ਐਸ਼ ਅਸ਼ੋਕ ਭੌਰਾ
ਉਂਜ ਤਾਂ ਇਸ ਯੁੱਗ ਵਿਚ ਕੋਈ ਸੰਤ ਫਕੀਰ ਲੱਭਣਾ ਔਖਾ ਹੈ; ਰੱਬ ਨਾ ਕਰੇ, ਜੇ ਕੋਈ ਹੋਵੇ ਵੀ, ਤਾਂ ਉਹ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਗੁਆਚ ਗਏ ਅਵਸਰ, ਲੰਘ ਗਿਆ ਵਕਤ ਜਾਂ ਗੁਜ਼ਰ ਗਈਆਂ ਉਮਰਾਂ ਮੋੜ ਕੇ ਲਿਆ ਸਕਦਾ ਹਾਂ।
ਚਮਕੀਲੇ ਦੀ ਗੱਲ ਕਰਨ ਵੇਲੇ ਕਈ ਖੁਸ਼ ਵੀ ਹੋਏ, ਕਈ ਤੱਤੇ-ਠੰਢੇ ਵੀ, ਪਰ ਮੈਂ ਨਾ ਸਿਰਫ਼ ਚਮਕੀਲੇ ਨੂੰ ਜਾਣਦਾ ਸੀ, ਨਾ ‘ਕੱਲਾ ਉਹੀ ਮੇਰਾ ਮਿੱਤਰ ਸੀ, ਸਗੋਂ ਨਰਿੰਦਰ ਬੀਬਾ ਜਿਸ ਨੇ ‘ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ‘ਅਸਾਂ ਨਹੀਂ ਕਨੌੜ ਝੱਲਣੀ’, ‘ਚੰਨ ਮਾਤਾ ਗੁਜਰੀ ਦਾ’, ‘ਦੋ ਬੜੀਆਂ ਕੀਮਤੀ ਜਿੰਦਾਂ’, ‘ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ’, ‘ਮੇਰੇ ਲਾਡਲੇ ਲਾਲ ਦੇ ਲਾਲ’, ‘ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ’, ‘ਮੁੱਖ ਮੋੜ ਗਏ ਦਿਲਾਂ ਦੇ ਜਾਨੀ’, ‘ਏਨੀ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ’ ਤੇ ‘ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ’ ਜਾਂ ‘ਚਿੱਟੀਆਂ ਕਪਾਹ ਦੀਆਂ ਫੁੱਟੀਆਂ’, ‘ਮੈਂ ਸੁੰਘਿਆ ਸੀ ਫੁੱਲ ਜਾਣ ਕੇ, ਪਿਆਰ ਰੌਂ ਪਿਆ ਹੱਡਾਂ ਵਿਚ ਮੇਰੇ’ ਵਰਗੇ ਅਮਰ ਗੀਤ ਗਾਏ, ਦੇ ਗੋਡੇ ਨਾਲ ਵੀ ਮੈਂ ਦਸ ਸਾਲ ਵੱਡੀ ਭੈਣ ਵਾਂਗ ਲੱਗਾ ਰਿਹਾ ਹਾਂ। ਉਹਦੇ ਨਾਲ ਆਉਣ ਵਾਲੇ ਉਹਦੇ ਭਰਾਵਾਂ ਰਣਬੀਰ ਸਿੰਘ ਰਾਣਾ ਤੇ ਫਕੀਰ ਸਿੰਘ ਫਕੀਰ ਨੂੰ ਰੱਜ ਕੇ ਮਿਲਿਆਂ, ਉਹਦੀ ਗਾਇਕੀ ਦਾ ਇਕ ਸਿਰਾ ਰਹੇ ਅਲਗੋਜਿਆਂ ਵਾਲੇ ਬੇਲੀ ਰਾਮ ਨੂੰ ਬਹੁਤ ਸੁਣਿਆ, ਪਰ ਬੀਬਾ ਮੈਨੂੰ ਉਦੋਂ ਮਿਲੀ ਜਦੋਂ ਉਹ ਵਿਧਵਾ ਹੋ ਗਈ ਸੀ, ਯਾਨਿ ‘ਸਾਕਾ ਸਰਹਿੰਦ’ ਵਿਚ ਕੁਮੈਂਟਰੀ ਕਰਨ ਵਾਲੇ ਜਸਪਾਲ ਸਿੰਘ ਪਾਲੀ ਨਾਲ ਮੇਰਾ ਇਕ ਵਾਰ ਵੀ ਮੇਲ ਨਹੀਂ ਹੋਇਆ।
ਜਦੋਂ 1985 ਵਿਚ ਮੈਂ ਸਰਕਾਰੀ ਨੌਕਰੀ ਕਰਨ ਲੱਗਾ ਤਾਂ ਲੱਡੂਆਂ ਦਾ ਡੱਬਾ ਲੈ ਕੇ ਗਿਆ। ਉਦਣ ਰੱਖੜੀ ਸੀ, ਪਹਿਲੀ ਵਾਰ ਮੈਂ ਕਹਿ ਕੇ ਬੰਨ੍ਹਾਈ, ਤੇ ਫਿਰ ਉਹ ਦਸ ਸਾਲ ਮੇਰੇ ਆਪ ਬੰਨ੍ਹਣ ਆਉਂਦੀ ਰਹੀ। ਮੈਂ ਜਦੋਂ ਵੀ ਉਹਨੂੰ ਮਿਲਿਆ, ਚਾਹੇ ਉਹਦੀ ਲੁਧਿਆਣੇ ਦੇ ਪਿਛਵਾੜ ਪੈਂਦੀ ਪੀਲੀ ਕੋਠੀ ਸੀ, ਚਾਹੇ ਕੋਈ ਪ੍ਰੋਗਰਾਮ, ਚਾਹੇ ਯਮਲੇ ਜੱਟ ਦਾ ਡੇਰਾ; ਮੈਂ ਉਹਦੇ ਆਪਣੀਆਂ ਭੈਣਾਂ ਵਾਂਗ ਪੈਰੀਂ ਹੱਥ ਹੀ ਲਾਇਆ। ਤੇ ਮੱਥਾ ਉਹਨੇ ਮੇਰਾ ਦੋ ਵਾਰ ਚੁੰਮਿਆ। ਪਹਿਲੀ ਵਾਰ ਉਦੋਂ ਜਦੋਂ ਖਾੜਕੂਆਂ ਦੇ ਡਰੋਂ ਦਫਤਰਾਂ ਤੋਂ ਬੋਰਡ ਲੱਥੇ, ਤੇ ‘ਅਜੀਤ’ ਵਿਚ ਮੈਂ ਨਿੱਕੀ ਉਮਰੇ ਹਾਅ ਦਾ ਨਾਅਰਾ ਮਾਰਿਆ, ‘ਪੰਜਾਬੀ ਗਾਇਕਾਂ ਨੂੰ ਦਾਲ-ਰੋਟੀ ਦੇ ਝੋਰੇ।’ ਉਹ ਮੈਨੂੰ ਆਪਣੇ ਘਰ ਹੀ ਘੁੱਟ ਕੇ ਮਿਲਦਿਆਂ ਕਹਿਣ ਲੱਗੀ, “ਕਾਹਨੂੰ ਸੱਪਾਂ ਦੀ ਖੁੱਡ ਵਿਚ ਬਾਂਹ ਦਿੰਨੈ! ਹਾਲੇ ਤਾਂ ਕਾਕਾ ਤੇਰਾ ਵਿਆਹ ਵੀ ਹੋਣੈ।” ਮੈਨੂੰ ਕਾਕਾ ਕਹਿਣਾ ਉਹਦਾ ਸੁਭਾਅ ਬਣ ਗਿਆ ਸੀ। ਦੂਜੀ ਵਾਰੀ ਲਾਡ ਨਾਲ ਉਹਨੇ ਦੋ ਵਾਰ ਮੱਥਾ ਮੇਰਾ ਤਾਂ ਚੁੰਮਿਆ, ਜਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਐਤਵਾਰ ਦੇ ਅੰਕ ਵਿਚ ਤਕਰੀਬਨ ਪੌਣਾ ਸਫਾ ਉਹਦੇ ਨਾਲ ਖੁੱਲ੍ਹੀਆਂ ਗੱਲਾਂ ਦਾ ਛਪਿਆ ਸੀ। ਉਹ ਉਸ ਦਿਨ ਕਹਿ ਰਹੀ ਸੀ, “ਅੱਜ ਮੇਰੇ ਬਾਰੇ ਸਭ ਤੋਂ ਵੱਡਾ ਲੇਖ ਨਹੀਂ, ਸਭ ਤੋਂ ਪਿਆਰਾ ਲੇਖ ਛਪਿਆ ਹੈ। ਹੁਣ ਮੈਂ ਸਮਝਦੀ ਹਾਂ ਕਿ ਮੈਂ ਕੁਝ ਨਹੀਂ, ਕਈ ਕੁਝ ਹਾਂ।”
ਜ਼ਿਲ੍ਹਾ ਸਰਗੋਧਾ (ਪਾਕਿਸਤਾਨ) ਦੇ ਚੱਕ ਨੰਬਰ 120 ਵਿਚ 1943 ਨੂੰ ਜਨਮੀ ਨਰਿੰਦਰ ਬੀਬਾ ਨੇ ਸਿਰਫ 54 ਵਰ੍ਹਿਆਂ ਦੀ ਉਮਰ ਭੋਗੀ। ਪੰਜਾਬੀ ਦੀਆਂ ਮਹਾਨ ਗਾਇਕਾਵਾਂ ਵਿਚੋਂ ਸਭ ਤੋਂ ਘੱਟ ਉਮਰ ਉਹਦੇ ਹਿੱਸੇ ਹੀ ਆਈ।
