ਬਠਿੰਡਾ: ਪੰਜਾਬ ਵਿਚ ਵਿਦਿਆਰਥੀਆਂ ਨੇ ਤਕਨੀਕੀ ਸਿੱਖਿਆ ਤੋਂ ਮੂੰਹ ਫੇਰ ਲਿਆ ਹੈ। ਸੂਬੇ ਵਿਚ ਜ਼ਿਆਦਾਤਰ ਤਕਨੀਕੀ ਕਾਲਜ ਵਿਦਿਆਰਥੀਆਂ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ ਸਰਕਾਰੀ ਬਹੁ-ਤਕਨੀਕੀ ਕਾਲਜ ਵਿਚ ਕੋਈ ਵਿਦਿਆਰਥੀ ਨਹੀਂ ਹੈ। ਇਸ ਕਾਲਜ ਵਿਚ ਲੈਕਚਰਾਰ ਵੀ ਨਹੀਂ ਹੈ।
ਉਂਜ ਕਾਲਜ ਕੈਂਪਸ ਵਿਚ ਨਾਨ-ਟੀਚਿੰਗ ਸਟਾਫ ਦੇ 11 ਮੈਂਬਰ ਹਨ। ਕਾਲਜ ਦੇ ਪੱਲੇ ਇਕ ਇਮਾਰਤ ਹੀ ਹੈ, ਜਿਸ ਦੀ ਰਾਖੀ ਲਈ ਪੈਸਕੋ ਦੇ ਚਾਰ ਮੁਲਾਜ਼ਮ ਤਾਇਨਾਤ ਹਨ।
ਬਰੇਟਾ ਕਾਲਜ ਵਿਚ ਪਹਿਲੇ ਵਰ੍ਹੇ 20 ਵਿਦਿਆਰਥੀ ਤੇ ਦੂਜੇ ਸਾਲ ਦੋ ਵਿਦਿਆਰਥੀਆਂ ਨੇ ਦਾਖ਼ਲਾ ਲਿਆ। ਸਰਕਾਰ ਨੇ ਇਨ੍ਹਾਂ 22 ਵਿਦਿਆਰਥੀਆਂ ਨੂੰ ਲਹਿਰਾਗਾਗਾ ਕਾਲਜ ਵਿਚ ਭੇਜ ਦਿੱਤਾ ਸੀ। ਸਿਰਫ਼ ਬਰੇਟਾ ਕਾਲਜ ਹੀ ਨਹੀਂ, ਪੰਜਾਬ ਦੇ ਅਜਿਹੇ ਸੱਤ ਸਰਕਾਰੀ ਬਹੁ-ਤਕਨੀਕੀ ਕਾਲਜ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਦੀ ਮਦਦ ਨਾਲ ਖੋਲ੍ਹਿਆ ਗਿਆ ਹੈ। ਕੇਂਦਰ ਸਰਕਾਰ ਨੇ 2008 ਵਿਚ ਇਨ੍ਹਾਂ ਸੱਤ ਕਾਲਜਾਂ ਲਈ 100 ਕਰੋੜ ਦੀ ਰਾਸ਼ੀ ਭੇਜੀ ਸੀ ਤੇ ਬਾਕੀ ਹਿੱਸੇਦਾਰੀ ਪੰਜਾਬ ਸਰਕਾਰ ਨੇ ਦੇਣੀ ਸੀ।
ਜਾਣਕਾਰੀ ਅਨੁਸਾਰ ਹਰ ਸਰਕਾਰੀ ਕਾਲਜ ਦੀ ਤਿੰਨ ਮੰਜ਼ਲਾ ਇਮਾਰਤ ਬਣਨੀ ਸੀ ਪਰ ਕੇਂਦਰੀ ਰਾਸ਼ੀ ਨਾਲ ਸਿਰਫ਼ ਇਕ-ਇਕ ਮੰਜ਼ਲ ਹੀ ਉਸਰ ਸਕੀ ਹੈ। ਇਨ੍ਹਾਂ ਕਾਲਜਾਂ ਵਿਚ ਪੰਜ ਕੋਰਸ ਸ਼ੁਰੂ ਕੀਤੇ ਜਾਣੇ ਹਨ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਇਨ੍ਹਾਂ ਕਾਲਜਾਂ ਵਿਚ ਸਿਰਫ਼ ਦੋ-ਦੋ ਕੋਰਸਾਂ ਨੂੰ ਹੀ ਪ੍ਰਵਾਨਗੀ ਦਿੱਤੀ ਹੈ।
ਤਕਨੀਕੀ ਸਿੱਖਿਆ ਵਿਭਾਗ ਨੇ ਪੰਜ-ਪੰਜ ਕੋਰਸਾਂ ਦੇ ਹਿਸਾਬ ਨਾਲ ਇਨ੍ਹਾਂ ਕਾਲਜਾਂ ਵਿਚ 1æ18 ਕਰੋੜ ਰੁਪਏ ਦੇ ਬੈਂਚ ਖਰੀਦ ਕੇ ਭੇਜ ਦਿੱਤੇ ਹਨ। ਹਰ ਕਾਲਜ ਨੂੰ ਦਫ਼ਤਰੀ ਫਰਨੀਚਰ ਲਈ ਸੱਤਰ ਲੱਖ ਰੁਪਏ ਵੱਖਰੇ ਦਿੱਤੇ ਗਏ। ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਫਤੂਹੀਵਾਲਾ ਦੇ ਸਰਕਾਰੀ ਬਹੁ-ਤਕਨੀਕੀ ਕਾਲਜ ਵਿਚ ਸਿਰਫ਼ ਤਿੰਨ ਦਰਜਨ ਵਿਦਿਆਰਥੀ ਹਨ। ਪੰਜ ਏਕੜ ਵਿਚ ਬਣੇ ਇਸ ਕਾਲਜ ਵਿਚ 21 ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਮੈਂਬਰ ਹਨ। ਫਤੂਹੀਵਾਲਾ ਕਾਲਜ ਵਿਚ ਇਕ ਹਜ਼ਾਰ ਵਿਦਿਆਰਥੀਆਂ ਲਈ ਫਰਨੀਚਰ ਹੈ ਪਰ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 36 ਹੈ। ਪ੍ਰਿੰਸੀਪਲ ਪ੍ਰਵੀਨ ਮਿੱਡਾ ਦਾ ਕਹਿਣਾ ਹੈ ਕਿ ਕਾਲਜ ਵਿਚ ਚਾਰ ਹੋਰ ਸਟਾਫ਼ ਮੈਂਬਰ ਆ ਰਹੇ ਹਨ। ਜ਼ਿਲ੍ਹਾ ਕਪੂਰਥਲਾ ਦੇ ਬੇਗੋਵਾਲ ਕਾਲਜ ਵਿਚ ਸਿਰਫ਼ 14 ਵਿਦਿਆਰਥੀ ਪੜ੍ਹ ਰਹੇ ਹਨ ਜਦਕਿ ਕੁੱਲ 18 ਸਟਾਫ ਮੈਂਬਰ ਹਨ। ਪੰਜਾਬ ਸਰਕਾਰ ਇਸ ਕਾਲਜ ਵਿਚ ਪ੍ਰਤੀ ਵਿਦਿਆਰਥੀ ਤਕਰੀਬਨ ਪੰਜ ਲੱਖ ਰੁਪਏ ਸਾਲਾਨਾ ਖ਼ਰਚ ਕਰ ਰਹੀ ਹੈ। ਇਸ ਕਾਲਜ ਵਿਚ ਪਹਿਲਾਂ ਦਾਖ਼ਲ ਹੋਏ ਵਿਦਿਆਰਥੀ ਅੰਮ੍ਰਿਤਸਰ ਵਿਚ ਪੜ੍ਹ ਰਹੇ ਹਨ। ਇਨ੍ਹਾਂ ਸਾਰੇ ਕਾਲਜਾਂ ਨੇ ਟੈਕਨੀਕਲ ਕੌਂਸਲ ਕੋਲ ਪੰਜ ਕੋਰਸਾਂ ਲਈ ਅਪਲਾਈ ਕੀਤਾ ਸੀ ਪਰ ਖਾਮੀਆਂ ਦੇ ਮੱਦੇਨਜ਼ਰ ਕੌਂਸਲ ਨੇ ਸਿਰਫ਼ ਦੋ-ਦੋ ਕੋਰਸਾਂ ਦੀ ਹੀ ਪ੍ਰਵਾਨਗੀ ਦਿੱਤੀ ਸੀ।
ਫਤਹਿਗੜ੍ਹ ਸਾਹਿਬ ਦੇ ਰਾਣਵਾਂ ਕਾਲਜ ਵਿਚ ਵਿਦਿਆਰਥੀ ਸਿਰਫ਼ 18 ਹਨ ਜਦਕਿ ਕਾਲਜ ਸਟਾਫ ਦੀ ਗਿਣਤੀ 27 ਹੈ। ਇਸ ਕਾਲਜ ਲਈ ਸਰਕਾਰ ਦਾ ਖ਼ਰਚ ਪ੍ਰਤੀ ਵਿਦਿਆਰਥੀ 76 ਹਜ਼ਾਰ ਰੁਪਏ ਮਹੀਨਾ ਆ ਰਿਹਾ ਹੈ। ਕਾਲਜ ਵਿਚ ਇਕ ਹਜ਼ਾਰ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ ਤਾਂ ਹਨ ਪਰ ਵਿਦਿਆਰਥੀ ਨਹੀਂ। ਫ਼ਰੀਦਕੋਟ ਦੇ ਕੋਟਕਪੂਰਾ ਕਾਲਜ ਵਿਚ ਵਿਦਿਆਰਥੀ ਸਿਰਫ 31 ਹਨ ਜਦਕਿ ਸਟਾਫ ਮੈਂਬਰਾਂ ਦੀ ਗਿਣਤੀ 22 ਹੈ। ਸੰਗਰੂਰ ਦੇ ਬਡਬਰ ਕਾਲਜ ਵਿਚ ਵੀ ਤਕਰੀਬਨ 32 ਵਿਦਿਆਰਥੀ ਹੀ ਹਨ। ਇਨ੍ਹਾਂ ਸੱਤ ਕਾਲਜਾਂ ਵਿਚੋਂ ਛੇ ਕਾਲਜਾਂ ਵਿਚ ਸਿਰਫ 132 ਵਿਦਿਆਰਥੀ ਪੜ੍ਹ ਰਹੇ ਹਨ ਜਦਕਿ ਨਵਾਂ ਸ਼ਹਿਰ ਦਾ ਇਕੱਲਾ ਬਹਿਰਾਮ ਕਾਲਜ ਹੈ, ਜਿਥੇ ਵਿਦਿਆਰਥੀਆਂ ਦੀ ਗਿਣਤੀ 85 ਦੇ ਕਰੀਬ ਹੈ। ਇਥੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀ ਗਿਣਤੀ 34 ਹੈ।
ਪੰਜਾਬ ਸਰਕਾਰ ਨੇ ਹਰ ਕਾਲਜ ਲਈ ਤਕਰੀਬਨ 110 ਅਸਾਮੀਆਂ ਪ੍ਰਵਾਨ ਕੀਤੀਆਂ ਹਨ। ਕਾਲਜਾਂ ਵਿਚ ਫਰਨੀਚਰ ਤੇ ਹੋਰ ਸਾਜੋ-ਸਾਮਾਨ ਤਾਂ ਭੇਜਿਆ ਜਾ ਰਿਹਾ ਹੈ ਪਰ ਵਿਦਿਆਰਥੀਆਂ ਦੀ ਤੋਟ ਹੈ। ਪੰਜਾਬ ਵਿਚ 18 ਪੁਰਾਣੇ ਸਰਕਾਰੀ ਬਹੁ-ਤਕਨੀਕੀ ਕਾਲਜ ਹਨ ਜਿਨ੍ਹਾਂ ਦੇ ਕਾਫ਼ੀ ਸਟਾਫ ਨੂੰ ਨਵੇਂ ਕਾਲਜਾਂ ਦੀਆਂ ਅਸਾਮੀਆਂ ਅਗੇਂਸਟ ਤਰੱਕੀਆਂ ਦੇ ਦਿੱਤੀਆਂ ਗਈਆਂ ਹਨ। ਹੁਣ ਪੁਰਾਣੇ ਕਾਲਜਾਂ ਵਿਚ ਲੈਕਚਰਾਰਾਂ ਤੇ ਨਵੇਂ ਕਾਲਜਾਂ ਵਿਚ ਵਿਦਿਆਰਥੀਆਂ ਦੀ ਤੋਟ ਹੈ। ਉਧਰ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਮੋਹਨਵੀਰ ਸਿੰਘ ਨੇ ਕਿਹਾ ਕਿ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਆਪਣੇ ਨੇਮ ਸੋਧੇ ਹਨ ਤੇ ਨਵੇਂ ਕੋਰਸਾਂ ਨੂੰ ਪ੍ਰਵਾਨਗੀ ਦੇਣੀ ਬੰਦ ਕਰ ਦਿੱਤੀ ਹੈ। ਇਸ ਕਰਕੇ ਨਵੇਂ ਕਾਲਜਾਂ ਵਿਚ ਸਾਰੇ ਕੋਰਸਾਂ ਨੂੰ ਪ੍ਰਵਾਨਗੀ ਨਹੀਂ ਮਿਲ ਸਕੀ। ਹੁਣ ਸਾਰੇ ਕਾਲਜਾਂ ਨੇ ਨਵੇਂ ਵਿੱਦਿਅਕ ਸੈਸ਼ਨ ਦੇ ਕੋਰਸਾਂ ਲਈ ਕੌਂਸਲ ਕੋਲ ਅਪਲਾਈ ਕਰ ਦਿੱਤਾ ਹੈ।
