ਫੌਜੀ ਬੰਤਾ ਸਿੰਘ

ਕੈਨੇਡਾ ਵੱਸਦੇ ਕਹਾਣੀਕਾਰ ਸਾਧੂ ਬਿਨਿੰਗ ਦੀ ਕਹਾਣੀ ‘ਫੌਜੀ ਬੰਤਾ ਸਿੰਘ’ ਵਿਚ ਪਿਛਲੀ ਉਮਰੇ ਪਰਾਈ ਧਰਤੀ ਉਤੇ ਦਿਨ ਲੰਘਾ ਰਹੇ ਬਜ਼ੁਰਗਾਂ ਦੀ ਜ਼ਿੰਦਗੀ ਉਤੇ ਝਾਤੀ ਪੁਆਉਂਦੀ ਹੈ। ਬੰਤਾ ਸਿੰਘ ਅਤੇ ਮੈਂ ਪਾਤਰ ਦੀਆਂ ਗੱਲਾਂ-ਬਾਤਾਂ ਰਾਹੀਂ ਲੇਖਕ ਨੇ ਪਰਦੇਸੀ ਹੋਏ ਬੰਦੇ ਦੀ ਕਹਾਣੀ ਅਤੇ ਉਸ ਨਾਲ ਜੁੜੇ ਮਸਲਿਆਂ ਉਤੇ ਭਰਵੀਂ ਨਿਗ੍ਹਾ ਪੁਆਈ ਹੈ।

ਇਨ੍ਹਾਂ ਮਸਲਿਆਂ ਅੰਦਰ ਹੀ ਬੰਦੇ ਦੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਅੰਬਰਾਂ ਤੱਕ ਉਡਦੀਆਂ ਜਾਪਦੀਆਂ ਹਨ ਅਤੇ ਨਾਲ ਹੀ ਵੱਡੇ-ਵੱਡੇ ਗਮ ਧਰਤ ਉਤੇ ਵਿਛਦੇ ਮਹਿਸੂਸ ਹੁੰਦੇ ਹਨ। -ਸੰਪਾਦਕ

ਸਾਧੂ ਬਿਨਿੰਗ

ਬੰਤਾ ਸਿੰਘ ਘਰ ਦੀਆਂ ਪੌੜੀਆਂ ਕੋਲ ਖੜ੍ਹਾ ਨਾ ਦਿਸਿਆ। ਘਰ ਬੜਾ ਰੁੱਖਾ ਤੇ ਵੀਰਾਨ ਜਿਹਾ ਲੱਗਾ। ਲਿਫ਼ਿਆ, ਸਿਆਣਾ ਸਰੀਰ ਸੋਟੀ ‘ਤੇ ਝੁਕਿਆ, ਪੌੜੀਆਂ ਕੋਲ ਖੜ੍ਹਾ ਉਹ ਘਰ ਦੇ ਚਿਹਰੇ ਮੋਹਰੇ ਦਾ ਇਕ ਅੰਗ ਹੀ ਤਾਂ ਲੱਗਦਾ ਹੁੰਦਾ ਸੀ। ਮੀਂਹ-ਕਣੀ ਹੋਵੇ ਜਾਂ ਬਰਫ਼ਬਾਰੀ, ਮੇਰੇ ਆਉਣ ਤੱਕ ਉਹ ਜ਼ਰੂਰ ਆਪਣੀ ਥਾਂ ਆ ਖੜ੍ਹਦਾ। ਕਦੀ ਉਹ ਆਪਣੇ ਦਸ ਸਾਲ ਪਹਿਲਾਂ ਦੇਸੋਂ ਲਿਆਂਦੇ ਕਾਲੇ ਕੋਟ ਪੈਂਟ ਵਿਚ ਹੁੰਦਾ ਤੇ ਕਦੀ ਮੈਲੇ ਤੇ ਘਸੇ ਹੋਏ ਕੁੜਤੇ ਪਜਾਮੇ ਵਿਚ। ਮੈਨੂੰ ਘਰ ਵੱਲ ਆਉਂਦੇ ਨੂੰ ਸੱਜੇ ਹੱਥ ਦਾ ਸਲੂਟ ਮਾਰਦਾ। ਜੇ ਕਦੀ ਸੱਜਾ ਹੱਥ ਸੋਟੀ ‘ਤੇ ਝੁਕਾਇਆ ਹੁੰਦਾ ਤਾਂ ਖੱਬੇ ਹੱਥ ਦਾ ਸਲੂਟ ਵੀ ਠੋਕ ਦਿੰਦਾ। ਇੰਜ ਕਰਦਾ ਉਹ ਬੜਾ ਹਾਸੋਹੀਣਾ ਲੱਗਦਾ ਤੇ ਹਰ ਵਾਰ ਮੇਰਾ ਹਾਸਾ ਨਿਕਲ ਜਾਂਦਾ। ਬੰਤਾ ਸਿੰਘ ਵੀ ਬਿਨਾਂ ਕਿਸੇ ਗਿਲੇ ਦੇ ਹਾਸੇ ਵਿਚ ਸ਼ਰੀਕ ਹੋ ਜਾਂਦਾ।
ਹਰ ਰੋਜ਼ ਦਸ-ਪੰਦਰਾਂ ਮਿੰਟ ਉਹਦੇ ਨਾਲ ਗੱਪਾਂ ਮਾਰਨ ਦੀ ਮੇਰੀ ਵੀ ਆਦਤ ਜਿਹੀ ਬਣ ਗਈ ਸੀ। ਉਸ ‘ਸਟਰੀਟ’ ਦੇ ਬਾਕੀ ਘਰਾਂ ਵਿਚ ਮੈਂ ਬੜੀ ਤੇਜ਼ੀ ਨਾਲ ਚਿੱਠੀਆਂ ਸੁੱਟਦਾ ਚਲੇ ਜਾਂਦਾ, ਪਰ ਉਹਦੇ ਕੋਲ ਜ਼ਰੂਰ ਰੁਕਦਾ, ਭਾਵੇਂ ਕਿੰਨੀ ਵੀ ਕਾਹਲ ਵਿਚ ਹੁੰਦਾ। ਲੋਕਾਂ ਦੇ ਰੁੱਖੇ ਵਰਤਾਅ ਕਾਰਨ ਮੈਨੂੰ ਉਸ ਇਲਾਕੇ ਨਾਲ, ਜਿੱਥੇ ਮੈਂ ਪਿਛਲੇ ਛੇਆਂ-ਸੱਤਾਂ ਸਾਲਾਂ ਤੋਂ ਡਾਕ ਵੰਡਦਾ ਆ ਰਿਹਾ ਸੀ, ਕੋਈ ਦਿਲੀ ਲਗਾਅ ਨਹੀਂ। ਲੋਕਾਂ ਦੇ ਸੋਹਣੇ ਸਾਂਭੇ ਸੰਵਾਰੇ ਘਰ ਮੇਰੇ ਲਈ ਫੈਕਟਰੀ ਵਾਂਗ ਹੀ ਸਨ ਜਿਥੇ ਮੈਂ ਆਪਣੀ ਰੋਟੀ ਕਮਾਉਂਦਾ ਸੀ। ਚਾਰ-ਸਾਢੇ ਚਾਰ ਸੌ ਘਰਾਂ ਵਿਚੋਂ ਪੰਦਰਾਂ-ਵੀਹ ਘਰ ਪੰਜਾਬੀਆਂ ਦੇ ਵੀ ਸਨ, ਪਰ ਉਨ੍ਹਾਂ ਵਿਚੋਂ ਸਿਰਫ਼ ਬੰਤਾ ਸਿੰਘ ਦਾ ਘਰ ਹੀ ਮੇਰੇ ਅੰਦਰ ਕੋਈ ਖਿੱਚ ਰੱਖਦਾ ਸੀ। ਪੈਰ ਉਤੇ ਸੱਟ ਲੱਗ ਜਾਣ ਕਰ ਕੇ ਮੈਂ ਦੋ ਕੁ ਮਹੀਨੇ ਕੰਮ ‘ਤੇ ਨਹੀਂ ਸੀ ਆ ਸਕਿਆ। ਤੇ ਅੱਜ ਬੰਤਾ ਸਿੰਘ ਨੂੰ ਉਥੇ ਖੜ੍ਹਾ ਨਾ ਦੇਖ ਕੇ ਉਦਾਸ ਜਿਹਾ ਹੋ ਗਿਆ।
ਤਿੰਨ-ਚਾਰ ਦਿਨ ਬੀਤ ਗਏ ਪਰ ਬੰਤਾ ਸਿੰਘ ਨਾ ਦਿਸਿਆ। ਮੈਂ ਸੋਚਿਆ, ਸ਼ਾਇਦ ਬਿਮਾਰ ਹੋਵੇ ਜਾਂ ਕਿਧਰੇ ਆਪਣੇ ਛੋਟੇ ਮੁੰਡੇ ਕੋਲ ਈ ਨਾ ਚਲਾ ਗਿਆ ਹੋਵੇ, ਜਾਂ ਸ਼ਾਇਦ ਉਹਨੂੰ ਪਤਾ ਈ ਨਾ ਹੋਵੇ, ਪਈ ਮੈਂ ਹੁਣ ਕੰਮ ਉਤੇ ਆਉਂਦਾ ਹਾਂ।
ਇਹੋ ਜਿਹੀਆਂ ਸੋਚਾਂ ਸੋਚਦਾ ਜਦ ਉਨ੍ਹਾਂ ਦੇ ਘਰ ਕੋਲ ਜਾਂਦਾ ਤਾਂ ਉਹਦੀ ਗੈਰ-ਹਾਜ਼ਰੀ ਵਿਚ ਮੈਨੂੰ ਉਹਦੀ ਕੋਈ ਨਾ ਕੋਈ ਗੱਲ ਯਾਦ ਆ ਜਾਂਦੀ। ਇਕ ਵਾਰੀ ਮੈਂ ਅਜੇ ਉਨ੍ਹਾਂ ਦੇ ਘਰ ਤੋਂ ਅੱਧਾ ਬਲਾਕ ਪਰ੍ਹੇ ਹੀ ਸਾਂ, ਤਾਂ ਉਹ ਸੋਟੀ ਦੇ ਸਹਾਰੇ ਦੌੜਦਿਆਂ ਵਾਂਗ ਮੇਰੇ ਕੋਲ ਆਇਆ, “ਦਾਤਿਓ, ਬੜੀ ਦੇਰ ਲਾ’ਤੀ ਅੱਜ ਤਾਂ। ਮੈਂ ਕਿਹਾ, ਹੁਣ ਵੀ ਆਉਂਦੈ ਹੁਣ ਵੀ। ਡੂੜ ਘੰਟਾ ਹੋ ਗਿਆ ਹਊ ‘ਡੀਕਦੇ ਨੂੰ।” “ਮੈਂ ਤਾਂ ਅੱਗੇ ਵਾਲੇ ਟਾਇਮ ਹੀ ਆਇਆਂ। ਤੈਨੂੰ ਕੋਈ ਕਾਹਲੀ ਜਾਪਦੀ ਆ”, ਮੈਂ ਕਹਿੰਦਿਆਂ ਅਗਲੇ ਘਰ ਚਿੱਠੀਆਂ ਸੁੱਟਣ ਚਲੇ ਗਿਆ ਤੇ ਉਹ ਸੜਕ ‘ਤੇ ਖੜ੍ਹਾ ਬੇਚੈਨ ਲੱਗ ਰਿਹਾ ਸੀ। ਬਾਕੀ ਦੇ ਘਰਾਂ ਵਿਚ ਚਿੱਠੀਆਂ ਸੁਟ ਕੇ ਮੈਂ ਉਹਦੇ ਕੋਲ ਆ ਖੜ੍ਹਿਆ।
“ਕੀ ਗੱਲ ਹੋਈ, ਅੱਜ ਤਾਂ ਬੜਾ ਘਾਬਰਿਆ ਲਗਦੈਂ।”
“ਘਾਬਰਨਾ ਕਾਹਦਾ, ਮੈਂ ਕਿਹਾ ਪਾੜ੍ਹੇ ਨੂੰ ਪੁੱਛਦੇ ਆਂ, ਪਈ ਇਹ ਗੱਲ ਸੱਚੀ ਵੀ ਆ। ਆਹ ਕੱਲ੍ਹ ਚਿੱਠੀ ਆਈ ਸੀ ਗੌਰਮਿੰਟ ਦੀæææਅਖੇ ‘ਚੈਕ’ ਕਰਨ ਆਉਣਾ, ਪਈ ਮੇਰਾ ਖਾਣ-ਪੀਣ ਦਾ ਤੇ ਰਹਿਣ ਦਾ ਖਰਚ ਕਿੰਨਾ ਕੁ ਆਉਂਦਾ ਆ। ਮੇਰੇ ਕੋਲ ‘ਮਨੀ’ ਕਿੰਨੀ ਕੁ ਆ। ਮੇਰੇ ਜੁਆਨਾ ‘ਬੰਕ’ ਵਿਚ ਥੋੜ੍ਹੇ ਜਿਹੇ ਪੈਸੇ ਹੈਗੇ ਆ, ਮੈਂ ਕਿਹਾ, ਪਈ ਜੇ ਕੋਈ ਇੱਦਾਂ ਦੀ ਗੱਲ ਆ ਤਾਂ ਉਰੇ-ਪਰੇ ਕਰ ਦਿੰਦੇ ਆਂ।” ਗੱਲਾਂ ਕਰਦਾ ਉਹ ਸਹਿਮਿਆ ਜਿਹਾ ਦੋਹਾਂ ਹੱਥਾਂ ਦਾ ਭਾਰ ਸੋਟੀ ਉਤੇ ਦਈ ਮੋਹਰ ਨੂੰ ਝੁਕਿਆ ਖੜ੍ਹਾ ਸੀ। ਮੈਨੂੰ ਗੱਲ ਦੀ ਪੂਰੀ ਸਮਝ ਤਾਂ ਨਾ ਆਈ ਪਰ ਮੈਂ ਕਿਹਾ, “ਐਵੀਂ ਤੁਹਾਡੇ ਸਿਆਣਿਆਂ ਦੀਆਂ ਪੈਨਸ਼ਨਾਂ ਵਧਾਉਣ ਲਈ ਕੋਈ ‘ਸਰਵੇ’ ਵਗੈਰਾ ਕਰਦੇ ਹੋਣੇ ਆ। ਤੇਰੇ ਆਪਣੇ ਪੈਸਿਆਂ ਨੂੰ ਕੋਈ ਨਹੀਂ ਛੇੜਦਾ। ਤੂੰ ਬੇਫਿਕਰ ਰਹਿ।”
ਮੇਰੀ ਗੱਲ ਨਾਲ ਉਹਦੀ ਰਤਾ ਵੀ ਤਸੱਲੀ ਨਾ ਹੋਈ, ਕਹਿਣ ਲੱਗਾ, “ਤੈਨੂੰ ਨ੍ਹੀਂ ਪਤਾ ਕਾਕਾ ਇਨ੍ਹਾਂ ਗੋਰਿਆਂ ਦਾ, ਇਨ੍ਹਾਂ ਨੇ ਸਾਡੀ ਹਿੰਦੂਆਂ ਦੀ ਪੈਨਸ਼ਨ ਬੰਦ ਕਰਨੀ ਹੋਊ। ਇਨ੍ਹਾਂ ਨੂੰ ਪਤੈ, ਪਈ ਖਰਚ ਤਾਂ ਭੋਰਾ ਨ੍ਹੀਂ ਕਰਦੇ, ਇਸ ਕਰ ਕੇ ਸਮਝਦੇ ਹੋਣੇ ਆ, ਪਈ ਇਨ੍ਹਾਂ ਪੈਸੇ ਕੀ ਕਰਨੇ ਆ।”
ਮੈਂ ਉਹਦੀ ਗੱਲ ਸੁਣ ਕੇ ਹੱਸਣ ਲੱਗ ਪਿਆ। ਉਹਨੂੰ ਮੇਰਾ ਇੰਜ ਹੱਸਣਾ ਬੜਾ ਅਜੀਬ ਲੱਗਾ। ਉਹ ਪੂਰੀ ਸੰਜੀਦਗੀ ਨਾਲ ਕਹਿਣ ਲੱਗਾ, “ਗੱਲ ਹੱਸਣ ਵਾਲੀ ਨ੍ਹੀਂ ਬਾਬੂ ਜੀ, ਸਾਡੇ ਨਾਲ ਇੱਦਾਂ ਹੋ ਚੁੱਕੀ ਆ। ਮੈਂ ਉਦੋਂ ਪਟਿਆਲੇ ਹੁੰਦਾ ਸੀ ਰਸਾਲੇ ‘ਚ। ਸੰਨ ਤੇਤੀ ਦੀ ਗੱਲ ਹੋਣੀ ਆ। ਸਾਨੂੰ ਹਿੰਦੋਸਤਾਨੀ ਸਿਪਾਹੀਆਂ ਨੂੰ ਜਿੰਨੀ ਤਨਖਾਹ ਮਿਲਦੀ, ਅਸੀਂ ਸਾਰੀ ਬਚਾ ਲੈਂਦੇ ਤੇ ਗੋਰੇ ਸਾਰੀ ਦੀ ਸਾਰੀ ਉਡਾ ਦਿੰਦੇ। ਅੰਗਰੇਜ਼ ਨੇ ਸੋਚਿਆ, ਪਈ ਇਹ ਹਿੰਦੋਸਤਾਨੀ ਤਾਂ ਪੈਸਾ ਖਰਚਦੇ ਈ ਨਈਂ, ਇਨ੍ਹਾਂ ਨੇ ਵਾਧੂ ਪੈਸੇ ਕੀ ਕਰਨੇ ਆ। ਲਓ ਜੀ, ਉਨ੍ਹਾਂ ਨੇ ਸਾਡੀ ਤਨਖਾਹ ਘਟਾ ਦਿੱਤੀ ਤੇ ਗੋਰਿਆਂ ਦੀ ਵਧਾ ਦਿੱਤੀ।” ਮੈਨੂੰ ਬੰਤਾ ਸਿੰਘ ਦੀ ਅਜੀਬ ਦਲੀਲ ਨੇ ਲਾਜਵਾਬ ਕਰ ਦਿੱਤਾ। ਮੈਂ ਬੜੀ ਮੁਸ਼ਕਿਲ ਨਾਲ ਉਹਨੂੰ ਸਮਝਾਇਆ, ਪਈ ਤੇਰੇ ਬੈਂਕ ਦੇ ਪੈਸੇ ਅੱਵਲ ਤਾਂ ਉਹ ਦੇਖ ਈ ਨਹੀਂ ਸਕਦੇ, ਜੇ ਤੂੰ ਉਨ੍ਹਾਂ ਨੂੰ ਦੱਸ ਵੀ ਦੇਵੇਂ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਉਹ ਮੇਰੇ ਆਖੇ ਮੰਨ ਤਾਂ ਗਿਆ ਪਰ ਉਹਦੇ ਚਿਹਰੇ ਤੋਂ ਲਗਦਾ ਸੀ ਕਿ ਉਹਦੇ ਅੰਦਰ ਪੈਸੇ ਘਟਣ ਦਾ ਡਰ ਜਿਉਂ ਦਾ ਤਿਉਂ ਕਾਇਮ ਸੀ।