1986 ਵਿਚ ਖਾੜਕੂਆਂ ਨੇ ਪੇਂਡੂ ਅਖਾੜਿਆਂ ਦੌਰਾਨ ਕਈ ਗਾਇਕਾਂ ਦੀ ਖਿੱਚ-ਧੂਹ ਤਾਂ ਸ਼ੁਰੂ ਕਰ ਦਿੱਤੀ ਸੀ, ਪਰ ਇਸ ਗੱਲ ਦੀ ਕਿਸੇ ਨੂੰ ਉਕਾ ਹੀ ਆਸ ਨਹੀਂ ਸੀ ਕਿ ਇਹ ਏæਕੇæ ਸੰਤਾਲੀਆਂ ਦੇ ਮੂੰਹ ਇਨ੍ਹਾਂ ਵੱਲ ਵੀ ਘੁਮਾਉਣਗੇ। ਉਦੋਂ ਹੀ ਦੀਦਾਰ ਸੰਧੂ ਨੇ ਨਾ ਗਾਉਣ ਲਈ ਕੰਨ ਖਿੱਚੇ ਸਨ, ਸੰਦੀਲਾ ਵੀ ਡਰ ਗਿਆ ਸੀ, ਕੁਪੱਤ ਇਕ ਥਾਂ ਸਿੰਘਾਂ ਨੇ ਪਰਮਿੰਦਰ ਸੰਧੂ ਨਾਲ ਵੀ ਕਰ ਦਿੱਤੀ ਸੀ, ਪਰ ਜਦੋਂ ਦਸਵੰਧ ਉਗਰਾਉਣ ਦੇ ਚੱਕਰ ਵਿਚ ਦਫਤਰਾਂ ਵਿਚੋਂ ਬੋਰਡ ਉਤਾਰਨ ਵਾਲਾ ਛਾਂਟਾ ਪਿਆ, ਤਾਂ ਮੈਂ ਸਿੱਖ ਇਤਿਹਾਸ ਨੂੰ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਗਾਉਣ ਵਾਲੀ ਨਰਿੰਦਰ ਬੀਬਾ ਦੀ ਪੀਲੀ ਕੋਠੀ ਵਿਚ ਉਹਦੇ ਨਾਲ ਇਸ ਨਵੇਂ ਉਠੇ ਦੁਖਾਂਤ ਬਾਰੇ ਉਚੇਚੇ ਤੌਰ ‘ਤੇ ਗੱਲ ਕਰਨ ਗਿਆ। ਬਾਅਦ ਦੁਪਹਿਰ ਇਕ ਵਜੇ ਤੱਕ ਵੀ ਉਹ ਆਪਣੇ ਬੈੱਡ ਰੂਮ ਵਿਚ ਲੇਟੀ ਹੋਈ ਸੀ। ਉਹਨੇ ਮੈਨੂੰ ਵੀ ਉਥੇ ਹੀ ਬੁਲਾ ਲਿਆ। ਅਲਗੋਜਿਆਂ ਵਾਲਾ ਬੇਲੀ ਰਾਮ ਪਹਿਲਾਂ ਹੀ ਬੈਠਾ ਸੀ। ਉਹ ਮੈਨੂੰ ਉਠ ਕੇ ਮਿਲੀ, ਅੱਖਾਂ ਭਰ ਲਈਆਂ, ਮੇਰੇ ਸਿਰ ‘ਤੇ ਆਮ ਵਾਂਗ ਹੱਥ ਫੇਰਿਆ, ਤੇ ਕਿੰਨੀ ਦੇਰ ਚੁੱਪ ਰਹੀ।
ਮੈਂ ਆਪ ਹੀ ਗੱਲ ਸ਼ੁਰੂ ਕੀਤੀ, “ਦਫਤਰਾਂ ਵਿਚ ਸੁੰਨ-ਮਸਾਨ ਹੈ, ਸਭ ਸਹਿਮੇ ਤੇ ਡਰੇ ਪਏ ਨੇæææ?”
ਕਾਫ਼ੀ ਸੰਭਲ ਕੇ ਉਹ ਬੋਲੀ, “ਆਹ ਦਿਨਾਂ ਬਾਰੇ ਤਾਂ ਕਦੇ ਸੋਚਿਆ ਤੱਕ ਨਹੀਂ ਸੀ। ਸੰਤਾਲੀ ਵਿਚ ਜ਼ਖ਼ਮੀ ਹੋਏ ਸਾਰੇ ਲੋਕ ਹਾਲੇ ਮਰੇ ਨਹੀਂ, ਜਿਉਂਦੇ ਨੇ; ਉਨ੍ਹਾਂ ਨੂੰ ਪੀੜਾ ਪੁੱਛ ਕੇ ਵੇਖੋ। ਮੈਨੂੰ ਪਰਸੋਂ ਕਿਸੇ ਤੋਂ ਪਤਾ ਲੱਗਾ ਕਿ ਕੁਝ ਮੁੰਡੇ ਅਸਾਲਟਾਂ ਲੈ ਕੇ ਘੁੰਮ ਰਹੇ ਆ, ਉਹ ਸਦੀਕ ਸਾਹਿਬ ਤੇ ਹੋਰ ਕਈ ਗਾਇਕਾਂ ਨੂੰ ਕਹਿ ਕੇ ਗਏ ਆ ਕਿ ਆਪਣਾ ਦਸਵੰਧ ਆਲਮਗੀਰ ਗੁਰਦੁਆਰੇ ਜਮ੍ਹਾਂ ਕਰਵਾਉਣ। ਮੈਂ ਤੇ ਫਕੀਰ ਕੱਲ੍ਹ ਆਲਮਗੀਰ ਗੁਰਦੁਆਰੇ ਗਏ, ਪਈ ਚਲੋæææ ਅਸੀਂ ਇਨ੍ਹਾਂ ਦਾ ਮਿੰਨਤ-ਤਰਲਾ ਕਰ ਲੈਨੇ ਆਂæææ ਗਾਇਕਾਂ ਵਿਚਾਰਿਆਂ ਨੂੰ ਛੱਡ ਦਿਓ, ਇਨ੍ਹਾਂ ਤੂੰਬੀ ਵਜਾਉਣ ਵਾਲਿਆਂ ਨੂੰ ਰਫਲਾਂ, ਸਟੇਨਗੰਨਾਂ ਨਾ ਦਿਖਾਓ। ਗਈ ਤਾਂ ਸੀ ਕਿ ਚਲੋ ਮੇਰੀ ਸੁਣ ਲੈਣਗੇ, ਮੰਨ ਲੈਣਗੇ ਪਰ ਉਥੇ ਕਿਸੇ ਨੇ ਪਰਾਂ ‘ਤੇ ਪਾਣੀ ਈ ਨ੍ਹੀਂ ਪੈਣ ਦਿੱਤਾ। ਸਾਰੇ ਕਹਿਣ, ਸਾਨੂੰ ਨਹੀਂ ਪਤਾ ਕੌਣ ਜਾਂਦਾ ਧਮਕਾਉਣ। ਬੱਸ, ਆਏਂ ਮੂੰਹ ਲਟਕਾ ਕੇ ਆ ਗਈæææ ਰੱਬ ਈ ਜਾਣੇ ਹੁਣ ਅੱਗੇ ਕੀ ਹੋਊ।”
ਉਸ ਦਿਨ ਉਹ ਇਸ ਹੱਦ ਤੱਕ ਭਾਵੁਕ ਸੀ ਕਿ ਉਹਨੇ ਕਈ ਵਾਰ ਇਹ ਵਾਕ ਦੁਹਰਾਇਆ, “ਇਹ ਲੋਕ ਤਾਂ ਗਾਉਣ ਤੋਂ ਸਿਵਾ ਕੁਝ ਕਰਨ ਜੋਗੇ ਹੈ ਈ ਨਹੀਂ। ਮੇਰੇ ਕੋਲ ਵੀ ਘਰ ਈ ਘਰ ਐæææ ਕਾਹਦੇ ਨਾਲ ਖੋਲ੍ਹ ਲਈਏ ਹੋਰ ਕਾਰੋਬਾਰ? ਆਉਂਦਾ ਵੀ ਤਾਂ ਕੁਝ ਨਹੀਂ!”
ਗੱਲ 1986 ਦੇ ਨਵੰਬਰ ਮਹੀਨੇ ਦੀ ਹੈ। ਉਸ ਦਿਨ ਪੰਜਾਬ ਵਿਚ ਕੋਈ ਸਰਕਾਰੀ ਛੁੱਟੀ ਸੀ। ਮੈਂ ਘਰ ਹੀ ਬੈਠਾ ਸਾਂ ਕਿ ਦਸ ਕੁ ਵਜਦੇ ਨੂੰ ਬਾਹਰ ਬੀਬਾ ਦੀ ਕਾਰ ਆ ਕੇ ਰੁਕੀ। ਉਹਦੇ ਨਾਲ ਫਕੀਰ ਸਿੰਘ ਫਕੀਰ ਸੀ, ਬੇਲੀ ਰਾਮ ਤੇ ਘੜਾ ਵਾਦਕ ਕੁੰਢੀਆਂ ਮੁੱਛਾਂ ਵਾਲਾ ਬੰਸੀ ਲਾਲ। ਚਾਹ-ਪਾਣੀ ਪਿਛੋਂ ਮੈਂ ਜਦੋਂ ਪੁੱਛਿਆ, “ਅੱਜ ਦਾ ਕੀ ਪ੍ਰੋਗਰਾਮ ਐ?”
“ਅੱਜ ਮਿਸ਼ਰਾ ਜੀ ਨੇ ਕੁਝ ਗੀਤਾਂ ਦੀ ਰਿਕਾਰਡਿੰਗ ਕਰਨੀ ਐ। ਮੈਂ ਤਿੰਨ ਵਜੇ ਪੁੱਜਣਾ ਜਲੰਧਰ ਦੂਰਦਰਸ਼ਨ।” ਪਰ ਜਿੰਨੇ ਚਾਅ ਨਾਲ ਉਹ ਜਲੰਧਰ ਰੇਡੀਓ ਸਟੇਸ਼ਨ ਤੋਂ ਬਲਵੀਰ ਕਲਸੀ ਤੇ ਸੰਤੋਸ਼ ਮਿਸ਼ਰਾ ਹੋਰਾਂ ਦੀ ਰਿਕਾਰਡਿੰਗ ਬਾਰੇ ਦੱਸਦੀ ਹੁੰਦੀ ਸੀ, ਉਹ ਗੁੰਮ ਜਿਹਾ ਸੀ।
“ਮੈਂ ਵੀ ਨਾਲ ਚੱਲਾਂ?”
