ਲੰਡਨ: ਬਰਤਾਨੀਆ ਸਿੱਖ ਰੈਜੀਮੈਂਟ ਬਣਾਉਣ ਲਈ ਮੁੜ ਵਿਚਾਰ ਕਰ ਰਿਹਾ ਹੈ। ਇਸ ਸਬੰਧੀ ਚੀਫ ਲੈਫਟੀਨੈਂਟ ਜਨਰਲ ਸਰ ਨਿਕੋਲਸ ਕਾਰਟਰ ਨੂੰ ਪ੍ਰਸਤਾਵ ਪੇਸ਼ ਕੀਤਾ ਹੋਇਆ ਹੈ। ਇਹ ਜਾਣਕਾਰੀ ਪਾਰਲੀਮੈਂਟ ਵਿਚ ਰੱਖਿਆ ਮੰਤਰਾਲੇ ਦੇ ਫੌਜ ਸਬੰਧੀ ਮੰਤਰੀ ਮਾਰਕ ਫਰੈਂਕੋਸ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸਿੱਖ ਰੈਜੀਮੈਂਟ ਹੋਂਦ ‘ਚ ਆਉਣਾ ਚੰਗੀ ਗੱਲ ਹੈ ਕਿਉਂਕਿ ਫੌਜ ਦੇ ਪਿਛਲੇ ਇਤਿਹਾਸ ‘ਚ ਸਿੱਖਾਂ ਦਾ ਚੰਗਾ ਪ੍ਰਭਾਵ ਹੈ।
ਰੱਖਿਆ ਸਬੰਧੀ ਸਵਾਲ ਦੇ ਜਵਾਬ ‘ਚ ਸਾਬਕਾ ਰੱਖਿਆ ਮੰਤਰੀ ਸਰ ਨਿਕੋਲਸ ਸੋਮਸ ਨੇ ਕਿਹਾ ਕਿ ਰਾਜਨੀਤੀ ਤੋਂ ਦੂਰ ਰਹਿ ਕੇ ਸਿੱਖ ਰੈਜੀਮੈਂਟ ਹੋਂਦ ‘ਚ ਆਉਣੀ ਚਾਹੀਦੀ ਹੈ। ਸਿੱਖਾਂ ਵੱਲੋਂ ਦੇਸ਼ ਲਈ ਮਾਣਮੱਤੀ ਸੇਵਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰੀ ਕੁਲੀਅਨ ਬਰਾਜ਼ੀਰ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ ਤੇ ਉਹ ਚੀਫ ਆਫ ਜਨਰਲ ਸਟਾਫ (ਸੀæਜੀæਐਸ਼) ਦੇ ਸੰਪਰਕ ਵਿਚ ਹਨ। ਸਿੱਖਾਂ ਵੱਲੋਂ ਸਿੱਖ ਰੈਜੀਮੈਂਟ ਬਣਾਉਣ ਦੀ ਚਿਰਾਂ ਤੋਂ ਕੀਤੀ ਜਾਣ ਵਾਲੀ ਮੰਗ ਨੂੰ 2007 ਵਿਚ ਨਸਲਵਾਦ ਅਤੇ ਬਰਬਰਤਾ ਬਾਰੇ ਕਮਿਸ਼ਨ ਨੇ ਰੱਦ ਕਰ ਦਿੱਤਾ ਸੀ; ਹਾਲਾਂਕਿ ਸਿੱਖ ਰੈਜੀਮੈਂਟ ਦੇ ਮੁੜ ਗਠਨ ਦੀ ਹਮਾਇਤ ਪ੍ਰਿੰਸ ਚਾਰਲਸ ਨੇ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ 19ਵੀਂ ਸਦੀ ਵਿਚ ਹਜ਼ਾਰਾਂ ਸਿੱਖਾਂ ਨੇ ਬਰਤਾਨਵੀ ਫੌਜ ਵਿਚ ਸੇਵਾਵਾਂ ਨਿਭਾਈਆਂ ਸਨ ਅਤੇ ਦੋਹਾਂ ਵਿਸ਼ਵ ਯੁੱਧਾਂ ਵਿਚ ਹਿੱਸਾ ਲਿਆ ਸੀ। ਇਸ ਦੌਰਾਨ 10 ਸਿੱਖਾਂ ਨੂੰ ਵਿਕਟੋਰੀਆ ਕਰਾਸ ਵੀ ਮਿਲਿਆ ਸੀ। ਇਸ ਵੇਲੇ ਬਰਤਾਨੀਆ ਦੀ ਹਥਿਆਰਬੰਦ ਫੌਜ ‘ਚ ਕੰਮ ਕਰਨ ਵਾਲੇ ਸਿੱਖਾਂ ਦੀ ਗਿਣਤੀ 160 ਹੈ ਜਿਨ੍ਹਾਂ ‘ਚੋਂ 130 ਫੌਜ ‘ਚ ਹਨ। ਸਮਝਿਆ ਜਾ ਰਿਹਾ ਹੈ ਕਿ ਪਹਿਲਾਂ ਇਕ ਸਿੱਖ ਕੰਪਨੀ ਬਣਾਈ ਜਾਵੇਗੀ ਅਤੇ ਫਿਰ ਸਿੱਖ ਰੈਜੀਮੈਂਟ, ਪਰ ਚੋਣਾਂ ਤੋਂ ਪਹਿਲਾਂ ਇਸ ਬਿਆਨ ਦਾ ਆਉਣਾ ਚਰਚਾ ਦਾ ਵਿਸ਼ਾ ਵੀ ਬਣ ਗਿਆ ਹੈ, ਕਿਉਂਕਿ ਸਿੱਖ ਚੋਣ ਮਨੋਰਥ ਪੱਤਰ ਨੇ ਇਥੋਂ ਦੇ ਸਿਆਸੀ ਹਲਕਿਆ ‘ਚ ਨਵੀਂ ਮੁਹਿੰਮ ਛੇੜੀ ਹੋਈ ਹੈ ਅਤੇ ਚੋਣਾਂ ਦੇ ਮੱਦੇਨਜ਼ਰ ਬਰਤਾਨੀਆ ਦੀ ਸਿਆਸੀ ਪਾਰਟੀਆਂ ਘੱਟ-ਗਿਣਤੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ਾਂ ਵੀ ਕਰ ਰਹੀਆਂ ਹਨ।
ਸਿੱਖ ਫੈਡਰੇਸ਼ਨ ਯੂæਕੇæ ਦੇ ਭਾਈ ਅਮਰੀਕ ਸਿੰਘ ਗਿੱਲ ਨੇ ਸਰਕਾਰ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਵੋਟਾਂ ਤੋਂ ਪਹਿਲਾਂ ਇਹ ਬਿਆਨ ਕਈ ਸਵਾਲ ਪੈਦਾ ਕਰਦਾ ਹੈ। ਇਸ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਬਹਾਦਰੀ ਦਾ ਲੋਹਾ ਪੂਰੀ ਦੁਨੀਆਂ ਮੰਨਦੀ ਹੈ ਅਤੇ ਬਰਤਾਨੀਆ ਵੱਲੋਂ ਆਪਣੀ ਫੌਜ ‘ਚ ਸਿੱਖਾਂ ਦਾ ਵਿਸ਼ੇਸ਼ ਦਸਤਾ ਸ਼ਾਮਿਲ ਕਰਨ ਦੀ ਯੋਜਨਾ ਫ਼ਖਰਯੋਗ ਕਾਰਵਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਸਿੱਖਾਂ ਦੀ ਵੱਖਰੀ ਪਛਾਣ ਸਬੰਧੀ ਚੱਲ ਰਹੇ ਯਤਨਾਂ ਦੌਰਾਨ ਜੇ ਬ੍ਰਿਟਿਸ਼ ਸਰਕਾਰ ਸਿੱਖ ਰੈਜੀਮੈਂਟ ਬਣਾਉਂਦੀ ਹੈ ਤਾਂ ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਬਲ ਮਿਲੇਗਾ।