ਦੂਰਦਰਸ਼ੀ ਸਿਰਦਾਰ ਕਪੂਰ ਸਿੰਘ ਆਈæਸੀæਐਸ਼

ਜਨਮ ਦਿਨ ‘ਤੇ ਵਿਸ਼ੇਸ਼
ਸਿਰਦਾਰ ਕਪੂਰ ਸਿੰਘ ਆਈæਸੀæਐਸ਼ ਦਾ ਸਿੱਖ ਸਿਆਸਤ ਵਿਚ ਆਪਣਾ ਨਿਆਰਾ ਵਿਸ਼ੇਸ਼ ਮੁਕਾਮ ਹੈ। ਉਨ੍ਹਾਂ ਸਿੱਖਾਂ ਨੂੰ ਸੰਕਟ ਵਿਚੋਂ ਉਭਾਰਨ ਲਈ ਹਮੇਸ਼ਾ ਯਤਨ ਕੀਤਾ। ਆਪਣੀ ਬੇਬਾਕੀ ਕਾਰਨ ਉਨ੍ਹਾਂ ਨੂੰ ਕੇਂਦਰ ਸਰਕਾਰ ਹੱਥੋਂ ਅਨਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਆਪਣਿਆਂ ਦੀਆਂ ਨਾਰਾਜ਼ਗੀਆਂ ਵੀ ਸਹਿਣੀਆਂ ਪਈਆਂ।

ਅਨੰਦਪੁਰ ਸਾਹਿਬ ਵਾਲਾ ਮਤਾ ਲਿਖਣ ਵਾਲੇ ਇਸ ਜਿਊੜੇ ਨਾਲ ਭਾਵੇਂ ਕਈ ਤਰ੍ਹਾਂ ਦੇ ਵਿਵਾਦ ਜੁੜੇ ਰਹੇ ਹਨ, ਪਰ ਉਨ੍ਹਾਂ ਦੇ ਸਬਰ-ਸੰਤੋਖ ਤੇ ਇਮਾਨਦਾਰੀ ਬਾਰੇ ਸਭ ਇਕ ਰਾਏ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ ਜਸਵੰਤ ਸਿੰਘ ਸੰਧੂ ਨੇ ਇਹ ਲੇਖ ਭੇਜਿਆ ਹੈ ਜੋ ਅਸੀਂ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਇਸ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ। -ਸੰਪਾਦਕ

ਜਸਵੰਤ ਸਿੰਘ ਸੰਧੂ
ਯੂਨੀਅਨ ਸਿਟੀ, ਕੈਲੀਫੋਰਨੀਆ।
ਫੋਨ: 510-516-5971

ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਈਸਵੀ ਨੂੰ ਸ਼ ਦੀਦਾਰ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਇਹ ਦਰਮਿਆਨਾ, ਕਿਸਾਨ ਪਰਿਵਾਰ ਸੀ। ਇਨ੍ਹਾਂ ਦਾ ਜੱਦੀ ਪਿੰਡ ਮੰਨਣ ਚੱਕ ਕਲਾਂ ਜ਼ਿਲ੍ਹਾ ਲੁਧਿਆਣਾ ਵਿਚ ਸੀ, ਪਰ ਜ਼ਮੀਨ ਚੱਕ ਨੰਬਰ 531 ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿਚ ਹੋਣ ਕਰ ਕੇ ਉਥੇ ਵਸਿਆ ਹੋਇਆ ਸੀ। ਕਪੂਰ ਸਿੰਘ ਨੇ ਮੁਢਲੀ ਵਿਦਿਆ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿਚੋਂ ਉਹ ਪੰਜਾਬ ਭਰ ਵਿਚੋਂ ਪਹਿਲੇ ਦਰਜੇ ‘ਤੇ ਆਏ। ਫਿਰ ਲਾਹੌਰ ਦੇ ਗੌਰਮਿੰਟ ਕਾਲਜ ਦਾਖ਼ਲ ਹੋ ਗਏ ਤੇ 1931 ਵਿਚ ਐਮæਏæ ਫ਼ਿਲਾਸਫ਼ੀ ਦੀ ਡਿਗਰੀ ਯੂਨੀਵਰਸਿਟੀ ਵਿਚੋਂ ਅੱਵਲ ਰਹਿ ਕੇ ਪ੍ਰਾਪਤ ਕੀਤੀ। ਉਚੇਰੀ ਵਿਦਿਆ ਲਈ ਉਹ 1931 ਵਿਚ ਕੈਂਬਰਿਜ ਯੂਨੀਵਰਸਿਟੀ ਲੰਡਨ ਜਾ ਦਾਖ਼ਲ ਹੋਏ ਤੇ ਉਥੋਂ ਮੌਰਲ ਸਾਇੰਸਿਜ਼ ਦੀ ਡਿਗਰੀ ਪ੍ਰਾਪਤ ਕੀਤੀ। ਨਾਲ ਹੀ ਤਿੰਨ ਹੋਰ ਮਜ਼ਮੂਨਾਂ ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪ ਦੇ ਪ੍ਰੀਖਿਅਕ ਸੰਸਾਰ ਪ੍ਰਸਿੱਧ ਚਿੰਤਕ ਬਰਟਰੈਂਡ ਰੱਸਲ ਆਪ ਦੀ ਯੋਗਤਾ ਤੋਂ ਖਾਸ ਪ੍ਰਭਾਵਿਤ ਹੋਏ ਅਤੇ ਯੂਨੀਵਰਸਿਟੀ ਵੱਲੋਂ ਆਪ ਨੂੰ ਲੈਕਚਰਾਰ ਦੀ ਨਿਯੁਕਤੀ ਵਾਸਤੇ ਸੱਦਾ ਦਿੱਤਾ ਜੋ ਉਨ੍ਹਾਂ ਦੇਸ਼ ਸੇਵਾ ਹਿੱਤ ਨਾ-ਮਨਜ਼ੂਰ ਕਰ ਦਿੱਤਾ। 1933 ਵਿਚ ਆਈæਸੀæਐਸ਼ ਪ੍ਰੀਖਿਆ ਵਿਚ ਸਫ਼ਲਤਾ ਪ੍ਰਾਪਤ ਕੀਤੀ ਤੇ ਟ੍ਰੇਨਿੰਗ ਲੈ ਕੇ 1934 ਵਿਚ ਦੇਸ਼ ਪਰਤੇ।
1934 ਵਿਚ ਸ਼ ਕਪੂਰ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਅਹੁਦਾ ਪ੍ਰਾਪਤ ਕੀਤਾ। ਇਸ ਨੌਕਰੀ ਦੌਰਾਨ ਉਨ੍ਹਾਂ ਝੰਗ, ਗੁਜਰਾਤ (ਪਾਕਿਸਤਾਨ), ਰੋਹਤਕ, ਕਰਨਾਲ, ਗੁੜਗਾਉਂ, ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਕੋਈ ਪੰਦਰਾਂ ਕੁ ਸਾਲ, ਬਤੌਰ ਡਿਪਟੀ ਕਮਿਸ਼ਨਰ ਪ੍ਰਬੰਧਕੀ ਕਾਰਜ ਇਮਾਨਦਾਰੀ ਨਾਲ ਨਿਭਾਇਆ। ਨੌਕਰੀ ਦੌਰਾਨ ਉਹ 1942 ‘ਚ ਗਾਂਧੀ ਜੀ ਨੂੰ ਵਾਰਧਾ ਵਿਚ ਮਿਲੇ। ਉਸ ਸਮੇਂ ‘ਭਾਰਤ ਛੱਡੋ ਅੰਦੋਲਨ’ ਅੰਗਰੇਜ਼ ਸਰਕਾਰ ਦੇ ਬਰਖਿਲਾਫ਼ ਚੱਲ ਰਿਹਾ ਸੀ। ਸਰਕਾਰੀ ਮੁਲਾਜ਼ਮ ਹੋਣ ਕਰ ਕੇ ਅੰਗਰੇਜ਼ ਸਰਕਾਰ ਨੇ ਇਤਰਾਜ਼ ਕੀਤਾ। ਉਨ੍ਹਾਂ ਅੰਗਰੇਜ਼ ਹਾਕਮਾਂ ਦੇ ਪ੍ਰਸ਼ਨਾਂ ਦਾ ਅਜਿਹਾ ਉਤਰ ਦਿੱਤਾ ਕਿ ਸਭ ਲਾਜਵਾਬ ਹੋ ਗਏ।
ਜਦ ਸ਼ ਕਪੂਰ ਸਿੰਘ 1947 ਵਿਚ ਕਾਂਗੜੇ ਦੇ ਡੀæਸੀæ ਸਨ, ਮਾਸਟਰ ਤਾਰਾ ਸਿੰਘ ਬਿਮਾਰ ਹੋਣ ਕਰ ਕੇ ਇਕ ਮਹੀਨਾ ਉਨ੍ਹਾਂ ਪਾਸ ਠਹਿਰੇ। ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਦਿੱਲੀ ਸਰਕਾਰ ਦੇ ਹੁਕਮ ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਗੁਪਤ ਸਰਕੁਲਰ ਜਾਰੀ ਕੀਤਾ ਜਿਸ ਵਿਚ ਪੰਜਾਬ ਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਸਮਝ ਕੇ ਸਖ਼ਤੀ ਨਾਲ ਦਬਾਉਣ ਦਾ ਹੁਕਮ ਸੀ। ਇਸ ਪੱਤਰ ਖਿਲਾਫ਼ ਸ਼ ਕਪੂਰ ਸਿੰਘ ਨੇ ਇਤਰਾਜ਼ ਕੀਤਾ ਤੇ ਕਿਹਾ ਕਿ ਸਿੱਖਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅੱਸੀ ਫੀਸਦੀ ਕੁਰਬਾਨੀਆਂ ਦਿੱਤੀਆਂ, ਪਰ ਸਰਕਾਰ ਨੇ ਉਨ੍ਹਾਂ ਕੁਰਬਾਨੀਆਂ ਨੂੰ ਦੋ ਮਹੀਨਿਆਂ ਵਿਚ ਹੀ ਭੁਲਾ ਦਿੱਤਾ ਹੈ। ਇਉਂ ਇਨ੍ਹਾਂ ਬਹਾਦਰ ਤੇ ਅਣਖੀ ਲੋਕਾਂ ਨੂੰ ਬੇਇਜ਼ਤ ਕੀਤਾ ਗਿਆ ਹੈ। ਬੱਸ, ਇੰਨੀ ਕੁ ਬਾਤ ਦਾ ਬਤੰਗੜ ਬਣ ਗਿਆ। ਕੁਝ ਹਿੰਦੂ ਅਤੇ ਸਿੱਖ ਵਿਰੋਧੀ ਲੋਕਾਂ ਨੇ ਪੰਡਿਤ ਨਹਿਰੂ ਦੇ ਕੰਨ ਭਰੇ ਕਿ ਸ਼ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਨਾਲ ਰਲ ਕੇ ਚੀਨ, ਇੰਗਲੈਂਡ, ਪਾਕਿਸਤਾਨ ਅਤੇ ਅਮਰੀਕਾ ਨਾਲ ਸਿੱਖ ਰਾਜ ਸਥਾਪਤ ਕਰਨ ਹਿੱਤ ਵਿਉਂਤਾਂ ਬਣਾ ਰਿਹਾ ਹੈ ਤੇ ਇਨ੍ਹਾਂ ਨੇ ਪਹਾੜਾਂ ਵਿਚ ਹਥਿਆਰ ਇਕੱਠੇ ਕਰ ਲਏ ਹਨ। ਪੰਡਿਤ ਨਹਿਰੂ ਨੇ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਨੂੰ ਸ਼ ਕਪੂਰ ਸਿੰਘ ਖਿਲਾਫ਼ ਕੋਈ ਸਖ਼ਤ ਕਦਮ ਚੁੱਕਣ ਲਈ ਕਿਹਾ। ਨਤੀਜਾ, 13 ਅਤੇ 14 ਅਪਰੈਲ 1949 ਦੀ ਰਾਤ ਨੂੰ ਗੋਪੀ ਚੰਦ ਭਾਰਗੋ ਦੀ ਸਰਕਾਰ ਨੇ ਰਾਤ ਦੇ ਸਾਢੇ ਬਾਰਾਂ ਵਜੇ ਸ਼ ਕਪੂਰ ਸਿੰਘ ਨੂੰ ਮੁਅੱਤਲੀ ਦੇ ਹੁਕਮ ਦੇ ਦਿੱਤੇ।
