ਰਾਸ਼ਟਰੀ ਸੋਇਮਸੇਵਕ ਸੰਘ (ਆਰæਐਸ਼ਐਸ਼) ਦੇ ਮੁਖੀ ਮੋਹਨ ਭਾਗਵਤ ਨੇ ਆਪਣੀ ਹਿੰਦੂਤਵੀ ਮੁਹਾਰਨੀ ਜਾਰੀ ਰੱਖਦਿਆਂ ਕਹਿ ਸੁਣਾਇਆ ਹੈ ਕਿ ਮਦਰ ਟੈਰੇਸਾ ਦੀ ਲੋਕ ਸੇਵਾ ਦਾ ਅਸਲ ਮਕਸਦ ਧਰਮ ਤਬਦੀਲੀ ਸੀ। ਭਰਤਪੁਰ (ਰਾਜਸਥਾਨ) ਵਿਚ ਗੈਰ-ਸਰਕਾਰੀ ਸੰਸਥਾ (ਐਨæਜੀæਓæ) ‘ਅਪਨਾ ਘਰ’ ਵਲੋਂ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਸੇਵਾ ਦੀ ਪਰਿਭਾਸ਼ਾ ਸਮਝਾਉਂਦਿਆਂ ਦੱਸਿਆ ਕਿ
ਮਦਰ ਟੈਰੇਸਾ ਨੇ ਬੜਾ ਪਰਉਪਕਾਰ ਵਾਲਾ ਕੰਮ ਕੀਤਾ, ਪਰ ਪਰਉਪਕਾਰ ਦੇ ਇਸ ਕਾਰਜ ਦਾ ਇਕ ਖਾਸ ਉਦੇਸ਼ ਸੀ, ਪਰਉਪਕਾਰ ਕਰ ਕੇ ਅਗਲੇ ਦਾ ਧਰਮ ਬਦਲਣਾ, ਇਉਂ ਧਰਮ ਤਬਦੀਲੀ ਨਾਲ ਪਰਉਪਕਾਰ ਦੀ ਅਸਲ ਕਦਰ ਨਹੀਂ ਬਚਦੀ। ਮੋਹਨ ਭਾਗਵਤ ਦੇ ਇਸ ਬਿਆਨ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਬੜੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਯਾਦ ਰਹੇ, ਅਜੇ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਉਚੇਚੇ ਭਾਸ਼ਨ ਦੌਰਾਨ ਸਾਰੇ ਭਾਰਤ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਮੁਕੰਮਲ ਧਾਰਮਿਕ ਆਜ਼ਾਦੀ ਦੇ ਹੱਕ ਵਿਚ ਹੈ ਅਤੇ ਕਿਸੇ ਇਕ ਧਾਰਮਿਕ ਸਮੂਹ ਨੂੰ ਕਿਸੇ ਦੂਜੇ ਧਾਰਮਿਕ ਸਮੂਹ ਖਿਲਾਫ ਨਫਰਤ ਫੈਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਂਜ, ਇਹ ਵੀ ਯਾਦ ਰੱਖਣਾ ਪਵੇਗਾ ਕਿ ਨਰੇਂਦਰ ਮੋਦੀ ਦਾ ਇਹ ਬਿਆਨ ਬਹੁਤ ਪਛੜ ਕੇ ਆਇਆ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪਿਛੋਂ ਵ੍ਹਾਈਟ ਹਾਊਸ ਦੇ ਨੁਮਾਇੰਦਿਆਂ ਨੇ ਧਾਰਮਿਕ ਸਹਿਣਸ਼ੀਲਤਾ ਦੇ ਮੁੱਦੇ ਨੂੰ ਵਾਰ-ਵਾਰ ਉਭਾਰਿਆ ਸੀ। ਓਬਾਮਾ ਅਤੇ ਵ੍ਹਾਈਟ ਹਾਊਸ ਦੀਆਂ ਇਹ ਸਲਾਹ ਮੁਖੀ ਟਿੱਪਣੀਆਂ ਉਸ ਵਕਤ ਆਈਆਂ ਸਨ ਜਦੋਂ ਭਾਰਤ ਵਿਚ ਘੱਟ-ਗਿਣਤੀਆਂ ਉਤੇ ਲਗਾਤਾਰ ਹਮਲੇ ਹੋ ਰਹੇ ਸਨ ਅਤੇ ਸ਼ਰਾਰਤੀ ਅਨਸਰਾਂ ਵਲੋਂ ਦਿੱਲੀ ਦੇ ਗਿਰਜਾਘਰਾਂ ਵਿਚ ਲਗਾਤਾਰ ਭੰਨ-ਤੋੜ ਕੀਤੀ ਜਾ ਰਹੀ ਸੀ। ਇਹ ਸੱਚ ਵੀ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਕਾਇਮ ਹੋਈ ਹੈ, ਹਿੰਦੂਤਵ ਧਾੜਵੀਆਂ ਦੀ ਪੂਰੇ ਮੁਲਕ ਵਿਚ ਚੜ੍ਹ ਮੱਚੀ ਹੋਈ ਹੈ ਅਤੇ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਘੱਟ-ਗਿਣਤੀਆਂ ਉਤੇ ਹਮਲੇ ਵਧੇ ਹਨ। ਇਹੀ ਨਹੀਂ, ਸਰਕਾਰ ਵਿਚ ਵੀ ਇਨ੍ਹਾਂ ਤਾਕਤਾਂ ਦਾ ਦਖਲ ਚੋਖਾ ਵਧਿਆ ਹੈ; ਖਾਸ ਕਰ ਕੇ ਸਿਖਿਆ ਨੀਤੀ ਦਾ ਸਾਰਾ ਭਾਰ ਆਰæਐਸ਼ਐਸ਼ ਨਾਲ ਜੁੜੇ ਸ਼ਖਸਾਂ ਅਤੇ ਸੰਸਥਾਵਾਂ ਨੇ ਸੰਭਾਲ ਲਿਆ ਹੋਇਆ ਹੈ।
ਆਰæਐਸ਼ਐਸ਼ ਉਹੀ ਜਥੇਬੰਦੀ ਹੈ ਜਿਹੜੀ ਅੱਜ ਤੱਕ ਧਰਮ ਅਤੇ ਜਾਤ ਦੇ ਆਧਾਰ ਉਤੇ ਲੋਕਾਂ ਉਤੇ ‘ਪਰਉਪਕਾਰ’ ਕਰਦੀ ਆਈ ਹੈ। ਗੁਰਬਤ ਮਾਰੇ ਆਦਿਵਾਸੀਆਂ ਅਤੇ ਦਲਿਤਾਂ ਲਈ ਇਸ ਜਥੇਬੰਦੀ ਨੇ ਕਦੀ ਕੋਈ ਪਰਉਪਕਾਰ ਨਹੀਂ ਕੀਤਾ। ਆਏ ਦਿਨ ਦਲਿਤਾਂ ਅਤੇ ਈਸਾਈਆਂ ਦੇ ਘਰ ਸਾੜਨ ਦੀਆਂ ਖਬਰਾਂ ਆ ਰਹੀਆਂ ਹਨ ਪਰ ਮੀਡੀਆ ਵਿਚ ਕਦੇ ਦੇਖਿਆ-ਸੁਣਿਆ ਨਹੀਂ ਕਿ ਆਰæਐਸ਼ਐਸ਼ ਦੇ ਖਾਕੀ ਵਰਦੀ ਵਾਲੇ ਵਾਲੰਟੀਅਰ ਸਬੰਧਤ ਇਲਾਕਿਆਂ ਵਿਚ ਕੋਈ ਸੇਵਾ ਕਰ ਰਹੇ ਹਨ। ਇਸ ਜਥੇਬੰਦੀ ਨੇ ਤਾਂ 1947 ਦੀ ਵੰਡ ਵੇਲੇ ਹੋਏ ਕਹਿਰ ਦੌਰਾਨ ਸਿਰਫ ਹਿੰਦੂ ਰਿਫਿਊਜੀਆਂ ਦੀ ਹੀ ਮਦਦ ਕੀਤੀ ਸੀ। ਫਿਰ 1984 ਵਿਚ ਜਦੋਂ ਦਿੱਲੀ ਵਿਚ ਸਿੱਖਾਂ ਦਾ ਮਿਥ ਕੇ ਕਤਲੇਆਮ ਕੀਤਾ ਗਿਆ ਤਾਂ ਹਮਲਾਵਰਾਂ ਵਿਚ ਅਨੇਕਾਂ ਆਰæਐਸ਼ਐਸ਼ ਵਾਲੰਟੀਅਰ ਵੀ ਸ਼ਾਮਲ ਸਨ। ਇਸ ਕਤਲੇਆਮ ਤੋਂ ਬਾਅਦ ਸ਼ਹਿਰ ਦੇ ਹਰ ਤਬਕੇ ਤੇ ਫਿਰਕੇ ਨੇ ਸਿੱਖਾਂ ਦੀ ਮਦਦ ਕਰਨ ਦਾ ਹੀਲਾ-ਵਸੀਲਾ ਕੀਤਾ ਪਰ ਖਾਕੀ ਵਰਦੀ ਵਾਲੇ ਵਾਲੰਟੀਅਰ ਉਦੋਂ ਵੀ ਗੈਰ-ਹਾਜ਼ਰ ਰਹੇ ਸਨ। ਇਸ ਜਥੇਬੰਦੀ ਦਾ ਬਾਅਦ ਦਾ ਰਿਕਾਰਡ ਤਾਂ ਹੋਰ ਵੀ ਭਿਆਨਕ ਹੈ। ਜਿਨ੍ਹਾਂ ਦਿਨਾਂ ਵਿਚ ਇਹ ਪਾਕਿਸਤਾਨ ਖਿਲਾਫ ਨਫਰਤੀ ਮੁਹਿੰਮ ਜ਼ੋਰ-ਸ਼ੋਰ ਨਾਲ ਚਲਾ ਰਹੀ ਸੀ, ਉਦੋਂ ਇਸ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲਦੀ ਸਮਝੌਤਾ ਐਕਸਪ੍ਰੈਸ ਵਿਚ ਬੰਬ ਧਮਾਕੇ ਕਰਵਾ ਕੇ ਦੋਸ਼ ਪਾਕਿਸਤਾਨ ਸਿਰ ਮੜ੍ਹ ਦਿੱਤਾ ਸੀ।
ਖੈਰ! ਲੱਖ ਊਣਤਾਈਆਂ ਦੇ ਬਾਵਜੂਦ ਮਦਰ ਟੈਰੇਸਾ ਨੇ ਕੋਲਕਾਤਾ ਵਿਚ 1952 ਵਿਚ ਨਿਆਸਰਿਆਂ ਲਈ ‘ਨਿਰਮਲ ਹਿਰਦਯ ਹੋਮ’ ਖੋਲ੍ਹ ਕੇ ਮਿਸਾਲੀ ਕਾਰਜ ਕੀਤਾ। ਇਸ ਕਾਰਜ ਨੂੰ ਸਮਝਣ ਲਈ ਭਗਤ ਪੂਰਨ ਸਿੰਘ ਵਲੋਂ ਅੰਮ੍ਰਿਤਸਰ ਵਿਚ ਸ਼ੁਰੂ ਕੀਤੇ ਪਿੰਗਲਵਾੜੇ ਦਾ ਧਿਆਨ ਧਰਿਆ ਜਾ ਸਕਦਾ ਹੈ। ਭਗਤ ਪੂਰਨ ਸਿੰਘ ਖੁਦ ਇਕ ਹਿੰਦੂ ਪਰਿਵਾਰ ਵਿਚ ਜੰਮੇ-ਪਲੇ ਪਰ ਉਨ੍ਹਾਂ ਨਿਆਸਰਿਆਂ ਨੂੰ ਆਸਰਾ ਦੇ ਕੇ ਜਿਹੜੀ ਮਿਸਾਲ ਕਾਇਮ ਕੀਤੀ, ਉਸ ਵਰਗੀ ਕੋਈ ਮਿਸਾਲ ਲੱਭਣੀ ਮੁਸ਼ਕਿਲ ਹੈ। ਇਸ ਲਈ ਅਜਿਹੀਆਂ ਹਸਤੀਆਂ ਬਾਰੇ ਅਜਿਹੀਆਂ ਟਿੱਪਣੀਆਂ, ਬੇਸ਼ੱਕ, ਸਿਆਸਤ ਤੋਂ ਵੱਧ ਕੁਝ ਵੀ ਨਹੀਂ ਹਨ। ਅਸਲ ਵਿਚ ਅੱਜ ਕੱਲ੍ਹ ਆਰæਐਸ਼ਐਸ਼ ਅਤੇ ਇਸ ਦੇ ਸਿਆਸੀ ਵਿੰਗ- ਭਾਰਤੀ ਜਨਤਾ ਪਾਰਟੀ ਦੇ ਇਕ ਧੜੇ ਵਿਚਕਾਰ ਇਕ ਤਰ੍ਹਾਂ ਨਾਲ ਭੇੜ ਚੱਲ ਰਿਹਾ ਹੈ। ਇਕ ਧੜੇ ਦੀ ਰਾਏ ਹੈ ਕਿ ਸਰਕਾਰ ਚਲਾਉਣ ਖਾਤਰ ਹਿੰਦੂਤਵ ਦੇ ਏਜੰਡੇ ਨੂੰ ਨਰਮ ਕਰਨਾ ਪੈਣਾ ਹੈ; ਦੂਜੇ ਧੜੇ ਮੁਤਾਬਕ, ਜੇ ਸਰਕਾਰ ਦੇ ਹੁੰਦਿਆਂ-ਸੁੰਦਿਆਂ ਵੀ ਹਿੰਦੂਤਵ ਏਜੰਡਾ ਲਾਗੂ ਨਹੀਂ ਹੋਣਾ ਤਾਂ ਫਿਰ ਕਦੋਂ ਹੋਣਾ ਹੈ? ਸੰਸਾਰ ਪੱਧਰ ‘ਤੇ ਪੈ ਰਿਹਾ ਦਬਾਅ ਹਿੰਦੂਤਵ ਦੇ ਏਜੰਡੇ ਦੀਆਂ ਵਾਗਾਂ ਲਗਾਤਾਰ ਖਿੱਚ ਰਿਹਾ ਹੈ। ਉਂਜ ਵੀ ਭਾਰਤ ਦੀ ਧਾਰਮਿਕ ਵੰਨ-ਸੁਵੰਨਤਾ ਆਰæਐਸ਼ਐਸ਼ ਨੂੰ ਲਗਾਤਾਰ ਡੱਕਦੀ ਹੀ ਆਈ ਹੈ। ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਹੈ, ਆਰæਐਸ਼ਐਸ਼ ਨੂੰ ਜਾਪ ਰਿਹਾ ਹੈ ਕਿ ਹਿੰਦੂ ਰਾਸ਼ਟਰ ਦੇ ਏਜੰਡੇ ਦਾ ਵੱਧ ਤੋਂ ਵੱਧ ਪ੍ਰਸਾਰ ਕੀਤਾ ਜਾਵੇ। ਇਨ੍ਹਾਂ ਘੜੀਆਂ ਵਿਚ ਮਨੁੱਖਤਾ ਦੀ ਸਰਬ ਸਾਂਝੀਵਾਲਤਾ ਨੂੰ ਪ੍ਰਨਾਏ ਜਿਊੜਿਆਂ ਲਈ ਇਹ ਪਰਖ ਦੀਆਂ ਘੜੀਆਂ ਹਨ।