‘ਆਪ’ ਵਲੋਂ ‘ਪੰਜਾਬ ਮਿਸ਼ਨ’ ਲਈ ਪਿੜ ਬੰਨ੍ਹਣ ਦੀ ਤਿਆਰੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਹਿੱਸਾ ਨਹੀਂ ਲੈ ਰਹੀ ਪਰ ਪਾਰਟੀ ਨੇ ਇਨ੍ਹਾਂ ਚੋਣਾਂ ਦੇ ਬਹਾਨੇ ‘ਮਿਸ਼ਨ 2017’ ਸ਼ੁਰੂ ਕਰ ਦਿੱਤਾ ਹੈ। ਪਾਰਟੀ ਆਗੂਆਂ ਨੇ ਸਾਫਫ਼-ਸੁਥਰੇ ਅਕਸ ਵਾਲੇ ਆਜ਼ਾਦ ਉਮੀਦਵਾਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਪਾਰਟੀ ਦੇ ਆਗੂ ਉਨ੍ਹਾਂ ਉਮੀਦਵਾਰਾਂ ਦੀ ਭਾਲ ਵਿਚ ਲੱਗ ਗਏ ਹਨ ਜਿਹੜੇ ਇਸ ਦੇ ‘ਮਿਸ਼ਨ 2017’ ਦੇ ਸਿਪਾਹੀ ਬਣ ਸਕਦੇ ਹਨ। ‘ਆਪ’ ਨੇ 25 ਫਰਵਰੀ ਤੋਂ ਸੂਬੇ ਵਿਚ ਲੋਕ ਚੇਤਨਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ‘ਹਾਲ ਪੰਜਾਬ ਦਾ’ ਤੇ ‘ਦਰਦ ਪੰਜਾਬ ਦਾ’ ਦੇ ਵਿਸ਼ਿਆਂ ਹੇਠ ਚੇਤਨਾ ਯਾਤਰਾ, ਰੈਲੀਆਂ ਤੇ ਸੈਮੀਨਾਰਾਂ ਦੀ ਲੜੀ ਚਲਾਈ ਗਈ ਹੈ। ਇਸ ਤੋਂ ਇਲਾਵਾ ਪਾਰਟੀ ਦੀ ਹਰਿਆਣਾ ਯੂਨਿਟ ਨੇ ਸੂਬੇ ਵਿਚ ‘ਜੈ ਕਿਸਾਨ ਅਭਿਆਨ’ ਦੀ ਸ਼ੁਰੂਆਤ ਕੀਤੀ ਹੈ। ਇਹ ਅਭਿਆਨ ਕੇਂਦਰ ਸਰਕਾਰ ਦੇ ਭੂਮੀ ਗ੍ਰਹਿਣ ਆਰਡੀਨੈਂਸ ਵਿਰੁਧ ਸ਼ੁਰੂ ਕੀਤਾ ਗਿਆ ਹੈ। ਪਾਰਟੀ ਵਲੋਂ ਦੋਵਾਂ ਗੁਆਂਢੀ ਸੂਬਿਆਂ ਵਿਚ ਸਥਾਨਕ ਮੁੱਦਿਆਂ ਨੂੰ ਛੋਹਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਦਿੱਲੀ ਵਾਂਗ ਸਿਆਸੀ ਸੁਨਾਮੀ ਲਿਆਉਣ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਕਈ ਸਥਾਨਕ ਵੱਡੇ ਆਗੂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਤਰਲੋਮੱਛੀ ਹੋ ਰਹੇ ਹਨ। ਕਈ ਸਿਆਸੀ ਧਿਰਾਂ ਵੀ ‘ਆਪ’ ਵਿਚ ਰਲੇਵੇਂ ਦੀਆਂ ਚਾਹਵਾਨ ਹਨ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਗਲੀਆਂ ਚੋਣਾਂ ਦੌਰਾਨ ਅਕਾਲੀ ਦਲ-ਭਾਜਪਾ ਸਰਕਾਰ ਦਾ ਭੋਗ ਪੈ ਜਾਵੇਗਾ। ਰਾਜ ਵਿਚ ਕਾਂਗਰਸ ਦਾ ਤਕਰੀਬਨ ਸਫਾਇਆ ਹੋ ਚੁੱਕਾ ਹੈ। ਕਾਂਗਰਸ ਦੇ ਕਈ ਵੱਡੇ ਆਗੂ ‘ਆਪ’ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਕੋਲ ਪਹੁੰਚ ਕਰ ਰਹੇ ਹਨ। ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਨਾਕਾਮ ਰਹੀ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਸਮੇਤ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੀਆਂ ਅਦਾਇਗੀਆਂ ਦੇਣ ਤੋਂ ਵੀ ਸਰਕਾਰ ਹੱਥ ਖੜ੍ਹੇ ਕਰ ਰਹੀ ਹੈ। ਨਸ਼ਿਆਂ ਨੇ ਰਾਜ ਦਾ ਸੱਤਿਆਨਾਸ ਕਰ ਦਿੱਤਾ ਹੈ ਤੇ ਸਰਕਾਰ ਵਿਚ ਪਰਿਵਾਰਵਾਦ ਤੇ ਧਨਾਢ ਲਾਬੀ ਕਾਬਜ਼ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਤਿੰਦਰ ਮੋਦਗਿਲ, ਬਾਦਲਾਂ ਵਲੋਂ ਨਿੱਜੀ ਹਿਤਾਂ ਲਈ ਰਾਜ ਦੇ ਸਰਮਾਏ ਦੀ ਕੀਤੀ ਜਾ ਰਹੀ ਲੁੱਟ ਦੇ ਅੰਕੜੇ ਇਕੱਠੇ ਕਰਨਗੇ ਤੇ ਉਸ ਤੋਂ ਬਾਅਦ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕੀਤਾ ਜਾਵੇਗਾ। ਸੰਗਤ ਦਰਸ਼ਨਾਂ ਨੂੰ ਧੋਖਾਧੜੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਰਾਹੀਂ ਆਪਣੇ ਸਿਆਸੀ ਚਹੇਤਿਆਂ ਨੂੰ ਸਰਕਾਰੀ ਬਜਟ ਲੁਟਾ ਰਹੇ ਹਨ। ਸ਼ਹਿਰੀ ਚੋਣਾਂ ਦਾ ਬਾਈਕਾਟ ਨਾ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਸਾਫ਼ ਅਕਸ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਕਿਹਾ ਗਿਆ ਹੈ।
___________________________________________
ਮਨਪ੍ਰੀਤ ਤੇ ਬਰਾੜ ਦੀ ‘ਆਪ’ ਵਿਚ ਰਲੇਵੇਂ ਦੀ ਚਰਚਾ
ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਪਿੱਛੋਂ ਪੰਜਾਬ ਵਿਚ ਸਿਆਸੀ ਧਿਰਾਂ ਨਾਲ ਸਬੰਧਤ ਕਈ ਸੀਨੀਅਰ ਆਗੂ ‘ਆਪ’ ਵਿਚ ਰਲੇਵੇਂ ਲਈ ਕਾਹਲੇ ਪੈ ਗਏ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਜਗਮੀਤ ਬਰਾੜ ਵਲੋਂ ਵੀ ‘ਆਪ’ ਵਿਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ‘ਤੇ ਹੈ। ਹਾਲਾਂਕਿ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਹਾਲ ਮਨਪ੍ਰੀਤ ਸਿੰਘ ਬਾਦਲ ਦੇ ‘ਆਪ’ ਵਿਚ ਸ਼ਾਮਲ ਹੋਣ ਦੀ ਕੋਈ ਅਰਜ਼ੀ ਨਹੀਂ ਮਿਲੀ ਹੈ। ਜਦੋਂ ਅਰਜ਼ੀ ਮਿਲੇਗੀ ਤਾਂ ਉਸ ਵੇਲੇ ਹੀ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਬਾਰੇ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਗਮੀਤ ਬਰਾੜ ਨੇ ਤਾਂ ਭਾਜਪਾ ਵਿਚ ਸ਼ਾਮਲ ਹੋਣ ਲਈ ਕਾਂਗਰਸ ਛੱਡੀ ਸੀ ਤੇ ਫਿਲਹਾਲ ਉਨ੍ਹਾਂ ਵੀ ‘ਆਪ’ ਕੋਲ ਪਹੁੰਚ ਨਹੀਂ ਕੀਤੀ ਗਈ ਹੈ। ਸ੍ਰੀ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਨੂੰ ਮੁੱਖ ਮੰਤਰੀ ਵਜੋਂ ਉਭਾਰ ਕੇ ਚੋਣ ਨਹੀਂ ਲੜੀ ਜਾਵੇਗੀ ਸਗੋਂ ਚੋਣਾਂ ਤੋਂ ਬਾਅਦ ਲੋਕਤੰਤਰ ਢੰਗ ਨਾਲ ਆਗੂ ਦੀ ਚੋਣ ਕੀਤੀ ਜਾਏਗੀ। ‘ਆਪ’ ਕਨਵੀਨਰ ਨੇ ਸਪਸ਼ਟ ਕੀਤਾ ਕਿ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਧੂਰੀ ਦੀ ਜ਼ਿਮਨੀ ਚੋਣ ਲੜਨ ਦਾ ਐਲਾਨ ਨਿੱਜੀ ਪੱਧਰ ‘ਤੇ ਕੀਤਾ ਗਿਆ ਹੈ ਤੇ ਪਾਰਟੀ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਹੈ।
____________________________________________
ਅਕਾਲੀਆਂ ਨੇ ਦਿੱਲੀ ਵਿਚ ਭਾਜਪਾ ਨੂੰ ਡੋਬਿਆ
‘ਆਪ’ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਵਲੋਂ ਕੀਤੇ ਪ੍ਰਚਾਰ ਕਰਨ ਉਥੇ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ ਕਿਉਂਕਿ ਉਥੇ 18 ਅਜਿਹੇ ਹਲਕੇ ਸਨ ਜਿਥੇ ਜਿੱਤ-ਹਾਰ ਦਾ ਦਾਰੋਮਦਾਰ ਪੰਜਾਬੀਆਂ ਦੇ ਹੱਥ ਸੀ। ਉਨ੍ਹਾਂ ਕਿਹਾ ਕਿ ਸ਼ ਬਾਦਲ ਜਿਸ ਹਲਕੇ ਵਿਚ ਚੋਣ ਪ੍ਰਚਾਰ ਕਰਨ ਜਾਂਦੇ ਸਨ, ਉਥੇ ਚਰਚਾ ਛਿੜ ਜਾਂਦੀ ਸੀ ਕਿ ਅਕਾਲੀ ਸਰਕਾਰ ਪਹਿਲਾਂ ਹੀ ਪੰਜਾਬ ਦਾ ਮੰਦਾ ਹਾਲ ਕਰ ਚੁੱਕੀ ਹੈ ਤੇ ਹੁਣ ਇਨ੍ਹਾਂ ਦੇ ਦਿੱਲੀ ਵਿਚ ਪੈਰ ਨਹੀਂ ਲੱਗਣ ਦਿੱਤੇ ਜਾਣਗੇ।
‘ਆਪ’ ਦੀ ਸੀਨੀਅਰ ਆਗੂ ਪ੍ਰੋæ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਦਿੱਲੀ ਚੋਣਾਂ ਵਿਚ ਪਾਰਟੀ ਦੀ ਜਿੱਤ ਤੋਂ ਬਾਅਦ ਲੋਕ ‘ਆਪ’ ਵੱਲ ਜ਼ਿਆਦਾ ਖਿੱਚੇ ਗਏ ਹਨ। ਪੰਜਾਬ ਦੇ ਲੋਕ ਖ਼ਰਚੀਲੀਆਂ ਚੋਣਾਂ ਤੇ ਦੂਜੀਆਂ ਰਾਜਸੀ ਪਾਰਟੀਆਂ ਅਕਾਲੀ ਦਲ, ਭਾਜਪਾ, ਕਾਂਗਰਸ ਤੋਂ ਅੱਕ ਚੁੱਕੇ ਹਨ। ਲੋਕ ਚਾਹੁੰਦੇ ਹਨ ਕਿ 2017 ਵਿਚ ਅਜਿਹੀ ਪਾਰਟੀ ਪੰਜਾਬ ਦੀ ਵਾਗਡੋਰ ਸੰਭਾਲੇ ਜਿਹੜੀ ਆਮ ਆਦਮੀ ਦੀ ਗੱਲ ਸੁਣੇ ਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢੇ। ਉਨ੍ਹਾਂ ਕਿਹਾ ਕਿ ‘ਮਿਸ਼ਨ 2017’ ਲਈ ਆਮ ਆਦਮੀ ਪਾਰਟੀ ਦਾ ਵਰਕਰ ਜੁਟ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਪੰਜਾਬ ਨਵਾਂ ਇਤਿਹਾਸ ਲਿਖੇਗਾ।
————————–
ਮਿਉਂਸਪਲ ਚੋਣਾਂ: ਮੁੱਦਿਆਂ ਦੀ ਥਾਂ ਤਾਕਤ ਦਿਖਾਉਣ ‘ਚ ਉਲਝੀਆਂ ਸਿਆਸੀ ਧਿਰਾਂ
