ਅੰਮ੍ਰਿਤਸਰ: ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦੌਰਾਨ ਹੋਈ ਮੱਧਕਾਲੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਜੇਤੂ ਰਿਹਾ। ਇਸ ਚੋਣ ਵਿਚ ਜਥੇਦਾਰ ਅਵਤਾਰ ਸਿੰਘ ਮੱਕੜ ਬਿਨਾਂ ਮੁਕਾਬਲਾ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ।
ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਕੁੱਲ 15 ਮੈਂਬਰਾਂ ਵਿਚੋਂ ਸੱਤ ਮੈਂਬਰ ਚੁਣੇ ਹੋਏ, ਪੰਜ ਮੈਂਬਰ ਨਾਮਜ਼ਦ ਤੇ ਤਿੰਨ ਸਥਾਨਕ ਮੈਂਬਰ ਸ਼ਾਮਲ ਹਨ।
ਜਥੇਦਾਰ ਮੱਕੜ ਤੋਂ ਪਹਿਲਾਂ ਪੰਜਾਬ ਤੋਂ ਮਹਿੰਦਰ ਸਿੰਘ ਰੁਮਾਣਾ ਐਡਵੋਕੇਟ (ਸ਼੍ਰੋਮਣੀ ਕਮੇਟੀ ਮੈਂਬਰ) ਵੀ ਉਥੋਂ ਦੇ ਪ੍ਰਧਾਨ ਰਹਿ ਚੁੱਕੇ ਹਨ। ਪ੍ਰਬੰਧਕੀ ਕਮੇਟੀ ਦੇ 15 ਮੈਂਬਰਾਂ ਦੀ ਚੋਣ ਪੰਜ ਸਾਲਾਂ ਲਈ ਹੁੰਦੀ ਹੈ ਤੇ ਢਾਈ ਸਾਲ ਬਾਅਦ ਮੱਧਕਾਲੀ ਚੋਣ ਵਿਚ ਅਹੁਦੇਦਾਰ ਚੁਣੇ ਜਾਂਦੇ ਹਨ। ਇਹ ਚੋਣ ਜ਼ਿਲ੍ਹਾ ਜੱਜ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਅੱਠ ਮੈਂਬਰ ਸਨ ਜਦਕਿ ਦੂਜੀ ਧਿਰ ਦੇ ਸੱਤ ਮੈਂਬਰਾਂ ਵਿਚੋਂ ਸਿਰਫ਼ ਪੰਜ ਮੈਂਬਰ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਦੇ ਉਮੀਦਵਾਰ ਵਜੋਂ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਨਾਂ ਪੇਸ਼ ਕੀਤਾ ਗਿਆ ਤੇ ਦੂਜੇ ਪਾਸਿਉਂ ਪ੍ਰਧਾਨ ਦੇ ਉਮੀਦਵਾਰ ਲਈ ਕੋਈ ਨਾਂ ਨਾ ਪੇਸ਼ ਹੋਣ ‘ਤੇ ਜਥੇਦਾਰ ਮੱਕੜ ਨੂੰ ਨਿਰਵਿਰੋਧ ਪ੍ਰਧਾਨ ਐਲਾਨ ਦਿੱਤਾ ਗਿਆ। ਮਗਰੋਂ ਸੀਨੀਅਰ ਮੀਤ ਪ੍ਰਧਾਨ ਸ਼ੈਲਿੰਦਰ ਸਿੰਘ ਟਾਟਾ ਨਗਰ, ਜੂਨੀਅਰ ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ, ਜਨਰਲ ਸਕੱਤਰ ਤਰਜਿੰਦਰ ਸਿੰਘ ਤੇ ਸਕੱਤਰ ਮਹਿੰਦਰ ਸਿੰਘ ਛਾਬੜਾ ਨੂੰ ਚੁਣਿਆ ਗਿਆ।
