ਸਵਾ ਸੌ ਕਰੋੜ ਦੇ ਲਗਭਗ ਆਬਾਦੀ ਵਾਲੇ ਮੁਲਕ ਭਾਰਤ ਵਿਚੋਂ ਕਿਸੇ ਇਕ ਆਦਮੀ ਦਾ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬਿਰਜਮਾਨ ਹੋਣਾ ਕੁਦਰਤ ਦੇ ਕ੍ਰਿਸ਼ਮੇ ਤੋਂ ਘੱਟ ਨਹੀਂ, ਪਰ ਇਹ ਰੁਤਬਾ ਪਾ ਕੇ ਆਪਣਾ ਸੰਤੁਲਨ ਬਰਕਰਾਰ ਰੱਖਣਾ ਵੀ ਖਾਲਾ ਜੀ ਦਾ ਵਾੜਾ ਨਹੀਂ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹੀ ਲੈ ਲਓ। ਐਤਕੀਂ 26 ਜਨਵਰੀ ਦੇ ਦਿਨ ਉਨ੍ਹਾਂ ਜਿਹੜਾ ਅਨੋਖਾ ਸੂਟ ਪਹਿਨ ਕੇ ਦੇਸ਼ ਨੂੰ ਸੰਬੋਧਨ ਕੀਤਾ, ਉਹ ਚਾਰ ਕਰੋੜ ਇਕੱਤੀ ਲੱਖ ਰੁਪਏ ਵਿਚ ਨਿਲਾਮ ਹੋਇਆ ਹੈ।
ਨਰੇਂਦਰ ਮੋਦੀ ਦੇ ਇਸ ਸੂਟ ਦੀ ਕੀਮਤ ਪਹਿਲਾਂ ਦਸ ਲੱਖ ਰੁਪਏ ਦੱਸੀ ਜਾ ਰਹੀ ਸੀ ਅਤੇ ਇਹਦੀਆਂ ਧਾਰੀਆਂ ਵਿਚ ਨਰੇਂਦਰ ਦਮੋਦਰਭਾਈ ਮੋਦੀ ਸ਼ਬਦ ਉਕਰੇ ਹੋਏ ਸਨ। ਇਸ ਸੂਟ ਦੀ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਉਸ ਦਿਨ ਭਾਰਤ ਫੇਰੀ ‘ਤੇ ਸਨ ਅਤੇ ਮੋਦੀ ਜੀ ਨੂੰ ਇਹ ਦਸ ਲੱਖੀਆ ਸੂਟ ਪਹਿਨ ਕੇ ਬਰਾਕ ਓਬਾਮਾ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਜਦੋਂ ਇਸ ਦਸ ਲੱਖੀਏ ਸੂਟ ਦੀ ਚਰਚਾ ਹਰ ਗਲੀ-ਮੁਹੱਲੇ ਵਿਚ ਜ਼ੋਰ ਫੜਨ ਲੱਗੀ, ਤੇ ਨਾਲ ਹੀ ਮੋਦੀ ਦੀ ਤਿੱਖੀ ਨੁਤਕਾਚੀਨੀ ਹੋਣ ਲੱਗੀ, ਤਾਂ ਮੋਦੀ ਅਤੇ ਉਸ ਦੀ ਮੰਡਲੀ ਨੇ ਨੁਕਤਾਚੀਨੀ ਦਾ ਅਸਰ ਖਤਮ ਕਰਨ ਲਈ ਮੋਦੀ ਨੂੰ ਮਿਲੇ ਤੋਹਫਿਆਂ ਦੀ ਨਿਲਾਮੀ ਵਿਚ ਇਹ ਸੂਟ ਵੀ ਸ਼ਾਮਲ ਕਰ ਲਿਆ। ਨਾਲ ਹੀ ਐਲਾਨ ਕਰ ਦਿੱਤਾ ਕਿ ਇਸ ਸੂਟ ਤੋਂ ਪ੍ਰਾਪਤ ਹੋਈ ਸਾਰੀ ਰਕਮ ਗੰਗਾ ਦੀ ਸਫ਼ਾਈ ਮਹਿੰਮ ਉਤੇ ਖਰਚੀ ਜਾਵੇਗੀ।
ਨਿਲਾਮੀ ਵਿਚ ਇਹ ਦਸ ਲੱਖੀਆ ਸਪੈਸ਼ਲ ਸੂਟ ਚਾਰ ਕਰੋੜ ਇਕੱਤੀ ਲੱਖ ਰੁਪਏ ਦਾ ਗੁਜਰਾਤੀ ਬਿਜ਼ਨਸਮੈਨ ਹਿਤੇਸ਼ ਪਟੇਲ ਨੇ ਖਰੀਦ ਲਿਆ। ਇਹਨੂੰ ਆਖਦੇ ਨੇ ਚਤੁਰਾਈ! ਗਰੀਬ ਮੁਲਕ ਦੇ ਅਮੀਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲਾਂ ਦਸ ਲੱਖ ਰੁਪਏ ਦਾ ਅਤਿਅੰਤ ਮਹਿੰਗਾ ਸੂਟ ਪਾ ਕੇ ਬਰਾਕ ਓਬਾਮਾ ਨਾਲ ਗਲਵੱਕੜੀਆਂ ਪਾ ਲਈਆਂ ਤੇ ਤਸਵੀਰਾਂ ਵੀ ਖਿਚਵਾ ਲਈਆਂ, ਪਰ ਜਦੋਂ ਇਸ ਮਹਿੰਗੇ ਤੇ ਅਦਭੁੱਤ ਸੂਟ ਬਾਰੇ ਚੁੰਜ-ਚਰਚਾ ਚੱਲੀ ਤਾਂ ਵੇਲੇ ਸਿਰ ਸੰਭਾਲੀ ਗਈ ਗੱਲ ਵਾਂਗ ਇਹਨੂੰ ਵੇਚ ਕੇ ਮਾਇਆ ‘ਗੰਗਾ ਮੱਈਆ’ ਦੀ ਸੇਵਾ ਵਿਚ ਅਰਪਣ ਕਰ ਕੇ ਆਪਣਾ ਧਾਰਮਿਕਤਾ ਤੇ ਤਿਆਗ ਵਾਲਾ ਚਿਹਰਾ ਲੋਕਾਂ ਨੂੰ ਵਿਖਾਉਣ ਵਿਚ ਜ਼ਰਾ ਵੀ ਢਿੱਲ ਨਾ ਵਿਖਾਈ।
ਭਾਰਤ ਦੀ ਜਿਸ ਜਨਤਾ ਨੇ ਕਾਂਗਰਸ ਦੀਆਂ ਖੁਨਾਮੀਆਂ ਤੋਂ ਉਕਤਾ ਕੇ ਬੀæਜੇæਪੀæ ‘ਤੇ ਭਰੋਸਾ ਕੀਤਾ, ਹਰ ਪਾਸੇ ਮੋਦੀ ਹੀ ਮੋਦੀ ਦਾ ਤੂਫ਼ਾਨ ਲੈ ਆਂਦਾ, ਮੋਦੀ ਦੇ ਜਾਦੂਮਈ ਭਾਸ਼ਨ ਸੁਣ-ਸੁਣ ਕੇ ਉਸ ਉਤੇ ਇਤਬਾਰ ਕੀਤਾ, ਉਹਨੂੰ ਹੀਰੋ ਬਣਾ ਕੇ ਦੁਨੀਆਂ ਦੇ ਰੰਗ-ਮੰਚ ‘ਤੇ ਲਿਆ ਖੜ੍ਹਾ ਕੀਤਾ, ਉਹ ਕੱਟੜ ਤੇ ਫ਼ਿਰਕੂ ਤਾਕਤਾਂ ਦੇ ਸਹਿਯੋਗ ਨਾਲ ਸਿੰਘਾਸਨ ਉਤੇ ਬਿਰਾਜਮਾਨ ਤਾਂ ਹੋ ਗਏ, ਪਰ ਜੋ ਜਨਤਾ ਮੰਗ ਰਹੀ ਸੀ, ਜਾਂ ਜਨਤਾ ਨਾਲ ਜੋ ਕੁਝ ਦੇਣ ਦੇ ਵਾਅਦੇ ਕੀਤੇ ਸਨ, ਉਹ ਸਿੰਘਾਸਨ ‘ਤੇ ਬੈਠਦਿਆਂ ਹੀ ਕੰਨਾ-ਮੰਨਾ-ਕੁਰਰæææ ਹੋ ਗਏ।
ਬਚਪਨ ਤੋਂ ਸੁਣਦੇ ਆਏ ਹਾਂ ਕਿ ਪਾਪ ਜਾਂ ਬੇਈਮਾਨੀ ਦਾ ਬੇੜਾ ਭਰ ਕੇ ਡੁੱਬਦਾ ਹੈ। ਜਿਥੇ ਕਾਂਗਰਸ ਦਾ ਬੇੜਾ ਜ਼ਰਾ ਆਹਿਸਤਾ-ਆਹਿਸਤਾ ਡੁੱਬਿਆ, ਉਥੇ ਬੀæਜੇæਪੀæ ਦਾ ਬੇੜਾ ਜਿਸ ਦੇ ਮਲਾਹ ਮੋਦੀ ਸਨ, ਨੂੰ ਦਿੱਲੀ ਦੀ ਜਨਤਾ ਨੇ ਐਸਾ ਮੰਝਧਾਰ ਦੇ ਹਵਾਲੇ ਕੀਤਾ ਕਿ ਦੁਨੀਆਂ ਭਰ ਦੇ ਲੋਕ ਦੇਖ ਕੇ ਦੰਗ ਰਹਿ ਗਏ। ਜਨਤਾ ਵੀ 9 ਮਹੀਨਿਆਂ ਵਿਚ ਕੱਟੜਵਾਦ ਅਤੇ ਫਿਰਕੂਪੁਣੇ ਦਾ ਅਸਲੀ ਭਿਆਨਕ ਚਿਹਰਾ ਦੇਖ ਚੁੱਕੀ ਸੀ, ਸੋ ਜਨਤਾ ਨੇ ਦਿੱਲੀ ਵਿਚ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ। ਇਕ ਮਾੜਕੂ ਜਿਹਾ ਬੇਹੱਦ ਸਾਦਾ-ਸਵੱਛ ਇਨਸਾਨ ਅਰਵਿੰਦ ਕੇਜਰੀਵਾਲ ਦਿੱਲੀ ਦੇ ਰੰਗ-ਮੰਚ ‘ਤੇ ਐਸਾ ਪ੍ਰਕਾਸ਼ਮਾਨ ਹੋਇਆ ਕਿ ਹਰ ਪਾਸੇ ਰੌਸ਼ਨੀ ਦਿਖਾਈ ਦੇਣ ਲੱਗ ਪਈ। ਦਿੱਲੀ ਦੇ ਲੋਕਾਂ ਨੇ ਸਵੈਟਰ ਤੇ ਮਫ਼ਲਰ ਵਾਲੇ ਇਸ ਆਦਮੀ ਨੂੰ ਗਜ਼ਬ ਦਾ ਮਾਣ ਤੇ ਸਤਿਕਾਰ ਦਿੱਤਾ। ਕੁੱਲ 70 ਸੀਟਾਂ ਵਿਚੋਂ 67 ‘ਤੇ ਜਿਤਾ ਕੇ ਲੋਕਾਂ ਨੇ ਕੇਜਰੀਵਾਲ ਨੂੰ ਮੋਦੀ ਦੀ ’56 ਇੰਚ ਚੌੜੀ ਛਾਤੀ’ ਉਤੇ ਬਿਠਾ ਦਿੱਤਾ।
