ਅਮੋਲਕ ਸਿੰਘ ਜੰਮੂ
ਫੋਨ: 847-359-0746
‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਨੂੰ ਸਾਡੇ ਕਈ ਪ੍ਰਸੰæਸਕਾਂ ਨੇ ਬਹੁਤ ਪਸੰਦ ਕੀਤਾ ਹੈ। ਕਈਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਟ੍ਰਿਬਿਊਨ ਵਰਗੇ ਅਦਾਰੇ ਵਿਚ ਮੁਲਾਜ਼ਮ ਯੂਨੀਅਨ ਇੰਨੀ ਜ਼ਾਬਰ ਤਾਕਤ ਆਪਣੇ ਹੱਥਾਂ ਵਿਚ ਕੇਂਦਰਿਤ ਕਰ ਲੈਣ ਅਤੇ ਫਿਰ ਕਿੰਨੇ ਹੀ ਸਾਲ ਇੰਜ ਕਰੀ ਰੱਖਣ ਵਿਚ ਕਾਮਯਾਬ ਕਿਵੇਂ ਹੋ ਗਈ? ਬਹੁਤੇ ਪਾਠਕਾਂ ਨੂੰ ਪੰਜਾਬੀ ਟ੍ਰਿਬਿਊਨ ਅਤੇ ਇਸ ਦੇ ਸਟਾਫ ਮੈਂਬਰਾਂ ਨਾਲ ਜੁੜੀ ਕੋਈ ਨਾ ਕੋਈ ਯਾਦ ਚੇਤੇ ਆ ਗਈ।
‘ਪੰਜਾਬੀ ਟ੍ਰਿਬਿਊਨ’ ਵਿਚ ਆਉਂਦਿਆਂ ਹੀ ਗੁਰਦਿਆਲ ਬੱਲ ਮੇਰੇ ‘ਜੀਵਨ ਸੰਗਰਾਮ’ ਲਈ ਪ੍ਰੇਰਨਾ ਸ੍ਰੋਤ ਬਣ ਗਿਆ। ਉਸ ਨੇ ਮੇਰੇ ਵਿਚ ਕੀ ਵੇਖਿਆ ਜਾਂ ਮੈਂ ਉਸ ਵਿਚ ਕੀ ਵੇਖਿਆ, ਕਹਿਣਾ ਔਖਾ ਹੈ। ਬੱਲ ਦੇ ਐਡੀਟਰ ਬਰਜਿੰਦਰ ਸਿੰਘ ਅਤੇ ਹਰਭਜਨ ਹਲਵਾਰਵੀ ਤੋਂ ਲੈ ਕੇ ਅਖਬਾਰ ਵਿਚ ਕਾਪੀ ਹੋਲਡਰ ਵਜੋਂ ਆਏ ਤਰਲੋਚਨ ਸ਼ੇਰਗਿੱਲ ਤੱਕ ਸਾਰਿਆਂ ਨਾਲ ਹੀ ਨਿੱਘੇ ਦੋਸਤਾਨਾ ਸਬੰਧ ਸਨ। ਸਾਡਾ ਸਭ ਤੋਂ ਪਿਆਰਾ ਦੋਸਤ ਨਰਿੰਦਰ ਭੁੱਲਰ ਅਖਬਾਰ ਵਿਚ 1991 ਵਿਚ ਸਬ ਐਡੀਟਰ ਵਜੋਂ ਆਇਆ ਪਰ ਬੱਲ ਨਾਲ ਨੇੜਤਾ ਦੇ ਮਾਮਲੇ ਵਿਚ ਉਹ ਬਾਕੀ ਸਾਰੇ ਸਾਥੀਆਂ ਨੂੰ ਬੜੀ ਜਲਦੀ ਹੀ ਪਿੱਛੇ ਛੱਡ ਗਿਆ ਸੀ। ਉਸ ਨੂੰ ਕਹਾਣੀਆਂ ਲਿਖਣ ਦਾ ਸ਼ੌਕ ਸੀ ਅਤੇ ‘ਪੰਜਾਬੀ ਟ੍ਰਿਬਿਊਨ’ ਵਿਚ ਆਉਣ ਤੋਂ 3-4 ਸਾਲ ਪਹਿਲਾਂ ‘ਚਾਨਣ ਕਤਲ ਨਹੀਂ ਹੁੰਦੇ’ ਨਾਂ ਦਾ ਉਸ ਦਾ ਕਹਾਣੀ ਸੰਗ੍ਰਹਿ ਵੀ ਛਪ ਚੁਕਾ ਸੀ। ਉਂਜ ਉਸ ਆਪਣੀਆਂ ਕਹਾਣੀਆਂ ਦਾ ਕਦੀ ਬਹੁਤਾ ਜ਼ਿਕਰ ਨਹੀਂ ਸੀ ਕੀਤਾ। ਉਹ ਕਿਹਾ ਕਰਦਾ, ਬੱਲ ਨੂੰ ਮਿਲਣ ਤੋਂ ਬਾਅਦ ਕਹਾਣੀਆਂ ਨਹੀਂ ਬਲਕਿ ‘ਪੰਜਾਬੀ ਟ੍ਰਿਬਿਊਨ’ ਅੰਦਰ ਗੁਰਦਿਆਲ ਬੱਲ ਨਾਲ ‘ਦੋਸਤੀ ਦਾ ਰੁਮਾਂਸ’ ਹੀ ਲਿਖਿਆ ਜਾ ਸਕਦਾ ਹੈ। ਨਰਿੰਦਰ ਦੀ ਬੇਵਕਤ ਮੌਤ ਨਾਲ ਹੋਰ ਘਾਟੇ ਤਾਂ ਪਏ, ਇਹ ‘ਅਣਲਿਖੀ ਕਿਤਾਬ’ ਵੀ ਉਹ ਆਪਣੇ ਨਾਲ ਹੀ ਲੈ ਗਿਆ। ‘ਪੰਜਾਬੀ ਟ੍ਰਿਬਿਊਨ’ ਦੇ ਰੁਮਾਂਟਿਕ ਦਿਨਾਂ ਦੀਆਂ ਬੱਲ, ਦਲਬੀਰ ਅਤੇ ਕਰਮਜੀਤ ਭਾਅ ਜੀ ਨਾਲ ਜੁੜੀਆਂ ਕੁਝ ਯਾਦਾਂ, ਜੋ ਮੇਰੇ ਚੇਤਿਆਂ ਵਿਚ ਸਾਂਭੀਆਂ ਪਈਆਂ ਹਨ, ਜ਼ਰੂਰ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ।
