ਅੰਮ੍ਰਿਤਾ ਪ੍ਰੀਤਮ-1
ਗੁਰਬਚਨ ਸਿੰਘ ਭੁੱਲਰ
ਫੋਨ: 1191-1142502364
ਮਈ 1967 ਵਿਚ ਮੈਂ ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਦੀ ਲੈਕਚਰਾਰੀ ਛੱਡ ਕੇ ਦਿੱਲੀ ਪਹੁੰਚਿਆ। ਮੈਨੂੰ ਸੋਵੀਅਤ ਸੂਚਨਾ ਵਿਭਾਗ ਵਿਚ ਅਨੁਵਾਦਕ ਦੀ ਨੌਕਰੀ ਮਿਲ ਗਈ ਸੀ। ਪਿੰਡ ਪਿੱਥੋ ਤੋਂ ਵਾਇਆ ਬਠਿੰਡਾ ਸਿੱਧਾ ਮਹਾਂਨਗਰ ਦਿੱਲੀ! ਰਾਹ ਵਿਚ ਕੋਈ ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਨਹੀਂ। ਦਿੱਲੀ ਮੇਰੇ ਲਈ ਉਕਾ ਹੀ ਓਪਰਾ ਸ਼ਹਿਰ ਸੀ।
ਕਿਸੇ ਨਾਲ ਵੀ ਕੋਈ ਜਾਣ ਨਾ ਪਛਾਣ। ਮੈਂ ਰਾਹ ਵਿਚ ਸੋਚਦਾ ਆਇਆ, ਬਿਗਾਨੇ ਲੋਕਾਂ ਦੀ ਭੀੜ ਵਿਚ ਕੌਣ ਹੋਵੇਗਾ ਜਿਸ ਤੋਂ ਅਪਣੱਤ ਮਿਲ ਸਕੇਗੀ! ਪਰ ਖ਼ੁਸ਼ਕਿਸਮਤੀ ਨੂੰ ਪਹਿਲੇ ਕੁਝ ਦਿਨਾਂ ਵਿਚ ਹੀ ਇਕ ਨਹੀਂ, ਦੋ ਨਹੀਂ, ਤਿੰਨ ਨਜ਼ਦੀਕੀਆਂ ਅਜਿਹੀਆਂ ਬਣੀਆਂ ਜੋ ਬਹੁਤ ਲੰਮਾ ਸਮਾਂ ਨਿਭੀਆਂ ਅਤੇ ਜਿਨ੍ਹਾਂ ਨੇ ਮੇਰੇ ਸਾਹਿਤਕ ਸਫ਼ਰ ਉਤੇ ਡੂੰਘਾ ਪ੍ਰਭਾਵ ਪਾਇਆ। ਸਬੱਬ ਨਾਲ ਪਹਿਲੀ ਨਜ਼ਦੀਕੀ ਨੇ ਦੂਜੀ ਪੈਦਾ ਕੀਤੀ ਅਤੇ ਦੂਜੀ ਨੇ ਤੀਜੀ ਦਾ ਮੁੱਢ ਬੰਨ੍ਹਿਆ।
ਪਹਿਲੀ ਸਾਂਝ ਗੱਡੀ ਤੋਂ ਉਤਰਦਿਆਂ ਹੀ ਬਣ ਗਈ। ਜਦੋਂ ਮੈਂ ਪੇਂਡੂਆਂ ਵਾਂਗ ਐਡੀ ਵੱਡੀ ਦਿੱਲੀ ਵਿਚ ਗੁਆਚ ਜਾਣ ਦੇ ਡਰੋਂ ਸੂਚਨਾ ਵਿਭਾਗ ਵਾਲੇ ਪੰਜਾਬੀਆਂ ਤੋਂ ਦਫ਼ਤਰ ਦਾ ਰਾਹ ਪੁੱਛਿਆ ਸੀ, ਉਨ੍ਹਾਂ ਨੇ ਪੈਦਲ ਤੁਰ ਕੇ ਜਾਂ ਰਿਕਸ਼ਾ ਫੜ ਕੇ ਲਾਲ ਕਿਲੇ ਦੇ ਨੇੜੇ ਭਾਪਾ ਪ੍ਰੀਤਮ ਸਿੰਘ ਕੋਲ ਆਰਸੀ-ਨਵਯੁਗ ਪਹੁੰਚ ਜਾਣ ਲਈ ਕਹਿ ਦਿੱਤਾ। ਭਾਪਾ ਜੀ ਨੇ ਚਾਹ ਪਿਆਈ, ‘ਆਰਸੀ’ ਵਿਚ ਛਪੀਆਂ ਮੇਰੀਆਂ ਰਚਨਾਵਾਂ ਚੇਤੇ ਕੀਤੀਆਂ ਅਤੇ ਸਾਹਮਣਿਉਂ ਚਲਦੇ ਫਿਟਫਿਟੀਏ ਉਤੇ ਚੜ੍ਹਾ ਕੇ ਦਫ਼ਤਰ ਪੁਜਦਾ ਕਰ ਦਿੱਤਾ। ਮਗਰੋਂ ਮੇਰੀਆਂ ਬਹੁਤੀਆਂ ਰਚਨਾਵਾਂ ‘ਆਰਸੀ’ ਵਿਚ ਹੀ ਛਪੀਆਂ ਅਤੇ ਪੁਸਤਕਾਂ ਨਵਯੁਗ ਤੋਂ ਹੀ ਪ੍ਰਕਾਸ਼ਿਤ ਹੋਈਆਂ।
ਭਾਪਾ ਜੀ ਨੇ ਕੁਝ ਸਾਲ ਪਹਿਲਾਂ ‘ਆਰਸੀ’ ਕੱਢਿਆ ਸੀ ਤਾਂ ਉਹਦੀ ਸੰਪਾਦਕ ਅੰਮ੍ਰਿਤਾ ਪ੍ਰੀਤਮ ਨੂੰ ਬਣਾਇਆ ਸੀ। ਗੱਲ ਇਹ ਬਣੀ ਕਿ ਬਹੁਤੇ ਪਾਠਕ ਤੇ ਮੇਰੇ ਵਰਗੇ ਨਵੇਂ ਲੇਖਕ, ਜੋ ਉਹਦੇ ਨਿੱਜੀ ਜੀਵਨ ਤੋਂ ਜਾਣੂ ਨਹੀਂ ਸਨ, ਭਾਪਾ ਪ੍ਰੀਤਮ ਸਿੰਘ ਨੂੰ ਹੀ ਅੰਮ੍ਰਿਤਾ ਪ੍ਰੀਤਮ ਦੇ ਅੱਧੇ ਨਾਂ ਵਾਲਾ ਪ੍ਰੀਤਮ ਸਿੰਘ ਸਮਝਣ ਲੱਗ ਪਏ। ਇਹ ਭਰਮ ਖਾਸਾ ਚਿਰ ਬਣਿਆ ਰਿਹਾ। ਪਰ ਜਦੋਂ ਮੈਂ ਦਿੱਲੀ ਪਹੁੰਚਿਆ, ਇਹ ਭਰਮ ਮੇਰੇ ਮਨ ਵਿਚੋਂ ਨਿਕਲ ਚੁੱਕਿਆ ਸੀ। ਮੈਂ ਜਾਣ ਗਿਆ ਸੀ ਕਿ ਉਹ ਪ੍ਰੀਤਮ ਸਿੰਘ ਕੋਈ ਹੋਰ ਹੈ।
