‘ਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ’

ਦਲਜੀਤ ਅਮੀ
ਫੋਨ: 91-97811-21873
ਗੋਬਿੰਦ ਪਾਨਸਰੇ ਦੇ ਸਸਕਾਰ ਉਤੇ ਲੱਗ ਰਹੇ ਨਾਅਰਿਆਂ ਵਿਚ ਸਭ ਤੋਂ ਅਹਿਮ ਨਾਅਰਾ ਸੀ- Ḕਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ।Ḕ ਇਸ ਨਾਅਰੇ ਨੂੰ ਭਾਵੇਂ ਮੀਡੀਆ ਵਿਚ Ḕਮੈਂ ਵੀ ਸ਼ਾਰਲੀ ਐਬਦੋḔ ਜਿੰਨੀ ਥਾਂ ਨਾ ਮਿਲੇ, ਪਰ ਇਹ ਸਾਡੇ ਦੌਰ ਦੇ ਸੋਗ਼ਵਾਰ ਰੁਝਾਨ ਅਤੇ ਨਾਬਰ ਸੁਰ ਦੀ ਇੱਕੋ ਵੇਲੇ ਨੁਮਾਇੰਦਗੀ ਕਰਦਾ ਹੈ।

ਇਨ੍ਹਾਂ ਦੋਵਾਂ ਨਾਅਰਿਆਂ ਵਿਚਕਾਰ ਮੌਜੂਦਾ ਦੌਰ ਦੀ ਸਿਆਸਤ ਦਾ ਦਰਦਮੰਦ ਖਾਸਾ ਹੈ ਜੋ ਕੰਨੀਆਂ ਤੱਕ ਮਹਿਦੂਦ ਹੋ ਗਿਆ ਹੈ। ਇਸੇ ਦਰਦਮੰਦ ਸਿਆਸਤ ਦੇ ਨੁਮਾਇੰਦੇ ਮੌਜੂਦਾ ਨਿਜ਼ਾਮ ਦੇ ਨਿਸ਼ਾਨੇ ਉਤੇ ਹਨ। ਗੋਬਿੰਦ ਪਾਨਸਰੇ ਦਾ ਕਤਲ ਮਹਾਰਾਸ਼ਟਰ ਦੇ ਕੋਲਹਾਪੁਰ ਕਸਬੇ ਵਿਚ ਹੋਇਆ ਹੈ ਜਿੱਥੋਂ ਪੁਣੇ ਦਾ ਫ਼ਾਸਲਾ ਤਕਰੀਬਨ 240 ਕਿਲੋਮੀਟਰ ਹੈ। ਪੁਣੇ ਵਿਚ ਗੋਬਿੰਦ ਪਾਨਸਰੇ ਉਤੇ ਹੋਏ ਜਾਨਲੇਵਾ ਹਮਲੇ ਤੋਂ 545 ਦਿਨ ਪਹਿਲਾਂ ਡਾæ ਨਰਿੰਦਰ ਦਾਭੋਲਕਰ ਦਾ ਕਤਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕਤਲਾਂ ਦੀ ਥਾਂ ਦਾ ਫਾਸਲਾ 240 ਕਿਲੋਮੀਟਰ ਅਤੇ ਸਮੇਂ ਦਾ ਫ਼ਰਕ 545 ਦਿਨਾਂ ਦਾ ਹੈ, ਪਰ ਵਿਚਾਰ ਪੱਖੋਂ ਮਕਤੂਲਾਂ ਦੀ ਨੇੜਤਾ ਗੂੜ੍ਹੀ ਹੈ। ਦੂਜੇ ਪਾਸੇ ਬੇਪਛਾਣ ਕਾਤਲਾਂ ਦੀ ਜ਼ਾਹਰਾ ਸਾਂਝ ਕਤਲ ਕਰਨ ਦੇ ਸਮੇਂ, ਸਥਾਨ ਅਤੇ ਤਰੀਕੇ ਤੋਂ ਸ਼ੁਰੂ ਹੁੰਦੀ ਹੈ ਅਤੇ ਗੌਣ ਪੱਖ ਦੀ ਸਿਧਾਂਤਕ ਪਛਾਣ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ।
ਡਾæ ਨਰਿੰਦਰ ਦਾਭੋਲਕਰ ਅਤੇ ਗੋਬਿੰਦ ਪਾਨਸਰੇ ਦੇ ਕਤਲ ਬੇਪਛਾਣ ਕਾਤਲਾਂ ਨੇ ਸਵੇਰ ਦੀ ਸੈਰ ਮੌਕੇ ਘਾਤ ਲਗਾ ਕੇ ਬਹੁਤ ਨੇੜਿਓਂ ਗੋਲੀਆਂ ਮਾਰ ਕੇ ਕੀਤੇ ਹਨ। ਦੋਵੇਂ ਵਾਰ ਕਾਤਲ ਮੋਟਰਸਾਈਕਲਾਂ ਉਤੇ ਫਰਾਰ ਹੋਣ ਵਿਚ ਕਾਮਯਾਬ ਹੋਏ। ਤਕਰੀਬਨ 67 ਸਾਲ ਦੇ ਡਾæ ਨਰਿੰਦਰ ਦਾਭੋਲਕਰ ਅਤੇ 82 ਸਾਲਾ ਗੋਬਿੰਦ ਪਾਨਸਰੇ ਨੂੰ ਕਿਸੇ ਲੁੱਟ-ਖੋਹ ਜਾਂ ਨਿੱਜੀ ਰੰਜਿਸ਼ ਲਈ ਕਤਲ ਨਹੀਂ ਕੀਤਾ ਗਿਆ। ਇਹ ਕਤਲ ਕਿਸੇ ਸ਼ਨਾਖ਼ਤ ਦੀ ਗ਼ਲਤੀ ਨਾਲ ਵੀ ਨਹੀਂ ਹੋਏ। ਇਨ੍ਹਾਂ ਕਤਲਾਂ ਦੀ ਗੁੱਥੀ ਮਕਤੂਲਾਂ ਦੀ ਕਾਰਗੁਜ਼ਾਰੀ ਅਤੇ ਕਾਤਲਾਂ ਦੀ ਸੋਚ ਵਿਚ ਪਈ ਜਾਪਦੀ ਹੈ। ਗੋਬਿੰਦ ਪਾਨਸਰੇ ਆਪਣੀ ਜੀਵਨ ਸਾਥਣ ਉਮਾ ਨਾਲ ਸਵੇਰ ਦੀ ਸੈਰ ਤੋਂ ਪਰਤ ਰਹੇ ਸਨ।
ਗੋਬਿੰਦ ਪਾਨਸਰੇ ਦਾ ਜਨਮ 26 ਨਵੰਬਰ 1933 ਨੂੰ ਮਹਾਂਰਾਸ਼ਟਰ ਸੂਬੇ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਕੋਲਹਾਰ ਵਿਚ ਹੋਇਆ ਸੀ। ਉਚੇਰੀ ਪੜ੍ਹਾਈ ਲਈ ਕੋਲਹਾਪੁਰ ਪਹੁੰਚੇ ਗੋਬਿੰਦ ਪਾਨਸਰੇ ਨੇ ਇਸੇ ਕਸਬੇ ਨੂੰ ਆਪਣੀ ਕਰਮਭੂਮੀ ਬਣਾ ਲਿਆ। ਉਨ੍ਹਾਂ ਦੀ ਜ਼ਿੰਦਗੀ ਨਿੱਜੀ ਅਤੇ ਸਮਾਜਕ ਪੱਧਰ ਉਤੇ ਸੰਘਰਸ਼ ਦੀ ਗਾਥਾ ਹੈ। ਉਨ੍ਹਾਂ ਅਖ਼ਬਾਰ ਦੀ ਪਰਚੂਨ ਵੰਡ ਤੋਂ ਸ਼ੁਰੂ ਕਰ ਕੇ ਮਿਉਂਸਪਲ ਕਮੇਟੀ ਵਿਚ ਚਪੜਾਸੀ ਦੀ ਨੌਕਰੀ ਕੀਤੀ। ਫਿਰ ਪ੍ਰਾਇਮਰੀ ਸਕੂਲ ਵਿਚ ਪੜ੍ਹਾਇਆ ਅਤੇ 1966 ਵਿਚ ਵਕਾਲਤ ਸ਼ੁਰੂ ਕੀਤੀ। ਉਹ ਕਈ ਸਾਲ ਕੋਲਹਾਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਰੋਜ਼ੀ-ਰੋਟੀ ਕਮਾਉਣ ਵਾਲਾ ਪੇਸ਼ੇਵਰ ਪੱਖ ਹੈ।
ਪਾਨਸਰੇ ਕਮਿਉਨਿਸਟ ਪਾਰਟੀ ਆਫ ਇੰਡੀਆ (ਸੀæਪੀæਆਈæ) ਦੇ ਸਰਗਰਮ ਕਾਰਕੁਨ ਸਨ। ਪਾਨਸਰੇ ਨੇ ਮਾਰਕਸਵਾਦੀ ਵਿਚਾਰਧਾਰਾ ਦੀ ਦਲੀਲ ਆਪਣੀ ਪਾਰਟੀ ਸਮੇਤ ਸਮਾਜ ਉਤੇ ਲਾਗੂ ਕੀਤੀ। ਨਤੀਜੇ ਵਜੋਂ ਉਨ੍ਹਾਂ ਨੂੰ ਮਰਾਠੀ ਮੂਲ ਦੇ ਅਹਿਮ ਮਾਰਕਸਵਾਦੀ ਲੇਖਕਾਂ ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਵੀਹ ਤੋਂ ਜ਼ਿਆਦਾ ਕਿਤਾਬਾਂ ਲਿਖੀਆਂ। ਇਹ ਕਿਤਾਬਾਂ ਮੁਕਾਮੀ ਇਤਿਹਾਸ ਤੋਂ ਸ਼ੁਰੂ ਹੋ ਕੇ ਸਮਾਜ, ਜਾਤ, ਜਮਾਤ ਅਤੇ ਘੱਟ-ਗਿਣਤੀਆਂ ਦੇ ਸਮਕਾਲੀ ਮਸਲਿਆਂ ਨੂੰ ਮੁਖਾਤਬ ਹੁੰਦੀਆਂ ਹਨ। ਮਰਾਠੀ ਵਿਚ ਲਿਖੀਆਂ ਇਨ੍ਹਾਂ ਕਿਤਾਬਾਂ ਵਿਚ ਕਾਮਾ ਮੇਲ ਦੀ ਬੰਦਖ਼ਲਾਸੀ ਅਤੇ ਖੁੱਲ੍ਹਨਜ਼ਰੀ ਦੀ ਵਕਾਲਤ ਲਗਾਤਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਨਸਰੇ ਮਹਾਂਰਾਸ਼ਟਰ ਦੀ ਤਰਕਸ਼ੀਲ ਲਹਿਰ ਦੇ ਸਰਗਰਮ ਕਾਰਕੁਨ ਸਨ। ਮਹਾਂਰਾਸ਼ਟਰ ਵਿਚ ਤਰਕਸ਼ੀਲ ਜਥੇਬੰਦੀਆਂ ਦਾ ਮੂਲਵਾਦੀ ਜਥੇਬੰਦੀਆਂ ਨਾਲ ਸਿੱਧਾ ਟਕਰਾਅ ਹੈ। ਡਾæ ਦਾਭੋਲਕਰ ਦੀ ਜਥੇਬੰਦੀ ਅੰਧ-ਸ਼ਰਧਾ ਨਿਰਮੂਲਨ ਸਮਿਤੀ, ਮੂਲਵਾਦੀ ਜਥੇਬੰਦੀਆਂ ਦੀ ਆਲੋਚਨਾ ਦਾ ਲਗਾਤਾਰ ਸ਼ਿਕਾਰ ਰਹੀ ਹੈ। ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਅੰਤ ਨੂੰ ਦਾਭੋਲਕਰ ਦਾ ਕਤਲ ਵੀ ਕੀਤਾ ਗਿਆ। ਇਹ ਕਤਲ ਕੋਈ ਅਚੰਭਾ ਨਹੀਂ ਸੀ ਸਗੋਂ ਇਸ ਦਾ ਖ਼ਦਸ਼ਾ ਲਗਾਤਾਰ ਮਹਿਸੂਸ ਕੀਤਾ ਜਾ ਰਿਹਾ ਸੀ। ਡਾæ ਦਾਭੋਲਕਰ ਨੇ ਪੁਲਿਸ ਸੁਰੱਖਿਆ ਲੈਣ ਤੋਂ ਇਨਕਾਰ ਕਰਦਿਆਂ ਬਿਆਨ ਦਿੱਤਾ ਸੀ, “ਜੇ ਮੈਨੂੰ ਆਪਣੇ ਹੀ ਮੁਲਕ ਵਿਚ ਆਪਣੇ ਹੀ ਲੋਕਾਂ ਤੋਂ ਸੁਰੱਖਿਆ ਲੈਣੀ ਪੈਂਦੀ ਹੈ ਤਾਂ ਮੇਰੇ ਵਿਚ ਕੋਈ ਕਮੀ ਹੈ। ਮੈਂ ਕਿਸੇ ਦੇ ਖਿਲਾਫ ਲੜਨ ਦੀ ਥਾਂ ਸੰਵਿਧਾਨ ਦੇ ਘੇਰੇ ਅੰਦਰ ਆਵਾਮ ਲਈ ਲੜ ਰਿਹਾ ਹਾਂ।” ਦਾਭੋਲਕਰ ਦੇ ਕਤਲ ਤੋਂ ਬਾਅਦ ਤਤਕਾਲੀ ਕਾਂਗਰਸ-ਨੈਸ਼ਨਲ ਕਾਂਗਰਸ ਪਾਰਟੀ ਗੱਠਜੋੜ ਸਰਕਾਰ ਨੇ ਕਈ ਬਿਆਨ ਦਿੱਤੇ ਸਨ। ਅੰਧ-ਸ਼ਰਧਾ ਨਿਰਮੂਲਨ ਸਮਿਤੀ ਵਲੋਂ ਤਿਆਰ ਕੀਤੇ ਗਏ Ḕਅੰਧ-ਵਿਸ਼ਵਾਸ ਅਤੇ ਕਾਲੇ ਜਾਦੂ ਖਿਲਾਫ ਕਾਨੂੰਨ’ ਦਾ ਖਰੜਾ ਸੱਤ ਵਿਧਾਨ ਸਭਾ ਇਜਲਾਸਾਂ ਵਿਚ ਪੇਸ਼ ਹੋਣ ਤੋਂ ਬਾਅਦ ਵੀ ਪ੍ਰਵਾਨ ਨਹੀਂ ਹੋਇਆ ਸੀ, ਪਰ ਦਾਭੋਲਕਰ ਦੇ ਕਤਲ ਤੋਂ ਅਗਲੇ ਦਿਨ ਇਸ ਨੂੰ ਮੰਤਰੀ ਮੰਡਲ ਨੇ ਆਰਡੀਨੈਂਸ ਵਜੋਂ ਪ੍ਰਵਾਨ ਕੀਤਾ ਸੀ। ਇਸ ਨੂੰ ਵਿਧਾਨ ਸਭਾ ਅਤੇ ਬਾਅਦ ਵਿਚ ਲੋਕ ਸਭਾ ਲੋੜੀਂਦੀ ਪ੍ਰਵਾਨਗੀ ਨਹੀਂ ਮਿਲ ਸਕੀ। ਇਸ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਹੁਣ ਮਹਾਂਰਾਸ਼ਟਰ ਸੂਬੇ ਅਤੇ ਕੇਂਦਰ ਵਿਚ ਸਰਕਾਰਾਂ ਹਨ।
ਦਾਭੋਲਕਰ ਦੇ ਕਤਲ ਦੀ ਸਾਜ਼ਿਸ਼ ਵਾਲਾ ਚੌਖਟਾ ਪਾਨਸਰੇ ਉਤੇ ਲਾਗੂ ਹੁੰਦਾ ਹੈ। ਪਾਨਸਰੇ ਸੜਕਾਂ ਉਤੇ ਟੋਲ ਪਲਾਜ਼ਾ ਲਗਾਉਣ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਇਸ ਧੰਦੇ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ Ḕਨੈਚੂਰਲੀ ਕੁਰੱਪਟ ਪਾਰਟੀḔ ਗਰਦਾਨੀ ਗਈ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਵੱਡੀ ਹਿੱਸੇਦਾਰੀ ਹੈ। ਪਾਨਸਰੇ ਨੇ 1984 ਵਿਚ ਸ਼ਿਵਾਜੀ ਮਰਾਠੇ ਉਤੇ Ḕਸ਼ਿਵਾਜੀ ਕੌਨ ਹੋਤਾ?’ (ਸ਼ਿਵਾਜੀ ਕੌਣ ਸਨ?) ਨਾਮ ਦੀ ਕਿਤਾਬ ਲਿਖੀ ਸੀ ਜਿਸ ਦਾ ਤਰਜਮਾ ਹਿੰਦੀ, ਅੰਗਰੇਜ਼ੀ, ਕੰਨੜ, ਉਰਦੂ ਅਤੇ ਗੁਜਰਾਤੀ ਵਿਚ ਹੋਇਆ ਹੈ। ਇਹ ਕਿਤਾਬ ਮਰਾਠੀ ਵਿਚ 24 ਵਾਰ ਛਪ ਕੇ ਡੇਢ ਲੱਖ ਤੋਂ ਜ਼ਿਆਦਾ ਗਿਣਤੀ ਵਿਚ ਵਿਕ ਚੁੱਕੀ ਹੈ। ਮਹਾਂਰਾਸ਼ਟਰ ਵਿਚ ਸ਼ਿਵਾਜੀ ਉਤੇ ਦਾਅਵੇਦਾਰੀ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਦੀ ਰਹੀ ਹੈ ਜਿਨ੍ਹਾਂ ਦੀ ਹਮਲਾਵਰ ਸਿਆਸਤ ਖੱਬੇ ਪੱਖੀਆਂ ਅਤੇ ਗ਼ੈਰ-ਮਰਾਠੀਆਂ ਦੇ ਵਿਰੋਧ ਉਤੇ ਟਿਕੀ ਹੋਈ ਹੈ।
ਪਾਨਸਰੇ ਦੀ ਕਿਤਾਬ ਵਿਚ ਪੇਸ਼ ਹੋਇਆ ਸ਼ਿਵਾਜੀ ਦਾ ਅਕਸ ਉਨ੍ਹਾਂ ਦੀ ਮੂਲਵਾਦੀ ਸਿਆਸਤ ਦਾ ਭਾਂਡਾ ਭੰਨ੍ਹਣ ਵਾਲਾ ਹੈ। ਪਾਨਸਰੇ ਦੀ ਦਲੀਲ ਸੀ ਕਿ ਸ਼ਿਵ ਸੈਨਾ-ਭਾਜਪਾ ਵਰਗੀਆਂ ਪਾਰਟੀਆਂ ਅਤੇ ਇਨ੍ਹਾਂ ਦੀਆਂ ਜਥੇਬੰਦੀਆਂ ਨੇ ਸ਼ਿਵਾਜੀ ਨੂੰ ਮੁਸਲਮਾਨ ਵਿਰੋਧੀ ਬਿੰਬ ਵਜੋਂ ਪੇਸ਼ ਕੀਤਾ ਹੈ ਜੋ ਇਤਿਹਾਸ ਦੀ ਗ਼ਲਤਬਿਆਨੀ ਹੈ। ਇਸ ਕਿਤਾਬ ਦੇ ਅਸਰ ਦਾ ਅੰਦਾਜ਼ਾ ਪੱਤਰਕਾਰ ਆਤਿਸ਼ ਨਾਗਪੁਰੇ ਦੇ ਲੇਖ ਤੋਂ ਲਗਾਇਆ ਜਾ ਸਕਦਾ ਹੈ। ਗੋਬਿੰਦ ਪਾਨਸਰੇ ਦੇ ਸ਼ਰਧਾਂਜਲੀ ਲੇਖ ਵਿਚ ਆਤਿਸ਼ ਨੇ ਲਿਖਿਆ ਹੈ, “ਬਚਪਨ ਵਿਚ ਬੱਚੇ Ḕਸ਼ਿਵਾਜੀ ਮਹਾਨਾਤੋ’ (ਸ਼ਿਵਾਜੀ ਕਹਿੰਦੈ) ਨਾਮ ਦੀ ਖੇਡ ਖੇਡਦੇ ਸੀ ਜਿਸ ਵਿਚ ਸ਼ਿਵਾਜੀ ਬਣਿਆ ਬੱਚਾ ਦੂਜਿਆਂ ਨੂੰ ਕੋਈ ਵੀ ਹੁਕਮ ਦੇ ਸਕਦਾ ਸੀ। ਬਿਨਾਂ ਕਿਸੇ ਰੋਕ-ਟੋਕ ਤੋਂ Ḕਸ਼ਿਵਾਜੀḔ ਨੂੰ ਹਰ ਹੁਕਮ ਦੇਣ ਦੀ ਖੁੱਲ੍ਹ ਸੀ। ਉਂਜ ਤਾਂ ਇਹ ਵੀ ਬੱਚਿਆਂ ਦੀਆਂ ਦੂਜੀਆਂ ਖੇਡਾਂ ਵਰਗੀ ਖੇਡ ਸੀ ਪਰ ਇਸ ਤੋਂ ਮਹਾਂਰਾਸ਼ਟਰ ਵਿਚ ਸ਼ਿਵਾਜੀ ਦੀ ਪ੍ਰਵਾਨਗੀ ਦਾ ਅੰਦਾਜ਼ਾ ਹੁੰਦਾ ਹੈ। ਮੈਂ ਜ਼ਿੰਦਗੀ ਵਿਚ Ḕਸ਼ਿਵਾਜੀ’ ਨੂੰ ਬਹੁਤ ਵਾਰ ਮਿਲਿਆ ਹਾਂ। ਉਹ ਬਹਾਦਰ ਅਤੇ ਨਿਧੜਕ ਹਿੰਦੂਵਾਦੀ ਰਾਜਾ ਸੀ ਜੋ ਗਊ ਅਤੇ ਬ੍ਰਾਹਮਣ ਦੀ ਰਾਖੀ ਕਰਦਾ ਸੀ। ਜਦੋਂ ਮੈਂ ਗੋਬਿੰਦ ਪਾਨਸਰੇ ਦੀ ਕਿਤਾਬ Ḕਸ਼ਿਵਾਜੀ ਕੌਨ ਹੋਤਾ?’ ਪੜ੍ਹੀ, ਤਾਂ ਮੈਂ ਹੈਰਾਨ ਰਹਿ ਗਿਆ। ਉਸ ਦਿਨ ਮੈਂ ਸ਼ਿਵਾਜੀ ਨੂੰ ਨਵੇਂ ਸਿਰੇ ਤੋਂ ਪਛਾਣਿਆ। ਦਰਅਸਲ ਇਸ ਨਾਲ ਮੇਰੇ ਆਪਣੇ-ਆਪ ਨਾਲ ਸੰਵਾਦ ਸ਼ੁਰੂ ਹੋਇਆ। ਇਸ ਨਾਲ ਮੇਰੀ ਇਤਿਹਾਸ, ਸਮਾਜ ਅਤੇ ਜ਼ਿੰਦਗੀ ਬਾਰੇ ਸੋਚ ਬਦਲ ਗਈ।”
ਕਤਲ ਤੋਂ ਦੋ ਹਫ਼ਤੇ ਪਹਿਲਾਂ ਪਾਨਸਰੇ ਨੇ ਸ਼ਿਵਾਜੀ ਯੂਨੀਵਰਸਿਟੀ ਵਿਚ ਆਪਣੀ ਤਕਰੀਰ ਦੌਰਾਨ ਦਲੀਲ ਦਿੱਤੀ ਸੀ ਕਿ ਨਾਥੂਰਾਮ ਗੋਡਸੇ ਦੀ ਨਾਇਕ ਵਜੋਂ ਪੇਸ਼ਕਾਰੀ ਸਮਾਜ ਲਈ ਘਾਤਕ ਹੈ। ਭਾਜਪਾ ਦੇ ਆਗੂ ਸਾਕਸ਼ੀ ਮਹਾਰਾਜ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਵਜੋਂ ਪੇਸ਼ ਕਰਦੇ ਰਹਿੰਦੇ ਹਨ। ਪਾਨਸਰੇ ਦੀ ਇਸ ਦਲੀਲ ਦਾ ਭਾਜਪਾ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਦੇ ਕਾਰਕੁਨਾਂ ਨੇ ਵਿਰੋਧ ਕੀਤਾ ਸੀ। ਇਸੇ ਤਰ੍ਹਾਂ ਕਤਲ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੇ Ḕ26 ਨਵੰਬਰḔ ਦੇ ਅਤਿਵਾਦੀ ਹਮਲੇ ਉਤੇ ਹੋਏ ਸਮਾਗਮ ਵਿਚ ਆਪਣੀ ਤਕਰੀਰ ਵਿਚ ਉਸ ਵੇਲੇ ਮਾਰੇ ਗਏ Ḕਐਂਟੀ-ਟੈਰਰਿਸਟ ਸਕੁਐਡḔ ਦੇ ਮੁਖੀ ਹੇਮੰਤ ਕਰਕਰੇ ਬਾਰੇ ਟਿੱਪਣੀਆਂ ਕੀਤੀਆਂ ਸਨ। ਅਖ਼ਬਾਰਾਂ ਵਿਚ ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਛਪੀਆਂ ਹਨ ਕਿ ਇਸ ਤਕਰੀਰ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ। ਹੇਮੰਤ ਕਰਕਰੇ ਬਾਰੇ ਲਿਖੀ ਗਈ ਕਿਤਾਬ Ḕਹੂ ਕਿਲਡ ਕਰਕਰੇḔ ਹਿੰਦੂ ਮੂਲਵਾਦੀ ਜਥੇਬੰਦੀਆਂ ਅਤੇ ਕਾਰਕੁਨਾਂ ਦੀਆਂ ਅੱਖਾਂ ਵਿਚ ਲਗਾਤਾਰ ਰੜਕਦੀ ਹੈ। ਇਹ ਕਿਤਾਬ ਮਹਾਂਰਾਸ਼ਟਰ ਦੇ ਸਾਬਕਾ ਪੁਲਿਸ ਅਫ਼ਸਰ ਐਸ਼ਐਮæ ਮੁਸ਼ਰਿਫ਼ ਨੇ ਲਿਖੀ ਹੈ।