ਮੈਨੂੰ ਇਥੇ ਬੱਲ ਅਤੇ ਦਲਬੀਰ ਵਿਚਾਲੇ ਹੋਈ ਹੱਥੋਪਾਈ ਦੀ ਘਟਨਾ ਯਾਦ ਆਉਂਦੀ ਹੈ। ਉਂਜ ਇਸ ਘਟਨਾ ਦਾ ਜ਼ਿਕਰ ਕਰਕੇ ਮੇਰਾ ਮੰਤਵ ਦਲਬੀਰ ਜਾਂ ਬੱਲ ਦੀ ਸ਼ਖਸੀਅਤ ਨੂੰ ਛੁਟਿਆਉਣ ਦਾ ਨਹੀਂ। ਬੱਲ ਖੁਦ ਦਲਬੀਰ ਨੂੰ ਚੰਗਾ ਆਦਮੀ ਅਤੇ ਸਭ ਤੋਂ ਸਮਰੱਥ ਨਿਊਜ਼ਮੈਨ ਮੰਨਦਾ ਸੀ। ਉਸ ਘਟਨਾ ਤੋਂ ਪਹਿਲਾਂ ਵੀ ਉਸ ਦੀ ਇਹੋ ਰਾਏ ਸੀ ਅਤੇ ਅੱਜ ਤੱਕ ਵੀ ਇਹ ਬਦਲੀ ਨਹੀਂ ਹੈ।
ਪੰਜਾਬੀ ਟ੍ਰਿਬਿਊਨ ਵਿਚ ਵਿਭਾਗੀ ਤਰੱਕੀਆਂ ਦੇ ਰਾਮ-ਰੌਲੇ ਤੋਂ ਬਾਅਦ ਧੜੇਬੰਦੀ ਦੀ ਸ਼ੁਰੂਆਤ ਹੁੰਦਿਆਂ ਹੀ ਦਲਬੀਰ ਨੇ ਕਰਮਜੀਤ, ਦਲਜੀਤ ਅਤੇ ਬੱਲ ਨੂੰ ਆਪਣੇ ਪੱਕੇ ਦੁਸ਼ਮਣਾਂ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ। ਦਲਬੀਰ ਦਾ ਮੇਰੇ ਪ੍ਰਤੀ ਵਿਰੋਧ ਵੀ ਇਨ੍ਹਾਂ ਸਾਥੀਆਂ ਨਾਲ ਮੇਰੀ ਨੇੜਤਾ ਦਾ ਹੋਣਾ ਹੀ ਸੀ। ਬੱਲ ਦੀ ਕਰਮਜੀਤ ਅਤੇ ਦਲਜੀਤ ਨਾਲ ਨੇੜਤਾ ਜਾਂ ਦੋਸਤਾਨਾ ਪ੍ਰਤੀਬਧਤਾ ਦਾ ਰਿਸ਼ਤਾ ਉਸ ਦੇ ਤਰਕ ਤੋਂ ਬਾਹਰ ਸੀ। ਬੱਲ ਲਈ ਦਲਬੀਰ ਦੇ ਮਨ ਅੰਦਰ ਜ਼ਹਿਰੀ ਭਾਵਨਾ ਪੈਦਾ ਹੋ ਗਈ। ਹੋਰ ਕਿਸੇ ਉਪਰ ਤਾਂ ਜ਼ੋਰ ਚੱਲਣਾ ਨਹੀਂ ਸੀ, ਕਿਸੇ ਨੇ ਮੌਕਾ ਹੀ ਨਹੀਂ ਦੇਣਾ ਸੀ ਪਰ ਬੱਲ ਨੇ ਕਿੜ ਕੱਢਣ ਦਾ ਮੌਕਾ ਉਸ ਨੂੰ ਸੌਖਿਆਂ ਹੀ ਦੇ ਦਿੱਤਾ।
ਬੱਲ ਡਿਊਟੀ ਉਪਰ ਨਾ ਕਦੀ ਸਮੇਂ ਸਿਰ ਆਇਆ ਸੀ, ਨਾ ਕਦੀ ਪੂਰਾ ਸਮਾਂ ਬੈਠਾ ਸੀ। ਉਸ ਦਾ ‘ਬਹਾਨਾ’ ਤਾਂ ਇਹੋ ਹੁੰਦਾ ਕਿ ਪਟਿਆਲੇ ਤੋਂ ਆਉਂਦਿਆਂ ਸਮੇਂ ਸਿਰ ਬੱਸਾਂ ਨਾ ਮਿਲਣ ਕਾਰਨ ਅਜਿਹਾ ਹੁੰਦਾ ਹੈ। ਉਂਜ ਸਭ ਜਾਣਦੇ ਸਨ ਕਿ ਜੇ ਉਸ ਨੂੰ ‘ਟ੍ਰਿਬਿਊਨ’ ਦੇ ਦਫਤਰ ਦੇ ਅੰਦਰ ਵੀ ਰਹਿਣ ਲਈ ਥਾਂ ਦੇ ਦਿੱਤੀ ਜਾਂਦੀ, ਕਰਨਾ ਉਸ ਨੇ ਇਸੇ ਤਰ੍ਹਾਂ ਹੀ ਸੀ।
ਨਿਊਜ਼ ਰੂਮ ਵਿਚ ਬੱਲ ਅਤੇ ਦਲਬੀਰ ਵਿਚਾਲੇ ਹੋਈ ਝੜਪ ਦੋਵਾਂ ਧਿਰਾਂ ਦੀ ਵਧੀ ਹੋਈ ਆਪਸੀ ਨਫਰਤ ਜਾਂ ਬੇਵਿਸ਼ਵਾਸੀ ਦਾ ਸਿਖਰ ਸੀ। ਗੱਲ 4 ਨਵੰਬਰ 1984 ਦੀ ਹੈ। ਨਿਊਜ਼ ਐਡੀਟਰ ਵਲੋਂ ਉਸ ਦਿਨ ਬੱਲ ਦੀ ਜਵਾਬਤਲਬੀ ਸਬੰਧੀ ਜਾਰੀ ਕੀਤੇ ਮੀਮੋ ਦੀ ਕਾਪੀ ਮੈਂ ਅੱਜ ਤੱਕ ਸਾਂਭ ਕੇ ਰੱਖੀ ਹੋਈ ਹੈ।
ਬੱਲ ਬਾਬਾ ਸਵੇਰ ਦੀ ਡਿਊਟੀ ‘ਤੇ ਲੇਟ ਆਇਆ ਸੀ। ਨਿਊਜ਼ ਐਡੀਟਰ ਜਗਜੀਤ ਸਿੰਘ ਬੀਰ ਨੇ ਲੇਟ ਆਉਣ ਦਾ ਕਾਰਨ ਪੁੱਛਿਆ। ਬੱਲ ਨੇ ਹਾਸੇ ਵਿਚ ਪਾ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਦੀ ਨੋਕ ਝੋਕ ਬੱਲ ਅਤੇ ਬੀਰ ਸਾਹਿਬ ਵਿਚਾਲੇ ਅਕਸਰ ਹੀ ਹੁੰਦੀ ਰਹਿੰਦੀ ਸੀ ਬਲਕਿ ਨਿਊਜ਼ ਰੂਮ ਦੇ ਨਾਟਕ ਦੀ ਲਾਜ਼ਮੀ ਝਾਕੀ ਬਣੀ ਹੋਈ ਸੀ। ਮਾੜੀ ਕਿਸਮਤ ਨੂੰ ਬੱਲ ਦੇ ਯਾਰਾਂ ਦੀ ਢਾਣੀ ਵਿਚੋਂ ਉਸ ਦਿਨ ਉਥੇ ਕੋਈ ਹਾਜ਼ਰ ਨਹੀਂ ਸੀ ਜੋ ਗੱਲ ਨੂੰ ਆਈ ਗਈ ਕਰਵਾ ਦਿੰਦਾ। ਨਿਊਜ਼ ਐਡੀਟਰ ਦੇ ਅੜੀ ਕਰਨ ‘ਤੇ ਬੱਲ ਨੇ ਕੋਈ ਅੰਟ ਸ਼ੰਟ ਗੱਲ ਉਸ ਨੂੰ ਆਖ ਦਿੱਤੀ ਅਤੇ ਹੰਗਾਮੇ ਦਾ ਮੁੱਢ ਬੱਝ ਗਿਆ।
