ਡਾæ ਗੁਰਨਾਮ ਕੌਰ, ਕੈਨੇਡਾ
ਹੁਣ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਪੰਜਾਬ ਦੀ ਜੁਆਨੀ ਨੂੰ ਨਸ਼ੇ ਕਿਵੇਂ ਤਬਾਹ ਕਰ ਰਹੇ ਹਨ ਅਤੇ ਨਸ਼ਿਆਂ ਦਾ ਕਾਰੋਬਾਰ ਕਿਉਂ ਤੇ ਕਿਵੇਂ ਪੰਜਾਬ ਨੂੰ ਕੈਂਸਰ ਬਣ ਕੇ ਚੰਬੜ ਗਿਆ ਹੈ। ਹੁਣ ਸਰਕਾਰ ਦੀ ਇਹ ਤੁਹਮਤ ਤਰਕਹੀਣ ਹੋ ਗਈ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਮਹਿਜ ਕੁਝ ਲੋਕਾਂ ਜਾਂ ਪਾਰਟੀਆਂ ਵਲੋਂ ਰਾਜਨੀਤਕ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ।
31 ਜਨਵਰੀ ਦੇ Ḕਪੰਜਾਬ ਟਾਈਮਜ਼Ḕ ਵਿਚ ਹਮੀਰ ਸਿੰਘ ਦਾ ਲੇਖ “ਨਸ਼ਿਆਂ ਖਿਲਾਫ ਮੋਰਚਾ ਅਤੇ ਪੰਜਾਬ ਦੀ ਪੀੜ” ਛਪਿਆ ਹੈ। ਇਸ ਨੂੰ ਸਮੇਟਦਿਆਂ ਉਨ੍ਹਾਂ ਲਿਖਿਆ ਹੈ, “ਬੌਧਿਕ ਕੰਗਾਲੀ ਪੰਜਾਬ ਲਈ ਸਭ ਤੋਂ ਵੱਡੀ ਕਮਜ਼ੋਰੀ ਬਣ ਰਹੀ ਹੈ। ਅਨੇਕ ਸਮੱਸਿਆਵਾਂ ਵਿਚ ਜਕੜੇ ਰਾਜ ਸਾਹਮਣੇ ਸਪਸ਼ਟ ਏਜੰਡਾ ਪੇਸ਼ ਕਰਨ ਅਤੇ ਪਾਰਟੀਆਂ ਨੂੰ ਉਨ੍ਹਾਂ ਉਤੇ ਗੱਲ ਕਰਨ ਲਈ ਮਜਬੂਰ ਕਰਨ ਵਾਲਾ ਬੌਧਿਕ ਗਰੁਪ ਦ੍ਰਿਸ਼ ਤੋਂ ਗਾਇਬ ਦਿਖਾਈ ਦੇ ਰਿਹਾ ਹੈ। ਜਿੱਥੇ ਵੀ ਨਸ਼ੇ ਖਿਲਾਫ ਬਹਿਸ ਹੁੰਦੀ ਹੈ, ਇੱਕ ਦਲੀਲ ਸਭ ਦਿੰਦੇ ਹਨ ਕਿ ਇਸ ਉਤੇ ਸਿਆਸਤ ਨਹੀਂ ਕਰਨੀ ਚਾਹੀਦੀ। ਕਿਉਂ? ਜਿਸ ਤਰ੍ਹਾਂ ਦੀ ਸਿਆਸਤ ਹੁਣ ਚੱਲ ਰਹੀ ਹੈ, ਉਹ ਹੀ ਤਾਂ ਵੱਡੇ ਵਰਗ ਕੋਲੋਂ ਰੁਜ਼ਗਾਰ, ਪੜ੍ਹਾਈ, ਚੰਗੀ ਸਿਹਤ, ਬਰਾਬਰੀ ਦੇ ਅਧਿਕਾਰ, ਜਮੂਹਰੀਅਤ ਵਿਚ ਫੈਸਲਾਕੁਨ ਤਾਕਤ ਵਿਚ ਹਿੱਸੇਦਾਰੀ ਸਭ ਕੁਝ ਖੋਹ ਰਹੀ ਹੈ। ਲੋੜ ਸਿਆਸਤ ਨੂੰ ਕੁਦਰਤ ਅਤੇ ਮਨੁੱਖ ਦੀਆਂ ਜ਼ਰੂਰਤਾਂ ਦੇ ਹਾਣ ਦੀ ਬਣਾਉਣ ਦੀ ਹੈ। ਪੰਜਾਬ ਦੀਆਂ ਔਰਤਾਂ ਇਸ ਸਬੰਧੀ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ, ਪਰ ਦੁਖਾਂਤ ਇਹੀ ਹੈ ਕਿ ਇਨ੍ਹਾਂ ਨੂੰ ਸਮਾਜਿਕ ਅਤੇ ਸਿਆਸੀ ਖੇਤਰ ਵਿਚ ਅੱਗੇ ਆਉਣ ਲਈ ਰੁਕਾਵਟਾਂ ਨੂੰ ਦੂਰ ਕਰਨ ਲਈ ਪਹਿਲਕਦਮੀ ਕਰਨੀ ਪਵੇਗੀ। ਇਸ ਲਈ ਨਸ਼ਿਆਂ ਖਿਲਾਫ ਲੜਾਈ ਦੇ ਦੋਵੇਂ ਪੱਖ ਸਮਾਜਿਕ ਤੇ ਸਿਆਸੀ ਹੋਣਗੇ ਪਰ ਕੇਵਲ ਵੋਟ ਬੈਂਕ ਦੀ ਸਿਆਸਤ ਨਸ਼ੇ ਖਿਲਾਫ ਮੁਹਿੰਮ ਨੂੰ ਕਿਤੇ ਨਹੀਂ ਲਿਜਾ ਸਕੇਗੀ।”
ਜਤਿੰਦਰ ਪੰਨੂ ਹੋਰਾਂ ਦੇ ਲੇਖ ਆਮ ਤੌਰ ‘ਤੇ ਰਾਜਨੀਤੀ ਦੇ ਕਿਸੇ ਨਾ ਕਿਸੇ ਪੱਖ ਨਾਲ ਸਬੰਧਤ ਹੁੰਦੇ ਹਨ ਪਰ Ḕਪੰਜਾਬ ਟਾਈਮਜḔ ਦੇ 14 ਫਰਵਰੀ ਦੇ ਅੰਕ ਵਿਚ ਆਪਣੇ ਲੇਖ Ḕਨਸ਼ਿਆਂ ‘ਚ ਡੁਬ ਰਿਹੈ ਦੁਲਿਆਂ, ਦਾਰਿਆਂ, ਮਿਲਖਿਆਂ ਦਾ ਪੰਜਾਬḔ ਵਿਚ ਉਨ੍ਹਾਂ ਨੇ ਪੰਜਾਬ ਵਿਚ ਨਸ਼ਿਆਂ ਦੀ ਗੰਭੀਰਤਾ ‘ਤੇ ਚਿੰਤਾ ਪਰਗਟ ਕਰਦਿਆਂ ਅੰਤ ਵਿਚ ਲਿਖਿਆ ਹੈ, “ਰਾਜਨੀਤੀ ਦੀ ਲੜਾਈ ਲੜਨ ਵਾਲੇ ਬਥੇਰੇ ਹਨ, ਉਨ੍ਹਾਂ ਨੂੰ ਕੁੱਕੜ ਖੇਹ ਉਡਾਉਂਦੇ ਛੱਡ ਕੇ ਜਾਗ੍ਰਿਤੀ ਦੀ ਇਕ ਨਵੀਂ ਲਹਿਰ ਪੰਜਾਬ ਦੇ ਹਰ ਪਿੰਡ ਅਤੇ ਹਰ ਸੱਥ ਤੱਕ ਪੁਚਾਉਣ ਦੀ ਲੋੜ ਹੈ, ਲੋਕਾਂ ਦੇ ਗਰਕਦੇ ਜਾਂਦੇ ਪੁੱਤਰ ਅਤੇ ਪਰਿਵਾਰ ਬਚਾਉਣ ਦੀ ਲੋੜ ਹੈ। ਜੇ ਉਹ ਇਸ ਪੱਖੋਂ ਜਾਗ੍ਰਿਤ ਹੋ ਗਏ ਤਾਂ ਨਸ਼ੀਲੇ ਪਦਾਰਥਾਂ ਦੇ ਵਪਾਰੀ ਤੇ ਉਨ੍ਹਾਂ ਦੇ ਸਰਪ੍ਰਸਤ ਕਿੰਨੇ ਵੀ ਵੱਡੇ ਮੁਰਾਤਬੇ ਵਾਲੇ ਹੋਣ, ਪਿੰਡਾਂ ਦੇ ਲੋਕ ਪਾਥੀਆਂ ਮਾਰ ਮਾਰ ਕੇ ਭਜਾ ਦੇਣਗੇ।”
