ਅੰਮ੍ਰਿਤਸਰ: ਕੌਮਾਂਤਰੀ ਮਾਂ ਬੋਲੀ ਦਿਸਵ ਮੌਕੇ ਵੱਡੀ ਗਿਣਤੀ ਸਮਾਜ ਸੇਵੀ ਜਥੇਬੰਦੀਆਂ ਤੇ ਭਾਸ਼ਾ ਪ੍ਰੇਮੀਆਂ ਨੇ ਸਰਕਾਰ ਦੇ ਪੰਜਾਬੀ ਭਾਸ਼ਾ ਬਾਰੇ ਅਣਦੇਖੀ ਵਾਲੇ ਰਵੱਈਏ ‘ਤੇ ਚਿੰਤਾ ਪ੍ਰਗਟਾਉਂਦਿਆਂ ਮਾਂ ਬੋਲੀ ਨੂੰ ਬਣਦਾ ਹੱਕ ਦਵਾਉਣ ਲਈ ਇਕ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਪੰਜਾਬ ਰਾਜ ਭਾਸ਼ਾ (ਸੋਧ) ਕਾਨੂੰਨ-2008 ਵਿਚ ਸਜ਼ਾ ਦੀ ਧਾਰਾ ਸ਼ਾਮਲ ਕਰਨ, ਉਚ ਤਾਕਤੀ ਟ੍ਰਿਬਿਊਨਲ ਬਣਾਉਣ ਤੇ ਸਰਕਾਰੀ, ਅਰਧ-ਸਰਕਾਰੀ ਤੇ ਨਿੱਜੀ ਵਿੱਦਿਅਕ ਅਦਾਰਿਆਂ ਵਿਚ 10+2 ਜਮਾਤਾਂ ਤੱਕ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਪੰਜਾਬੀ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਅਗਲਾ ਸੰਘਰਸ਼ ਜਲਦ ਵਿੱਢਣ ਦਾ ਐਲਾਨ ਕੀਤਾ ਗਿਆ।
ਲੋਕ ਮਨਾਂ ਵਿਚ ਪੰਜਾਬੀ ਪ੍ਰਤੀ ਚੇਟਕ ਪੈਦਾ ਕਰਨ ਲਈ ਪੰਜਾਬ ਜਾਗ੍ਰਿਤੀ ਮੰਚ ਤੇ ਸਰਬੱਤ ਦਾ ਭਲਾ ਟਰੱਸਟ ਨੇ ਵੱਖ-ਵੱਖ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਲੰਧਰ ਵਿਚ 5ਵਾਂ ‘ਪੰਜਾਬੀ ਜਾਗ੍ਰਿਤੀ ਮਾਰਚ’ ਕੱਢਿਆ। ਇਹ ਮਾਰਚ ਪੰਜਾਬ ਵਿਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਨੂੰ ਉਜਾਗਰ ਕਰਦਾ ਹੋਇਆ ਪੰਜਾਬੀ ਦੀ ਬਿਹਤਰੀ ਲਈ ਜ਼ਿੰਮੇਵਾਰ ਧਿਰਾਂ ਨੂੰ ਉਨ੍ਹਾਂ ਦਾ ਫਰਜ਼ ਪਛਾਣਨ ਦਾ ਅਹਿਸਾਸ ਵੀ ਕਰਵਾ ਗਿਆ। ਮਾਰਚ ਵਿਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਮਾਰਚ ਵਿਚ ਸ਼ਾਮਲ ਪੰਜਾਬੀ ਪ੍ਰੇਮੀਆਂ ਤੇ ਵਿਦਿਆਰਥੀਆਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਸਥਾਨ ਦਿਵਾਉਣ ਲਈ ਇੱਕਜੁਟ ਹੋ ਕੇ ਹੰਭਲਾ ਮਾਰਨ ਦਾ ਪ੍ਰਣ ਵੀ ਲਿਆ। ਮਾਰਚ ਵਿਚ ਸ਼ਾਮਲ ਸਾਰਿਆਂ ਨੇ ਹੱਥਾਂ ਵਿਚ ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਲਿਖੇ ਨਾਅਰਿਆਂ ਦੀਆਂ ਤਖਤੀਆਂ ਤੇ ਬੈਨਰ ਫੜ੍ਹੇ ਹੋਏ ਸਨ।
ਲੇਖਕਾਂ ਨੇ ਜਨਵਾਦੀ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ‘ਪੰਜਾਬੀ ਭਾਸ਼ਾ ਤੇ ਅਜੋਕੀ ਨੌਜਵਾਨ ਪੀੜ੍ਹੀ’ ਵਿਸ਼ੇ ‘ਤੇ ਕਰਵਾਏ ਸਮਾਗਮ ਵਿਚ ਵਿਦਵਾਨਾਂ ਦੀ ਰਾਏ ਸੀ ਕਿ ਪੰਜਾਬੀ ਭਾਸ਼ਾ ਵਿਚ ਇਹ ਸਮਰੱਥਾ ਹੈ ਕਿ ਇਸ ਵਿਚ ਵਿਗਿਆਨ ਤੇ ਡਾਕਟਰੀ ਦੇ ਵਿਸ਼ੇ ਪੜ੍ਹਾਏ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਮਾਂ ਬੋਲੀ ਪ੍ਰਤੀ ਹੀਣਭਾਵਨਾ ਤਿਆਗੀਏ ਤੇ ਆਪਣੇ ਘਰਾਂ ਵਿਚ ਇਸ ਦੀ ਵਰਤੋਂ ਨੂੰ ਪਹਿਲ ਦਈਏ। ਇਹ ਸਮਾਗਮ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਨੂੰ ਸਮਰਪਤ ਸੀ।