ਚੰਡੀਗੜ੍ਹ: ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਇਸ ਵਾਰ ਲੋਕ ਮੁੱਦਿਆਂ ਦੀ ਥਾਂ ਸੂਬੇ ਦੀਆਂ ਸਿਆਸੀ ਧਿਰਾਂ ਲਈ ਤਾਕਤ ਵਿਖਾਉਣ ਦਾ ਜ਼ਰੀਆ ਬਣ ਗਈਆਂ ਹਨ। ਸ਼ਹਿਰਾਂ ਅੰਦਰ ਵੱਡਾ ਪ੍ਰਭਾਵ ਹੋਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਭੁਲੇਖਾ ਦੂਰ ਕਰਨ ਲਈ ਅਕਾਲੀ ਦਲ ਵਲੋਂ ਹਰ ਹੀਲਾ ਵਰਤਿਆ ਗਿਆ ਜਦਕਿ ਕਾਂਗਰਸ ਵਿਚ ਕੈਪਟਨ ਤੇ ਬਾਜਵਾ ਨਾਲ ਸਬੰਧਤ ਦੋਵੇਂ ਧਿਰਾਂ ਇਕ ਦੂਜੇ ਨੂੰ ਠੁੱਸ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣ ਵਿਚ ਉਲਝ ਗਈਆਂ।
ਸੂਬੇ ਦੇ ਵੱਖ-ਵੱਖ ਛੇ ਨਗਰ ਨਿਗਮਾਂ ਵਿਚ 300 ਵਾਰਡ ਹਨ ਜਦਕਿ 123 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ 2061 ਵਾਰਡਾਂ ਦੇ ਇਲਾਵਾ 12,581 ਪਿੰਡ ਹਨ।
ਇਨ੍ਹਾਂ ਪਿੰਡਾਂ ਤੇ ਸ਼ਹਿਰਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਨ ਲਈ ਸਭ ਤੋਂ ਅਹਿਮ ਰੋਲ ਪੰਚਾਇਤ ਮੈਂਬਰਾਂ ਤੇ ਨਗਰ ਕੌਂਸਲਰਾਂ ਦਾ ਹੋ ਸਕਦਾ ਹੈ ਪਰ ਇਸ ਵਾਰ ਚੋਣਾਂ ਵਿਚ ਆਮ ਲੋਕਾਂ ਦੀ ਥਾਂ ਸਿਆਸੀ ਧਿਰਾਂ ਨਾਲ ਸਬੰਧਤ ਉਮੀਦਵਾਰ ਹੀ ਚੋਣ ਲੜ ਰਹੇ ਹਨ। ਹਰ ਵਾਰ ਪੰਚਾਇਤੀ ਤੇ ਨਗਰ ਕੌਂਸਲ ਚੋਣਾਂ ਜਿੱਤਣ ਲਈ ਸੱਤਾਧਾਰੀ ਪਾਰਟੀਆਂ ਵਲੋਂ ਅਪਨਾਏ ਜਾਂਦੇ ਵੱਖ-ਵੱਖ ਹੱਥਕੰਡਿਆਂ ਕਾਰਨ ਬਹੁਤੇ ਥਾਂਈਂ ਹਰੇਕ ਵਾਰ ਸੱਤਾਧਾਰੀਆਂ ਦੀ ਜਿੱਤ ਦਾ ਰੁਝਾਨ ਬਣ ਚੁੱਕਾ ਹੈ ਤੇ ਨਤੀਜੇ ਵਜੋਂ ਆਮ ਲੋਕ ਲੋਕਤੰਤਰਿਕ ਪ੍ਰਣਾਲੀ ਵਿਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਨੂੰ ਮਹਿਜ਼ ਇਕ ਖਾਨਾਪੂਰਤੀ ਸਮਝਣ ਲੱਗ ਪਏ ਹਨ।
ਇਸ ਵਾਰ ਅਕਾਲੀ ਦਲ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਨਾਲ ਬਹੁਤੇ ਥਾਂਈਂ ਉਲਝਿਆ ਰਿਹਾ ਹੈ ਤੇ ਕਾਂਗਰਸ ਵੀ ਸੱਤਾਧਾਰੀਆਂ ਨਾਲ ਦੋ ਹੱਥ ਕਰਨ ਦੀ ਬਜਾਏ ਕੈਪਟਨ ਤੇ ਬਾਜਵਾ ਦੇ ਧੜਿਆਂ ਦੀ ਲੜਾਈ ਨਾਲ ਜੂਝਦੀ ਰਹੀ। ਅਜਿਹੀ ਸਥਿਤੀ ਵਿਚ ਇਸ ਵਾਰ ਆਜ਼ਾਦ ਉਮੀਦਵਾਰਾਂ ਦਾ ਵੱਡਾ ਬੋਲਬਾਲਾ ਹੈ, ਜੋ ਕਹਿਣ ਨੂੰ ਤਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ‘ਤੇ ਨਹੀਂ ਲੜ ਰਹੇ ਪਰ ਅਸਲੀਅਤ ਵਿਚ ਇਹ ਗੱਲ ਜੱਗ ਜਾਹਿਰ ਹੈ ਕਿ ਇਸ ਵਾਰ ਜ਼ਿਆਦਾਤਰ ਆਜ਼ਾਦ ਉਮੀਦਵਾਰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਹੀ ਸਬੰਧ ਰੱਖਣ ਵਾਲੇ ਅਜਿਹੇ ਵਰਕਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਆਪਣਾ ਵੱਕਾਰ ਬਚਾਉਣ ਲਈ ਆਪਣੇ ਵਿਰੋਧੀਆਂ ਦੇ ਸਾਹਮਣੇ ਖੜਾ ਕੀਤਾ ਹੋਇਆ ਹੈ।
_______________________________________
ਉਮੀਦਵਾਰਾਂ ਨੇ ਖੁੱਲ੍ਹ ਕੇ ਵਰਤਿਆ ‘ਆਪ’ ਦਾ ਨਾਂ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਵਿਚ ਸ਼ਹਿਰੀ ਸੰਸਥਾਵਾਂ ਲਈ ਚੋਣਾਂ ਵਿਚ ਹਿੱਸਾ ਨਹੀਂ ਲਿਆ ਪਰ ‘ਆਪ’ ਨੂੰ ਦਿੱਲੀ ਵਿਚ ਮਿਲੇ ਭਰਵੇਂ ਹੁੰਗਾਰੇ ਪਿੱਛੋਂ ਇਸ ਵਾਰ ਕਈ ਉਮੀਦਵਾਰਾਂ ਨੇ ਪਾਰਟੀ ਦਾ ਨਾਂ ਵਰਤ ਕੇ ਵੋਟਾਂ ਮੰਗੀਆਂ। ‘ਆਪ’ ਦੀ ਸੂਬਾ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਡਾæ ਦਲਜੀਤ ਸਿੰਘ ਨੇ ਅਜਿਹੇ ਉਮੀਦਵਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਰਟੀ ਹਾਈਕਮਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ‘ਆਪ’ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਇਸ ਲਈ ਅਜਿਹੇ ਮੌਕੇ ਜੇ ਕੋਈ ਵਿਅਕਤੀ ਪਾਰਟੀ ਦੇ ਨਾਂ ਦੀ ਦੁਰਵਰਤੋਂ ਕਰਦੇ ਹੋਏ ਵੋਟਰਾਂ ਨੂੰ ਗੁਮਰਾਹ ਕਰਦਾ ਹੈ ਜਾਂ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ ਤੇ ‘ਆਪ’ ਵਲੋਂ ਅਜਿਹੇ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ। ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ‘ਆਪ’ ਦੇ ਪੰਜਾਬ ਵਿਚ ਚਾਰ ਲੱਖ ਤੋਂ ਵੱਧ ਮੈਂਬਰ ਹਨ ਤੇ ਪਾਰਟੀ ਵਲੋਂ ਇਨ੍ਹਾਂ ਸਾਰੇ ਮੈਂਬਰਾਂ ਦੇ ਪਿਛੋਕੜ ਦੀ ਜਾਂਚ ਪੜਤਾਲ ਨਹੀਂ ਕੀਤੀ ਹੋਈ ਹੈ। ਉਨ੍ਹਾਂ ਆਖਿਆ ਕਿ ਕਿਸੇ ਵਿਅਕਤੀ ਜਾਂ ਮੈਂਬਰ ਦੇ ਪਿਛੋਕੜ ਦੀ ਉਸ ਵੇਲੇ ਹੀ ਜਾਂਚ ਪੜਤਾਲ ਹੁੰਦੀ ਹੈ ਜਦੋਂ ਪਾਰਟੀ ਵਲੋਂ ਚੋਣ ਲੜਨ ਲਈ ਉਸ ਨੂੰ ਪ੍ਰਵਾਨਗੀ ਪੱਤਰ ਤੇ ਚੋਣ ਨਿਸ਼ਾਨ ਦਿੱਤਾ ਜਾਂਦਾ ਹੈ। ਮਾਝੇ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਕਈ ਥਾਂਵਾਂ ‘ਤੇ ਅਜਿਹੇ ਉਮੀਦਵਾਰਾਂ ਕਾਰਨ ਸਖ਼ਤ ਮੁਕਾਬਲਾ ਬਣ ਗਿਆ ਸੀ।