ਨਿਊਜ਼ ਐਡੀਟਰ ਨੂੰ ਪਤਾ ਨਹੀਂ ਕਿਥੋਂ ਸੁਝਿਆ, ਉਸ ਨੇ ਬੱਲ ਵਿਰੁਧ ਪੱਕੀ ਲਾਮਬੰਦੀ ਕਰਨ ਲਈ ਸਾਹਮਣੇ ਨਿਊਜ਼ ਡੈਸਕ ‘ਤੇ ਇੰਚਾਰਜ ਦੀ ਕੁਰਸੀ ਤੇ ਬੈਠੇ ਦਲਬੀਰ ਸਿੰਘ ਦੇ ਨਾਲ ਪ੍ਰੋæ ਸ਼ਾਮ ਸਿੰਘ ਅਤੇ ਜਗਦੀਸ਼ ਬਾਂਸਲ, ਸਾਰਿਆਂ ਨੂੰ ਆਪਣੇ ਕੋਲ ਬੁਲਾ ਕੇ ਗੱਲ ਨੂੰ ‘ਚਲਾਕੀ’ ਨਾਲ ਤੂਲ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਵੇਖਦਿਆਂ ਬੱਲ ਦਾ ਸਬਰ ਜਵਾਬ ਦੇ ਗਿਆ।
ਅੱਗੋਂ ਜੋ ਵਾਪਰਿਆ ਉਹ ਬੀਰ ਸਾਹਿਬ ਦੇ ਮੀਮੋ ਵਿਚ ਦਰਜ ਹੈ। ਗੁਰਦਿਆਲ ਬੱਲ ਨੂੰ ਜਾਰੀ ਇਸ ਮੀਮੋ ਵਿਚ ਨਿਊਜ਼ ਐਡੀਟਰ ਨੇ ਲਿਖਿਆ ਸੀ, “ਸ਼ੁਕਰਵਾਰ ਮਿਤੀ 2æ11æ84 ਨੂੰ ਤੁਸੀਂ ਡਿਊਟੀ ਖਤਮ ਹੋਣ ਦੇ ਸਮੇਂ ਤੋਂ ਪਹਿਲਾਂ ਮੇਰੀ ਆਗਿਆ ਤੋਂ ਬਿਨਾ ਚਲੇ ਗਏ; ਮਿਤੀ 3æ11æ84 ਨੂੰ ਜਦੋਂ ਮੈਂ 3 ਵਜੇ ਸ਼ਾਮ ਤੁਹਾਨੂੰ ਬੁਲਾ ਕੇ ਪੁੱਛਿਆ ਤਾਂ ਤੁਹਾਡਾ ਰਵੱਈਆ ਬੜਾ ਇਤਰਾਜ਼ਯੋਗ ਸੀ। ਪਹਿਲਾਂ ਤਾਂ ਤੁਸੀਂ ਇਸ ਗੱਲ ਤੋਂ ਹੀ ਮੁੱਕਰ ਗਏ। ਬਾਅਦ ਵਿਚ ਤੁਸੀਂ ਉਚੀ ਉਚੀ ਹੱਸਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਤੁਸੀਂ ਮੈਨੂੰ ਗਾਲ੍ਹਾਂ ਕੱਢੀਆਂ ਸੀ ਤੇ ਫਿਰ ਵਿਸ਼ਵਾਸ ਦਿਵਾਇਆ ਸੀ ਕਿ ਨਾ ਤਾਂ ਤੁਸੀਂ ਕਿਸੇ ਸਾਥੀ ਨੂੰ ਗਾਲ੍ਹ ਕੱਢੋਗੇ ਤੇ ਨਾ ਹੀ ਡਿਊਟੀ ਸਮੇਂ ਜ਼ਾਬਤਿਆਂ ਦੀ ਉਲੰਘਣਾ ਕਰੋਗੇ ਪਰ ਤੁਸੀਂ ਇਸ ‘ਤੇ ਕਾਇਮ ਨਹੀਂ ਰਹੇ। ਡਿਊਟੀ ‘ਤੇ ਲੇਟ ਆਉਣਾ, ਕੰਮ ਦੇ ਸਮੇਂ ਦੌਰਾਨ ਵਾਰ ਵਾਰ ਵਿਚੋਂ ਉਠ ਕੇ ਜਾਣਾ ਅਤੇ ਡਿਊਟੀ ਦੇ ਮਿਥੇ ਹੋਏ ਸਮੇਂ ਤੋਂ ਪਹਿਲਾਂ ਚਲੇ ਜਾਣਾ, ਤੇ ਫਿਰ ਪੁੱਛੇ ਜਾਣ ‘ਤੇ ਘਟੀਆ ਬੋਲੀ ਵਰਤਣੀ ਤੁਹਾਡੀ ਆਦਤ ਬਣ ਗਈ ਹੈ, ਇਸ ਦਾ ਦੂਸਰੇ ਸਟਾਫ ‘ਤੇ ਮਾੜਾ ਅਸਰ ਪੈ ਰਿਹਾ ਹੈ ਤੇ ਹੋਰ ਮੈਂਬਰਾਂ ਨੂੰ ਵੀ ਅਜਿਹਾ ਕਰਨ ਦੀ ਸ਼ਹਿ ਮਿਲ ਰਹੀ ਹੈ। ਇਸ ਦਾ ਅਖਬਾਰ ਦੀ ਪੱਧਰ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਿਤੀ 4æ11æ84 ਨੂੰ ਨਿਊਜ਼ ਰੂਮ ਵਿਚ ਸਵੇਰ ਦੀ ਡਿਊਟੀ ‘ਤੇ 15 ਮਿੰਟ ਲੇਟ ਆਉਣ ‘ਤੇ ਜਦੋਂ ਮੈਂ ਤੁਹਾਡੀ ਜਵਾਬ ਤਲਬੀ ਕੀਤੀ ਤੇ ਤੁਹਾਡੇ ਵੱਲੋਂ ਗਲੀਜ਼ ਸ਼ਬਦ ਵਰਤੇ ਜਾਣ ‘ਤੇ ਮੈਂ ਸਟਾਫ ਦੇ ਹਾਜ਼ਰ ਮੈਂਬਰਾਂ ਦਲਬੀਰ ਸਿੰਘ-ਚੀਫ ਸਬ-ਐਡੀਟਰ, ਸ਼ਾਮ ਸਿੰਘ-ਸੀਨੀਅਰ ਸਬ-ਐਡੀਟਰ ਅਤੇ ਜਗਦੀਸ਼ ਸਿੰਘ ਬਾਂਸਲ-ਸਬ ਐਡੀਟਰ ਨੂੰ ਤੁਹਾਡੀ ਹਰਕਤ ਤੋਂ ਜਾਣੂ ਕਰਵਾਉਣ ਲਈ ਮੈਂ ਆਪਣੇ ਕੋਲ ਸੱਦਿਆ ਤਾਂ ਪਹਿਲਾਂ ਤਾਂ ਤੁਸੀਂ ਕੱਢੀ ਗਾਲ੍ਹ ਤੋਂ ਮੁੱਕਰ ਗਏ, ਫਿਰ ਦਲਬੀਰ ਸਿੰਘ ਵੱਲੋਂ ਸਖਤੀ ਨਾਲ ਰੋਕਣ ‘ਤੇ ਤੁਸੀਂ ਦੋਬਾਰਾ ਮੈਨੂੰ ਗਾਲ੍ਹ ਕੱਢ ਦਿੱਤੀ। ਇਸ ਗੱਲ ‘ਤੇ ਜਦੋਂ ਦਲਬੀਰ ਅਤੇ ਦੂਜੇ ਮੈਂਬਰਾਂ ਨੇ ਪ੍ਰੋਟੈਸਟ ਕੀਤਾ ਤਾਂ ਤੁਸੀਂ ਦਲਬੀਰ ਸਿੰਘ ਦੇ ਗਲ ਪੈ ਗਏ, ਉਸ ਦੀ ਛਾਤੀ ਵਿਚ ਘਸੁੰਨ ਮਾਰਿਆ ਤੇ ਉਸ ਦੇ ਠੁੱਡਾ ਮਾਰਿਆ। ਇਹ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਜੇ ਦੈਨਿਕ ਟ੍ਰਿਬਿਊਨ ਦੇ ਨਿਊਜ਼ ਐਡੀਟਰ ਤੇ ਕੁਝ ਹੋਰ ਮੈਂਬਰ ਆ ਕੇ ਵਿਚ-ਵਿਚਾਲਾ ਨਾ ਕਰਦੇ। ਤੁਹਾਡੀ ਇਹ ਕਾਰਵਾਈ ਸੇਵਾ ਨਿਯਮਾਂ ਦੀ ਘੋਰ ਅਵੱਗਿਆ ਅਤੇ ਜ਼ਾਬਤਾ ਭੰਗ ਕਰਨ ਵਾਲੀ ਹੈ।
48 ਘੰਟਿਆਂ ਦੇ ਅੰਦਰ ਅੰਦਰ ਇਸ ਦਾ ਤਸੱਲੀਬਖਸ਼ ਉਤਰ ਦਿਉ ਨਹੀਂ ਤਾਂ ਮਾਮਲਾ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ। ਫਿਰ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਤੁਹਾਡੇ ‘ਤੇ ਹੋਵੇਗੀ।”
ਗੁਰਦਿਆਲ ਬੱਲ ਬੀਰ ਸਾਹਿਬ ਨੂੰ ਬਹੁਤ ਰਹਿਮ ਦਿਲ, ਭਲਾ ਲੋਕ ਪਰ ਨਾਲ ਹੀ ਸਿਰੇ ਦਾ ਆਲਸੀ ਅਤੇ ਨਿਕੰਮਾ ਆਦਮੀ ਸਮਝਦਾ ਸੀ। ਉਸ ਦੀ ਰਾਏ ਅਨੁਸਾਰ ‘ਪੰਜਾਬੀ ਟ੍ਰਿਬਿਊਨ’ ਉਪਰ ਉਹ ਵਾਧੂ ਭਾਰ ਸੀ ਅਤੇ ਉਸ ਦੀ ਕੋਈ ਸਾਰਥਿਕ ਭੂਮਿਕਾ ਨਹੀਂ ਸੀ। ਦਲਬੀਰ ਨਾਲ ਉਸ ਦਿਨ ਦੀ ਬੇਸੁਆਦੀ ਯਕੀਨਨ ਹੀ ਬੇਲੋੜੀ ਆਪਸੀ ਨਫਰਤ ਦਾ ਨਤੀਜਾ ਸੀ। ਦਲਬੀਰ ਦੇ ਖਾਹ-ਮਖਾਹ ਭੜਕ ਪੈਣ ‘ਤੇ ਬੱਲ ਸਗੋਂ ਸ਼ਾਂਤ ਹੋ ਗਿਆ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਉਸ ਨੇ ਦਲਬੀਰ ਨੂੰ ਰਿਸ਼ਤਿਆਂ ਦੀ ਨਜ਼ਾਕਤ ਯਾਦ ਰੱਖਣ ਲਈ ਆਖਦਿਆਂ ਸਪੱਸ਼ਟ ਕੀਤਾ ਸੀ ਕਿ ‘ਬੋਲੇ (ਬੀਰ ਸਾਹਿਬ) ਨਾਲ ਮੈਂ ਰੋਜ਼ ਲੜਨਾ ਹੈ ਅਤੇ ਰੋਜ਼ ਇਸ ਦੇ ਗੋਡਿਆਂ ਨੂੰ ਹੱਥ ਲਾਉਣਾ ਹੈ। ਆਪਣਾ ਰਿਸ਼ਤਾ ਹੋਰ ਹੈ। ਤੇਰੇ ਤਾਂ ਜ਼ਰਾ ਕੁ ਜਿੰਨਾ ਉਚੀ ਬੋਲਣ ਨਾਲ ਹੀ ਗੱਲ ਬਹੁਤ ਦੂਰ ਤੱਕ ਚਲੀ ਜਾਏਗੀ।’ ਇਹੋ ਗੱਲ ਕਹਿਣ ‘ਤੇ ਦਲਬੀਰ ਹੋਰ ਭੜਕ ਪਿਆ ਸੀ। ਉਸ ਨੇ ਬੱਲ ਦੀ ਕਮੀਜ਼ ਦੇ ਕਾਲਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੀ ਸੀ ਕਿ ਬੱਲ ਨੇ ਪਹਿਲਾਂ ਉਸ ਦੇ ਘਸੁੰਨ ਅਤੇ ਫਿਰ ਲੱਤ ਕੱਢ ਮਾਰੀ।
ਉਸ ਮੌਕੇ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਦੇ ਨਿਊਜ਼ ਰੂਮ ਵਿਚਾਲੇ ਸ਼ੀਸ਼ੇ ਦੀ ਪਾਰਟੀਸ਼ਨ ਸੀ। ਘਟਨਾ ਮੌਕੇ ‘ਦੈਨਿਕ ਟ੍ਰਿਬਿਊਨ’ ਦੇ ਨਿਊਜ਼ ਰੂਮ ਵਿਚ 7-8 ਮੈਂਬਰ ਹਾਜ਼ਰ ਸਨ ਅਤੇ ਉਹ ਸਾਰਾ ‘ਨਾਟਕ’ ਵੇਖ ਰਹੇ ਸਨ। ਨਿਊਜ਼ ਐਡੀਟਰ ਵੱਲੋਂ ਬੱਲ ਨੂੰ ਦਿੱਤੇ ਮੀਮੋ ਵਿਚ ਇਹ ਸਰਾਸਰ ਗਲਤ ਬਿਆਨੀ ਕੀਤੀ ਗਈ ਹੈ ਕਿ ਸਥਿਤੀ ਉਨ੍ਹਾਂ ਵੱਲੋਂ ਆ ਕੇ ਦਿੱਤੇ ਦਖਲ ਨਾਲ ਸੰਭਲੀ ਸੀ। ਮੈਂ ਖੁਦ ਉਸ ਦਿਨ ਸਵੇਰ ਦੀ ਡਿਊਟੀ ਤੇ ਹੀ ਸਾਂ ਅਤੇ ਹਿੰਦੀ ਵਾਲੇ ਸਾਥੀ ਇਹ ਕਹਿੰਦੇ ਮੈਂ ਕੰਨੀ ਸੁਣੇ ਸਨ ਕਿ ‘ਬੱਲ ਭਲਾ ਆਦਮੀ ਹੈ, ਯੇਹ ਲੋਕ ਖਾਹ ਮਖਾਹ ਉਸੇ ਭੜਕਾ ਰਹੇ ਹੈਂ।’ ਇਥੇ ਇਕ ਹੋਰ ਦਿਲਚਸਪ ਗੱਲ ਇਹ ਸੀ ਕਿ ‘ਪੰਜਾਬੀ ਟ੍ਰਿਬਿਊਨ’ ਵਿਚ ਤਾਂ ਉਸ ਸਮੇਂ ਅਜੇ ਦੋ ਹੀ ਧੜੇ ਸਨ। ਤਰੱਕੀਆਂ ਦੀ ਖੋਹ ਖਿੰਝ ਕਰਕੇ ‘ਦੈਨਿਕ ਟਿਬਿਊਨ’ ਵਿਚ ਧੜੇਬੰਦੀ ਇਸ ਕਦਰ ਸੀ ਕਿ ਜੇ 8 ਬੰਦੇ ਸਨ ਤਾਂ 9 ਧੜੇ ਬਣੇ ਹੋਏ ਸਨ।
ਇਸ ਘਟਨਾ ਤੋਂ ਬਾਅਦ ਦਲਬੀਰ ਤਾਂ ਬੱਲ ਵਿਰੁਧ ਲੰਮੀ ਚੌੜੀ ਸ਼ਿਕਾਇਤ ਲਿਖ ਕੇ 3-4 ਦਿਨਾਂ ਦੀ ਛੁੱਟੀ ਲੈ ਗਿਆ। ਝਗੜੇ ਨੂੰ ਨਿਪਟਾਉਣ ਲਈ ਅਸਿਸਟੈਂਟ ਐਡੀਟਰ ਸ਼ੰਗਾਰਾ ਸਿੰਘ ਭੁੱਲਰ ਅਤੇ ਜਗਤਾਰ ਸਿੱਧੂ ‘ਤੇ ਅਧਾਰਤ ਦੋ ਮੈਂਬਰੀ ਕਮੇਟੀ ਬਣ ਗਈ। ਦੋਵਾਂ ਨੇ ਕੁਝ ਦਿਨ ਬਾਅਦ ਸਟਾਫ ਦੀ ਸਾਂਝੀ ਮੀਟਿੰਗ ਦੌਰਾਨ ਬੱਲ ਨੂੰ ਅਫਸੋਸ ਪ੍ਰਗਟ ਕਰਨ ਲਈ ਕਿਹਾ। ਬੱਲ ਨੇ ਤੁਰੰਤ ਕਹਿ ਦਿੱਤਾ ਕਿ ਜ਼ਬਾਨੀ ਕਲਾਮੀ ਹੀ ਨਹੀਂ ਬਲਕਿ ਲਿਖਤੀ ਰੂਪ ਵਿਚ ਵੀ ਉਹ ਮੁਆਫੀ ਮੰਗਣ ਲਈ ਤਿਆਰ ਹੈ ਅਤੇ ਦਲਬੀਰ ਦੀ ਕਿਸੇ ਤਰ੍ਹਾਂ ਵੀ ਤੌਹੀਨ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਬੀਰ ਸਾਹਿਬ ਬਾਰੇ ਸਭਨਾਂ ਨੂੰ ਪਤਾ ਹੀ ਸੀ। ਨਾ ਉਨ੍ਹਾਂ ਨੇ ਬਦਲਣਾ ਸੀ, ਨਾ ਬੱਲ ਕੋਲੋਂ ਹੀ ਬਦਲਿਆ ਜਾਣਾ ਸੀ।
