ਵੀਹਵੀਂ ਸਦੀ ਦਾ ਸਰਵ ਪੱਖੀ ਵਿੱਦਿਆ ਕੇਂਦਰ-ਮਾਹਿਲਪੁਰ

ਗੁਲਜ਼ਾਰ ਸਿੰਘ ਸੰਧੂ
ਜ਼ਿਲ੍ਹਾ ਹੁਸ਼ਿਆਰਪੁਰ ਦੇ ਰੇਤਲੇ ਖੇਤਰ ਵਿਚ ਪੈਂਦਾ ਮਾਹਿਲਪੁਰ ਦਾ ਕਸਬਾ ਅੱਜ ਸ਼ਿਵਾਲਿਕ ਦੇ ਪਰਬਤਾਂ ਦੀ ਕੰਡੀ ਦਾ ਮਹਾਨ ਵਿਦਿਆ ਕੇਂਦਰ ਬਣ ਚੁੱਕਾ ਹੈ। ਇਥੋਂ ਦੇ ਪ੍ਰਮੁੱਖ ਹਾਈ ਸਕੂਲ ਤੇ ਖਾਲਸਾ ਕਾਲਜ ਦੀ ਵਾਗਡੋਰ 1924 ਤੋਂ 1961 ਪੂਰੇ 35 ਸਾਲ ਲਾਸਾਨੀ ਵਿਦਿਆ ਸ਼ਾਸਤਰੀ ਹਰਭਜਨ ਸਿੰਘ ਦੇ ਹੱਥ ਵਿਚ ਰਹੀ।

ਸਕੂਲ ਦਾ ਹੈਡਮਾਸਟਰ ਹੁੰਦਿਆਂ ਉਨ੍ਹਾਂ ਨੇ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦਾ ਇਮਤਿਹਾਨ ਲੈਣ ਲਈ ਲਾਹੌਰ ਦੇ ਮੰਨੇ ਪ੍ਰਮੰਨੇ ਇਸਲਾਮੀਆ ਹਾਈ ਸਕੂਲ ਨਾਲ ਰਾਬਤਾ ਕਾਇਮ ਕੀਤਾ। ਪਰਚੇ ਵੀ ਉਥੋਂ ਬਣ ਕੇ ਆਉਂਦੇ ਸਨ ਅਤੇ ਕੁਝ ਗਿਣਤੀ ਦੇ ਵਿਦਿਆਰਥੀਆਂ ਦੇ ਨੰਬਰ ਵੀ ਉਨ੍ਹਾਂ ਨੂੰ ਦਿਖਾਏ ਜਾਂਦੇ ਸਨ। ਹਰਿਭਜਨ ਸਿੰਘ ਹਿਸਾਬ, ਸਾਇੰਸ ਤੇ ਸਥਾਨਕ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਨੇ ਅੰਗਰੇਜ਼ੀ ਪੜ੍ਹਾਉਣ ਲਈ ਬਾਵਾ ਗੁਰਦਿੱਤ ਸਿੰਘ ਬੇਦੀ ਨੂੰ ਚੁਣਿਆ ਅਤੇ ਹਿਸਾਬ ਤੇ ਸਾਇੰਸ ਲਈ ਬਖਤਾਵਰ ਸਿੰਘ ਨੂੰ, ਜਿਨ੍ਹਾਂ ਦੀ ਅਧਿਆਪਨ ਯੋਗਤਾ ਦਾ ਸਿੱਕਾ ਅੱਧੇ ਪੰਜਾਬ ਵਿਚ ਮੰਨਿਆ ਜਾਂਦਾ ਸੀ।
ਜਦੋਂ ਇਸ ਸਕੂਲ ਦੀ ਖੁਸ਼ਬੂ ਪੂਰੇ ਦੁਆਬਾ ਖੇਤਰ ਵਿਚ ਫੈਲ ਗਈ ਤਾਂ 1944 ਵਿਚ ਹਰਭਜਨ ਸਿੰਘ ਨੇ ਇਥੇ ਕਾਲਜ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਦੀ ਸਥਾਪਨਾ ਵਿਚ ਉਨ੍ਹਾਂ ਨੇ ਕੁਹਾਰਪੁਰ ਦੇ ਸੰਤ ਬਾਬਾ ਹਰੀ ਸਿੰਘ ਦਾ ਯੋਗਦਾਨ ਪ੍ਰਾਪਤ ਕੀਤਾ। ਸੰਤਾਂ ਨੇ ਇਥੇ ਕਾਲਜ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਦੀ ਸਥਾਪਨਾ ਵਿਚ ਉਨ੍ਹਾਂ ਨੇ ਕੁਹਾਰਪੁਰ ਦੇ ਸੰਤ ਬਾਬਾ ਹਰੀ ਸਿੰਘ ਦਾ ਯੋਗਦਾਨ ਪ੍ਰਾਪਤ ਕੀਤਾ। ਸੰਤਾਂ ਨੇ ਪਹਿਲਾਂ ਸਥਾਨਕ ਦਾਨ ਮੰਗਿਆ ਤੇ ਫੇਰ ਖੁਦ ਘੋੜੀ ਉਤੇ ਸਫਰ ਕਰਕੇ ਅਖੰਡ ਪੰਜਾਬ ਦੀਆਂ ਬਾਰਾਂ ਤੋਂ ਵੀ ਉਗਰਾਹੀ ਕੀਤੀ। ਜਦੋਂ ਪੰਜਾਬ ਯੂਨੀਵਰਸਿਟੀ ਨੇ ਕਾਲਜ ਦੀ ਸਥਾਪਨਾ ਵਾਸਤੇ 75,000 ਰੁਪਏ ਦੀ ਪੇਸ਼ਗੀ ਰਕਮ ਮੰਗੀ ਤਾਂ ਹਰਭਜਨ ਸਿੰਘ ਨੇ ਹੁਸ਼ਿਆਰਪੁਰ ਨੇੜੇ ਆਪਣੀ ਦੋ ਮੰਜ਼ਲੀ ਇਮਾਰਤ ਵੇਚਣ ਵਿਚ ਫੋਰਾ ਨਹੀਂ ਲਾਇਆ ਤੇ ਸ਼ਰਤ ਪੂਰੀ ਕਰਕੇ ਆਪਣਾ ਸੁਪਨਾ ਸਾਕਾਰ ਕੀਤਾ। ਉਸ ਤੋਂ ਪਿੱਛੋਂ ਲਾਹੌਰ ਦੇ ਸਭ ਤੋਂ ਵਧੀਆ ਕਾਲਜ ਦਾ ਨਕਸ਼ਾ ਲਿਆ ਕੇ ਬਿਲਡਿੰਗ ਦੀ ਉਸਾਰੀ ਸ਼ੁਰੂ ਕਰ ਦਿੱਤੀ। ਉਹ ਆਪ ਵੀ ਝੋਲੀ ਅੱਡ ਕੇ ਘਰ ਘਰ ਗਏ ਤੇ ਇਸ ਸੁੱਚੇ ਤੇ ਸੱਚੇ ਕੰਮ ਲਈ ਦਾਨ ਮੰਗਿਆ। ਪੜ੍ਹਾਈ ਸ਼ੁਰੂ ਹੋਈ ਤਾਂ ਅਧਿਆਪਕ ਵੀ ਲਾਹੌਰ ਤੇ ਯੂæਪੀæ ਤੋਂ ਲਿਆਂਦੇ ਗਏ। ਉਨ੍ਹਾਂ ਦੇ ਚੁਣੇ ਦੋ ਅਧਿਆਪਕ ਸੁਰਜੀਤ ਸਿੰਘ ਬੱਲ ਤੇ ਗੁਰਦੀਪ ਸਿੰਘ ਰੰਧਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਤੇ ਇੱਕ ਸੁਜਾਨ ਸਿੰਘ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਉਪਾਧੀ ਤੱਕ ਪਹੁੰਚਿਆ। ਉਨ੍ਹਾਂ ਦੀ ਇਲਾਕੇ ਨੂੰ ਸਭ ਤੋਂ ਵੱਡੀ ਦੇਣ, ਕਾਲਜ ਵਿਚ ਕੁੜੀਆਂ ਦਾਖਲ ਕਰਨ ਦੀ ਸੀ। ਜਦੋਂ ਹੋਰ ਕਿਸੇ ਨੇ ਵੀ ਆਪਣੀ ਧੀ ਕਾਲਜ ਵਿਚ ਦਾਖਲ ਨਾ ਕਰਵਾਈ ਤਾਂ ਉਨ੍ਹਾਂ ਨੇ ਆਪਣੀ ਭਾਣਜ ਨੂੰਹ ਨਾਲ ਪਹਿਲ ਕੀਤੀ। ਉਹ ਕਾਲਜ ਦੇ ਦਰਵਾਜੇ ਤੱਕ ਮੂੰਹ ਸਿਰ ਲਪੇਟ ਕੇ ਪੜ੍ਹਨ ਜਾਂਦੀ ਤੇ ਅੰਦਰ ਜਾ ਕੇ ਸਿਰ ਉਤੋਂ ਚੁੰਨੀ ਲਾਹ ਦਿੰਦੀ। ਉਸ ਤੋਂ ਪਿੱਛੋਂ ਆਪਣੀ ਪਤਨੀ ਦੀਆਂ ਭਤੀਜੀਆਂ ਤੇ ਫੇਰ ਦੋਸਤਾਂ, ਮਿੱਤਰਾਂ ਤੇ ਸ਼ਰੀਕੇ ਦੀਆਂ ਧੀਆਂ ਨੂੰ ਪ੍ਰੇਰਿਆ। ਉਹ ਚਾਹੁੰਦੇ ਸਨ ਕਿ ਧੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਹੋਣ। ਅੱਜ ਇਸ ਇਲਾਕੇ ਦੇ ਮੁੰਡੇ-ਕੁੜੀਆਂ ਲਗਭਗ ਹਰ ਵਿਸ਼ੇ ਵਿਚ ਐਮæ ਏæ ਤੱਕ ਦੀ ਪੜ੍ਹਾਈ ਕਰਕੇ ਇਥੋਂ ਜਾਂਦੇ ਹਨ।
ਇਸ ਸੰਸਥਾ ਦੇ ਵਿਦਿਆਰਥੀਆਂ ਵਿਚ ਬਾਰਡਰ ਫਿਲਮ ਦੇ ਪ੍ਰਮੁੱਖ ਆਧਾਰ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਹੀ ਨਹੀਂ ਪੰਜਾਬੀ ਲੇਖਕ ਅਜਾਇਬ ਕਮਲ ਦਰਸ਼ਨ ਸਿੰਘ ਹੀਰ ਤੇ ਅਜਮੇਰ ਕਵੈਂਟਰੀ ਵੀ ਸ਼ਾਮਲ ਹਨ। ਐਮæ ਐਸ਼ ਬੋਲਾ, ਐਸ਼ ਐਸ਼ ਸੋਨੀ ਤੇ ਲਾਲ ਚੰਦ ਵਰਗੇ ਸਾਇਸੰਦਾਨ ਵੀ ਇਥੋਂ ਦੇ ਪੜ੍ਹੇ ਹੋਏ ਹਨ। ਮੈਂ ਖੁਦ ਇਥੋਂ ਦਾ ਪੜ੍ਹਿਆ ਹੋਇਆ ਹਾਂ, ਤੇ ਮੈਂ ਇਸ ਸੰਸਥਾ ਨੂੰ ਯੂਨੀਵਰਸਿਟੀ ਮੰਨਦਾ ਤੇ ਕਹਿੰਦਾ ਆਇਆ ਹਾਂ।
ਪ੍ਰਿੰਸੀਪਲ ਸਾਹਿਬ ਦੀ ਵਿਦਿਆ ਤੋਂ ਵੀ ਵੱਡੀ ਦੇਣ ਖੇਡਾਂ ਦੇ ਖੇਤਰ ਦੀ ਮੰਨੀ ਜਾਂਦੀ ਹੈ- ਖਾਸ ਕਰਕੇ ਰੱਸਾ-ਕਸ਼ੀ, ਫੁੱਟਬਾਲ ਤੇ ਹਾਕੀ ਵਿਚ। ਮੈਂ ਖਾਲਸਾ ਸਕੂਲ ਦੇ ਮੁੰਡਿਆਂ ਨੂੰ ਪਹਿਲੇ ਝਟਕੇ ਤੋਂ ਪਿੱਛੋਂ ਰੱਸੇ ਵਾਲਿਆਂ ਦੀ ਵਿਰੋਧੀ ਟੀਮ ਨੂੰ ਇੱਕ ਹੱਥ ਨਾਲ ਘਸੀਟਦੇ ਵੇਖਿਆ ਹੈ। ਜਿੱਥੋਂ ਤੱਕ ਫੁੱਟਬਾਲ ਦੀ ਖੇਡ ਦਾ ਸਬੰਧ ਹੈ, ਇਸ ਨੂੰ ਮੈਂਗੋ ਸੀਜ਼ਨ ਟੂਰਨਾਮੈਂਟ ਦਾ ਰੁਤਬਾ ਦੇਣ ਵਾਲਾ ਵੀ ਹਰਭਜਨ ਸਿੰਘ ਹੀ ਸੀ। ਉਨ੍ਹਾਂ ਦੀ ਨਜ਼ਰ ਏਨੀ ਤੇਜ਼ ਸੀ ਇਕ ਵਾਰੀ ਦੂਰ-ਦੁਰੇਡੇ ਕਾਲਜ ਦੇ ਵਿਦਿਆਰਥੀ ਜਰਨੈਲ ਸਿੰਘ ਨੂੰ ਖੇਡਦਿਆਂ ਵੇਖਿਆ ਤਾਂ ਉਸ ਨੂੰ ਉਥੋਂ ਪੁਟ ਕੇ ਆਪਣੇ ਕਾਲਜ ਦਾਖਲ ਕਰ ਲਿਆ। ਫੇਰ ਜਰਨੈਲ ਸਿੰਘ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਬੰਗਾਲ ਵਾਲੇ ਉਸ ਨੂੰ ਮੋਹਨ ਬਗਾਨ ਦਾ ਕਪਤਾਨ ਬਣਾ ਕੇ ਲੈ ਗਏ। ਇਸ ਜਰਨੈਲ ਸਿੰਘ ਦੀ ਟੀਮ ਨੇ ਡੂਰੈਂਡ ਕੱਪ ਵੀ ਜਿੱਤਿਆ ਤੇ ਰੋਮ ਓਲੰਪਿਕ ਵੀ ਗਈ ਅਤੇ ਅੰਤ ਪੂਰੇ ਏਸ਼ੀਆ ਦੀ ਚੈਂਪੀਅਨ ਬਣੀ। ਅਰਜਨਾ ਐਵਾਰਡੀ ਗੁਰਦੇਵ ਸਿੰਘ ਤੇ ਅਥਲੈਟਿਕਸ ਵਾਲਾ ਜਰਨੈਲ ਸਿੰਘ ਅਤੇ ਜਰਨੈਲ ਸਿੰਘ ਕਾਲੇਵਾਲ ਵੀ ਮਾਹਿਲਪੁਰ ਕਾਲਜ ਦੀ ਉਪਜ ਸਨ, ਹਰਭਜਨ ਸਿੰਘ ਦੇ ਵਿਦਿਆਰਥੀ।
ਹੁਣ ਜਦੋਂ ਹਰਭਜਨ ਸਿੰਘ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ 55 ਸਾਲ ਹੋ ਚੁੱਕੇ ਹਨ ਤਾਂ ਉਨ੍ਹਾਂ ਮੈਂਗੋ ਸੀਜ਼ਨ ਟੂਰਨਾਮੈਂਟ ਦਾ ਨਾਂ ਹਰਭਜਨ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਦਾ ਨਾਂ ਦਿੱਤਾ ਜਾ ਚੁੱਕਾ ਹੈ। ਇਸ ਵਰ੍ਹੇ ਫਰਵਰੀ ਦੇ ਪਹਿਲੇ ਹਫਤੇ ਇਸ ਟਰਨਾਮੈਂਟ ਦਾ 53ਵਾਂ ਐਡੀਸ਼ਨ ਸੀ। ਇਸ ਵਾਰੀ ਇਸ ਕਾਲਜ ਦਾ ਪੁਰਾਣਾ ਵਿਦਿਆਰਥੀ ਅਜੀਤ ਲੰਗੇਰੀ ਏਨਾ ਪ੍ਰੇਰਿਤ ਹੋਇਆ ਕਿ ਉਸ ਨੇ ਇਸ ਮੌਕੇ Ḕਹਰਭਜਨ ਸਿੰਘ ਦੀ ਲਾਸਾਨੀ ਸ਼ਖਸੀਅਤḔ ਨਾਂ ਦੀ ਪੂਰੀ ਪੁਸਤਕ ਛਪਵਾ ਦਿੱਤੀ ਹੈ। ਪੁਸਤਕ ਵਿਚ ਉਪਰੋਕਤ ਜਾਣਕਾਰੀ ਤੋਂ ਬਿਨਾ ਦੋ ਦਰਜਨ ਮੂੰਹ-ਬੋਲਦੀਆਂ ਤਸਵੀਰਾਂ ਤੇ ਸੈਂਕੜੇ ਚਿਹਰੇ ਹਨ। 