ਤੀਜੇ ਦਿਨ ਦਫ਼ਤਰੀ ਕੰਮ ਦੇ ਸਿਲਸਿਲੇ ਵਿਚ ਮੈਂ ਨਵਯੁਗ ਗਿਆ ਤਾਂ ਉਥੇ ਇਕ ਨੌਜਵਾਨ ਹੋਰ ਬੈਠਾ ਸੀ। ਭਾਪਾ ਜੀ ਬੋਲੇ, “ਆਓ, ਭੁੱਲਰ ਜੀ, ਤੁਹਾਡੇ ਭਵਿੱਖੀ ਦੋਸਤ ਨਾਲ ਮਿਲਾਵਾਂ। ਇਕੋ ਇਲਾਕੇ ਦੇ ਹੋ, ਦੋਸਤੀ ਹੋ ਵੀ ਜਾਣੀ ਹੈ, ਨਿਭ ਵੀ ਜਾਣੀ ਹੈ।” ਉਹ ਗੁਰਦੇਵ ਸਿੰਘ ਰੁਪਾਣਾ ਸੀ। ਭਾਪਾ ਜੀ ਦੀ ਭਵਿੱਖਵਾਣੀ ਸੱਚੀ ਹੋਈ। ਨਵੇਂ ਨਿੱਖਰੇ ਕਹਾਣੀਕਾਰਾਂ ਵਜੋਂ ਸਾਡਾ ਸਫ਼ਰ ਬਹੁਤ ਤੇਜ਼-ਕਦਮ ਰਿਹਾ। ਇਸ ਤੇਜ਼ਕਦਮੀ ਵਿਚ ਸਾਡੀ ਦੋਸਤੀ ਦਾ ਬਿਨਾਂ-ਸ਼ੱਕ ਬਹੁਤ ਵੱਡਾ ਹੱਥ ਸੀ। ਸਾਡੀਆਂ ਪਹਿਲੀਆਂ ਕਿਤਾਬਾਂ, ਮੇਰੀ ‘ਓਪਰਾ ਮਰਦ’ ਤੇ ਗੁਰਦੇਵ ਦੀ ‘ਇਕ ਟੋਟਾ ਔਰਤ’, ਨਵਯੁਗ ਤੋਂ ਇਕੱਠੀਆਂ ਛਪੀਆਂ ਤੇ ਖ਼ੂਬ ਸਲਾਹੀਆਂ ਗਈਆਂ। ਹਾਲਤ ਇਹ ਬਣ ਗਈ ਕਿ ਲੋਕ ਸਾਡੇ ਵਿਚੋਂ ਇਕ ਨੂੰ ਦੂਜਾ ਸਮਝ ਕੇ ਬੁਲਾਉਣ ਲੱਗੇ ਅਤੇ ਸਾਡੀਆਂ ਕਹਾਣੀਆਂ ਇਕ ਦੂਜੇ ਦੇ ਨਾਂ ਨਾਲ ਜੋੜਨ ਲੱਗੇ। ਉਹ ਇਹ ਵੀ ਆਖਦੇ, ਇਕ ਨੇ ਮਰਦ ਦਾ ਸਾਰਾ ਵਹੀ-ਖਾਤਾ ਤੇ ਹੀਜ-ਪਿਆਜ ਖੋਲ੍ਹ ਦਿੱਤਾ, ਦੂਜੇ ਨੇ ਔਰਤ ਦਾ; ਦੋਵਾਂ ਨੇ ਮਿਲ ਕੇ ਸਾਰੀ ਦੁਨੀਆ ਘੇਰ ਲਈ!
ਉਥੋਂ ਬਾਹਰ ਆਏ ਤਾਂ ਰੁਪਾਣਾ ਬੋਲਿਆ, “ਏਸ ਐਤਵਾਰ ਅੰਮ੍ਰਿਤਾ ਦੀ ‘ਨਾਗਮਣੀ ਸ਼ਾਮ’ ਹੈ, ਤੂੰ ਵੀ ਚੱਲੀਂ।”
ਮੈਂ ਕਿਹਾ, “ਯਾਰ, ਨਾ ਮੇਰੇ ਕੋਲ ਸੱਦਾ-ਪੱਤਰ, ਨਾ ਕੋਈ ਜਾਣ-ਪਛਾਣ। ਮੈਂ ਐਵੇਂ ਹੀ ਕਿਵੇਂ ਚਲਿਆ ਚੱਲਾਂ? ਜੇ ਉਹ ਕਹਿ ਦੇਵੇ, ਸੱਦਿਆ ਨਾ ਬੁਲਾਇਆ, ਤੂੰ ਕੌਣ ਹੈਂ ਬਈ!”