ਹੋਇਆ ਵੀ ਇਸੇ ਤਰ੍ਹਾਂ। ਦਲਬੀਰ ਨਾਲ ਬਾਅਦ ਵਿਚ ਬੱਲ ਦਾ ਕਦੀ ਵੀ ਕੋਈ ਤਕਰਾਰ ਨਾ ਹੋਇਆ ਬਲਕਿ ਦੋਹਾਂ ਵਿਚ ਇਕ ਖਾਸ ਕਿਸਮ ਦੀ ਨੇੜਤਾ ਵਧਦੀ ਗਈ। ਬੀਰ ਸਾਹਿਬ ਨਾਲ ਉਸ ਦੇ ਝਗੜੇ ਅਤੇ ਸੁਲਾਹ-ਸਫਾਈ ਦੇ ਚੱਕਰ ਅਖੀਰ ਤੱਕ ਚਲਦੇ ਰਹੇ। ਕਈ ਵਾਰ ਸਵੇਰੇ ਪਤਾ ਲੱਗਣਾ ਕਿ ਬੀਰ ਸਾਹਿਬ ਨੇ ਬੱਲ ਦੀ ‘ਬੇਰੁਜ਼ਗਾਰ ਸਕੂਲ ਅਧਿਆਪਕਾਂ ਦੇ ਅੰਦੋਲਨ’ ਬਾਰੇ ਕੋਈ ‘ਕੋਲੋਂ ਘੜ ਕੇ’ ਬਣਾਈ ਲੰਮੀ ਖਬਰ ਫੜ ਲਈ ਸੀ। ਉਹ ਲੜ ਰਹੇ ਹਨ। ਉਸੇ ਸ਼ਾਮ ਨਿਊਜ਼ ਐਡੀਟਰ ਦੇ ਟੇਬਲ ‘ਤੇ ਉਹ ਇਕੱਠੇ ਬੈਠੇ ਦੁੱਖ-ਸੁਖ ਫੋਲ ਰਹੇ ਹੁੰਦੇ। ਬੱਲ ਅਤੇ ਬੀਰ ਸਾਹਿਬ ਦਾ ਰਿਸ਼ਤਾ ਬੜਾ ਦਿਲਚਸਪ ਸੀ। ਅਕਾਲੀ ਪਤ੍ਰਿਕਾ ਤੋਂ ਆਏ ਬੀਰ ਸਾਹਿਬ ਨੂੰ ਕੰਨੋਂ ਉਚਾ ਸੁਣਦਾ ਹੋਣ ਕਰਕੇ ਪਿੱਠ ਪਿਛੇ ਲੋਕ ਉਨ੍ਹਾਂ ਨੂੰ ‘ਬੋਲਾ’ ਆਖ ਛਡਦੇ। ਬੀਰ ਸਾਹਿਬ ‘ਪੰਜਾਬੀ ਟ੍ਰਿਬਿਊਨ’ ਦੀਆਂ ਧੜੇਬੰਦੀਆਂ ਅਤੇ ਆਪਸੀ ਵਿਰੋਧਾਂ ਤੋਂ ਪਾਰ ਸਨ।
‘ਪੰਜਾਬੀ ਟ੍ਰਿਬਿਊਨ’ ਦੀ ਰੁਮਾਂਚਿਕ ਗਾਥਾ ਦੀ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ 1990-91 ਤੋ ਬਾਅਦ ਪਹਿਲੀ ਕੁੜਿਤਣ ਖਤਮ ਕਰ ਕੇ ਕਰਮਜੀਤ ਅਤੇ ਦਲਬੀਰ ਵਿਚਾਲੇ ਉਸੇ ਤਰ੍ਹਾਂ ਦਾ ਸਹਿਚਾਰ ਅਤੇ ਆਪਸੀ ਸਮਝ ਵਾਲਾ ਰਿਸ਼ਤਾ ਸਥਾਪਿਤ ਹੋ ਗਿਆ ਜਿਸ ਲਈ ਬੱਲ ਬਾਬਾ ਸਦਾ ਹੀ ਕਾਮਨਾ ਕਰਦਾ ਰਿਹਾ ਸੀ। ਪ੍ਰੰਤੂ ਦੋਵਾਂ ਮਹਾਂਰਥੀਆਂ ਦੀ ਵਿਚਾਰਧਾਰਾ ਵਿਚ ਜ਼ਮੀਨ ਅਸਮਾਨ ਜਿੰਨਾ ਅੰਤਰ ਪਹਿਲਾਂ ਵਾਂਗ ਹੀ ਬਣਿਆ ਰਿਹਾ। ਕਰਮਜੀਤ ਦਾ ਅੱਜ ਵੀ ਯਕੀਨ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 20ਵੀਂ ਸਦੀ ਦੇ ਸਭ ਤੋਂ ਮਹਾਨ ਸਿੱਖ ਆਗੂ ਸਨ ਅਤੇ ਉਨ੍ਹਾਂ ਨੇ ਸਿੱਖ ਨੌਜਵਾਨਾਂ ਵਿਚ 18ਵੀਂ ਸਦੀ ਵਾਲੇ ਮਹਾਨ ਸਿੱਖ ਯੋਧਿਆਂ ਦੀ ਰੂਹ ਨਵੇਂ ਸਿਰਿਓਂ ਫੂਕ ਦਿੱਤੀ ਸੀ। ਇਸ ਦੇ ਉਲਟ ਦਲਬੀਰ ਦਾ ਉਨਾ ਹੀ ਪੱਕਾ ਵਿਸ਼ਵਾਸ ਸੀ ਕਿ ਇਸ ਲਹਿਰ ਨੇ 18ਵੀਂ ਸਦੀ ਵਿਚ ਸਿੱਖਾਂ ਨੇ ਜੋ ਮਹਾਨ ਰਵਾਇਤਾਂ ਸਿਰਜੀਆਂ ਸਨ, ਉਨ੍ਹਾਂ ਦਾ ਘਾਣ ਕਰ ਦਿੱਤਾ ਸੀ।
ਮੈਂ ਦੱਸ ਚੁੱਕਾ ਹਾਂ ਕਿ ਕਿਵੇਂ ਸਾਲ 1991 ‘ਚ ਦਲਬੀਰ ਨਿਊਜ਼ ਰੂਮ ਵਿਚੋਂ ‘ਖਾਲਿਸਤਾਨ ਦੇ ਭੂਤ’ ਨੂੰ ਬਾਹਰ ਭਜਾਉਣ ਲਈ ਵਿਸ਼ੇਸ਼ ਮਿਸ਼ਨ ਤਹਿਤ ਭੇਜਿਆ ਗਿਆ ਸੀ। ਪਰ ਆਉਂਦੇ ਸਾਰ ਸਮੇਂ ਦੀ ਨਜ਼ਾਕਤ ਪਛਾਣ ਕੇ ਉਸ ਨੇ ਸਿੰਘਾਂ ਨਾਲ ਆੜੀ ਪਾ ਲਈ ਸੀ। ਦੂਸਰੇ ਪਾਸੇ ਕਰਮਜੀਤ ਭਾਅ ਜੀ ਨੂੰ ਮੋਰਿੰਡਾ-ਰੋਪੜ ਇਲਾਕੇ ਦੇ ਕੇæਪੀæਐਸ਼ ਗਿੱਲ ਨਾਲ ਅਟੀ-ਸਟੀ ਫਿਟ ਕਰੀ ਬੈਠੇ ਇਕ ਖੱਚ ਕਿਸਮ ਦੇ ਰਿਪੋਰਟਰ ਨਾਲ ਯਾਰਾਨਾ ਪਾਉਣ ਲਈ ਮਜ਼ਬੂਰ ਹੋਣਾ ਪੈ ਗਿਆ ਸੀ। ਪਰ ਸਾਡੇ ਇਨ੍ਹਾਂ ਦੋਵਾਂ ਸਾਥੀਆਂ ਨੇ ਆਪੋ-ਆਪਣੀਆਂ ਪੁਜੀਸ਼ਨਾਂ ਕਦੀ ਵੀ ਨਾ ਛੱਡੀਆਂ।