ਸ਼ ਹਮੀਰ ਸਿੰਘ ਨੇ ਆਪਣੇ ਲੇਖ ਵਿਚ ਸਪੱਸ਼ਟ ਤੌਰ ‘ਤੇ ਇਹ ਕਹਿ ਦਿੱਤਾ ਹੈ ਕਿ ਪੰਜਾਬੀ ਔਰਤ ਨੂੰ ਆਪਣੇ ਪੁੱਤ ਬਚਾਉਣ ਲਈ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਖਿਲਾਫ ਇਹ ਲੜਾਈ ਅੱਗੇ ਹੋ ਕੇ ਲੜਨੀ ਪਵੇਗੀ। ਜਤਿੰਦਰ ਪੰਨੂ ਹੋਰੀਂ ਬਹੁਤ ਸੁਲਝੇ ਹੋਏ ਅਤੇ ਚੇਤੰਨ ਪੱਤਰਕਾਰ ਹਨ। ਉਨ੍ਹਾਂ ਨੇ ਇਸ ਪਾਸੇ ਕਿ ਹੁਣ ਪੰਜਾਬੀ ਔਰਤ ਨੂੰ ਜਾਗ੍ਰਿਤ ਕਰਨ ਦਾ ਅਤੇ ਉਸ ਦੇ ਅੱਗੇ ਹੋ ਕੇ ਇਹ ਲੜਾਈ ਲੜਨ ਦਾ ਸਮਾਂ ਆ ਗਿਆ ਹੈ, ਲੁਕਵੇਂ ਢੰਗ ਨਾਲ ਇਸ਼ਾਰਾ ਕਰ ਦਿੱਤਾ ਹੈ। ਲੁਕਵੇਂ ਢੰਗ ਨਾਲ ਇਸ ਕਰਕੇ Ḕਪਾਥੀਆਂ ਮਾਰ ਮਾਰ ਕੇ ਭਜਾ ਦੇਣḔ ਦਾ ਕੰਮ ਪਿੰਡ ਦੀਆਂ ਔਰਤਾਂ ਹੀ ਕਰ ਸਕਦੀਆਂ ਹਨ। ਜੇ ਉਹ ਆਪਣੀ ਆਈ ‘ਤੇ ਆ ਜਾਣ ਤਾਂ ਉਨ੍ਹਾਂ ਲਈ ਨਸ਼ੇ ਦੇ ਵਪਾਰੀਆਂ ਨੂੰ ਭਜਾਉਣਾ ਬਿਲਕੁਲ ਔਖਾ ਨਹੀਂ ਹੋਵੇਗਾ, ਮਸਲਾ ਸਿਰਫ ਉਨ੍ਹਾਂ ਨੂੰ ਇਸ ਪਾਸੇ ਚੇਤੰਨ ਕਰਨ ਦਾ ਅਤੇ ਸੰਗਠਿਤ ਕਰਨ ਦਾ ਹੈ।
ਬਹੁਤ ਛੋਟੀ ਸੀ ਉਦੋਂ ਮੈਂ, ਮਸਾਂ ਤੀਸਰੀ ਜਮਾਤ ਵਿਚ ਪੜ੍ਹਦੀ ਜਦੋਂ ਸਾਡੀ ਗੂੜ੍ਹੀ ਪਰਿਵਾਰਕ ਸਾਂਝ ਵਾਲੇ ਸਾਡੇ ਗੁਆਂਢੀ ਚਾਚਾ ਜੀ ਪੰਡਿਤ ਰਾਮ ਗੋਪਾਲ ਦੀ ਪਤਨੀ ਚਾਚੀ ਵਿੱਦਿਆ ਵਤੀ ਆਪਣੇ ਸਹੁਰੇ ਦੇ ਸਵਰਗਵਾਸ ਤੋਂ ਬਾਅਦ ਲੁਧਿਆਣੇ ਤੋਂ ਪਿੰਡ ਵਾਲੇ ਘਰ ਦੀ ਸਾਫ-ਸਫਾਈ ਕਰਨ ਲਈ ਕੁਝ ਦਿਨਾਂ ਲਈ ਪਿੰਡ ਆਏ। ਉਹ ਬਜ਼ੁਰਗ ਦੀਆਂ ਪੁਰਾਣੀਆਂ ਕਿਤਾਬਾਂ, ਰਸਾਲੇ ਤੇ ਅਖਬਾਰ ਆਦਿ ਰੱਦੀ ਵਿਚ ਦੇਣ ਲਈ ਕੱਢ ਰਹੇ ਸੀ। ਸਾਨੂੰ ਆਗਿਆ ਕੀਤੀ ਕਿ ਜੋ ਕੁਝ ਪੜ੍ਹਨਾ ਹੈ, ਵਿਚੋਂ ਛਾਂਟ ਲਈਏ। ਅੰਗਰੇਜ਼ੀ ਤਾਂ ਪੜ੍ਹਨੀ ਨਹੀਂ ਸੀ ਆਉਂਦੀ ਪਰ ਪੰਜਾਬੀ ਦੇ ਪੁਰਾਣੇ ਅਖਬਾਰ, ਰਸਾਲੇ ਕੱਢ ਲਏ ਜਿਨ੍ਹਾਂ ਵਿਚੋਂ ਇੱਕ ਕਿਸੇ ਗਦਰੀ ਯੋਧੇ ਵਲੋਂ ਲਿਖੀ ਕਵਿਤਾ ਦੇ ਟੋਟੇ, ਅਤੇ ਇੱਕ ਕਿਸੇ ਦਾ ਅਮਲੀਆਂ ‘ਤੇ ਲਿਖੇ ਵਿਅੰਗਮਈ ਲੇਖ ਵਿਚਲਾ ਟੋਟਕੜਾ ਮੈਨੂੰ ਅੱਜ ਤੱਕ ਨਹੀਂ ਭੁੱਲਿਆ। ਗਦਰੀ ਕਵਿਤਾ ਦਾ ਟੋਟਾ ਸੀ, “ਜਿਹਦੀ ਮਾਂ ਦੀਆਂ ਮੇਢੀਆਂ ਗੈਰ ਪੁੱਟਣ, ਉਹਦੇ ਜੀਵਣੇ ਦਾ ਫਿਰ ਹੱਜ ਕੋਈ ਨਾ।”
ਅਮਲੀਆਂ ਉਤੇ ਲਿਖੇ ਲੇਖ ਵਿਚ ਅਮਲੀ ਦੀ ਪਤਨੀ ਅਤੇ ਅਮਲੀ ਦੀ ਮਨੋਦਸ਼ਾ ਦਾ ਕੁਝ ਚਿਤਰ ਇਵੇਂ ਸੀ ਕਿ ਅਮਲੀ ਕਹਿੰਦਾ ਹੈ, “ਪੋਸਤਾ ਦਿਲ ਦੋਸਤਾ ਤੇਰਾ ਜੜੋਂ ਲੁਆਵਾਂ ਬੂਟਾ। ਹਜ਼ਾਰ ਰੁਪਏ ਦੀ ਪਿਣਕ ਜੋ ਦੇਨਾਂ ਏਂ ਲੱਖ ਰੁਪਏ ਦਾ ਝੂਟਾ।” ਅਮਲੀ ਦੀ ਉਸ ਦੀ ਪਤਨੀ ਦਾ ਉਤਰ ਸੀ, “ਪੋਸਤਾ ਦਿਲ ਦੁਸ਼ਮਣਾਂ ਤੇਰਾ ਜੜੋਂ ਪੁਟਾਵਾਂ ਬੂਟਾ। ਵਸਦੇ ਘਰ ਉਜਾੜ ਕਰੇਨਾ ਏਂ ਹੱਥ ਵਿਚ ਦੇਨਾ ਏਂ ਠੂਠਾ।” ਇਸ ਵੇਲੇ ਪੰਜਾਬ ਦੀ ਬਹੁ ਗਿਣਤੀ ਪਰਿਵਾਰਾਂ ਨੂੰ ਇਹ ਦੁੱਖ ਝੱਲਣਾ ਪੈ ਰਿਹਾ ਹੈ। ਨਾ ਸਿਰਫ ਵਸਦੇ ਪਰਿਵਾਰ ਮਾਇਕ ਤੌਰ ‘ਤੇ ਉਜੜ ਰਹੇ ਹਨ ਬਲਕਿ ਵਰਤਮਾਨ ਜੁਗ ਵਿਚ ਜਿਸ ਕਿਸਮ ਦੇ ਨਸ਼ੇ ਪੰਜਾਬ ਵਿਚ ਚੱਲ ਰਹੇ ਹਨ, ਉਨ੍ਹਾਂ ਨਾਲ ਪੰਜਾਬੀ ਮਾਂਵਾਂ ਦੀਆਂ ਝੋਲੀਆਂ ਪੁੱਤਰਾਂ ਤੋਂ ਸੱਖਣੀਆਂ ਹੋ ਰਹੀਆਂ ਹਨ ਅਤੇ ਜਵਾਨੀ ਦਾ ਬੇੜਾ ਹਰ ਤਰ੍ਹਾਂ ਨਾਲ ਹੀ ਗਰਕ ਹੋ ਰਿਹਾ ਹੈ ਜਿਸ ਦਾ ਜ਼ਿਕਰ ਸ੍ਰੀ ਪੰਨੂ ਨੇ ਆਪਣੇ ਲੇਖ ਵਿਚ ਵੀ ਕੀਤਾ ਹੈ। ਇਸ ਹਾਲਤ ਵਿਚ ਨਿਰਾਸ਼ ਅਤੇ ਬੇਬੱਸ ਪੰਜਾਬੀ ਮਾਂ ਕੀ ਕਰੇ, ਕਿਧਰ ਨੂੰ ਜਾਵੇ?
