ਆਜ਼ਾਦੀ ਦੀਆਂ ਜੰਮਣ ਪੀੜਾਂ

ਗੋਲਡਾ ਮਾਇਰ ਅਤੇ ਇਕ ਦੇਸ਼ ਦਾ ਜਨਮ-3
ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮਾਇਰ (3 ਮਈ 1898-8 ਦਸੰਬਰ 1978) ਦੇ ਬਹਾਨੇ ਇਜ਼ਰਾਈਲ ਦੇ ਪਿਛੋਕੜ ਬਾਰੇ ਕੁਝ ਗੱਲਾਂ-ਬਾਤਾਂ ਇਸ ਲੰਮੇ ਲੇਖ ਵਿਚ ਸਾਂਝੀਆਂ ਕੀਤੀਆਂ ਹਨ।

ਇਸ ਵਿਚ ਯਹੂਦੀਆਂ ਦੇ ਧਰਮ, ਇਤਿਹਾਸ, ਕਲਚਰ ਅਤੇ ਸਿਆਸੀ ਸਮੱਸਿਆਵਾਂ ਬਾਰੇ ਖੁੱਲ੍ਹਾ ਖੁਲਾਸਾ ਤਾਂ ਕੀਤਾ ਹੀ ਗਿਆ ਹੈ; ਅੰਧਕਾਰ ਵਿਚੋਂ ਕਿਵੇਂ ਬਚ-ਬਚ ਨਿਕਲਣਾ ਹੈ ਤੇ ਧੀਰਜ ਨਾਲ ਕਸ਼ਟ ਝੱਲਦਿਆਂ ਲੰਮਾ ਸਮਾਂ ਸੰਘਰਸ਼ ਕਿਵੇਂ ਕਰਨਾ ਹੈ, ਇਸ ਬਾਬਤ ਵੀ ਕਿੱਸਾ ਛੋਹਿਆ ਗਿਆ ਹੈ। ਗੋਲਡਾ ਦਾ ਜਨਮ ਯੂਕਰੇਨ ਦੇ ਸ਼ਹਿਰ ਕੀਵ ਵਿਚ ਹੋਇਆ ਸੀ ਜਿੱਥੋਂ ਦੇ ਅੱਜ-ਕੱਲ੍ਹ ਦੇ ਹਾਲਾਤ ਫਲਸਤੀਨ ਅਤੇ ਇਜ਼ਰਾਈਲ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ। ਪਿਛਲੇ ਅੰਕਾਂ ਵਿਚ ਪਾਠਕਾਂ ਨੇ 20ਵੀਂ ਸਦੀ ਦੇ ਅਰੰਭ ਵਿਚ ਯਹੂਦੀਆਂ ਦੇ ਹਾਲ ਅਤੇ ਫਿਰ ਇਜ਼ਰਾਈਲ ਦੀ ਕਾਇਮੀ ਲਈ ਜੂਝਦੇ ਜਿਊੜਿਆਂ ਦਾ ਜ਼ਿਕਰ ਪੜ੍ਹਿਆ। ਇਸ ਵਾਰ ਇਜ਼ਰਾਈਲ ਦੀ ਕਾਇਮੀ ਤੋਂ ਐਨ ਪਹਿਲਾਂ ਦੇ ਹਾਲਾਤ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454

ਰੂਸ ਵਿਚ ਜੰਮਿਆ ਡਾæ ਵੀਜ਼ਮੈਨ ਦੁਨੀਆਂ ਭਰ ਦੇ ਯਹੂਦੀਆਂ ਦਾ ਅਣ-ਐਲਾਨਿਆ ਬਾਦਸ਼ਾਹ ਸੀ। ਉਹ ਵਿਗਿਆਨੀ ਸੀ ਤੇ ਲੰਮਾ ਸਮਾਂ ਇੰਗਲੈਂਡ ਵਿਚ ਬਿਤਾ ਕੇ ਫਲਸਤੀਨ ਵਿਚ ਵਸ ਗਿਆ ਸੀ, ਜ਼ੀਓਨਿਸਟ ਲਹਿਰ ਦਾ ਪ੍ਰਧਾਨ ਸੀ, ਧੀਮੀ ਗਤੀ ਵਿਚ ਚਲਦਾ ਸੀ ਜਿਸ ਕਰ ਕੇ ਤੇਜ਼ ਚਾਲ ਚੱਲਦੇ ਗੁਰੀਓਂ ਨੂੰ ਉਹ ਪਸੰਦ ਨਹੀਂ ਸੀ। ਵੀਜ਼ਮੈਨ ਅਨੁਸਾਰ ਦੇਰ ਨਾਲ ਸਹੀ, ਅੰਗਰੇਜ਼ਾਂ ਨੂੰ ਅਕਲ ਆਏਗੀ। ਗੁਰੀਓਂ ਆਖਦਾ ਹੁੰਦਾ ਸੀ, ਬੜਾ ਅਜ਼ਮਾ ਲਿਆ, ਹੁਣ ਬਸ ਕਰੀਏ ਤੇ ਯੁੱਧ ਦਾ ਬਿਗਲ ਵਜਾਈਏ। ਟਕਰਾਉ ਦੌਰਾਨ ਵੀਜ਼ਮੈਨ ਆਊਟ ਹੋ ਗਿਆ ਤੇ ਗੁਰੀਓਂ ਹੱਥ ਗੁਲਾਮ ਫਲਸਤੀਨ ਆਇਆ। ਫਿਰ ਵੀ ਵੀਜ਼ਮੈਨ ਦਾ ਆਦਰ ਘਟਿਆ ਨਹੀਂ। ਜਦੋਂ 1948 ਵਿਚ ਅੰਤਿਮ ਫੈਸਲੇ ਦੀ ਘੜੀ ਆਈ ਤੇ ਯਹੂਦੀਆਂ ਨੇ ਅਮਰੀਕਾ ਤੋਂ ਮਦਦ ਮੰਗੀ, ਉਦੋਂ ਅਮਰੀਕੀ ਰਾਸ਼ਟਰਪਤੀ ਟਰੂਮੈਨ ਆਖਰਕਾਰ ਜੇ ਕਿਸੇ ਨਾਲ ਗੱਲ ਕਰਨ ਲਈ ਤਿਆਰ ਹੋਇਆ, ਤਾਂ ਕੇਵਲ ਵੀਜ਼ਮੈਨ ਨਾਲ। ਟਰੂਮੈਨ ਉਸ ਦੀ ਇੱਜ਼ਤ ਵਿਗਿਆਨੀ ਹੋਣ ਕਰ ਕੇ ਕਰਦਾ ਸੀ। ਵੀਜ਼ਮੈਨ ਦਾ ਬੇਟਾ ਯੁੱਧ ਵਿਚ ਸ਼ਹੀਦ ਹੋ ਗਿਆ ਸੀਂ। ਜਦੋਂ ਉਹ ਟਰੂਮੈਨ ਨਾਲ ਗੱਲ ਕਰਨ ਗਿਆ, ਉਦੋਂ ਉਹਦੀਆਂ ਅੱਖਾਂ ਸੌ ਫੀਸਦੀ ਜਵਾਬ ਦੇ ਗਈਆਂ ਸਨ। ਅਮਰੀਕਾ ਨੇ ਫੈਸਲਾ ਕੀਤਾ ਕਿ 14 ਮਈ 1948 ਦੇ ਦਿਨ ਇਜ਼ਰਾਈਲ ਦੀ ਆਜ਼ਾਦੀ ਨੂੰ ਮਾਨਤਾ ਦੇਣੀ ਹੈ, ਤਦ ਗੁਰੀਓਂ ਜਾਣਦਾ ਸੀ ਕਿ ਨਵੇਂ ਦੇਸ਼ ਦਾ ਰਾਸ਼ਟਰਪਤੀ ਡਾæ ਵੀਜ਼ਮੈਨ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਹੋ ਸਕਦਾ।
1946-47 ਦੇ ਸਾਲ ਖਤਰਨਾਕ ਸਨ। ਯਹੂਦੀ ਰਿਫਿਊਜੀ ਜਾਨਾਂ ਬਚਾ ਕੇ ਧੜਾਧੜ ਫਲਸਤੀਨ ਆ ਰਹੇ ਸਨ ਤੇ ਬਰਤਾਨਵੀ ਸੈਨਿਕ ਕੋਟੇ ਤੋਂ ਵੱਧ ਬੰਦਿਆਂ ਨੂੰ ਰੋਕ ਰਹੇ ਸਨ। ਫਲਸਰੂਪ ਜੰਗੀ ਝੜਪਾਂ ਹੋਣ ਲੱਗੀਆਂ। ਉਨ੍ਹਾਂ ਨੂੰ ਮਨਮਰਜ਼ੀ ਦੇ ਥਾਂ ‘ਤੇ ਵੱਸਣੋਂ ਕਿਉਂ ਰੋਕਿਆ ਜਾਏ? ਉਹੀ ਅੰਗਰੇਜ਼ ਜਿਨ੍ਹਾਂ ਨੇ ਯਹੂਦੀਆਂ ਨੂੰ ਨਾਜ਼ੀ ਕੈਂਪਾਂ ਵਿਚੋਂ ਆਜ਼ਾਦ ਕਰਵਾਇਆ, ਹੁਣ ਖੁਦ ਸਾਈਪਰਸ ਵਿਚ ਕੰਡਿਆਲੀ ਤਾਰ ਅੰਦਰ ਉਨ੍ਹਾਂ ਨੂੰ ਬੰਦੀ ਬਣਾਈ ਬੈਠੇ ਸਨ। ਚਾਲੀ ਹਜ਼ਾਰ ਬੰਦੀ ਘਿਰੇ ਬੈਠੇ ਸਨ। ਹਰ ਮਹੀਨੇ ਕੇਵਲ ਪੰਦਰਾਂ ਸੌ ਫਲਸਤੀਨ ਜਾਣਗੇ, ਇਹੋ ਕੋਟਾ ਨਿਸ਼ਚਿਤ ਸੀ। ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਆਗਾਮੀ ਸਰਦੀਆਂ ਵਿਚ ਹਜ਼ਾਰਾਂ ਬੱਚੇ ਮੌਤ ਦੇ ਮੂੰਹ ਚਲੇ ਜਾਣਗੇ। ਸਿਰਤੋੜ ਯਤਨ ਕਰ ਕੇ ਬਰਤਾਨੀਆ ਨੂੰ ਮਨਾ ਲਿਆ ਕਿ ਯਤੀਮ ਬੱਚੇ ਵਾਰੀ ਤੋਂ ਪਹਿਲਾਂ ਆਜ਼ਾਦ ਕਰ ਦਿੱਤੇ ਜਾਣ। ਕੁਝ ਬੱਚੇ ਨਰਾਜ਼ ਵੀ ਹੋਏ- ਸਾਨੂੰ ਇਸ ਲਈ ਰੁਕਣਾ ਪਵੇਗਾ, ਕਿਉਂਕਿ ਸਾਡਾ ਇਹ ਕਸੂਰ ਹੈ, ਸਾਡੇ ਮਾਪੇ ਜਿਉਂਦੇ ਹਨ?