ਕਰਮਜੀਤ ਭਾਅ ਜੀ ਵਾਸਤੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਪੌੜੀ ਦੇ ਪਹਿਲੇ ਡੰਡੇ ਦੇ ਮਹਾਨ ਸ਼ਹੀਦ ਸਨ। ਦੂਸਰੇ ਪਾਸੇ ਦਲਬੀਰ ਇਸ ਤੋਂ ਬਿਲਕੁਲ ਹੀ ਉਲਟ ਪੁਜ਼ੀਸ਼ਨ ਲਈ ਖੜ੍ਹਾ ਸੀ। ਪਾਠਕਾਂ ਦੀ ਦਿਲਚਸਪੀ ਲਈ ਦਲਬੀਰ ਦੇ ਸਪਤਾਹਿਕ ਕਾਲਮ ‘ਇਉਂ ਵੀ ਹੁੰਦੈ’ ਦਾ ਹਵਾਲਾ ਦਿਤਾ ਜਾ ਸਕਦਾ ਹੈ। ਦਲਬੀਰ ਨੇ ‘ਸੁੱਖਾ, ਜਿੰਦਾ ਅਤੇ ਫਾਂਸੀ ਦੀ ਸਜ਼ਾ’ ਸਿਰਲੇਖ ਹੇਠ ਇਹ ਵਿਵਾਦਪੂਰਨ ਕਾਲਮ 30 ਅਕਤੂਬਰ, 1993 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਪੰਨੇ ‘ਤੇ ਲਿਖਿਆ ਸੀ। ਦਲਬੀਰ ਲਿਖਦਾ ਹੈ,
“ਜੇ ਮੈਂ ਉਨ੍ਹਾਂ ਲੋਕਾਂ ਨਾਲ ਸਹਿਮਤ ਨਹੀਂ ਹਾਂ ਜਿਹੜੇ ਸੁੱਖਾ ਤੇ ਜਿੰਦਾ ਨੂੰ ਸਧਾਰਨ ਹਤਿਆਰੇ ਗਰਦਾਨਦੇ ਹਨ ਤਾਂ ਮੈਂ ਉਨ੍ਹਾਂ ਨਾਲ ਵੀ ਇਤਫਾਕ ਰਾਏ ਨਹੀਂ ਰਖਦਾ ਜਿਹੜੇ ਉਨ੍ਹਾਂ ਨੂੰ ਸਰਵਉਚ ਸ਼ਹੀਦ ਦਾ ਰੁਤਬਾ ਦਿੰਦੇ ਹਨ। ਮੈਂ ਉਨ੍ਹਾਂ ਦੇ ਨਾਂ ਨਾਲ ਭਾਈ ਲਿਖਣ ਵਾਲੇ ਲੋਕਾਂ ਦੀ ਇਮਾਨਦਾਰੀ ਅਤੇ ਲਿਆਕਤ ਉਤੇ ਵੀ ਸ਼ੱਕ ਕਰਦਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਉਹ ਸੱਚੇ ਦਿਲੋਂ ਨਹੀਂ ਕਰ ਰਹੇ ਸਗੋਂ ਸੌੜੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਰ ਰਹੇ ਹਨ। ਮੇਰੀ ਜਾਚੇ ਸਿੱਖ ਕੌਮ ਵਿਚ ਭਾਈ ਦਾ ਰੁਤਬਾ ਬਹੁਤ ਉਚਾ ਹੁੰਦਾ ਹੈ ਅਤੇ ਪੂਰਾ ਸਿੱਖ ਇਤਿਹਾਸ ਗਵਾਹ ਹੈ ਕਿ ਬਹੁਤ ਪਹੁੰਚੇ ਹੋਏ, ਗੁਰਬਾਣੀ ਦੇ ਗੂੜ੍ਹ ਗਿਆਤਾ, ਸੇਵਾ ਦੇ ਪੁੰਜ, ਨਿਮਰ ਵਿਅਕਤੀ ਲਈ ਭਾਈ ਦਾ ਲਫ਼ਜ਼ ਵਰਤਿਆ ਜਾਂਦਾ ਸੀ। ਇਸ ਦੇ ਨਾਲ ਹੀ ਇਹ ਫੈਸਲਾ ਵੀ ਸੰਗਤ ਕਰਦੀ ਸੀ ਕਿ ਕਿਸ ਨੂੰ ‘ਭਾਈ’ ਕਹਿਣਾ ਹੈ, ਕਿਸ ਨੂੰ ਨਹੀਂ। ਕਰੀਬ 10 ਸਾਲ ਪਹਿਲਾਂ ਤੱਕ ਦੇ ਸਿੱਖ ਇਤਿਹਾਸ ‘ਤੇ ਝਾਤ ਮਾਰਿਆਂ ਪਤਾ ਲੱਗੇਗਾ ਕਿ ਭਾਈ ਸ਼ਬਦ ਦੀ ਵਰਤੋਂ ਆਮ ਕਰਕੇ ਤਖਤਾਂ ਦੇ ਜਥੇਦਾਰਾਂ ਜਾਂ ਹਜ਼ੂਰੀ ਕੀਰਤਨੀਆਂ ਲਈ ਕੀਤੀ ਜਾਂਦੀ ਸੀ। ਹਥਿਆਰਬੰਦ ਸੰਘਰਸ਼ ਕਰਨ ਵਾਲੇ ਅਤੇ ਅਜਿਹਾ ਸੰਘਰਸ਼ ਕਰਦੇ ਸਮੇਂ ਕੁਰੀਤੀਆਂ ਕਰਨ ਵਾਲੇ ਲੋਕਾਂ ਲਈ ਨਹੀਂ।”