ਬੰਤਾ ਸਿੰਘ ਨੇ ਦੋਹਾਂ ਵੱਡੀਆਂ ਲੜਾਈਆਂ ਦੌਰਾਨ ਸੋਲਾਂ ਸਾਲ ਅੰਗਰੇਜ਼ ਫੌਜ ਦੀ ਨੌਕਰੀ ਕੀਤੀ ਹੋਈ ਸੀ। ਹੁਣ ਤਾਂ ਉਹਨੂੰ ਰਿਟਾਇਰ ਹੋਏ ਨੂੰ ਵੀ ਚਾਲੀ ਸਾਲ ਤੋਂ ਉਪਰ ਹੋ ਚੁੱਕੇ ਸਨ, ਪਰ ਉਹਦੀ ਗੱਲਬਾਤ, ਰੰਗ-ਢੰਗ ਵਿਚ ਫੌਜੀਪੁਣਾ ਪੂਰੀ ਤਰ੍ਹਾਂ ਕਾਇਮ ਸੀ। ਗੁਰਦੁਆਰੇ ਜਿਥੇ ਉਹਦੇ ਵਰਗੇ ਹੋਰ ਬੁੜ੍ਹੇ ਬੈਠੇ ਗੱਲਾਂ ਮਾਰਦੇ, ਉਹ ਉਨ੍ਹਾਂ ਵਿਚ ਕਦੀ ਵੀ ਰਚਦਾ-ਮਿਚਦਾ ਨਹੀਂ ਸੀ। ਰੋਜ਼ ਇਕ-ਅੱਧ ਵਾਰ ਉਥੇ ਜਾਂਦਾ ਜ਼ਰੂਰ, ਪਰ ਕਦੀ ਕਿਸੇ ਨਾਲ, ਕਦੀ ਕਿਸੇ ਨਾਲ ਲੜ-ਝਗੜ ਕੇ ਮੁੜ ਆਉਂਦਾ। ਬਾਕੀ ਦੇ ਤਕਰੀਬਨ ਸਾਰੇ ਸਿਆਣੀ ਉਮਰ ਦੇ ਬੰਦੇ ਪਿੰਡਾਂ ਵਿਚੋਂ ਖੇਤੀ ਕਰਦੇ ਆਏ ਹੋਏ ਸਨ ਤੇ ਇਹ ਆਪਣੇ ਆਪ ਨੂੰ ਉਨ੍ਹਾਂ ਵਿਚ ਫੌਜੀ ਹੋਣ ਕਰ ਕੇ ਜ਼ਰਾ ਚੌਧਰੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਉਹ ਪਿੰਡਾਂ ਦੇ ਸ਼ਿਕਾਰੀ ਬੁੜ੍ਹੇ, ਗੱਪਾਂ ਦੇ ਪੁੱਜ ਕੇ ਮਾਹਿਰ, ਬੰਤਾ ਸਿੰਘ ਨੂੰ ਪਲਾਂ ਵਿਚ ਹੀ ਉਥੋਂ ਭਜਾ ਦਿੰਦੇ। ਮੂੰਹ ਵਿਚ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਉਹ ਸੋਟੀ ਖੜਕਾਉਂਦਾ ਘਰ ਵਲ ਤੁਰ ਪੈਂਦਾ। ਇਕ ਦਿਨ ਗੁਰਦੁਆਰਿਓਂ ਆਉਂਦਾ ਮਿਲਿਆ ਤਾਂ ਮੈਂ ਪੁੱਛਿਆ, “ਬਾਬਾ, ਅੱਜ ਤਾਂ ‘ਮੂਡ’ ਖਰਾਬ ਹੋਇਆ ਲਗਦੈ, ਕੀ ਗੱਲ ਹੋਈ ਆ?”
“ਗੱਲ ਕੀ ਹੋਣੀ ਆ ਯਾਰ। ਆਹ ਜਿਹੜੇ ਗੁਰਦੁਆਰੇ ਬੁੜ੍ਹੇ ਬੈਠੇ ਹੁੰਦੇ ਆ ਨਾ, ਐਨੇ ਗੰਦੇ ਬੰਦੇ। ਤੋਬਾ ਰੱਬ ਦੀ। ਦੇਖੋ ਯਾਰੋ, ਗੁਰੂ ਘਰ ਬੈਠੇ ਰਤਾ ਭੈਅ ਨ੍ਹੀਂ ਖਾਂਦੇ। ਉਪਰਲਾ ਸਭ ਦੇਖਦਾ। ਚੱਕੂ ਇਨ੍ਹਾਂ ਨੂੰ ਇਕ ਦਿਨ, ਛੇਤੀ ਈ ਕਰੂ ਇਨ੍ਹਾਂ ਦੀ ਗੰਦੀ ਜ਼ਬਾਨ ਬੰਦ।” ਤੇ ਬੰਤਾ ਸਿੰਘ ਬੁੜਬੜਾਉਂਦਾ ਮੈਨੂੰ ਕੋਈ ਗੱਲ ਦੱਸੇ ਬਿਨਾਂ ਹੀ ਚਲੇ ਗਿਆ। ਪਿਛਿਓਂ ਮੈਂ ਗੁਰਦੁਆਰਿਓਂ ਨਿਕਲਦੇ ਕਾਲੀ ਪੱਗ ਵਾਲੇ ਬਾਬੇ ਤੇਜੇ ਨੂੰ ਪੁੱØਛਿਆ, “ਬਾਬਾ, ਅੱਜ ਫੌਜੀ ਨੂੰ ਬੜਾ ਭਜਾਇਆ ਬਈ।” ਬੁੜ੍ਹਾ ਤੇਜਾ ਪੁਰਾਣਾ ਕੈਨੇਡੀਅਨ ਸੀ, ਮੇਰੀ ਗੱਲ ਸੁਣ ਕੇ ਹੱਸ ਪਿਆ, “ਜੁਆਨਾ, ਗੱਲ ਕੀ ਹੋਣੀ ਆæææਯੂ ਨੋ, ਫੌਜੀ ਕਿਸੇ ਹੋਰ ਨੂੰ ਗੱਲ ਥੋੜ੍ਹੇ ਕਰਨ ਦਿੰਦੈ ਜਦੋਂ ਲੱਗ ਪਵੇ ਫੌਜ ਦੀਆਂ ਦੱਸਣ। ਅੱਜ ਵੀ ਲੱਗਾ ਸੀ ਹਮਕੋ-ਤੁਮਕੋ ਕਰਨ। ਮੂਹਰਿਓਂ ਬਿਸ਼ਨਾ ਲੰਬੜ ਵੀ ਯੂ ਨੋ ਪੂਰਾ ‘ਡਰਵੀ-ਮਾਈਂਡਡ’ ਆ। ਫੌਜੀ ਨੂੰ ਕਹਿਣ ਲੱਗਾ, ਬੁੜਿਆ ਇਥੇ ਆ ਕੇ ਸਾਡੀ ਪਰੇਡ ਕਰਾਉਂਦਾ ਰਹਿੰਨੈਂ, ਬੁੜ੍ਹੀ ਤੇਰੀ ਨੂੰ ਮੁੰਡੇ ਨੇ ਕਦੀ ਬੇਸਮੈਂਟ ਵਿਚ ਵੀ ਆਉਣ ਦਿੱਤੈ? ਬੰਤਾ ਸਿਓਂ ਇਸ ਗੱਲ ਤੋਂ ਬਹੁਤ ਚਲਦੈ। ਬੱਸ ਗਾਲ੍ਹਾਂ ਕੱਢਦਾ ਭੱਜ ਗਿਆ। ਸਾਰੇ ਜਣੇ ਮਿਲ ਕੇ ਫੌਜੀ ਨੂੰ ਛੇੜਦੇ ਵੀ ਬਹੁਤ ਆ ਯੂ ਨੋ’।”
ਤੇਜੇ ਨੇ ਲਗਦਾ ਸੀ ਆਖਰੀ ਗੱਲ ਦਿਲੋਂ ਬੰਤਾ ਸਿੰਘ ਦੀ ਹਮਾਇਤ ਵਿਚ ਆਖੀ ਸੀ।