ਕੈਂਪ ਵਿਚ ਘਾਹ-ਬੂਟ ਦਾ ਨਾਮੋ-ਨਿਸ਼ਾਨ ਨਹੀਂ ਸੀ। ਜਦੋਂ ਗੋਲਡਾ ਕੈਂਪ ਦਾ ਦੌਰਾ ਕਰਨ ਆਈ, ਨਿੱਕੇ ਬੱਚਿਆਂ ਨੇ ਆਪ ਬਣਾ ਕੇ ਕਾਗਜ਼ੀ ਗੁਲਦਸਤਾ ਭੇਂਟ ਕੀਤਾ, ਅਸਲੀ ਫੁੱਲ ਇਨ੍ਹਾਂ ਨੇ ਅਜੇ ਦੇਖੇ ਨਹੀਂ ਸਨ! ਉਥੇ ਸੁਨੱਖੀ ਜੁਆਨ ਰੇਡੀਓ ਓਪਰੇਟਰ ਕੁੜੀ ਮਿਲੀ ਜੋ ਆਖਰ ਕੈਂਪ ਵਿਚੋਂ ਰਿਹਾ ਹੋਈ ਤੇ ਬੱਚਿਆਂ ਦੀ ਮਨੋਰੋਗ ਮਾਹਿਰ ਡਾਕਟਰ ਬਣੀ। ਬਾਅਦ ਵਿਚ ਇਹ ਕੁੜੀ ਗੋਲਡਾ ਦੀ ਨੂੰਹ ਬਣੀ।
ਇਕ ਹੋਰ ਮੁਸ਼ਕਿਲ ਆਈ। ਯਤੀਮ ਬੱਚੇ ਰਿਹਾ ਹੋਣ ਲੱਗੇ ਪਰ ਜਿਨ੍ਹਾਂ ਬੱਚਿਆਂ ਦੀ ਮਾਂ ਜਾਂ ਪਿਤਾ- ਦੋਹਾਂ ਵਿਚੋਂ ਇਕ ਜਿਉਂਦਾ ਸੀ, ਕੀ ਉਹ ਰਿਹਾ ਨਾ ਹੋਣ? ਯਾਨਿ ਜਿਨ੍ਹਾਂ ਦੇ ਮਾਪੇ ਮਰ ਗਏ, ਉਹ ਖੁਸ਼ਕਿਸਮਤ ਰਿਹਾ ਹੋ ਗਏ ਤੇ ਅੱਧੇ ਮਾਪਿਆਂ ਵਾਲੇ ਬੰਦੀ ਰਹਿਣਗੇ! ਦੇਰ ਪਿਛੋਂ ਸਾਈਪਰਸ ਦੇ ਕੈਂਪ ਵਿਚ ਮਰੇ ਸੌ ਬੱਚਿਆਂ ਦੇ ਪਿੰਜਰ, ਦਫਨਾਉਣ ਵਾਸਤੇ ਫਲਸਤੀਨ ਦੇ ਹਾਫੀਆ ਸ਼ਹਿਰ ਵਿਚ ਲਿਆਂਦੇ ਗਏ। ਗੋਲਡਾ ਨੇ ਕਿਹਾ, ਕੀ ਪਤਾ ਇਨ੍ਹਾਂ ਵਿਚ ਉਨ੍ਹਾਂ ਦੋ ਨਿੱਕੀਆਂ ਕੁੜੀਆਂ ਦੇ ਪਿੰਜਰ ਨਾ ਹੋਣ ਜਿਨ੍ਹਾਂ ਨੇ ਕਾਗਜ਼ ਦੇ ਫੁੱਲ ਦਿੱਤੇ ਸਨ! 1970 ਵਿਚ ਇਕ ਔਰਤ ਆਪਣੀ ਵੀਹ ਸਾਲ ਦੀ ਸੁਨੱਖੀ ਧੀ ਸਣੇ ਗੋਲਡਾ ਨੂੰ ਮਿਲਣ ਆਈ, ਦੱਸਿਆ, ਇਹ ਮੇਰੇ ਕੁੱਛੜ ਸੀ ਜਦੋਂ ਸਾਈਪਰਸ ਵਿਚੋਂ ਤੁਸੀਂ ਸਾਨੂੰ ਬਚਾਇਆ। ਟਰੇਨਿੰਗ ਖਤਮ ਕਰ ਕੇ ਹੁਣ ਇਹ ਮਿਲਟਰੀ ਅਫਸਰ ਲੱਗ ਗਈ ਹੈ।
ਅੰਗਰੇਜ਼ਾਂ ਦੀ ਹਮਦਰਦੀ ਅਰਬਾਂ ਨਾਲ ਸੀ। ਰਤਾ ਕੁ ਗੜਬੜ ਹੁੰਦੀ, ਅੰਗਰੇਜ਼ਾਂ ਦੇ ਟੈਂਕ ਨਿਕਲਦੇ, ਗੋਲੀਆਂ ਦੀ ਬੁਛਾੜ ਹੁੰਦੀ, ਦਰਜਨਾਂ ਯਹੂਦੀ ਢੇਰ ਹੋ ਜਾਂਦੇ। ਅੱਕੇ ਬਰਤਾਨੀਆ ਨੇ ਯੂæਐਨæਓæ ਨੂੰ ਕਿਹਾ, ਇਹ ਰੱਫੜ ਸਾਥੋਂ ਹੱਲ ਨਹੀਂ ਹੁੰਦਾ, ਤੁਸੀਂ ਕੋਈ ਤਰੀਕਾ ਲੱਭੋ। ਜੂਨ ਵਿਚ ਯੂæਐਨæਓæ ਦੀ ਟੀਮ ਫਲਸਤੀਨ ਆਈ ਜਿਸ ਨੇ ਪਹਿਲੀ ਸਤੰਬਰ 1947 ਨੂੰ ਆਪਣੀ ਰਿਪੋਰਟ ਦੇਣੀ ਸੀ। ਅਰਬਾਂ ਨੇ ਇਸ ਟੀਮ ਦਾ ਬਾਈਕਾਟ ਕੀਤਾ, ਯਹੂਦੀਆਂ ਨੇ ਆਪਣਾ ਪੱਖ ਪੇਸ਼ ਕੀਤਾ। ਇਸ ਟੀਮ ਨੂੰ ਯਹੂਦੀ ਮਸਲੇ ਦਾ ਭੋਰਾ ਪਤਾ ਨਹੀਂ ਸੀ, ਸਮਝਾਉਣ ਵਿਚ ਦੇਰ ਤਾਂ ਲੱਗੀ ਪਰ ਸਮਝ ਗਏ ਕਿ ਦੁਨੀਆਂ ਭਰ ਦੇ ਯਹੂਦੀ ਕੇਵਲ ਫਲਸਤੀਨ ਵਿਚ ਆ ਕੇ ਬਚ ਸਕਣਗੇ। ਇਹ ਸਿਲਸਿਲਾ ਅਜੇ ਚੱਲ ਹੀ ਰਿਹਾ ਸੀ ਕਿ ਬਰਤਾਨਵੀ ਫੌਜ ਨੇ ਪਿੰਜਰਿਆਂ ਵਿਚ ਬੰਦੀਵਾਨ ਉਹ 4500 ਯਹੂਦੀ ਟੀਮ ਨੂੰ ਦਿਖਾਏ ਜਿਹੜੇ 1947 ਵਿਚ ਬਾਹਰਲੇ ਦੇਸ਼ਾਂ ਵਿਚੋਂ ਨਾਜਾਇਜ਼ ਢੰਗ ਨਾਲ ਫਲਸਤੀਨ ਵਿਚ ਘੁਸਪੈਠ ਕਰ ਗਏ ਤੇ ਹੁਣ ਵਾਪਸ ਭੇਜੇ ਜਾਣਗੇ। ਹੱਥਾਂ ਵਿਚ ਪਿਸਤੌਲ, ਗਰਨੇਡ ਅਤੇ ਬੰਦੂਕਾਂ ਫੜੀ ਅੰਗਰੇਜ਼ ਸੈਨਿਕਾਂ ਨੇ ਇਹ ਕੈਦੀ ਘੇਰੇ ਹੋਏ ਸਨ। ਪਸ਼ੂਆਂ ਵਾਂਗ ਇਨ੍ਹਾਂ ਬੰਦੀਆਂ ਨੂੰ ਸਮੁੰਦਰੀ ਜਹਾਜਾਂ ਵਿਚ ਲੱਦ ਕੇ ਯੂਰਪ ਦੇ ਕਿਸੇ ਕਬਰਸਤਾਨ ਵਿਚ ਧੱਕਣ ਲਈ ਤਿਆਰੀ ਹੋ ਚੁੱਕੀ ਸੀ।
ਗੋਲਡਾ ਨੇ ਟੀਮ ਨੂੰ ਕਿਹਾ, ਇਨ੍ਹਾਂ ਸਾਢੇ ਚਾਰ ਹਜ਼ਾਰ ਯਹੂਦੀਆਂ ਨੂੰ ਯੂਰਪ ਵਿਚ ਲਿਜਾ ਕੇ ਦਫਨਾ ਦਿਉਗੇ, ਤਾਂ ਹਰ ਰੋਜ਼ ਕਿਸ਼ਤੀਆਂ ਇੱਧਰ ਆਉਣੋਂ ਹਟ ਜਾਣਗੀਆਂ? ਯਹੂਦੀਆਂ ਵਾਸਤੇ ਫਲਸਤੀਨ ਲਈ ਮਰਨਾ ਖੇਡ ਹੈ, ਇਹ ਖੇਡ ਚੱਲੇਗੀ; ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਇਜ਼ਰਾਈਲ ਦੀ ਸਥਾਪਨਾ ਨਹੀਂ ਹੁੰਦੀ। ਬੰਦੂਕਾਂ, ਤੋਪਾਂ, ਜਹਾਜਾਂ ਦੇ ਹਮਲਿਆਂ ਕਾਰਨ ਯਹੂਦੀ ਭੈਭੀਤ ਨਹੀਂ ਹੋਣਗੇ।
ਅਪੀਲਾਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ। ਪੰਤਾਲੀ ਸੌ ਬੰਦਿਆਂ ਵਾਲਾ ਜਹਾਜ ਜਰਮਨੀ ਵੱਲ ਰਵਾਨਾ ਹੋ ਗਿਆ।
31 ਅਗਸਤ ਨੂੰ ਯੂæਐਨæਓæ ਦੀ ਟੀਮ ਨੇ ਜਨੇਵਾ ਵਿਚ ਰਿਪੋਰਟ ਦੇ ਦਿੱਤੀ ਜਿਸ ਅਨੁਸਾਰ ਫਲਸਤੀਨ ਦੇ ਦੋ ਟੋਟੇ ਕਰ ਦਿੱਤੇ ਜਾਣ। ਇਕ ਪਾਸੇ ਇਜ਼ਰਾਈਲ, ਦੂਜੇ ਪਾਸੇ ਫਲਸਤੀਨ; ਜਿਵੇਂ ਹੋਣਾ ਹੀ ਸੀ, ਯਹੂਦੀ ਮੰਨ ਗਏ। ਅਰਬ ਅੜ ਗਏ, ਕਿਹਾ, ਪੂਰਾ ਫਲਸਤੀਨ ਅਰਬਾਂ ਨੂੰ ਦਿਉ, ਅਜਿਹਾ ਨਹੀਂ ਹੁੰਦਾ ਤਾਂ ਯੁੱਧ ਲਈ ਤਿਆਰ ਰਹੋ। ਅੰਗਰੇਜ਼ਾਂ ਨੇ ਕਹਿ ਦਿੱਤਾ, ਜੇ ਦੋਵੇਂ ਧਿਰਾਂ ਨਹੀਂ ਮੰਨਦੀਆਂ ਤਾਂ ਜਿਵੇਂ ਹੈ ਤਿਵੇਂ ਰਹਿਣ ਦਿਉ। ਅੰਗਰੇਜ਼ਾਂ ਦੀ ਯਹੂਦੀਆਂ ਵਿਰੁਧ ਜ਼ਾਲਮ ਨੀਤੀ ਸਪਸ਼ਟ ਦਿਸ ਗਈ।