ਇਹ ਕੇਸ ਚਾਰ ਸਾਲ ਲਟਕਦਾ ਰਿਹਾ। ਅੱਠ-ਨੌਂ ਬੇਬੁਨਿਆਦ ਝੂਠੇ ਕੇਸ ਬਣਾ ਕੇ ਸਿਰਦਾਰ ਕਪੂਰ ਸਿੰਘ ਨੂੰ ਹਮੇਸ਼ਾ ਵਾਸਤੇ ਨੌਕਰੀ ਤੋਂ ਕੱਢ ਦਿੱਤਾ ਗਿਆ। 1950-51 ਵਿਚ ਉਨ੍ਹਾਂ ਲਿਖਤੀ ਬਿਆਨ ਦਿੱਤਾ ਕਿ ਕਿਵੇਂ ਕੁਝ ਹਿੰਦੂ ਅਫ਼ਸਰਾਂ ਤੇ ਕਾਂਗਰਸੀ ਨੇਤਾਵਾਂ ਨੇ ਉਹਦੇ ਖਿਲਾਫ ਝੂਠੇ ਮੁਕੱਦਮੇ ਚਲਾਏ। ਸ਼ ਪ੍ਰਤਾਪ ਸਿੰਘ ਵਰਗੇ ਨੇਤਾਵਾਂ ਨੇ ਵੀ ਆਪਣਾ ਅਸਰ-ਰਸੂਖ ਇਹ ਸਾਜ਼ਿਸ਼ ਰਚਣ ਸਮੇਂ ਵਰਤਿਆ। ਵੱਖ-ਵੱਖ ਸਰਕਾਰੀ ਪ੍ਰਭਾਵ ਅਧੀਨ ਪੱਖਪਾਤੀ ਦ੍ਰਿਸ਼ਟੀਕੋਣ ਕਾਰਨ ਅਨੇਕਾਂ ਵਕੀਲਾਂ, ਜੱਜਾਂ ਆਦਿ ਨੇ ਇਕਪਾਸੜ ਦ੍ਰਿਸ਼ਟੀ ਅਪਨਾਈ। ਇਸ ‘ਤੇ ਉਨ੍ਹਾਂ ਹਾਈਕੋਰਟ ਅਤੇ ਫਿਰ ਸੁਪਰੀਮ ਕੋਰਟ ਵਿਚ ਅਪੀਲਾਂ ਕੀਤੀਆਂ, ਪਰ ਕੇਂਦਰੀ ਸਰਕਾਰ ਦੇ ਇਸ਼ਾਰੇ ਉਤੇ ਇਹੋ ਸਿੱਧ ਕੀਤਾ ਜਾਂਦਾ ਰਿਹਾ ਕਿ ਸ਼ ਕਪੂਰ ਸਿੰਘ ਅਸਲ ਵਿਚ ਕਸੂਰਵਾਰ ਹੈ।
1962 ਵਿਚ ਜਦ ਸ਼ ਪ੍ਰਤਾਪ ਸਿੰਘ ਕੈਰੋਂ ਨੇ ਆਈæਸੀæਐਸ਼ ਅਫ਼ਸਰ ਰਘੁਪਤੀ ਕਪੂਰ ਨੂੰ ਸਰਕਾਰੀ ਅਹੁਦੇ ਤੋਂ ਮੁਅੱਤਲ ਕੀਤਾ, ਤਾਂ ਉਹਨੇ ਸੁਪਰੀਮ ਕੋਰਟ ਵਿਚ ਅਪੀਲ ਕਰ ਕੇ ਇਨ-ਬਿਨ ਉਹੀ ਛੇ-ਸੱਤ ਕਾਨੂੰਨੀ ਨੁਕਤੇ ਉਠਾਏ ਜਿਹੜੇ ਸ਼ ਕਪੂਰ ਸਿੰਘ ਨੇ ਆਪਣੇ ਕੇਸ ਵਿਚ ਉਠਾਏ ਸਨ। ਸੁਪਰੀਮ ਕੋਰਟ ਨੇ ਉਹ ਸਾਰੇ ਕਾਨੂੰਨੀ ਨੁਕਤੇ ਪ੍ਰਵਾਨ ਕਰ ਲਏ ਤੇ ਰਘੁਪਤੀ ਕਪੂਰ ਨੂੰ ਬਹਾਲ ਕਰ ਦਿੱਤਾ। ਸ਼ ਗੁਰਨਾਮ ਸਿੰਘ ਜੋ ਉਸ ਸਮੇਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ, ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਚਿੱਠੀ ਭੇਜ ਕੇ ਕਿਹਾ ਕਿ ਦੇਸ਼ ਦਾ ਕਾਨੂੰਨ ਸਭ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ, ਸ਼ ਕਪੂਰ ਸਿੰਘ ਨੂੰ ਵੀ ਤਨਖਾਹ ਤੇ ਪੈਨਸ਼ਨ ਦੇਣੀ ਚਾਹੀਦੀ ਹੈ। ਸ੍ਰੀ ਸ਼ਾਸਤਰੀ ਨੇ ਉਤਰ ਵਿਚ ਕੋਰਾ ਜਵਾਬ ਦੇ ਦਿੱਤਾ। ਇਸ ਤਰ੍ਹਾਂ ਸ਼ ਕਪੂਰ ਸਿੰਘ ਦੀ 15 ਲੱਖ ਰੁਪਏ ਬਣਦੀ ਤਨਖਾਹ ਸਰਕਾਰ ਦੇ ਪੇਟੇ ਪੈ ਗਈ।
ਕੁਝ ਲੋਕ ਰਾਜਨੀਤੀ ਵਿਚੋਂ ਨਿਰੋਲ ਕੁਰਸੀ ਪ੍ਰਾਪਤ ਕਰਨ ਵਾਸਤੇ ਆਉਂਦੇ ਹਨ, ਪਰ ਸ਼ ਕਪੂਰ ਸਿੰਘ ਸਿੱਖਾਂ ਦੀ ਬਿਹਤਰੀ ਵਾਸਤੇ ਰਾਜਨੀਤੀ ਵਿਚ ਆਏ। ਜਦ ਅਕਾਲੀ ਦਲ, ਮਾਸਟਰ ਅਤੇ ਸੰਤ ਫਤਿਹ ਸਿੰਘ, ਦੋ ਧੜਿਆਂ ਵਿਚ ਵੰਡਿਆ ਹੋਇਆ ਸੀ, ਸ਼ ਕਪੂਰ ਸਿੰਘ ਨੇ ਅਕਤੂਬਰ 1968 ਵਿਚ ਦੋਹਾਂ ਅਕਾਲੀ ਦਲਾਂ ਦਾ ਏਕਾ ਕਰਾਇਆ ਤੇ ਕਿਹਾ, “ਇਹ ਏਕਾ ਪੰਥ ਦੀ ਭਲਾਈ ਵਾਸਤੇ ਕਰਾਇਆ ਗਿਆ ਹੈ। ਇਸ ਵਿਚ ਨਾ ਕਿਸੇ ਦੀ ਜਿੱਤ ਹੈ, ਨਾ ਕਿਸੇ ਦੀ ਹਾਰ ਹੈ।” ਉਨ੍ਹਾਂ ਨੂੰ ਸੰਯੁਕਤ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਪਾਰਲੀਮੈਂਟਰੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ, ਪਰ ਸਿੱਖ ਹੋਮਲੈਂਡ ਦੀ ਮੰਗ ਕਰਨ ‘ਤੇ ਉਨ੍ਹਾਂ ਨੂੰ 25 ਸਤੰਬਰ 1969 ਨੂੰ ਅਕਾਲੀ ਦਲ ਤੋਂ ਵੱਖ ਕਰ ਦਿੱਤਾ ਗਿਆ। ਉਨ੍ਹਾਂ ਕੁਰਸੀ ਦੇ ਭੁੱਖੇ ਲੀਡਰਾਂ ਦਾ ਡਟ ਕੇ ਵਿਰੋਧ ਕੀਤਾ। ਆਪਣੇ ਸਟੈਂਡ ਤੋਂ ਉਹ ਕਦੇ ਪਿਛੇ ਨਾ ਹਟੇ।
