿਨਾਂ ਸ਼ੱਕ ਵੱਧ ਘਾਤਕ ਹੈ ਅਤੇ ਨਵੀਂ ਪੀੜ੍ਹੀ ਵਿਚ ਇਸ ਦਾ ਸੁਨੇਹਾ ਹੋਰ ਵੀ ਘਾਤਕ ਰੂਪ ਅਖਤਿਆਰ ਕਰ ਕੇ ਪੁੱਜਦਾ ਹੈ। ਹਥਿਆਰਾਂ ਨੇ ਜਿਥੇ ਕਿਤੇ ਵੀ ਕਹਿਰ ਢਾਹਿਆ ਹੈ, ਉਥੇ ਦਹਾਕਿਆਂ ਤੱਕ ਜ਼ਿੰਦਗੀ ਲੀਹ ਉਤੇ ਨਹੀਂ ਪਈ। ਇਹ ਭਾਵੇਂ ਅਮਰੀਕਾ ਹੈ, ਪੰਜਾਬ ਹੈ ਤੇ ਭਾਵੇਂ ਇਰਾਕ, ਜਾਂ ਅਫਗਾਨਿਸਤਾਨ ਹੈ ਤੇ ਜਾਂ ਸੰਸਾਰ ਦਾ ਕੋਈ ਹੋਰ ਖਿੱਤਾ ਹੈ; ਇਸ ਹਿੰਸਾ ਨੇ ਤਬਾਹੀ ਮਚਾਈ ਹੈ। ਇਸੇ ਸਾਲ ਪੰਜ ਅਗਸਤ ਨੂੰ ਵਿਸਕਾਨਸਿਨ ਵਿਚ ਗੁਰਦੁਆਰਾ ਓਕ ਕਰੀਕ ਵਿਚ ਛੇ ਸਿੱਖ ਸ਼ਰਧਾਲੂਆਂ ਦੀ ਮੌਤ ਦਾ ਦਰਦ ਅਜੇ ਤੱਕ ਸਿੱਖ ਭਾਈਚਾਰੇ ਦੇ ਵਿਹੜਿਆਂ ਵਿਚ ਸੋਗ ਵਰਤਾ ਰਿਹਾ ਹੈ। ਇਸ ਸੋਗ ਵਿਚੋਂ ਨਿਕਲਣ ਦਾ ਸਿਰਫ ਇਕ ਹੀ ਢੰਗ ਹੈ ਕਿ ਹਥਿਆਰਾਂ ਨੂੰ ਅਲਵਿਦਾ ਆਖ ਕੇ ਇਸ ਦੁਨੀਆਂ ਨੂੰ ਹੋਰ ਖੂਬਸੂਰਤ ਬਣਾਉਣ ਲਈ ਕੋਸ਼ਿਸ਼ ਕੀਤੀ ਜਾਵੇ। ਸਾਡੇ ਸ਼ਬਦ-ਗੁਰੂ ਦਾ ਵੀ ਇਹੀ ਸੰਦੇਸ਼ ਹੈ। ਇਹ ਸੰਦੇਸ਼ ਦੂਰ ਦੂਰ ਤੱਕ ਪੁੱਜਦਾ ਕਰਨ ਲਈ ਸਭ ਨੂੰ ਲੱਕ ਬੰਨ੍ਹਣਾ ਚਾਹੀਦਾ ਹੈ; ਜਿਸ ਤਰ੍ਹਾਂ ਰਾਸ਼ਟਰਪਤੀ ਓਬਾਮਾ ਨੇ ਜਾਪਦਾ ਹੈ, ਆਪਣਾ ਲੱਕ ਬੰਨ੍ਹ ਲਿਆ ਹੈ।
Leave a Reply