ਦਰਅਸਲ ਇਸ ਗੱਲੋਂ ਬੰਤਾ ਸਿੰਘ ਵਾਕਿਆ ਈ ਬਹੁਤ ਖਿਝਦਾ ਸੀ। ਇਕ ਵਾਰੀ ਉਹਨੇ ਮੈਨੂੰ ਦੱਸਿਆ, “ਇਹ ਮੁੰਡਾ ਮੇਰਾ ਬੜਾ ਮਾਤਰæææਆ। ਊਂ ਦੋ ਵੇਲੇ ਪਾਠ ਕਰੂ, ਨਾਲੇ ਐਂ ਦਾੜ੍ਹੀ ਖੁਰਕੀ ਜਾਊ। ਬੁੜ੍ਹੀ ਨੂੰ ਹੁਕਮ ਚਾੜ੍ਹਿਐ, ਪਈ ਉਪਰ ਈ ਰਹੁ, ਥੱਲੇ ਨਹੀਂ ਜਾ ਸਕਦੀ। ਉਹਦੀ ਚੈੱਕ ਵੀ ਕੈਸ਼ ਕਰਾਉਂਦਾ ਆ। ਉਹ ਵਿਚਾਰੀ ਉਤੇ ਬੈਠੀ ਪਾਠ ਕਰਦੀ ਰਹਿੰਦੀ ਆ। ਮੈਂ ਵੀ ਪਹਿਲਾਂ ਜਦੋਂ ਸਾਰੀ ਚੈੱਕ ਦੇ ਦਿੰਦਾ ਸੀ, ਤਾਂ ਉਪਰ ਜਾ ਆਉਂਦਾ ਸੀ। ਰੋਟੀ ਵੀ ਮੇਜ਼ ‘ਤੇ ਬਹਿ ਕੇ ਖਾ ਲੈਂਦਾ ਸੀ। ਹੁਣ ਮੈਂ ਸੌ ਡਾਲਰ ਈ ਮਹੀਨੇ ਦਾ ਦੇਨਾਂ ਤਾਂ ਬੱਸ ਭੁੱਜਿਆ ਪਿਆ। ਮੁੰਡੇ ਹੱਥ ਥੱਲੇ ਈ ਰੋਟੀ ਭੇਜ ਦਊ। ਪਹਿਲਾਂ ਉਤੇ ਬਾਥਰੂਮ ਵੀ ਜਾ ਆਈਦਾ ਸੀ। ਕਿਤੇ ਟੱਬ ਵਿਚ ਬੈਠ ਕੇ ਨਹਾ-ਧੋ ਲਈਦਾ ਸੀ। ਹੁਣ ਤਾਂ ਥੱਲੇ ਈ ‘ਸ਼ਾਵਰ’ ਲੈਣਾ ਪੈਂਦੈ, ਉਹ ਵੀ ਜੇ ਕਿਤੇ ਵਿਹਲਾ ਮਿਲ ਜਾਏ ਤਾਂ। ਭੈਣ ਦੇਣੀ ਦੇ ਗੋਰੇ ਰੱਖੇ ਹੋਏ ਆ ਬੇਸਮੈਂਟ ਵਿਚ। ਮੇਰੇ ਕੋਲ ਤਾਂ ਇਕ ਹੀ ਸੜਿਆ ਜਿਹਾ ਰੂਮ ਆ। ਬੱਸ ਦੋ ਘਰ ਹੋਰ ਲਏ ਹੋਏ ਆ ਇਹਨੇ, ਖਬਰੇ ਸਾਲੇ ਨੇ ਇੰਨਾ ਪੈਸਾ ਕੀ ਕਰਨਾ ਆæææਕੁੱਤੀ ਔਲਾਦ।”
ਮੇਰੇ ਕੋਲ ਆਪਣੇ ਮੁੰਡਿਆਂ ਨੂੰ ਉਹ ਖੂਬ ਗਾਲ੍ਹਾਂ ਕੱਢਦਾ। ਉਹਦਾ ਇਕ ਮੁੰਡਾ ਬਾਹਰ ਕਿਸੇ ਹੋਰ ‘ਟਾਊਨ’ ਵਿਚ ਰਹਿੰਦਾ ਸੀ। ਦੋ-ਤਿੰਨ ਸਾਲ ਉਹ ਉਹਦੇ ਕੋਲ ਰਿਹਾ ਸੀ। ਫਿਰ ਉਹਦੇ ਨਾਲ ਖੜਕ ਪਈ ਤਾਂ ਇੱਥੇ ਵੱਡੇ ਕੋਲ ਆ ਗਿਆ।
ਜਦੋਂ ਉਹ ਇਥੇ ਪਹਿਲਾਂ-ਪਹਿਲਾਂ ਆਇਆ ਸੀ, ਤਾਂ ਇਕ-ਦੋ ਦਿਨ ਤਾਂ ਦੂਰੋਂ ਹੀ ਖੜ੍ਹਾ ਮੇਰੀ ਵੱਲ ਦੇਖਦਾ ਰਿਹਾ। ਫਿਰ ਇਕ ਦਿਨ ਜਦ ਮੈਂ ਉਨ੍ਹਾਂ ਦੇ ਘਰ ਚਿੱਠੀਆਂ ਸੁੱਟ ਕੇ ਪੌੜੀਆਂ ਉਤਰ ਰਿਹਾ ਸੀ, ਤਾਂ ਉਹਨੇ ਝਕਦਿਆਂ-ਝਕਦਿਆਂ ਪਹਿਲਾਂ ਸਿਰ ਦੇ ਇਸ਼ਾਰੇ ਨਾਲ, ਫਿਰ ਹੌਲੀ ਦੇਣੀ ਹੈਲੋ ਕਹੀ। ਮੈਂ ਉਹਦੀ ਘਬਰਾਹਟ ਸਮਝ ਅੱਗਿਉਂ ਹੱਸ ਕੇ ਕਿਹਾ, “ਸੁਣਾਓ ਬਾਬਾ ਜੀ, ਕੀ ਹਾਲ ਚਾਲ ਆ?” ਤਾਂ ਸੁਣ ਕੇ ਉਹ ਹਿੰਮਤ ਨਾਲ ਮੇਰੇ ਵੱਲ ਆਇਆ, ਤੇ ਰੂਹ ਤੱਕ ਖੁਸ਼ ਹੁੰਦਿਆਂ ਉਹਨੇ ਮੇਰੇ ਨਾਲ ਹੱਥ ਮਿਲਾਇਆ, ਜਿਵੇਂ ਕੋਈ ਜਨਮਾਂ ਦਾ ਵਿਛੜਿਆ ਮਿਲ ਗਿਆ ਹੋਵੇ। ਖੁਸ਼ੀ ਨਾਲ ਉਹਨੇ ਮੇਰਾ ਮੋਢਾ ਥਪਥਪਾਇਆ ਤੇ ਬੋਲਿਆ, “ਮੈਂ ਤਾਂ ਕਿਹਾ ਖਬਰੀ ਕੋਈ ਫੜੀ ਫੀਜੀ ਦਾ ਭਾਈ ਹੋਣਾ ਆ, ਪਰ ਤੂੰ ਤਾਂ ਜੁਆਨਾ ਆਪਣਾ ਈ ਬੰਦਾ ਨਿਕਲਿਆ। ਆਹ ਤਾਂ ਬੜੀ ਮੌਜ ਹੋਈ। ਕਿਹੜਾ ਪਿੰਡ ਆ ਪਿਛੇ ਜੁਆਨਾ ਪੰਜਾਬ ਵਿਚ?” “ਮੇਰਾ ਪਿੰਡ ਜਲੰਧਰ ਕੋਲ ਆ ਬਾਬਾ ਜੀ”, ਸੁਣ ਕੇ ਉਹ ਥੋੜ੍ਹਾ ਜਿਹਾ ਨਿਰਾਸ ਹੋਇਆ ਲਗਦਾ ਸੀ, ਪਰ ਫਿਰ ਖੁਸ਼ ਹੋ ਕੇ ਕਹਿਣ ਲੱਗਾ, “ਚੱਲੋ ਪਰਦੇਸਾਂ ਵਿਚ ਕੀ ਆ, ਇਕੋ ਗੱਲ ਆ।”
ਉਸ ਦਿਨ ਤੋਂ ਪਿਛੋਂ ਅਸੀਂ ਉਮਰਾਂ ਦੇ ਫਰਕ ਨੂੰ ਅਣਗੌਲਿਆਂ ਕਰ ਕੇ ਦੋਸਤ ਬਣ ਗਏ। ਅਸੀਂ ਦੇਸ਼, ਧਰਮ, ਸਿਆਸਤ, ਇਥੋਂ ਦੇ ਪੰਜਾਬੀ ਮੁੰਡੇ ਕੁੜੀਆਂ ਬਾਰੇ, ਗੱਲ ਕੀ ਹਰ ਕਿਸਮ ਦੇ ਵਿਸ਼ੇ ‘ਤੇ ਗੱਲਬਾਤ ਕਰਦੇ। ਉਹ ਗੁਰਦੁਆਰਿਆਂ ਦੀਆਂ, ਉਥੇ ਬਹਿੰਦੇ ਉਹਦੇ ਵਰਗੇ ਸਿਆਣੀ ਉਮਰ ਦੇ ਬੰਦਿਆਂ ਦੀਆਂ ਖਬਰਾਂ ਬੜੇ ਦਿਲਚਸਪ ਤਰੀਕੇ ਨਾਲ ਸੁਣਾਉਂਦਾ। ਵੈਨਕੂਵਰ ਤੇ ਆਸ-ਪਾਸ ਦੇ ਪੰਜਾਬੀਆਂ ਦੀਆਂ ਖਾਸ ਕਰ ਕੇ ਗੁਰਦੁਆਰੇ ਵਾਪਰਦੀਆਂ ਘਟਨਾਵਾਂ ਦਾ ਉਹਨੂੰ ਪੁਰਾ-ਪੂਰਾ ਗਿਆਨ ਹੁੰਦਾ। ਉਹਦੇ ਘਰ ਦੇ ਨੇੜੇ ਜਿਹੜਾ ਗੁਰਦੁਆਰਾ ਪੈ ਰਿਹਾ ਸੀ, ਉਹ ਇਲਾਕੇ ਵਿਚ ਮੋਢੀ ਗੁਰਦੁਆਰਾ ਮੰਨਿਆ ਜਾਂਦਾ ਸੀ। ਮੋਢੀ ਗੁਰਦੁਆਰੇ ਦੇ ਮੋਢੀਆਂ ਦੀ ਅਕਸਰ ਕਿਸੇ ਨਾ ਕਿਸੇ ਗੱਲੇ ਆਏ ਦਿਨ ਜੁੱਤੀ ਖੜਕਦੀ, ਤੇ ਬੰਤਾ ਸਿੰਘ ਲੜਾਈ ਦੀਆਂ ਖਬਰਾਂ ਬੜੀਆਂ ਚੁਸਕੀਆਂ ਲੈ ਕੇ ਸੁਣਾਉਂਦਾ। ਖਬਰਾਂ ਦੇ ਨਾਲ-ਨਾਲ ਮੋਢੀਆਂ ਨੂੰ ਗਾਲ੍ਹਾਂ ਕੱਢ-ਕੱਢ ਆਪਣਾ ਗੁੱਸਾ ਵੀ ਠੰਢਾ ਕਰਦਾ। ਉਹਦੀਆਂ ਗਾਲ੍ਹਾਂ ਵਿਚੋਂ ਉਹਦੇ ਮਨ ਦਾ ਦੁੱਖ ਤੇ ਗੁੱਸਾ ਝਾਕਦਾ ਜਿਹੜਾ ਉਹ ਸਿੱਖ ਧਰਮ ਦੀ ਬੇਪਤੀ ‘ਤੇ ਮਹਿਸੂਸ ਕਰਦਾ। ਗੁਰਦੁਆਰੇ ਦੇ ਪ੍ਰਬੰਧਕਾਂ ‘ਤੇ ਇਕ ਗੱਲ ਦਾ ਉਹਨੂੰ ਸਭ ਤੋਂ ਵੱਧ ਦੁੱਖ ਸੀ, ਤੇ ਉਹ ਬਹੁਤ ਵਾਰੀ ਇਸ ਦੀ ਚਰਚਾ ਕਰਦਾ, “ਸਰਦਾਰ ਜੀ, ਜਿਹੜੀ ਕੌਮ ਆਪਣੇ ਵੱਡਿਆਂ ਵਡੇਰਿਆਂ ਦੀਆਂ ਥਾਂਵਾਂ ਨੂੰ ਨਹੀਂ ਸੰਭਾਲ ਸਕਦੀ, ਉਹਦਾ ਤਾਂ ਰੱਬ ਈ ਰਾਖਾ ਆ। ਇਹ ਸਾਡੇ ਚੌਧਰੀ ਤਾਂ ਪਤਾ ਨੀ ਭੈਣ ਦੇਣੀ ਦੇ ਕੀ ਸੋਚਦੇ ਆ, ਸਹੁਰਿਆਂ ਮੇਰਿਆਂ ਨੇ ਪਤਾ ਨ੍ਹੀਂ ਕਿਹੜੇ ਲਾਲਚ ਨੂੰ ਬਾਬੇ ਦੀ ਥਾਂ ਵੇਚ ਕੇ ਅਹੁ ਮਾਰੀ, ਪਈ ਦੱਸੋ ਸਾਲਿਓ ਮੇਰਿਓ, ਸਿੱਖ ਸੰਗਤ ਮਰ ਗਈ ਸੀ, ਜਿੰਨੀ ਮਰਜ਼ੀ ਮਾਇਆ ਮੰਗ ਲੈਂਦੇ, ਉਹ ਮਹਾਨ ਇਤਿਹਾਸਕ ਥਾਂ ਨੂੰ ਤਾਂ ਸਾਂਭ ਰੱਖਦੇæææ।” ਤੇ ਫਿਰ ਉਹ ਗਾਲ੍ਹਾਂ ਕੱਢਦਾ ਹੌਲੀ-ਹੌਲੀ ਘਰ ਵੱਲ ਤੁਰ ਪੈਂਦਾ।
ਇਕ ਵਾਰੀ ਉਹ ਬੜਾ ਘਾਬਰਿਆ ਜਿਹਾ ਮੇਰੇ ਕੋਲ ਆਇਆ ਤੇ ਰਾਜ਼ ਭਰੇ ਅੰਦਾਜ਼ ਵਿਚ ਕਹਿਣ ਲੱਗਾ, “ਮੱਲਿਆ, ਆਹ ਵੀਕ ਐਂਡ ‘ਤੇ ਗੁਰਦੁਆਰੇ ਚੱਲਣਾਂ ਫਿਰ ਜ਼ਰੂਰ।”
ਮੈਂ ਸਮਝਿਆ ਸ਼ਾਇਦ ਕੋਈ ਇਨ੍ਹਾਂ ਨੇ ਅਖੰਡ ਪਾਠ ਰਖਾਇਆ ਹੋਊ, ਜਾਂ ਕਿਸੇ ਦਾ ਵਿਆਹ ਹੋਵੇਗਾ। ਮੈਂ ਤਸੱਲੀ ਕਰਨ ਲਈ ਪੁੱਛਿਆ, “ਕੋਈ ਆਪਣਾ ਪ੍ਰੋਗਰਾਮ ਆ ਬਾਬਾ ਜੀ।”
“ਨਹੀਂ ਭਾਈ, ਆਪਣਾ ਤਾਂ ਕੋਈ ਨ੍ਹੀਂ, ਸਗੋਂ ਸਾਰੀ ਸੰਗਤ ਦਾ ਆ। ਤੂੰ ਪਹੁੰਚੀਂ ਜ਼ਰੂਰ।”
ਮੇਰੇ ਦੁਬਾਰਾ ਪੁੱਛਣ ‘ਤੇ ਆਲਾ-ਦੁਆਲਾ ਦੇਖ ਕੇ ਕਹਿਣ ਲੱਗਾ, “ਓ ਕਾਕਾ, ਵੱਡੇ ਗੁਰਦੁਆਰੇ ‘ਲੈਕਸ਼ਨ ਆ ਐਤਵਾਰ ਨੂੰ। ਪਤਾ ਲੱਗੈ, ਪਈ ਕੋਮਨਿਸਟ ਗੁਰੂ ਘਰ ‘ਤੇ ਕਬਜ਼ਾ ਕਰਨਾ ਚਾਹੁੰਦੇ ਆ। ਬੱਸ ਉਨ੍ਹਾਂ ਦਾ ਕਬਜ਼ਾ ਨਹੀਂ ਹੋਣ ਦੇਣਾ।” “ਨਾਲੇ ਰੋਜ਼ ਚੌਧਰੀਆਂ ਨੂੰ ਨਿੰਦਦਾ ਰਹਿੰਨਾ, ਹੁਣ ਹੋਣ ਦੇ ਬਦਲੀ ਉਨ੍ਹਾਂ ਦੀ।” ਮੈਂ ਬਾਬੇ ਤੋਂ ਹੋਰ ਗੱਲਬਾਤ ਜਾਣਨ ਲਈ ਕਿਹਾ।
“ਬੰਦੇ ਤਾਂ ਉਹ ਮਾੜੇ ਈ ਆ, ਪਰ ਚਲੋ ਆਪਣਾ ਕੀਤਾ ਪਾਉਣਗੇ, ਪਰ ਉਹ ਘੱਟੋ-ਘੱਟ ਰੱਬ ਵਿਚ ਤਾਂ ਯਕੀਨ ਰੱਖਦੇ ਆ, ਤੇ ਇਹ ਕੋਮਨਿਸਟ ਤਾਂ ਰੱਬ ਨੂੰ ਈ ਨ੍ਹੀਂ ਮੰਨਦੇ। ਇਹ ਤਾਂ ਗੁਰਦੁਆਰੇ ਨੂੰ ਈ ਵੇਚ ਵੱਟ ਕੇ ਖਾ ਜਾਣਗੇ।”
ਮੈਂ ਉਹਦੀ ਸਿਆਸਤ ਬਾਰੇ ਉਹਨੂੰ ਕਈ ਕੁਝ ਕਹਿਣਾ ਚਾਹੁੰਦਾ ਸੀ, ਪਰ ਮੈਂ ਉਹਦੇ ਇਮਾਨਦਾਰ ਜਿਹੇ ਮੂੰਹ ਵੱਲ ਦੇਖ ਕੇ ਚੁੱਪ ਈ ਕਰ ਰਿਹਾ।
ਆਲੇ-ਦੁਆਲੇ ਦੀਆਂ ਗੱਲਾਂ ਦੇ ਨਾਲ-ਨਾਲ ਬੰਤਾ ਸਿੰਘ ਮੇਰੇ ਨਾਲ ਦਿਲ ਦੀਆਂ ਗੱਲਾਂ ਵੀ ਕਰ ਲੈਂਦਾ। ਉਹਦੀਆਂ ਕਈ ਗੱਲਾਂ ਨਿਆਣਿਆਂ ਵਰਗੀਆਂ ਇੰਨੀਆਂ ਅਜੀਬ ਹੁੰਦੀਆਂ, ਮੇਰਾ ਦਿਲ ਕਰਦਾ ਕਿ ਉਹ ਨਿੱਕਾ ਜਿਹਾ ਨਿਆਣਾ ਹੋਵੇ, ਤਾਂ ਮੈਂ ਉਹਨੂੰ ਚੁੱਕ ਕੇ ਖੂਬ ਖਿਡਾਵਾਂ; ਜਿਵੇਂ ਇਕ ਦਿਨ ਉਹ ‘ਡਾਊਨ ਟਾਊਨ’ ਗਿਆ ਤਾਂ ਉਥੋਂ ਕਿਸੇ ‘ਸੈਕਿੰਡ ਹੈਂਡ’ ਸਟੋਰ ਵਿਚੋਂ ਫੌਜੀਆਂ ਵਾਲੀ ਸੋਟੀ ਖਰੀਦ ਲਿਆਇਆ। ਉਸ ਸੋਟੀ ਦੇ ਸਿਰੇ ਉਤੇ ਹੱਥ ਪਾਉਣ ਲਈ ਬਹੁਤ ਸੋਹਣਾ ਹੈਂਡਲ ਬਣਿਆ ਹੋਇਆ ਸੀ ਜਿਹਦੀਆਂ ਦੋ ਫਾਕੜਾਂ ਦੋਹਾਂ ਪਾਸਿਆਂ ਨੂੰ ਖੁੱਲ੍ਹ ਜਾਂਦੀਆਂ ਹਨ ਤੇ ਉਨ੍ਹਾਂ ਉਪਰ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਸੀ। ਸੋਟੀ ਦਾ ਇਕ ਸਿਰਾ ਤਿੱਖਾ ਸੀ ਜਿਹੜਾ ਜ਼ਮੀਨ ਵਿਚ ਧਸ ਜਾਂਦਾ ਸੀ। ਬੰਤਾ ਸਿੰਘ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਮੈਨੂੰ ਉਹ ਆਪਣੇ ਘਰ ਤੋਂ ਉਰੇ ਹੀ ਆ ਮਿਲਿਆ। ਸੜਕ ਕੰਢੇ ਘਾਹ ਵਿਚ ਸੋਟੀ ਗੱਡ ਕੇ, ਤੇ ਹੱਥੜੀ ਖੋਲ੍ਹ ਲੱਤਾਂ ਥੋੜ੍ਹੀਆਂ ਪਾਸਿਆਂ ਨੂੰ ਖੋਲ੍ਹ ਕੇ ਗੋਡਿਆਂ ਉਪਰ ਹੱਥ ਰੱਖ ਹੱਥੜੀ ਉਪਰ ਪਿੱਛਾ ਟਿਕਾ ਕੇ ਉਹ ਨਿਆਣਿਆਂ ਵਾਂਗ ਮੇਰੇ ਵੱਲ ਝਾਕਣ ਲੱਗਾ। ਉਹਦਾ ਚਿੱਟੀ ਦਾੜ੍ਹੀ ਵਾਲਾ ਚਿਹਰਾ ਖੁਸ਼ੀ ਵਿਚ ਲਾਲ ਹੋਇਆ ਪਿਆ ਸੀ। ਮੈਂ ਹੈਰਾਨ ਹੋਇਆ ਉਹਦੇ ਅੱਗੇ ਖੜ੍ਹਾ ਸੀ। ਉਹਨੇ ਸਿਰ ਨੂੰ ਉਪਰ ਜੁੰਬਿਸ਼ ਦਿੰਦਿਆਂ ਕਿਹਾ, “ਕਿਉਂ, ਹੁਣ ਦੱਸ? ਆਹ ਆ ਸਰਦਾਰ ਜੀ ਖਰੀਦ ਪੰਤਾਲੀਆਂ ਸਾਲਾਂ ਦੀ। ਇਹ ਮੇਰੀ ਹਿੱਕ ਵਿਚ ਰੜਕਦੀ ਸੀ। ਸਾਡੇ ਅੰਗਰੇਜ਼ ਅਫਸ਼ਰਾਂ ਕੋਲ ਹੁੰਦੀਆਂ ਸੀ ਇਹੋ ਜਿਹੀਆਂ। ਭੈਣ ਦੇਣੀ ਦੇ ਜਿਥੇ ਮਰਜ਼ੀ ਗੱਡ ਕੇ ਚਿੱਤੜ ਟਿਕਾ ਕੇ ਬਹਿ ਜਾਂਦੇ ਸੀ।” ਸੋਟੀ ਨੂੰ ਹੱਥ ਵਿਚ ਫੜੀ ਪਲੋਸਦਾ ਉਹ ਆਪਣੇ ਫੌਜੀ ਜੀਵਨ ਦੀਆਂ ਕਹਾਣੀਆਂ ਸੁਣਾਉਣ ਲੱਗ ਪਿਆ।
ਕਦੀ-ਕਦੀ ਉਹ ਫੌਜ ਵੇਲੇ ਦੀਆਂ ਗੱਲਾਂ ਬੜੀਆਂ ਚੜ੍ਹਾ ਕੇ ਕਰਦਾ ਲਗਦਾ, ਜਿਵੇਂ ਹਰ ਗੱਲ ਰੋਅਬ ਪਾਉਣ ਲਈ ਹੀ ਕਰ ਰਿਹਾ ਹੋਵੇ। ਇਕ ਵਾਰੀ ਉਹਦੀਆਂ ਗੱਲਾਂ ਤੋਂ ਅੱਕ ਕੇ ਮੈਂ ਉਹਨੂੰ ਕਹਿ ਬੈਠਾ, “ਬਾਬਾ, ਜਦੋਂ ਜੈਤੋ ਦਾ ਮੋਰਚਾ ਲੱਗਾ ਸੀ, ਉਦੋਂ ਵੀ ਤੂੰ ਅੰਗਰੇਜ਼ਾਂ ਦੀ ਫੌਜ ਵਿਚ ਸੀ। ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ, ਉਦੋਂ ਵੀ ਤੂੰ ਉਨ੍ਹਾਂ ਦੀ ਫੌਜ ਵਿਚ ਸੀ।” ਮੈਨੂੰ ਆਪ ਪੱਕਾ ਪਤਾ ਨਹੀਂ ਸੀ, ਪਈ ਮੈਂ ਇਹ ਗੱਲ ਕਿਉਂ ਕੀਤੀ, ਪਰ ਲਗਦਾ ਸੀ ਜਿਵੇਂ ਉਹਨੂੰ ਮੇਰੀ ਕਹੀ ਗੱਲ ਦੀ ਪੂਰੀ ਸਮਝ ਪੈ ਗਈ ਹੋਵੇ, ਤੇ ਉਹਨੇ ਫਿਰ ਮੇਰੇ ਕੋਲ ਰੋਅਬ ਪਾਉਣ ਵਾਲੀਆਂ ਗੱਲਾਂ ਕਰਨੀਆਂ ਛੱਡ ਦਿੱਤੀਆਂ।
ਬੰਤਾ ਸਿੰਘ ਦੀ ਘਰ ਦੇ ਕਿਸੇ ਵੀ ਜੀਅ ਨਾਲ ਪੂਰੀ ਤਰ੍ਹਾਂ ਬਣਦੀ ਨਹੀਂ ਸੀ। ਉਹਨੂੰ ਆਪਣੇ ਪੋਤੇ-ਪੋਤੀਆਂ ਦਾ ਕੋਈ ਵੀ ਤੌਰ-ਤਰੀਕਾ ਪਸੰਦ ਨਹੀਂ ਸੀ। ਇਕ ਦਿਨ ਸਾਡੇ ਖੜ੍ਹਿਆਂ ਕੋਲ ਦੀ ਉਹਦਾ ਤੇਰਾਂ-ਚੌਦਾਂ ਸਾਲਾਂ ਦਾ ਪੋਤਾ ਲੰਘਿਆ। ਉਹਦੇ ਲੰਮੇ-ਲੰਮੇ ਵਾਲਾਂ ਵੱਲ ਦੇਖਦਾ ਤੇ ਖਿਝਦਾ ਬੰਤਾ ਸਿੰਘ ਬੋਲਿਆ, “ਦੇਖ ਸਾਲੇ ਮਾਤਰæææਨੇ ਕੀ ਵਜਾ ਬਣਾਈ ਆ, ਡੰਡਾ ਲੈ ਕੇ ਸਿਖਰ ਦੁਪਹਿਰੇ ਪਰੇਡ ਕਰਾਵੇ ਇਹਦੀ, ਦੇਖ ਫਿਰ ਸਿੱਧਾ ਹੁੰਦਾ, ਪਰ ਜੁਆਨਾ, ਇਥੇ ਤਾਂ ਕੌਤਕ ਈ ਹੋਰ ਆæææਅੱਛਾ ਚਲੋ ਇਹ ਵੀ ਦਿਨ ਦੇਖਣੇ ਸੀ।” ਉਹਦੀ ਆਵਾਜ਼ ਵਿਚ ਕੰਗਾਲ ਹੋ ਚੁੱਕੇ ਮਨੁੱਖ ਦਾ ਬੋਲ ਸੀ। ਆਪਣੀ ਘਰਵਾਲੀ ਬਾਰੇ ਕੀਤੀਆਂ ਗੱਲਾਂ ਉਹਦੀ ਇਕੱਲਤਾ ਦਾ ਹੋਰ ਵੀ ਡੂੰਘਾ ਅਹਿਸਾਸ ਕਰਾਉਂਦੀਆਂ, “ਜਿੰਨਾ ਚਿਰ ਫੌਜ ਵਿਚ ਰਿਹਾ, ਉਨਾ ਚਿਰ ਛੁੱਟੀ ਆਏ ਨਾਲ ਹੱਸ ਕੇ ਬੋਲਦੀ ਹੁੰਦੀ ਸੀ। ਆਹ ਜੁਆਕ ਵੀ ਉਦੋਂ ਈ ਹੋ ਹੂ ਗਏ। ਪਿਛੋਂ ਤਾਂ ਸਹੁਰੀ ਨੇ ਸਾਰੀ ਜ਼ਿੰਦਗੀ ਹੱਸ ਕੇ ਬੁਲਾਇਆ ਹੀ ਨਹੀਂ। ਹੁਣ ਦਸ-ਗਿਆਰਾਂ ਸਾਲ ਹੋ ਗਏ ਆ ਇਥੇ ਬੜੇ ਕੋਲ ਰਹਿੰਦੇ ਨੂੰ, ਕੂੰਅਦੀ ਈ ਨਹੀਂ ਮੇਰੇ ਨਾਲ ਤਾਂ। ਬੱਸ ਪਾਠ ਈ ਕਰੀ ਜਾਂਦੀ ਆ ਚਵ੍ਹੀ ਘੰਟੇ, ਖਬਰੇ ਕਿਹੜੇ ਪਾਪ ਬਖਸ਼ਾਉਂਦੀ ਆ।” ਆਪਣੀ ਘਰਵਾਲੀ ਦੀਆਂ ਗੱਲਾਂ ਉਹ ਸੱਤ ਬਿਗਾਨਿਆਂ ਵਾਂਗ ਕਰਦਾ।
