ਸਾਬਕਾ ਵਿਧਾਇਕ ਪਏ ਖਜ਼ਾਨੇ ਉਤੇ ਭਾਰੂ

ਬਠਿੰਡਾ: ਸਰਕਾਰੀ ਖਜ਼ਾਨੇ ਨੂੰ ਮੌਜੂਦਾ ਨਾਲੋਂ ਸਾਬਕਾ ਵਿਧਾਇਕਾਂ ਦਾ ਇਲਾਜ ਕਾਫ਼ੀ ਮਹਿੰਗਾ ਪੈ ਰਿਹਾ ਹੈ। ਪਿਛਲੇ ਅੱਠ ਵਰ੍ਹਿਆਂ (2007-08 ਤੋਂ 2014-15) ਦੌਰਾਨ ਸਾਬਕਾ ਵਿਧਾਇਕਾਂ ਦੇ ਇਲਾਜ ਦਾ ਖਰਚਾ ਤਕਰੀਬਨ ਦਸ ਗੁਣਾ ਵਧ ਗਿਆ ਹੈ। ਸਾਬਕਾ ਵਿਧਾਇਕਾਂ ਦਾ ਇਲਾਜ ਖਜ਼ਾਨੇ ਨੂੰ ਪੌਣੇ ਤਕਰੀਬਨ ਛੇ ਕਰੋੜ ਵਿਚ ਪਿਆ ਹੈ।

ਵਿਧਾਨ ਸਭਾ ਸਕੱਤਰੇਤ ਨੂੰ ਸਾਬਕਾ ਵਿਧਾਇਕਾਂ ਲਈ ਹੁਣ ਵਾਧੂ ਬਜਟ ਲੈਣਾ ਪੈਂਦਾ ਹੈ। ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦਾ ਇਲਾਜ ਸਰਕਾਰੀ ਖ਼ਜ਼ਾਨੇ ਨੂੰ ਸਭ ਤੋਂ ਮਹਿੰਗਾ ਪਿਆ ਹੈ।
ਬਰਾੜ ਪਰਿਵਾਰ ਦੇ ਮੈਡੀਕਲ ਬਿੱਲਾਂ ਦਾ ਖਰਚਾ ਹੁਣ ਬਾਦਲ ਪਰਿਵਾਰ ਦੇ ਮੈਡੀਕਲ ਖਰਚੇ ਤੋਂ ਵੱਧ ਗਿਆ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਦੇ ਸਾਬਕਾ ਵਿਧਾਇਕਾਂ ਦੇ ਇਲਾਜ ‘ਤੇ ਸਾਲ 2007-09 ਵਿਚ 11æ05 ਲੱਖ ਰੁਪਏ ਖਰਚ ਆਏ ਸਨ ਜਦਕਿ ਸਾਲ 2013-14 ਵਿਚ ਇਹ ਇਲਾਜ ਖਰਚਾ ਵਧ ਕੇ 1æ12 ਕਰੋੜ ਹੋ ਗਿਆ ਹੈ। ਮੌਜੂਦਾ ਚਾਲੂ ਮਾਲੀ ਦੌਰਾਨ ਇਹ ਇਲਾਜ ਖਰਚਾ 93 ਲੱਖ ਤੱਕ ਪੁੱਜ ਗਿਆ ਹੈ।
ਪੰਜਾਬ ਦੇ 56 ਸਾਬਕਾ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੇ ਇਲਾਜ ‘ਤੇ ਪਿਛਲੇ ਅੱਠ ਵਰ੍ਹਿਆਂ ਦੌਰਾਨ ਇਕ-ਇਕ ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚ ਆਇਆ ਹੈ। ਸਾਬਕਾ ਵਿਧਾਇਕ ਮਰਹੂਮ ਕੰਵਰਜੀਤ ਸਿੰਘ ਬਰਾੜ ਦਾ ਕਾਫ਼ੀ ਸਮਾਂ ਵਿਦੇਸ਼ ਵਿਚ ਇਲਾਜ ਚੱਲਿਆ, ਜਿਸ ‘ਤੇ 3æ43 ਕਰੋੜ ਰੁਪਏ ਖਰਚਾ ਹੋਇਆ। ਬਰਾੜ ਪਰਿਵਾਰ ਵਿਚੋਂ ਹੀ ਸਾਬਕਾ ਵਿਧਾਇਕ ਗੁਰਬਿੰਦਰ ਕੌਰ ਬਰਾੜ ਦਾ ਇਲਾਜ ਖਰਚ 20æ62 ਲੱਖ ਰੁਪਏ ਰਿਹਾ ਹੈ। ਇਸ ਵਿਧਾਇਕਾ ਦੀ ਲੜਕੀ ਬਬਲੀ ਬਰਾੜ ਦੇ ਇਲਾਜ ‘ਤੇ 16æ22 ਲੱਖ ਰੁਪਏ ਖਰਚ ਆਏ। ਬਰਾੜ ਪਰਿਵਾਰ ਵਿਚੋਂ ਮੌਜੂਦਾ ਵਿਧਾਇਕਾ ਕਰਨ ਕੌਰ ਦੇ ਨਾਮ ‘ਤੇ ਸਾਲ 2011-12 ਅਤੇ 2012-13 ਵਿਚ 92æ57 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ। ਮੁੱਖ ਮੰਤਰੀ ਪੰਜਾਬ ਦੇ ਪਰਿਵਾਰ ਦਾ ਮੈਡੀਕਲ ਖਰਚ 3æ59 ਕਰੋੜ ਸੀ ਪਰ ਬਰਾੜ ਪਰਿਵਾਰ ਦਾ ਮੈਡੀਕਲ ਖਰਚ ਹੁਣ ਇਸ ਨਾਲੋਂ ਜ਼ਿਆਦਾ ਵਧ ਗਿਆ ਹੈ। ਨਿਯਮਾਂ ਅਨੁਸਾਰ ਸਾਬਕਾ ਵਿਧਾਇਕ ਤੇ ਉਸ ਦੇ ਵਾਰਸਾਂ ਦਾ ਇਲਾਜ ਸਰਕਾਰੀ ਖਰਚੇ ‘ਤੇ ਹੁੰਦਾ ਹੈ।
ਸਾਬਕਾ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਸੰਗਰੂਰ ਦਾ ਪ੍ਰਤੀਕਰਮ ਸੀ ਕਿ ਕਾਫ਼ੀ ਸਾਬਕਾ ਵਿਧਾਇਕ ਇਸ ਵੇਲੇ ਬੁਢਾਪੇ ਵਿਚ ਹਨ, ਜਿਸ ਕਰਕੇ ਉਨ੍ਹਾਂ ਦੇ ਇਲਾਜ ਖਰਚ ਵਿਚ ਵਾਧਾ ਹੋਇਆ ਹੈ। ਮੌਜੂਦਾ ਵਿਧਾਇਕ ਉਮਰ ਦੇ ਲਿਹਾਜ਼ ਨਾਲ ਤਕੜੇ ਹਨ ਜਿਸ ਕਰਕੇ ਉਨ੍ਹਾਂ ਦਾ ਮੈਡੀਕਲ ਖਰਚ ਘੱਟ ਹੁੰਦਾ ਹੈ।
ਸਰਕਾਰੀ ਵੇਰਵਿਆਂ ਅਨੁਸਾਰ ਮਰਹੂਮ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਭੱਠਲ ਦਾ ਇਲਾਜ ਖਰਚ 7æ60 ਲੱਖ ਰੁਪਏ ਤੇ ਰਾਜਮਹਿੰਦਰ ਸਿੰਘ ਮਜੀਠਾ ਦਾ ਮੈਡੀਕਲ ਖਰਚ 5æ67 ਲੱਖ ਰੁਪਏ ਰਿਹਾ ਅਤੇ ਸਾਬਕਾ ਵਿਧਾਇਕ ਉਪਿੰਦਰਜੀਤ ਕੌਰ ਦਾ ਮੈਡੀਕਲ ਖਰਚ 4æ35 ਲੱਖ ਰੁਪਏ। ਦੂਜੇ ਪਾਸੇ ਸਾਲ 2011-12 ਵਿਚ ਤਤਕਾਲੀ ਵਿਧਾਇਕਾਂ ਦਾ ਮੈਡੀਕਲ ਖਰਚ 18æ15 ਲੱਖ ਰੁਪਏ ਆਇਆ ਜਦਕਿ ਸਾਬਕਾ ਵਿਧਾਇਕਾਂ ‘ਤੇ ਇਕ ਸਾਲ ਵਿਚ 75 ਲੱਖ ਰੁਪਏ ਖਰਚ ਹੋਏ। ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਨੇ ਆਖਿਆ ਕਿ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਲਈ ਮੈਡੀਕਲ ਖਰਚ ਦੀ ਕੋਈ ਸੀਮਾ ਨਹੀਂ ਹੈ। ਸਿਹਤ ਵਿਭਾਗ ਵਲੋਂ ਪਾਸ ਕੀਤੇ ਬਿੱਲਾਂ ਦੀ ਅਦਾਇਗੀ ਸਕੱਤਰੇਤ ਵਲੋਂ ਕੀਤੀ ਜਾਂਦੀ ਹੈ। ਸਿਹਤ ਵਿਭਾਗ ਨਿਯਮ ਅਨੁਸਾਰ ਮੈਡੀਕਲ ਬਿੱਲ ਪਾਸ ਕਰਦਾ ਹੈ ਤੇ ਹਰ ਸਾਲ ਪਿਛਲੇ ਖਰਚੇ ਤੋਂ ਅਨੁਮਾਨ ਲਗਾ ਕੇ ਮੈਡੀਕਲ ਦਾ ਬਜਟ ਪੰਜ ਤੋਂ 10 ਫੀਸਦੀ ਵਧਾ ਕੇ ਸਰਕਾਰ ਤੋਂ ਲਿਆ ਜਾਂਦਾ ਹੈ।
__________________________________
ਮਰਹੂਮ ਵਿਧਾਇਕਾਂ ਦੇ ਪਰਿਵਾਰ ਵੀ ਬਣੇ ਬੋਝ
ਕਈ ਸਾਬਕਾ ਵਿਧਾਇਕ ਜਹਾਨੋਂ ਚਲੇ ਗਏ ਹਨ ਤੇ ਸਰਕਾਰੀ ਖਰਚੇ ‘ਤੇ ਉਨ੍ਹਾਂ ਦੇ ਪਰਿਵਾਰਾਂ ਦਾ ਇਲਾਜ ਚੱਲ ਰਿਹਾ ਹੈ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਦੀ ਪਤਨੀ ਗੁਰਇਕਬਾਲ ਕੌਰ ਦੇ ਇਲਾਜ ਦਾ 24æ35 ਲੱਖ ਦਾ ਖਰਚਾ ਸਰਕਾਰ ਨੇ ਝੱਲਿਆ ਹੈ ਜਦਕਿ ਪ੍ਰਕਾਸ਼ ਸਿੰਘ ਦੇ ਇਲਾਜ ‘ਤੇ 6æ21 ਲੱਖ ਰੁਪਏ ਵੱਖਰੇ ਖਰਚ ਆਏ। ਇਵੇਂ ਸਾਬਕਾ ਵਿਧਾਇਕ ਰਮੇਸ਼ ਚੰਦਰ ਡੋਗਰਾ ਤੇ ਉਸ ਦੀ ਪਤਨੀ ਸੁਰਿੰਦਰ ਡੋਗਰਾ ਦੇ ਇਲਾਜ ਦਾ ਖਰਚਾ 26æ54 ਲੱਖ ਰੁਪਏ ਸਰਕਾਰ ਨੇ ਤਾਰਿਆ। ਲੰਘੇ ਅੱਠ ਵਰ੍ਹਿਆਂ ਦੌਰਾਨ 15 ਸਾਬਕਾ ਵਿਧਾਇਕਾਂ ਦੀਆਂ ਪਤਨੀਆਂ ਦਾ ਇਲਾਜ ਸਰਕਾਰੀ ਖਰਚੇ ‘ਤੇ ਹੋਇਆ ਹੈ। ਹਰ ਮਹਿਲਾ ਦੇ ਇਲਾਜ ‘ਤੇ ਡੇਢ ਲੱਖ ਤੋਂ ਜ਼ਿਆਦਾ ਖਰਚਾ ਆਇਆ ਹੈ। ਸਾਬਕਾ ਵਿਧਾਇਕ ਹਰਗੋਪਾਲ ਸਿੰਘ ਦੇ ਇਲਾਜ ਖਰਚ 20æ87 ਲੱਖ ਵੀ ਸਰਕਾਰੀ ਖ਼ਜ਼ਾਨੇ ਵਿਚੋਂ ਤਾਰਿਆ ਗਿਆ ਹੈ ਜਦਕਿ ਸਾਬਕਾ ਵਿਧਾਇਕ ਗੁਰਚਰਨ ਸਿੰਘ ਗਾਲਿਬ ਦੇ ਇਲਾਜ ‘ਤੇ ਵੀ ਸਰਕਾਰ ਨੇ 10æ58 ਲੱਖ ਰੁਪਏ ਖਰਚ ਕੀਤੇ। ਸਾਬਕਾ ਵਿਧਾਇਕ ਰਣਜੀਤ ਸਿੰਘ ਬਾਲੀਆ ਨੂੰ 10æ20 ਲੱਖ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਦੇ 9 ਲੱਖ ਦੇ ਮੈਡੀਕਲ ਬਿੱਲ ਦੀ ਅਦਾਇਗੀ ਵੀ ਕੀਤੀ ਗਈ ਹੈ।