ਪਾਨਸਰੇ ਖਿਲਾਫ ਸਨਾਤਨ ਸੰਸਥਾ ਨੇ ਅਦਾਲਤ ਵਿਚ ਮਾਨਹਾਨੀ ਦੇ ਮੁਕੱਦਮੇ ਦਰਜ ਕੀਤੇ ਹੋਏ ਹਨ। ਇਸ ਸੰਸਥਾ ਖਿਲਾਫ ਥਾਨੇ ਅਤੇ ਗੋਆ ਵਿਚ ਬੰਬ ਧਮਾਕੇ ਕਰਨ ਦੇ ਇਲਜ਼ਾਮ ਤਹਿਤ ਅਦਾਲਤ ਵਿਚ ਦੋਸ਼ ਪੱਤਰ ਦਰਜ ਕੀਤੇ ਜਾ ਚੁੱਕੇ ਹਨ। ਪਾਨਸਰੇ ਨੇ ਲਿਖਿਆ ਸੀ ਕਿ ਇਸ ਸੰਸਥਾ ਦਾ ਖ਼ਾਸਾ ਅਤਿਵਾਦੀ ਵਾਲਾ ਹੈ ਅਤੇ ਇਹ ਹਿੰਦੂ ਨੌਜਵਾਨਾਂ ਨੂੰ ਮੂਲਵਾਦ ਨਾਲ ਜੋੜਦੀ ਹੈ। ਦਾਭੋਲਕਰ ਦੇ ਕਤਲ ਤੋਂ ਕੁਝ ਮਹੀਨੇ ਬਾਅਦ ਪਾਨਸਰੇ ਨੂੰ ਧਮਕੀ ਮਿਲੀ ਸੀ ਕਿ Ḕਤੁਮਚਾ ਦਾਭੋਲਕਰ ਕਾਰੂḔ (ਤੇਰੇ ਨਾਲ ਦਾਭੋਲਕਰ ਵਾਲੀ ਹੋਵੇਗੀ)। ਇਨ੍ਹਾਂ ਹਾਲਾਤ ਵਿਚ ਪਾਨਸਰੇ ਦੇ ਕਤਲ ਦਾ ਖ਼ਦਸ਼ਾ ਲਗਾਤਾਰ ਮੰਡਰਾ ਰਿਹਾ ਸੀ। ਸੁਆਲ ਇਸ ਵੇਲੇ ਸਿਰਫ਼ ਕਾਤਲਾਂ ਦੀ ਪਛਾਣ ਦਾ ਨਹੀਂ ਹੈ, ਸਗੋਂ ਇਸ ਮਾਹੌਲ ਦਾ ਹੈ ਜਿੱਥੇ ਸਮਾਜ ਦੇ Ḕਦਾਭੋਲਕਰ-ਪਾਨੇਸਰ ਖ਼ਾਸੇḔ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦਾਭੋਲਕਰ-ਪਾਨੇਸਰ ਜੋਟੀ ਇੱਕ ਪਾਸੇ ਇਨਸਾਫ਼ ਤੇ ਮਾਣ-ਸਨਮਾਨ ਦੇ ਹਵਾਲੇ ਨਾਲ ਕਾਨੂੰਨ ਨੂੰ ਵਿਗਿਆਨਕ ਸੋਚ ਨਾਲ ਜੋੜ ਕੇ ਲਾਗੂ ਕਰਨ ਦੀ ਦਲੀਲ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਇਹ ਜੋਟੀ ਸਰਕਾਰੀ ਸਰਪ੍ਰਸਤੀ ਵਿਚ ਨਿੱਜੀ ਮੁਨਾਫ਼ਾਖ਼ੋਰਾਂ ਨੂੰ ਲੁੱਟ ਮਚਾਉਣ ਦੀ ਦਿੱਤੀ ਛੋਟ ਉਤੇ ਸੁਆਲ ਕਰ ਰਹੀ ਹੈ। ਤੀਜੇ ਪਾਸੇ ਸ਼ਰਧਾ ਦੇ ਧੰਦੇ ਨੂੰ ਦਲੀਲ ਦੇ ਹਵਾਲੇ ਨਾਲ ਬੇਪਰਦ ਕਰਦੀ ਹੈ। ਇਉਂ ਦਾਭੋਲਕਰ-ਪਾਨੇਸਰ ਰੁਝਾਨ ਬੇਇਨਸਾਫ਼ੀ, ਮੁਨਾਫ਼ਾਖ਼ੋਰੀ ਅਤੇ ਅੰਧ-ਵਿਸ਼ਵਾਸ ਦੇ ਜਮ੍ਹਾਂਜੋੜ ਉਤੇ ਸਿੱਧਾ ਸੁਆਲ ਕਰਦਾ ਹੈ। ਇਸ ਰੁਝਾਨ ਉਤੇ ਮੋੜਵਾਂ ਹਮਲਾ ਧਰਮ ਅਤੇ ਆਸਥਾ ਦੇ ਨਾਮ ਉਤੇ ਕੀਤਾ ਜਾਂਦਾ ਹੈ। ਵਿਗਿਆਨਕ ਸੋਚ ਅਤੇ ਰੱਬ ਉਤੇ ਸੁਆਲਾਂ ਨੂੰ ਜ਼ਿਆਦਾਤਰ ਧਾਰਮਿਕ ਅਦਾਰੇ ਅਤੇ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਦੇ। ਇਸੇ ਤੰਗਨਜ਼ਰੀ ਅਤੇ ਤੰਗਦਿਲੀ ਦੇ ਮਾਹੌਲ ਵਿਚ ਦਾਭੋਲਕਰ ਅਤੇ ਪਾਨੇਸਰ ਦੇ ਕਤਲਾਂ ਦੀ ਸਾਜ਼ਿਸ਼ ਰਲ਼ੀ ਹੋਈ ਹੈ। ਇਸ ਸਾਜ਼ਿਸ਼ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਮਿਸਾਲ ਵਜੋਂ ਪ੍ਰਧਾਨ ਮੰਤਰੀ ਵਲੋਂ ਪ੍ਰਸਾਰ ਭਾਰਤੀ ਦੇ ਮੁਖੀ ਬਣਾਏ ਗਏ ਸੂਰਯਾ ਪ੍ਰਕਾਸ਼ ਦਾ 25 ਸਤੰਬਰ 2007 ਨੂੰ ਛਪਿਆ ਲੇਖ ਧਿਆਨ ਦੀ ਮੰਗ ਕਰਦਾ ਹੈ। ਲੇਖ ਵਿਚ ਦਰਜ ਹੈ, “ਇਹ ਕਹਿਣ ਦੀ ਲੋੜ ਨਹੀਂ ਕਿ ਤਰਕਸ਼ੀਲ ਹਰ ਤਰ੍ਹਾਂ ਦੀ ਆਜ਼ਾਦੀ ਭਾਲਦੇ ਹਨ। ਭਾਰਤੀ ਲੋਕ ਧਾਰਮਿਕ ਲੋਕ ਹਨ, ਪਰ ਕੁਝ ਕਾਫ਼ਰ ਆਪਣੀਆਂ ਬੇਹੂਦਾ ਟਿੱਪਣੀਆਂ ਨਾਲ ਸਾਡੀ ਕੌਮੀ ਜ਼ਿੰਦਗੀ ਵਿਚ ਖਲਲ ਪਾਉਣਾ ਚਾਹੁੰਦੇ ਹਨ। ਇਨ੍ਹਾਂ ਕਾਫ਼ਰਾਂ ਦੀ ਗਿਣਤੀ ਮੁੱਠੀ ਭਰ ਹੈ। ਸੰਨ 1991 ਦੀ ਮਰਦਮਸ਼ੁਮਾਰੀ ਦਾ ਅੰਕੜਾ ਦਰਸਾਉਂਦਾ ਹੈ ਕਿ ਭਾਰਤ ਵਿਚ 1783 ਕਾਫ਼ਰ ਅਤੇ 101 ਨਾਸਤਿਕ ਹਨ।æææਇਸ ਤੋਂ ਪਹਿਲਾਂ ਕਿ ਇਹ ਨਿਗੂਣੀ ਜਿਹੀ ਗਿਣਤੀ ਕੋਈ ਤਬਾਹੀ ਕਰੇ, ਸਾਨੂੰ ਇਸ ਕਰੂਰਤਾ ਦਾ ਅੰਤ ਕਰ ਦੇਣਾ ਚਾਹੀਦਾ ਹੈ।”
ਪਾਨਸਰੇ ਦੇ ਕਤਲ ਬਾਰੇ ਅਦਾਲਤੀ ਕਾਰਵਾਈ ਜਾਂ ਕਾਨੂੰਨੀ ਚਾਰਾਜੋਈ ਕਿਸੇ ਵੀ ਨਤੀਜੇ ਉਤੇ ਪਹੁੰਚੇ, ਪਰ ਦਾਭੋਲਕਰ-ਪਾਨੇਸਰ ਰੁਝਾਨ ਲਈ ਮੌਜੂਦਾ ਮਾਹੌਲ ਅਤੇ ਇਸ ਦੀਆਂ ਸਮਾਜਕ, ਧਾਰਮਿਕ ਅਤੇ ਸਿਆਸੀ ਤੰਦਾਂ ਨੂੰ ਮੁਖ਼ਾਤਬ ਹੋਣਾ ਜ਼ਰੂਰੀ ਹੈ। ਵਿਗਿਆਨਕ ਸੋਚ ਦੇ ਪਸਾਰੇ ਨੂੰ ਹੁਣ ਤੋਂ ਵਧੇਰੇ ਖ਼ਤਰਾ ਕਦੇ ਨਹੀਂ ਸੀ ਕਿਉਂਕਿ Ḕਵੈਦਿਕ ਵਿਗਿਆਨḔ ਦੇ ਦਾਅਵੇਦਾਰ ਮੌਜੂਦਾ ਵਿਗਿਆਨ ਦੇ ਖ਼ਤਰਨਾਕ ਸੰਦਾਂ ਦਾ ਜ਼ਸ਼ਨ ਮਨਾ ਰਹੇ ਹਨ ਪਰ ਵਿਚਾਰ ਪੱਖੋਂ ਇਸ ਨੂੰ ਜੜ੍ਹੋਂ ਪੁੱਟ ਦੇਣਾ ਚਾਹੁੰਦੇ ਹਨ। ਪਣਡੁੱਬੀਆਂ ਅਤੇ ਇਸਰੋ ਦੀਆਂ ਕਾਮਯਾਬੀਆਂ ਦੇ ਜ਼ਸ਼ਨ ਮਨਾਉਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮਾਜ ਵਿਗਿਆਨ ਵਿਚ ਮਿਥਿਹਾਸ ਦਾ ਮਿਲਗੋਭਾ ਕਰਨ ਲਈ ਦੀਨਾ ਨਾਥ ਬਤਰਾ ਵਰਗਿਆਂ ਦੀ ਪਿੱਠ ਥਾਪੜ ਰਹੇ ਹਨ। ਉਨ੍ਹਾਂ ਨੂੰ ਮਾਰੂ ਅਤੇ ਗ਼ਲਬਾ ਮੁਖੀ ਤਾਕਤ ਆਧੁਨਿਕ ਗਿਆਨ-ਵਿਗਿਆਨ ਦੀ ਚਾਹੀਦੀ ਹੈ, ਪਰ ਆਵਾਮ ਸ਼ਰਧਾਮਈ ਅਤੇ ਸੀਲ ਖ਼ਪਤਕਾਰ ਚਾਹੀਦਾ ਹੈ। ਇਸ ਦੌਰ ਵਿਚ ਰੱਬ, ਪੈਗੰਬਰ, ਗ੍ਰੰਥ, ਮੰਦਿਰ ਅਤੇ ਮੱਠ ਸੁਆਲਾਂ ਦੇ ਘੇਰੇ ਵਿਚ ਹਨ। ਸਿਆਸੀ ਨਿਜ਼ਾਮ ਇਨ੍ਹਾਂ ਦੀ ਸਰਪ੍ਰਸਤੀ ਵਿਚ ਆਪਣੇ ਦੰਦ ਫਾਲਿਆਂ ਤੋਂ ਤਿੱਖੇ ਕਰ ਰਿਹਾ ਹੈ।
ਦਾਭੋਲਕਰ ਤੋਂ ਬਾਅਦ ਪਾਨੇਸਰ ਦੀ ਸ਼ਹਾਦਤ ਮਨੁੱਖ ਨੂੰ ਆਪਣੀ ਸਮਰੱਥਾ ਦਾ ਜ਼ਸ਼ਨ ਮਨਾਉਣ ਅਤੇ ਆਪਣੀ ਵਿਰਾਸਤ ਉਤੇ ਦਾਅਵੇਦਾਰੀ ਕਰਨ ਦਾ ਸੱਦਾ ਦਿੰਦੀ ਹੈ। ਇਹ Ḕਖਿਆਲਾਂ ਦੀ ਆਜ਼ਾਦੀḔ ਵਾਲੀ ਬਹਿਸ ਬਾਰੇ ਸੁਆਲ ਖੜ੍ਹਾ ਕਰਦੀ ਹੈ। Ḕਖਿਆਲ ਦੀ ਆਜ਼ਾਦੀḔ ਦੀ ਬਹਿਸ ਵਿਚ Ḕਮੈਂ ਵੀ ਸ਼ਾਰਲੀḔ ਦਾ ਹੋਕਾ ਦੇਣ ਵਾਲਿਆਂ ਨੂੰ Ḕਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰḔ ਕਹਿਣਾ ਔਖਾ ਕਿਉਂ ਲੱਗਦਾ ਹੈ? ਇਸ ਸਪਸ਼ਟ ਹੋ ਗਿਆ ਹੈ ਕਿ ਮੌਜੂਦਾ ਦੌਰ ਵਿਚ ਸਰਕਾਰ, ਸ਼ਰਧਾ ਅਤੇ ਮੁਨਾਫ਼ੇ ਦੇ ਗੱਠਜੋੜ ਨੇ ਰੱਬ ਨੂੰ ਨਾ ਮੰਨਣ ਵਾਲੇ ਸਮਾਜਵਾਦੀ ਦੀ ਸ਼ਨਾਖ਼ਤ ਸਭ ਤੋਂ ਖ਼ਤਰਨਾਕ ਮਨੁੱਖ ਵਜੋਂ ਕਰ ਲਈ ਹੈ। ਜੇ ਇਹੋ ਦਸਤੂਰ ਹੈ ਤਾਂ ਮੈਨੂੰ ਵੀ ਇਨ੍ਹਾਂ ਵਿਚੋਂ ਗਿਣਿਆ ਜਾਵੇ। Ḕਮੈਂ ਵੀ ਪਾਨਸਰੇ, ਮੈਂ ਵੀ ਦਾਭੋਲਕਰ।Ḕ
———————————–
ਤਰੱਕੀਪਸੰਦ ਸੋਚ ਦਾ ਮੁਜੱਸਮਾ ਪਾਨਸਰੇ
16 ਫਰਵਰੀ ਨੂੰ ਕੋਲਹਾਪੁਰ (ਮਹਾਰਾਸ਼ਟਰ) ਵਿਚ ਆਪਣੇ ਘਰ ਦੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਦੇ ਕਾਤਲਾਨਾ ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਉਘੇ ਕਮਿਊਨਿਸਟ ਆਗੂ ਕਾਮਰੇਡ ਗੋਵਿੰਦ ਪਾਨਸਰੇ 20 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ। ਗੋਲੀਆਂ ਦੀ ਬੁਛਾੜ ਨਾਲ ਉਨ੍ਹਾਂ ਦੀ ਪਤਨੀ ਉਮਾ ਵੀ ਗੰਭੀਰ ਜ਼ਖ਼ਮੀ ਹੋ ਗਈ ਸੀ। ਇਕ ਮਕਬੂਲ ਆਵਾਮੀ ਆਗੂ ਵਜੋਂ ਕਾਮਰੇਡ ਪਾਨਸਰੇ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਕੋਲਹਾਪੁਰ ਦੇ ਆਮ ਲੋਕ ਵੱਡੇ ਹਜੂਮ ਦੀ ਸ਼ਕਲ ‘ਚ ਉਨ੍ਹਾਂ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਏ ਅਤੇ ਪੂਰਾ ਸ਼ਹਿਰ ਆਪ-ਮੁਹਾਰੇ ਬੰਦ ਹੋ ਗਿਆ। ਕਾਤਲਾਂ ਦੀ ਸੋਚ ਦੇ ਉਲਟ ਮਹਾਂਰਾਸ਼ਟਰ ਦੇ ਅਗਾਂਹਵਧੂ ਲੋਕਾਂ ਨੇ ਸਹਿਮ ਕੇ ਘਰਾਂ ਵਿਚ ਦੜ ਵੱਟ ਲੈਣ ਦੀ ਥਾਂ ਵਿਚਾਰਾਂ ਦੀ ਆਜ਼ਾਦੀ ਦੀ ਰਵਾਇਤ ਉਪਰ ਦ੍ਰਿੜਤਾ ਦਿਖਾਈ ਅਤੇ ਬੁਜ਼ਦਿਲ ਕਾਤਲਾਂ ਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲੀਆਂ ਤਾਕਤਾਂ ਨੂੰ ਫਿਟਕਾਰ ਪਾਈ। ਹੁਕਮਰਾਨ ਧਿਰ ਦੀ ਡਾæ ਦਾਭੋਲਕਰ ਦੇ ਕਤਲ ਵਿਚ ਮਿਲੀਭੁਗਤ ਹੋਣ ਕਾਰਨ ਕਤਲ ਦੀ ਤਫਤੀਸ਼ ਅਜੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗੀ। ਮਹਾਂਰਾਸ਼ਟਰ ਹਕੂਮਤ ਨੇ ਇਹ ਕਹਿ ਕੇ ਉਸ ਕਤਲ ਦੀ ਜਾਂਚ ਕੌਮੀ ਜਾਂਚ ਏਜੰਸੀ ਤੋਂ ਕਰਵਾਉਣੋਂ ਨਾਂਹ ਕਰ ਦਿੱਤੀ ਸੀ ਕਿ ਇਹ ਦਹਿਸ਼ਤਵਾਦ ਦੇ ਜੁਮਰੇ ਵਿਚ ਨਹੀਂ ਆਉਂਦਾ। ਡੇਢ ਸਾਲ ਬਾਅਦ ਹੀ ਸਮਾਜੀ ਤਰੱਕੀ ਦਾ ਰਾਹ ਰੋਕੀ ਖੜ੍ਹੀਆਂ ਤਾਕਤਾਂ ਨੇ ਪਾਨਸਰੇ ਨੂੰ ਕਤਲ ਕਰਵਾ ਦਿੱਤਾ। ਪਾਨਸਰੇ ਨੂੰ ਵੀ ਐਨ ਡਾæ ਦਾਭੋਲਕਰ ਦੇ ਕਤਲ ਦੇ ਨਮੂਨੇ ‘ਤੇ ਹੀ ਗੋਲੀਆਂ ਮਾਰੀਆਂ ਗਈਆਂ।
ਪਿਛਲੇ ਸਮੇਂ ‘ਚ ਗੋਵਿੰਦ ਪਾਨਸਰੇ ਨੂੰ ਮਿਲੀਆਂ ਧਮਕੀਆਂ ਤੋਂ ਇਹ ਨਿਸ਼ਚਿਤ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਸਵਾਲ ਇਹ ਹੈ ਕਿ ਉਨ੍ਹਾਂ ਕਤਲ ਕਰਵਾਉਣ ਪਿੱਛੇ ਕਿਨ੍ਹਾਂ ਤਾਕਤਾਂ ਦੇ ਹਿੱਤ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਪਾਨਸਰੇ ਦੇ ਕਤਲ ਪਿੱਛੇ ਵੀ ਡਾæ ਨਰਿੰਦਰ ਦਾਭੋਲਕਰ ਦਾ ਕਤਲ ਕਰਵਾਉਣ ਵਾਲੀਆਂ ਹਿੰਦੂਤਵੀ ਰੂੜ੍ਹੀਵਾਦੀ ਕਾਰਪੋਰੇਟ ਪੱਖੀ ਤਾਕਤਾਂ ਦਾ ਹੀ ਹੱਥ ਹੈ। ਪਹਿਲ-ਪ੍ਰਿਥਮੇ ਉਨ੍ਹਾਂ ਰੂੜ੍ਹੀਵਾਦੀ ਹਿੰਦੂਤਵੀ ਤਾਕਤਾਂ ਦਾ ਇਸ ਪਿੱਛੇ ਹਿੱਤ ਹੈ ਜਿਨ੍ਹਾਂ ਨੂੰ ਵਿਗਿਆਨਕ ਤਰੱਕੀਪਸੰਦ ਖਿਆਲ ਮਨਜ਼ੂਰ ਨਹੀਂ। ਪਾਨਸਰੇ ਅਗਾਂਹਵਧੂ ਖਿਆਲਾਂ ਦਾ ਨਿਧੜਕ ਤਰਜਮਾਨ ਸੀ। ਉਸ ਦੀ ਮਰਾਠੀ ਵਿਚ ਲਿਖੀ ਕਿਤਾਬ ‘ਸ਼ਿਵਾਜੀ ਕੌਨ ਹੋਤਾ?’ ਵਿਚ ਪੇਸ਼ ਕੀਤਾ ਇਤਿਹਾਸਕ ਵਿਸ਼ਲੇਸ਼ਣ ਐਨਾ ਚਰਚਿਤ ਅਤੇ ਮਕਬੂਲ ਹੋਇਆ ਕਿ 27 ਸਾਲਾਂ ਵਿਚ ਇਸ ਦੀ ਮੂਲ ਮਰਾਠੀ ਛਾਪ ਅਤੇ ਅੰਗਰੇਜ਼ੀ ਤਰਜਮੇ ਦੀਆਂ ਦੋ ਲੱਖ ਕਾਪੀਆਂ ਵਿਕ ਗਈਆਂ। ਇਸ ਵਿਸ਼ਲੇਸ਼ਣ ਨੇ ਸ਼ਿਵਾਜੀ ਦੀ ਸ਼ਖਸੀਅਤ ਨਾਲ ਜੋੜੀਆਂ ਮਿੱਥਾਂ ਤੋੜ ਕੇ ਉਸ ਦਾ ਅਕਸ ਇਕ ਪਰਜਾ ਹਿਤੈਸ਼ੀ ਰਾਜੇ ਵਜੋਂ ਸਥਾਪਤ ਕੀਤਾ। ਉਹ ਹਿੰਦੂਤਵੀ ਫਾਸ਼ੀਵਾਦ ਦੀ ਉਠਾਣ ਦਾ ਤਿੱਖਾ ਆਲੋਚਕ ਸੀ, ਖ਼ਾਸ ਕਰ ਕੇ ਹਾਲ ਹੀ ਵਿਚ ਇਨ੍ਹਾਂ ਤਾਕਤਾਂ ਵਲੋਂ ਸੱਤਾਧਾਰੀ ਹੋ ਕੇ ਨਾਥੂਰਾਮ ਗੋਡਸੇ ਨੂੰ ਮਹਾਨ ਦੇਸ਼ਭਗਤ ਬਣਾ ਕੇ ਉਸ ਦੇ ਬੁੱਤ ਤੇ ਮੰਦਰ ਬਣਾਏ ਜਾਣ ਦਾ ਉਸ ਨੇ ਤਿੱਖਾ ਵਿਰੋਧ ਕੀਤਾ। ਉਸ ਨੇ ਕੋਲਹਾਪੁਰ ਵਿਚ ਕੀਤੇ ਜਾਂਦੇ ਹਿੰਦੂ ‘ਯੱਗ’ ਵਿਰੁਧ ਵੀ ਆਵਾਜ਼ ਉਠਾਈ ਜਿਸ ਵਿਚ ਮਣਾਂ ਦੇ ਹਿਸਾਬ ਨਾਲ ਘਿਓ ਅਤੇ ਹੋਰ ਹਵਨ ਸਮੱਗਰੀ ਸਾੜ ਕੇ ਪ੍ਰਦੂਸ਼ਨ ਫੈਲਾਇਆ ਜਾਂਦਾ ਸੀ। ਉਹ ਹਿੰਦੂ ਕਰਮ-ਕਾਂਡਾਂ ਦੇ ਸਖ਼ਤ ਖਿਲਾਫ ਸੀ ਅਤੇ ਵਿਗਿਆਨਕ ਸੋਚ ਦਾ ਝੰਡਾਬਰਦਾਰ ਸੀ। ਉਹ ਉਦਾਰੀਕਰਨ-ਨਿੱਜੀਕਰਨ-ਆਲਮੀਕਰਨ ਦੀਆਂ ਨੀਤੀਆਂ ਵਿਰੁਧ ਲੋਕਾਂ ਦੇ ਵੱਖ-ਵੱਖ ਹਿੱਸਿਆਂ ਨੂੰ ਲਾਮਬੰਦ ਕਰਨ ‘ਚ ਹਮੇਸ਼ਾ ਅੱਗੇ ਹੁੰਦਾ ਸੀ। ਹਾਲ ਹੀ ਵਿਚ ਉਸ ਦੀ ਅਗਵਾਈ ਵਿਚ ਕੋਲਹਾਪੁਰ ਵਿਚ ਟੌਲ ਲਗਾਏ ਜਾਣ ਦੇ ਖਿਲਾਫ ਜੋ ਅੰਦੋਲਨ ਕੀਤਾ ਗਿਆ ਉਸ ਕਾਰਨ ਆਵਾਮ ਦੀਆਂ ਜੇਬਾਂ ਕੱਟਣ ਦਾ ਇਹ ਧੰਦਾ ਬੰਦ ਕਰਨਾ ਪਿਆ। ਇਨ੍ਹਾਂ ਸਾਰੇ ਸੰਘਰਸ਼ਾਂ ਦੀਆਂ ਕੜੀਆਂ ਓੜਕ ਉਸ ਦੇ ਕਤਲ ਨਾਲ ਜਾ ਜੁੜਦੀਆਂ ਹਨ।
ਪਿਛਾਖੜੀ ਤਾਕਤਾਂ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਚਾਰਵਾਕ, ਗਲੈਲੀਓ, ਕਾਪਰਨੀਕਸ, ਰਾਮਾਸਵਾਮੀ ਸਵਾਮੀ ਪੇਰੀਆਰ, ਭਗਤ ਸਿੰਘ ਦੀ ਤਰਕ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਾਲਿਆਂ ਨੂੰ ਜਿਸਮਾਨੀ ਤੌਰ ‘ਤੇ ਕਤਲ ਕਰਕੇ ਵਿਗਿਆਨਕ ਸੋਚ ਨੂੰ ਖ਼ਤਮ ਕਰ ਦੇਣਗੇ। ਇਸ ਤਰ੍ਹਾਂ ਦੇ ਅਜ਼ਮਾਇਸ਼ੀ ਵਕਤਾਂ ਨਾਲ ਮੱਥਾ ਲਾ ਕੇ ਤਰੱਕੀਪਸੰਦ ਤਾਕਤਾਂ ਦੀ ਹਮੇਸ਼ਾ ਜਿੱਤ ਹੋਈ ਹੈ। ਹੁਣ ਵੀ ਸਮੇਂ ਦਾ ਪਹੀਆ ਪਿੱਛੇ ਜਹਾਲਤ ਦੇ ਯੁੱਗ ਵੱਲ ਵਾਪਸ ਮੋੜਨ ਵਾਲੀਆਂ ਤਾਕਤਾਂ ਨੂੰ ਮੂੰਹ ਦੀ ਖਾਣੀ ਪਵੇਗੀ ਅਤੇ ਡਾæ ਦਾਭੋਲਕਰ, ਪਾਨਸਰੇ ਵਾਰ-ਵਾਰ ਚੁਣੌਤੀ ਦਿੰਦੇ ਰਹਿਣਗੇ।
-ਬੂਟਾ ਸਿੰਘ