ਇਕ ਦਿਨ ਉਹ ਕਿਸੇ ਦੇ ਘਰ ਰੱਖੇ ਸਾਧਾਰਨ ਪਾਠ ਦਾ ਪਾਠ ਕਰਦਾ ਆਇਆ ਸੀ। ਕਾਫ਼ੀ ਥੱਕਿਆ-ਥੱਕਿਆ ਲਗਦਾ ਸੀ। ਪਾਠ ਕਰਨ ਤੋਂ ਬਾਅਦ ਅੱਗੇ ਉਹ ਕਾਫ਼ੀ ਚੜ੍ਹਦੀਆਂ ਕਲਾਂ ਵਿਚ ਹੁੰਦਾ ਸੀ, ਪਰ ਅੱਜ ਕਾਫੀ ਮੱਧਮ ਲਗਦਾ ਸੀ। ਮੈਨੂੰ ਕਹਿੰਦਾ, “ਕਾਕਾ, ਰੱਤੀ ਮਨ ਨ੍ਹੀਂ ਲਗਦਾ ਇਸ ਪਰਾਈ ਧਰਤ ‘ਤੇ। ਦਿਲ ਕਰਦਾ, ਪਈ ਅੱਖਾਂ ਬੰਦ ਕਰ ਕੇ ਖੋਲ੍ਹਾਂ ਤਾਂ ਪਿੰਡ ਹੋਵਾਂ। ਉਥੇ ਸਹੁਰਾ ਪੈਲੀਆਂ ਵਿਚ ਫਿਰ-ਤੁਰ ਕੇ ਇਧਰ-ਉਧਰ ਦੇ ਯੱਕੜ ਮਾਰ ਕੇ ਵਾਹਵਾ ਦਿਨ ਲੰਘਦੇ ਸੀਗੇ। ਇਸ ਤਰ੍ਹਾਂ ਦੀ ਉਦਾਸੀ ਤਾਂ ਕਦੀ ਫੌਜ ਵਿਚ ਵੀ ਨਹੀਂ ਸੀ ਹੋਈ।” ਉਹਦੀਆਂ ਅੱਖਾਂ ਵਿਚ ਜਨਮ ਭੋਂ ਦਾ ਪਿਆਰ ਤੇ ਖਿੱਚ ਸਾਫ਼ ਨਜ਼ਰ ਆਉਂਦੀ ਸੀ।
“ਫਿਰ ਤੂੰ ਦੇਸ਼ ਦਾ ਚੱਕਰ ਕਾਹਤੋਂ ਨਹੀਂ ਮਾਰ ਆਉਂਦਾ, ਕਿਹੜੇ ਇੰਨੇ ਪੈਸੇ ਲਗਦੇ ਆ।”
“ਦਿਲ ਤਾਂ ਬਹੁਤ ਕਰਦਾ ਆ ਜੁਆਨਾ, ਪਰ ਤੈਨੂੰ ਨ੍ਹੀਂ ਪਤਾ ਪਿੰਡਾਂ ਦਿਆਂ ਧੰਦਿਆਂ ਦਾ, ਸ਼ਰੀਕਾ ਭਾਈਚਾਰਾ ਨ੍ਹੀਂ ਜੀਣ ਦਿੰਦਾ। ਮੈਂ ਡਰਦਾਂ, ਪਈ ਪੈਸੇ-ਪੂਸੇ ਕੋਲ ਹੋਣਗੇ, ਲਾਲਚ ਵਿਚ ਆ ਕੇ ਕਿਸੇ ਨੇ ਘੰਢੀ ਮਰੋੜ ਦਿੱਤੀ, ਤਾਂ ਜਾਹ ਜਾਂਦੀਏ ਹੋ ਜਾਊਗੀ। ਚਲੋ ਉਹਦੀ ਰਜ਼ਾ। ਹੁਣ ਤਾਂ ਇਥੇ ਈ ਦਿਨ ਕੱਢਾਂਗੇ।” ਉਹ ਬਹੁਤ ਡੂੰਘੀ ਨਿਰਾਸਤਾ ਵਿਚ ਗੱਲ ਕਰ ਰਿਹਾ ਸੀ।
ਮੈਂ ਐਵੀਂ ਬਿਨਾਂ ਸੋਚੇ ਸਮਝੇ ਉਹਨੂੰ ਖੁਸ਼ ਕਰਨ ਲਈ ਕਹਿ ਦਿੱਤਾ, “ਬਾਬਾ ਤੇਰਾ ਕਿਸੇ ਗੋਰੀ-ਗਾਰੀ ਨਾਲ ਗੇੜ ਨਾ ਕਰਾਈਏ ਕਿਤੇ।” ਉਹਦੇ ਚਿਹਰੇ ‘ਤੇ ਮੱਲੋ-ਮੱਲੀ ਇਕ ਇਮਾਨਦਾਰ ਮੁਸਕਾਣ ਫੈਲ ਗਈ। “ਨਹੀਂ ਕਾਕਾ, ਹੁਣ ਇਸ ਉਮਰੇ ਕਾਹਨੂੰ ਪਾਪਾਂ ਦੇ ਭਾਗੀ ਬਣਨਾ ਆ। ਹੋਰ ਚਾਰ ਦਿਨ ਹੈਗੇ, ਉਹਦਾ ਨਾਂ ਲੈ ਕੇ ਨਿਕਲ ਜਾਣਗੇ।” ਫਿਰ ਜ਼ਰਾ ਕੁ ਰੁਕ ਕੇ ਕਹਿਣ ਲੱਗਾ, “ਊਂ ਕਈ ਵਾਰੀ ਦਿਲ ਤਾਂ ਕਰਦਾ, ਪਈ ਚਿੱਟੇ ਰੰਗ ਨੂੰ ਵੀ ਹੱਥ ਲਾ ਕੇ ਦੇਖ ਲਈਏ। ਉਦਾਂ ਇਹ ਮੁਲਕ ਬੜਾ ਕੁੱਤਾ ਆ ਇਸ ਗੱਲੋਂ, ਬੰਦੇ ਨੂੰ ਸਾਬਤ ਕਿਹੜਾ ਰਹਿਣ ਦਿੰਦਾ ਆ। ਕੋਈ ਕਿਸੇ ਦੀ ਸ਼ਰਮ ਤਾਂ ਕਰਦਾ ਈ ਨਹੀਂ ਰਤਾ। ਆਹ ਮੈਂ ਹੁਣ ਪਾਠ ਕਰਦਾ ਆਇਆਂ ਜਰਨੈਲ ਸਿਉਂ ਦੇ ਘਰੋਂ। ਉਹਦੇ ਛੋਟੇ ਮੁੰਡੇ ਦਾ ਨਵਾਂ-ਨਵਾਂ ਵਿਆਹ ਹੋਇਆ, ਸਹੁਰਾ ਨਾਲ ਦੇ ਬੈਡਰੂਮ ਵਿਚ ਕੁੜ-ਕੁੜ ਕਰੀ ਗਿਆ ਮਾਂ ਆਪਣੀ ਦੇ ਨਾਲ। ਬੰਦਾ ਪਾਠ ਕਰਦਾ ਵੀ ਇਥੇ ਨਹੀਂ ਜੀਅ ਸਕਦਾ, ਬਖਸ਼ੀਂ ਮੇਰੇ ਸਤਿਗੁਰ ਪਿਆਰਿਆ।” ਉਹ ਜਦ ਵੀ ਰੱਬ ਦਾ ਨਾਂ ਲੈਂਦਾ, ਉਪਰ ਨੂੰ ਜ਼ਰੂਰ ਇਸ਼ਾਰਾ ਕਰਦਾ।
ਉਹਨੂੰ ਮੇਰੀ ਗੋਰੀ ਵਾਲੀ ਗੱਲ ਖੂਬ ਚੰਗੀ ਲੱਗੀ ਲਗਦੀ ਸੀ। ਜਾਣ ਲੱਗਾ ਮੈਨੂੰ ਕਹਿੰਦਾ, “ਕਿਸੇ ਵੇਲੇ ਆਪਾਂ ਤਿੱਪ-ਤਿੱਪ ਦਾਰੂ ਦੀ ਲਾਈਏ ਬੈਠ ਕੇ, ਨਾਲੇ ਫਿਰ ਤੈਨੂੰ ਜੁਆਨੀ ਬਾਰੇ ਦੀਆਂ ਗੱਲਾਂ ਦੱਸੂੰæææਅਸੀਂ ਵੀ ‘ਕੱਲਾ ਅੰਗਰੇਜ਼ ਮੂਹਰੇ ਸਲੂਟ ਈ ਨ੍ਹੀਂ ਮਾਰਿਆ, ਜ਼ਿੰਦਗੀ ਵਿਚ ਹੋਰ ਵੀ ਕਈ ਕੰਮ ਕੀਤੇ ਆ ਸਰਦਾਰ ਜੀ।”