ਚੋਣ ਮਗਰੋਂ ਸਾਬਕਾ ਪ੍ਰਧਾਨ ਡਾæ ਆਰæਐਸ਼ ਗਾਂਧੀ ਨੇ ਅਹੁਦੇ ਦਾ ਕਾਰਜਭਾਰ ਜਥੇਦਾਰ ਅਵਤਾਰ ਸਿੰਘ ਨੂੰ ਸੌਂਪਿਆ। ਕੁੱਲ 15 ਮੈਂਬਰਾਂ ਵਿਚੋਂ ਹਰਵਿੰਦਰਪਾਲ ਸਿੰਘ ਸਰਨਾ (ਦਿੱਲੀ) ਸਾਬਕਾ ਪ੍ਰਧਾਨ ਦਿੱਲੀ ਕਮੇਟੀ ਤੇ ਚੀਫ ਖਾਲਸਾ ਦੀਵਾਨ ਵਲੋਂ ਮੈਂਬਰ ਜਸਪਾਲ ਸਿੰਘ ਗ਼ੈਰ ਹਾਜ਼ਰ ਰਹੇ। ਪ੍ਰਧਾਨ ਚੁਣੇ ਜਾਣ ਮਗਰੋਂ ਜਥੇਦਾਰ ਮੱਕੜ ਨੇ ਕਿਹਾ ਕਿ 14 ਮਾਰਚ ਨੂੰ ਪ੍ਰਬੰਧਕੀ ਕਮੇਟੀ ਦੇ ਬਜਟ ਬਾਰੇ ਮੀਟਿੰਗ ਰੱਖੀ ਗਈ ਹੈ ਤੇ ਬਜਟ ਪਾਸ ਕੀਤਾ ਜਾਵੇਗਾ। ਦਿੱਲੀ ਅਕਾਲੀ ਦਲ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋਣ ਨਾਲ ਉਥੇ ਵੀ ਪੰਜਾਬ ਵਰਗੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਹੈ।
____________________________________
ਗਿਆਨੀ ਇਕਬਾਲ ਸਿੰਘ ਦਾ ਸੰਕਟ ਵੀ ਟਲਿਆ
ਜਥੇਦਾਰ ਅਵਤਾਰ ਸਿੰਘ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵੀ ਪ੍ਰਧਾਨ ਚੁਣੇ ਜਾਣ ਨਾਲ ਗਿਆਨੀ ਇਕਬਾਲ ਸਿੰਘ ਦੀ ਜਥੇਦਾਰੀ ‘ਤੇ ਬਣਿਆ ਸੰਕਟ ਵੀ ਹਾਲ ਦੀ ਘੜੀ ਟਲ ਗਿਆ ਹੈ। ਜ਼ਿਕਰਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੂੰ ਲਾਂਭੇ ਕਰਨ ਦੇ ਸਥਾਨਕ ਮੈਂਬਰਾਂ ਵਲੋਂ ਯਤਨਾਂ ਦੌਰਾਨ ਪਿਛਲੇ ਸਾਲ ਉਕਤ ਵਿਵਾਦ ਖੜ੍ਹਾ ਹੋਇਆ ਸੀ ਤੇ ਜਿਥੇ ਕਮੇਟੀ ਵਲੋਂ ਜਥੇਦਾਰ ਨੂੰ ਬਰਖਾਸਤ ਕਰ ਦਿੱਤਾ ਗਿਆ, ਉਥੇ ਜਥੇਦਾਰ ਨੇ ਕਮੇਟੀ ਮੈਂਬਰਾਂ ਦੀ ਜਾਇਜ਼ਤਾ ਨੂੰ ਅਦਾਲਤ ਵਿਚ ਚਣੌਤੀ ਦਿੱਤੀ ਸੀ। ਗਿਆਨੀ ਇਕਬਾਲ ਸਿੰਘ ਦੇ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨ ‘ਤੇ ਵੀ ਸਿੱਖ ਹਲਕਿਆਂ ਵਿਚ ਉਨ੍ਹਾਂ ਵਿਰੁਧ ਰੋਸ ਸੀ। ਇਸੇ ਦੌਰਾਨ ਹੀ ਜਥੇਦਾਰ ਮੱਕੜ ਨੇ ਮੈਂਬਰ ਵਜੋਂ ਉਥੇ ਪੁੱਜਦਿਆਂ ਕੋਰਮ ਪੂਰਾ ਕਰ ਕੇ ਜਥੇਦਾਰ ਨੂੰ ਬਹਾਲ ਰੱਖਦਿਆਂ ਮਾਮਲਾ ਨਿਬੇੜ ਦਿੱਤਾ ਸੀ।