ਗੋਲਡਾ ਨੇ ਕਿਹਾ, ਅਸੀਂ ਯੋਰੋਸ਼ਲਮ ਬਗੈਰ ਕੋਈ ਇਲਾਕਾ ਨਹੀਂ ਲਵਾਂਗੇ। ਨਾਲੇ ਇਸ ਲਕੀਰ ਵਿਚ ਗੈਲੀਲੀ ਅਰਬਾਂ ਵਾਲੇ ਪਾਸੇ ਹੈ, ਅਸੀਂ ਗਲੀਲੀ ਤੋਂ ਹੱਕ ਨਹੀਂ ਛੱਡਾਂਗੇ। ਸਾਡੇ ਪਾਸੇ ਵਾਲੇ ਇਜ਼ਰਾਈਲ ਵਿਚ ਪੰਜ ਲੱਖ ਮੁਸਲਮਾਨਾਂ ਦੀ ਆਬਾਦੀ ਹੈ, ਅਸੀਂ ਵਾਅਦਾ ਕਰਦੇ ਹਾਂ ਕਿ ਇਕ ਵੀ ਬੰਦੇ ਉਪਰ ਇਸ ਕਰ ਕੇ ਜ਼ਿਆਦਤੀ ਨਹੀਂ ਹੋਵੇਗੀ ਕਿ ਉਹ ਮੁਸਲਮਾਨ ਹੈ। ਮੱਧ ਏਸ਼ੀਆਂ ਵਿਚ ਇਹ ਅਮਨ ਦੀ ਗਾਰੰਟੀ ਹੋਵੇਗੀ, ਸ਼ਾਨਦਾਰ ਭਵਿੱਖ।
29 ਨਵੰਬਰ ਵਾਲੇ ਦਿਨ ਨਿਊ ਯਾਰਕ ਵਿਚ ਇਸ ਰਿਪੋਰਟ ਉਪਰ ਵੋਟਾਂ ਪੈਣੀਆਂ ਸਨ। ਅੱਧੀ ਰਾਤ ਨੂੰ ਐਲਾਨ ਹੋਇਆ। ਅਮਰੀਕਾ, ਸੋਵੀਅਤ ਦੇਸ਼ ਸਮੇਤ 33 ਦੇਸ਼ਾਂ ਨੇ ਫਲਸਤੀਨ ਦੀ ਵੰਡ ਦਾ ਸਮਰਥਨ ਕੀਤਾ। ਤੇਰਾਂ ਅਰਬ ਦੇਸ਼ਾਂ ਨੇ ਵਿਰੋਧ ਕੀਤਾ। ਬਰਤਾਨੀਆ ਸਮੇਤ ਦਸ ਦੇਸ਼ ਗੈਰ-ਹਾਜ਼ਰ ਰਹੇ। ਗੋਲਡਾ ਖਬਰ ਸੁਣਨ ਸਾਰ ਯਹੂਦੀ ਏਜੰਸੀ ਦੇ ਲਾਅਨ ਵਿਚ ਚਲੀ ਗਈ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਸਨ। ਹੋਰ ਵੀ ਆ ਰਹੇ ਸਨ, ਨੱਚ ਰਹੇ ਸਨ, ਗਾ ਰਹੇ ਸਨ। ਇਥੋਂ ਤੱਕ ਕਿ ਨੱਚਣ ਵਾਲਿਆਂ ਵਿਚ ਅੰਗਰੇਜ਼ ਵੀ ਸਨ। ਇਕ ਦੂਜੇ ਦੇ ਹੱਥ ਵਿਚ ਹੱਥ ਫੜੀ ਜਸ਼ਨਾਂ ਵਿਚ ਮਸਰੂਫ। ਗੋਲਡਾ ਨੂੰ ਭਾਸ਼ਣ ਦੇਣ ਲਈ ਕਿਹਾ ਗਿਆ। ਗੋਲਡਾ ਦਾ ਭਾਸ਼ਣ ਅਰਬਾਂ ਵੱਲ ਸੇਧਤ ਸੀ- ਭਾਈਓ, ਅਰਬਾਂ ਨੇ ਇਸ ਵੰਡ ਖਿਲਾਫ, ਇਜ਼ਰਾਈਲ ਦੀ ਆਜ਼ਾਦੀ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। ਯੂæਐਨæਓæ ਦੇ ਮੈਂਬਰ ਦੇਸ਼ਾਂ ਦੀ ਬਹੁ-ਗਿਣਤੀ ਨੇ ਸਾਡੇ ਹੱਕ ਵਿਚ ਫੈਸਲਾ ਦਿੱਤਾ ਹੈ। ਵੰਡ ਦੀ ਲਕੀਰ ਸਥਾਈ ਅਤੇ ਸਾਰਥਕ ਹੱਲ ਨਹੀਂ, ਪਰ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਮੰਨ ਲੈਣਾ ਚਾਹੀਦਾ ਹੈ।
ਅਰਬਾਂ ਨੇ ਫੈਸਲਾ ਨਹੀਂ ਮੰਨਿਆ। ਅਗਲੇ ਦਿਨ ਬੱਸ ਵਿਚ ਸਫਰ ਕਰਦੇ ਸੱਤ ਯਹੂਦੀ ਗੋਲੀਆਂ ਨਾਲ ਫੁੰਡ ਦਿੱਤੇ ਗਏ। ਦੰਗੇ ਸ਼ੁਰੂ ਹੋ ਗਏ। ਦੋ ਦਸੰਬਰ ਨੂੰ ਯੋਰੋਸ਼ਲਮ ਦੇ ਯਹੂਦੀ ਵਪਾਰ ਕੇਂਦਰ ਨੂੰ ਅਰਬਾਂ ਦੀ ਭੀੜ ਨੇ ਅੱਗ ਲਾ ਦਿੱਤੀ। ਅੰਗਰੇਜ਼ ਸੈਨਿਕ ਖਲੋਤੇ ਤਮਾਸ਼ਾ ਦੇਖਦੇ ਰਹੇ। ਜਦੋਂ ਯਹੂਦੀਆਂ ਨੇ ਅਰਬਾਂ ਦਾ ਮੁਕਾਬਲਾ ਸ਼ੁਰੂ ਕੀਤਾ ਤਾਂ ਅੰਗੇਰਜ਼ ਸੈਨਿਕਾਂ ਨੇ ਯਹੂਦੀਆਂ ਵੱਲ ਬੰਦੂਕਾਂ ਤਾਣ ਲਈਆਂ।
ਇਜ਼ਰਾਈਲ, ਅਰਬਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ। ਮੁਕਾਬਲੇ ਲਈ ਹਥਿਆਰ ਚਾਹੀਦੇ ਸਨ ਤੇ ਹਥਿਆਰ ਖਰੀਦਣ ਲਈ ਪੈਸੇ। ਪੈਸੇ ਕੌਣ ਦਏਗਾ? ਕੇਵਲ ਧਨਾਢ ਅਮਰੀਕੀ ਯਹੂਦੀ। ਹੋਰ ਕਿਸੇ ਕੋਲ ਸਮਰੱਥਾ ਨਹੀਂ। ਫਿਰ ਪੈਸੇ ਮੰਗਣ ਕੌਣ ਜਾਏ? ਬਿਨ ਗੁਰਿਓਂ ਨੇ ਕਿਹਾ, ਮੈਂ ਜਾਵਾਂਗਾ, ਐਲੀਜ਼ਰ ਮੇਰੇ ਨਾਲ ਜਾਵੇਗਾ। ਗੋਲਡਾ ਨੇ ਕਿਹਾ, ਇਸ ਸੰਕਟ ਵਿਚ ਇਜ਼ਰਾਈਲ ਵਿਚੋਂ ਤੁਹਾਡੀ ਗੈਰ-ਹਾਜ਼ਰੀ ਖਤਰਨਾਕ ਹੋਵੇਗੀ। ਮੈਂ ਪਹਿਲਾਂ ਵੀ ਫੰਡ ਇਕੱਠਾ ਕਰਨ ਜਾਂਦੀ ਰਹੀ ਹਾਂ, ਮੇਰੀ ਅੰਗਰੇਜ਼ੀ ਵੀ ਅਮਰੀਕੀ ਸ਼ੈਲੀ ਦੀ ਹੈ। ਜੇ ਮੈਂ ਜਾਵਾਂ ਤਾਂ ਠੀਕ ਰਹੇਗਾ। ਜੇ ਸ਼ੱਕ ਹੈ ਤਾਂ ਕਾਰਜਕਾਰਨੀ ਦੀ ਵੋਟ ਕਰਾ ਲਉ। ਕਾਰਜਕਾਰਨੀ ਨੇ ਗੋਲਡਾ ਦੇ ਹੱਕ ਵਿਚ ਵੋਟ ਦਿੱਤੀ। ਗੁਰੀਓਂ ਨੇ ਕਿਹਾ, ਇੰਨਾ ਸਮਾਂ ਨਹੀਂ ਕਿ ਘਰ ਜਾਵੇਂ ਤੇ ਸਮਾਂ ਖਰਾਬ ਕਰੇਂ, ਹੁਣੇ ਜਹਾਜੇ ਚੜ੍ਹ। ਗੋਲਡਾ ਅਮਰੀਕਾ ਉਡ ਗਈ।
21 ਜਨਵਰੀ 1948 ਨੂੰ ਉਹਨੇ ਕੌਂਸਲ ਆਫ ਜਿਊਇਸ਼ ਫੈਡਰੇਸ਼ਨਜ਼ ਐਂਡ ਵੈਲਫੇਅਰ ਫੰਡ ਅੱਗੇ ਸ਼ਿਕਾਗੋ ਵਿਚ ਤਕਰੀਰ ਕੀਤੀ, ਫਲਸਤੀਨੀ ਯਹੂਦੀ ਹੁਣ ਆਖਰੀ ਜੰਗ ਲੜਨਗੇ। ਸਾਡੇ ਕੋਲ ਹਥਿਆਰ ਹੋਏ, ਹਥਿਆਰਾਂ ਨਾਲ ਲੜਾਂਗੇ; ਨਹੀਂ ਤਾਂ ਸੋਟੀਆਂ ਤੇ ਪੱਥਰਾਂ ਨਾਲ ਲੜਾਂਗੇ। ਅਸੀਂ ਜੰਗ ਵਿਚ ਘਿਰ ਗਏ ਹਾਂ। ਹਰ ਯਹੂਦੀ ਦਾ ਵਿਸ਼ਵਾਸ ਹੈ, ਜਿੱਤ ਸਾਡੀ ਹੋਵੇਗੀ। ਅਸੀਂ ਹੌਸਲੇ ਵਿਚ ਹਾਂ। ਜੇ ਹੌਸਲਾ ਨਹੀਂ ਤਾਂ ਹਥਿਆਰ ਬੇਕਾਰ ਹੈ, ਪਰ ਜੇ ਹੌਸਲਾ ਹੈ, ਹਥਿਆਰ ਨਹੀਂ; ਤਾਂ ਹੌਸਲਾ ਕਿੰਨਾ ਕੁ ਚਿਰ ਜੀਵੇਗਾ? ਹਥਿਆਰਾਂ ਬਿਨਾਂ ਪਹਿਲਾਂ ਹੌਸਲੇ, ਫਿਰ ਜਿਸਮ ਟੁੱਟਣਗੇ। ਸੰਕਟ ਸਮੇਂ ਦਾ ਹੈ, ਸਾਨੂੰ ਮਦਦ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਨਹੀਂ, ਹੁਣੇ ਚਾਹੀਦੀ ਹੈ, ਤੁਰੰਤ; ਤੇ ਮਦਦ ਢਾਈ-ਤਿੰਨ ਕਰੋੜ ਡਾਲਰ ਦੀ ਚਾਹੀਦੀ ਹੈ। ਮਿਸਰ ਅਤੇ ਸੀਰੀਆ ਦੀਆਂ ਸਰਕਾਰਾਂ ਨੇ ਸਾਡੀ ਤਬਾਹੀ ਵਾਸਤੇ ਬਜਟ ਪਾਸ ਕਰ ਦਿੱਤੇ ਹਨ। ਸਾਡੀ ਨਾ ਕੋਈ ਸਕਰਾਰ, ਨਾ ਬਜਟ; ਸਾਡੇ ਹਿੱਸੇ ਤਬਾਹੀ ਲਿਖੀ ਹੈ। ਲੜਾਕੇ ਜੁਆਨ ਸਾਡੇ ਕੋਲ ਬਥੇਰੇ ਹਨ, ਪਰ ਕਾਹਦੇ ਨਾਲ ਲੜਨਗੇ? ਮੈਨੂੰ ਆਪਣੇ ਲੋਕਾਂ ‘ਤੇ ਇਤਬਾਰ ਹੈ। ਜਦੋਂ ਮੈਂ ਬਲੱਡ ਬੈਂਕ ਵਾਸਤੇ ਖੂਨ ਮੰਗਿਆ, ਹਸਪਤਾਲ ਦੇ ਬਿਸਤਰਿਆਂ ਵਿਚੋਂ ਉਠ ਕੇ ਮਰੀਜ਼ ਕਤਾਰਾਂ ਵਿਚ ਖਲੋ ਜਾਂਦੇ। ਵਾਰੀ ਆਉਣ ਤੱਕ ਘੰਟਿਆਂ ਬੱਧੀ ਖਲੋਤੇ ਰਹਿੰਦੇ। ਅਸੀਂ ਤੁਹਾਥੋਂ ਵੱਖਰੇ ਯਹੂਦੀ ਨਹੀਂ। ਆਪਾਂ ਇਕੋ ਹਾਂ। ਤੁਸੀਂ ਫਲਸਤੀਨ ਵਿਚ ਹੁੰਦੇ, ਅਸੀਂ ਅਮਰੀਕਾ ਵਿਚ; ਫਿਰ ਤੁਸੀਂ ਵੀ ਉਹੋ ਕਰਨਾ ਸੀ ਜੋ ਮੈਂ ਕਰਨ ਆਈ ਹਾਂ। ਅਸੀਂ ਫਲਸਤੀਨ ਵਿਚ ਲੜਾਂਗੇ, ਨੇਗੇਵ ਵਿਚ ਲੜਾਂਗੇ, ਗੈਲੀਲੀ ਵਿਚ ਲੜਾਂਗੇ, ਯੋਰੋਸ਼ਲਮ ਦੀਆਂ ਕੰਧਾਂ ਦੁਆਲੇ ਲੜਾਂਗੇ। ਇਕ ਇਕ ਯਹੂਦੀ ਜਦੋਂ ਤੱਕ ਮੁਕ ਨਹੀਂ ਜਾਂਦਾ, ਲੜਾਂਗੇ। ਤੁਸੀਂ ਇਹ ਸਲਾਹ ਨਹੀਂ ਦੇ ਸਕਦੇ ਕਿ ਅਸੀਂ ਲੜੀਏ ਕਿ ਨਾ। ਅਸੀਂ ਲੜਾਂਗੇ। ਅਰਬਾਂ ਤੋਂ ਹਾਰ ਕੇ ਅਸੀਂ ਸਫੈਦ ਝੰਡਾ ਨਹੀਂ ਲਹਿਰਾਵਾਂਗੇ। ਫੈਸਲਾ ਹੋ ਚੁੱਕਾ ਹੈ ਤੇ ਇਹ ਫੈਸਲਾ ਬਦਲਿਆ ਨਹੀਂ ਜਾਵੇਗਾ। ਤੁਸੀਂ ਸਾਨੂੰ ਜਿਤਾਉਣਾ ਹੈ ਕਿ ਅਰਬਾਂ ਨੂੰæææ ਇਹ ਤੁਸੀਂ ਜਾਣੋ। ਹੁਣੇ ਫੈਸਲਾ ਕਰੋ, ਇਸੇ ਘੜੀ। ਇਹ ਪਲ ਮੁੜ ਨਹੀਂ ਪਰਤੇਗਾ।
ਗੋਲਡਾ ਦੀਆਂ ਗੱਲਾਂ ਅਮਰੀਕੀ ਯਹੂਦੀ ਸੁਣੀ ਗਏ, ਰੋਈ ਗਏ। ਉਨ੍ਹਾਂ ਨੇ ਇਕੋ ਵਕਤ ਇੰਨੀ ਰਕਮ ਦਿੱਤੀ ਜਿੰਨੀ ਦੁਨੀਆਂ ਵਿਚ ਕਿਸੇ ਨੇ ਨਹੀਂ ਦਿੱਤੀ ਸੀ, ਕਦੀ ਨਹੀਂ। ਬਹੁਤਿਆਂ ਨੇ ਬੈਂਕਾਂ ਵਿਚੋਂ ਕਰਜ਼ਾ ਲੈ ਕੇ ਦਾਨ ਦਿੱਤਾ। ਉਮੀਦ ਤੋਂ ਦੁੱਗਣਾ ਧਨ, ਪੰਜ ਕਰੋੜ ਡਾਲਰ ਅਤੇ ਹੰਝੂਆਂ ਦੀਆਂ ਵਾਛੜਾਂ। ਬਿਨ ਗੁਰਿਓਂ ਨੂੰ ਜਦੋਂ ਇਹ ਰਕਮ ਦਿੱਤੀ, ਉਸ ਨੇ ਕਿਹਾ, ਜਦੋਂ ਇਜ਼ਰਾਈਲ ਦਾ ਇਤਿਹਾਸ ਲਿਖਿਆ ਗਿਆ, ਜ਼ਿਕਰ ਆਵੇਗਾ ਕਿ ਇਕ ਔਰਤ ਵਲੋਂ ਲਿਆਂਦੀ ਦੌਲਤ ਸਦਕਾ ਇਕ ਦੇਸ਼ ਨਕਸ਼ੇ ਉਪਰ ਉਤਰ ਆਇਆ। ਗੋਲਡਾ ਨੇ ਕਿਹਾ, ਲੋਕਾਂ ਨੇ ਮੈਨੂੰ ਨਹੀਂ, ਇਜ਼ਰਾਈਲ ਨੂੰ ਪੈਸੇ ਦਿੱਤੇ। ਇਸ ਰਕਮ ਨਾਲ ਹਥਿਆਰਾਂ ਦੀ ਖਰੀਦ ਸ਼ੁਰੂ ਹੋਈ।
ਪਤਾ ਲੱਗ ਗਿਆ ਕਿ ਜਦੋਂ ਯੂæਐਨæਓæ ਆਜ਼ਾਦੀ ਦਾ ਐਲਾਨ ਕਰੇਗੀ, ਅਰਬ ਦੇਸ਼ ਚੁਫੇਰਿਓਂ ਇਜ਼ਰਾਈਲ ‘ਤੇ ਹੱਲਾ ਬੋਲਣਗੇ। ਬਾਕੀਆਂ ਵਿਚੋਂ ਜਾਰਡਨ ਦਾ ਬਾਦਸ਼ਾਹ ਅਬਦੁੱਲਾ ਕੁਝ ਭਲਾਮਾਣਸ ਲਗਦਾ ਸੀ। ਗੁਪਤ ਮੁਲਾਕਾਤ ਵਾਸਤੇ ਗੋਲਡਾ ਉਹਦੇ ਟਿਕਾਣੇ ‘ਤੇ ਗਈ। ਉਹ ਨਰਮ, ਸਭਿਅਕ ਅਤੇ ਹਮਦਰਦ ਸੀ। ਉਹਨੇ ਕਿਹਾ, ਮੈਂ ਅਮਨ ਚਾਹੁੰਦਾ ਹਾਂ। ਯੋਰੋਸ਼ਲਮ ਦਾ ਮੁਫਤੀ (ਮੌਲਵੀ) ਹਾਜੀ ਅਮੀਨ ਅਲ-ਹੁਸੈਨੀ ਸਾਡਾ ਸਾਂਝਾ ਦੁਸ਼ਮਣ ਹੈ। ਯੂæਐਨæਓæ ਦੇ ਐਲਾਨ ਬਾਅਦ ਆਪਾਂ ਫਿਰ ਮਿਲਾਂਗੇ। ਹਮਲਾ ਨਹੀਂ ਕਰਾਂਗਾ, ਵਾਅਦਾ ਰਿਹਾ।
ਖਬਰਾਂ ਆਉਂਦੀਆਂ ਰਹੀਆਂ ਕਿ ਅਬੱਦੁਲਾ ਅਰਬ ਦੇਸ਼ਾਂ ਦੇ ਹਮਲੇ ਵਿਚ ਸ਼ਾਮਲ ਹੋਣ ਦੀਆਂ ਵਿਉਂਤਾਂ ਬਣਾ ਰਿਹਾ ਹੈ। ਭਰੋਸੇਯੋਗ ਬੰਦੇ ਰਾਹੀਂ ਅਬਦੁੱਲਾ ਨਾਲ ਰਾਬਤਾ ਕਾਇਮ ਰੱਖਿਆ ਜਾ ਰਿਹਾ ਸੀ। ਗੋਲਡਾ ਨੇ ਆਪਣਾ ਖਦਸ਼ਾ ਬਾਦਸ਼ਾਹ ਤੱਕ ਪੁਚਾਇਆ, ਉਤਰ ਮਿਲਿਆ, ਮੈਨੂੰ ਤੁਹਾਡੇ ਸ਼ੱਕ ਕਰ ਕੇ ਦੁੱਖ ਹੋਇਆ। ਦੂਤ ਨੂੰ ਕਿਹਾ, ਗੋਲਡਾ ਤਿੰਨ ਗੱਲਾਂ ਯਾਦ ਰੱਖੇæææ ਮੈਂ ਬੱਦੂ ਹਾਂ, ਵਾਅਦਾ ਵਫਾ ਕਰਨ ਦਾ ਪਾਬੰਦ; ਦੂਜਾ ਇਹ ਵਾਅਦਾ ਬਾਦਸ਼ਾਹ ਨੇ ਕੀਤਾ ਹੈ, ਕਿਸੇ ਲੱਲੂ ਪੰਜੂ ਨੇ ਨਹੀਂ; ਤੇ ਤੀਜਾ, ਇਹ ਵਾਅਦਾ ਇਕ ਔਰਤ ਨਾਲ ਕੀਤਾ ਹੈ, ਪੂਰ ਚੜ੍ਹੇਗਾ। ਸ਼ੱਕ ਦੀ ਕੋਈ ਵਜ੍ਹਾ ਨਹੀਂ।
ਖਬਰਾਂ ਮਿਲੀਆਂ ਕਿ ਅਰਬਾਂ ਦੀ ਲੀਗ ਬਣ ਗਈ ਹੈ ਜਿਸ ਵਿਚ ਅਬਦੁੱਲਾ ਸ਼ਾਮਲ ਹੋ ਗਿਆ ਹੈ। ਫੈਸਲਾ ਹੋਇਆ, ਜਿੰਨੀ ਜਲਦੀ ਹੋ ਸਕੇ, ਬਾਦਸ਼ਾਹ ਨੂੰ ਮਿਲਿਆ ਜਾਵੇ। ਕੀ ਪਤਾ, ਆਖਰੀ ਪਲ ਹੋਣੀ ਟਲ ਈ ਜਾਏ। ਬਾਦਸ਼ਾਹ ਕੋਲ ਬਰਤਾਨੀਆ ਵਲੋਂ ਟਰੇਂਡ ਫੌਜ ਹੈ। ਜੇ ਉਹ ਯੁੱਧ ਤੋਂ ਕਿਨਾਰਾ ਕਰ ਗਿਆ ਤਾਂ ਇਰਾਕੀ ਫੌਜ ਵੀ ਫਲਸਤੀਨ ਨਹੀਂ ਪੁੱਜ ਸਕੇਗੀ। ਬਿਨ ਗੁਰਿਓਂ ਨੇ ਕਿਹਾ, ਗੋਲਡਾ, ਇਕ ਵਾਰ ਮਿਲਣ ਵਿਚ ਕੀ ਹਰਜ? ਐਜ਼ਰਾ ਡੈਨੀ ਨੂੰ ਨਾਲ ਲੈ ਕੇ ਰਾਤ ਨੂੰ ਕਾਰ ਵਿਚ ਸਵਾਰ ਹੋ ਗੋਲਡਾ, ਬਾਦਸ਼ਾਹ ਨੂੰ ਮਿਲਣ ਤੁਰ ਪਈ। ਇਹ ਗੁਪਤ ਮਿਸ਼ਨ ਸੀ। ਅਜਨਬੀ ਰਾਹਾਂ ਤੋਂ ਭਟਕ ਕੇ ਜੇ ਅਰਬਾਂ ਦੇ ਕਾਬੂ ਆ ਜਾਂਦੇ, ਜੀਵਨ ਖਤਮ। ਐਜ਼ਰਾ ਨੇ ਅਰਬੀ ਲਿਬਾਸ ਪਾ ਲਿਆ ਤੇ ਗੋਲਡਾ ਨੇ ਬੁਰਕਾ। ਗੋਲਡਾ, ਐਜ਼ਰਾ ਦੀ ਪਤਨੀ ਵਜੋਂ ਪੇਸ਼ ਆਏਗੀ। ਐਜ਼ਰਾ ਵਧੀਆ ਅਰਬੀ ਬੋਲਦਾ ਸੀ, ਉਹੀ ਗੱਲਬਾਤ ਕਰੇਗਾ, ਅਰਬ ਔਰਤਾਂ ਚੁੱਪ ਰਹਿੰਦੀਆਂ ਹਨ। ਚੌਦਾਂ ਮਈ ਨੂੰ ਇਜ਼ਰਾਈਲ ਦੀ ਆਜ਼ਾਦੀ ਦਾ ਐਲਾਨ ਹੋਣਾ ਸੀ, ਤੇ ਇਹ ਦਸ ਮਈ ਦੀ ਰਾਤ ਸੀ। ਕਈ ਥਾਈਂ ਤਲਾਸ਼ੀ ਹੋਈ, ਆਖਰ ਉਹ ਅਬਦੁੱਲਾ ਦੇ ਟਿਕਾਣੇ ‘ਤੇ ਪੁੱਜਣ ਵਿਚ ਕਾਮਯਾਬ ਹੋ ਗਏ।
ਅਬਦੁੱਲਾ ਆਇਆ, ਉਹਦਾ ਚਿਹਰਾ ਪੀਲਾ ਹੋਇਆ ਪਿਆ ਸੀ। ਮੱਥੇ ‘ਤੇ ਫਿਕਰ ਦੀਆਂ ਰੇਖਾਵਾਂ, ਅੱਖਾਂ ਵਿਚ ਖੌਫ। ਗੋਲਡਾ ਨੇ ਵਕਤ ਜ਼ਾਇਆ ਕਰਨ ਦੀ ਥਾਂ ਸਿੱਧਾ ਸਵਾਲ ਪੁੱਛਿਆ, ਵਾਅਦਾ ਤੋੜਨ ਦਾ ਫੈਸਲਾ ਹੋ ਗਿਆ ਆਖਰ? ਬਾਦਸ਼ਾਹ ਦੇਰ ਤੱਕ ਖਾਮੋਸ਼ ਰਿਹਾ। ਆਖਰ ਬੋਲਿਆ, ਜਦੋਂ ਮੈਂ ਵਾਅਦਾ ਕੀਤਾ ਸੀ, ਉਦੋਂ ਮੈਂ ਇਕੱਲਾ ਸਾਂ; ਵਾਅਦਾ ਕਰਨ ਦੇ ਸਮਰਥ ਸਾਂ। ਹੁਣ ਸਭ ਕੁਝ ਬਦਲ ਗਿਆ। ਪੰਜ ਦੇਸ਼ਾਂ ਦੀ ਲੀਗ ਬਣ ਗਈ ਹੈ, ਮੈਂ ਪੰਜਾਂ ਵਿਚ ਇਕ ਹਾਂ। ਮਿਸਰ, ਸੀਰੀਆ, ਲੈਬਨਾਨ ਤੇ ਇਰਾਕ ਇਕ ਪਾਸੇ, ਮੈਂ ਇਕੱਲਾ ਰਹਿ ਗਿਆ ਹਾਂ। ਫਿਰ ਵੀ, ਕੀ ਪਤਾ ਯੁੱਧ ਟਲ ਜਾਏ, ਪਰ ਮੈਨੂੰ ਇਹ ਦੱਸੋ, ਤੁਸੀਂ ਇਜ਼ਰਾਈਲ ਦੀ ਆਜ਼ਾਦੀ ਦਾ ਐਲਾਨ ਕਰਨ ਵਾਸਤੇ ਇੰਨੇ ਕਾਹਲੇ ਕਿਉਂ ਹੋ? ਇੰਨੀ ਬੇਸਬਰੀ ਠੀਕ ਨਹੀਂ। ਗੋਲਡਾ ਨੇ ਕਿਹਾ, ਜਿਨ੍ਹਾਂ ਲੋਕਾਂ ਨੇ ਦੋ ਹਜ਼ਾਰ ਸਾਲ ਸਬਰ-ਸ਼ੁਕਰ ਨਾਲ ਬਿਤਾਏ ਹੋਣ, ਉਹ ਬੇਸਬਰੇ ਹੋਏ? ਬਾਦਸ਼ਾਹ ਨੇ ਹਉਕਾ ਲਿਆ ਤੇ ਚੁੱਪ ਕਰ ਗਿਆ।
ਗੋਲਡਾ ਬੋਲੀ, ਬਾਦਸ਼ਾਹ ਸਲਾਮਤ, ਤੁਹਾਨੂੰ ਪਤੈ, ਇਹ ਚਾਰੇ ਦੇਸ਼ ਤੁਹਾਡੇ ਮਿੱਤਰ ਨਹੀਂ? ਜੇ ਕੋਈ ਤੁਹਾਡਾ ਹਮਦਰਦ ਹੈ, ਉਹ ਹੈ ਇਜ਼ਰਾਈਲ। ਬਾਕੀ ਤੁਹਾਡੇ ਦੁਸ਼ਮਣ ਹਨ।
-ਪਰ ਮੈਂ ਕਰਾਂ ਕੀ? ਮੈਂ ਇਕੱਲਾ ਨਹੀਂ ਫੈਸਲਾ ਕਰ ਸਕਦਾ, ਘਿਰ ਗਿਆ ਹਾਂ।
-ਜੇ ਜੰਗ ਛਿੜ ਗਈ ਤਾਂ ਹਜ਼ੂਰ ਅਸੀਂ ਖੂਨੀ ਜੰਗ ਲੜਾਂਗੇ ਤੇ ਜਿੱਤਾਂਗੇ।
-ਹਾਂ ਮੈਨੂੰ ਪਤੈ। ਤੁਸੀਂ ਲੜੋਗੇ, ਪਰ ਚੰਗਾ ਹੋਵੇ ਜੇ ਥੋੜ੍ਹੇ ਸਾਲ ਹੋਰ ਰੁਕ ਜਾਉ। ਨਾਲੇ ਯਹੂਦੀ ਰਿਫਿਊਜੀਆਂ ਨੂੰ ਫਲਸਤੀਨ ਆਉਣ ਤੋਂ ਰੋਕੋ। ਇਕ ਤਰੀਕਾ ਹੋਰ ਵੀ ਹੈ। ਇਜ਼ਰਾਈਲ ਸੁਤੰਤਰ ਦੇਸ਼ ਹੋਣ ਦੀ ਥਾਂ ਮੇਰੇ ਦੇਸ਼ ਵਿਚ ਸ਼ਾਮਲ ਹੋ ਜਾਵੇ। ਮੈਂ ਤੁਹਾਨੂੰ ਵਜ਼ੀਰ ਲੈ ਲਵਾਂਗਾ। ਯਹੂਦੀ ਭਿਆਨਕ ਕਤਲੋਗਾਰਤ ਤੋਂ ਬਚ ਜਾਣਗੇ।
-ਤੁਹਾਡਾ ਖਿਆਲ ਐ, ਮੈਂ ਤੁਹਾਥੋਂ ਵਜ਼ਾਰਤ ਮੰਗਣ ਆਈ ਹਾਂ? ਤੁਹਾਨੂੰ ਪਤਾ ਹੈ, ਅਸੀਂ ਕੀ ਲੈਣੈ, ਕੀ ਕਰਨੈ। ਜੇ ਤੁਹਾਡੇ ਕੋਲ ਵਜ਼ਾਰਤ ਦੀ ਕੁਰਸੀ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ, ਫਿਰ ਯੁੱਧ ਯਕੀਨੀ ਹੈ। ਦੱਸ ਦਿਆਂ ਕਿ ਅਸੀਂ ਜਿੱਤਾਂਗੇ। ਜਿੱਤਣ ਤੋਂ ਬਾਅਦ ਕੀ ਪਤਾ ਆਪਾਂ ਫਿਰ ਮਿਲ ਸਕੀਏ। ਫਿਰ ਇਜ਼ਰਾਈਲ ਦੇ ਯਹੂਦੀ ਵਜ਼ੀਰ ਵਜੋਂ ਤੁਹਾਨੂੰ ਮਿਲਾਂਗੀ।
ਡੈਨੀ ਨੇ ਉਠਣ ਲੱਗਿਆਂ ਬਾਦਸ਼ਾਹ ਨੂੰ ਕਿਹਾ, ਤੁਸੀਂ ਲੋਕਾਂ ਨੂੰ ਖੁੱਲ੍ਹੇਆਮ ਨਾ ਮਿਲਿਆ ਕਰੋ। ਮੈਂ ਦੇਖਿਆ ਹੈ, ਤੁਹਾਡਾ ਲਿਬਾਸ ਚੁੰਮਣ ਲਈ ਲੋਕ ਤੁਹਾਡੇ ਬਿਲਕੁਲ ਨੇੜੇ ਆ ਜਾਂਦੇ ਹਨ। ਕੋਈ ਸਿਰਫਿਰਿਆ ਕਾਰਾ ਕਰ ਸਕਦਾ ਹੈ। ਬਾਦਸ਼ਾਹ ਨੇ ਕਿਹਾ, ਮੈਂ ਬੱਦੂ ਹਾਂ, ਆਜ਼ਾਦ ਜੰਮਿਆਂ, ਆਜ਼ਾਦ ਜੀਵਿਆ। ਮੈਂ ਆਪਣੀ ਗਾਰਦ ਦਾ ਗੁਲਾਮ ਨਹੀਂ ਬਣਾਂਗਾ। ਉਹਨੇ ਅਲਵਿਦਾ ਕਹੀ ਅਤੇ ਸੌਣ ਵਾਸਤੇ ਚਲਾ ਗਿਆ। ਖਾਣਾ ਪਰੋਸਿਆ ਗਿਆ ਪਰ ਕਿਸ ਦੇ ਸੰਘ ਹੇਠੋਂ ਬੁਰਕੀ ਲੰਘਣੀ ਸੀ? ਗੋਲਡਾ ਹੁਣੇ ਤੋਂ ਪੰਜ ਦੇਸ਼ਾਂ ਦੇ ਟੈਂਕਾਂ ਵਿਚਕਾਰ ਘਿਰ ਗਈ ਮਹਿਸੂਸ ਕਰ ਰਹੀ ਸੀ। ਤਲ ਅਵੀਵ ਵਾਪਸ ਜਾ ਕੇ ਬਿਨ ਗੁਰੀਓਂ ਨੂੰ ਕੀ ਦੱਸੇਗੀ? ਵਾਪਸੀ ਦੇ ਸਫਰ ਵਕਤ ਕਾਰ ਦੇ ਸ਼ੀਸ਼ਿਆਂ ਵਿਚੋਂ ਸਾਰਿਆਂ ਨੇ ਦੇਖਿਆ, ਟੈਂਕ ਯੋਰੋਸ਼ਲਮ ਵੱਲ ਸਰਕ ਰਹੇ ਸਨ। ਡੇਨੀ ਨੇ ਹੌਲੀ ਦੇ ਕੇ ਕਿਹਾ, ਜੇ ਅਸੀਂ ਜਿੱਤ ਗਏ ਤਾਂ ਦਸ ਹਜ਼ਾਰ ਸਿਪਾਹੀਆਂ ਦੀਆਂ ਜਾਨਾਂ ਜਾਣਗੀਆਂ, ਜੇ ਹਾਰ ਗਏ ਤਾਂ ਪੰਜਾਹ ਹਜ਼ਾਰ ਖਪਣਗੇ। ਹਚਕੋਲੇ ਖਾਂਦੀ ਕਾਰ ਤਲ ਅਵੀਵ ਵੱਲ ਜਾ ਰਹੀ ਸੀ, ਟਿਕਾਣੇ ਪੁੱਜਣਗੇ ਵੀ ਕਿ ਨਾ, ਰੱਬ ਜਾਣੇ।
-ਕੋਈ ਹੋਰ ਗੱਲ ਕਰ ਡੈਨੀ। ਹੌਲੀ ਬੋਲ ਡੈਨੀ। ਸਾਹ ਵੀ ਹੌਲੀ ਲੈ ਡੈਨੀ। ਆਪਣੇ ਮਿੱਤਰਾਂ ਨੂੰ ਦੱਸਣ ਲਈ ਕਿ ਕੀ ਹੋਣ ਜਾ ਰਿਹਾ ਹੈ, ਵਾਪਸ ਪੁੱਜਣ ਵਿਚ ਕਾਮਯਾਬ ਹੋ ਜਾਈਏ ਕੇਰਾਂ। ਪਤਾ ਨਹੀਂ ਠੀਕ ਦਿਸ਼ਾ ਵਿਚ ਜਾ ਵੀ ਰਹੇ ਹਾਂ ਕਿ ਨਹੀਂ।
ਆਖਰ ਸੁੱਖ ਦਾ ਸਾਹ ਆਇਆ ਜਦੋਂ ਯਹੂਦੀ ਖੁਫੀਆ ਏਜੰਸੀ ਦਾ ਸਾਰਜੰਟ ਕਾਰ ਨਜ਼ਦੀਕ ਆਇਆ। ਗੋਲਡਾ ਨੇ ਉਸ ਦਾ ਹੱਥ ਘੁੱਟ ਕੇ ਫੜਿਆ ਤੇ ਪੁੱਛਿਆ, ਪਹੁੰਚ ਗਏ ਹਾਂ?
