ਵਾਸ਼ਿੰਗਟਨ (ਪੰਜਾਬ ਟਾਈਮਜ਼ ਬਿਊਰੋ): ਰਾਸ਼ਟਰਪਤੀ ਬਰਾਕ ਓਬਾਮਾ ਜੋ ਨਿਊ ਟਾਊਨ ਦੇ ਸੈਂਡੀ ਹੁਕ ਐਲੀਮੈਂਟਰੀ ਸਕੂਲ ਵਾਲੀ ਵਾਰਦਾਤ ਤੋਂ ਬਹੁਤ ਉਦਾਸ, ਬੇਚੈਨ ਅਤੇ ਟੁੱਟੇ ਹੋਏ ਨਜ਼ਰ ਆ ਰਹੇ ਹਨ, ਨੇ ਦੇਸ਼ ਵਿਚ ਅਸਾਲਟ ਹਥਿਆਰਾਂ ਉਤੇ ਪਾਬੰਦੀ ਲਾਉਣ ਦੀ ਪੈਰਵੀ ਕੀਤੀ ਹੈ।
ਯਾਦ ਰਹੇ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਕੁਨੈਕਟੀਕਟ ਸਟੇਟ ਵਿਚ ਪੈਂਦੇ ਸ਼ਹਿਰ ਨਿਊ ਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿਚ 20 ਸਾਲਾ ਨੌਜਵਾਨ ਐਡਮ ਲਾਂਜ਼ਾ ਨੇ ਅੰਨ੍ਹੇਵਾਹ ਗੋਲੀ ਚਲਾ ਕੇ 20 ਬੱਚਿਆਂ ਸਮੇਤ 26 ਜਣਿਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਘਰੇ ਉਸ ਨੇ ਆਪਣੀ ਮਾਂ ਨੈਂਸੀ ਲਾਂਜ਼ਾ ਦੀ ਵੀ ਹੱਤਿਆ ਕਰ ਦਿੱਤੀ। ਉਸ ਨੇ ਮੁੱਖ ਰੂਪ ਵਿਚ ਦੋ ਜਮਾਤਾਂ ਨੂੰ ਆਪਣਾ ਨਿਸ਼ਾਨ ਬਣਾਇਆ। ਸਕੂਲ ਵਿਚ ਜੋ ਵੀ ਉਸ ਦੇ ਰਾਹ ਵਿਚ ਆਇਆ, ਉਸ ਉਤੇ ਵੀ ਗੋਲੀ ਚਲਾ ਦਿੱਤੀ। ਮਗਰੋਂ ਉਸ ਨੇ ਆਤਮ-ਹੱਤਿਆ ਕਰ ਲਈ। ਇਸ ਭਿਅੰਕਰ ਹੱਤਿਆ ਕਾਂਡ ਤੋਂ ਬਾਅਦ ਦੇਸ਼ ਵਿਚ ਹਥਿਆਰਾਂ ਅਤੇ ਅਸਲੇ ਉਤੇ ਪਾਬੰਦੀ ਬਾਰੇ ਬਹਿਸ ਬਹੁਤ ਵੱਡੇ ਪੱਧਰ ਉਤੇ ਛਿੜ ਪਈ ਹੈ।
ਪਹਿਲਾਂ ਆਪਣੀ ਪ੍ਰੈਸ ਕਾਨਫਰੰਸ ਅਤੇ ਫਿਰ ਸਕੂਲ ਵਿਚ ਹੋਏ ਸਰਬ-ਧਰਮ ਸਮਾਗਮ ਵਿਚ ਸ੍ਰੀ ਓਬਾਮਾ ਨੇ ਸਪਸ਼ਟ ਸੰਕੇਤ ਦਿੱਤੇ ਕਿ ਹੁਣ ਉਹ ਮੁੱਦੇ ਬਾਰੇ ਕੋਈ ਵੱਡਾ ਕਦਮ ਉਠਾਉਣਗੇ। ਉਨ੍ਹਾਂ ਸਾਫ ਕਿਹਾ ਕਿ ਹੁਣ ਸਾਨੂੰ ਬਦਲਣਾ ਪਵੇਗਾ। ਅਜਿਹੇ ਕਾਰੇ ਹੁਣ ਹੋਰ ਨਹੀਂ ਝੱਲੇ ਜਾ ਸਕਦੇ। ਹੁਣ ਸਿਆਸਤ ਦੇ ਕਿਸੇ ਵੀ ਨਤੀਜੇ ਤੋਂ ਬੇਫਿਕਰ ਹੋ ਕੇ ਕਾਰਵਾਈ ਕਰਨ ਦਾ ਵੇਲਾ ਆ ਗਿਆ ਹੈ।