ਸ਼ ਕਪੂਰ ਸਿੰਘ ਦੂਰਦਰਸ਼ੀ ਇਨਸਾਨ ਸਨ। 1947 ਤੋਂ ਪਹਿਲਾਂ ਉਨ੍ਹਾਂ ਦੀ ਮੁਸਲਮਾਨ ਲੀਡਰਾਂ ਡਾæ ਮੁਹੰਮਦ ਇਕਬਾਲ ਤੇ ਮੁਹੰਮਦ ਅਲੀ ਜਿਨਾਹ ਨਾਲ ਵੀ ਗੱਲ-ਬਾਤ ਹੁੰਦੀ ਰਹੀ। 1931 ਵਿਚ ਜਨਾਬ ਜਿਨਾਹ ਜਦੋਂ ਦੂਜੀ ਗੋਲ ਮੇਜ ਕਾਨਫਰੰਸ ਵਿਚ ਹਿੱਸਾ ਲੈਣ ਲਈ ਜਾ ਰਹੇ ਸਨ, ਤਾਂ ਸ਼ ਕਪੂਰ ਸਿੰਘ ਨੂੰ ਉਨ੍ਹਾਂ ਦੇ ਹਮਸਫ਼ਰ ਹੋਣ ਦਾ ਮਾਣ ਪ੍ਰਾਪਤ ਹੋਇਆ। ਪਿਛੋਂ ਉਹ ਕਈ ਵਾਰ ਜਿਨਾਹ ਨੂੰ ਮਿਲੇ ਤੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦਿਨਾਂ ਵਿਚ ਜਿਨਾਹ ਨੇ ਕੈਂਬ੍ਰਿਜ ਯੂਨੀਵਰਸਿਟੀ ਵਿਖੇ ਆਪਣੇ ਭਾਸ਼ਨ ਵਿਚ ਸਿੱਖ ਲੀਡਰਾਂ ਬਾਰੇ ਕੁਝ ਮਾੜੇ ਸ਼ਬਦ ਕਹਿ ਦਿੱਤੇ ਜਿਸ ‘ਤੇ ਸ਼ ਕਪੂਰ ਸਿੰਘ ਨੇ ਵੱਖਰਿਆਂ ਮਿਲ ਕੇ ਗਿਲਾ ਕੀਤਾ। ਜਿਨਾਹ ਨੇ ਉਤਰ ਦਿੱਤਾ, “ਮੁੰਡਿਆ, ਜੋਸ਼ ਤੇ ਜਜ਼ਬਾ ਹੋਰ ਚੀਜ਼ ਹੈ, ਤੇ ਰਾਜਨੀਤਕ ਸੂਝ-ਬੂਝ ਹੋਰ। ਮੇਰੀਆਂ ਗੱਲਾਂ ਧਿਆਨ ਨਾਲ ਸੋਚ, ਤੇ ਕਰ ਕੁਝ ਜੇ ਹੌਸਲਾ ਹੈ ਤਾਂ। ਕਦੇ ਬੁੱਢੇ-ਵਾਰੇ ਮੇਰੀਆਂ ਗੱਲਾਂ ਤੈਨੂੰ ਯਾਦ ਆਉਣਗੀਆਂ।” (ਸਾਚੀ ਸਾਖੀ ਸਫ਼ਾ 77)
ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕਰਦਿਆਂ ਉਹ ਲਿਖਦੇ ਹਨ, “ਉਹ ਬੜੇ ਸਪਸ਼ਟ ਵਕਤਾ ਸਨ। ਬਹੁਤੀ ਵਾਰ ਭਾਵੇਂ ਕਿਸੇ ਦੇ ਗਿੱਟੇ ਲੱਗੇ, ਭਾਵੇਂ ਗੋਡੇ; ਸਿੱਧੀ ਗੱਲ ਮੂੰਹ ‘ਤੇ ਮਾਰਦੇ ਸਨ।” ਆਪਣੀ ਪੁਸਤਕ ‘ਸਾਚੀ ਸਾਖੀ’ ਵਿਚ ਸ਼ ਕਪੂਰ ਸਿੰਘ ਲਿਖਦੇ ਹਨ, ਸੰਨ 1947 ਦੇ ਸ਼ੁਰੂ ਦੀ ਗੱਲ ਹੈ, ਮੈਂ ਲਾਹੌਰ ਵਿਚ ਮਿਸਟਰ ਜਿਨਾਹ ਨੂੰ ਕਿਹਾ ਕਿ ਸਿੱਖ ਮੁਸਲਿਮ ਬਹੁ-ਗਿਣਤੀ ਦੇ ਰਾਜ ਤੋਂ ਬੜੇ ਤ੍ਰਭਕਦੇ ਹਨ। ਇਸ ਬਾਰੇ ਸਿੱਖਾਂ ਦਾ ਪਿਛਲਾ ਤਜਰਬਾ ਕੋਈ ਬਹੁਤਾ ਅੱਛਾ ਨਹੀਂ। ਉਨ੍ਹਾਂ ਮੁਸਕਰਾ ਕੇ ਉਤਰ ਦਿੱਤਾ, ‘ਤ੍ਰਭਕਣਾ ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਨਾਲ ਸਾਂਝ ਪਾ ਕੇ ਜਿਹੜਾ ਪਾਕਿਸਤਾਨ ਬਣੇਗਾ, ਉਸ ਦਾ ਪਹਿਲਾ ਕਾਨੂੰਨ ਇਹੋ ਬਣਨਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦਾ ਧਰਮ, ਗੁਰਦੁਆਰੇ, ਜ਼ਮੀਨ-ਜਾਇਦਾਦਾਂ, ਜਾਨ-ਮਾਲ ਵਿਸ਼ੇਸ਼ ਤੌਰ ‘ਤੇ ਸੁਰੱਖਿਅਤ ਹਨ। ਪਾਕਿਸਤਾਨ ਸਥਾਪਤ ਹੋਣ ਦੇ ਛੇ ਮਹੀਨੇ ਦੇ ਅੰਦਰ-ਅੰਦਰ ਪਾਕਿਸਤਾਨ ਵਿਚ ਵੱਸਦੇ ਹਿੰਦੂਆਂ ਨੇ ਆਪਣੇ ਆਪ ਸਿੱਖ ਬਣ ਜਾਣਾ ਹੈ ਜਿਸ ਨਾਲ ਪਾਕਿਸਤਾਨ ਵਿਚ ਸਿੱਖ ਬਹੁ-ਗਿਣਤੀ ਵਿਚ ਹੋ ਜਾਣਗੇ ਅਤੇ ਮੁਸਲਮਾਨ ਘੱਟ-ਗਿਣਤੀ ਵਿਚ। ਇਉਂ ਪਾਕਿਸਤਾਨ ਖਤਮ ਹੋ ਜਾਏਗਾ ਅਤੇ ਖਾਲਿਸਤਾਨ ਬਣ ਜਾਏਗਾ।” (ਸਾਚੀ ਸਾਖੀ 112)