ਉਹਦੀ ਦਾਰੂ ਵਾਲੀ ਗੱਲ ਮੈਨੂੰ ਵੀ ਸੋਹਣੀ ਲੱਗੀ, ਨਾਲੇ ਮੈਂ ਉਹਦਾ ਨਿੱਕਾ ਜਿਹਾ ਕਮਰਾ ਦੇਖਣਾ ਚਾਹੁੰਦਾ ਸੀ। ਉਹਦੀਆਂ ਜੁਆਨੀ ਵੇਲੇ ਦੀਆਂ ਗੱਲਾਂ ਸੁਣਨ ਨੂੰ, ਪਰ ਇਨ੍ਹਾਂ ਹੀ ਦਿਨਾਂ ਵਿਚ ਮੇਰੇ ਪੈਰ ‘ਤੇ ਸੱਟ ਲੱਗ ਗਈ। ਤੇ ਸਾਡੀ ਛੋਟੀ ਜਿਹੀ ਪਾਰਟੀ ਦੀ ਸਕੀਮ ਵਿਚੇ ਹੀ ਰਹਿ ਗਈ।
ਅੱਜ ਮੈਨੂੰ ਚੌਥਾ ਦਿਨ ਸੀ ਕੰਮ ‘ਤੇ ਆਉਂਦੇ ਨੂੰ, ਪਰ ਬੰਤਾ ਸਿੰਘ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਉਹਦਾ ਲੰਮੇ ਵਾਲਾਂ ਵਾਲਾ ਪੋਤਾ ਮਿਲਿਆ ਤਾਂ ਮੈਂ ਉਹਨੂੰ ਪੁੱਛਿਆ, “ਉਹ ਤਾਂ ਮਹੀਨਾ ਹੋ ਗਿਆ, ਮਰ ਗਿਆ ਸੀ।” ਉਹਨੇ ਅੰਗਰੇਜ਼ੀ ਵਿਚ ਬੜਾ ਰੁੱਖਾ ਜਿਹਾ ਜਵਾਬ ਦਿੱਤਾ ਤੇ ਆਪਣੇ ਲੰਮੇ ਵਾਲਾਂ ਨੂੰ ਸਿਰ ਦੇ ਝਟਕੇ ਨਾਲ ਪਿਛਾਂਹ ਨੂੰ ਸੁੱਟਦਾ ਤੰਗ ਜਿਹੀ ਜੈਕਟ ਦੀਆਂ ਜੇਬਾਂ ਵਿਚ ਹੱਥ ਤੁੰਨੀ ਮੋਢੇ ‘ਕੱਠੇ ਕਰੀ ਤੁਰ ਗਿਆ। ਖਬਰ ਦੀ ਕੁੜੱਤਣ ਕਰ ਕੇ ਮੈਨੂੰ ਉਹਦੇ ਰੁੱਖੇਪਨ ‘ਤੇ ਬੜੀ ਖਿਝ ਆਈ। ਉਂਜ ਉਹਦਾ ਵਰਤਾਅ ਮੇਰੇ ਲਈ ਅਜੀਬ ਨਹੀਂ ਸੀ।
ਮੇਰੀ ਕੰਮ ਦੀ ਜ਼ਿੰਦਗੀ ਵਿਚ ਬੰਤਾ ਸਿੰਘ ਨੇ ਕਾਫ਼ੀ ਰੰਗ ਭਰਿਆ ਹੋਇਆ ਸੀ। ਇਸ ਵਪਾਰਕ ਜਿਹੇ ਜੀਵਨ ਵਿਚ ਕਿੰਨੇ ਕੁ ਬੰਦੇ ਹਨ ਜਿਨ੍ਹਾਂ ਨਾਲ ਬਿਨਾਂ ਕਿਸੇ ਕਿਸਮ ਦੇ ਲੈਣ-ਦੇਣ ਤੋਂ ਬੰਦੇ ਦੀ ਬੋਲ-ਚਾਲ ਹੁੰਦੀ ਹੈ। ਉਹਦੇ ਮਰਨ ਦੀ ਖਬਰ ਨਾਲ ਮੈਨੂੰ ਜਾਪਿਆ ਜਿਵੇਂ ਮੇਰੇ ਅੰਦਰੋਂ ਕੁਝ ਘਟ ਜਿਹਾ ਗਿਆ ਹੁੰਦਾ ਹੈ ਤੇ ਜਿਹੜਾ ਇਕ ਖੂੰਜਾ ਰੌਸ਼ਨ ਸੀ, ਉਥੇ ਵੀ ਹਨ੍ਹੇਰਾ ਛਾ ਗਿਆ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਕਿਸੇ ਨਾਲ ਖੁੱਲ੍ਹ ਕੇ ਉਹਦੀਆਂ ਗੱਲਾਂ ਕਰਾਂ। ਮੈਂ ਨਾਲੇ ਮੂੰਹ ਰੱਖਣ ਲਈ ਉਸੇ ਦਿਨ ਸ਼ਾਮ ਨੂੰ ਉਨ੍ਹਾਂ ਦੇ ਘਰ ਗਿਆ। ਉਹਦੇ ਮੁੰਡੇ ਨੇ ਸ਼ਰਾਬ ਦੀ ਬੋਤਲ ਮੇਜ਼ ਦੀ ਲੱਤ ਨਾਲ ਟਿਕਾਈ ਹੋਈ ਸੀ, ਤੇ ਨਿਆਣਿਆਂ ਦੇ ਨਾਲ ਈ ਟੀæਵੀæ ਦੇਖਣ ਵਿਚ ਮਗਨ ਸੀ। ਉਹਦੇ ਘਰ ਵਾਲੀ ਅੰਦਰ ਕਿਚਨ ਵਿਚ ਰੋਟੀ ਟੁੱਕ ਕਰ ਰਹੀ ਸੀ। ਉਹਦੀ ਮਾਂ (ਫੌਜੀ ਦੇ ਘਰਵਾਲੀ) ਕੁਰਸੀ ‘ਤੇ ਬੈਠੀ ਮਾਲਾ ਫੇਰ ਰਹੀ ਸੀ।
ਬੰਤਾ ਸਿੰਘ ਦੇ ਮੁੰਡੇ ਨੇ ਮੇਰੇ ਨਾਲ ਸਰਸਰੀ ਇਕ-ਦੋ ਗੱਲਾਂ ਕੀਤੀਆਂ। ਫਿਰ ਚੁੱਪ ਜਿਹੀ ਛਾ ਗਈ। ਮੇਰਾ ਹੋਰ ਗੱਲਾਂ ਕਰਨ ਨੂੰ ਦਿਲ ਕਰਦਾ ਸੀ। ਦਰਅਸਲ, ਮੈਂ ਦਿਲ ਵਿਚ ਸੋਚ ਕੇ ਆਇਆ ਸੀ ਕਿ ਉਨ੍ਹਾਂ ਕੋਲੋਂ ਬੰਤਾ ਸਿੰਘ ਵਾਲੀ ਫੌਜੀ ਸੋਟੀ ਮੰਗੂੰਗਾ। ਉਹ ਮੇਰੀਆਂ ਗੱਲਾਂ ਤੋਂ ਅੱਕ ਜਿਹਾ ਗਿਆ ਲਗਦਾ ਸੀ, ਕਹਿਣ ਲੱਗਾ, “ਉਹਨੇ ਆਪਣੀ ਉਮਰ ਤਾਂ ਭੋਗ ਈ ਲਈ ਸੀ, ਤੇ ਮਰਨਾ ਤਾਂ ਸਭ ਨੇ ਹੁੰਦਾ ਹੈ। ਸਾਨੂੰ ਇੰਨੀ ਮੌਜ ਸੀ, ਪਈ ਸੌ ਡਾਲਰ ਆਈ ਜਾਂਦਾ ਸੀ। ਹੁਣ ਉਸ ਨਿੱਕੇ ਜਿਹੇ ਰੂਮ ਦਾ ਸਾਨੂੰ ਕਿਸੇ ਨੇ ਕੀ ਦੇ ਦੇਣੈ।”
ਮੈਂ ਵਾਪਸ ਘਰ ਨੂੰ ਜਾਂਦਾ ਸੋਚ ਰਿਹਾ ਸੀ ਕਿ ਬੰਤਾ ਸਿੰਘ ਨੇ ਕੀ ਨਹੀਂ ਸੀ ਕੀਤਾ। ਦੁਨੀਆਂ ਚਲਦੀ ਰੱਖਣ ਲਈ ਔਲਾਦ ਪੈਦਾ ਕੀਤੀ। ਦੇਸ਼ ਲਈ ਫੌਜ ਵਿਚ ਨੌਕਰੀ, ਧਰਮ ਲਈ ਮਣਾਂ-ਮੂੰਹੀਂ ਪਾਠ ਤੇ ਆਪਣੇ ਪੁੱਤ ਪੋਤਿਆਂ ਲਈ ਹਰ ਪਹਿਰ ਅਰਦਾਸਾਂ; ਤੇ ਉਹਦੀ ਔਲਾਦ ਨੂੰ ਸਿਰਫ਼ ਉਹਦੇ ਸੌ ਡਾਲਰ ਦਾ ਈ ਝੋਰਾ ਸੀ।