1924-25 ਦੀ ਦਸਵੀਂ ਸ਼੍ਰੇਣੀ ਤੋਂ ਲੈ ਕੇ 1958-59 ਦੀ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਤੱਕ। ਉਨ੍ਹਾਂ ਦੀਆਂ ਤਸਵੀਰਾਂ, ਕਨਵੋਕੇਸ਼ਨਾਂ ਦੀਆਂ ਤਸਵੀਰਾਂ ਵੀ ਜਿਨ੍ਹਾਂ ਵਿਚ ਗੁਰਮੁਖ ਸਿੰਘ ਮੁਸਾਫਰ, ਪ੍ਰਿੰਸੀਪਲ ਤੇਜਾ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਮੁੱਖ ਮਹਿਮਾਨ ਸਨ। ਮੈਨੂੰ ਡਿਗਰੀ ਸੌਂਪਣ ਵਾਲਾ ਵੀ ਕੈਰੋਂ ਹੀ ਸੀ।
ਮਾਹਿਲਪੁਰ ਵਿਚ ਇਸ ਵੇਲੇ ਸਾਡੇ ਵਾਲੇ ਕੋਐਜੂਕੇਸ਼ਨ ਕਾਲਜ ਤੋਂ ਬਿਨਾ ਐਜੂਕੇਸ਼ਨ ਕਾਲਜ ਵੀ ਹੈ ਤੇ ਮਾਹਿਲਪੁਰ ਦੀ ਬੁੱਕਲ ਵਿਚ ਅੱਧੀ ਦਰਜਨ ਦੇ ਕਰੀਬ ਪਬਲਿਕ ਸਕੂਲ ਹਨ ਜਿਨ੍ਹਾਂ ਵਿਚੋਂ ਐਲਿਸ ਪਬਲਿਕ ਸਕੂਲ ਮਾਹਿਲਪੁਰ ਤੇ ਦੁਆਬਾ ਪਬਲਿਕ ਸਕੂਲ ਕੈਂਡੋਵਾਲ ਦੀ ਕਾਰਗੁਜ਼ਾਰੀ ਤੋਂ ਮੈਂ ਵੀ ਪ੍ਰਭਾਵਿਤ ਹਾਂ। ਮਾਹਿਲਪੁਰ ਦੇ ਰੇਤਿਆਂ ਤੇ ਚੋਆਂ ਨੂੰ ਵਿਦਿਆ ਦਾ ਏਨਾ ਵੱਡਾ ਕੇਂਦਰ ਬਣਾਉਣ ਵਾਲੀ ਮਹਾਨ ਹਸਤੀ ਹਰਭਜਨ ਸਿੰਘ ਹੀ ਸੀ। ਮੇਰੇ ਵਾਲਾ ਇਹ ਵਿਸ਼ਵ ਵਿਦਿਆਲਿਆ ਪਿੱਛੇ ਜਿਹੇ ਲੀਹੋਂ ਲਥ ਚੱਲਾ ਸੀ। ਹੁਣ ਇਸ ਨੂੰ ਪਰਿਵਾਰ ਦੇ ਹੀ ਇਕ ਮੈਂਬਰ ਸੇਵਾ ਮੁਕਤ ਵਿੰਗ ਕਮਾਂਡਰ ਐਚæ ਐਸ਼ ਢਿੱਲੋਂ ਨੇ ਸੰਭਾਲ ਲਿਆ ਹੈ। ਉਸ ਦੇ ਉਦਮ ਨੂੰ ਸਫਲਤਾ ਮਿਲੇ, ਸਾਡੀ ਦੁਆ ਹੈ।
ਅੰਤਿਕਾ: (ਬਹਾਦਰ ਸ਼ਾਹ ਜ਼ਫਰ)
ਉਨ ਕੇ ਆਨੇ ਕੀ ਸੁਨੀ ਹੈ ਹਮਨੇ ਉੜਤੀ ਸੀ ਖਬਰ,
ਐ ਸਬਾ ਤੂ ਸੱਚ ਬਤਾ ਦੇ ਯੇਹ ਖਬਰ ਸਚ ਹੈ ਕਿ ਝੂਠ।
ਖੇਂਚਤੇ ਹੈ ਆਜ ਐ ਦਿਲ! ਉਨ ਕੋ ਹਮ ਅਪਨੀ ਤਰਫ,
ਦੇਖਤੇ ਹੈ ਜਜ਼ਬਾ-ਏ-ਉਲਫਤ ਮੇਂ ਅਸਰ ਸਚ ਹੈ ਕਿ ਝੂਠ।
ਜਬ ਤੱਕ ਜਲ ਭੂੰਨ ਕੇ ਸਰ ਤਾ ਪਾ ਨਾ ਹੋ ਜਾਊਂ ਖਾਕ,
ਕੋਈ ਕਿਆ ਜਾਨੇ ਮਿਰਾ ਸੋਜ਼-ਏ-ਜਿਗਰ ਸੱਚ ਕਿ ਝੂਠ।