ਰੁਪਾਣਾ ਹੱਸਿਆ, “ਓਇ ਨਹੀਂ, ਉਹ ਕੋਈ ਸੱਦਾ-ਪੱਤਰ ਨਹੀਂ ਭੇਜਦੀ। ਬੱਸ ਸਭ ਆਉਣ ਵਾਲਿਆਂ ਲਈ ਬਾਰ ਖੋਲ੍ਹ ਰਖਦੀ ਹੈ। ਸਭ ਨੂੰ ਜੀਅ-ਆਇਆਂ! ਨਾਲੇ ਉਹ ਕਿਸੇ ਨੂੰ ਵੀ ਇਉਂ ਰੁੱਖਾ ਨਹੀਂ ਬੋਲਦੀ। ਬਹੁਤ ਚੰਗੀ ਔਰਤ ਹੈ ਉਹ, ਮਿੱਠ-ਬੋਲੜੀ ਤੇ ਮੋਹਖੋਰੀ! ਦੇਖੀਂ ਤਾਂ ਸਹੀ ਚੱਲ ਕੇ। ਮੇਰੇ ਆਉਂਦੇ ਨੂੰ ਤੂੰ ਤਿਆਰ ਰਹੀਂ, ਆਪਾਂ ਥੋੜ੍ਹਾ ਜਿਹਾ ਪਹਿਲਾਂ ਪਹੁੰਚਾਂਗੇ।” ਉਹਨੂੰ ਦਿੱਲੀ ਆਇਆਂ ਖਾਸਾ ਸਮਾਂ ਹੋ ਗਿਆ ਸੀ। ਲਗਦਾ ਸੀ, ਉਹਨੇ ਅੰਮ੍ਰਿਤਾ ਨਾਲ ਵਾਹਵਾ ਜਾਣ-ਪਛਾਣ, ਸਗੋਂ ਨੇੜਤਾ ਬਣਾ ਲਈ ਸੀ।
ਮੈਨੂੰ ‘ਨਾਗਮਣੀ ਸ਼ਾਮ’ ਅਤੇ ਅੰਮ੍ਰਿਤਾ ਦਾ ਬਹੁਤ ਚਾਅ ਚੜ੍ਹਿਆ। ਵੱਡੇ ਲੇਖਕ ਮੈਂ ਦਰਸ਼ਕ-ਸਰੋਤੇ ਵਜੋਂ ਸਾਹਿਤਕ ਕਾਨਫ਼ਰੰਸਾਂ ਵਿਚ ਹੀ ਦੇਖੇ-ਸੁਣੇ ਸਨ। ਲੇਖਕ ਵਜੋਂ ਅਜੇ ਮੈਂ ਏਨੇ ਜੋਗਾ ਨਹੀਂ ਸੀ ਹੋਇਆ ਕਿ ਆਪਣਾ ਨਾਂ ਦੱਸ ਕੇ ਜਾਣ-ਪਛਾਣ ਕਰਵਾ ਸਕਾਂ। ਮੇਰੀਆਂ ਕੁਝ ਕਵਿਤਾਵਾਂ-ਕਹਾਣੀਆਂ ਭਾਵੇਂ ‘ਪ੍ਰੀਤਲੜੀ’, ‘ਪੰਜ ਦਰਿਆ’, ‘ਆਰਸੀ’ ਆਦਿ ਵਿਚ ਛਪ ਚੁੱਕੀਆਂ ਸਨ ਪਰ ਕਿਤਾਬ ਕੋਈ ਨਹੀਂ ਸੀ ਛਪੀ। ਅੱਜ ਵੀ ਮੇਰਾ ਮੰਨਣਾ ਹੈ, ਲੇਖਕ ਆਪਣਾ ਨਾਂ ਦੱਸਣ ਜੋਗਾ ਕਿਤਾਬ ਛਪੀ ਤੋਂ ਹੀ ਹੁੰਦਾ ਹੈ। ‘ਆਰਸੀ’ ਵਿਚ ਅੰਮ੍ਰਿਤਾ ਦੀ ਨਿਗਰਾਨੀ ਹੇਠ ਮੇਰੀਆਂ ਜੋ ਰਚਨਾਵਾਂ ਛਪੀਆਂ ਸਨ, ਉਹ ਪਤਾ ਨਹੀਂ ਉਹਨੂੰ ਚੇਤੇ ਸਨ ਜਾਂ ਨਹੀਂ। ਖਾਸ ਕਰਕੇ ਹੁਣ, ਜਦੋਂ ਉਹ ‘ਆਰਸੀ’ ਨੂੰ ਪਿੱਛੇ ਛੱਡ ਆਈ ਸੀ ਅਤੇ ਆਪਣਾ ਮਾਸਕ ‘ਨਾਗਮਣੀ’ ਕੱਢ ਲਿਆ ਸੀ। ਇਕ ਬਰੀਕ ਜਿਹੀ ਤੰਦ ਮੈਨੂੰ ਜ਼ਰੂਰ ਦਿਖਾਈ ਦਿੱਤੀ। ਇਕ ਵਾਰ ਉਹਨੇ ‘ਆਰਸੀ’ ਦਾ ਚੇਤਰ ਅੰਕ ਕੱਢਿਆ ਸੀ। ਉਸ ਅੰਕ ਵਾਸਤੇ ਭੇਜੀ ਮੇਰੀ ਕਵਿਤਾ ਦੀ ਉਹਨੇ ਪਰਵਾਨਗੀ ਹੀ ਨਹੀਂ ਸੀ ਭੇਜੀ, ਵਡਿਆਈ ਦੇ ਸ਼ਬਦ ਵੀ ਲਿਖੇ ਸਨ। ਮੈਂ ਸੋਚਿਆ, ਹੋਰ ਕੋਈ ਰਚਨਾ ਨਹੀਂ ਤਾਂ ਸ਼ਾਇਦ ਚੇਤੇ ਕਰਵਾਇਆਂ ਉਹ ਹੀ ਉਹਨੂੰ ਯਾਦ ਆ ਜਾਵੇ!
ਅੰਮ੍ਰਿਤਾ ਓਦੋਂ ਤੱਕ ਵੱਡੀ ਲੇਖਿਕਾ ਹੀ ਨਹੀਂ, ਪੰਜਾਬੀ ਸਾਹਿਤ ਦੀ ਮਿੱਥ ਬਣ ਚੁੱਕੀ ਸੀ। ਪਹਿਲਾਂ ਜਾਂ ਪਿੱਛੋਂ ਪੰਜਾਬੀ ਦੇ ਕਿਸੇ ਹੋਰ ਲੇਖਕ ਦੇ ਨਾਂ ਦੁਆਲੇ ਉਸ ਆਭਾ-ਮੰਡਲ ਦਾ ਪ੍ਰਕਾਸ਼ ਨਹੀਂ ਹੋਇਆ ਜੋ ਅੰਮ੍ਰਿਤਾ ਦਾ ਨਸੀਬ ਬਣਿਆ। ਉਹਦਾ ਨਾਂ ਤਾਂ ਪਾਠ-ਪੁਸਤਕਾਂ ਵਿਚ ਸ਼ਾਮਲ ਉਹਦੀਆਂ ਕਾਵਿਤਾਵਾਂ ਨੇ ਹੀ ਚੇਤੇ ਕਰਵਾ ਦਿੱਤਾ ਸੀ ਪਰ ਲੇਖਿਕਾ ਵਜੋਂ ਮੇਰੇ ਮਨ ਵਿਚ ਉਹਦੀ ਵਿਸ਼ੇਸ਼ ਥਾਂ, ਹੋਰ ਲੱਖਾਂ ਲੋਕਾਂ ਵਾਂਗ, ਇਪਟਾ ਅਤੇ ਅਮਨ ਲਹਿਰ ਦੀਆਂ ਸਟੇਜਾਂ ਤੋਂ ਪੇਸ਼ ਹੁੰਦੀਆਂ ਉਹਦੀਆਂ ਰਚਨਾਵਾਂ ਨੇ ਬਣਾਈ। ਅੰਮ੍ਰਿਤਾ ਤੇ ‘ਨਾਗਮਣੀ’ ਦੇ ਮਗਰਲੇ, ਜੋਤਿਸ਼, ਅਗਲੇ-ਪਿਛਲੇ ਜਨਮ, ਯੰਤਰ-ਮੰਤਰ-ਤੰਤਰ, ਕੁੰਡਾਲਿਨੀ ਆਦਿ ਵਾਲੇ ਦੌਰ ਨਾਲ ਜੁੜੇ ਲੇਖਕਾਂ-ਪਾਠਕਾਂ ਨੂੰ ਸ਼ਾਇਦ ਇਹ ਗੱਲ ਹੈਰਾਨ ਕਰੇ ਕਿ ਉਹਦੀਆਂ ਰਚਨਾਵਾਂ ਨੂੰ ਉਨ੍ਹਾਂ ਅਗਾਂਹਵਧੂ ਖੱਬੇ-ਪੱਖੀ ਲੋਕ-ਹਿਤੈਸ਼ੀ ਸਟੇਜਾਂ ਉਤੇ ਬੜਾ ਆਦਰਜੋਗ ਸਥਾਨ ਹਾਸਲ ਰਿਹਾ। ਇਹਦੀ ਇਕ ਮਿਸਾਲ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਹੈ।
ਮੇਰਾ ਮੰਨਣਾ ਹੈ, ਅੰਮ੍ਰਿਤਾ ਦੀਆਂ ਅਨੇਕ ਕਵਿਤਾਵਾਂ ਕਾਵਿਕ ਗੁਣਾਂ ਦੇ ਪੱਖੋਂ ਇਸ ਕਵਿਤਾ ਨਾਲੋਂ ਚੰਗੇਰੀਆਂ ਹਨ ਪਰ ਉਹਦਾ ਨਾਂ ਘਰ ਘਰ ਪੁਜਦਾ ਕਰਨ ਦਾ ਮਾਣ ਜਿਸ ਰਚਨਾ ਨੂੰ ਮਿਲਿਆ, ਉਹ ਇਹੋ ਕਵਿਤਾ ਸੀ। ਇਸ ਦੇ ਦੋ ਕਾਰਨ ਸਨ। ਇਕ ਤਾਂ ਇਸ ਨੇ ਉਸ ਦੌਰ ਦੀ ਵਿਕਰਾਲ ਚੰਦਰੀ ਘਟਨਾ, ਦੇਸ ਦੀ ਆਦਮਖੋਰ ਵੰਡ ਦਾ ਦਿਲ-ਚੀਰਵਾਂ ਦਰਦ ਖ਼ੂਬ ਜਜ਼ਬਾਤੀ ਰੰਗ ਵਿਚ ਪੇਸ਼ ਕੀਤਾ ਅਤੇ ਦੂਜੇ, ਉਸ ਦੌਰ ਦੇ ਲੋਕ-ਹਿਤੈਸ਼ੀ ਗਾਇਕਾਂ ਨੇ ਇਹਨੂੰ ਹਰ ਮੰਚ ਤੋਂ ਪੂਰੀ ਭਾਵੁਕਤਾ ਨਾਲ ਗਾਇਆ। ਇਉਂ ਇਹ ਕਵਿਤਾ ਉਨ੍ਹਾਂ ਲੋਕਾਂ ਤੱਕ ਵੀ ਸਿਰਫ਼ ਪੁੱਜੀ ਹੀ ਨਹੀਂ ਸਗੋਂ ਉਨ੍ਹਾਂ ਦੀ ਜ਼ਬਾਨ ਉਤੇ ਵੀ ਚੜ੍ਹ ਗਈ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਬਹੁਤਾ ਵਾਹ-ਵਾਸਤਾ ਨਹੀਂ ਸੀ ਜਾਂ ਜੋ ਚੱਜ ਨਾਲ ਅੱਖਰ ਉਠਾਲਣ ਵੀ ਨਹੀਂ ਸਨ ਜਾਣਦੇ।
ਇਹ ਸ਼ੁਰੂ ਦੇ 1950ਵਿਆਂ ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਇਹ ਕਵਿਤਾ ਇਕ ਅਮਨ ਕਾਨਫ਼ਰੰਸ ਦੇ ਮੰਚ ਤੋਂ ਸੁਣੀ ਅਤੇ ਮੇਰੇ ਅਰੰਭਿਕ ਸਾਹਿਤਕ ਚੇਤੇ ਦਾ ਹਿੱਸਾ ਬਣ ਗਈ। ਭਾਵੇਂ ਇਸ ਕਵਿਤਾ ਜਿੰਨੇ ਤਾਂ ਨਹੀਂ, ਅੰਮ੍ਰਿਤਾ ਦੇ ਕੁਝ ਗੀਤ ਵੀ ਇਪਟਾ ਤੇ ਅਮਨ ਲਹਿਰ ਦੀਆਂ ਤੇ ਹੋਰ ਸਭਿਆਚਾਰਕ ਸਟੇਜਾਂ ਸਦਕਾ ਬਹੁਤ ਮਕਬੂਲ ਹੋਏ। ਤੇਰਾ ਸਿੰਘ ਚੰਨ ਦੇ ਨਿਰਦੇਸ਼ਨ ਹੇਠ ਪ੍ਰੋæ ਮਾਨ, ਅਮਰਜੀਤ ਗੁਰਦਾਸਪੁਰੀ, ਜੋਗਿੰਦਰ ਬਾਹਰਲਾ, ਰਾਜਵੰਤ ਮਾਨ ‘ਪ੍ਰੀਤ’, ਓਮਾ ਗੁਰਬਖ਼ਸ਼ ਸਿੰਘ ਤੇ ਹੋਰ ‘ਕਣਕਾਂ ਦਾ ਗੀਤ’ ਨਾਟਕੀ ਰੰਗ ਵਿਚ ਪੇਸ਼ ਕਰਦੇ ਤਾਂ ਪੂਰੀ ਕਾਇਨਾਤ ਹੀ ਜਿਵੇਂ ਦੇਖਣ-ਸੁਣਨ ਲਈ ਖਲੋ ਜਾਂਦੀ: ਹੋ ਕਣਕਾਂ ਜੰਮੀਆਂæææਰਾਹੇ ਰਾਹੇ ਜਾਂਦਿਆ, ਓ ਸੁਣਦਿਆ-ਸੁਣਾਂਦਿਆæææਕਹਾਣੀਆਂ ਨੇ ਦੁੱਖਾਂ ਦੀਆਂ, ਦੁੱਖਾਂ ਤੋਂ ਵੀ ਲੰਮੀਆਂæææਹੋ ਕਣਕਾਂ ਜੰਮੀਆਂæææ! ਸਵਰਨ ਸਿੰਘ ਤੇ ਗੁਰਚਰਨ ਸਿੰਘ ਬੋਪਾਰਾਏ ਨੇ ਅਨੇਕ ਮੰਚਾਂ ਤੋਂ ਮਿਲ ਕੇ ਗਾਉਂਦਿਆਂ ‘ਸਾਨੂੰ ਮਿਲੀ ਜਾਣਾ ਹੋ’ ਲੋਕਾਂ ਦੀ ਜ਼ਬਾਨ ਉਤੇ ਚਾੜ੍ਹ ਦਿੱਤਾ: ਚੰਨਾ ਤਾਰਿਆਂ ਦੀ ਰਾਤ, ਸਾਨੂੰ ਮਿਲੀ ਜਾਣਾ ਹੋæææਸਾਂਝੀ ਧਰਤੀ ਦੇ ਗੀਤ, ਸਾਂਝੇ ਪਾਣੀਆਂ ਦੀ ਪ੍ਰੀਤ, ਹੀਰ ਰਾਂਝੇ ਦੀ ਸਹੁੰ, ਲਾਜ ਰੱਖਣੀ ਜੇ ਹੋæææਸਾਨੂੰ ਮਿਲੀ ਜਾਣਾ ਹੋæææਵੇ ਕੀ ਕਹਿੰਦੀਆਂ ਨੇ ਉਹ, ਰੁੱਤਾਂ ਫਿਰੀਆਂ ਨੇ ਜੋ, ਸਾਡੇ ਊਣੇ ਨੇ ਹਾੜ੍ਹ, ਸਾਡੇ ਸੱਖਣੇ ਨੇ ਪੋਹæææਸਾਨੂੰ ਮਿਲੀ ਜਾਣਾ ਹੋæææ।