“ਅਸ਼ੋਕ, ਆਪਾਂ ਅਨੰਦਪੁਰ ਸਾਹਿਬ ਚੱਲਦੇ ਆਂæææ ਰਿਕਾਰਡਿੰਗ ‘ਤੇ ਜਾਣ ਨੂੰ ਜੀਅ ਜਿਹਾ ਨਹੀਂ ਕਰਦਾ। ਪਹਿਲਾਂ ਸੋਚਿਆ, ਗੁਰਾਈਂ ਚੰਨ ਕੋਲ ਚੱਲਦੀ ਆਂ, ਫਿਰ ਫਿਲੌਰ ਤੋਂ ਗੱਡੀ ਅੱਪਰੇ ਵਿਚ ਤੇਰੇ ਪਿੰਡ ਨੂੰ ਪਾ ਲਈ। ਚੱਲ ਲੀੜੇ ਪਾ, ਚਲੀਏ।”
“ਨਹੀਂ, ਆਪਾਂ ਜਲੰਧਰ ਟੀæਵੀæ ‘ਤੇ ਚੱਲਦੇ ਆਂ। ਅਨੰਦਪੁਰ ਸਾਹਿਬ ਫੇਰ ਜਾ ਆਵਾਂਗੇ।” ਸੋਚਿਆ, ਗਾ ਕੇ ਚਿੱਤ ਹੋਰ ਪਾਸੇ ਪੈ ਜਾਵੇਗਾ।
ਉਹਨੇ ਮੇਰੀ ਗੱਲ ਮੰਨ ਤਾਂ ਲਈ ਪਰ ਊਂ ਉਹ ਜਲੰਧਰ ਤੱਕ ਬੋਲੀ ਬਹੁਤ ਘੱਟ; ਤੇ ਮੈਂ ਬੇਲੀ ਰਾਮ ਤੋਂ ਅਲਗੋਜਿਆਂ ‘ਤੇ ਮਿਰਜ਼ੇ ਦੀਆਂ ਧੁਨਾਂ ਸੁਣਦਾ ਰਿਹਾ।
ਲਖਵਿੰਦਰ ਜੌਹਲ, ਸੁਦੇਸ਼ ਕਲਿਆਣ, ਹਰਜੀਤ ਸਿੰਘ, ਗੋਵਰਧਨ ਸ਼ਰਮਾ, ‘ਕੱਠਿਆਂ ਨੇ ਵੇਟਿੰਗ ਰੂਮ ਵਿਚ ਚਾਹ ਪੀਤੀ। ਉਦਣ ਉਹਨੇ ਗਾਇਆ ਤਾਂ ਸਹੀ, ਪਰ ਉਹਦੇ ਅੰਦਰਲੀ ਨਰਿੰਦਰ ਬੀਬਾ ਜਿਵੇਂ ਜਾਗ ਹੀ ਨਹੀਂ ਸੀ ਸਕੀ। ਉਹਨੇ ਕਈ ਵਾਰ ਮਿਸ਼ਰਾ ਜੀ ਨੂੰ ਵੀ ਕਿਹਾ ਸੀ ਕਿ ਫਿਰ ਆ ਜਾਵੇਗੀ, ਅੱਜ ਰਹਿਣ ਦਿਓæææ।
ਮੈਨੂੰ ਯਾਦ ਹੈ, ਉਸ ਦਿਨ 675 ਰੁਪਏ ਦਾ ਚੈਕ ਉਹਨੂੰ ਸਟੂਡੀਓ ਵਿਚ ਹੀ ਸਾਈਨ ਕਰਵਾ ਕੇ ਦੇ ਦਿੱਤਾ ਸੀ। ਉਹ ਕਾਫ਼ੀ ਥੱਕੀ-ਥੱਕੀ ਲੱਗ ਰਹੀ ਸੀ। ਵਾਪਸੀ ‘ਤੇ ਮੈਂ ਫਗਵਾੜੇ ਉਤਰ ਕੇ ਬੱਸੇ ਪਿੰਡ ਚਲੇ ਗਿਆ, ਹਾਲਾਂਕਿ ਉਹ ਘਰ ਛੱਡਣ ਲਈ ਵਾਰ-ਵਾਰ ਆਖਦੀ ਰਹੀ ਸੀ।
ਉਸ ਦਿਨ ਇੰਨਾ ਦੁਖੀ ਹੋਣ ਦਾ ਭੇਤ ਉਹਨੇ ਆਪ ਤਾਂ ਨਹੀਂ ਦੱਸਿਆ, ਪਰ ਮੈਨੂੰ ਇਹ ਕਨਸੋਅ ਪੈ ਗਈ ਸੀ ਕਿ ‘ਸਾਕਾ ਸਰਹਿੰਦ’ ਤੇ ‘ਚੰਨ ਮਾਤਾ ਗੁਜਰੀ ਦਾ’ ਗਾਉਣ ਵਾਲੀ ਨਰਿੰਦਰ ਬੀਬਾ ਨੂੰ ਵੀ ਧਮਕੀ ਭਰਿਆ ਪੱਤਰ ਮਿਲ ਚੁੱਕਾ ਸੀ। ਕਿਉਂ? ਇਹਦੇ ਬਾਰੇ ਹਾਲੇ ਤੱਕ ਵੀ ਕੋਈ ਇਲਮ ਨਹੀਂ।
ਜਿੱਦਣ ਦੁੱਗਰੀ ਚਮਕੀਲੇ ਦਾ ਭੋਗ ਸੀ, ਉਹ ਕੀਰਤਨ ਅਰੰਭ ਹੋਣ ਵੇਲੇ ਆਈ, ਤੇ ਮੱਥਾ ਟੇਕ ਕੇ ਚੁੱਪ-ਚਾਪ ਚਮਕੀਲੇ ਦੀਆਂ ਭੈਣਾਂ ਦੇ ਪਿਛੇ ਬੈਠ ਗਈ। ਮੈਂ ਉਹਦੇ ਵੱਲ ਜਦੋਂ ਵੀ ਵੇਖਦਾ, ਉਹ ਐਨਕਾਂ ਉਤਾਰ ਕੇ ਚੁੰਨੀ ਦੇ ਪੱਲੇ ਨਾਲ ਵਾਰ-ਵਾਰ ਅੱਖਾਂ ਪੂੰਝ ਰਹੀ ਹੁੰਦੀ।
ਜਦੋਂ ਸ਼ਰਧਾਂਜਲੀ ਭੇਟ ਕਰਨ ਦਾ ਵੇਲਾ ਆਇਆ, ਜੱਸੋਵਾਲ ਮੇਰੇ ਕੰਨ ਵਿਚ ਕਹਿਣ ਲੱਗਾ, “ਜਾਹ, ਬੀਬਾ ਨੂੰ ਪੁੱਛ ਕੇ ਆæææ ਕੁਛ ਬੋਲਣੈ?”