ਇਸ ਮੌਕੇ ਪੰਜਾਬੀ ਸਾਹਿਤ ਦੇ ਨਾਮਵਰ ਕਥਾਕਾਰ ਮਨਮੋਹਨ ਬਾਵਾ ਨੂੰ ਜਨਵਾਦੀ ਲੇਖਕ ਸੰਘ ਵਲੋਂ ਪਹਿਲਾ ‘ਤਲਵਿੰਦਰ ਸਿੰਘ ਯਾਦਗਾਰੀ ਐਵਾਰਡ’ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਤੇ ਪ੍ਰਸਿੱਧ ਆਲੋਚਕ ਡਾæ ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਨਾ ਮਿਲਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨੇ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਵਿਚ ਸਿੱਖਿਆ ਦੇਣ ਤੋਂ ਬਿਨਾਂ ਬੱਚੇ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ। ਪੰਜਾਬੀ ਭਾਸ਼ਾ ਦੀ ਅਮੀਰੀ ਹਰੇਕ ਕਾਲ ਵਿਚ ਸਿਖਰ ‘ਤੇ ਰਹੀ ਹੈ ਤੇ ਇਸ ਨੂੰ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਭਾਸ਼ਾ ਪ੍ਰਤੀ ਆਪਣੇ ਨਜ਼ਰੀਏ ਨੂੰ ਸਮਝਣ ਦੀ ਲੋੜ ਹੈ ਤੇ ਇਸ ਦੇ ਵਿਕਾਸ ਲਈ ਇਸ ਨੂੰ ਦਰਪੇਸ਼ ਮਸਲਿਆਂ ਨੂੰ ਵਿਚਾਰਨ ਦੀ ਲੋੜ ਹੈ।
ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਨੇ ਮੰਚ ਵਲੋਂ ਦਿੱਤੇ ਮੰਗ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਹਰ ਪੱਧਰ ‘ਤੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਸਾਰੇ ਸਕੂਲਾਂ ਵਿਚ ਦਸਵੀਂ ਤੱਕ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਨ ਬਾਰੇ ਹੁਕਮ ਜਾਰੀ ਹੋ ਚੁੱਕੇ ਹਨ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਵਿੱਦਿਅਕ ਅਦਾਰਿਆਂ ਵਿਚ ਹਰ ਹਾਲਤ ਵਿਚ ਪੰਜਾਬੀ ਲਾਗੂ ਕੀਤੀ ਜਾਵੇਗੀ ਤੇ ਅਜਿਹਾ ਨਾ ਕਰਨ ਵਾਲੇ ਸਕੂਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਪੰਜਾਬੀ ਬੋਲਣ ‘ਤੇ ਪਾਬੰਦੀ ਲਾਉਣ ਦਾ ਕੋਈ ਹੱਕ ਨਹੀਂ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲੈਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧੂਰਾ ਨਹੀਂ ਪੂਰਾ ਚੰਡੀਗੜ੍ਹ ਲੈਣ ਦੇ ਹੱਕ ਵਿਚ ਹੈ ਤੇ ਇਸ ਲਈ ਯਤਨ ਵੀ ਕੀਤੇ ਜਾ ਰਹੇ ਹਨ। ਉਹ ਇਨ੍ਹਾਂ ਮਤਿਆ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚਾਉਣਗੇ ਤੇ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ।