1947 ਵੇਲੇ ਅੰਗਰੇਜ਼ ਸਿੱਖਾਂ ਨੂੰ ਤੀਜੀ ਧਿਰ ਮੰਨਦਾ ਸੀ, ਪਰ ਲੀਡਰਾਂ ਵਿਚ ਸ਼ ਕਪੂਰ ਸਿੰਘ ਵਰਗੇ ਚਿੰਤਕ ਲੀਡਰ ਦੀ ਘਾਟ ਕਾਰਨ ਸਭ ਤੋਂ ਵੱਧ ਕੁਰਬਾਨੀਆਂ ਕਰਨ ਦੇ ਬਾਵਜੂਦ, ਸਿੱਖ ਆਪਣਾ ਕੇਸ ਕੈਬਨਿਟ ਮਿਸ਼ਨ ਸਾਹਮਣੇ ਠੀਕ ਢੰਗ ਨਾਲ ਪੇਸ਼ ਨਾ ਕਰ ਸਕੇ। ਇਤਿਹਾਸਕਾਰ ਤੇ ਢਾਡੀ ਮਰਹੂਮ ਸੋਹਣ ਸਿੰਘ ਸੀਤਲ ਨੇ ਆਪਣੀ ਜੀਵਨ ਕਹਾਣੀ ‘ਵੇਖੀ ਮਾਣੀਂ ਦੁਨੀਆਂ’ ਵਿਚ ਲਿਖਿਆ ਹੈ, ਕੈਬਨਿਟ ਮਿਸ਼ਨ ਸਮੇਂ ਅੰਗਰੇਜ਼ ਕਰਚਮਾਰੀਆਂ ਨੇ ਐਲਾਨ ਕੀਤਾ ਸੀ ਕਿ ਭਾਰਤ ਵਿਚ ਦੋ ਨਹੀਂ, ਤਿੰਨ ਕੌਮਾਂ (ਜਿਨਾਹ ਦੇ ਸਿਧਾਂਤ ਮੁਤਾਬਕ ਦੋ ਕੌਮਾਂ- ਹਿੰਦੂ ਤੇ ਮੁਸਲਮਾਨ) ਵੱਸਦੀਆਂ ਹਨ। ਤੀਜੀ ਸੁਤੰਤਰ ਕੌਮ ਸਿੱਖ ਹੈ ਤੇ ਅੰਗਰੇਜ਼ ਸਰਕਾਰ ਹਿੰਦੁਸਤਾਨ ਛੱਡਣ ਲੱਗਿਆਂ ਤਿੰਨਾਂ ਕੌਮਾਂ ਨਾਲ ਇਨਸਾਫ਼ ਕਰੇਗੀ। ਇਸੇ ਵਾਸਤੇ ਸਿੱਖ ਲੀਡਰ ਮਿਸ਼ਨ ਨੂੰ ਮਿਲੇ, ਪਰ ਅਫ਼ਸੋਸ ਕਿ ਉਹ ਆਪਣੀ ਮੰਗ ਸਹੀ ਢੰਗ ਨਾਲ ਪੇਸ਼ ਨਾ ਕਰ ਸਕੇ। ਸਹੀ ਅਰਥਾਂ ਵਿਚ ਉਹ ਆਪ ਵੀ ਨਹੀਂ ਸਨ ਜਾਣਦੇ ਕਿ ਉਹ ਚਾਹੁੰਦੇ ਕੀ ਹਨ। ਮਿਸਟਰ ਹੁਡਸਨ ਦੇ ਹੂ-ਬੂ-ਹੂ ਸ਼ਬਦ ਉਹ ਇਸ ਤਰ੍ਹਾਂ ਲਿਖਦੇ ਹਨ, ਇਸੇ ਸਮੇਂ ਹੋਰ ਘੱਟ-ਗਿਣਤੀਆਂ ਦੇ ਪ੍ਰਤੀਨਿਧ ਮਿਸ਼ਨ ਨੂੰ ਮਿਲੇ। ਸਿੱਖਾਂ ਦਾ ਮਸਲਾ ਮਾਸਟਰ ਤਾਰਾ ਸਿੰਘ ਜੀ, ਗਿਆਨੀ ਕਰਤਾਰ ਸਿੰਘ ਤੇ ਸ਼ ਹਰਨਾਮ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਇਕੱਠਿਆਂ ਇੰਟਰਵਿਊ ਕੀਤੀ, ਪਰ ਉਨ੍ਹਾਂ ਦੀ ਮੰਗ ਵਿਚ ਇਕਸੁਰਤਾ ਨਹੀਂ ਸੀ। ਸ਼ ਬਲਦੇਵ ਸਿੰਘ ਜੋ ਪਿਛੋਂ ਭਾਰਤ ਦੇ ਰੱਖਿਆ ਮੰਤਰੀ ਬਣੇ, ਨੇ ਆਪਣੇ ਵੱਲੋਂ ਵੱਖਰੇ ਢੰਗ ਨਾਲ ਆਪਣਾ ਕੇਸ ਪੇਸ਼ ਕੀਤਾ ਗਿਆ। ਸਾਰੇ ਦੇਸ਼ ਦੀ ਵੰਡ ਦੇ ਵਿਰੁਧ ਸਨ। ਗਿਆਨੀ ਕਰਤਾਰ ਸਿੰਘ ਦੀ ਰਾਏ ਸੀ ਕਿ ਸਿੱਖ ਨਾ ਸਾਂਝੇ ਦੇਸ਼ ਵਿਚ, ਤੇ ਨਾ ਪਾਕਿਸਤਾਨ ਵਿਚ ਸੁਰੱਖਿਅਤ ਮਹਿਸੂਸ ਕਰਨਗੇ। ਸਾਰਿਆਂ ਦੀ ਰਾਏ ਸੀ ਕਿ ਜੇ ਦੇਸ਼ ਦੀ ਵੰਡ ਲਾਜ਼ਮੀ ਹੈ ਤਾਂ ਸਿੱਖਾਂ ਵਾਸਤੇ ਵੱਖਰਾ ਰਾਜ ਜਾਂ ਸੂਬਾ ਬਣੇ। ਅਜਿਹੇ ਸੂਬੇ ਦੀ ਹੱਦਬੰਦੀ ਬਾਰੇ ਉਨ੍ਹਾਂ ਵਿਚ ਮਤਭੇਦ ਸੀ। ਸ਼ ਬਲਦੇਵ ਸਿੰਘ ਦੀ ਰਾਏ ਸੀ ਕਿ ਅੰਬਾਲਾ, ਜਲੰਧਰ ਤੇ ਲਾਹੌਰ ਡਿਵੀਜ਼ਨਾਂ ‘ਤੇ ਆਧਾਰਤ ਅਜਿਹੀ ਰਿਆਸਤ ਬਣ ਸਕਦੀ ਹੈ, ਪਰ ਜੇ ਦੇਸ਼ ਅਖੰਡ ਰਹੇ ਤਾਂ। ਉਹ ਇਸ ਹੱਕ ਵਿਚ ਸਨ ਕਿ ਘੱਟ-ਗਿਣਤੀਆਂ ਨੂੰ ਅਸੈਂਬਲੀ ਵਿਚ ਵੇਟੇਜ (ਖਾਸ ਨਿਯਤ ਗਿਣਤੀ) ਦਿੱਤਾ ਜਾਵੇ, ਭਾਵ ਪੰਜਾਬ ਅਸੈਂਬਲੀ ਵਿਚ ਮੁਸਲਮਾਨ ਇਕਵੰਜਾ ਫੀਸਦੀ ਛੱਡ ਕੇ ਪੰਜਤਾਲੀ ਫੀਸਦੀ ‘ਤੇ ਸੰਤੁਸ਼ਟ ਹੋ ਜਾਣ। ਇਸ ਤਰ੍ਹਾਂ ਤਰਾਜੂ ਸਿੱਖਾਂ ਦੇ ਹੱਥ ਆ ਜਾਵੇਗੀ। ਮਿਸ਼ਨ ਇਸ ਸਿੱਟੇ ‘ਤੇ ਪੁੱਜਾ ਕਿ ਸਿੱਖਾਂ ਨੂੰ ਇਹ ਗਿਆਨ ਨਹੀਂ ਸੀ ਕਿ ਉਹ ਕੀ ਚਾਹੁੰਦੇ ਹਨ ਪਰ ਉਹ ਆਪਣੇ ਭਵਿੱਖ ਬਾਰੇ ਭਾਰੀ ਚਿੰਤਾ ਤੇ ਭੈਅ ਵਿਚ ਸਨ।