-ਹਾਂ ਗੋਲਡਾ, ਸਾਰੀ ਰਾਤ ਬੇਚੈਨੀ ਨਾਲ ਤੁਹਾਡਾ ਇੰਤਜ਼ਾਰ ਕੀਤਾ। ਹੁਣ ਖੈਰ ਹੈ।
ਪਤਾ ਲੱਗਾ ਕਿ ਬਾਦਸ਼ਾਹ ਅਬਦੁੱਲਾ ਕਿਹਾ ਕਰਦਾ ਸੀ, ਇਸ ਹੰਕਾਰੀ ਹੋਈ ਜ਼ਨਾਨੀ ਸਦਕਾ ਖੂਨ ਖਰਾਬਾ ਹੋਏਗਾ। ਮੇਰੀ ਗੱਲ ਮੰਨ ਕੇ ਵਜ਼ਾਰਤ ਵਿਚ ਸ਼ਾਮਲ ਹੋ ਜਾਂਦੀ ਤਾਂ ਯਹੂਦੀ ਕਤਲੇਆਮ ਤੋਂ ਬਚ ਜਾਂਦੇ। ਯੋਰੋਸ਼ਲਮ ਦੇ ਮੁਫਤੀ ਦੀ ਸਾਜ਼ਿਸ਼ ਨਾਲ ਦੋ ਸਾਲ ਬਾਅਦ ਅਬਦੁੱਲਾ ਦਾ ਕਤਲ ਹੋ ਗਿਆ। ਗੋਲਡਾ ਕਿਹਾ ਕਰਦੀ, ਬਾਦਸ਼ਾਹ ਰਤਾ ਕੁ ਹੌਸਲਾ ਦਿਖਾਉਂਦਿਆਂ ਯਹੂਦੀਆਂ ਵਿਰੁਧ ਜੰਗ ਵਿਚ ਨਾ ਕੁੱਦਦਾ, ਯਹੂਦੀਆਂ ਦਾ ਘੱਟ ਨੁਕਸਾਨ ਹੁੰਦਾ, ਤੇ ਉਹ ਖੁਦ ਵੀ ਸ਼ਾਇਦ ਬਚ ਰਹਿੰਦਾ।
ਤਲ ਅਵੀਵ ਵਿਚ ਇੰਤਜ਼ਾਰ ਹੋ ਰਿਹਾ ਸੀ। ਬਾਕੀਆਂ ਵਿਚ ਬਿਨ ਗੁਰੀਓਂ ਬੈਠਾ ਸੀ। ਉਠਿਆ, ਗੋਲਡਾ ਨੂੰ ਕਿਹਾ, ਫਿਰ? ਗੋਲਡਾ ਬੋਲੀ, ਨਹੀਂ। ਸਾਰਿਆਂ ਨੂੰ ਸਭ ਕੁਝ ਨਹੀਂ ਦੱਸਣਾ। ਸਲਿਪ ਉਪਰ ਲਿਖਿਆ, ਗੱਲ ਨ੍ਹੀਂ ਬਣੀ। ਸਾਰੀ ਰਾਤ ਟੈਂਕ ਇਸ ਪਾਸੇ ਵੱਲ ਸਰਕਦੇ ਦੇਖੇ। ਯੁੱਧ ਅੱਟਲ ਹੈ। ਬਿਨ ਗੁਰਿਓਂ ਦਾ ਚਿਹਰਾ ਕੁਮਲਾ ਗਿਆ, ਪਰ ਉਹ ਸੰਭਲਿਆ ਤੇ ਖੁਫੀਆ ਸੈਨਾ ਦੇ ਦੋਵੇਂ ਜਰਨੈਲ ਬੁਲਾ ਕੇ ਰਾਇ ਮੰਗੀ। ਜਰਨੈਲਾਂ ਨੇ ਕਿਹਾ, ਜਿਸ ਪਲ ਆਜ਼ਾਦੀ ਦਾ ਐਲਾਨ ਹੋਇਆ, ਬਰਤਾਨਵੀ ਸੈਨਾ ਵਾਪਸ ਚਲੀ ਜਾਵੇਗੀ, ਸਾਰੇ ਅਰਬ ਦੇਸ਼ ਗਿਰਝਾਂ ਵਾਂਗ ਝਪਟਣਗੇ। ਗੁਰੀਓਂ ਨੇ ਪੁੱਛਿਆ, ਚਾਂਸ ਕੀ ਨੇ? ਜਰਨੈਲਾਂ ਨੇ ਕਿਹਾ, ਫਿਫਟੀ ਫਿਫਟੀ। ਜਿੱਤ ਵੀ ਸਕਦੇ ਹਾਂ, ਹਾਰ ਵੀ।
ਜਰਨੈਲਾਂ ਨੇ ਪੁੱਛਿਆ, ਆਜ਼ਾਦੀ ਦਾ ਦਿਨ ਅੱਗੇ ਪਾ ਦੇਈਏ? ਗੁਰੀਓਂ ਨੇ ਸਖਤ ਆਵਾਜ਼ ਵਿਚ ਕਿਹਾ, ਹਰਗਿਜ਼ ਨਹੀਂ। ਪੁੱਛਿਆ ਗਿਆ, ਅੰਦਾਜ਼ੇ ਕੀ ਹਨ? ਗੁਰੀਉਂ ਨੇ ਕਿਹਾ, ਸਾਡੀ ਕੁੱਲ ਆਬਾਦੀ ਇਜ਼ਰਾਈਲ ਵਿਚ ਇਸ ਵੇਲੇ ਸਾਢੇ ਛੇ ਲੱਖ ਹੈ। ਪੰਜ ਦੇਸ਼ਾਂ ਦੇ ਟਰੇਂਡ ਸੈਨਿਕ ਟੈਂਕਾਂ ਨਾਲ ਹੱਲਾ ਬੋਲਣਗੇ ਜਿਨ੍ਹਾਂ ਦੀ ਪਿੱਠ ਪਿੱਛੇ ਦਸ ਲੱਖ ਅਰਬ ਹਨ।
ਤਲ ਅਵੀਵ ਵਿਚ ਆਜ਼ਾਦੀ ਦੇ ਐਲਾਨ ਦਾ ਸਮਾਂ ਤੇ ਸਥਾਨ ਗੁਪਤ ਰੱਖਿਆ ਗਿਆ ਸੀ, ਥੋੜ੍ਹੇ ਕੁ ਚੋਣਵੇਂ ਲੀਡਰਾਂ ਨੂੰ ਪਤਾ ਸੀ। ਐਲਾਨ ਦਾ ਅਰੰਭ ਬਿਨ ਗੁਰੀਓਂ ਦੇ ਇਸ ਵਾਕ ਨਾਲ ਹੋਵੇਗਾ, ਇਜ਼ਰਾਈਲੀ ਚੱਟਾਨ ਦੀ ਸਹੁੰ ਖਾ ਕੇ ਅਸੀਂ ਆਪਣੀ ਆਜ਼ਾਦੀ ਦੇ ਐਲਾਨ ਉਪਰ ਸਹੀ ਪਾਉਂਦੇ ਹਾਂ। ਬਹੁਤ ਸਾਰੇ ਕਮਿਊਨਿਸਟ ਯਹੂਦੀ, ਰੱਬ ਜਾਂ ਪੈਗੰਬਰ ਆਦਿਕ ਧਰਮੀ ਲਫਜ਼ ਲਿਖਣ ਦੇ ਖਿਲਾਫ ਸਨ ਕਿਉਂਕਿ ਉਹ ਸਮਝਦੇ ਸਨ ਕਿ ਪੁਜਾਰੀ ਦੀ ਜ਼ਬਾਨ ਲੋਕਤੰਤਰ ਪ੍ਰਣਾਲੀ ਵਿਚ ਰੁਕਾਵਟ ਬਣੇਗੀ। ਧਰਮੀ ਗੁੱਟਾਂ ਦਾ ਰਬਈ ਫਿਸ਼ਮੈਨ ਅੜ ਗਿਆ ਕਿ ਇਜ਼ਰਾਈਲੀ ਚੱਟਾਨ æææ ਸ਼ਬਦਾਂ ਮਗਰ ‘ਅਤੇ ਇਸ ਦੇ ਮੁਕਤੀ ਦਾਤਾ ਦੀ ਸਹੁੰæææ’ ਲਿਖੋ, ਨਹੀਂ ਉਹ ਦਸਤਖਤ ਨਹੀਂ ਕਰੇਗਾ। ਲੇਬਰ ਪਾਰਟੀ ਦੇ ਲੀਡਰ ਆਰੋਨ ਨੇ ਕਿਹਾ, ਜੇ ਮੁਕਤੀ ਦਾਤਾ ਲਫਜ਼ ਲਿਖੋਗੇ, ਮੈਂ ਦਸਤਖ਼ਤ ਨਹੀਂ ਕਰਾਂਗਾ। ਗੁਰੀਓਂ ਨੇ ਦੋਹਾਂ ਨੂੰ ਸ਼ਾਂਤ ਕਰਦਿਆਂ ਕਿਹਾ, ਇਜ਼ਰਾਈਲੀ ਚੱਟਾਨ ਵਿਚ ਸਾਰੇ ਆ ਜਾਂਦੇ ਹਨ, ਪੈਗੰਬਰ, ਰੱਬ, ਧਰਮ ਅਤੇ ਲੋਕਾਂ ਦੇ ਦ੍ਰਿੜ ਵਿਸ਼ਵਾਸ ਦਾ ਚਿੰਨ੍ਹ ਹੈ ਚੱਟਾਨ। ਆਖਰ ਸਭ ਮੰਨ ਗਏ। ਐਲਾਨਨਾਮੇ ਦਾ ਇਕ ਇਕ ਸ਼ਬਦ ਸੋਚ ਸੋਚ ਕੇ ਲਿਖਿਆ ਤੇ ਬਦਲਿਆ। ਬਣਨ ਵਾਲੀ ਨਵੀਂ ਸਰਕਾਰ ਦੇ ਮੁੱਖ ਸਕੱਤਰ ਜ਼ੀਵ ਸ਼ਰੀਫ ਨੇ ਜਦੋਂ ਸਭ ਦੇ ਦਸਤਖਤ ਕਰਵਾ ਲਏ, ਕਿਹਾ, ਇਹ ਐਲਾਨਨਾਮਾ ਮੈਂ ਐਂਗਲੋ-ਫਲਸਤੀਨ ਬੈਂਕ ਦੇ ਸਟਰਾਂਗ ਰੂਮ ਵਿਚ ਜਮ੍ਹਾਂ ਕਰਵਾਵਾਂਗਾ। ਜੇ ਯੁੱਧ ਦੌਰਾਨ ਫਲਸਤੀਨ ਵਿਚ ਵਸਦੇ ਸਾਰੇ ਯਹੂਦੀ ਮਾਰੇ ਗਏ, ਆਉਣ ਵਾਲੀਆਂ ਪੀੜ੍ਹੀਆਂ ਦੇਖ ਤਾਂ ਸਕਣਗੀਆਂ ਕਿ ਅਸੀਂ ਆਜ਼ਾਦੀ ਦਾ ਐਲਾਨਨਾਮਾ ਤਿਆਰ ਕਰ ਕੇ ਦਸਤਖ਼ਤ ਕੀਤੇ ਸਨ।