____________________________
ਪੰਜਾਬੀ ਨਾਲ ਧੱਕਾ ਕਰਨ ਵਾਲਿਆਂ ਖਿਲਾਫ ਕਾਰਵਾਈ ਮੰਗੀ
ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਕਰਵਾਏ ਕੌਮੀ ਸੈਮੀਨਾਰ ਦੌਰਾਨ ਮੰਗ ਕੀਤੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਗੈਰ-ਸੰਵਿਧਾਨਕ ਢੰਗ ਨਾਲ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਲਾਗੂ ਕਰਨ ਦੇ ਜ਼ਿੰਮੇਵਾਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਸਬੰਧਤ ਆਈæਏæਐਸ਼ ਅਧਿਕਾਰੀਆਂ ਖਿਲਾਫ ਅਪਰਾਧਕ ਕੇਸ ਦਰਜ ਕੀਤੇ ਜਾਣ। ਸੈਮੀਨਾਰ ਦੌਰਾਨ ਸਪੱਸ਼ਟ ਕੀਤਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਦੇਸ਼ ਦੀ ਪਾਰਲੀਮੈਂਟ ਫੈਸਲਾ ਲੈ ਚੁੱਕੀ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਸੰਵਿਧਾਨ ਵਿਚ ਸਪੱਸ਼ਟ ਹੈ ਕਿ ਕਿਸੇ ਵੀ ਖਿੱਤੇ ਦੀ ਸਰਕਾਰੀ ਭਾਸ਼ਾ ਉਥੋਂ ਦੇ ਬਾਸ਼ਿੰਦਿਆਂ ਦੀ ਮਾਂ ਬੋਲੀ ‘ਤੇ ਆਧਾਰਤ ਹੁੰਦੀ ਹੈ ਪਰ ਯੂæਟੀæ ਦੇ ਪ੍ਰਸ਼ਾਸਕ (ਜੋ ਪੰਜਾਬ ਦੇ ਰਾਜਪਾਲ ਵੀ ਹਨ) ਤੇ ਸਬੰਧਤ ਆਈæਏæਐਸ਼ ਅਧਿਕਾਰੀਆਂ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਇਥੋਂ ਦੇ ਵਸਨੀਕਾਂ ਦੀ ਮਾਂ ਬੋਲੀ ਦੀ ਕੀਮਤ ‘ਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਦਾ ਰੁਤਬਾ ਦਿੱਤਾ ਹੈ, ਜੋ ਅਪਰਾਧ ਹੈ। ਸਭਾ ਨੇ ਇਸ ਮੁੱਦੇ ਉਤੇ ਸੰਵਿਧਾਨਕ ਤੌਰ ‘ਤੇ ਲੜਾਈ ਵਿੱਢਣ ਦਾ ਫ਼ੈਸਲਾ ਲਿਆ ਹੈ।
__________________________
ਅਮਰੀਕੀਆਂ ਦਾ ਭਾਰਤੀ ਭਾਸ਼ਾਵਾਂ ਲਈ ਰੁਝਾਨ ਘਟਿਆ
ਵਾਸ਼ਿੰਗਟਨ: ਅਮਰੀਕੀ ਵਿਦਿਆਰਥੀਆਂ ਦਾ ਭਾਰਤੀ ਭਾਸ਼ਾਵਾਂ ਨੂੰ ਪੜ੍ਹਨ ਦਾ ਰੁਝਾਨ ਘਟਦਾ ਜਾ ਰਿਹਾ ਹੈ। ਇਸੇ ਤਰ੍ਹਾਂ 2009 ਤੋਂ 2013 ਤੱਕ ਅਮਰੀਕਾ ਦੇ ਵਿਦਿਆਰਥੀਆਂ ਨੇ ਕੋਰੀਅਨ, ਅਮਰੀਕੀ ਸੰਕੇਤ ਭਾਸ਼ਾ, ਪੁਰਤਗਾਲੀ ਤੇ ਚੀਨੀ ਭਾਸ਼ਾਵਾਂ ਵਿਚ ਵਧੇਰੇ ਦਿਲਚਸਪੀ ਦਿਖਾਈ। ਦੱਖਣੀ ਏਸ਼ੀਆ ਦੀ ਮਾਡਰਨ ਲੈਂਗੂਏਜ਼ ਐਸੋਸੀਏਸ਼ਨ (ਐਮæਐਲ਼ਏæ) ਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਅਮਰੀਕਾ ਦੇ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਲੋਂ ਭਾਰਤੀ ਭਾਸ਼ਾਵਾਂ ਨੂੰ ਘੱਟ ਚੁਣਿਆ ਜਾ ਰਿਹਾ ਹੈ ਜਦਕਿ ਅਰਬੀ, ਚੀਨੀ ਜਾਂ ਕੋਰੀਅਨ ਭਾਸ਼ਾਵਾਂ ਬਾਰੇ ਵਧੇਰੇ ਦਿਲਚਸਪੀ ਦਿਖਾਈ ਜਾ ਰਹੀ ਹੈ। ਅਮਰੀਕਾ ਵਿਚ ਹੋਏ 9/11 ਹਮਲੇ ਮਗਰੋਂ ਵੀ ਅਰਬੀ ਭਾਸ਼ਾ ਨੂੰ ਜਾਣਨ ਵਾਸਤੇ ਅਮਰੀਕੀ ਵਿਦਿਆਰਥੀਆਂ ਨੇ ਵਧੇਰੇ ਰੁਝਾਨ ਦਿਖਾਇਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਸਾਲ 2009 ਤੱਕ ਭਾਰਤੀ ਭਾਸ਼ਾਵਾਂ ਬਾਰੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 3924 ਸੀ ਜੋ 2013 ਤੱਕ ਘੱਟ ਕੇ 3090 ਰਹਿ ਗਈ। ਇਨ੍ਹਾਂ ਵਿਚ ਹਿੰਦੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1800, ਹਿੰਦੀ-ਉਰਦੂ ਦੇ ਵਿਦਿਆਰਥੀਆਂ ਦੀ ਗਿਣਤੀ 533, ਉਰਦੂ ਪੜ੍ਹਨ ਵਾਲੇ ਵਿਦਿਆਰਥੀ 349, ਪੰਜਾਬੀ ਪੜ੍ਹਨ ਵਾਲੇ 124, ਤਾਮਿਲ ਪੜ੍ਹਨ ਵਾਲੇ 82, ਬੰਗਾਲੀ ਪੜ੍ਹਨ ਵਾਲੇ 64, ਤੈਲਗੂ ਪੜ੍ਹਨ ਵਾਲੇ 51, ਮਲਿਆਲਮ ਪੜ੍ਹਨ ਵਾਲੇ 44, ਨੇਪਾਲੀ ਪੜ੍ਹਨ ਵਾਲੇ 27, ਗੁਜਰਾਤੀ ਪੜ੍ਹਨ ਵਾਲੇ 6 ਅਤੇ ਮਰਾਠੀ ਪੜ੍ਹਨ ਵਾਲੇ 5 ਵਿਦਿਆਰਥੀ ਸ਼ਾਮਲ ਹਨ।
ਇਸ ਦੇ ਉਲਟ ਅਮਰੀਕਾ ਵਿਚ ਜਪਾਨੀ ਭਾਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 67 ਹਜ਼ਾਰ, ਚੀਨੀ ਭਾਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 61 ਹਜ਼ਾਰ ਤੇ ਕੋਰੀਅਨ ਭਾਸ਼ਾ ਦੇ ਵਿਦਿਆਰਥੀਆਂ ਦੀ ਗਿਣਤੀ 12 ਹਜ਼ਾਰ ਤੱਕ ਹੈ। ਮਾਡਰਨ ਲੈਂਗੂਏਜ਼ ਐਸੋਸੀਏਸ਼ਨ ਅਨੁਸਾਰ ਅਮਰੀਕੀ ਵਿਦਿਆਰਥੀਆਂ ਵਲੋਂ ਵਿਦੇਸ਼ੀ ਭਾਸ਼ਾ ਪੜ੍ਹਨ ਬਾਰੇ ਜੇਕਰ ਸਾਰ ਕੱਢਿਆ ਜਾਵੇ ਤਾਂ ਉਹ ਭਾਰਤੀ ਭਾਸ਼ਾਵਾਂ ਨੂੰ ਬਹੁਤ ਘੱਟ ਤਰਜੀਹ ਦਿੰਦੇ ਹਨ। ਅਮਰੀਕਾ ਵਿਚ ਜਿਸ ਵਿਦੇਸ਼ੀ ਭਾਸ਼ਾ ਦੀ ਸਭ ਤੋਂ ਵੱਧ ਪੜ੍ਹਾਈ ਕੀਤੀ ਜਾਂਦੀ ਹੈ ਉਸ ਵਿਚ ਸਭ ਤੋਂ ਅੱਗੇ ਸਪੇਨ ਦੀ ਭਾਸ਼ਾ ਹੈ ਜਿਸ ਦੇ ਵਿਦਿਆਰਥੀਆਂ ਦੀ ਗਿਣਤੀ ਅੱਠ ਲੱਖ ਹੈ ਤੇ ਦੂਸਰੇ ਨੰਬਰ ‘ਤੇ ਫਰੈਂਚ ਭਾਸ਼ਾ ਆਉਂਦੀ ਹੈ ਜਿਸ ਦੇ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ ਦੋ ਲੱਖ ਹੈ।