ਇਹੀ ਪ੍ਰਸ਼ਨ ਹੈ ਜਿਸ ਦਾ ਹੱਲ ਲੱਭਣ ਲਈ ਇਕੱਠੇ ਹੋ ਕੇ ਸੋਚਣ ਦੀ ਜ਼ਰੂਰਤ ਹੈ। ਬੌਧਿਕ ਕੰਗਾਲੀ ਦਾ ਜਾਂ ਬੁੱਧੀਜੀਵੀਆਂ ਦੇ ਸੌਂ ਜਾਣ ਦਾ ਕਾਰਨ ਵੀ ਰਾਜਨੀਤੀ ਹੀ ਹੈ ਅਤੇ “ਮੈਨੂੰ ਕੀ?” ਦੀ ਭਾਵਨਾ, ਜਿਸ ਨੇ ਪੰਜਾਬੀਪੁਣਾ ਖੋਹ ਲਿਆ ਹੈ। ਰਾਜਨੀਤੀ ਪੈਸੇ ਕਮਾਉਣ, ਕੰਮ ਕਢਵਾਉਣ ਅਤੇ ਲਾਹੇ ਲੈਣ ਦਾ ਬਹੁਤ ਵੱਡਾ ਸਾਧਨ ਬਣ ਗਈ ਹੈ। ਇਸ ਲਈ ਬੁੱਧੀਜੀਵੀਆਂ ਵਿਚ ਜਾਂ ਤੇ ਸ਼ਾਮ ਨੂੰ ਇਕੱਠੇ ਹੋ ਕੇ ਪੋਸਟ ਮੌਡਰੇਨਿਜ਼ਮ ਅਰਥਾਤ ਉਤਰ-ਆਧੁਨਿਕਵਾਦ ਦੇ ਬਖੀਏ ਉਧੇੜਨ ਦਾ ਕੰਮ ਰਹਿ ਗਿਆ ਹੈ ਜਾਂ ਕਾਫੀ ਹਾਊਸਾਂ ਵਿਚ ਬਹਿ ਕੇ ਆਪਣੇ ਅਦਾਰਿਆਂ ਦੀ ਤੇ ਆਮ ਰਾਜਨੀਤੀ ‘ਤੇ ਚਰਚਾ ਕਰਨ ਦਾ ਕੰਮ ਰਹਿ ਗਿਆ ਹੈ। ਸਮਾਜ ਕਿਧਰ ਨੂੰ ਜਾ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਦਾ ਕੀ ਬਣੇਗਾ? ਇਸ ਦੀ ਚਿੰਤਾ ਕਿਸੇ ਬੁੱਧੀਜੀਵੀ ਨੂੰ ਨਹੀਂ ਹੈ। ਹਰ ਇੱਕ ਆਪਣੇ ਫਾਇਦੇ ਬਾਰੇ ਸੋਚਦਾ ਹੈ ਕਿ ਕਿਸ ਦੇ ਤਾਕਤ ਵਿਚ ਆਉਣ ਨਾਲ ਕਿਹੜੀ ਤਰੱਕੀ ਲਈ ਜਾ ਸਕਦੀ ਹੈ ਤੇ ਕਿਹੜਾ ਲਾਹਾ ਖੱਟਿਆ ਜਾ ਸਕਦਾ ਹੈ। ਇਸੇ ਨੂੰ ਬਾਬੇ ਨਾਨਕ ਨੇ ਆਸਾ ਦੀ ਵਾਰ ਵਿਚ Ḕਅੰਨੀ ਪਰਜਾ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰḔ ਕਿਹਾ ਹੈ।