ਸਤਾਈ ਪਿੰਡਾਂ ਨੂੰ ਪਾਣੀ ਦੇਣ ਵਾਲੀ ਪਾਈਪ ਨੇਗੇਵ ਲਾਗੇ ਮਿਸਰ ਦੀ ਫੌਜ ਨੇ ਕੱਟ ਦਿੱਤੀ। ਸੜਕ ਬੰਬਾਂ ਨਾਲ ਉਡਾ ਦਿੱਤੀ। ਹਿੰਮਤੀ ਜੁਆਨਾਂ ਨੇ ਰਸਤਾ ਚਾਲੂ ਕੀਤਾ। ਤਲ ਅਵੀਵ ਦੇ ਅਜਾਇਬ ਘਰ ਵਿਚ ਆਜ਼ਾਦੀ ਦਾ ਐਲਾਨਨਾਮਾ ਪੜ੍ਹਿਆ ਜਾਏਗਾ। ਆਰਜ਼ੀ ਸਰਕਾਰ ਦੇ 13 ਮੈਂਬਰਾਂ ਵਾਸਤੇ ਕੁਰਸੀਆਂ ਤੇ ਦੋ ਕੁ ਸੌ ਦੇ ਖਲੋਣ ਲਈ ਥਾਂ ਸੀ, ਪਰ ਬਿਨਾਂ ਦੱਸੇ ਪੁੱਛੇ ਉਥੇ ਹਜ਼ਾਰਾਂ ਦੀ ਭੀੜ ਹਾਲ ਦੇ ਬਾਹਰ ਖਲੋਤੀ ਸੀ, ਹੋਰ ਆ ਰਹੇ ਸਨ। ਗੁਰੀਓਂ ਨੇ ਚਾਰ ਵਜੇ ਸ਼ਾਮੀਂ ਐਲਾਨਨਾਮਾ ਪੜ੍ਹਨਾ ਸੀ। ਜਦੋਂ ਗੁਰੀਓਂ ਕਾਗਜ਼ ਖੋਲ੍ਹ ਕੇ ਸਿੱਧਾ ਕਰਨ ਲੱਗੇਗਾ, ਆਰਕੈਸਟਰਾ ਰਾਸ਼ਟਰੀ ਗੀਤ ਦੀ ਧੁਨ ਵਜਾਏਗਾ। ਗੁਰੀਓਂ ਨੇ ਕਾਗਜ਼ ਖੋਲ੍ਹਿਆ, ਇਧਰ ਉਧਰ ਦੇਖਿਆ, ਆਰਕੈਸਟਰਾ ਵਾਲੇ ਆਏ ਹੀ ਨਹੀਂ। ਤਦ ਹਾਜ਼ਰੀਨ ਨੇ ਆਪੇ ਕੌਮੀ ਗੀਤ ਗਾਇਆ। ਫਿਰ ਗੁਰੀਓਂ ਨੇ ਪੰਦਰਾਂ ਮਿੰਟਾਂ ਵਿਚ ਐਲਾਨਨਾਮਾ ਪੜ੍ਹਿਆ, ਉਸ ਦੀ ਆਵਾਜ਼ ਕਦੀ ਉਚੀ ਕਦੀ ਧੀਮੀ ਹੁੰਦੀ। ਆਖਰੀ ਬੋਲ ਸਨ, ਅਸੀਂ ਯਹੂਦੀ ਪਰਜਾ ਦੇ ਪ੍ਰਤੀਨਿਧ ਇਥੇ ਇਕੱਠੇ ਹੋ ਕੇ ਐਲਾਨ ਕਰਦੇ ਹਾਂ ਕਿ ਬਰਤਾਨੀਆ ਦੀ ਹਕੂਮਤ ਦਾ ਦੌਰ ਖਤਮ ਹੋਇਆ। ਸਾਡਾ ਕੁਦਰਤੀ ਅਤੇ ਇਤਿਹਾਸਕ ਹੱਕ ਸਾਨੂੰ ਅੱਜ ਮਿਲਿਆ। ਯੂæਐਨæਓæ ਦੇ ਮਤੇ ਅਨੁਸਾਰ ਅੱਜ ਇਜ਼ਰਾਈਲ ਦੀ ਧਰਤੀ ਉਪਰ ਸਟੇਟ ਦੀ ਸਥਾਪਤੀ ਦਾ ਐਲਾਨ ਕਰਦੇ ਹਾਂ, ਨਵੇਂ ਦੇਸ਼ ਦਾ ਨਾਮ ਇਜ਼ਰਾਈਲ ਹੋਵੇਗਾ।
ਨਵੇਂ ਦੇਸ਼ ਦਾ ਨਾਮ ਇਜ਼ਰਾਈਲ! ਹਾਜ਼ਰੀਨ ਦੀਆਂ ਅੱਖਾਂ ਛਲਕੀਆਂ। ਗੋਲਡਾ ਨੇ ਲਿਖਿਆ, “ਖੁਸ਼ਨਸੀਬ ਨਿਕਲੀ ਮੈਂ, ਜਿਸ ਨੇ ਇਹ ਦਿਨ ਦੇਖ ਲਿਆ। ਯਹੂਦੀਆਂ ਨੂੰ ਮੁੱਦਤ ਬਾਅਦ ਘਰ ਮਿਲਿਆ। ਬਣਵਾਸ ਖਤਮ। ਵੀਹ ਸਦੀਆਂ ਬਾਅਦ ਆਪਣੀ ਹੋਣੀ ਦਾ ਫੈਸਲਾ ਖੁਦ ਕਰਨ ਦੇ ਕਾਬਲ ਹੋ ਗਏ। ਜਿਹੜੇ ਘੱਲੂਘਾਰਿਆਂ ਵਿਚ ਖਤਮ ਹੋਏ, ਉਨ੍ਹਾਂ ਲਈ ਇਹ ਦਿਨ ਬਹੁਤ ਦੂਰ ਹੋ ਗਿਆ, ਪਰ ਜਿਹੜੇ ਅਜੇ ਜੰਮੇ ਨਹੀਂ, ਉਨ੍ਹਾਂ ਵਾਸਤੇ ਤਾਜ਼ੀ ਹਵਾ ਰੁਮਕੀ।”
ਪੰਜਾਹ ਸਾਲ ਪਹਿਲਾਂ ਥਿਓਡੋਰ ਹਰਜ਼ਲ ਨੇ ਆਪਣੀ ਡਾਇਰੀ ਵਿਚ ਲਿਖਿਆ ਸੀ, “ਮੈਂ ਯਹੂਦੀ ਸਟੇਟ ਦੀ ਨੀਂਹ ਰੱਖ ਦਿੱਤੀ ਹੈ। ਅੱਜ ਕੋਈ ਮੇਰਾ ਇਹ ਵਾਕ ਪੜ੍ਹੇ, ਤਾਂ ਹੱਸੇਗਾ। ਪੰਜ ਸਾਲ ਬਾਅਦ ਨਾ ਸਹੀ, ਪੰਜਾਹ ਸਾਲ ਬਾਅਦ ਸਹੀ, ਦੁਨੀਆਂ ਦੇਖੇਗੀ ਮੇਰਾ ਕਥਨ ਸਹੀ ਸਾਬਤ ਹੋਇਆ।”
ਗੁਰੀਓਂ ਨੇ ਪੜ੍ਹਿਆ, “ਉਜੜੇ ਯਹੂਦੀ ਸ਼ਰਨਾਰਥੀਆਂ ਲਈ ਇਜ਼ਰਾਈਲ ਦਾ ਦਰਵਾਜ਼ਾ ਖੁੱਲ੍ਹ ਗਿਆ ਹੈ। ਇਜ਼ਰਾਈਲ ਵਿਚ ਵਸਦੇ ਮੁਸਲਮਾਨ ਸਾਡੇ ਭਰਾ ਹਨ, ਅਸੀਂ ਆਰਜ਼ੀ ਅਤੇ ਸਥਾਈ ਸਰਕਾਰਾਂ ਵਿਚ ਉਨ੍ਹਾਂ ਨੂੰ ਭਾਈਵਾਲ ਬਣਾਵਾਂਗੇ, ਉਨ੍ਹਾਂ ਦਾ ਜਾਨ ਮਾਲ ਤੇ ਸਨਮਾਨ ਕਾਇਮ ਰੱਖਾਂਗੇ। ਗੁਆਂਢੀ ਅਰਬਾਂ ਨੂੰ ਅਪੀਲ ਹੈ ਕਿ ਅਮਨ ਕਾਇਮ ਕਰਨ ਵਿਚ ਮਦਦ ਕਰਨ। ਆਮੀਨ।” ਇਸ ਹਿਬਰੂ ਸ਼ਬਦ ਨਾਲ ਰਸਮ ਖਤਮ ਹੋਣੀ ਸੀ ਪਰ ਬਿਨਾਂ ਦੱਸੇ ਪੁੱਛੇ ਰਬਈ ਫਿਸ਼ਮੈਨ ਨੇ ਉਚੀ ਆਵਾਜ਼ ਵਿਚ ਯਹੂਦੀ ਪ੍ਰਾਰਥਨਾ ਕੀਤੀ, ਬ੍ਰਹਿਮੰਡ ਦੇ ਮਾਲਕ, ਕ੍ਰਿਪਾਲੂ ਪਰਮੇਸ਼ਰ, ਤੂੰ ਅੱਜ ਦਾ ਦਿਨ ਦੇਖਣ ਵਾਸਤੇ ਸਾਨੂੰ ਜਿਉਂਦੇ ਰੱਖਿਆ, ਤੇਰਾ ਸ਼ੁਕਰਾਨਾ। ਆਮੀਨ।
ਇਸ ਪਿਛੋਂ ਬਰਤਾਨੀਆ ਦਾ ਵ੍ਹਾਈਟ ਪੇਪਰ ਰੱਦ ਕਰਨ ਦਾ ਮਤਾ ਪਾਸ ਹੋ ਗਿਆ।
ਆਜ਼ਾਦੀ ਦੇ ਐਲਾਨਨਾਮੇ ਦੇ ਦਸਤਖ਼ਤ ਕਰਦਿਆਂ ਗੋਲਡਾ ਰੋ ਪਈæææਇੰਨੇ ਹੰਝੂ ਕਿ ਕਾਗਜ਼ ਦਿਸਣੋਂ ਹਟ ਗਿਆ। ਦਾਉਦ ਜ਼ਵੀ ਨੇ ਮੋਢੇ ‘ਤੇ ਹੱਥ ਧਰ ਕੇ ਕਿਹਾ, ਕਿਸ ਲਈ ਰੋਨੀਂ ਏਂ ਗੋਲਡਾ? ਗੋਲਡਾ ਬੋਲੀ, ਉਨ੍ਹਾਂ ਲਈ ਜਿਨ੍ਹਾਂ ਨੂੰ ਹੁਣ ਇਥੇ ਹੋਣਾ ਚਾਹੀਦਾ ਸੀ, ਪਰ ਨਹੀਂ ਹਨ।