ਮੈਂ ਸਵਰਨ ਸਿਵੀਏ ਨੂੰ ਕਿਹਾ, “ਤੂੰ ਜਾ ਆ, ਬੀਬੀਆਂ ਵਿਚ ਜਾਣਾ ਮੈਨੂੰ ਔਖਾ ਜਿਹਾ ਲਗਦੈ।”
ਉਹ ਪਹਿਲਾਂ ਹੀ ਭਰਿਆ ਪਿਆ ਸੀ, ਫਿਸ ਪਿਆ, “ਮੈਥੋਂ ਨਹੀਂ ਕਹਿ ਹੋਣਾ ਕਿਸੇ ਨੂੰ ਜਾ ਕੇ।”
ਹੌਲੀ-ਹੌਲੀ ਮੈਂ ਬੀਬਾ ਦੇ ਕੋਲ ਜਾ ਕੇ ਬੈਠ ਗਿਆ। ਗੁਲਸ਼ਨ, ਰਣਜੀਤ ਕੌਰ, ਕੁਲਦੀਪ ਕੌਰ ਵੀ ਅੱਖਾਂ ਥਾਣੀਂ ਦੱਸ ਰਹੀਆਂ ਸਨ ਕਿ ਦੁੱਖ ਡਾਢਾ ਈ ਐ। ਮੈਂ ਬੀਬਾ ਨੂੰ ਮਲਕ ਦੇਣੀ ਪੁੱਛਿਆ, “ਤੁਸੀਂ ਕੁਝ ਬੋਲੋਗੇ ਚਮਕੀਲੇ ਬਾਰੇ? ਮੈਨੂੰ ਜੱਸੋਵਾਲ ਨੇ ਭੇਜਿਐ।”
“ਨਹੀਂæææ ਹੁਣ ਬੋਲਣ ਲਈ ਬਚਿਆ ਹੀ ਕੀ ਐ। ਜੱਸੋਵਾਲ ਨੂੰ ਕਹਿ ਦੇਈਂ, ਗੋਲੀਆਂ ਵੀ ਦੱਸ ਦੇਵੇ ਕਿੰਨੀਆਂ ਮਾਰੀਆਂ ਨੇ ਗਰੀਬੜਿਆਂ ਦੇ।” ਤੇ ਉਹ ਚੁੰਨੀ ਦਾ ਲੜ ਫਿਰ ਅੱਖਾਂ ‘ਤੇ ਫੇਰਨ ਲੱਗ ਪਈ।
ਖੈਰ! ਉਹ ਉਥੇ ਤਾਂ ਨਹੀਂ ਬੋਲੀ, ਪਰ ਜਦੋਂ ਆਖਰੀ ਰਸਮਾਂ ਵਾਲਾ ਇਹ ਸਮਾਗਮ ਮੁੱਕਿਆ, ਤਾਂ ਸਭ ਆਪੋ-ਆਪਣੇ ਰਾਹੀਂ ਤੁਰਨ ਲੱਗੇ। ‘ਪੰਜਾਬੀ ਟ੍ਰਿਬਿਊਨ’ ਦਾ ਪੱਤਰ ਪ੍ਰੇਰਕ ਸੁਆਲ ਤਾਂ ਸ਼ਾਇਦ ਸ਼ਿੰਦੇ ਨੂੰ ਕਰਨ ਲੱਗਾ ਸੀ, ਪਰ ਨਰਿੰਦਰ ਬੀਬਾ ਗੱਡੀ ਵਿਚ ਬੈਠਣ ਲੱਗਿਆਂ ਆਪ-ਮੁਹਾਰੇ ਬੋਲ ਪਈ ਜਿਵੇਂ ਸ਼ਰਧਾਂਜਲੀ ਭੇਟ ਕਰਨ ਤੋਂ ਰਿਹਾ ਨਾ ਗਿਆ ਹੋਵੇ, “ਹਰ ਯੁੱਗ ਵਿਚ ਲਹਿਰਾਂ ਤਾਂ ਬੜੀਆਂ ਚਲਦੀਆਂ ਰਹੀਆਂ ਹਨ, ਪਰ ਇਹ ਪਹਿਲੀ ਵਾਰ ਵੇਖਿਆ, ਨਿਹੱਥੀਆਂ ਸੁਰਾਂ ਦਾ ਕਤਲ। ਜੀ-ਜੀ ਕਰਨ ਵਾਲੇ ਗਵੱਈਆਂ ਦੇ ਛਲਣੀ ਹੁੰਦੇ ਸਰੀਰæææ ਓਹ ਮੁੰਡਿਓ! ਹੋਸ਼ ਕਰੋæææ ਪਤਾ ਨ੍ਹੀਂ ਕੀ ਹੋ ਗਿਐ ਥੋਨੂੰæææ।” ਤੇ ਉਹ ਭਰੀ-ਪੀਤੀ ਚਲੇ ਗਈ।