ਇਸ ਬਾਰੇ ਸੋਹਣ ਸਿੰਘ ਸੀਤਲ ਆਖਦੇ ਹਨ, “ਰਾਜਨੀਤੀ ਵਿਚ ਬਲਵਾਨ ਗੁਆਂਢੀ ਉਤੇ ਅੱਖਾਂ ਮੀਟ ਕੇ ਭਰੋਸਾ ਕਰ ਲੈਣਾ, ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ। ਤਾਕਤ ਹੱਥ ਆ ਜਾਣ ਪਿਛੋਂ ਕਮਜ਼ੋਰ ਧਿਰ ਨਾਲ ਕੀਤੇ ਵਾਅਦੇ ਪੂਰੇ ਕਰਨੇ ਜ਼ਰੂਰੀ ਨਹੀਂ ਹੁੰਦੇ। ਲੋਕ ਰਾਜ ਵਿਚ ਘੱਟ-ਗਿਣਤੀਆਂ ਦੀ ਮੌਤ ਹੁੰਦੀ ਹੈ। ਜੇ ਉਨ੍ਹਾਂ ਦੀ ਉਚੇਚੀ ਰੱਖਿਆ ਦਾ ਪ੍ਰਬੰਧ ਨਾ ਹੋਵੇ, ਇਸ ਦਾ ਪ੍ਰਤੱਖ ਪ੍ਰਮਾਣ ਆਜ਼ਾਦ ਭਾਰਤ ਹੈ।” ਇਕ ਮਹਾਨ ਰਾਜਨੀਤੀਵਾਨ ਦੀ ਉਹ ਮਿਸਾਲ ਦਿੰਦੇ ਹਨ, “ਇਕ ਆਦਮੀ ਦੀ ਕੁਰਬਾਨੀ ਨਾਲ ਬਾਕੀ ਦਾ ਪਰਿਵਾਰ ਬਚ ਜਾਏ ਤਾਂ ਇਕ ਦੀ ਕੁਰਬਾਨੀ ਦੇ ਦੇਣੀ ਚਾਹੀਦੀ ਹੈ। ਜੇ ਇਕ ਘਰ ਦੇ ਉਜੜ ਜਾਣ ਨਾਲ ਬਾਕੀ ਪਿੰਡ ਬਚ ਜਾਏ ਤਾਂ ਘਰ ਨੂੰ ਉਜੜ ਜਾਣ ਦਿਓ। ਇਸੇ ਤਰ੍ਹਾਂ ਇਕ ਅਕਲੀਅਤ (ਘੱਟ-ਗਿਣਤੀ) ਦੀ ਕੁਰਬਾਨੀ ਦੇਣ ਨਾਲ ਬਾਕੀ ਦੇਸ਼ ਆਜ਼ਾਦ ਹੁੰਦਾ ਹੋਵੇ, ਤਾਂ ਉਸ ਦੀ ਕੁਰਬਾਨੀ ਦੇਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ।” ਇਸੇ ਅਸੂਲ ਮੁਤਾਬਕ ਭਾਰਤ ਦੀ ਆਜ਼ਾਦੀ ਤੇ ਪਾਕਿਸਤਾਨ ਦੇ ਜਨਮ ਵਿਚ ਸਿੱਖਾਂ ਨੂੰ ਕੁਰਬਾਨੀ ਦਾ ਬੱਕਰਾ ਬਣਨਾ ਪਿਆ। ਤਾਕਤ ਹੱਥ ਆਉਂਦਿਆਂ ਹੀ ਬਹੁ-ਗਿਣਤੀ ਹੁਕਮਰਾਨਾਂ ਨੇ ਸਿੱਖਾਂ ਨਾਲ ਵਿਤਕਰਾ ਸ਼ੁਰੂ ਕਰ ਦਿੱਤਾ। ਸ਼ ਕਪੂਰ ਸਿੰਘ ਵੀ ਇਸੇ ਵਿਤਕਰੇ ਦਾ ਸ਼ਿਕਾਰ ਹੋਏ।
ਸ਼ ਕਪੂਰ ਸਿੰਘ ਵਿਚ ਸੱਚੇ ਲੀਡਰਾਂ ਵਾਲੇ ਸਾਰੇ ਗੁਣ ਸਨ। ਵਿਦਵਾਨਾਂ ਦਾ ਕਥਨ ਹੈ, ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਕੌਮ ਨੂੰ ਸਿਰਫ਼ ਡੇਢ ਲੀਡਰ, ਬਾਬਾ ਬੰਦਾ ਸਿੰਘ ਬਹਾਦਰ ਪੂਰਾ ਤੇ ਮਹਾਰਾਜਾ ਰਣਜੀਤ ਸਿੰਘ ਅੱਧਾ ਲੀਡਰ (ਕਿਉਂਕਿ ਸਤਲੁਜ ਪਾਰ ਦੀਆਂ ਸਿੱਖ ਰਿਆਸਤਾਂ ਉਸ ਦੇ ਅਧੀਨ ਨਹੀਂ ਸਨ) ਮਿਲਿਆ ਹੈ। 1920 ਵਿਚ ਅਕਾਲੀ ਲਹਿਰ ਵਿਚ ਬਾਬਾ ਖੜਕ ਸਿੰਘ, ਕਰਤਾਰ ਸਿੰਘ ਝੱਬਰ ਅਤੇ ਤੇਜਾ ਸਿੰਘ ਸਮੁੰਦਰੀ ਆਦਿ ਲੀਡਰਾਂ ਦੀ ਅਗਵਾਈ ਵਿਚ ਦੁਰਾਚਾਰੀ ਮਹੰਤਾਂ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ। ਅਲਪ ਬੁੱਧੀ ਤੇ ਅਨਪੜ੍ਹ ਜਥੇਦਾਰਾਂ ਨੇ ਪੜ੍ਹੇ-ਲਿਖੇ ਸਿੱਖ ਲੀਡਰਾਂ ਦੀ ਦਾਲ ਨਹੀਂ ਗਲਣ ਦਿੱਤੀ। ਪ੍ਰਸਿੱਧ ਚਿੰਤਕ ਸੋਹਣ ਸਿੰਘ ਜੋਸ਼ ਵੀ ਸ਼ ਕਪੂਰ ਸਿੰਘ ਵਾਂਗ ਸਹੀ ਸੋਚ ਵਾਲੇ, ਅਕਾਲੀ ਦਲ ਵਿਚ ਸਨ। ਉਨ੍ਹਾਂ ਅਕਾਲੀ ਮੋਰਚਿਆਂ ਦਾ ਇਤਿਹਾਸ ਲਿਖਿਆ ਹੈ ਅਤੇ ਇਸ ਵਿਚ ਉਨ੍ਹਾਂ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ, “ਮੈਂ ਜਥੇਦਾਰਾਂ ਦੀ ਇਕ ਮੀਟਿੰਗ ਵਿਚ ਹਿੱਸਾ ਲੈਣ ਲਈ ਅੰਮ੍ਰਿਤਸਰ ਗਿਆ। ਮੀਟਿੰਗ ਵਿਚ ‘ਜਥੇਦਾਰਾਂ’ ਨਾਲ ਮੇਰੀ ਕਿਸੇ ਨੁਕਤੇ ‘ਤੇ ਬਹਿਸ ਹੋ ਗਈ। ਬੇ-ਦਲੀਲੇ ਜਥੇਦਾਰਾਂ ਨੇ ਗੁੱਸੇ ਵਿਚ ਆ ਕੇ ਘਸੁੰਨ ਤੇ ਮੁੱਕੀਆਂ ਮਾਰ-ਮਾਰ ਕੇ ਮੇਰਾ ਮੂੰਹ ਸੁਜਾ ਦਿੱਤਾ। ਮੈਂ ਸ਼ਰਮ ਦਾ ਮਾਰਿਆ ਲੋਈ ਦੀ ਬੁੱਕਲ ਮੂੰਹ ਲੁਕੋ ਕੇ ਘਰ ਪਹੁੰਚਿਆ ਤਾਂ ਪਤਨੀ ਨੇ ਕਿਹਾ, ‘ਜੀ! ਸਵੇਰ ਦੇ ਗਏ ਸ਼ਾਮ ਨੂੰ ਆਏ ਹੋ, ਥੱਕੇ ਹੋਵੇਗੇ, ਚਾਹ ਬਣਾ ਦਿਆਂ’। ਮੈਂ ਅੱਗਿਉਂ ਉਤਰ ਦਿੱਤਾ, ‘ਕਰਮ ਕੌਰੇ! ਚਾਹ ਦੀ ਲੋੜ ਨਹੀਂ, ਅੱਜ ਜਥੇਦਾਰਾਂ ਨੇ ਹੀ ਚਾਹਟਾ ਛਕਾ ਦਿੱਤਾ।” ਭਾਵ ਅਨਪੜ੍ਹ ਜਥੇਦਾਰਾਂ ਨੇ ਬੁੱਧੀਜੀਵੀ ਤੇ ਦੂਰਦਰਸ਼ੀ ਲੀਡਰ ਦੀ ਅਕਾਲੀ ਦਲ ਵਿਚ ਪੈਰ ਨਹੀਂ ਲੱਗਣ ਦਿੱਤੇ। ਸ਼ ਕਪੂਰ ਸਿੰਘ ਨਾਲ ਵੀ ਇਹੀ ਕੁਝ ਹੋਇਆ।
ਸ਼ ਕਪੂਰ ਸਿੰਘ ਮੂੰਹ ‘ਤੇ ਸੱਚੀ ਗੱਲ ਕਹਿ ਦਿੰਦੇ ਸਨ। ਇਕ ਵਾਰ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਦੀਵਾਨ ਹਾਲ ਮੰਜੀ ਸਾਹਿਬ ਵਿਚ ਵੱਡੇ ਇਤਿਹਾਸਕ ਸਿੱਖ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਬੈਠੀਆਂ ਸਨ। ਸਟੇਜ ‘ਤੇ ਉਸ ਸਮੇਂ ਦੀ ਧਾਰਮਿਕ ਤੇ ਰਾਜਨੀਤਕ, ਸਾਰੀ ਲੀਡਰਸ਼ਿਪ ਬੈਠੀ ਸੀ। ਸ਼ ਕਪੂਰ ਸਿੰਘ ਨੇ ਬੜੀ ਦਲੇਰੀ ਨਾਲ ਇਹ ਗੱਲ ਆਖੀ, “ਖਾਲਸਾ ਜੀ! ਜਿੰਨੇ ਤੁਸੀਂ ਸਟੇਜ ਦੇ ਸਾਹਮਣੇ ਬੈਠੋ ਹੋ, ਤੁਸੀਂ ਕਦੀ ਕੁਰਬਾਨੀ ਕਰਨ ਤੋਂ ਪਿਛੇ ਨਹੀਂ ਹਟੇ, ਪਰ ਆਹ ਜਿਹੜੇ ਸਟੇਜ ਉਪਰ ਭੱਦਰ-ਪੁਰਸ਼ ਸਜੇ ਹੋਏ ਬੈਠੇ ਹਨ, ਇਹ ਕਦੇ ਗੱਦਾਰੀ ਕਰਨ ਤੋਂ ਨਹੀਂ ਟਲੇ।” ਉਨ੍ਹਾਂ ਦੀ ਇਹ ਗੱਲ ਅੱਜ ਵੀ ਲੀਡਰਸ਼ਿਪ ‘ਤੇ ਢੁੱਕਦੀ ਹੈ ਜਿਸ ਵਿਚ ਉਸ ਸਮੇਂ ਤੋਂ ਵੀ ਵੱਧ ਨਿਘਾਰ ਆ ਚੁੱਕਾ ਹੈ।
ਅੱਜ ਸਾਡੇ ਅਖੌਤੀ ਅਕਾਲੀ ਲੀਡਰ ਸੁਨਹਿਰੀ ਸਿੱਖ ਸਿਧਾਂਤਾਂ ਨੂੰ ਭੁੱਲ ਕੇ, ਵੋਟਾਂ ਵਾਸਤੇ ਪਖੰਡੀ, ਕਾਤਲ, ਵਿਭਚਾਰੀ ਤੇ ਸਿੱਖੀ ਵਿਰੋਧੀ ਪ੍ਰਚਾਰ ਕਰਨ ਵਾਲਿਆਂ ਦੇ ਡੇਰਿਆਂ ਵਿਚ ਜਾ ਰਹੇ ਹਨ। ਸ਼ ਕਪੂਰ ਸਿੰਘ ਸਮਰਾਲੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਲੜ ਰਹੇ ਸਨ। ਉਨ੍ਹਾਂ ਦੇ ਹਲਕੇ ਵਿਚ ਨਿਰੰਕਾਰੀਆਂ ਦਾ ਕੋਈ ਵੱਡਾ ਸਮਾਗਮ ਚੱਲ ਰਿਹਾ ਸੀ। ਉਹ ਸਾਥੀਆਂ ਸਮੇਤ ਉਸ ਸਮਾਗਮ ਵਿਚ ਪਹੁੰਚ ਗਏ ਤਾਂ ਕਿ ਵੋਟਾਂ ਬਾਬਤ ਗੱਲ ਕੀਤੀ ਜਾ ਸਕੇ। ਉਹ ਉਥੇ ਸਾਥੀਆਂ ਸਮੇਤ ਜਾ ਕੇ ਬੈਠੇ ਹੀ ਸਨ ਕਿ ਸਟੇਜ ਤੋਂ ਬੋਲ ਰਹੇ ਬੁਲਾਰੇ ਨੇ ਕਥਾ ਵਾਰਤਾ ਦੌਰਾਨ ਸਿੱਖ ਫਲਸਫ਼ੇ ਦੇ ਕਿਸੇ ਨੁਕਤੇ ਦੀ ਗਲਤ ਵਿਆਖਿਆ ਕਰਦਿਆਂ ਕੁਝ ਸ਼ਬਦ ਕਹਿ ਦਿੱਤੇ। ਗਲਤ ਵਿਆਖਿਆ ਦੇ ਸ਼ਬਦ ਸੁਣਦਿਆਂ ਹੀ ਉਨ੍ਹਾਂ ਵਕਤਾ ਨੂੰ ਟੋਕ ਦਿੱਤਾ। ਸਾਥੀਆਂ ਵੱਲੋਂ ਇੰਜ ਕਹਿਣ ‘ਤੇ ਕਿ ‘ਸਰਦਾਰ ਜੀ, ਇੱਦਾਂ ਸਾਨੂੰ ਇਨ੍ਹਾਂ ਦੀਆਂ ਵੋਟਾਂ ਨਹੀਂ ਪੈਣੀਆਂ, ਤੁਸੀਂ ਹਾਰ ਜਾਓਗੇ’, ਸ਼ ਕਪੂਰ ਸਿੰਘ ਕੜਕ ਕੇ ਬੋਲੇ, “ਸਾਥੀਓ! ਮੇਰੀ ਭਾਵੇਂ ਜ਼ਮਾਨਤ ਜ਼ਬਤ ਹੋ ਜਾਏ, ਮੈਂ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਮੈਨੂੰ ਨਹੀਂ ਵੋਟਾਂ ਦੀ ਗਿਣਤੀ-ਮਿਣਤੀ ਦੀ ਕੋਈ ਪ੍ਰਵਾਹ।”
1977 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਚਾਰ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ। ਰਾਮ ਬਾਗ (ਕੰਪਨੀ ਬਾਗ) ਵਿਚ ਵੱਡਾ ਸਮਾਗਮ ਹੋ ਰਿਹਾ ਸੀ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਤਤਕਾਲੀ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੂੰ ਬੁਲਾਇਆ ਹੋਇਆ ਸੀ। ਅੰਮ੍ਰਿਤਸਰ ਦੇ ਇਤਿਹਾਸਕ ਸਥਾਪਨਾ ਦਿਵਸ ਬਾਰੇ ਖੋਜ ਭਰਪੂਰ ਪਰਚੇ ਪੜ੍ਹਨ ਲਈ ਬੁੱਧੀਜੀਵੀਆਂ ਦੀ ਕਾਨਫਰੰਸ ਵੀ ਰੱਖੀ ਗਈ ਸੀ ਜਿਸ ਦੀ ਪ੍ਰਧਾਨਗੀ ਸ਼ ਕਪੂਰ ਸਿੰਘ ਕਰ ਰਹੇ ਸਨ। ਪਰਚੇ ਪੜ੍ਹਨ ਤੋਂ ਬਾਅਦ ਸ਼ ਕਪੂਰ ਸਿੰਘ ਆਪਣਾ ਪ੍ਰਧਾਨਗੀ ਭਾਸ਼ਨ ਦੇ ਰਹੇ ਸਨ, ਸ਼ ਗੁਰਮੀਤ ਸਿੰਘ ਮੁਕਤਸਰ (ਸ਼ ਜਗਮੀਤ ਸਿੰਘ ਦੇ ਪਿਤਾ) ਸਟੇਜ ਸਕੱਤਰ ਸਨ। ਜਦ ਪ੍ਰਧਾਨ ਮੰਤਰੀ ਆਏ ਤਾਂ ਸ਼ ਗੁਰਮੀਤ ਸਿੰਘ ਨੇ ਸ਼ ਕਪੂਰ ਸਿੰਘ ਨੂੰ ਸੰਬੋਧਨ ਹੁੰਦਿਆਂ ਉਚੀ ਆਵਾਜ਼ ਵਿਚ ਕਿਹਾ, ‘ਸ਼ ਕਪੂਰ ਸਿੰਘ ਜੀ! ਪ੍ਰਧਾਨ ਮੰਤਰੀ ਸਾਹਿਬ ਆ ਗਏ ਨੇ, ਆਪਣਾ ਪ੍ਰਧਾਨਗੀ ਭਾਸ਼ਨ ਬੰਦ ਕਰ ਦਿਓ’; ਸ਼ ਕਪੂਰ ਸਿੰਘ ਦਾ ਅੱਗਿਉਂ ਉਤਰ ਸੀ, “ਸਰਦਾਰ ਗੁਰਮੀਤ ਸਿੰਘ ਜੀ! ਪ੍ਰਧਾਨ ਮੰਤਰੀ ਜੀ ਨੂੰ ਕਹਿ ਦਿਓ ਕਿ ਮੇਰਾ ਪ੍ਰਧਾਨਗੀ ਭਾਸ਼ਨ ਖਤਮ ਹੋਣ ਤੱਕ ਸਟੇਜ ‘ਤੇ ਬੈਠ ਜਾਣ। ਮੈਂ ਆਪਣਾ ਭਾਸ਼ਨ ਅੱਧ-ਵਿਚਾਲੇ ਨਹੀਂ ਛੱਡ ਸਕਦਾ।” ਉਨ੍ਹਾਂ ਆਪਣਾ ਪ੍ਰਧਾਨਗੀ ਭਾਸ਼ਨ ਬੜੇ ਸਹਿਜ ਭਾਵ ਨਾਲ ਖਤਮ ਕਰ ਕੇ ਫਤਿਹ ਬੁਲਾਈ। ਉਨ੍ਹਾਂ ਦੀ ਇਸ ਜੁਰਅਤ ਲਈ ਕਈਆਂ ਨੇ ਜੈਕਾਰੇ ਛੱਡੇ।
ਦੰਭੀ ਸਿੱਖ ਰਾਜਨੀਤੀ ਤੇ ਪੰਥ ਦੀ ਅਜੋਕੀ ਦੁਰਦਸ਼ਾ ਨੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਕੀਤਾ। ਇਸ ਕਾਰਨ ਉਹ ਸਰੀਰਕ ਤੇ ਮਾਨਸਿਕ- ਦੋਹਾਂ ਪੱਖਾਂ ਤੋਂ ਅਪਾਹਜ ਹੋ ਗਏ। ਅੰਗਾਂ ਦੀ ਸਾਧਾਰਨ ਕਿਰਿਆ ਵਿਚ ਰੁਕਾਵਟ ਆ ਗਈ। ਯਾਦਸ਼ਕਤੀ ਜਾਂਦੀ ਰਹੀ। ਇਲਾਜ ਵਾਸਤੇ ਸੀæਐਮæਸੀæ ਵਿਚ ਦਾਖ਼ਲ ਰਹੇ। ਇਕ ਸਾਲ ਬਿਮਾਰ ਰਹਿਣ ਤੋਂ ਬਾਅਦ 13 ਅਗਸਤ 1986 ਨੂੰ ਸ਼ ਕਪੂਰ ਸਿੰਘ ਅਕਾਲ ਚਲਾਣਾ ਕਰ ਗਏ। ਇਹੋ ਜਿਹੇ ਹੀਰੇ ਇਨਸਾਨ ਕਦੇ-ਕਦੇ ਹੀ ਪੈਦਾ ਹੁੰਦੇ ਹਨ। ਸ਼ਾਇਦ ਅਜਿਹੇ ਲੋਕਾਂ ਲਈ ਹੀ ਸ਼ਾਇਰ-ਏ-ਮਸ਼ਰਕ ਡਾæ ਮੁਹੰਮਦ ਇਕਬਾਲ ਦਾ ਸ਼ਿਅਰ ਹੈ:
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।
ਅੱਜ ਸਿੱਖਾਂ ਨੂੰ ਸਿਰਦਾਰ ਕਪੂਰ ਸਿੰਘ ਵਰਗੇ ਸੱਚੇ-ਸੁੱਚੇ, ਬਾ-ਅਖਲਾਕ ਤੇ ਨਿਸ਼ਕਾਮ ਲੀਡਰ ਦੀ ਲੋੜ ਹੈ।