ਜੀ ਸਦਕੇ, ਕੋਈ ਦਲਬੀਰ ਦੀ ਪੁਜ਼ੀਸ਼ਨ ਨਾਲ ਸਹਿਮਤ ਹੋਵੇ ਜਾਂ ਨਾ ਪਰ ਵਿਸਫੋਟਕ ਸਮੱਗਰੀ ਨਾਲ ਭਰਿਆ ਇਹ ਕਾਲਮ ਅੱਜ ਵੀ ਪੜ੍ਹਨ ਵਾਲਾ ਹੈ। ਖਾੜਕੂ ਲਹਿਰ ਇਸ ਸਮੇਂ ਤੱਕ ਕਮਜ਼ੋਰ ਪੈ ਗਈ ਸੀ ਪਰ ਇਸ ਤਰ੍ਹਾਂ ਬੇਬਾਕ ਢੰਗ ਨਾਲ ਲਿਖਣ ਦੀ ਜ਼ੁਰਅਤ ਅਗਲੇ ਕਈ ਸਾਲਾਂ ਤੱਕ ਵੀ ਕਿਸੇ ਦੀ ਨਹੀਂ ਪਈ ਸੀ। ਦਲਬੀਰ ਕੋਲ ਕੋਈ ਸੁਰੱਖਿਆ ਗਾਰਦ ਨਹੀਂ ਸੀ। ਲੋਕ ਹੈਰਾਨ ਸਨ ਕਿ ਦਲਬੀਰ ਕਰੀ ਕੀ ਜਾ ਰਿਹਾ ਹੈ।
ਸਾਲ 1995 ਵਿਚ ਸੰਪਾਦਕ ਹਰਭਜਨ ਹਲਵਾਰਵੀ ਨੇ ਕਰਮਜੀਤ ਨਾਲ ਰੋਪੜ-ਮੋਰਿੰਡਾ ਵੱਲ ਦੇ ਉਸੇ ਫਰਾਡੀ ਪੱਤਰਕਾਰ ਦੀ ਚੁੱਕਣਾ ਵਿਚ ਆ ਕੇ ਲੰਮੀ ਅਤੇ ਬੇਸਿਰ-ਪੈਰ ਕਿਸਮ ਦੀ ਲੜਾਈ ਵਿੱਢ ਲਈ। ਇਹ ਲੜਾਈ ਅਨੰਦਪੁਰ ਸਾਹਿਬ ਦੇ ਇਕ ਹੁਜਤੀ ਪੱਤਰਕਾਰ ਵੱਲੋਂ ਜਥੇਦਾਰ ਰਣਜੀਤ ਸਿੰਘ ਦੀ ਰਿਹਾਈ ਬਾਰੇ ਬਾਦਲ ਦੀ ਭਾਜਪਾ ਨੇਤਾਵਾਂ ਨਾਲ ਹੋਈ ਗੁਪਤ ਮੀਟਿੰਗ ਬਾਰੇ ਭੇਜੀ ਕਿਸੇ ਖਬਰ ਨੂੰ ਲੈ ਕੇ ਸੀ। ਇਹੋ ਲੜਾਈ ਹਲਵਾਰਵੀ ਸਾਹਿਬ ਲਈ ਕਾਫੀ ਘਾਤਕ ਵੀ ਸਾਬਤ ਹੋਈ। ਇਸ ਮਾਮਲੇ ਵਿਚ ਦਲਬੀਰ, ਕਰਮਜੀਤ ਦੇ ਨਾਲ ਆ ਗਿਆ। 1997 ਵਿਚ ਹਲਵਾਰਵੀ ਦੇ ‘ਪੰਜਾਬੀ ਟ੍ਰਿਬਿਊਨ’ ਤੋਂ ਰੁਖਸਤ ਹੋ ਜਾਣ ਪਿਛੋਂ ਕਰਮਜੀਤ ਭਾਅ ਜੀ ਅਤੇ ਦਲਬੀਰ ਨੇ ਲੰਮੇ ਸਮੇਂ ਤੱਕ ਅਸਿਸਟੈਂਟ ਐਡੀਟਰ ਵਜੋਂ ਇਕੱਠਿਆਂ ਕੰਮ ਕੀਤਾ। ਉਸ ਸਮੇਂ ਮੈਂ ਤਾਂ ਅਮਰੀਕਾ ਆ ਗਿਆ ਸਾਂ। ਦੋਵਾਂ ਸਾਥੀਆਂ ਵੱਲੋਂ ਵਾਰੀ ਵਾਰੀ ਜੋ ਵਿਸ਼ੇਸ਼ ਫੀਚਰ ‘ਅੱਠਵਾਂ ਕਾਲਮ’ ਲਿਖਿਆ ਜਾਂਦਾ ਸੀ ਉਸ ਦੀ ਹਰ ਪਾਸੇ ਵਾਹ ਵਾਹ ਹੁੰਦੀ ਰਹੀ ਸੀ।
ਇਸ ਦੌਰ ਬਾਰੇ ਮੈਂ ਚਾਹਾਂਗਾ ਕਿ ਕਰਮਜੀਤ ਭਾਅ ਜੀ ਖੁਦ ਲਿਖਣ ਜਾਂ ਕੋਈ ਹੋਰ ਪੁਰਾਣਾ ਸਾਥੀ ਕੋਸ਼ਿਸ਼ ਕਰੇ। ਜਿੰਦੇ-ਸੁੱਖੇ ਬਾਰੇ ਨਜ਼ਰੀਏ ਤੋਂ ਦੋਵਾਂ ਸਾਥੀਆਂ ਦੇ ਵਿਚਾਰਾਂ ਦੇ ਵਖਰੇਵੇਂ ਦਾ ਅਸਾਨੀ ਨਾਲ ਹੀ ਪਤਾ ਲੱਗ ਸਕਦਾ ਹੈ ਪਰ ਅਖੀਰ ਦੋਵਾਂ ਨੇ ਸ਼ਾਇਦ ਇਹ ਮੰਨ ਲਿਆ ਸੀ ਕਿ ਵਿਚਾਰਾਂ ਦੇ ਅਜਿਹੇ ਵਖਰੇਵੇਂ ਦੇ ਬਾਵਜੂਦ ਦੋਸਤਾਨਾ ਸਬੰਧ ਰੱਖੇ ਜਾ ਸਕਦੇ ਹਨ। ਉਨ੍ਹਾਂ ਦੀ ਇਸ ਆਪਸੀ ਸਾਂਝ ਦਾ ਇਹ ਦੌਰ ਸੁਣਿਐਂ ਹਰ ਰੋਜ਼ ਦੀਆਂ ਚਾਹ ਪਾਰਟੀਆਂ ਦਾ ਸਮਾਂ ਸੀ। ਪੰਜਾਬ ਭਰ ਵਿਚੋਂ ਮਿੱਤਰ ਯਾਰ, ਪੱਤਰ ਪ੍ਰੇਰਕ, ਰਾਜਸੀ ਵਰਕਰ, ਪੁਰਾਣੇ ਕਾਮਰੇਡ ਦੁਪਹਿਰ ਤੋਂ ਬਾਅਦ ਇਨ੍ਹਾਂ ਕੋਲ ਹੀ ਇਕੱਠੇ ਹੁੰਦੇ ਅਤੇ ਦੁਨੀਆਂ ਭਰ ਦੇ ਮਸਲੇ ਵਿਚਾਰੇ ਜਾਂਦੇ, ਠਹਾਕੇ ਵੱਜਦੇ, 8ਵੇਂ ਕਾਲਮ ਦੀ ਚਰਚਾ ਚਲਦੀ। ਸ਼ਾਇਦ ‘ਪੰਜਾਬੀ ਟ੍ਰਿਬਿਊਨ’ ਅਦਾਰੇ ਦੀ ਪਹਿਲ ਤਾਜ਼ਗੀ ਦੇ ਦਿਨ ਵਾਪਸ ਪਰਤ ਆਏ ਸਨ।
ਪੰਜਾਬੀ ਟ੍ਰਿਬਿਊਨ ਨਾਲ ਜੁੜੀਆਂ ਕੁਝ ਹੋਰ ਯਾਦਾਂ ਫੇਰæææ!
Leave a Reply