ਹੁਣ ਸੋਚਣ ਅਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਕੇਜਰੀਵਾਲ ਨੇ ਨਾ ਤਾਂ ਮੋਦੀ ਵਾਂਗ ਲੱਛੇਦਾਰ ਭਾਸ਼ਨ ਦਿੱਤੇ, ਨਾ ਉਹਦੇ ਕੋਲ ਕੋਈ ਹੋਰ ਤਾਕਤ ਸੀ, ਪਰ ਕੇਜਰੀਵਾਲ ਕੋਲ ਤਿਆਗ ਦੀ ਉਹ ਸ਼ਕਤੀ ਸੀ ਜੋ ਉਹਨੇ ਬੇਈਮਾਨ ਲੋਕਾਂ ਦੀ ਭਾਈਵਾਲੀ ਠੁਕਰਾ ਕੇ ਪ੍ਰਾਪਤ ਕੀਤੀ ਸੀ। ਉਸੇ ਹੀ ਤਿਆਗ ਨੇ ਕੇਜਰੀਵਾਲ ਨੂੰ ਜ਼ਮੀਨ ਤੋਂ ਚੁੱਕ ਕੇ ਅਸਮਾਨ ਉਤੇ ਚੜ੍ਹਾ ਦਿੱਤਾ। ਕਾਂਗਰਸ ਵਿਚਾਰੀ ਦਾ ਤਾਂ ਪਹਿਲਾਂ ਹੀ ਫ਼ਾਤਿਹਾ ਪੜ੍ਹਿਆ ਜਾ ਚੁੱਕਾ ਸੀ, ਬੀæਜੇæਪੀæ ਨੇ ਵੀ ਸਮੇਤ ਦਸ ਲੱਖੀਏ ਮੋਦੀ ਸਾਹਿਬ ਦੇ, ਆਪਣੀ ਸਮੁੱਚੀ ਤਾਕਤ ਦਾਅ ‘ਤੇ ਲਾ ਦਿੱਤੀ, ਫਿਰ ਵੀ ਕੇਜਰੀਵਾਲ ਸੱਚ ਦਾ ਸੂਰਜ ਬਣ ਕੇ ਛਾ ਗਿਆ। ਕੇਜਰੀਵਾਲ ਦਾ ਪੁਰਾਣਾ ਸਵੈਟਰ ਤੇ ਘਸਿਆ ਹੋਇਆ ਮਫ਼ਲਰ ਜਦ ਮੋਦੀ ਦੇ ਦਸ ਲੱਖੀਏ ਸੂਟ ਉਤੇ ਭਾਰੀ ਪਿਆ, ਤਾਂ ਉਹ ਮਹਿੰਗਾ ਸੂਟ ਚਾਰ ਕਰੋੜ ਇਕੱਤੀ ਲੱਖ ਦਾ ਵੇਚ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ।
ਉਧਰ, ਸਾਦਗੀ ਦੀ ਮੂਰਤ ਕੇਜਰੀਵਾਲ ਵੀ ਆਪਣੇ ਜਲੌਅ ਵਿਚ ਆ ਗਿਆ ਹੈ, ਕਮਰ ਕੱਸ ਕੇ ਤੁਰ ਪਿਆ ਹੈ ਤੇ ਸ਼ਾਨ ਨਾਲ ਅੱਗੇ ਵਧ ਰਿਹਾ ਹੈ। ਹੁਣ ਕੇਜਰੀਵਾਲ ਤੇ ਉਹਦੇ ਸਾਥੀਆਂ ਦਾ ਰੁਖ ਪੰਜਾਬ ਵੱਲ ਹੈ। ਪੰਜਾਬ ਵਿਚ ਪਹਿਲਾਂ ਹੀ ਆਪ ਦੇ ਚਾਰ ਐਮæਪੀæ ਹਨ ਅਤੇ ਪੰਜਾਬ ਦੇ ਲੋਕ ਵੀ ਪੱਬਾਂ ਭਾਰ ਹੋ ਕੇ ‘ਆਪ’ ਦੀਆਂ ਰਾਹਵਾਂ ਦੇਖ ਰਹੇ ਹਨ, ਕਿਉਂਕਿ ਪੰਜਾਬ ਇਸ ਵੇਲ ਧੂ-ਧੂ ਕਰ ਕੇ ਸੜ ਰਿਹਾ ਹੈ, ਇਸ ਅੱਗ ਦੀਆਂ ਲਾਟਾਂ ਅਸਮਾਨ ਛੂਹ ਰਹੀਆਂ ਹਨ, ਪਾਣੀ ਦੇ ਦਰਿਆ ਸੁੱਕ ਗਏ ਹਨ, ਪਰ ਨਸ਼ਿਆਂ ਦੇ ਦਰਿਆ ਕਿਨਾਰੇ ਤੋੜ ਰਹੇ ਹਨ। ਪੰਜਾਬ ਦੀਆਂ ਧੀਆਂ ਲੁੱਟੀਆਂ ਜਾ ਰਹੀਆਂ ਹਨ। ਕਾਂਗਰਸ ਦੀ ਧੜੇਬੰਦੀ ਤੇ ਆਕੜ ਨੇ ਕਾਂਗਰਸ ਦਾ ਬੇੜਾ ਇੰਨਾ ਡੂੰਘਾ ਜਾ ਡੋਬਿਆ ਹੈ ਜਿਥੋਂ ਹੁਣ ਬਚ ਨਿਕਲਣਾ ਸੰਭਵ ਨਹੀਂ, ਤਾਂ ਔਖਾ ਜ਼ਰੂਰ ਹੈ। ਅਕਾਲੀ-ਭਾਜਪਾ ਦੀ ਸੱਤਾ ਦੀ ਕਿਸ਼ਤੀ ਵੀ ਡੋਲ ਰਹੀ ਹੈ। ਜੇ ਹੁਣ ਪੰਜਾਬ ਦੇ ਲੋਕਾਂ ਦੀ ਕੋਈ ਉਮੀਦ ਹੈ, ਤਾਂ ਉਹ ਕੇਜਰੀਵਾਲ ਦੀ ‘ਆਪ’ ਹੈ। ਅੱਜ ਭਾਰਤ ਦੀ ਜਨਤਾ ਦੀ ਇਹ ਸੋਚ ਰਹੀ ਹੈ ਕਿ ਉਨ੍ਹਾਂ ਨੂੰ ਕੇਜਰੀਵਾਲ ਵਰਗੇ ਲੀਡਰਾਂ ਦੀ ਲੋੜ ਹੈ; ਕੱਟੜ ਤੇ ਦਸ-ਦਸ ਲੱਖ ਦੇ ਸੂਟ ਪਾਉਣ ਵਾਲੇ ਮੋਦੀ ਵਰਗੇ ਆਗੂਆਂ ਦੀ ਨਹੀਂ। ਤੇ ਹੁਣ ਮੋਦੀ ਜੀ ਨੂੰ ਸਲਾਹ ਹੈ ਕਿ ਉਹ ਜੇ ਹਰ ਹਫ਼ਤੇ ਨਹੀਂ, ਤਾਂ ਹਰ ਮਹੀਨੇ ਦਸ ਲੱਖੀਏ ਜਾਂ ਵੀਹ ਲੱਖੀਏ ਸੂਟ ਬਣਵਾ ਕੇ ਇਕ ਵਾਰੀ ਪਾ ਕੇ ਫਿਰ ਵੇਚ ਦਿਆ ਕਰਨ, ਤਾਂ ਦੇਸ਼ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਜੇ ਲੱਖਾਂ ਦੀ ਚੀਜ਼ ਕਰੋੜਾਂ ਦੇ ਮੁੱਲ ਵਿਕਦੀ ਜਾਵੇ ਤਾਂ ਇਸ ਨਾਲ ਕਾਫ਼ੀ ਸਾਰਾ ਕਾਲਾ ਧਨ ਵੀ ਚਿੱਟਾ ਹੋ ਜਾਇਆ ਕਰੇਗਾ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536