___________________________________________
ਲਿਹਾਜ਼ਦਾਰੀ ਨੇ ਡੋਬਿਆ ਸਿੱਖਿਆ ਵਿਭਾਗ
ਲੁਧਿਆਣਾ: ਸੱਤਾਧਾਰੀ ਆਗੂਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਚਹੇਤੇ ਜੂਨੀਅਰ ਅਧਿਕਾਰੀਆਂ ਨੂੰ ਵੱਡੇ ਅਹੁਦਿਆਂ ‘ਤੇ ਤਾਇਨਾਤ ਕਰਨ ਦੀ ਪਿਰਤ ਸਿੱਖਿਆ ਦੇ ਮਿਆਰ ‘ਤੇ ਭਾਰੂ ਪੈ ਰਹੀ ਹੈ। ਇਸ ਵੇਲੇ ਸਿੱਖਿਆ ਵਿਭਾਗ ਵਿਚ ਡਿਪਟੀ ਡਾਇਰੈਕਟਰ ਦੇ 24 ਅਹੁਦਿਆਂ ਵਿਚੋਂ 4-5 ਨੂੰ ਛੱਡ ਕੇ ਬਾਕੀ ਡੇਢ ਦਰਜਨ ਤੋਂ ਵੀ ਵੱਧ ਅਹੁਦਿਆਂ ‘ਤੇ ਅਜਿਹੇ ਹੀ ਜੂਨੀਅਰ ਤੇ ਗੈਰ-ਤਜ਼ਰਬੇਕਾਰ ਅਧਿਕਾਰੀ ਤਾਇਨਾਤ ਹਨ।
ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਡੀæਜੀæ ਐਸ਼ਈæ ਕਾਹਨ ਸਿੰਘ ਪੰਨੂੰ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਸ ਵਿਭਾਗ ਵਿਚ ਸਿਆਸੀ ਦਖਲਅੰਦਾਜ਼ੀ ਵਿਚ ਲਗਾਤਾਰ ਵਾਧਾ ਹੋਇਆ ਹੈ। ਇਸ ਵਿਵਾਦ ਪਿੱਛੋਂ ਡੀæਜੀæ ਐਸ਼ਈæ ਤੋਂ ਸ਼ਕਤੀਆਂ ਖੋਹਣ ਦੇ ਕੀਤੇ ਯਤਨਾਂ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਨੇ ਸ਼ ਪੰਨੂੰ ਨੂੰ ਸਬਕ ਸਿਖਾਉਣ ਲਈ ਸਿਰਫ਼ ਕੁਝ ਮਹੀਨੇ ਪਹਿਲਾਂ ਹੀ ਪਦਉਨਤ ਹੋ ਕੇ ਪ੍ਰਿੰਸੀਪਲ ਬਣੇ ਆਪਣੇ ਚਹੇਤੇ ਨੂੰ ਨਿਯਮਾਂ ਦੇ ਉਲਟ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦਾ ਡਿਪਟੀ ਡਾਇਰੈਕਟਰ ਲਾ ਦਿੱਤਾ ਸੀ। ਇਸੇ ਤਰ੍ਹਾਂ ਕੈਪਟਨ ਸਰਕਾਰ ਵਲੋਂ 2004 ਵਿਚ ਡੀæਈæਓæ ਦੇ ਅਹੁਦੇ ‘ਤੇ ਸੱਤਾਧਾਰੀ ਆਗੂਆਂ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਚਹੇਤਿਆਂ ਨੂੰ ਕਈ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਤਾਇਨਾਤ ਕਰਵਾਇਆ ਹੋਇਆ ਹੈ।