ਨਰਿੰਦਰ ਬੀਬਾ ਦੇ ਗੀਤ, ਲੋਕ ਗੀਤ ਬਣੇ। ਦੀਪਕ ਜੈਤੋਈ ਰਚਿਤ ‘ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ’, ‘ਧੀਆਂ ਕਰ ਚੱਲੀਆਂ ਸਰਦਾਰੀ’ ਉਹਦੇ ਗਾਏ ਅਮਰ ਗੀਤ ਹਨ। ਗੁਰਦੇਵ ਮਾਨ ਦਾ ਗੀਤ ‘ਆ ਜਾ ਚਲੀਏ ਸਕੂਲੇ’ ਉਹਦਾ ਪਹਿਲਾ ਰਿਕਾਰਡ ਗੀਤ ਸੀ। ਸੱਸੀ-ਪੁਨੂੰ ਤੇ ਮਿਰਜ਼ਾ-ਸਾਹਿਬਾਂ ਦੇ ਸੰਗੀਤਕ ਰੂਪਕ ਆਲ ਇੰਡੀਆ ਰੇਡੀਓ ਨੇ ਸਿਰਫ ਨਰਿੰਦਰ ਬੀਬਾ ਦੇ ਨਸ਼ਰ ਕੀਤੇ। ਉਹ ਯਮਲੇ ਜੱਟ ਦੀ ਸ਼ਾਗਿਰਦ ਸੀ, ਪਰ ਕਲਾਸੀਕਲ ਸੰਗੀਤ ਵਿਚ ‘ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ, ਚੰਡੀਗੜ੍ਹ ਰਹਿਣ ਵਾਲੀਏ’ ਦੋਗਾਣੇ ਵਾਲਾ ਮਾਸਟਰ ਹਰੀਦੇਵ ਉਹਦਾ ਉਸਤਾਦ ਸੀ। ਉਹਨੇ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਗੁਰਚਰਨ ਪੋਹਲੀ, ਕਰਨੈਲ ਗਿੱਲ, ਦੀਦਾਰ ਸੰਧੂ ਤੇ ਆਪਣੇ ਭਰਾਵਾਂ- ਫਕੀਰ ਸਿੰਘ ਫਕੀਰ ਤੇ ਰਣਬੀਰ ਸਿੰਘ ਰਾਣਾ ਨਾਲ ਵੀ ਦੋ-ਗਾਣੇ ਗਾਏ। ਮੁਹੰਮਦ ਰਫੀ ਨਾਲ ‘ਇੰਨੀ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ, ਨਾਲੇ ਵੰਗ ਟੁੱਟ ਗਈ ਨਾਲੇ ਬਾਂਹ ਟੁੱਟ ਗਈ’ ਗਾ ਕੇ ਉਹਦੀ ਫਿਲਮਾਂ ਲਈ ਗਾਉਣ ਦੀ ਰੀਝ ਪੂਰੀ ਹੋਈ। ਉਹ ਮੰਨਦੀ ਸੀ ਕਿ ਚੰਨ ਗੁਰਾਇਆ ਵਾਲੇ ਦੇ ਗੀਤ ਗਾ ਕੇ ਉਹਨੂੰ ਤਾਂ ਪ੍ਰਸਿੱਧੀ ਮਿਲੀ ਹੀ, ਸਤਿਕਾਰ ਚੰਨ ਦਾ ਵੀ ਵਧਿਆ।
ਦਿਲਸ਼ਾਦ ਅਖਤਰ ਦੇ ਕਤਲ ਖਿਲਾਫ ਰੋਸ ਮੁਜ਼ਾਹਰਾ ਨਰਿੰਦਰ ਬੀਬਾ ਦੇ ਘਰੋਂ ਸ਼ੁਰੂ ਹੋਇਆ ਸੀ। ਮੁਖਤਿਆਰ ਮਣਕੇ ਵਰਗੇ ਦਿਲਸ਼ਾਦ ਦੇ ਸ਼ਾਗਿਰਦ ਇਕ ਪੁਲਿਸ ਵਾਲੇ ਨੂੰ ਕੁੱਟਣ ਪਏ, ਤਾਂ ਬੀਬਾ ਨੇ ਰੋਕਿਆ, “ਨਹੀਂ, ਸਾਰੇ ਉਸ ਕੁੱਤੇ ਥਾਣੇਦਾਰ ਵਰਗੇ ਨਹੀਂ।” ਪਹਿਲੀ ਵਾਰ ਸੀ ਜਦੋਂ ਲੰਮੀਆਂ ਹੇਕਾਂ ਲਾਉਣ ਵਾਲੀ ਨਰਿੰਦਰ ਬੀਬਾ ਘਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਕਈ ਵਾਰ ਰੋਈ, ਕਈ ਵਾਰ ਪਿੱਟੀ, ਤੇ ਪਾਣੀ ਪੀ-ਪੀ ਗਾਇਕਾਂ ਦੇ ਕਾਤਲਾਂ ਨੂੰ ਕੋਸਦੀ ਰਹੀ।
ਮੈਂ 1997 ਵਿਚ ਨਰਿੰਦਰ ਬੀਬਾ ਦੇ ਮਰਨ ਦੀਆਂ ਘੜੀਆਂ ਤੱਕ ਬਹੁਤ ਨੇੜੇ ਰਿਹਾ ਹਾਂ, ਬੜੇ ਦੁੱਖ ਤੇ ਸੁੱਖ ਦੇਖੇ, ਖੁਸ਼ੀ-ਗਮੀ ‘ਤੇ ਮਿਲਦੇ ਰਹੇ। ਉਹਨੇ ਢਾਡੀਆਂ ਤੋਂ ਬਾਅਦ, ਕੁਲਦੀਪ ਮਾਣਕ ਵਾਂਗ ਸਭ ਤੋਂ ਵੱਧ ਸਿੱਖ ਇਤਿਹਾਸ ਗਾਇਆ, ਪਰ ਕਿਸੇ ਵੀ ਸਿੰਘ ਸਭਾ ਨੇ ਗੁਰੂ ਘਰ ਵਿਚ ਤੇ ਸਿੱਖ ਸੰਸਥਾਵਾਂ ਨੇ ਦੋਹਾਂ ਨੂੰ ਯਾਦ ਕਰਨ ਲਈ ਪਾਠ ਤਾਂ ਕੀ ਕਰਵਾਉਣਾ ਸੀ, ਸ਼ਾਂਤੀ ਲਈ ਅਰਦਾਸ ਵੀ ਨਹੀਂ ਕੀਤੀ!
ਗੱਲ ਬਣੀ ਕੀ ਨਹੀਂ
ਬੱਕਰੇ ਤੋਂ ਡਰੇ ਕਸਾਈ
ਸਾਥੋਂ ਗਿਆ ਪਛਾਣਿਆ ਨਾ ਜਗਤ ਸਿਹੁੰ ਨਾ ਜੱਗੀ।
ਤਾਹੀਓਂ ਖਾਂਦੇ ਆ ਰਹੇ ਬੜੇ ਚਿਰਾਂ ਦੀ ਠੱਗੀ।
ਸਾਧ ਬੜਾ ਬਦਨਾਮ ਹੈ ਕਰੇ ਜਾਰੀ ਫਰਮਾਨ,
ਲਗਦੈ ਉਹ ਨਹੀਂ ਜਾਣਦਾ ਕੀਹਦੀ ਕਿਥੇ ਲੱਗੀ।
ਚੌਕ ਵਿਚ ਗਿੱਲਾ ਪਾ ਲਿਆ ਨੇਤਾ ਜੀ ਨੇ ਪੀਣ੍ਹ।
ਸੱਪ ਕਿਉਂ ਨਹੀਂ ਮੇਲ੍ਹਦਾ ਵੱਜੀ ਜਾਂਦੀ ਬੀਨ।
ਗੋਰਖ ਵੋਟਾਂ ਮੰਗਦਾ ਸਭ ਚੁੱਕਣ ਲਈ ਰੋਗ।
ਚੇਲਿਆਂ ਨੂੰ ਹੁਣ ਦਊਗਾ ਲੋਕ ਕੁੱਟਣ ਦਾ ਜੋਗ।
ਦੂਰੋਂ ਖੜ੍ਹਾ ਹੀ ਵੇਖਦੈ ਭਗਤ ਸਿਹੁੰ ਦਾ ਬੁੱਤ।
ਇਹ ਨਾ ਬੰਦੇ ਬਣਨਗੇ ਨਾ ਬੰਦੇ ਦੇ ਪੁੱਤ।
ਲੀੜੇ ਹੀ ਨੇ ਬਦਲ ਕੇ ਉਹੀ ਜਾਂਦੇ ਆਈ।
ਬੱਕਰਾ ਅੱਖਾਂ ਕੱਢਦਾ ਅੰਦਰੋਂ ਡਰੇ ਕਸਾਈ।
ਕੋਈ ਨਹੀਂ ‘ਭੌਰੇ’ ਬਚੇਗੀ ਹੁਣ ਕੈਦੋਂ ਦੀ ਲੱਤ।
ਪਿੰਜਰੇ ਰਿੱਛ ਪਾ ਦੇਣਗੇ ਲੋਕ ਉਤਾਰ ਕੇ ਜੱਤ।
-ਐਸ਼ ਅਸ਼ੋਕ ਭੌਰਾ