ਗੁਰੀਓਂ ਨੇ ਆਖਰੀ ਵਾਕ ਕਿਹਾ, ਇਜ਼ਰਾਈਲ ਸਟੇਟ ਬਣ ਗਿਆ ਹੈ। ਮੀਟਿੰਗ ਸਮਾਪਤ ਹੋਈ। ਸਭ ਰਸਮਾਂ ਖਤਮ। ਗਲੋਬ ਉਪਰ ਨਵਾਂ ਨਕਸ਼ਾ ਉਭਰਿਆ। ਬਾਹਰ ਨਿਕਲ, ਅੱਧੀ ਰਾਤ ਲੋਕ ਗਲੀਆਂ ਵਿਚ ਨੱਚਦੇ ਗਾਉਂਦੇ ਦੇਖੇ। ਬਰਤਾਨੀਆ ਦਾ ਹਾਈ ਕਮਿਸ਼ਨਰ ਆਪਣੇ ਆਖਰੀ ਸਿਪਾਹੀ ਸਣੇ ਪਰਤ ਜਾਏਗਾ। ਦੁਨੀਆਂ ਵਿਚੋਂ ਉਦਾਸ ਯਹੂਦੀ ਇਜ਼ਰਾਈਲ ਆਉਣਗੇ, ਸਵਾਗਤ ਹੋਏਗਾ, ਹੁਣ ਯਹੂਦੀ ਰੁੱਖ ਕਦੀ ਨਹੀਂ ਉਖੜੇਗਾ।
ਹੁਣ ਗੁਆਂਢੀ ਦੇਸ਼ ਹਮਲਾ ਕਰਨਗੇ, ਇਹ ਸੋਚ ਕੇ ਫਿਕਰ ਤਾਂ ਹੁੰਦਾ, ਪਰ ਵਿਸ਼ਵਾਸ ਕਾਇਮ ਰਹਿੰਦਾ। ਮਿਸਰ ਦੇ ਜਹਾਜਾਂ ਨੇ ਤਲ ਅਵੀਵ ਦਾ ਬਿਜਲੀ ਘਰ ਅਤੇ ਹਵਾਈ ਅੱਡਾ ਉਡਾਉਣ ਦਾ ਫੈਸਲਾ ਕਰ ਲਿਆ।
ਸਮੁੰਦਰੋਂ ਇਕ ਕਿਸ਼ਤੀ ਕਿਨਾਰੇ ਲੱਗੀ। ਸਭ ਤੋਂ ਪਹਿਲਾਂ ਮੈਮੁਅਲ ਬਰਾਂ ਨਾਮ ਦਾ ਥੱਕਿਆ-ਟੁੱਟਿਆ ਬਜ਼ੁਰਗ ਉਤਰਿਆ। ਉਹਨੂੰ ਪਰਚੀ ਦਿੱਤੀ, ਮੁਹਰ ਲਾਈ, ਲਿਖਿਆ ਸੀ, ਇਜ਼ਰਾਈਲ ਵਿਚ ਵਸਣ ਦਾ ਅਧਿਕਾਰ। ਇਹ ਆਜ਼ਾਦ ਸਟੇਟ ਦਾ ਪਹਿਲਾ ਵੀਜ਼ਾ ਸੀ ਜੋ ਇਜ਼ਤ ਨਾਲ ਮਿਲਿਆ। ਇਹ ਵੀਜ਼ਾ ਅਜਾਇਬ ਘਰ ਵਿਚ ਰੱਖਿਆ ਹੋਇਆ ਹੈ।
14 ਮਈ ਦੀ ਰਾਤ ਗੋਲਡਾ ਸੁੱਤੀ ਪਈ ਸੀ, ਫੋਨ ਦੀ ਘੰਟੀ ਵੱਜੀ। ਕਿਸੇ ਨੇ ਦੱਸਿਆ, ਹੁਣੇ-ਹੁਣੇ ਰੇਡਿਓ ‘ਤੇ ਖਬਰ ਆਈ ਹੈ ਗੋਲਡਾ, ਅਮਰੀਕਾ ਦੇ ਰਾਸ਼ਟਰਪਤੀ ਟਰੂਮੈਨ ਨੇ ਇਜ਼ਰਾਈਲ ਨੂੰ ਮਾਨਤਾ ਦੇ ਦਿੱਤੀ ਹੈ। ਚਿੰਤਾ ਉਡ ਗਈ। ਗੋਲਡਾ ਨੂੰ ਆਪਣੇ ਅਮਰੀਕੀ ਹੋਣ ਦਾ ਮਾਣ ਹੋਇਆ। ਇਸ ਪਿੱਛੋਂ ਰੂਸ ਨੇ ਮਾਨਤਾ ਦੇ ਦਿੱਤੀ, ਦੋ ਵੱਡੀਆਂ ਤਾਕਤਾਂ ਨੇ ਸਹਾਰਾ ਦਿੱਤਾ।
15 ਮਈ 1948 ਨੂੰ ਸਵੇਰ ਸਾਰ ਮਿਸਰ ਨੇ ਦੱਖਣ ਵਲੋਂ, ਸੀਰੀਆ ਤੇ ਲੈਬਨਾਨ ਨੇ ਉੱਤਰ ਅਤੇ ਉੱਤਰ-ਪੂਰਬ ਵਲੋਂ, ਜਾਰਡਨ ਅਤੇ ਇਰਾਕ ਨੇ ਪੂਰਬ ਵਲੋਂ ਹਮਲਾ ਕਰ ਕੇ ਐਲਾਨ ਕੀਤਾ, ਦਸ ਦਿਨਾਂ ਵਿਚ ਇਜ਼ਰਾਈਲ ਮਲੀਆਮੇਟ। ਜਾਰਡਨ ਦਾ ਬਾਦਸ਼ਾਹ ਸਾਰੇ ਇਜ਼ਰਾਈਲ ਨੂੰ ਆਪਣੇ ਨਾਲ ਮਿਲਾਉਣ ਦਾ ਇੱਛੁਕ ਸੀ, ਖਾਸ ਕਰ ਯੋਰੋਸ਼ਲਮ ਨੂੰ। ਲੈਬਨਾਨ ਤੇ ਸੀਰੀਆ ਨੇ ਗੈਲੀਲੀ ਨੂੰ ਅੱਧਾ ਅੱਧਾ ਵੰਡ ਲੈਣਾ ਸੀ, ਇਰਾਕ ਨੂੰ ਇਹ ਲਾਭ ਸੀ ਕਿ ਉਸ ਨੂੰ ਬੰਦਰਗਾਹ ਮਿਲ ਜਾਣੀ ਸੀ। ਮਿਸਰ ਨੂੰ ਹੋਰ ਕੋਈ ਫਾਇਦਾ ਨਹੀਂ ਸੀ ਸਿਵਾਏ ਲੁੱਟ ਮਾਰ ਦਾ ਮਾਲ ਲਿਜਾਣ ਦੇ।
15 ਮਈ ਨੂੰ ਗੁਰੀਓਂ ਨੇ ਕਿਹਾ, ਗੋਲਡਾ ਅਮਰੀਕਾ ਜਾਹ, ਹੁਣੇ। ਪੈਸੇ ਇੱਕਠੇ ਕਰ। ਸਮਾਂ ਨਹੀਂ ਹੈ ਬੈਠਣ ਦਾ। ਚਲੀ ਗਈ। ਯਹੂਦੀ ਉਹਦਾ ਇਉਂ ਸਵਾਗਤ ਕਰਦੇ ਜਿਵੇਂ ਪੂਰਾ ਇਜ਼ਰਾਈਲ ਆ ਗਿਆ ਹੋਵੇ। ਸਾਰਾ ਦਿਨ ਭਾਸ਼ਣ ਕਰਦੀ ਆਖਦੀ, ਹੁਣ ਭਾਸ਼ਣਾਂ, ਤਾੜੀਆਂ, ਜਜ਼ਬਾਤੀ ਹੰਝੂਆਂ ਦਾ ਸਮਾਂ ਨਹੀਂ, ਪੈਸੇ ਦਿਉ। ਕੋਈ ਨ੍ਹੀਂ ਉਧਾਰ ਦਿੰਦਾ ਹਥਿਆਰ। ਜਿਹੜੇ ਡੇਢ ਅਰਬ ਡਾਲਰ ਪਿਛਲੀ ਵਾਰ ਇਕੱਠੇ ਹੋਏ, ਉਨ੍ਹਾਂ ਵਿਚੋਂ ਅੱਧੇ ਇਥੇ ਹੀ ਛੱਡ ਗਈ ਸਾਂ, ਤਾਂ ਕਿ ਦੁਨੀਆਂ ਦੇ ਬਾਕੀ ਦੇਸ਼ਾਂ ਵਿਚ ਵਸੇ ਯਹੂਦੀਆਂ ਨੂੰ ਰਾਹਤ ਮਿਲ ਸਕੇ। ਪਹਿਲਾਂ ਤਾਂ 75 ਕਰੋੜ ਡਾਲਰ ਉਹੀ ਮੈਨੂੰ ਦਿਉ, ਕਿਉਂਕਿ ਹੁਣ ਇਜ਼ਰਾਈਲ ਨੂੰ ਵੱਧ ਲੋੜ ਹੈ। ਹੋਰ ਜਿੰਨੇ ਦੇ ਸਕਦੇ ਹੋ, ਦਿਉ। ਲੋਕਾਂ ਨੇ ਆਪਣੇ ਬਾਂਡ, ਸ਼ੇਅਰ ਵੇਚ ਵੇਚ ਪੈਸੇ ਦਿੱਤੇ, ਕਾਰਖਾਨੇਦਾਰਾਂ ਨੇ ਦਿਲ ਖੋਲ੍ਹ ਕੇ ਧਨ ਦਿੱਤਾ।
ਯਹੂਦੀ ਜਾਨ ਹੂਲ ਕੇ ਦੁਸ਼ਮਣਾਂ ਵਿਰੁਧ ਲੜੇ। ਰੈਗੂਲਰ ਆਰਮੀ ਕੇਵਲ 45 ਹਜ਼ਾਰ ਸੀ, ਪਰ ਸਾਰਾ ਇਜ਼ਰਾਈਲ ਲੜ ਰਿਹਾ ਸੀ। ਯੂæਐਨæਓæ ਤੋਂ ਵਾਰ-ਵਾਰ ਜੰਗਬੰਦੀ ਦੀਆਂ ਅਪੀਲਾਂ ਆ ਰਹੀਆਂ ਸਨ, ਪਰ ਜਦੋਂ ਤੱਕ ਅਰਬਾਂ ਨੂੰ ਅਹਿਸਾਸ ਨਾ ਹੁੰਦਾ ਕਿ ਇਜ਼ਰਾਈਲੀ ਅਜਿੱਤ ਹਨ, ਉਨ੍ਹਾਂ ਕਦੋਂ ਹਟਣਾ ਸੀ? ਆਖਰ ਲਚਾਰੀਵਸ ਪੰਜ ਦੇਸ਼ਾਂ ਨੇ 11 ਜੂਨ ਨੂੰ ਆਰਜ਼ੀ ਜੰਗਬੰਦੀ ਦਾ ਐਲਾਨ ਕੀਤਾ।
(ਚਲਦਾ)