Ḕਪੰਜਾਬ ਟਾਈਮਜḔ ਦੇ 21 ਫਰਵਰੀ ਵਾਲੇ ਅੰਕ ਵਿਚ ਖਬਰ ਲੱਗੀ ਹੈ- Ḕਬੇਰੁਜ਼ਗਾਰ ਨੌਜਵਾਨਾਂ ਨੇ ਨਸ਼ਾ ਤਸਕਰੀ ਨੂੰ ਬਣਾਇਆ ਕਾਰੋਬਾਰḔ ਅਤੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਭਾਵੇਂ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੀ ਹੱਦ ਵੀ ਪਾਕਿਸਤਾਨ ਨਾਲ ਲੱਗਦੀ ਹੈ, ਭਾਵੇਂ ਪੰਜਾਬ ਅਤੇ ਪਾਕਿਸਤਾਨ ਦੀ 120 ਕਿਲੋਮੀਟਰ ਲੰਬੀ ਸਰਹੱਦ ਤੇ 102 ਕਿਲੋਮੀਟਰ ‘ਤੇ ਕੰਡਿਆਲੀ ਤਾਰ ਲੱਗੀ ਹੈ ਫਿਰ ਵੀ ਹੈਰੋਇਨ ਵਗੈਰਾ ਦੀ ਤਸਕਰੀ ਸਭ ਤੋਂ ਵੱਧ ਸਿਰਫ ਤੇ ਸਿਰਫ ਪੰਜਾਬ ਦੀ ਹੱਦ ‘ਤੇ ਹੁੰਦੀ ਹੈ। ਸਪੱਸ਼ਟ ਨਜ਼ਰ ਆਉਂਦਾ ਹੈ ਕਿ ਪੰਜਾਬੀ ਮਾਂ, ਪੰਜਾਬੀ ਔਰਤ ਦੀ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੀ ਇੱਕ ਪਰਤ ਨਹੀਂ ਹੈ, ਇਹ ਬਹੁ-ਪਰਤੀ ਲੜਾਈ ਹੈ। ਪੰਜਾਬੀ ਔਰਤ ਬਹਾਦਰ ਅਤੇ ਨਿਡਰ ਹੈ, ਉਹ ਦੂਸਰੀਆਂ ਭਾਰਤੀ ਔਰਤਾਂ ਨਾਲੋਂ ਵੱਧ ਦਲੇਰ, ਆਜ਼ਾਦ ਅਤੇ ਹੌਂਸਲੇ ਵਾਲੀ ਹੈ ਕਿਉਂਕਿ ਉਸ ਉਤੇ ਗੁਰੂ ਦੀ ਮਿਹਰ ਹੈ ਜਿਸ ਨੇ ਉਸ ਨੂੰ ਸਭ ਤੋਂ ਪਹਿਲਾਂ ਇੱਕ ਇਨਸਾਨ ਵਜੋਂ ਪੁਰਸ਼ ਦੇ ਬਰਾਬਰ ਅਧਿਕਾਰ ਦਿੱਤੇ। ਜੇ ਇਹ ਲੜਾਈ ਮਾਈ ਭਾਗੋ ਵਾਂਗ ਬੇਦਾਵਾ ਲਿਖ ਕੇ ਦੇ ਆਏ ਸਿੰਘਾਂ ਨੂੰ ਵਾਪਸ ਗੁਰੂ ਦੀ ਸ਼ਰਨ ਲੈ ਜਾਣ ਦੀ ਹੁੰਦੀ ਤਾਂ ਇਹ ਥੋੜ੍ਹੀ ਸੌਖੀ ਹੋਣੀ ਸੀ ਕਿਉਂਕਿ ਇਹ ਲੜਾਈ ਦੁਸ਼ਮਣ ਨਾਲ ਆਹਮੋ-ਸਾਹਮਣੇ ਦੀ ਹੋਣੀ ਸੀ। ਜੇ ਬੀਬੀ ਸ਼ਰਨ ਕੌਰ ਵਾਂਗ ਬਹਾਦਰੀ ਦਿਖਾਉਣ ਦਾ ਵੇਲਾ ਹੁੰਦਾ ਤਾਂ ਵੀ ਉਸ ਨੂੰ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਸਭ ਤੋਂ ਵੱਡਾ ਦੁਸ਼ਮਣ ਧਿਆਨ ਸਿੰਘ ਡੋਗਰਾ ਅੱਖਾਂ ਦੇ ਸਾਹਮਣੇ ਹੈ। ਪਰ ਨਸ਼ਿਆਂ ਖਿਲਾਫ ਵਰਤਮਾਨ ਲੜਾਈ ਬਹੁ-ਪਰਤੀ ਹੈ ਜਿਸ ਵਿਚ ਬਹੁਤ ਦਲੇਰੀ, ਏਕੇ ਅਤੇ ਸੋਝੀ ਦੀ ਜ਼ਰੂਰਤ ਹੈ। ਇੱਕ ਪਾਸੇ ਲਾਲਚੀ ਲੋਕ ਸਮਾਜ ਦੇ ਦੁਸ਼ਮਣ ਹਨ ਜਿਹੜੇ ਸੌਖੀ ਅਤੇ ਬਹੁਤੀ ਦੌਲਤ ਕਮਾਉਣ ਲਈ ਨਸ਼ਿਆਂ ਦੀ ਤਸਕਰੀ ਸਰਹੱਦ ਪਾਰ ਤੋਂ ਕਰ ਰਹੇ ਹਨ, ਫਿਰ ਅੱਗੇ ਛੋਟੇ ਤਸਕਰ ਹਨ ਜੋ ਇਸ ਨੂੰ ਗਾਹਕਾਂ ਦੀ ਪਹੁੰਚ ਬਣਾਉਂਦੇ ਹਨ, ਪਹਿਲਾਂ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾ ਕੇ ਗਾਹਕ ਬਣਾਉਂਦੇ ਹਨ ਅਤੇ ਫਿਰ ਮਜ਼ਬੂਰ ਕਰਕੇ ਅੱਗੋਂ ਨਸ਼ਾ ਵੇਚਣ ਲਾ ਦਿੰਦੇ ਹਨ।
ਇੱਕ ਪਾਸੇ ਭ੍ਰਿਸ਼ਟ ਵਜ਼ੀਰ ਹਨ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਵੱਧ ਤੋਂ ਵੱਧ ਜਾਇਦਾਦ ਬਣਾਉਣਾ ਤੇ ਪੈਸਾ ਕਮਾਉਣਾ ਹੋ ਗਿਆ ਹੈ। ਇਹ ਭ੍ਰਿਸ਼ਟ ਨੇਤਾ ਆਪ ਅਮੀਰ ਹੋਣ ਲਈ ਨਸ਼ਿਆਂ ਦੀ ਤਸਕਰੀ ਦੇ ਹਿੱਸੇਦਾਰ ਹਨ, ਦੂਸਰੇ ਪਾਸੇ ਰਿਸ਼ਵਤਖੋਰ ਪ੍ਰਬੰਧਕੀ ਢਾਂਚਾ ਹੈ ਜੋ ਇਸ ਤਸਕਰੀ ਵਿਚ ਹਰ ਤਰ੍ਹਾਂ ਨਾਲ ਸਹਾਇਕ ਸਿੱਧ ਹੋ ਰਿਹਾ ਹੈ। ਥਾਂ ਥਾਂ ਨਸ਼ਾ ਵਿਕ ਰਿਹਾ ਹੈ। ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਦਵਾਈਆਂ ਘੱਟ ਪਰ ਨਸ਼ੇ ਦੀਆਂ ਗੋਲੀਆਂ, ਸਿਰਪ ਅਤੇ ਨਸ਼ੇ ਦੇ ਟੀਕੇ ਵੱਧ ਮਿਲਦੇ ਹਨ। ਕਿਸੇ ਡਰਗ-ਇੰਸਪੈਕਟਰ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਕੀ ਵਿਕ ਰਿਹਾ ਹੈ। ਸਰਕਾਰ ਨੇ ਆਪਣੀ ਆਮਦਨ ਵਧਾਉਣ ਲਈ ਥਾਂ ਥਾਂ ਸ਼ਰਾਬ ਦੇ ਠੇਕੇ ਖੋਲ੍ਹ ਰੱਖੇ ਹਨ। ਸਰਕਾਰ ਦਾ ਇਸ ਵੇਲੇ ਲੋਕਾਂ ਪ੍ਰਤੀ ਰਵੱਈਆਂ Ḕਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇḔ ਵਾਲਾ ਹੈ।