ਇਉਂ ਮੇਰੇ ਉਨ੍ਹਾਂ ਮੁੱਢਲੇ ਸਾਹਿਤਕ ਦਿਨਾਂ ਵਿਚ ਹੀ ਅੰਮ੍ਰਿਤਾ ਇਕ ਲੇਖਕ ਵਜੋਂ ਮੈਨੂੰ ਆਪਣੇ ਨੇੜੇ-ਨੇੜੇ ਲਗਦੀ ਸੀ ਅਤੇ ਮੇਰੇ ਮਨ ਵਿਚ ਉਸ ਦਾ ਸਾਹਿਤਕ ਕੱਦ-ਬੁੱਤ ਬਹੁਤ ਉਚਾ ਬਣ ਗਿਆ ਸੀ। ਮੰਚਾਂ ਤੋਂ ਗਾਇਕਾਂ ਦੇ ਮੂੰਹੋਂ ਸੁਣ ਕੇ ਲਗਦਾ, ਜਿਨ੍ਹਾਂ ਲੋਕਾਂ ਵਾਸਤੇ ਉਹਨੇ ਇਹ ਗੀਤ-ਕਵਿਤਾਵਾਂ ਲਿਖੇ ਹਨ, ਉਨ੍ਹਾਂ ਵਿਚ ਮੈਂ ਵੀ ਜ਼ਰੂਰ ਸ਼ਾਮਲ ਹਾਂ! ਪਰ ਇਕ ਵਿਅਕਤੀ ਵਜੋਂ ਮੈਂ ਉਹਨੂੰ ਅੱਜ ਮਿਲਣਾ ਸੀ। ਗੁਰਦੇਵ ਨੇ ਮੇਰਾ ਨਾਂ ਦੱਸਿਆ ਤਾਂ ਉਹ ਹੱਸ ਕੇ ਬੋਲੀ, ਮੈਂ ਤੇਰੇ ਇਸ ਦੋਸਤ ਦੀਆਂ ਰਚਨਾਵਾਂ ਪੜ੍ਹੀਆਂ ਹੀ ਨਹੀਂ, ਛਾਪੀਆਂ ਵੀ ਹੋਈਆਂ ਨੇ।
ਉਹਦੇ ਵਿਚ ਵੱਡਾ ਗੁਣ ਸੀ ਕਿ ਉਹ ਇਕ ਵੱਡੀ ਲੇਖਿਕਾ ਹੀ ਨਹੀਂ ਸਗੋਂ ਇਕ ਮਿੱਥ ਬਣ ਚੁੱਕੀ ਹੋਣ ਦੇ ਬਾਵਜੂਦ ਪਹਿਲੀ ਮਿਲਣੀ ਵਿਚ ਹੀ ਦੂਜੇ ਨਾਲ, ਭਾਵੇਂ ਉਹ ਕੋਈ ਨਵਾਂ, ਛੋਟਾ ਲੇਖਕ ਹੀ ਕਿਉਂ ਨਾ ਹੋਵੇ, ਵਿੱਥ ਨਹੀਂ ਸੀ ਰਹਿਣ ਦਿੰਦੀ। ਉਹਦੇ ਕੋਲ ਬੈਠਿਆਂ ਕਿਸੇ ਵੱਡੀ ਸਾਹਿਤਕ ਹਸਤੀ ਕੋਲ ਬੈਠੇ ਹੋਣ ਦਾ ਸੁਖਾਵਾਂ ਅਸਰ ਤਾਂ ਮਹਿਸੂਸ ਹੁੰਦਾ ਪਰ ਵੱਡਿਆਂ ਕੋਲ ਬੈਠਿਆਂ ਆਪਣੇ-ਆਪ ਬਣ ਜਾਣ ਵਾਲੀ ਵਿੱਥ ਨਹੀਂ ਸੀ ਬਣਦੀ। ਜਦੋਂ ਉਹਦੀ ਪੁੱਛ ਦੇ ਜਵਾਬ ਵਿਚ ਮੈਂ ਦੱਸਿਆ ਕਿ ਮੈਂ ਦਿੱਲੀ ਆ ਗਿਆ ਹਾਂ, ਉਹ ਬੋਲੀ, “ਤੇਰਾ ਇਹ ਦੋਸਤ ਤਾਂ ਆਉਂਦਾ ਹੀ ਹੈ, ਤੂੰ ਵੀ ਹਰ ਮਹੀਨੇ ਆਇਆ ਕਰ ‘ਨਾਗਮਣੀ ਸ਼ਾਮ’ ਵਿਚ।” ਇਉਂ ‘ਨਾਗਮਣੀ ਸ਼ਾਮ’ ‘ਤੇ ਅੰਮ੍ਰਿਤਾ ਪ੍ਰੀਤਮ ਨਾਲ ਮੇਰਾ ਨੇੜਲਾ ਤੇ ਲੰਮਾ ਨਾਤਾ ਜੁੜ ਗਿਆ।
(ਚਲਦਾ)