ਇਸੇ ਦੌਰਾਨ ਹਥਿਆਰਾਂ ਦੇ ਹੱਕ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਵਾਲੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਨੇ ਵਾਰਦਾਤ ਤੋਂ ਬਾਅਦ ਪਹਿਲੀ ਵਾਰ ਚੁੱਪ ਤੋੜਦਿਆਂ ਵਾਰਦਾਤ ਨੂੰ ‘ਦਿਲ ਤੋੜਨ ਵਾਲੀ’ ਕਰਾਰ ਦਿੱਤਾ ਹੈ। ਚੇਤੇ ਰਹੇ ਕਿ ਇਸ ਵਾਰ ਲੋਕਾਂ ਨੇ ਇਕੱਠੇ ਹੋ ਕੇ ਐਸੋਸੀਏਸ਼ਨ ਦੇ ਦਫਤਰ ਦੇ ਬਾਹਰ ਵੱਡਾ ਰੋਸ ਵਿਖਾਵਾ ਕੀਤਾ। ਇਸ ਐਸੋਸੀਏਸ਼ਨ ਦੇ 43 ਲੱਖ ਤੋਂ ਵੱਧ ਮੈਂਬਰ ਹਨ ਅਤੇ ਇਸ ਦਾ ਦੇਸ਼ ਦੀ ਸਿਆਸਤ ਉਤੇ ਵਾਹਵਾ ਪ੍ਰਭਾਵ ਹੈ। ਇਸ ਨੇ ਹਥਿਆਰਾਂ ਦੀ ਸੁਖਾਲੀ ਸਪਲਾਈ ਅਤੇ ਵਿਕਰੀ ਬਾਰੇ ਕਈ ਸਟੇਟਾਂ ਵਿਚ ਕਾਨੂੰਨ ਨਰਮ ਕਰਵਾਏ ਹੋਏ ਹਨ। ਰਿਪਬਲਿਕਨ ਪਾਰਟੀ ਸਿੱਧੇ-ਅਸਿੱਧੇ ਰੂਪ ਵਿਚ ਇਸ ਦੇ ਹੱਕ ਵਿਚ ਭੁਗਤਦੀ ਰਹੀ ਹੈ; ਸਗੋਂ ਅੱਠ ਰਾਸ਼ਟਰਪਤੀ ਤਾਂ ਇਸ ਐਸੋਸੀਏਸ਼ਨ ਦੇ ਮੈਂਬਰ ਵੀ ਰਹੇ ਹਨ।
ਇਸੇ ਦੌਰਾਨ ਅਮਰੀਕਾ ਦੇ ਸਿੱਖ ਭਾਈਚਾਰੇ ਨੇ ਕੁਨੈਕਟੀਕਟ ਸਕੂਲ ਘਟਨਾ ਵਿਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ ਅਤੇ ਗੁਰੂ ਘਰਾਂ ਤੇ ਹੋਰ ਥਾਈ ਮੋਮਬੱਤੀਆਂ ਜਗਾਈਆਂ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਵਿਸਕਾਨਸਿਨ ਵਿਚ ਓਕ ਕਰੀਕ ਦੇ ਗੁਰਦੁਆਰੇ ਵਿਖੇ ਐਡਮ ਲਾਂਜ਼ਾ ਵਰਗੇ ਹੀ ਇਕ ਸਿਰਫਿਰੇ ਨੇ ਗੋਲੀਆਂ ਚਲਾ ਕੇ ਛੇ ਸਿੱਖ ਸ਼ਰਧਾਲੂਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਵਾਰਦਾਤ ਨੇ ਦੇਸ਼ ਭਰ ਵਿਚ ਕ੍ਰਿਸਮਸ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਇਕ ਵਾਰ ਤਾਂ ਗ੍ਰਹਿਣ ਲਾ ਦਿੱਤਾ।
ਹੁਣ ਸ੍ਰੀ ਓਬਾਮਾ ਨੇ ਆਪਣੀ ਕੈਬਨਿਟ ਦੇ ਸਾਥੀਆਂ ਨੂੰ ਇਸ ਮਸਲੇ ਨਾਲ ਨਜਿੱਠਣ ਲਈ ਨੀਤੀ ਘੜਨ ਦਾ ਆਦੇਸ਼ ਦਿੱਤਾ ਹੈ। ਇਸ ਸਬੰਧੀ ਜਿਹੜੀ ਟੀਮ ਬਣਾਈ ਗਈ ਹੈ, ਉਸ ਦੀ ਅਗਵਾਈ ਉਪ ਰਾਸ਼ਟਰਪਤੀ ਜੋਅ ਬਿਡੇਨ ਕਰਨਗੇ। ਵਰਣਨਯੋਗ ਹੈ ਕਿ ਹਥਿਆਰਾਂ ਉਤੇ ਪਾਬੰਦੀ ਵਾਲੇ ਕਾਨੂੰਨ ਦੀ ਮਿਆਦ 2004 ਵਿਚ ਖਤਮ ਹੋ ਗਈ ਸੀ। ਇਸ ਨੂੰ ਨਵਿਆਉਣ ਬਾਰੇ ਵੀ ਵਿਚਾਰਾਂ ਹੋ ਰਹੀਆਂ ਹਨ।
Leave a Reply