ਅੰਕੜਿਆਂ ਅਨੁਸਾਰ ਇਸ ਵੇਲੇ ਸਾਰੇ ਭਾਰਤ ਵਿਚੋਂ ਪ੍ਰਤੀ ਆਦਮੀ ਸ਼ਰਾਬ ਦੀ ਖਪਤ ਸਭ ਤੋਂ ਵੱਧ ਪੰਜਾਬ ਵਿਚ ਹੋ ਰਹੀ ਹੈ। ਇਸੇ ਕਾਰਨ ਐਕਸੀਡੈਂਟਾਂ ਵਿਚ ਵੀ ਸਭ ਤੋਂ ਵੱਧ ਪੰਜਾਬੀ ਮਰ ਰਹੇ ਹਨ। ਇਹ ਹੀ ਨਹੀਂ ਪੰਜਾਬੀ ਔਰਤ ਲਈ ਨਸ਼ਿਆਂ ਸਬੰਧੀ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ। ਨਾ ਸਿਰਫ ਇਹ ਕਿ ਘਰਾਂ ਵਿਚ ਸ਼ਰਾਬ ਨੂੰ ਪ੍ਰਾਹੁਣਚਾਰੀ ਦਾ ਜ਼ਰੂਰੀ ਅੰਗ ਮੰਨ ਲਿਆ ਗਿਆ ਹੈ ਬਲਕਿ ਇਸ ਨੂੰ ਘਰਾਂ ਦੇ ਅੰਦਰ ਬਾਪ-ਦਾਦਿਆਂ ਵਲੋਂ ਰੋਜ ਪੀਤਾ ਵੀ ਜਾਂਦਾ ਹੈ ਅਤੇ ਇਸ ਦੇ ਗੁਣ ਵੀ ਗਾਏ ਜਾਂਦੇ ਹਨ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵਿਆਹਾਂ ਵਿਚ ਮੈਰਿਜ ਪੈਲੇਸ ਕਲਚਰ ਨੇ ਇਸ ਨੂੰ ਬਹੁਤ ਵਧਾ ਦਿੱਤਾ ਹੈ। ਘਰ ਤੋਂ ਬਾਹਰ ਬੱਚਿਆਂ ਦੇ Ḕਪੀਅਰ ਗਰੁਪḔ ਅਰਥਾਤ ਬੱਚਿਆਂ ਦੀ ਦੋਸਤੀ ਵੀ ਨਸ਼ਿਆਂ ਨੂੰ ਫੈਲਾਉਣ ਵਿਚ ਬਹੁਤ ਵੱਡਾ ਹਿੱਸਾ ਪਾ ਰਹੀ ਹੈ ਜਿਸ ਦਾ ਮਾਪਿਆਂ ਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ।
ਇਸ ਤਰ੍ਹਾਂ ਪੰਜਾਬੀ ਮਾਂ ਲਈ ਨਸ਼ਿਆਂ ਦੀ ਰੋਕ ਥਾਮ ਲਈ ਲੜਾਈ ਬਹੁ-ਪਰਤੀ ਹੈ ਜਿਸ ਨੂੰ ਲੜਨ ਲਈ ਬੇਹਿਸਾਬੀ ਹਿੰਮਤ, ਦਲੇਰੀ ਅਤੇ ਧੀਰਜ ਦੀ ਜ਼ਰੂਰਤ ਹੈ। ਇਹ ਲੜਾਈ ਇਕੱਲਿਆਂ ਕਿਸੇ ਕੋਲੋਂ ਵੀ ਲੜੀ ਨਹੀਂ ਜਾਣੀ। ਇਸ ਲਈ ਇਕੱਠੇ ਹੋ ਕੇ ਉਪਰਾਲੇ ਕਰਨੇ ਪੈਣੇ ਹਨ।